ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1416

ਜਨ ਕੀ ਟੇਕ ਹਰਿ ਨਾਮੁ ਹਰਿ ਬਿਨੁ ਨਾਵੈ ਠਵਰ ਨ ਠਾਉ ॥ ਗੁਰਮਤੀ ਨਾਉ ਮਨਿ ਵਸੈ ਸਹਜੇ ਸਹਜਿ ਸਮਾਉ ॥ ਵਡਭਾਗੀ ਨਾਮੁ ਧਿਆਇਆ ਅਹਿਨਿਸਿ ਲਾਗਾ ਭਾਉ ॥ ਜਨ ਨਾਨਕੁ ਮੰਗੈ ਧੂੜਿ ਤਿਨ ਹਉ ਸਦ ਕੁਰਬਾਣੈ ਜਾਉ ॥੨੭॥ {ਪੰਨਾ 1416}

ਪਦ ਅਰਥ: ਟੇਕ = ਆਸਰਾ, ਸਹਾਰਾ। ਠਵਰ = ਥਾਂ। ਮਨਿ = ਮਨ ਵਿਚ। ਸਹਜੇ = ਆਤਮਕ ਅਡੋਲਤਾ ਵਿਚ ਹੀ। ਸਮਾਉ = ਲੀਨਤਾ। ਅਹਿ = ਦਿਨ। ਨਿਸਿ = ਰਾਤ। ਭਾਉ = ਪਿਆਰ। ਨਾਨਕ ਮੰਗੈ = ਨਾਨਕ ਮੰਗਦਾ ਹੈ (ਇਕ-ਵਚਨ)। ਹਉ = ਮੈਂ। ਸਦ = ਸਦਾ। ਜਾਉ = ਜਾਉਂ, ਮੈਂ ਜਾਂਦਾ ਹਾਂ।27।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ (ਹੀ ਪਰਮਾਤਮਾ ਦੇ) ਸੇਵਕਾਂ ਦਾ ਸਹਾਰਾ ਹੈ, ਹਰਿ-ਨਾਮ ਤੋਂ ਬਿਨਾ (ਉਹਨਾਂ ਨੂੰ) ਕੋਈ ਹੋਰ ਆਸਰਾ ਨਹੀਂ ਸੁੱਝਦਾ। ਗੁਰੂ ਦੀ ਮਤਿ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ (ਉਹਨਾਂ ਦੇ) ਮਨ ਵਿਚ ਵੱਸਿਆ ਰਹਿੰਦਾ ਹੈ, ਹਰ ਵੇਲੇ ਆਤਮਕ ਅਡੋਲਤਾ ਵਿਚ (ਉਹਨਾਂ ਦੀ) ਲੀਨਤਾ ਰਹਿੰਦੀ ਹੈ। ਵੱਡੇ ਭਾਗਾਂ ਨਾਲ (ਉਹਨਾਂ ਨੇ ਦਿਨ ਰਾਤ ਪਰਮਾਤਮਾ ਦਾ) ਨਾਮ ਸਿਮਰਿਆ ਹੈ, ਦਿਨ ਰਾਤ ਉਹਨਾਂ ਦਾ ਪਿਆਰ (ਹਰਿ-ਨਾਮ ਨਾਲ) ਬਣਿਆ ਰਹਿੰਦਾ ਹੈ। ਦਾਸ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ (ਸਦਾ) ਮੰਗਦਾ ਹੈ (ਤੇ ਆਖਦਾ ਹੈ = ਹੇ ਭਾਈ!) ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ।27।

ਲਖ ਚਉਰਾਸੀਹ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ ॥ ਇਹੁ ਮੋਹੁ ਮਾਇਆ ਸਭੁ ਪਸਰਿਆ ਨਾਲਿ ਚਲੈ ਨ ਅੰਤੀ ਵਾਰ ॥ ਬਿਨੁ ਹਰਿ ਸਾਂਤਿ ਨ ਆਵਈ ਕਿਸੁ ਆਗੈ ਕਰੀ ਪੁਕਾਰ ॥ ਵਡਭਾਗੀ ਸਤਿਗੁਰੁ ਪਾਇਆ ਬੂਝਿਆ ਬ੍ਰਹਮੁ ਬਿਚਾਰੁ ॥ ਤਿਸਨਾ ਅਗਨਿ ਸਭ ਬੁਝਿ ਗਈ ਜਨ ਨਾਨਕ ਹਰਿ ਉਰਿ ਧਾਰਿ ॥੨੮॥ {ਪੰਨਾ 1416}

ਪਦ ਅਰਥ: ਮੇਦਨੀ = ਧਰਤੀ। ਤਿਸਨਾ = ਮਾਇਆ ਦਾ ਲਾਲਚ। ਜਲਦੀ = ਸੜ ਰਹੀ। ਸਭ = ਸਾਰੀ ਲੁਕਾਈ ਵਿਚ। ਪਸਰਿਆ = ਖਿਲਰਿਆ ਹੋਇਆ ਹੈ। ਅੰਤੀ ਵਾਰ = ਅਖ਼ੀਰਲੇ ਵੇਲੇ। ਆਵਈ = ਆਵੈ, ਆਉਂਦੀ। ਕਰੀ = ਕਰੀਂ, ਮੈਂ ਕਰਾਂ। ਵਡਭਾਗੀ = ਵੱਡੇ ਭਾਗਾਂ ਨਾਲ। ਬੂਝਿਆ = ਸਮਝ ਲਿਆ। ਸਭ = ਸਾਰੀ। ਉਰਿ = ਹਿਰਦੇ ਵਿਚ। ਧਾਰਿ = ਰੱਖ ਕੇ।28।

ਅਰਥ: ਹੇ ਭਾਈ! ਚੌਰਾਸੀ ਲੱਖ ਜੂਨਾਂ ਦੇ ਜੀਵਾਂ ਵਾਲੀ ਇਹ ਧਰਤੀ ਤ੍ਰਿਸ਼ਨਾ (ਦੀ ਅੱਗ) ਵਿਚ ਸੜ ਰਹੀ ਹੈ ਅਤੇ ਪੁਕਾਰ ਕਰ ਰਹੀ ਹੈ। ਮਾਇਆ ਦਾ ਇਹ ਮੋਹ ਸਾਰੀ ਲੁਕਾਈ ਵਿਚ ਪ੍ਰਭਾਵ ਪਾ ਰਿਹਾ ਹੈ (ਪਰ ਇਹ ਮਾਇਆ) ਅਖ਼ੀਰਲੇ ਵੇਲੇ (ਕਿਸੇ ਦੇ ਭੀ) ਨਾਲ ਨਹੀਂ ਜਾਂਦੀ। ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਵਲੋਂ ਕਿਸੇ ਨੂੰ) ਸ਼ਾਂਤੀ (ਭੀ) ਨਹੀਂ ਆਉਂਦੀ। (ਗੁਰੂ ਤੋਂ ਬਿਨਾ) ਕਿਸ ਅੱਗੇ ਮੈਂ ਪੁਕਾਰ ਕਰਾਂ? (ਮਾਇਆ ਦੇ ਮੋਹ ਤੋਂ ਹੋਰ ਕੋਈ ਛੁਡਾ ਨਹੀਂ ਸਕਦਾ)।

ਵੱਡੇ ਭਾਗਾਂ ਨਾਲ (ਜਿਨ੍ਹਾਂ ਮਨੁੱਖਾਂ ਨੇ) ਗੁਰੂ ਲੱਭ ਲਿਆ, ਉਹਨਾਂ ਪਰਮਾਤਮਾ ਨਾਲ ਸਾਂਝ ਪਾ ਲਈ, ਉਹਨਾਂ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾ ਲਿਆ। ਹੇ ਦਾਸ ਨਾਨਕ! ਪਰਮਾਤਮਾ ਨੂੰ ਹਿਰਦੇ ਵਿਚ ਵਸਾਣ ਦੇ ਕਾਰਨ (ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਦੀ ਸਾਰੀ ਅੱਗ ਬੁੱਝ ਗਈ।28।

ਅਸੀ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ ॥ ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ॥ ਹਰਿ ਜੀਉ ਲੇਖੈ ਵਾਰ ਨ ਆਵਈ ਤੂੰ ਬਖਸਿ ਮਿਲਾਵਣਹਾਰੁ ॥ ਗੁਰ ਤੁਠੈ ਹਰਿ ਪ੍ਰਭੁ ਮੇਲਿਆ ਸਭ ਕਿਲਵਿਖ ਕਟਿ ਵਿਕਾਰ ॥ ਜਿਨਾ ਹਰਿ ਹਰਿ ਨਾਮੁ ਧਿਆਇਆ ਜਨ ਨਾਨਕ ਤਿਨ੍ਹ੍ਹ ਜੈਕਾਰੁ ॥੨੯॥ {ਪੰਨਾ 1416}

ਪਦ ਅਰਥ: ਅਸੀ = ਅਸੀਂ ਜੀਵ। ਖਤੇ = (ਖ਼ਤਾ = ਭੁੱਲ, ਗੁਨਾਹ) ਭੁੱਲਾਂ। ਪਾਰਾਵਾਰੁ = (ਭੁੱਲਾਂ ਦਾ) ਉਰਲਾ ਬੰਨਾ ਪਰਲਾ ਬੰਨਾ। ਹਰਿ = ਹੇ ਹਰੀ! ਬਖਸਿ ਲੈਹੁ = ਮੁਆਫ਼ ਕਰ, ਖਿਮਾ ਕਰ। ਹਉ = ਹਉਂ, ਮੈਂ। ਗੁਨਹਗਾਰੁ = ਗੁਨਾਹੀਂ। ਲੇਖੈ = ਲੇਖੇ ਦੇ ਰਾਹੀਂ। ਵਾਰ = (ਬਖ਼ਸ਼ਸ਼ ਦੀ) ਵਾਰੀ। ਬਖਸਿ = ਬਖ਼ਸ਼ ਕੇ। ਤੁਠੈ ਗੁਰ = ਪ੍ਰਸੰਨ ਹੋਏ ਗੁਰੂ ਨੇ। ਕਿਲਵਿਖ = ਪਾਪ। ਕਟਿ = ਕੱਟ ਕੇ, ਦੂਰ ਕਰ ਕੇ। ਜੈਕਾਰੁ = ਇੱਜ਼ਤ, ਸੋਭਾ।29।

ਅਰਥ: ਹੇ ਹਰੀ! ਅਸੀਂ ਜੀਵ ਬਹੁਤ ਭੁੱਲਾਂ ਕਰਦੇ ਰਹਿੰਦੇ ਹਾਂ, (ਸਾਡੀਆਂ ਭੁੱਲਾਂ ਦਾ) ਅੰਤ ਨਹੀਂ ਪੈ ਸਕਦਾ, (ਸਾਡੀਆਂ ਭੁੱਲਾਂ ਦਾ) ਪਾਰਲਾ ਉਰਲਾ ਬੰਨਾ ਨਹੀਂ ਲੱਭਦਾ। ਤੂੰ ਮਿਹਰ ਕਰ ਕੇ ਆਪ ਹੀ ਬਖ਼ਸ਼ ਲੈ, ਮੈਂ ਪਾਪੀ ਹਾਂ, ਗੁਨਾਹਗਾਰ ਹਾਂ। ਹੇ ਪ੍ਰਭੂ ਜੀ! (ਮੇਰੇ ਕੀਤੇ ਕਰਮਾਂ ਦੇ) ਲੇਖੇ ਦੀ ਰਾਹੀਂ ਤਾਂ (ਬਖ਼ਸ਼ਸ਼ ਹਾਸਲ ਕਰਨ ਦੀ ਮੇਰੀ) ਵਾਰੀ ਹੀ ਨਹੀਂ ਆ ਸਕਦੀ, ਤੂੰ (ਮੇਰੀਆਂ ਭੁੱਲਾਂ) ਬਖ਼ਸ਼ ਕੇ (ਮੈਨੂੰ ਆਪਣੇ ਚਰਨਾਂ ਵਿਚ) ਮਿਲਾਣ ਦੀ ਸਮਰਥਾ ਵਾਲਾ ਹੈਂ।

ਹੇ ਭਾਈ! (ਜਿਸ ਉੱਤੇ ਪ੍ਰਭੂ ਦੀ ਮਿਹਰ ਹੋਈ, ਉਸ ਦੇ ਅੰਦਰੋਂ) ਸਾਰੇ ਪਾਪ ਵਿਕਾਰ ਕੱਟ ਕੇ ਦਇਆਵਾਨ ਹੋਏ ਗੁਰੂ ਨੇ ਉਸ ਨੂੰ ਹਰਿ-ਪ੍ਰਭੂ ਮਿਲਾ ਦਿੱਤਾ।

ਹੇ ਦਾਸ ਨਾਨਕ! (ਆਖ-) ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਆਈ ਹੈ।29।

ਵਿਛੁੜਿ ਵਿਛੁੜਿ ਜੋ ਮਿਲੇ ਸਤਿਗੁਰ ਕੇ ਭੈ ਭਾਇ ॥ ਜਨਮ ਮਰਣ ਨਿਹਚਲੁ ਭਏ ਗੁਰਮੁਖਿ ਨਾਮੁ ਧਿਆਇ ॥ ਗੁਰ ਸਾਧੂ ਸੰਗਤਿ ਮਿਲੈ ਹੀਰੇ ਰਤਨ ਲਭੰਨ੍ਹ੍ਹਿ ॥ ਨਾਨਕ ਲਾਲੁ ਅਮੋਲਕਾ ਗੁਰਮੁਖਿ ਖੋਜਿ ਲਹੰਨ੍ਹ੍ਹਿ ॥੩੦॥ {ਪੰਨਾ 1416}

ਪਦ ਅਰਥ: ਵਿਛੁੜਿ = (ਪ੍ਰਭੂ ਤੋਂ) ਵਿੱਛੁੜ ਕੇ। ਵਿਛੁੜਿ ਵਿਛੁੜਿ = ਮੁੜ ਮੁੜ ਵਿੱਛੁੜ ਕੇ। ਭੈ = ਡਰ-ਅਦਬ ਵਿਚ। ਭਾਇ = ਪਿਆਰ ਵਿਚ। ਨਿਹਚਲੁ = ਅਡੋਲ। ਗੁਰਮੁਖਿ = ਗੁਰੂ ਦੀ ਰਾਹੀਂ। ਧਿਆਇ = ਸਿਮਰ ਕੇ। ਲਭੰਨਿ = ਲੱਭ ਲੈਂਦੇ ਹਨ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਖੋਜਿ = ਖੋਜ ਕੇ, ਢੂੰਢ ਕੇ। ਲਹੰਨ੍ਹ੍ਹਿ = ਲੱਭ ਲੈਂਦੇ ਹਨ।30।

ਅਰਥ: ਹੇ ਭਾਈ! (ਅਨੇਕਾਂ ਜਨਮਾਂ ਵਿਚ ਪਰਮਾਤਮਾ ਨਾਲੋਂ) ਮੁੜ ਮੁੜ ਵਿੱਛੁੜ ਕੇ ਜਿਹੜੇ ਮਨੁੱਖ (ਆਖ਼ਰ) ਗੁਰੂ ਦੇ ਡਰ-ਅਦਬ ਵਿਚ ਗੁਰੂ ਦੇ ਪ੍ਰੇਮ ਵਿਚ ਟਿਕ ਗਏ, ਉਹ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜਨਮ ਮਰਨ ਦੇ ਗੇੜ ਵਲੋਂ ਅਡੋਲ ਹੋ ਗਏ।

ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਸਾਧੂ ਗੁਰੂ ਦੀ ਸੰਗਤਿ ਹਾਸਲ ਹੋ ਜਾਂਦੀ ਹੈ, ਉਹ (ਉਸ ਸੰਗਤਿ ਵਿਚੋਂ) ਪਰਮਾਤਮਾ ਦੇ ਕੀਮਤੀ ਆਤਮਕ ਗੁਣ ਲੱਭ ਲੈਂਦੇ ਹਨ। ਪਰਮਾਤਮਾ ਦਾ ਅੱਤ ਕੀਮਤੀ ਨਾਮ-ਹੀਰਾ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਸੰਗਤਿ ਵਿਚੋਂ) ਖੋਜ ਕੇ ਹਾਸਲ ਕਰ ਲੈਂਦੇ ਹਨ।30।

ਮਨਮੁਖ ਨਾਮੁ ਨ ਚੇਤਿਓ ਧਿਗੁ ਜੀਵਣੁ ਧਿਗੁ ਵਾਸੁ ॥ ਜਿਸ ਦਾ ਦਿਤਾ ਖਾਣਾ ਪੈਨਣਾ ਸੋ ਮਨਿ ਨ ਵਸਿਓ ਗੁਣਤਾਸੁ ॥ ਇਹੁ ਮਨੁ ਸਬਦਿ ਨ ਭੇਦਿਓ ਕਿਉ ਹੋਵੈ ਘਰ ਵਾਸੁ ॥ ਮਨਮੁਖੀਆ ਦੋਹਾਗਣੀ ਆਵਣ ਜਾਣਿ ਮੁਈਆਸੁ ॥ ਗੁਰਮੁਖਿ ਨਾਮੁ ਸੁਹਾਗੁ ਹੈ ਮਸਤਕਿ ਮਣੀ ਲਿਖਿਆਸੁ ॥ ਹਰਿ ਹਰਿ ਨਾਮੁ ਉਰਿ ਧਾਰਿਆ ਹਰਿ ਹਿਰਦੈ ਕਮਲ ਪ੍ਰਗਾਸੁ ॥ ਸਤਿਗੁਰੁ ਸੇਵਨਿ ਆਪਣਾ ਹਉ ਸਦ ਬਲਿਹਾਰੀ ਤਾਸੁ ॥ ਨਾਨਕ ਤਿਨ ਮੁਖ ਉਜਲੇ ਜਿਨ ਅੰਤਰਿ ਨਾਮੁ ਪ੍ਰਗਾਸੁ ॥੩੧॥ {ਪੰਨਾ 1416}

ਪਦ ਅਰਥ: ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੇ। ਧਿਗੁ = ਫਿਟਕਾਰ-ਜੋਗ। ਵਾਸੁ = (ਜਗਤ ਵਿਚ) ਵਸੇਬਾ। ਜਿਸ ਦਾ = (ਸੰਬੰਧਕ 'ਦਾ' ਦੇ ਕਰਨ 'ਜਿਸੁ' ਦਾ ੁ ਉੱਡ ਗਿਆ ਹੈ)। ਮਨਿ = ਮਨ ਵਿਚ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ਹਰੀ। ਸਬਦਿ = ਗੁਰੂ ਦੇ ਸ਼ਬਦ ਵਿਚ। ਭੇਦਿਓ = ਵਿੱਝਿਆ, ਪ੍ਰੋਤਾ ਗਿਆ। ਘਰ ਵਾਸੁ = (ਅਸਲ) ਘਰ ਦਾ ਵਾਸਾ। ਮਨ ਮੁਖੀਆ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ। ਦੋਹਾਗਣੀ = ਛੁੱਟੜ, ਮੰਦੇ ਭਾਗਾਂ ਵਾਲੀਆਂ। ਆਵਣ ਜਾਣਿ = ਜੰਮਣ ਮਰਨ (ਦੇ ਗੇੜ) ਵਿਚ। ਮੁਈਆਸੁ = ਆਤਮਕ ਮੌਤੇ ਮਰੀਆਂ ਹੋਈਆਂ।

ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੀਆਂ। ਸੁਹਾਗੁ = ਸੁਭਾਗ। ਮਸਤਕਿ = ਮੱਥੇ ਉੱਤੇ। ਮਣੀ = ਟਿੱਕਾ। ਉਰਿ = ਹਿਰਦੇ ਵਿਚ। ਹਿਰਦੈ = ਹਿਰਦੇ ਵਿਚ। ਪ੍ਰਗਾਸੁ = ਖਿੜਾਉ। ਸੇਵਨਿ = ਸੇਂਵਦੀਆਂ ਹਨ। ਹਉ = ਹਉਂ, ਮੈਂ। ਸਦ = ਸਦਾ। ਤਾਸੁ = ਉਹਨਾਂ ਤੋਂ। ਉਜਲੇ = ਰੌਸ਼ਨ। ਅੰਤਰਿ = ਅੰਦਰ।31।

ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ, ਉਹਨਾਂ ਦਾ ਜਗਤ-ਵਸੇਬਾ ਫਿਟਕਾਰ-ਜੋਗ ਹੀ ਰਹਿੰਦਾ ਹੈ। ਉਹਨਾਂ ਦੇ ਮਨ ਵਿਚ ਗੁਣਾਂ ਦਾ ਖ਼ਜ਼ਾਨਾ ਉਹ ਪ੍ਰਭੂ ਨਹੀਂ ਟਿਕਿਆ, ਜਿਸ ਦਾ ਦਿੱਤਾ ਅੰਨ ਅਤੇ ਕੱਪੜਾ ਉਹ ਵਰਤਦੇ ਰਹਿੰਦੇ ਹਨ। ਉਹਨਾਂ ਦਾ ਇਹ ਮਨ (ਕਦੇ) ਗੁਰੂ ਦੇ ਸ਼ਬਦ ਵਿਚ ਨਹੀਂ ਜੁੜਦਾ। ਫਿਰ ਉਹਨਾਂ ਨੂੰ ਪ੍ਰਭੂ-ਚਰਨਾਂ ਦਾ ਨਿਵਾਸ ਕਿਵੇਂ ਹਾਸਲ ਹੋਵੇ? ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ ਬਦ-ਨਸੀਬ ਹੀ ਰਹਿੰਦੀਆਂ ਹਨ, ਉਹ ਜਨਮ-ਮਰਨ ਦੇ ਗੇੜ ਵਿਚ ਪਈਆਂ ਰਹਿੰਦੀਆਂ ਹਨ, ਉਹ ਸਦਾ ਆਤਮਕ ਮੌਤੇ ਮਰੀਆਂ ਰਹਿੰਦੀਆਂ ਹਨ।

ਹੇ ਭਾਈ! ਜਿਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸਨਮੁਖ ਹਨ (ਉਹਨਾਂ ਦੇ ਹਿਰਦੇ ਵਿਚ ਵੱਸਦਾ ਹਰਿ-) ਨਾਮ ਉਹਨਾਂ ਦੇ ਸਿਰ ਉਤੇ ਸੁਹਾਗ ਹੈ, ਉਹਨਾਂ ਦੇ ਮੱਥੇ ਉਤੇ ਟਿੱਕਾ ਲੱਗਾ ਹੋਇਆ ਹੈ। ਗੁਰੂ ਦੇ ਸਨਮੁਖ ਰਹਿਣ ਵਾਲੀਆਂ ਨੇ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਵਸਾਇਆ ਹੁੰਦਾ ਹੈ ਉਹਨਾਂ ਦੇ ਹਿਰਦੇ ਦਾ ਕੌਲ-ਫੁੱਲ ਖਿੜਿਆ ਰਹਿੰਦਾ ਹੈ। ਉਹ ਜੀਵ-ਇਸਤ੍ਰੀਆਂ ਸਦਾ ਆਪਣੇ ਗੁਰੂ ਦੀ ਸਰਨ ਪਈਆਂ ਰਹਿੰਦੀਆਂ ਹਨ। ਮੈਂ ਉਹਨਾਂ ਤੋਂ ਸਦਾ ਸਦਕੇ ਹਾਂ। ਹੇ ਨਾਨਕ! (ਆਖ-) ਜਿਨ੍ਹਾਂ ਦੇ ਹਿਰਦੇ ਵਿਚ (ਪਰਮਾਤਮਾ ਦਾ) ਨਾਮ (ਆਤਮਕ ਜੀਵਨ ਦਾ) ਚਾਨਣ (ਕਰੀ ਰੱਖਦਾ) ਹੈ ਉਹਨਾਂ ਦੇ ਮੂੰਹ (ਲੋਕ ਪਰਲੋਕ ਵਿਚ) ਰੌਸ਼ਨ ਰਹਿੰਦੇ ਹਨ।31।

ਸਬਦਿ ਮਰੈ ਸੋਈ ਜਨੁ ਸਿਝੈ ਬਿਨੁ ਸਬਦੈ ਮੁਕਤਿ ਨ ਹੋਈ ॥ ਭੇਖ ਕਰਹਿ ਬਹੁ ਕਰਮ ਵਿਗੁਤੇ ਭਾਇ ਦੂਜੈ ਪਰਜ ਵਿਗੋਈ ॥ ਨਾਨਕ ਬਿਨੁ ਸਤਿਗੁਰ ਨਾਉ ਨ ਪਾਈਐ ਜੇ ਸਉ ਲੋਚੈ ਕੋਈ ॥੩੨॥ {ਪੰਨਾ 1416}

ਪਦ ਅਰਥ: ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ। ਮਰੈ = (ਵਿਕਾਰਾਂ ਵਲੋਂ) ਮਰਦਾ ਹੈ, ਬੇ-ਹਿੱਸ ਹੋ ਜਾਂਦਾ ਹੈ। ਸਿਝੈ = ਕਾਮਯਾਬ ਹੁੰਦਾ ਹੈ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਭੇਖ = ਧਾਰਮਿਕ ਪਹਿਰਾਵਾ। ਕਰਮ = (ਵਿਖਾਵੇ ਦੇ ਧਾਰਮਿਕ) ਕੰਮ। ਵਿਗੁਤੇ = ਖ਼ੁਆਰ ਹੁੰਦੇ ਹਨ। ਭਾਇ ਦੂਜੈ = ਮਾਇਆ ਦੇ ਪਿਆਰ ਵਿਚ। ਪਰਜ = ਸ੍ਰਿਸ਼ਟੀ। ਵਿਗੋਈ = ਖ਼ੁਆਰ ਹੁੰਦੀ ਹੈ। ਨ ਪਾਈਐ = ਨਹੀਂ ਮਿਲਦਾ। ਜੇ = ਭਾਵੇਂ। ਸਉ = ਸੌ ਵਾਰੀ।32।

ਅਰਥ: ਹੇ ਭਾਈ! (ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦਾ ਹੈ ਉਹ ਮਨੁੱਖ ਹੀ (ਜ਼ਿੰਦਗੀ ਵਿਚ) ਕਾਮਯਾਬ ਹੁੰਦਾ ਹੈ। (ਗੁਰੂ ਦੇ) ਸ਼ਬਦ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਨਹੀਂ ਹੁੰਦੀ। ਜਿਹੜੇ ਮਨੁੱਖ ਨਿਰੇ ਵਿਖਾਵੇ ਦੇ ਧਾਰਮਿਕ ਪਹਿਰਾਵੇ ਪਹਿਨਦੇ ਹਨ ਅਤੇ ਵਿਖਾਵੇ ਦੇ ਹੀ ਧਾਰਮਿਕ ਕਰਮ ਕਰਦੇ ਹਨ, ਉਹ ਖ਼ੁਆਰ ਹੁੰਦੇ ਰਹਿੰਦੇ ਹਨ। ਹੇ ਭਾਈ! ਮਾਇਆ ਦੇ ਮੋਹ ਵਿਚ ਫਸੇ ਰਹਿ ਕੇ ਦੁਨੀਆ ਖ਼ੁਆਰ ਹੁੰਦੀ ਹੈ। ਹੇ ਨਾਨਕ! (ਆਖ = ਹੇ ਭਾਈ!) ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਮਿਲਦਾ, ਭਾਵੇਂ ਕੋਈ ਮਨੁੱਖ ਸੌ ਵਾਰੀ ਤਾਂਘ ਪਿਆ ਕਰੇ।32।

ਹਰਿ ਕਾ ਨਾਉ ਅਤਿ ਵਡ ਊਚਾ ਊਚੀ ਹੂ ਊਚਾ ਹੋਈ ॥ ਅਪੜਿ ਕੋਇ ਨ ਸਕਈ ਜੇ ਸਉ ਲੋਚੈ ਕੋਈ ॥ ਮੁਖਿ ਸੰਜਮ ਹਛਾ ਨ ਹੋਵਈ ਕਰਿ ਭੇਖ ਭਵੈ ਸਭ ਕੋਈ ॥ ਗੁਰ ਕੀ ਪਉੜੀ ਜਾਇ ਚੜੈ ਕਰਮਿ ਪਰਾਪਤਿ ਹੋਈ ॥ ਅੰਤਰਿ ਆਇ ਵਸੈ ਗੁਰ ਸਬਦੁ ਵੀਚਾਰੈ ਕੋਇ ॥ ਨਾਨਕ ਸਬਦਿ ਮਰੈ ਮਨੁ ਮਾਨੀਐ ਸਾਚੇ ਸਾਚੀ ਸੋਇ ॥੩੩॥ {ਪੰਨਾ 1416-1417}

ਪਦ ਅਰਥ: ਨਾਉ = ਨਾਮਣਾ, ਵਡਿਆਈ। ਊਚੀ ਹੂ ਊਚਾ = ਉੱਚੇ ਤੋਂ ਉੱਚਾ, ਬਹੁਤ ਹੀ ਉੱਚਾ। ਨ ਸਕਈ = ਨ ਸਕੇ। ਸਉ ਲੋਚੈ = ਸੌ ਵਾਰੀ ਤਾਂਘ ਕਰੇ। ਮੁਖਿ = ਮੂੰਹੋਂ, ਜ਼ਬਾਨੀ ਗੱਲਾਂ ਕਰਨ ਨਾਲ। ਸੰਜਮ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦੇ ਜਤਨ। ਨ ਹੋਵਈ = ਨ ਹੋਵੈ, ਨਹੀਂ ਹੁੰਦਾ। ਕਰਿ = ਕਰ ਕੇ। ਭੇਖ = ਧਾਰਮਿਕ ਪਹਿਰਾਵੇ। ਸਭ ਕੋਈ = ਹਰ ਕੋਈ, ਹਰੇਕ ਸਾਧੂ। ਜਾਇ ਚੜੈ = (ਪ੍ਰਭੂ ਚਰਨਾਂ ਵਿਚ) ਜਾ ਅੱਪੜਦਾ ਹੈ। ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਨਾਲ। ਅੰਤਰਿ = ਹਿਰਦੇ ਵਿਚ। ਵੀਚਾਰੈ = ਵੀਚਾਰਦਾ ਹੈ ਮਨ ਵਿਚ ਵਸਾਂਦਾ ਹੈ। ਸਬਦਿ = ਸ਼ਬਦ ਦੀ ਰਾਹੀਂ। ਮਰੈ = ਵਿਕਾਰ ਵਲੋਂ ਹਟਦਾ ਹੈ। ਮਾਨੀਐ = ਪਤੀਜ ਜਾਂਦਾ ਹੈ। ਸਾਚੇ = ਸਾਚਿ, ਸਦਾ-ਥਿਰ ਪ੍ਰਭੂ ਵਿਚ (ਟਿਕਿਆਂ)। ਸਾਚੀ = ਸਦਾ ਕਾਇਮ ਰਹਿਣ ਵਾਲੀ। ਸੋਇ = ਸੋਭਾ।33।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮਣਾ ਬਹੁਤ ਵੱਡਾ ਹੈ, ਬੇਅੰਤ ਉੱਚਾ ਹੈ। ਭਾਵੇਂ ਕੋਈ ਮਨੁੱਖ ਸੌ ਵਾਰੀ ਤਾਂਘ ਕਰੇ, ਉਸ ਦੇ ਨਾਮਣੇ ਤਕ ਕੋਈ ਪਹੁੰਚ ਨਹੀਂ ਸਕਦਾ। ਹਰੇਕ ਸਾਧੂ ਧਾਰਮਿਕ ਪਹਿਰਾਵਾ ਪਹਿਨ ਕੇ ਤਾਂ ਪਿਆ ਫਿਰਦਾ ਹੈ (ਤੇ ਸਮਝਦਾ ਹੋਵੇਗਾ ਕਿ ਇਸ ਤਰ੍ਹਾਂ ਉੱਚੇ ਜੀਵਨ ਵਿਚ ਮੈਂ ਪਰਮਾਤਮਾ ਦੀ ਉੱਚਤਾ ਤਕ ਪਹੁੰਚ ਗਿਆ ਹਾਂ, ਪਰ) ਇੰਦ੍ਰਿਆਂ ਨੂੰ ਵੱਸ ਕਰਨ ਦੀਆਂ ਨਿਰੀਆਂ ਜ਼ਬਾਨੀ ਗੱਲਾਂ ਕੀਤਿਆਂ ਕੋਈ ਮਨੁੱਖ ਸੁੱਚੇ ਜੀਵਨ ਵਾਲਾ ਨਹੀਂ ਬਣ ਜਾਂਦਾ।

ਹੇ ਭਾਈ! ਜਿਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾਂਦਾ ਹੈ ਉਸ ਦੇ ਅੰਦਰ ਪਰਮਾਤਮਾ ਆ ਵੱਸਦਾ ਹੈ। (ਗੁਰੂ ਦਾ ਸ਼ਬਦ ਹੀ ਹੈ) ਗੁਰੂ ਦੀ (ਦੱਸੀ ਹੋਈ) ਪੌੜੀ (ਜਿਸ ਦੀ ਸਹਾਇਤਾ ਨਾਲ ਮਨੁੱਖ ਪ੍ਰਭੂ ਦੇ ਚਰਨਾਂ ਤਕ) ਜਾ ਪਹੁੰਚਦਾ ਹੈ, (ਪਰ ਇਹ 'ਗੁਰ ਕੀ ਪਉੜੀ' ਪਰਮਾਤਮਾ ਦੀ) ਮਿਹਰ ਨਾਲ ਹੀ ਮਿਲਦੀ ਹੈ।

ਹੇ ਨਾਨਕ! (ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦਾ ਹੈ, ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ, ਸਦਾ-ਥਿਰ ਪ੍ਰਭੂ ਵਿਚ ਲੀਨ ਰਿਹਾਂ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ।33।

TOP OF PAGE

Sri Guru Granth Darpan, by Professor Sahib Singh