ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1414

ਸਤਿਗੁਰੂ ਨ ਸੇਵਿਓ ਸਬਦੁ ਨ ਰਖਿਓ ਉਰ ਧਾਰਿ ॥ ਧਿਗੁ ਤਿਨਾ ਕਾ ਜੀਵਿਆ ਕਿਤੁ ਆਏ ਸੰਸਾਰਿ ॥ ਗੁਰਮਤੀ ਭਉ ਮਨਿ ਪਵੈ ਤਾਂ ਹਰਿ ਰਸਿ ਲਗੈ ਪਿਆਰਿ ॥ ਨਾਉ ਮਿਲੈ ਧੁਰਿ ਲਿਖਿਆ ਜਨ ਨਾਨਕ ਪਾਰਿ ਉਤਾਰਿ ॥੧੩॥ {ਪੰਨਾ 1414}

ਪਦ ਅਰਥ: ਨ ਸੇਵਿਓ = ਆਸਰਾ ਨਾਹ ਲਿਆ। ਉਰ = ਹਿਰਦਾ। ਧਾਰਿ = ਟਿਕਾ ਕੇ। ਧਿਗੁ = ਫਿਟਕਾਰ ਜੋਗ। ਕਿਤੁ = ਕਿਸ ਕੰਮ ਲਈ? ਸੰਸਾਰਿ = ਸੰਸਾਰ ਵਿਚ। ਮਨਿ = ਮਨ ਵਿਚ। ਹਰਿ ਰਸਿ = ਹਰੀ ਦੇ ਰਸ ਵਿਚ। ਹਰਿ ਪਿਆਰਿ = ਹਰੀ ਦੇ ਪਿਆਰ ਵਿਚ। ਧੁਰਿ = ਧੁਰ ਦਰਗਾਹ ਤੋਂ। ਲਿਖਿਆ = ਕੀਤੇ ਕਰਮਾਂ ਦੇ ਲੇਖਾਂ ਅਨੁਸਾਰ। ਪਾਰਿ ਉਤਾਰਿ = ਪਾਰਿ ਉਤਾਰੇ, ਪਾਰ ਲੰਘਾ ਲੈਂਦਾ ਹੈ।13।

ਅਰਥ: ਹੇ ਭਾਈ! (ਜਿਨ੍ਹਾਂ ਮਨੁੱਖਾਂ ਨੇ ਕਦੇ) ਗੁਰੂ ਦਾ ਆਸਰਾ ਨਹੀਂ ਲਿਆ, ਜਿਨ੍ਹਾਂ ਨੇ ਗੁਰੂ ਦਾ ਸ਼ਬਦ (ਕਦੇ ਆਪਣੇ) ਹਿਰਦੇ ਵਿਚ ਟਿਕਾ ਕੇ ਨਹੀਂ ਰੱਖਿਆ, ਉਹ ਕਾਹਦੇ ਲਈ ਜਗਤ ਵਿਚ ਆਏ? ਉਹਨਾਂ ਦਾ ਜੀਵਨ-ਸਮਾ ਫਿਟਕਾਰ-ਜੋਗ ਹੀ ਰਹਿੰਦਾ ਹੈ (ਉਹ ਸਾਰੀ ਉਮਰ ਉਹੋ ਜਿਹੇ ਕੰਮ ਹੀ ਕਰਦੇ ਰਹਿੰਦੇ ਹਨ, ਜਿਨ੍ਹਾਂ ਤੋਂ ਜਗਤ ਵਿਚ ਉਹਨਾਂ ਨੂੰ ਫਿਟਕਾਰਾਂ ਹੀ ਪੈਂਦੀਆਂ ਹਨ)।

ਹੇ ਭਾਈ! ਜਦੋਂ ਗੁਰੂ ਦੀ ਮਤਿ ਉਤੇ ਤੁਰ ਕੇ (ਮਨੁੱਖ ਦੇ) ਮਨ ਵਿਚ (ਪਰਮਾਤਮਾ ਦਾ) ਡਰ-ਅਦਬ ਟਿਕਦਾ ਹੈ, ਤਦੋਂ ਉਹ ਪਰਮਾਤਮਾ ਦੇ ਪਿਆਰ ਵਿਚ ਪਰਮਾਤਮਾ ਦੇ ਮੇਲ-ਆਨੰਦ ਵਿਚ ਜੁੜਦਾ ਹੈ। ਪਰ; ਹੇ ਨਾਨਕ! ਹਰਿ-ਨਾਮ ਧੁਰ ਦਰਗਾਹ ਤੋਂ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਲੇਖ ਅਨੁਸਾਰ ਹੀ ਮਿਲਦਾ ਹੈ, ਤੇ, ਇਹ ਨਾਮ (ਮਨੁੱਖ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।13।

ਮਾਇਆ ਮੋਹਿ ਜਗੁ ਭਰਮਿਆ ਘਰੁ ਮੁਸੈ ਖਬਰਿ ਨ ਹੋਇ ॥ ਕਾਮ ਕ੍ਰੋਧਿ ਮਨੁ ਹਿਰਿ ਲਇਆ ਮਨਮੁਖ ਅੰਧਾ ਲੋਇ ॥ ਗਿਆਨ ਖੜਗ ਪੰਚ ਦੂਤ ਸੰਘਾਰੇ ਗੁਰਮਤਿ ਜਾਗੈ ਸੋਇ ॥ ਨਾਮ ਰਤਨੁ ਪਰਗਾਸਿਆ ਮਨੁ ਤਨੁ ਨਿਰਮਲੁ ਹੋਇ ॥ ਨਾਮਹੀਨ ਨਕਟੇ ਫਿਰਹਿ ਬਿਨੁ ਨਾਵੈ ਬਹਿ ਰੋਇ ॥ ਨਾਨਕ ਜੋ ਧੁਰਿ ਕਰਤੈ ਲਿਖਿਆ ਸੁ ਮੇਟਿ ਨ ਸਕੈ ਕੋਇ ॥੧੪॥ {ਪੰਨਾ 1414}

ਪਦ ਅਰਥ: ਮੋਹਿ = ਮੋਹ ਵਿਚ (ਫਸ ਕੇ), ਮੋਹ ਦੇ ਕਾਰਨ। ਭਰਮਿਆ = ਭਟਕਦਾ ਫਿਰਦਾ ਹੈ। ਘਰੁ = (ਹਿਰਦਾ-) ਘਰ। ਮੁਸੈ = ਲੁੱਟਿਆ ਜਾਂਦਾ ਹੈ। ਖਬਰਿ = ਸੂਝ। ਕ੍ਰੋਧਿ = ਕ੍ਰੋਧ ਨੇ। ਹਿਰਿ ਲਇਆ = ਚੁਰਾ ਲਿਆ ਹੁੰਦਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਲੋਇ = ਜਗਤ ਵਿਚ। ਗਿਆਨ = ਆਤਮਕ ਜੀਵਨ ਦੀ ਸੂਝ। ਖਗੜ = ਤਲਵਾਰ। ਪੰਚ ਦੂਤ = (ਕਾਮਾਦਿਕ) ਪੰਜ ਵੈਰੀ। ਸੰਘਾਰੇ = ਮਾਰ ਲਏ। ਜਾਗੈ = ਸੁਚੇਤ ਰਹਿੰਦਾ ਹੈ। ਪਰਗਾਸਿਆ = ਚਮਕ ਪੈਂਦਾ ਹੈ। ਨਕਟੇ = ਨਕ-ਵੱਢੇ। ਬਹਿ ਰੋਇ = ਬੈਠ ਕੇ ਰੋਂਦਾ ਹੈ। ਧੁਰਿ = ਧੁਰ ਦਰਗਾਹ ਤੋਂ। ਕਰਤੈ = ਕਰਤਾਰ ਨੇ।14।

ਅਰਥ: ਹੇ ਭਾਈ! ਮਾਇਆ ਦੇ ਮੋਹ ਦੇ ਕਾਰਨ ਜਗਤ ਭਟਕਦਾ ਫਿਰਦਾ ਹੈ, (ਜੀਵ ਦਾ ਹਿਰਦਾ-) ਘਰ (ਆਤਮਕ ਸਰਮਾਇਆ) ਲੁੱਟਿਆ ਜਾਂਦਾ ਹੈ (ਪਰ ਜੀਵ ਨੂੰ) ਇਹ ਪਤਾ ਹੀ ਨਹੀਂ ਲੱਗਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਗਤ ਵਿਚ (ਆਤਮਕ ਜੀਵਨ ਦੀ ਸੂਝ ਵਲੋਂ) ਅੰਨ੍ਹਾ ਹੋਇਆ ਰਹਿੰਦਾ ਹੈ, ਕਾਮ ਨੇ ਕ੍ਰੋਧ ਨੇ (ਉਸ ਦੇ) ਮਨ ਨੂੰ ਚੁਰਾ ਲਿਆ ਹੁੰਦਾ ਹੈ।

ਹੇ ਭਾਈ! (ਜਿਹੜਾ ਮਨੁੱਖ) ਆਤਮਕ ਜੀਵਨ ਦੀ ਸੂਝ ਦੀ ਤਲਵਾਰ (ਫੜ ਕੇ ਕਾਮਾਦਿਕ) ਪੰਜ ਵੈਰੀਆਂ ਨੂੰ ਮਾਰ ਲੈਂਦਾ ਹੈ, ਉਹ ਹੀ ਗੁਰੂ ਦੀ ਮਤਿ ਦੀ ਬਰਕਤਿ ਨਾਲ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ। (ਉਸ ਦੇ ਅੰਦਰ) ਪਰਮਾਤਮਾ ਦੇ ਨਾਮ ਦਾ ਰਤਨ ਚਮਕ ਪੈਂਦਾ ਹੈ, ਉਸ ਦਾ ਮਨ ਉਸ ਦਾ ਤਨ ਪਵਿੱਤਰ ਹੋ ਜਾਂਦਾ ਹੈ।

ਪਰ, ਹੇ ਭਾਈ! ਨਾਮ ਤੋਂ ਵਾਂਜੇ ਹੋਏ ਮਨੁੱਖ ਬੇ-ਸ਼ਰਮਾਂ ਵਾਂਗ ਤੁਰੇ ਫਿਰਦੇ ਹਨ। ਨਾਮ ਤੋਂ ਵਾਂਜਿਆ ਹੋਇਆ ਮਨੁੱਖ ਬਹਿ ਕੇ ਰੋਂਦਾ ਰਹਿੰਦਾ ਹੈ (ਸਦਾ ਦੁਖੀ ਰਹਿੰਦਾ ਹੈ)। ਹੇ ਨਾਨਕ! (ਕਰਤਾਰ ਦੀ ਰਜ਼ਾ ਇਉਂ ਹੀ ਹੈ ਕਿ ਨਾਮ-ਹੀਨ ਪ੍ਰਾਣੀ ਦੁਖੀ ਰਹੇ, ਸੋ) ਕਰਤਾਰ ਨੇ ਜੋ ਕੁਝ ਧੁਰ ਦਰਗਾਹ ਤੋਂ ਇਹ ਲੇਖ ਲਿਖ ਦਿੱਤਾ ਹੈ, ਇਸ ਨੂੰ ਕੋਈ ਮਿਟਾ ਨਹੀਂ ਸਕਦਾ (ਉਲਟਾ ਨਹੀਂ ਸਕਦਾ)।14।

ਗੁਰਮੁਖਾ ਹਰਿ ਧਨੁ ਖਟਿਆ ਗੁਰ ਕੈ ਸਬਦਿ ਵੀਚਾਰਿ ॥ ਨਾਮੁ ਪਦਾਰਥੁ ਪਾਇਆ ਅਤੁਟ ਭਰੇ ਭੰਡਾਰ ॥ ਹਰਿ ਗੁਣ ਬਾਣੀ ਉਚਰਹਿ ਅੰਤੁ ਨ ਪਾਰਾਵਾਰੁ ॥ ਨਾਨਕ ਸਭ ਕਾਰਣ ਕਰਤਾ ਕਰੈ ਵੇਖੈ ਸਿਰਜਨਹਾਰੁ ॥੧੫॥ ਗੁਰਮੁਖਿ ਅੰਤਰਿ ਸਹਜੁ ਹੈ ਮਨੁ ਚੜਿਆ ਦਸਵੈ ਆਕਾਸਿ ॥ ਤਿਥੈ ਊਂਘ ਨ ਭੁਖ ਹੈ ਹਰਿ ਅੰਮ੍ਰਿਤ ਨਾਮੁ ਸੁਖ ਵਾਸੁ ॥ ਨਾਨਕ ਦੁਖੁ ਸੁਖੁ ਵਿਆਪਤ ਨਹੀ ਜਿਥੈ ਆਤਮ ਰਾਮ ਪ੍ਰਗਾਸੁ ॥੧੬॥ {ਪੰਨਾ 1414}

ਪਦ ਅਰਥ: ਗੁਰਮੁਖਾ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੇ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਵੀਚਾਰਿ = ਵਿਚਾਰ ਕੇ, ਹਰਿ-ਨਾਮ ਨੂੰ ਮਨ ਵਿਚ ਵਸਾ ਕੇ। ਅਤੁਟ = ਨਾਹ ਮੁੱਕਣ ਵਾਲੇ। ਭੰਡਾਰ = ਖ਼ਜ਼ਾਨੇ। ਬਾਣੀ = (ਗੁਰੂ ਦੀ) ਬਾਣੀ ਦੀ ਰਾਹੀਂ। ਉਚਰਹਿ = ਉਚਾਰਦੇ ਹਨ। ਨਾਨਕ = ਹੇ ਨਾਨਕ!।15।

ਸਹਜੁ = ਆਤਮਕ ਅਡੋਲਤਾ। ਦਸਵੈ ਆਕਾਸਿ = ਦਸਵੇਂ ਆਕਾਸ਼ ਵਿਚ, ਉਸ ਦਸਵੇਂ ਉੱਚੇ ਟਿਕਾਣੇ ਤੇ ਜਿੱਥੇ ਸਰੀਰਕ ਨੌ ਗੋਲਕਾਂ ਦਾ ਪ੍ਰਭਾਵ ਨਹੀਂ ਪੈਂਦਾ। ਤਿਥੈ = ਉਸ ਅਵਸਥਾ ਵਿਚ। ਊਂਘ = ਨੀਂਦ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਸੁਖ = ਆਤਮਕ ਆਨੰਦ। ਵਿਆਪਤ ਨਹੀ = ਆਪਣਾ ਜ਼ੋਰ ਨਹੀਂ ਪਾ ਸਕਦਾ। ਆਤਮ ਰਾਮ = ਸਰਬ-ਵਿਆਪਕ ਪ੍ਰਭੂ ਦਾ।16।

ਅਰਥ: ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਹਰਿ-ਨਾਮ ਨੂੰ) ਆਪਣੇ ਮਨ ਵਿਚ ਵਸਾ ਕੇ ਪਰਮਾਤਮਾ ਦਾ ਨਾਮ-ਧਨ ਖੱਟ ਲਿਆ ਹੈ। ਗੁਰਮੁਖਾਂ ਨੇ ਕੀਮਤੀ ਨਾਮ-ਧਨ ਲੱਭ ਲਿਆ ਹੈ (ਉਹਨਾਂ ਦੇ ਅੰਦਰ ਹਰਿ-ਨਾਮ-ਧਨ ਦੇ) ਅਮੁੱਕ ਖ਼ਜ਼ਾਨੇ ਭਰੇ ਰਹਿੰਦੇ ਹਨ। ਜਿਸ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਜਿਸ ਪਰਮਾਤਮਾ (ਦੀ ਹਸਤੀ) ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਉਸ ਪਰਮਾਤਮਾ ਦੇ ਗੁਣਾਂ ਨੂੰ (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੀ) ਬਾਣੀ ਦੀ ਰਾਹੀਂ ਉਚਾਰਦੇ ਰਹਿੰਦੇ ਹਨ।

ਪਰ, ਹੇ ਨਾਨਕ! ਇਹ ਸਾਰੇ ਢੋਅ ਕਰਤਾਰ (ਆਪ ਹੀ) ਢੁਕਾਂਦਾ ਹੈ, (ਇਸ ਖੇਡ ਨੂੰ) ਸਿਰਜਣਹਾਰ (ਆਪ) ਵੇਖ ਰਿਹਾ ਹੈ।15।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਉਸ ਦਾ ਮਨ (ਉਸ) ਦਸਵੇਂ ਦੁਆਰ ਵਿਚ ਟਿਕਿਆ ਰਹਿੰਦਾ ਹੈ (ਜਿਥੇ ਸਰੀਰ ਉਤੇ ਨੌ ਗੋਲਕਾਂ ਦਾ ਪ੍ਰਭਾਵ ਨਹੀਂ ਪੈ ਸਕਦਾ)। ਉਸ ਅਵਸਥਾ ਵਿਚ (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਆਉਂਦੀ, ਮਾਇਆ ਦੀ ਭੁੱਖ ਨਹੀਂ (ਸਤਾਂਦੀ)। (ਉਸ ਅਵਸਥਾ ਵਿਚ ਗੁਰਮੁਖ ਦੇ ਅੰਦਰ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਟਿਕਿਆ ਰਹਿੰਦਾ ਹੈ। ਆਤਮਕ ਆਨੰਦ ਬਣਿਆ ਰਹਿੰਦਾ ਹੈ। ਹੇ ਨਾਨਕ! ਜਿਸ ਹਿਰਦੇ ਵਿਚ ਸਰਬ-ਵਿਆਪਕ ਪਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਥੇ ਨਾਹ ਦੁੱਖ ਨਾਹ ਸੁਖ (ਕੋਈ ਭੀ ਆਪਣਾ) ਜ਼ੋਰ ਨਹੀਂ ਪਾ ਸਕਦਾ।16।

ਕਾਮ ਕ੍ਰੋਧ ਕਾ ਚੋਲੜਾ ਸਭ ਗਲਿ ਆਏ ਪਾਇ ॥ ਇਕਿ ਉਪਜਹਿ ਇਕਿ ਬਿਨਸਿ ਜਾਂਹਿ ਹੁਕਮੇ ਆਵੈ ਜਾਇ ॥ ਜੰਮਣੁ ਮਰਣੁ ਨ ਚੁਕਈ ਰੰਗੁ ਲਗਾ ਦੂਜੈ ਭਾਇ ॥ ਬੰਧਨਿ ਬੰਧਿ ਭਵਾਈਅਨੁ ਕਰਣਾ ਕਛੂ ਨ ਜਾਇ ॥੧੭॥ {ਪੰਨਾ 1414}

ਪਦ ਅਰਥ: ਚੋਲੜਾ = ਸਰੀਰ-ਚੋਲਾ। ਕਾਮ ਕ੍ਰੋਧ ਕਾ ਚੋਲੜਾ = ਕਾਮ ਕ੍ਰੋਧ ਦੇ ਰੰਗ ਵਿਚ ਰੰਗਿਆ ਹੋਇਆ ਚੋਲਾ। ਸਭ = ਸਭ ਜੀਵ। ਗਲਿ = ਗਲ ਵਿਚ। ਪਾਇ = ਪਾ ਕੇ। ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ) ਕਈ। ਉਪਜਹਿ = ਪੈਦਾ ਹੁੰਦੇ ਹਨ, ਜੰਮਦੇ ਹਨ। ਬਿਨਸਿ ਜਾਂਹਿ = ਮਰ ਜਾਂਦੇ ਹਨ। ਆਵੈ ਜਾਇ = (ਹਰੇਕ ਜੀਵ) ਜੰਮਦਾ ਮਰਦਾ ਹੈ। ਨ ਚੁਕਈ = ਨਹੀਂ ਮੁੱਕਦਾ। ਰੰਗੁ = ਪਿਆਰ। ਦੂਜੈ ਭਾਇ = (ਪ੍ਰਭੂ ਨੂੰ ਭੁਲਾ ਕੇ) ਮਾਇਆ ਦੇ ਮੋਹ ਵਿਚ। ਬੰਧਨਿ = (ਮੋਹ ਦੀ) ਰੱਸੀ ਨਾਲ। ਬੰਧਿ = ਬੰਨ੍ਹ੍ਹ ਕੇ। ਭਵਾਈਅਨੁ = ਭਵਾਈ ਹੈ (ਸਾਰੀ ਲੁਕਾਈ) ਉਸ ਨੇ, ਜੰਮਣ ਮਰਨ ਦੇ ਗੇੜ ਵਿਚ ਪਾਈ ਹੋਈ ਹੈ ਉਸ ਨੇ।17।

ਅਰਥ: ਹੇ ਭਾਈ! ਸਾਰੇ ਜੀਵ ਕਾਮ ਕ੍ਰੋਧ (ਆਦਿਕ ਵਿਕਾਰਾਂ) ਦੇ ਰੰਗ ਵਿਚ ਰੰਗਿਆ ਜਾ ਸਕਣ ਵਾਲਾ ਸਰੀਰ-ਚੋਲਾ ਪਹਿਨ ਕੇ (ਜਗਤ ਵਿਚ) ਆਉਂਦੇ ਹਨ; ਕਈ ਜੰਮਦੇ ਹਨ ਕਈ ਮਰਦੇ ਹਨ, (ਸਾਰੀ ਲੁਕਾਈ ਪਰਮਾਤਮਾ ਦੇ) ਹੁਕਮ ਵਿਚ ਹੀ ਜਨਮ ਮਰਨ ਦੇ ਗੇੜ ਵਿਚ ਪਈ ਹੋਈ ਹੈ। (ਜਿਤਨਾ ਚਿਰ ਜੀਵ ਦੀ) ਮਾਇਆ ਦੇ ਮੋਹ ਵਿਚ ਪ੍ਰੀਤ ਲੱਗੀ ਹੋਈ ਹੈ (ਉਤਨਾ ਚਿਰ ਇਸ ਦਾ) ਜਨਮ ਮਰਨ ਦਾ ਗੇੜ ਮੁੱਕਦਾ ਨਹੀਂ। ਹੇ ਭਾਈ! ਪਰਮਾਤਮਾ ਨੇ (ਆਪ ਹੀ ਮੋਹ ਦੀ) ਰੱਸੀ ਨਾਲ ਬੰਨ੍ਹ ਕੇ (ਸਾਰੀ ਲੁਕਾਈ ਜਨਮ ਮਰਨ ਦੇ ਗੇੜ ਵਿਚ) ਪਾਈ ਹੋਈ ਹੈ। (ਇਸ ਵਿਚੋਂ ਨਿਕਲਣ ਲਈ ਉਸ ਦੀ ਮਿਹਰ ਤੋਂ ਬਿਨਾ ਹੋਰ) ਕੋਈ ਉਪਾਉ ਕੀਤਾ ਨਹੀਂ ਜਾ ਸਕਦਾ।17।

ਜਿਨ ਕਉ ਕਿਰਪਾ ਧਾਰੀਅਨੁ ਤਿਨਾ ਸਤਿਗੁਰੁ ਮਿਲਿਆ ਆਇ ॥ ਸਤਿਗੁਰਿ ਮਿਲੇ ਉਲਟੀ ਭਈ ਮਰਿ ਜੀਵਿਆ ਸਹਜਿ ਸੁਭਾਇ ॥ ਨਾਨਕ ਭਗਤੀ ਰਤਿਆ ਹਰਿ ਹਰਿ ਨਾਮਿ ਸਮਾਇ ॥੧੮॥ {ਪੰਨਾ 1414}

ਪਦ ਅਰਥ: ਧਾਰੀਅਨੁ = ਧਾਰੀ ਹੈ ਉਸ (ਪਰਮਾਤਮਾ) ਨੇ। ਆਇ = ਆ ਕੇ। ਸਤਿਗੁਰਿ ਮਿਲੇ = ਸਤਿਗੁਰਿ ਮਿਲਿਐ, ਗੁਰੂ ਮਿਲਣ ਨਾਲ। ਉਲਟੀ ਭਈ = (ਕਾਮ ਕ੍ਰੋਧ ਆਦਿਕ ਵਿਕਾਰਾਂ ਵਲੋਂ) ਪਰਤ ਗਈ। ਮਰਿ = (ਵਿਕਾਰਾਂ ਵਲੋਂ) ਮਰ ਕੇ, ਬੇ-ਹਿੱਸ ਹੋ ਕੇ। ਜੀਵਿਆ = ਜੀਊ ਪਿਆ, ਆਤਮਕ ਜੀਵਨ ਵਾਲਾ ਹੋ ਗਿਆ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰਭੂ-ਪਿਆਰ ਵਿਚ। ਰਤਿਆ = ਰੰਗੀਜ ਕੇ। ਨਾਮਿ = ਨਾਮ ਵਿਚ। ਸਮਾਇ = ਲੀਨ ਹੋ ਜਾਂਦਾ ਹੈ।18।

ਅਰਥ: ਹੇ ਭਾਈ! ਜਿਨ੍ਹਾਂ (ਮਨੁੱਖਾਂ) ਉੱਤੇ ਉਸ (ਪਰਮਾਤਮਾ) ਨੇ ਮਿਹਰ ਕਰ ਦਿੱਤੀ, ਉਹਨਾਂ ਨੂੰ ਗੁਰੂ ਆ ਕੇ ਮਿਲ ਪਿਆ। ਹੇ ਭਾਈ! ਗੁਰੂ ਮਿਲਣ ਨਾਲ (ਜਿਸ ਮਨੁੱਖ ਦੀ ਸੁਰਤਿ ਕਾਮ ਕ੍ਰੋਧ ਆਦਿਕ ਵਿਕਾਰਾਂ ਵਲੋਂ) ਪਰਤ ਪਈ, ਉਹ ਮਨੁੱਖ (ਵਿਕਾਰਾਂ ਵਲੋਂ) ਮਰ ਕੇ ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਜੀਊ ਪਿਆ (ਆਤਮਕ ਜੀਵਨ ਜੀਊਣ ਲੱਗ ਪਿਆ)। ਹੇ ਨਾਨਕ! (ਪਰਮਾਤਮਾ ਦੀ) ਭਗਤੀ ਦੇ ਰੰਗ ਵਿਚ ਰੰਗੀਜਿਆਂ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।18।

ਮਨਮੁਖ ਚੰਚਲ ਮਤਿ ਹੈ ਅੰਤਰਿ ਬਹੁਤੁ ਚਤੁਰਾਈ ॥ ਕੀਤਾ ਕਰਤਿਆ ਬਿਰਥਾ ਗਇਆ ਇਕੁ ਤਿਲੁ ਥਾਇ ਨ ਪਾਈ ॥ ਪੁੰਨ ਦਾਨੁ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ ॥ ਬਿਨੁ ਸਤਿਗੁਰੂ ਜਮਕਾਲੁ ਨ ਛੋਡਈ ਦੂਜੈ ਭਾਇ ਖੁਆਈ ॥ ਜੋਬਨੁ ਜਾਂਦਾ ਨਦਰਿ ਨ ਆਵਈ ਜਰੁ ਪਹੁਚੈ ਮਰਿ ਜਾਈ ॥ ਪੁਤੁ ਕਲਤੁ ਮੋਹੁ ਹੇਤੁ ਹੈ ਅੰਤਿ ਬੇਲੀ ਕੋ ਨ ਸਖਾਈ ॥ ਸਤਿਗੁਰੁ ਸੇਵੇ ਸੋ ਸੁਖੁ ਪਾਏ ਨਾਉ ਵਸੈ ਮਨਿ ਆਈ ॥ ਨਾਨਕ ਸੇ ਵਡੇ ਵਡਭਾਗੀ ਜਿ ਗੁਰਮੁਖਿ ਨਾਮਿ ਸਮਾਈ ॥੧੯॥ {ਪੰਨਾ 1414}

ਪਦ ਅਰਥ: ਮਨਮੁਖ ਮਤਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੀ ਅਕਲ। ਚੰਚਲ = ਹਰ ਵੇਲੇ ਭਟਕਦੀ। ਕੀਤਾ ਕਰਤਿਆ = (ਉਹਨਾਂ ਦਾ) ਸਾਰਾ ਹੀ ਕੀਤਾ ਹੋਇਆ ਉੱਦਮ। ਥਾਇ ਨ ਪਾਇ = (ਪਰਮਾਤਮਾ ਦੀ ਦਰਗਾਹ ਵਿਚ) ਪਰਵਾਨ ਨਹੀਂ ਹੁੰਦਾ। ਇਕੁ ਤਿਲੁ = ਰਤਾ ਭਰ ਭੀ। ਜੋ = ਜਿਹੜਾ ਭੀ (ਕਰਮ-ਬੀਜ)। ਧਰਮਰਾਇ ਕੈ = ਧਰਮਰਾਜ ਦੇ ਪਾਸ। ਸਭ = ਸਾਰੀ (ਘਾਲ-ਕਮਾਈ), ਸਾਰੀ ਮਿਹਨਤ। ਜਮਕਾਲੁ = ਮੌਤ, ਮੌਤ ਦਾ ਗੇੜ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਖੁਆਈ = ਖ਼ੁਆਰ ਹੁੰਦਾ ਹੈ। ਨਦਰਿ ਨ ਆਵਈ = ਦਿੱਸਦਾ ਹੀ ਨਹੀਂ, ਪਤਾ ਹੀ ਨਹੀਂ ਲੱਗਦਾ ਕਿ ਕਦੋਂ ਚਲਾ ਗਿਆ। ਜੋਬਨੁ = ਜੁਆਨੀ। ਜਰੁ = ਬੁਢੇਪਾ। ਕਲਤੁ = ਇਸਤ੍ਰੀ। ਮੋਹੁ = ਮਾਇਆ ਦਾ ਮੋਹ। ਹੇਤੁ = ਮਾਇਆ ਦਾ ਪਿਆਰ। ਅੰਤਿ = ਅਖ਼ੀਰ ਵੇਲੇ। ਕੋ = ਕੋਈ ਭੀ। ਬੇਲੀ = ਸਾਥੀ। ਸਖਾਈ = ਮਿੱਤਰ। ਸੇਵੇ = ਸਰਨ ਪੈਂਦਾ ਹੈ। ਮਨਿ = ਮਨ ਵਿਚ। ਆਈ = ਆਇ, ਆ ਕੇ। ਜਿ = ਜਿਹੜਾ। ਗੁਰਮੁਖਿ = ਗੁਰੂ ਦੀ ਰਾਹੀਂ। ਨਾਮਿ = ਨਾਮ ਵਿਚ। ਸਮਾਈ = ਲੀਨ ਹੁੰਦਾ ਹੈ।19।

ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੀ ਮਤਿ ਹਰ ਵੇਲੇ ਭਟਕਦੀ ਰਹਿੰਦੀ ਹੈ, ਉਹਨਾਂ ਦੇ ਅੰਦਰ (ਆਪਣੀ ਮਤਿ ਦੀ) ਚਤੁਰਾਈ (ਦਾ) ਬਹੁਤ (ਮਾਣ) ਹੁੰਦਾ ਹੈ। (ਆਪਣੀ ਅਕਲ ਦੇ ਆਸਰੇ ਪੁੰਨ ਦਾਨ ਆਦਿਕ ਦਾ) ਕੀਤਾ ਹੋਇਆ (ਉਹਨਾਂ ਦਾ) ਸਾਰਾ ਉੱਦਮ ਵਿਅਰਥ ਜਾਂਦਾ ਹੈ (ਉਹਨਾਂ ਦਾ ਇਹ ਉੱਦਮ ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ। ਪੁੰਨ ਦਾਨ (ਆਦਿਕ) ਜਿਹੜਾ ਭੀ (ਕਰਮ-ਬੀਜ ਉਹ ਆਪਣੀ ਸਰੀਰ-ਧਰਤੀ ਵਿਚ) ਬੀਜਦੇ ਹਨ, (ਉਹਨਾਂ ਦੀ ਇਹ) ਸਾਰੀ (ਮਿਹਨਤ) ਧਰਮਰਾਜ ਦੇ ਹਵਾਲੇ ਹੋ ਜਾਂਦੀ ਹੈ (ਭਾਵ, ਇਸ ਸਾਰੀ ਮਿਹਨਤ ਨਾਲ ਤਾਂ ਮਨੁੱਖ ਧਰਮਰਾਜ ਦੇ ਹੀ ਅਧੀਨ ਰਹਿੰਦਾ ਹੈ)।

ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ (ਜਨਮ) ਮਰਨ ਦਾ ਗੇੜ (ਮਨੁੱਖ ਨੂੰ) ਛੱਡਦਾ ਨਹੀਂ। ਮਾਇਆ ਦੇ ਮੋਹ ਦੇ ਕਾਰਨ (ਮਨੁੱਖ) ਖ਼ੁਆਰ ਹੀ ਹੁੰਦਾ ਹੈ। (ਮਨੁੱਖ ਦੀ) ਜੁਆਨੀ ਲੰਘਦਿਆਂ ਚਿਰ ਨਹੀਂ ਲੱਗਦਾ, ਬੁਢੇਪਾ ਆ ਪਹੁੰਚਦਾ ਹੈ, (ਤੇ ਆਖ਼ਰ ਪ੍ਰਾਣੀ) ਮਰ ਜਾਂਦਾ ਹੈ। ਪੁੱਤਰ, ਇਸਤ੍ਰੀ, ਮਾਇਆ ਦਾ ਮੋਹ ਪਿਆਰ = (ਇਹਨਾਂ ਵਿਚੋਂ) ਅੰਤ ਵੇਲੇ ਕੋਈ ਯਾਰ ਨਹੀਂ ਬਣਦਾ, ਕੋਈ ਸਾਥੀ ਨਹੀਂ ਬਣਦਾ।

ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ, ਪਰਮਾਤਮਾ ਦਾ ਨਾਮ (ਉਸ ਦੇ) ਮਨ ਵਿਚ ਆ ਵੱਸਦਾ ਹੈ। ਹੇ ਨਾਨਕ! ਜਿਹੜਾ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ, ਉਹ ਸਾਰੇ ਉੱਚੇ ਜੀਵਨ ਹੁੰਦੇ ਹਨ, ਵੱਡੇ ਭਾਗਾਂ ਵਾਲੇ ਹੁੰਦੇ ਹਨ।19।

TOP OF PAGE

Sri Guru Granth Darpan, by Professor Sahib Singh