ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1426

ਪਤਿਤ ਉਧਾਰਣ ਪਾਰਬ੍ਰਹਮੁ ਸੰਮ੍ਰਥ ਪੁਰਖੁ ਅਪਾਰੁ ॥ ਜਿਸਹਿ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰੁ ॥੧੫॥ ਦੂਜੀ ਛੋਡਿ ਕੁਵਾਟੜੀ ਇਕਸ ਸਉ ਚਿਤੁ ਲਾਇ ॥ ਦੂਜੈ ਭਾਵੀ ਨਾਨਕਾ ਵਹਣਿ ਲੁੜ੍ਹ੍ਹੰਦੜੀ ਜਾਇ ॥੧੬॥ ਤਿਹਟੜੇ ਬਾਜਾਰ ਸਉਦਾ ਕਰਨਿ ਵਣਜਾਰਿਆ ॥ ਸਚੁ ਵਖਰੁ ਜਿਨੀ ਲਦਿਆ ਸੇ ਸਚੜੇ ਪਾਸਾਰ ॥੧੭॥ ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰਿ ॥ ਨਾਨਕ ਹਰਿ ਬਿਸਰਾਇ ਕੈ ਪਉਦੇ ਨਰਕਿ ਅੰਧ੍ਯ੍ਯਾਰ ॥੧੮॥ {ਪੰਨਾ 1426}

ਪਦ ਅਰਥ: ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਪਤਿਤ ਉਧਾਰਣ = ਵਿਕਾਰੀਆਂ ਨੂੰ ਵਿਕਾਰਾਂ ਵਿਚੋਂ ਕੱਢਣ ਵਾਲਾ। ਸੰਮ੍ਰਥ = ਸਾਰੀਆਂ ਤਾਕਤਾਂ ਦਾ ਮਾਲਕ। ਅਪਾਰ = ਬੇਅੰਤ। ਜਿਸਹਿ = ਜਿਸ (ਮਨੁੱਖ) ਨੂੰ। ਉਧਾਰੇ = (ਵਿਕਾਰਾਂ ਤੋਂ) ਬਚਾਂਦਾ ਹੈ। ਸੋ = ਉਹ ਮਨੁੱਖ (ਇਕ-ਵਚਨ)।15।

ਛੋਡਿ = ਛੱਡ ਦੇਹ। ਦੂਜੀ ਕੁਵਾਟੜੀ = (ਪਰਮਾਤਮਾ ਦੀ ਯਾਦ ਤੋਂ ਬਿਨਾ) ਹੋਰ ਕੋਝਾ ਰਸਤਾ। ਸਉ = ਸਿਉਂ, ਨਾਲ। ਭਾਵ = ਪਿਆਰ। ਭਾਵੀਂ = ਪਿਆਰਾਂ ਵਿਚ। ਦੂਜੇ ਭਾਵੀ = (ਪਰਮਾਤਮਾ ਤੋਂ ਬਿਨਾ) ਹੋਰ ਪਿਆਰਾਂ ਵਿਚ (ਫਸਿਆਂ)। ਵਹਣਿ = ਵਹਣ ਵਿਚ। ਲੁੜ੍ਹ੍ਹੰਦੜੀ = ਰੁੜ੍ਹਦੀ। ਜਾਇ = ਜਾਂਦੀ ਹੈ।16।

ਤਿਹਟੜੇ = ਤਿ-ਹੱਟੜੇ, ਤਿੰਨ ਹੱਟਾਂ ਵਾਲੇ। ਤਿਹਟੜੇ ਬਾਜਾਰ = ਤਿੰਨ ਹੱਟਾਂ ਵਾਲੇ ਬਾਜ਼ਾਰਾਂ ਵਿਚ, ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਵਿਚ। ਕਰਨਿ = ਕਰਦੇ ਹਨ। ਸਉਦਾ = ਦੁਨੀਆ ਦਾ ਕਾਰ-ਵਿਹਾਰ। ਵਣਜਾਰਿਆ = ਜਗਤ ਵਿਚ ਵਣਜ ਕਰਨ ਆਏ ਜੀਵ। ਸਚੁ = ਸਦਾ-ਥਿਰ ਹਰਿ-ਨਾਮ। ਪਾਸਾਰ = ਪਸਾਰੀ।17।

ਪੰਥਾ = ਰਸਤਾ। ਪੰਥਾ ਪ੍ਰੇਮ = ਪ੍ਰੇਮ ਦਾ ਰਸਤਾ। ਜਾਣਈ = ਜਾਣੈ, ਜਾਣਦੀ (ਇਕ-ਵਚਨ)। ਗਵਾਰਿ = ਮੂਰਖ ਜੀਵ-ਇਸਤ੍ਰੀ। ਭੂਲੀ = ਸਹੀ ਜੀਵਨ-ਰਾਹ ਤੋਂ ਖੁੰਝੀ ਹੋਈ। ਬਿਸਰਾਇ ਕੈ = ਭੁਲਾ ਕੇ। ਨਰਕਿ = ਨਰਕ ਵਿਚ। ਨਰਕਿ ਅੰਧ੍ਯ੍ਯਾਰ = ਹਨੇਰੇ ਨਰਕ ਵਿਚ।18।

ਅਰਥ: ਹੇ ਭਾਈ! ਅਕਾਲ ਪੁਰਖ ਪਰਮਾਤਮਾ ਬੇਅੰਤ ਹੈ, ਸਭ ਤਾਕਤਾਂ ਦਾ ਮਾਲਕ ਹੈ, ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈ। ਹੇ ਨਾਨਕ! ਜਿਸ (ਜੀਵ) ਨੂੰ ਉਹ ਵਿਕਾਰਾਂ ਵਿਚੋਂ ਕੱਢਦਾ ਹੈ, ਉਹ ਉਸ ਸਿਰਜਣਹਾਰ ਕਰਤਾਰ ਨੂੰ ਸਿਮਰਨ ਲੱਗ ਪੈਂਦਾ ਹੈ।15।

ਹੇ ਭਾਈ! ਸਿਰਫ਼ ਇਕ ਪਰਮਾਤਮਾ ਨਾਲ (ਆਪਣਾ) ਚਿੱਤ ਜੋੜੀ ਰੱਖ, (ਪ੍ਰਭੂ ਦੀ ਯਾਦ ਤੋਂ ਬਿਨਾ) ਮਾਇਆ ਦੇ ਮੋਹ ਵਾਲਾ ਕੋਝਾ ਰਸਤਾ ਛੱਡ ਦੇਹ। ਹੇ ਨਾਨਕ! ਹੋਰ ਪਿਆਰਾਂ ਵਿਚ (ਫਸਿਆਂ), ਜੀਵ-ਇਸਤ੍ਰੀ (ਵਿਕਾਰਾਂ ਦੇ) ਵਹਣ ਵਿਚ ਰੁੜ੍ਹਦੀ ਜਾਂਦੀ ਹੈ।16।

ਹੇ ਭਾਈ! (ਜਗਤ ਵਿਚ ਹਰਿ-ਨਾਮ ਦਾ) ਵਣਜ ਕਰਨ ਆਏ ਹੋਏ ਜੀਵ (ਆਮ ਤੌਰ ਤੇ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਹੇਠ ਹੀ ਦੁਨੀਆ ਦਾ ਕਾਰ-ਵਿਹਾਰ ਕਰਦੇ ਰਹਿੰਦੇ ਹਨ। ਅਸਲ ਵਪਾਰੀ ਉਹ ਹਨ ਜਿਨ੍ਹਾਂ ਨੇ (ਇਥੋਂ) ਸਦਾ-ਥਿਰ ਹਰਿ-ਨਾਮ (ਦਾ) ਸਉਦਾ ਲੱਦਿਆ ਹੈ।17।

ਹੇ ਭਾਈ! ਜਿਹੜੀ ਜੀਵ-ਇਸਤ੍ਰੀ (ਪਰਮਾਤਮਾ ਦੇ) ਪ੍ਰੇਮ ਦਾ ਰਸਤਾ ਨਹੀਂ ਜਾਣਦੀ, ਉਹ ਮੂਰਖ ਇਸਤ੍ਰੀ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਭਟਕਦੀ ਫਿਰਦੀ ਹੈ। ਹੇ ਨਾਨਕ! ਪਰਮਾਤਮਾ (ਦੀ ਯਾਦ) ਭੁਲਾ ਕੇ ਜੀਵ ਘੋਰ ਨਰਕ ਵਿਚ ਪਏ ਰਹਿੰਦੇ ਹਨ।18।

ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾਂ ਦੰਮ ॥ ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮਿ ॥੧੯॥ ਤਿਚਰੁ ਮੂਲਿ ਨ ਥੁੜੀਦੋ ਜਿਚਰੁ ਆਪਿ ਕ੍ਰਿਪਾਲੁ ॥ ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ ॥੨੦॥ ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ ॥ ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ ॥੨੧॥ ਸਜਣੁ ਸਚਾ ਪਾਤਿਸਾਹੁ ਸਿਰਿ ਸਾਹਾਂ ਦੈ ਸਾਹੁ ॥ ਜਿਸੁ ਪਾਸਿ ਬਹਿਠਿਆ ਸੋਹੀਐ ਸਭਨਾਂ ਦਾ ਵੇਸਾਹੁ ॥੨੨॥ {ਪੰਨਾ 1426}

ਪਦ ਅਰਥ: ਮਨਹੁ = ਮਨ ਤੋਂ। ਵੀਸਰੈ = ਭੁੱਲਦੀ। ਮਾਂਗੈ = ਮੰਗਦਾ ਰਹਿੰਦਾ ਹੈ। ਦੰਮਾਂ ਦੰਮ = ਪੈਸੇ ਹੀ ਪੈਸੇ, ਧਨ ਹੀ ਧਨ। ਚਿਤਿ = ਚਿੱਤ ਵਿਚ। ਨ ਆਵਈ = ਨ ਆਵੈ, ਨਹੀਂ ਆਉਂਦਾ। ਕਰੰਮਿ = ਕਰਮ ਵਿਚ, ਭਾਗ ਵਿਚ, ਕਿਸਮਤ ਵਿਚ।19।

ਤਿਚਰੁ = ਉਤਨਾ ਚਿਰ। ਮੂਲਿ ਨ = ਬਿਲਕੁਲ ਨਹੀਂ। ਥੁੜੀਦੋ = ਥੁੜਦਾ, ਮੁੱਕਦਾ। ਜਿਚਰੁ = ਜਿਤਨਾ ਚਿਰ। ਸਬਦੁ = ਪਰਮਾਤਮਾ ਦੀ ਸਿਫ਼ਤਿ-ਸਾਲਾਹ। ਅਖੁਟੁ = ਕਦੇ ਨਾਹ ਮੁੱਕਣ ਵਾਲਾ (ਧਨ)। ਬਾਬਾ = ਹੇ ਭਾਈ! ਖਾਹਿ = ਆਪ ਵਰਤ। ਖਰਚਿ = ਹੋਰਨਾਂ ਨੂੰ ਵੰਡ।20।

ਵਿਕਾਂਦੜੇ = ਵਿਕਦੇ। ਲਹਾਂ = ਮੈਂ ਲੱਭ ਲਵਾਂ। ਘਿੰਨਾ = ਘਿੰਨਾਂ, ਮੈਂ ਲੈ ਲਵਾਂ। ਸਾਵੀ = ਬਰਾਬਰ, ਸਾਂਵੀ। ਤੋਲਿ = ਤੋਲ ਕੇ। ਸਾਵੀ ਤੋਲਿ = ਆਪਣੇ ਆਪੇ ਦੇ ਬਰਾਬਰ ਤੋਲ ਕੇ। ਤੰਨਿ = ਸਰੀਰ ਉਤੇ। ਟੋਲਿ = ਖੋਜ ਕੇ। ਸਜਣੁ = ਮਿੱਤਰ।21।

ਸਦਾ = ਸਦਾ ਕਾਇਮ ਰਹਿਣ ਵਾਲਾ। ਸਾਹਾਂ ਦੈ ਸਿਰਿ = ਸ਼ਾਹਾਂ ਦੇ ਸਿਰਿ, ਸ਼ਾਹਾਂ ਦੇ ਸਿਰ ਉੱਤੇ। ਸਾਹੁ = ਸ਼ਾਹੁ, ਪਾਤਿਸ਼ਾਹ। ਸੋਹੀਐ = ਸੋਹਣਾ ਲੱਗੀਦਾ ਹੈ, ਸੋਭਾ ਖੱਟੀਦੀ ਹੈ। ਵੇਸਾਹੁ = ਆਸਰਾ।22।

ਅਰਥ: ਹੇ ਭਾਈ! (ਮਾਇਆ-ਵੇੜ੍ਹੇ ਮਨੁੱਖ ਦੇ) ਮਨ ਤੋਂ ਮਾਇਆਂ ਕਦੇ ਨਹੀਂ ਭੁੱਲਦੀ, (ਉਹ ਹਰ ਵੇਲੇ) ਧਨ ਹੀ ਧਨ ਭਾਲਦਾ ਰਹਿੰਦਾ ਹੈ। ਉਹ ਪਰਮਾਤਮਾ (ਜੋ ਸਭ ਕੁਝ ਦੇਣ ਵਾਲਾ ਹੈ, ਉਸ ਦੇ) ਚਿੱਤ ਵਿਚ ਨਹੀਂ ਆਉਂਦਾ। ਪਰ, ਹੇ ਨਾਨਕ! (ਉਹ ਮਾਇਆ-ਵੇੜ੍ਹਿਆ ਮਨੁੱਖ ਭੀ ਕੀਹ ਕਰੇ? ਨਾਮ-ਧਨ ਉਸ ਦੀ) ਕਿਸਮਤ ਵਿਚ ਹੀ ਨਹੀਂ।19।

ਹੇ ਨਾਨਕ! (ਆਖ-) ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਐਸਾ ਧਨ ਹੈ ਐਸਾ ਮਾਲ ਹੈ ਜੋ ਕਦੇ ਮੁੱਕਦਾ ਨਹੀਂ। (ਇਸ ਧਨ ਨੂੰ ਆਪ) ਵਰਤਿਆ ਕਰ, (ਹੋਰਨਾਂ ਵਿਚ ਭੀ) ਵੰਡਿਆ ਕਰ। ਜਿਤਨਾ ਚਿਰ ਪਰਮਾਤਮਾ ਆਪ ਦਇਆਵਾਨ ਰਹਿੰਦਾ ਹੈ, ਉਤਨਾ ਚਿਰ ਇਹ ਧਨ ਕਦੇ ਭੀ ਨਹੀਂ ਮੁੱਕਦਾ।20।

ਹੇ ਭਾਈ! ਜੇ ਮੈਂ ਕਿਤੇ ਖੰਭ ਲੱਭ ਲਵਾਂ, ਤਾਂ ਮੈਂ ਆਪਣਾ ਆਪ ਦੇ ਕੇ ਉਸ ਦੇ ਬਰਾਬਰ ਤੋਲ ਕੇ ਉਹ ਖੰਭ ਲੈ ਲਵਾਂ। ਮੈਂ ਉਹ ਖੰਭ ਆਪਣੇ ਸਰੀਰ ਉੱਤੇ ਜੜ ਲਵਾਂ ਅਤੇ (ਉਡਾਰੀ ਲਾ ਕੇ) ਭਾਲ ਕਰ ਕੇ ਉਸ ਸੱਜਣ ਪ੍ਰਭੂ ਦਾ ਮਿਲਾਪ ਹਾਸਲ ਕਰ ਲਵਾਂ (ਭਾਵ, ਆਪਾ-ਭਾਵ ਸਦਕੇ ਕੀਤਿਆਂ ਹੀ ਉਹ ਆਤਮਕ ਉਡਾਰੀ ਲੱਗਦੀ ਹੈ ਜਿਸ ਦੀ ਬਰਕਤਿ ਨਾਲ ਪਰਮਾਤਮਾ ਲੱਭ ਪੈਂਦਾ ਹੈ)।21।

ਹੇ ਭਾਈ! (ਅਸਲ) ਮਿੱਤਰ ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਹੈ ਜੋ (ਦੁਨੀਆ ਦੇ ਸਾਰੇ) ਪਾਤਿਸ਼ਾਹਾਂ ਦੇ ਸਿਰ ਤੇ ਪਾਤਿਸ਼ਾਹ ਹੈ (ਸਭ ਦੁਨੀਆਵੀ ਪਾਤਿਸ਼ਾਹਾਂ ਤੋਂ ਵੱਡਾ ਹੈ)। ਉਹ ਪ੍ਰਭੂ-ਪਾਤਿਸ਼ਾਹ ਸਭ ਜੀਵਾਂ ਦਾ ਆਸਰਾ ਹੈ, (ਉਹ ਐਸਾ ਹੈ ਕਿ) ਉਸ ਦੇ ਪਾਸ ਬੈਠਿਆਂ (ਲੋਕ ਪਰਲੋਕ ਦੀ) ਸੋਭਾ ਖੱਟ ਲਈਦੀ ਹੈ।22।

ੴ ਸਤਿਗੁਰ ਪ੍ਰਸਾਦਿ ॥ ਸਲੋਕ ਮਹਲਾ ੯ ॥ ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥ ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥੧॥ ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥ ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥੨॥ ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥ ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥੩॥ {ਪੰਨਾ 1426}

ਪਦ ਅਰਥ: ਗੁਨ ਗੋਬਿੰਦ = ਗੋਬਿੰਦ ਦੇ ਗੁਣ। ਅਕਾਰਥ = ਵਿਅਰਥ। ਕੀਨੁ = ਬਣਾ ਲਿਆ। ਕਹੁ = ਆਖ। ਮਨਾ = ਹੇ ਮਨ। ਜਿਹ ਬਿਧਿ = ਜਿਸ ਤਰੀਕੇ ਨਾਲ, ਜਿਸ ਤਰ੍ਹਾਂ। ਜਲ ਕਉ = ਪਾਣੀ ਨੂੰ। ਮੀਨੁ = ਮੱਛੀ।1।

ਬਿਖਿਅਨ ਸਿਉ = ਵਿਸ਼ਿਆਂ ਨਾਲ। ਕਾਹੇ = ਕਿਉਂ? ਨਿਮਖ = (निमे) ਅੱਖ ਝਮਕਣ ਜਿਤਨੇ ਸਮੇ ਲਈ। ਨ ਹੋਹਿ = ਨ ਹੋਹਿਂ, ਤੂੰ ਨਹੀਂ ਹੁੰਦਾ। ਉਦਾਸੁ = ਉਪਰਾਮ। ਪਰੈ ਨ = ਨਹੀਂ ਪੈਂਦੀ। ਫਾਸ = ਫਾਹੀ।2।

ਤਰਨਾਮੋ = ਜੁਆਨੀ (तरूण = ਜੁਆਨ)। ਇਉ ਹੀ = ਇਉਂ ਹੀ, ਬੇ-ਪਰਵਾਹੀ ਵਿਚ। ਜਰਾ = ਬੁਢੇਪਾ। ਜੀਤਿ ਲੀਓ = ਜਿੱਤ ਲਿਆ। ਅਉਧ = ਉਮਰ। ਜਾਤ ਹੈ ਬੀਤਿ = ਗੁਜ਼ਰਦੀ ਜਾ ਰਹੀ ਹੈ।3।

ਅਰਥ: ਹੇ ਭਾਈ! ਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ, ਤਾਂ ਤੂੰ ਆਪਣਾ ਮਨੁੱਖਾ ਜਨਮ ਨਿਕੰਮਾ ਕਰ ਲਿਆ। ਹੇ ਨਾਨਕ! ਆਖ = ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਤੇ, ਉਸ ਨੂੰ ਇਉਂ ਜ਼ਿੰਦਗੀ ਦਾ ਆਸਰਾ ਬਣਾ) ਜਿਵੇਂ ਪਾਣੀ ਨੂੰ ਮੱਛੀ (ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੀ ਹੈ)।1।

ਹੇ ਭਾਈ! ਤੂੰ ਵਿਸ਼ਿਆਂ ਨਾਲ ਕਿਉਂ (ਇਤਨਾ) ਮਸਤ ਰਹਿੰਦਾ ਹੈਂ? ਤੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਵਿਸ਼ਿਆਂ ਤੋਂ ਚਿੱਤ ਨਹੀਂ ਹਟਾਂਦਾ। ਹੇ ਨਾਨਕ! ਆਖ = ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। (ਭਜਨ ਦੀ ਬਰਕਤਿ ਨਾਲ) ਜਮਾਂ ਦੀ ਫਾਹੀ (ਗਲ ਵਿਚ) ਨਹੀਂ ਪੈਂਦੀ।2।

ਹੇ ਭਾਈ! (ਤੇਰੀ) ਜੁਆਨੀ ਬੇ-ਪਰਵਾਹੀ ਵਿਚ ਹੀ ਲੰਘ ਗਈ, (ਹੁਣ) ਬੁਢੇਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੈ। ਹੇ ਨਾਨਕ! ਆਖ = ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। ਉਮਰ ਲੰਘਦੀ ਜਾ ਰਹੀ ਹੈ।3।

ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ ॥ ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ ॥੪॥ ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥ ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥੫॥ {ਪੰਨਾ 1426}

ਪਦ ਅਰਥ: ਬਿਰਧਿ = ਬੁੱਢਾ। ਸੂਝੈ ਨਹੀ = ਸਮਝ ਨਹੀਂ ਪੈਂਦੀ। ਕਾਲੁ = ਮੌਤ। ਆਨਿ = ਆ ਕੇ। ਨਰ ਬਾਵਰੇ = ਹੇ ਝੱਲੇ ਮਨੁੱਖ! ਨ ਭਜਹਿ = ਤੂੰ ਨਹੀਂ ਜਪਦਾ।4।

ਦਾਰਾ = ਇਸਤ੍ਰੀ। ਸੰਪਤਿ ਸਗਲ = ਸਾਰੀ ਸੰਪੱਤੀ, ਸਾਰੀ ਜਾਇਦਾਦ। ਜਿਨਿ ਮਾਨਿ = ਮਤਾਂ ਸਮਝ, ਨਾਹ ਮੰਨ। ਅਪੁਨੀ ਕਰਿ = ਆਪਣੀ ਜਾਣ ਕੇ। ਇਨ ਮਹਿ = ਇਹਨਾਂ ਸਾਰਿਆਂ ਵਿਚੋਂ। ਸੰਗੀ = ਸਾਥੀ। ਸਾਚੀ ਜਾਨਿ = (ਇਹ ਗੱਲ) ਪੱਕੀ ਜਾਣ ਲੈ।5।

ਅਰਥ: ਹੇ ਨਾਨਕ! ਆਖ = ਹੇ ਝੱਲੇ ਮਨੁੱਖ! ਤੂੰ ਕਿਉਂ ਪਰਮਾਤਮਾ ਦਾ ਭਜਨ ਨਹੀਂ ਕਰਦਾ? (ਵੇਖ, ਤੂੰ ਹੁਣ) ਬੁੱਢਾ ਹੋ ਗਿਆ ਹੈਂ (ਪਰ ਤੈਨੂੰ ਅਜੇ ਭੀ ਇਹ) ਸਮਝ ਨਹੀਂ ਆ ਰਹੀ ਕਿ ਮੌਤ (ਸਿਰ ਤੇ) ਆ ਪਹੁੰਚੀ ਹੈ।4।

ਹੇ ਨਾਨਕ! (ਆਖ = ਹੇ ਭਾਈ!) ਧਨ, ਇਸਤ੍ਰੀ, ਸਾਰੀ ਜਾਇਦਾਦ = (ਇਸ ਨੂੰ) ਆਪਣੀ ਕਰ ਕੇ ਨਾਹ ਮੰਨ। ਇਹ ਗੱਲ ਸੱਚੀ ਸਮਝ ਕਿ ਇਹਨਾਂ ਸਾਰਿਆਂ ਵਿਚੋਂ ਕੋਈ ਇੱਕ ਭੀ ਤੇਰਾ ਸਾਥੀ ਨਹੀਂ ਬਣ ਸਕਦਾ।5।

ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥ ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥੬॥ ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ ॥ ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥੭॥ ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ ॥ ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ ॥੮॥ {ਪੰਨਾ 1426}

ਪਦ ਅਰਥ: ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਤਿਤ ਉਧਾਰਨ = ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ। ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ)। ਭੈ ਹਰਨ = ਸਾਰੇ ਡਰ ਦੂਰ ਕਰਨ ਵਾਲੇ। ਅਨਾਥ ਕੇ ਨਾਥ = ਨਿਖਸਮਿਆਂ ਦੇ ਖਸਮ। ਤਿਹ = ਉਸ (ਪਰਮਾਤਮਾ) ਨੂੰ। ਜਾਨੀਐ = (ਇਉਂ) ਜਾਣਨਾ ਚਾਹੀਦਾ ਹੈ (ਕਿ)। ਸਾਥਿ = ਨਾਲ।6।

ਜਿਹ = ਜਿਸ (ਪਰਮਾਤਮਾ) ਨੇ। ਤੋ ਕਉ = ਤੈਨੂੰ। ਤਾਂ ਸਿਉ = ਉਸ (ਪਰਮਾਤਮਾ) ਨਾਲ। ਨੇਹੁ = ਪਿਆਰ। ਨਰ ਬਾਵਰੇ = ਹੇ ਝੱਲੇ ਮਨੁੱਖ! ਦੀਨ = ਆਤੁਰ।7।

ਸੰਪੈ = ਧਨ। ਅਰੁ = ਅਤੇ। ਜਿਹ = ਜਿਸ ਨੇ। ਨੀਕੇ = ਚੰਗੇ, ਸੋਹਣੇ। ਧਾਮ = ਘਰ। ਕਾਹਿ ਨ = ਕਿਉਂ ਨਹੀਂ।8।

ਅਰਥ: ਹੇ ਨਾਨਕ! ਆਖ = (ਹੇ ਭਾਈ!) ਪ੍ਰਭੂ ਜੀ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਹਨ, ਸਾਰੇ ਡਰ ਦੂਰ ਕਰਨ ਵਾਲੇ ਹਨ, ਅਤੇ ਨਿਖਸਮਿਆਂ ਦੇ ਖਸਮ ਹਨ। ਹੇ ਭਾਈ! ਉਸ (ਪ੍ਰਭੂ) ਨੂੰ (ਇਉਂ) ਸਮਝਣਾ ਚਾਹੀਦਾ ਹੈ ਕਿ ਉਹ ਸਦਾ ਤੇਰੇ ਨਾਲ ਵੱਸਦਾ ਹੈ।6।

ਹੇ ਨਾਨਕ! ਆਖ = ਹੇ ਝੱਲੇ ਮਨੁੱਖ! ਜਿਸ (ਪਰਮਾਤਮਾ) ਨੇ ਤੈਨੂੰ ਸਰੀਰ ਦਿੱਤਾ, ਧਨ ਦਿੱਤਾ, ਤੂੰ ਉਸ ਨਾਲ ਪਿਆਰ ਨਾਹ ਪਾਇਆ। ਫਿਰ ਹੁਣ ਆਤੁਰ ਹੋ ਕੇ ਘਬਰਾਇਆ ਕਿਉਂ ਫਿਰਦਾ ਹੈਂ (ਭਾਵ, ਉਸ ਹਰੀ ਨੂੰ ਯਾਦ ਕਰਨ ਤੋਂ ਬਿਨਾ ਘਬਰਾਣਾ ਤਾਂ ਹੋਇਆ ਹੀ)।7।

ਹੇ ਨਾਨਕ! ਆਖ = ਹੇ ਮਨ! ਸੁਣ, ਜਿਸ (ਪਰਮਾਤਮਾ) ਨੇ ਸਰੀਰ ਦਿੱਤਾ, ਧਨ ਦਿੱਤਾ, ਜਾਇਦਾਦ ਦਿੱਤੀ, ਸੁਖ ਦਿੱਤੇ ਅਤੇ ਸੋਹਣੇ ਘਰ ਦਿੱਤੇ, ਉਸ ਪਰਮਾਤਮਾ ਦਾ ਤੂੰ ਸਿਮਰਨ ਕਿਉਂ ਨਹੀਂ ਕਰਦਾ?।8।

ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥ ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥੯॥ ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ ॥ ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ ॥੧੦॥ {ਪੰਨਾ 1426-1427}

ਪਦ ਅਰਥ: ਦਾਤਾ = ਦੇਣ ਵਾਲਾ। ਨਾਹਿਨ = ਨਹੀਂ। ਤਿਹ = ਉਸ (ਰਾਮ) ਨੂੰ। ਸਿਮਰਤ = ਸਿਮਰਦਿਆਂ। ਉੱਚੀ ਆਤਮਕ ਅਵਸਥਾ।9।

ਪਾਈਐ = ਪ੍ਰਾਪਤ ਕਰਦੀ ਹੈ। ਤੈ = ਤੂੰ। ਰੇ ਮੀਤ = ਹੇ ਮਿੱਤਰ! ਅਉਧ = ਉਮਰ। ਨੀਤ = ਨਿੱਤ।10।

ਅਰਥ: ਹੇ ਨਾਨਕ! ਆਖ = ਹੇ ਮਨ! ਪਰਮਾਤਮਾ (ਹੀ) ਸਾਰੇ ਸੁਖ ਦੇਣ ਵਾਲਾ ਹੈ, (ਉਸ ਦੇ ਬਰਾਬਰ ਦਾ ਹੋਰ) ਕੋਈ ਦੂਜਾ ਨਹੀਂ ਹੈ, ਉਸ (ਦਾ ਨਾਮ) ਸਿਮਰਦਿਆਂ ਉੱਚੀ ਆਤਮਕ ਅਵਸਥਾ (ਭੀ) ਪ੍ਰਾਪਤ ਹੋ ਜਾਂਦੀ ਹੈ।9।

ਹੇ ਮਿੱਤਰ! ਤੂੰ ਉਸ ਪਰਮਾਤਮਾ ਦਾ ਭਜਨ ਕਰਿਆ ਕਰ, ਜਿਸ ਦਾ ਨਾਮ ਸਿਮਰਦਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ। ਹੇ ਨਾਨਕ! ਆਖ = ਹੇ ਮਨ! ਸੁਣ, ਉਮਰ ਸਦਾ ਘਟਦੀ ਜਾ ਰਹੀ ਹੈ (ਪਰਮਾਤਮਾ ਦਾ ਸਿਮਰਨ ਨਾਹ ਵਿਸਾਰ)।10।

TOP OF PAGE

Sri Guru Granth Darpan, by Professor Sahib Singh