ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1407

ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ ॥ ਸਗਲ ਮਨੋਰਥ ਪੂਰੀ ਆਸਾ ॥ ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ ॥ ਕਲ੍ਯ੍ਯ ਜੋੜਿ ਕਰ ਸੁਜਸੁ ਵਖਾਣਿਓ ॥ {ਪੰਨਾ 1407}

ਪਦ ਅਰਥ: ਗੁਰ ਰਾਮਦਾਸ ਘਰਿ = ਗੁਰੂ ਰਾਮਦਾਸ (ਜੀ) ਦੇ ਘਰ ਵਿਚ। ਕੀਅਉ ਪ੍ਰਗਾਸਾ = ਪ੍ਰਗਟ ਹੋਏ। ਜਨਮਤ = ਜਨਮ ਲੈਂਦਿਆਂ ਹੀ, ਮੁੱਢ ਤੋਂ ਹੀ। ਗੁਰਮਤਿ = ਗੁਰੂ ਦੀ ਮਤ ਲੈ ਕੇ। ਜੋੜਿ ਕਰ = ਹੱਥ ਜੋੜ ਕੇ। ਕਰ = ਹੱਥ (ਬਹੁ-ਵਚਨ)।

ਅਰਥ: (ਹੇ ਗੁਰੂ ਅਰਜੁਨ!) ਕਲ੍ਯ੍ਯ ਕਵੀ ਹੱਥ ਜੋੜ ਕੇ (ਆਪ ਦੀ) ਸਿਫ਼ਤਿ ਉਚਾਰਦਾ ਹੈ, (ਆਪ ਨੇ) ਗੁਰੂ ਰਾਮਦਾਸ (ਜੀ) ਦੇ ਘਰ ਵਿਚ ਜਨਮ ਲਿਆ, (ਉਹਨਾਂ ਦੇ) ਸਾਰੇ ਮਨੋਰਥ ਤੇ ਆਸਾਂ ਪੂਰੀਆਂ ਹੋਈਆਂ। ਜਨਮ ਤੋਂ ਹੀ ਆਪ ਨੇ ਗੁਰੂ ਦੀ ਮਤਿ ਦੁਆਰਾ ਬ੍ਰਹਮ ਨੂੰ ਪਛਾਣਿਆ ਹੈ (ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੋਈ ਹੈ)।

ਭਗਤਿ ਜੋਗ ਕੌ ਜੈਤਵਾਰੁ ਹਰਿ ਜਨਕੁ ਉਪਾਯਉ ॥ ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ ॥ {ਪੰਨਾ 1407}

ਪਦ ਅਰਥ: ਕੌ = ਨੂੰ। ਜੈਤਵਾਰੁ = ਜਿੱਤਣ ਵਾਲਾ। ਰਸਨ = ਜੀਭ ਉੱਤੇ।

ਅਰਥ: ਆਪ ਨੇ ਭਗਤੀ ਦੇ ਜੋਗ ਨੂੰ ਜਿੱਤ ਲਿਆ ਹੈ (ਭਾਵ, ਆਪ ਨੇ ਭਗਤੀ ਦਾ ਮਿਲਾਪ ਪਾ ਲਿਆ ਹੈ)। ਹਰੀ ਨੇ (ਆਪ ਨੂੰ) 'ਜਨਕ' ਪੈਦਾ ਕੀਤਾ ਹੈ। (ਆਪ ਨੇ) ਗੁਰੂ ਸ਼ਬਦ ਨੂੰ ਪਰਗਟ ਕੀਤਾ ਹੈ, ਤੇ ਹਰੀ ਨੂੰ (ਆਪ ਨੇ) ਜੀਭ ਉੱਤੇ ਵਸਾਇਆ ਹੈ।

ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ ॥ ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ ॥੧॥ {ਪੰਨਾ 1407}

ਅਰਥ: ਗੁਰੂ ਨਾਨਕ ਦੇਵ, ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਜੀ ਦੀ ਚਰਨੀਂ ਲੱਗ ਕੇ, (ਗੁਰੂ ਅਰਜੁਨ ਸਾਹਿਬ ਜੀ ਨੇ) ਉੱਤਮ ਪਦਵੀ ਪਾਈ ਹੈ; ਗੁਰੂ ਰਾਮਦਾਸ (ਜੀ) ਦੇ ਘਰ ਵਿਚ ਗੁਰੂ ਅਰਜੁਨ ਭਗਤ ਜੰਮ ਪਿਆ ਹੈ।1।

ਬਡਭਾਗੀ ਉਨਮਾਨਿਅਉ ਰਿਦਿ ਸਬਦੁ ਬਸਾਯਉ ॥ ਮਨੁ ਮਾਣਕੁ ਸੰਤੋਖਿਅਉ ਗੁਰਿ ਨਾਮੁ ਦ੍ਰਿੜ੍ਹ੍ਹਾਯਉ ॥ {ਪੰਨਾ 1407}

ਪਦ ਅਰਥ: ਉਨਮਾਨਿਅਉ = ਪੂਰਨ ਖਿੜਾਉ ਵਿਚ ਹੈ। ਰਿਦਿ = ਹਿਰਦੇ ਵਿਚ ਹੈ। ਗੁਰਿ = ਗੁਰੂ ਨੇ।

ਅਰਥ: (ਗੁਰੂ ਅਰਜੁਨ) ਵੱਡੇ ਵਾਗਾਂ ਵਾਲਾ ਹੈ, ਪੂਰਨ ਖਿੜਾਉ ਵਿਚ ਹੈ। (ਆਪ ਨੇ) ਹਿਰਦੇ ਵਿਚ ਸ਼ਬਦ ਵਸਾਇਆ ਹੈ; (ਆਪ ਨੇ ਆਪਣੇ) ਮਾਣਕ-ਰੂਪ ਮਨ ਨੂੰ ਸੰਤੋਖ ਵਿਚ ਟਿਕਾਇਆ ਹੈ; ਗੁਰੂ (ਰਾਮਦਾਸ ਜੀ) ਨੇ (ਆਪ ਨੂੰ) ਨਾਮ ਦ੍ਰਿੜ੍ਹ ਕਰਾਇਆ ਹੈ।

ਅਗਮੁ ਅਗੋਚਰੁ ਪਾਰਬ੍ਰਹਮੁ ਸਤਿਗੁਰਿ ਦਰਸਾਯਉ ॥ ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਨਭਉ ਠਹਰਾਯਉ ॥੨॥ {ਪੰਨਾ 1407}

ਪਦ ਅਰਥ: ਸਤਿਗੁਰਿ = ਸਤਿਗੁਰੂ (ਰਾਮਦਾਸ ਜੀ) ਨੇ। ਦਰਸਾਯਉ = ਵਿਖਾਇਆ ਹੈ। ਅਨਭਉ = ਗਿਆਨ। ਠਹਰਾਯਉ = ਥਾਪਿਆ ਹੈ। ਅਗਮੁ = ਅਪਹੁੰਚ ਪ੍ਰਭੂ। ਅਗੋਚਰੁ = (ਅ-ਗੋ-ਚਰੁ) ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।

ਅਰਥ: ਸਤਿਗੁਰੂ (ਰਾਮਦਾਸ ਜੀ) ਨੇ (ਆਪ ਨੂੰ) ਅਗਮ ਅਗੋਚਰ ਪਾਰਬ੍ਰਹਮ ਵਿਖਾਲ ਦਿੱਤਾ ਹੈ। ਗੁਰੂ ਰਾਮਦਾਸ (ਜੀ) ਦੇ ਘਰ ਵਿਚ ਅਕਾਲ ਪੁਰਖ ਨੇ ਗੁਰੂ ਅਰਜੁਨ (ਜੀ) ਨੂੰ ਗਿਆਨ-ਰੂਪ ਥਾਪਿਆ ਹੈ।2।

ਜਨਕ ਰਾਜੁ ਬਰਤਾਇਆ ਸਤਜੁਗੁ ਆਲੀਣਾ ॥ ਗੁਰ ਸਬਦੇ ਮਨੁ ਮਾਨਿਆ ਅਪਤੀਜੁ ਪਤੀਣਾ ॥ {ਪੰਨਾ 1407}

ਪਦ ਅਰਥ: ਜਨਕ ਰਾਜੁ = ਜਨਕ ਦਾ ਰਾਜ (ਭਾਵ, ਗਿਆਨ ਦਾ ਰਾਜ)। ਆਲੀਣਾ = ਸਮਾਇਆ ਹੋਇਆ ਹੈ, ਵਰਤਿਆ ਹੋਇਆ ਹੈ। ਅਪਤੀਜੁ = ਨਾਹ ਪਤੀਜਣ ਵਾਲਾ ਮਨ।

ਅਰਥ: (ਗੁਰੂ ਅਰਜੁਨ ਸਾਹਿਬ ਨੇ) ਗਿਆਨ ਦਾ ਰਾਜ ਵਰਤਾ ਦਿੱਤਾ ਹੈ, (ਹੁਣ ਤਾਂ) ਸਤਿਜੁਗ ਵਰਤ ਰਿਹਾ ਹੈ। (ਆਪ ਦਾ) ਮਨ ਗੁਰੂ ਦੇ ਸ਼ਬਦ ਵਿਚ ਮੰਨਿਆ ਹੋਇਆ ਹੈ, ਤੇ ਇਹ ਨਾਹ ਪਤੀਜਣ ਵਾਲਾ ਮਨ ਪਤੀਜ ਗਿਆ ਹੈ।

ਗੁਰੁ ਨਾਨਕੁ ਸਚੁ ਨੀਵ ਸਾਜਿ ਸਤਿਗੁਰ ਸੰਗਿ ਲੀਣਾ ॥ ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਪਰੰਪਰੁ ਬੀਣਾ ॥੩॥ {ਪੰਨਾ 1407}

ਪਦ ਅਰਥ: ਸਾਜਿ = ਉਸਾਰ ਕੇ। ਸਤਿਗੁਰ ਸੰਗਿ = ਗੁਰੂ (ਅਰਜੁਨ ਦੇਵ) ਵਿਚ। ਅਪਰੰਪਰੁ = ਬੇਅੰਤ ਹਰੀ। ਬੀਣਾ = ਬਣਿਆ ਹੋਇਆ ਹੈ।

ਅਰਥ: ਗੁਰੂ ਨਾਨਕ ਦੇਵ ਆਪ 'ਸਚੁ'-ਰੂਪ ਨੀਂਹ ਉਸਾਰ ਕੇ ਗੁਰੂ (ਅਰਜੁਨ ਦੇਵ ਜੀ) ਵਿਚ ਲੀਨ ਹੋ ਗਿਆ ਹੈ। ਗੁਰੂ ਰਾਮਦਾਸ (ਜੀ) ਦੇ ਘਰ ਵਿਚ ਗੁਰੂ ਅਰਜੁਨ ਦੇਵ ਅਪਰੰਪਰ-ਰੂਪ ਬਣਿਆ ਹੋਇਆ ਹੈ।3।

ਖੇਲੁ ਗੂੜ੍ਹ੍ਹਉ ਕੀਅਉ ਹਰਿ ਰਾਇ ਸੰਤੋਖਿ ਸਮਾਚਰਿ੍ਯ੍ਯਓ ਬਿਮਲ ਬੁਧਿ ਸਤਿਗੁਰਿ ਸਮਾਣਉ ॥ ਆਜੋਨੀ ਸੰਭਵਿਅਉ ਸੁਜਸੁ ਕਲ੍ਯ੍ਯ ਕਵੀਅਣਿ ਬਖਾਣਿਅਉ ॥ {ਪੰਨਾ 1407}

ਪਦ ਅਰਥ: ਗੂੜ੍ਹ੍ਹਉ = ਅਸਚਰਜ। ਹਰਿ ਰਾਇ = ਅਕਾਲ ਪੁਰਖ ਨੇ। ਸਮਾਚਰਿ੍ਯ੍ਯਉ = ਵਿਚਰਦਾ ਹੈ (ਗੁਰੂ ਅਰਜੁਨ)। ਬਿਮਲ = ਨਿਰਮਲ। ਸਤਿਗੁਰਿ = ਗੁਰੂ (ਅਰਜੁਨ) ਵਿਚ। ਸਮਾਣਉ = ਸਮਾਈ ਹੈ। ਆਜੋਨੀ = ਜੂਨਾਂ ਤੋਂ ਰਹਤ। ਸੰਭਵਿਅਉ = ਸੁਤੇ ਪ੍ਰਕਾਸ਼, (स्वयंभु) ਆਪਣੇ ਆਪ ਤੋਂ ਪਰਗਟ ਹੋਣ ਵਾਲਾ। ਕਲ੍ਯ੍ਯ ਕਵੀਅਣਿ = ਕਲ੍ਯ੍ਯ ਆਦਿਕ ਕਵੀਆਂ ਨੇ।

ਅਰਥ: ਅਕਾਲ ਪੁਰਖ ਨੇ (ਇਹ) ਅਸਚਰਜ ਖੇਡ ਰਚੀ ਹੈ, (ਗੁਰੂ ਅਰਜੁਨ) ਸੰਤੋਖ ਵਿਚ ਵਿਚਰ ਰਿਹਾ ਹੈ। ਨਿਰਮਲ ਬੁੱਧੀ ਗੁਰੂ (ਅਰਜੁਨ) ਵਿਚ ਸਮਾਈ ਹੋਈ ਹੈ। ਆਪ ਜੂਨਾਂ ਤੋਂ ਰਹਤ ਤੇ ਸੁਤੇ-ਪ੍ਰਕਾਸ਼ ਹਰੀ ਦਾ ਰੂਪ ਹਨ। ਕਲ੍ਯ੍ਯ ਆਦਿਕ ਕਵੀਆਂ ਨੇ (ਆਪ ਦਾ) ਸੁੰਦਰ ਜਸ ਉਚਾਰਿਆ ਹੈ।

ਗੁਰਿ ਨਾਨਕਿ ਅੰਗਦੁ ਵਰ੍ਯ੍ਯਉ ਗੁਰਿ ਅੰਗਦਿ ਅਮਰ ਨਿਧਾਨੁ ॥ ਗੁਰਿ ਰਾਮਦਾਸ ਅਰਜੁਨੁ ਵਰ੍ਯ੍ਯਉ ਪਾਰਸੁ ਪਰਸੁ ਪ੍ਰਮਾਣੁ ॥੪॥ {ਪੰਨਾ 1407}

ਪਦ ਅਰਥ: ਵਰ੍ਯ੍ਯਉ = ਵਰ ਦਿੱਤਾ ਹੈ। ਨਿਧਾਨੁ = ਖ਼ਜ਼ਾਨਾ। ਪਰਸੁ = ਪਰਸਣਾ, ਛੁਹਣਾ। ਪਾਰਸੁ ਪ੍ਰਮਾਣੁ = ਪਾਰਸ ਵਰਗਾ।

ਅਰਥ: ਗੁਰੂ ਨਾਨਕ (ਦੇਵ ਜੀ) ਨੇ ਗੁਰੂ ਅੰਗਦ ਨੂੰ ਵਰ ਬਖ਼ਸ਼ਿਆ; ਗੁਰੂ ਅੰਗਦ (ਦੇਵ ਜੀ) ਨੇ (ਸਭ ਪਦਾਰਥਾਂ ਦਾ) ਖ਼ਜ਼ਾਨਾ (ਗੁਰੂ) ਅਮਰਦਾਸ (ਜੀ) ਨੂੰ ਦਿੱਤਾ। ਗੁਰੂ ਰਾਮਦਾਸ ਜੀ ਨੇ (ਗੁਰੂ) ਅਰਜੁਨ (ਸਾਹਿਬ ਜੀ) ਨੂੰ ਵਰ ਦਿੱਤਾ; ਅਤੇ ਉਹਨਾਂ (ਦੇ ਚਰਨਾਂ) ਨੂੰ ਛੁਹਣਾ ਪਾਰਸ ਦੀ ਛੋਹ ਵਰਗਾ ਹੋ ਗਿਆ ਹੈ।4।

ਸਦ ਜੀਵਣੁ ਅਰਜੁਨੁ ਅਮੋਲੁ ਆਜੋਨੀ ਸੰਭਉ ॥ ਭਯ ਭੰਜਨੁ ਪਰ ਦੁਖ ਨਿਵਾਰੁ ਅਪਾਰੁ ਅਨੰਭਉ ॥ {ਪੰਨਾ 1407}

ਪਦ ਅਰਥ: ਪਰ ਦੁਖ = ਪਰਾਏ ਦੁੱਖ। ਅਨੰਭਉ = ਗਿਆਨ-ਰੂਪ।

ਅਰਥ: (ਗੁਰੂ) ਅਰਜਨ (ਸਾਹਿਬ) ਸਦ-ਜੀਵੀ ਹੈ, (ਆਪ ਦਾ) ਮੁੱਲ ਨਹੀਂ ਪੈ ਸਕਦਾ, (ਆਪ) ਜੂਨਾਂ ਤੋਂ ਰਹਤ ਤੇ ਸੁਤੇ ਪ੍ਰਕਾਸ਼ ਹਰੀ ਦਾ ਰੂਪ ਹਨ; (ਗੁਰੂ ਅਰਜਨ) ਭੈ ਦੂਰ ਕਰਨ ਵਾਲਾ, ਪਰਾਏ ਦੁੱਖ ਹਰਨ ਵਾਲਾ, ਬੇਅੰਤ ਤੇ ਗਿਆਨ-ਸਰੂਪ ਹੈ।

ਅਗਹ ਗਹਣੁ ਭ੍ਰਮੁ ਭ੍ਰਾਂਤਿ ਦਹਣੁ ਸੀਤਲੁ ਸੁਖ ਦਾਤਉ ॥ ਆਸੰਭਉ ਉਦਵਿਅਉ ਪੁਰਖੁ ਪੂਰਨ ਬਿਧਾਤਉ ॥ {ਪੰਨਾ 1407}

ਪਦ ਅਰਥ: ਅਗਹ = ਜੋ ਪਹੁੰਚ ਤੋਂ ਪਰੇ ਹੈ। ਅਗਹ ਗਹਣੁ = ਪਹੁੰਚ ਤੋਂ ਪਰੇ ਜੋ ਹਰੀ ਹੈ ਉਸ ਤਾਈਂ ਪਹੁੰਚ ਵਾਲਾ। ਆਸੰਭਉ = ਉਤਪੱਤੀ ਰਹਤ, ਅਜਨਮਾ। ਉਦਵਿਅਉ = ਪਰਗਟ ਹੋਇਆ ਹੈ। ਬਿਧਾਤਉ = ਕਰਤਾਰ, ਬਿਧਾਤਾ।

ਅਰਥ: (ਗੁਰੂ ਅਰਜਨ ਸਾਹਿਬ ਜੀ ਦੀ) ਉਸ ਹਰੀ ਤਕ ਪਹੁੰਚ ਹੈ ਜੋ (ਜੀਵਾਂ ਦੀ) ਪਹੁੰਚ ਤੋਂ ਪਰੇ ਹੈ, (ਗੁਰੂ ਅਰਜਨ) ਭਰਮ ਤੇ ਭਟਕਣਾ ਨੂੰ ਦੂਰ ਕਰਨ ਵਾਲਾ ਹੈ, ਸੀਤਲ ਹੈ ਤੇ ਸੁਖਾਂ ਦੇ ਦੇਣ ਵਾਲਾ ਹੈ; (ਮਾਨੋ) ਅਜਨਮਾ, ਪੂਰਨ ਪੁਰਖ ਸਿਰਜਣਹਾਰ ਪ੍ਰਗਟ ਹੋ ਪਿਆ ਹੈ।

ਨਾਨਕ ਆਦਿ ਅੰਗਦ ਅਮਰ ਸਤਿਗੁਰ ਸਬਦਿ ਸਮਾਇਅਉ ॥ ਧਨੁ ਧੰਨੁ ਗੁਰੂ ਰਾਮਦਾਸ ਗੁਰੁ ਜਿਨਿ ਪਾਰਸੁ ਪਰਸਿ ਮਿਲਾਇਅਉ ॥੫॥ {ਪੰਨਾ 1407}

ਪਦ ਅਰਥ: ਆਦਿ = ਤੋਂ ਲੈ ਕੇ। ਸਤਿਗੁਰਿ ਸਬਦਿ = ਸਤਿਗੁਰੂ ਦੇ ਸ਼ਬਦ ਵਿਚ। ਸਮਾਇਅਉ = (ਗੁਰੂ ਅਰਜਨ) ਲੀਨ ਹੋਇਆ ਹੈ। ਜਿਨਿ = ਜਿਸ (ਗੁਰੂ ਰਾਮਦਾਸ ਜੀ) ਨੇ। ਪਰਸਿ = (ਗੁਰੂ ਅਰਜਨ ਨੂੰ) ਪਰਸ ਕੇ। ਪਾਰਸੁ = ਪਾਰਸ (ਬਣਾ ਕੇ)।

ਅਰਥ: ਗੁਰੂ ਨਾਨਕ, ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਦੀ ਬਰਕਤਿ ਨਾਲ, (ਗੁਰੂ ਅਰਜਨ ਦੇਵ) ਸਤਿਗੁਰੂ ਦੇ ਸ਼ਬਦ ਵਿਚ ਲੀਨ ਹੈ। ਗੁਰੂ ਰਾਮਦਾਸ ਜੀ ਧੰਨ ਹੈ, ਜਿਸ ਨੇ ਗੁਰੂ (ਅਰਜਨ ਜੀ ਨੂੰ) ਪਰਸ ਕੇ ਪਾਰਸ ਬਣਾ ਕੇ ਆਪਣੇ ਵਰਗਾ ਕਰ ਲਿਆ ਹੈ।5।

ਜੈ ਜੈ ਕਾਰੁ ਜਾਸੁ ਜਗ ਅੰਦਰਿ ਮੰਦਰਿ ਭਾਗੁ ਜੁਗਤਿ ਸਿਵ ਰਹਤਾ ॥ ਗੁਰੁ ਪੂਰਾ ਪਾਯਉ ਬਡ ਭਾਗੀ ਲਿਵ ਲਾਗੀ ਮੇਦਨਿ ਭਰੁ ਸਹਤਾ ॥ {ਪੰਨਾ 1407}

ਪਦ ਅਰਥ: ਜਾਸੁ = ਜਿਸ (ਗੁਰੂ ਅਰਜਨ ਜੀ) ਦਾ। ਮੰਦਰਿ = (ਹਿਰਦੇ-ਰੂਪ) ਘਰ ਵਿਚ। ਸਿਵ = ਕਲਿਆਨ-ਸਰੂਪ ਹਰੀ। ਜੁਗਤਿ ਸਿਵ ਰਹਤਾ = ਹਰੀ ਨਾਲ ਜੁੜਿਆ ਰਹਿੰਦਾ ਹੈ। ਮੇਦਨਿ = ਪ੍ਰਿਥਵੀ। ਮੇਦਨਿ ਭਰੁ = ਧਰਤੀ ਦਾ ਭਾਰ।

ਅਰਥ: ਜਿਸ ਗੁਰੂ ਦੀ ਮਹਿਮਾ ਜਗਤ ਵਿਚ ਹੋ ਰਹੀ ਹੈ, ਜਿਸ ਦੇ ਹਿਰਦੇ ਵਿਚ ਭਾਗ ਜਾਗ ਪਿਆ ਹੈ, ਜੋ ਹਰੀ ਨਾਲ ਜੁੜਿਆ ਰਹਿੰਦਾ ਹੈ, (ਜਿਸ ਨੇ) ਵੱਡੇ ਭਾਗਾਂ ਨਾਲ ਪੂਰਾ ਗੁਰੂ ਲੱਭ ਲਿਆ ਹੈ, (ਜਿਸ ਦੀ) ਬ੍ਰਿਤੀ (ਹਰੀ ਵਿਚ) ਜੁੜੀ ਰਹਿੰਦੀ ਹੈ, ਤੇ ਜੋ ਧਰਤੀ ਦਾ ਭਾਰ ਸਹਿ ਰਿਹਾ ਹੈ;

ਭਯ ਭੰਜਨੁ ਪਰ ਪੀਰ ਨਿਵਾਰਨੁ ਕਲ੍ਯ੍ਯ ਸਹਾਰੁ ਤੋਹਿ ਜਸੁ ਬਕਤਾ ॥ ਕੁਲਿ ਸੋਢੀ ਗੁਰ ਰਾਮਦਾਸ ਤਨੁ ਧਰਮ ਧੁਜਾ ਅਰਜੁਨੁ ਹਰਿ ਭਗਤਾ ॥੬॥ {ਪੰਨਾ 1407}

ਪਦ ਅਰਥ: ਤੋਹਿ = ਤੇਰਾ। ਬਕਤਾ = ਆਖਦਾ ਹੈ। ਕੂਲਿ ਸੋਢੀ = ਸੋਢੀ ਕੁਲ ਵਿਚ। ਗੁਰ ਰਾਮਦਾਸ ਤਨੁ = ਗੁਰੂ ਰਾਮਦਾਸ (ਜੀ) ਦਾ ਪੁੱਤ੍ਰ। ਧਰਮ ਧੁਜਾ = ਧਰਮ ਦੇ ਝੰਡੇ ਵਾਲਾ।

ਅਰਥ: (ਹੇ ਗੁਰੂ ਅਰਜੁਨ ਜੀ!) ਤੂੰ ਭੈ ਦੂਰ ਕਰਨ ਵਾਲਾ, ਪਰਾਈ ਪੀੜ ਹਰਨ ਵਾਲਾ ਹੈਂ, ਕਵੀ ਕਲ੍ਯ੍ਯਸਹਾਰ ਤੇਰਾ ਜਸ ਆਖਦਾ ਹੈ। ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਜੀ ਦਾ ਪੁੱਤਰ, ਸੋਢੀ ਕੁਲ ਵਿਚ ਧਰਮ ਦੇ ਝੰਡੇ ਵਾਲਾ, ਹਰੀ ਦਾ ਭਗਤ ਹੈ।6।

ਨੋਟ: ਪਹਿਲੇ ਸਵਈਆਂ ਵਿਚ ਭੱਟ ਦਾ ਨਾਮ 'ਕਲ੍ਯ੍ਯ' ਆ ਰਿਹਾ ਸੀ, ਇਸ ਸਵਈਏ ਵਿਚ ਨਾਮ 'ਕਲ੍ਯ੍ਯਸਹਾਰ' ਆਇਆ ਹੈ, ਅਗਲੇ ਸਵਈਆਂ ਵਿਚ ਫਿਰ 'ਕਲ੍ਹ' ਆਵੇਗਾ। ਸਵਈਆਂ ਦਾ ਸਿਲਸਿਲੇ ਵਾਲਾ ਨੰਬਰ ਭੀ ਉਹੀ ਚਲਿਆ ਜਾ ਰਿਹਾ ਹੈ। ਸੋ 'ਕਲ੍ਯ੍ਯਸਹਾਰ' ਤੇ 'ਕਲ੍ਯ੍ਯ' ਇਕੋ ਹੀ ਕਵੀ ਹੈ।

ਧ੍ਰੰਮ ਧੀਰੁ ਗੁਰਮਤਿ ਗਭੀਰੁ ਪਰ ਦੁਖ ਬਿਸਾਰਣੁ ॥ ਸਬਦ ਸਾਰੁ ਹਰਿ ਸਮ ਉਦਾਰੁ ਅਹੰਮੇਵ ਨਿਵਾਰਣੁ ॥ {ਪੰਨਾ 1407}

ਪਦ ਅਰਥ: ਧ੍ਰੰਮ = ਧਰਮ। ਪਰ = ਪਰਾਏ। ਸਾਰੁ = ਸ੍ਰੇਸ਼ਟ। ਉਦਾਰੁ = ਖੁਲ੍ਹੇ ਦਿਲ ਵਾਲਾ। ਅਹੰਮੇਵ = ਹਉਮੈ।

ਅਰਥ: (ਗੁਰੂ ਅਰਜਨ ਦੇਵ ਜੀ ਨੇ) ਧੀਰਜ ਨੂੰ ਆਪਣਾ ਧਰਮ ਬਣਾਇਆ ਹੋਇਆ ਹੈ, (ਗੁਰੂ ਅਰਜਨ) ਗੁਰਮਤਿ ਵਿਚ ਡੂੰਘਾ ਹੈ, ਪਰਾਏ ਦੁੱਖ ਦੂਰ ਕਰਨ ਵਾਲਾ ਹੈ, ਸ੍ਰੇਸ਼ਟ ਸ਼ਬਦ ਵਾਲਾ ਹੈ, ਹਰੀ ਵਰਗਾ ਉਦਾਰ-ਚਿੱਤ ਹੈ, ਅਤੇ ਹਉਮੈ ਨੂੰ ਦੂਰ ਕਰਦਾ ਹੈ।

ਮਹਾ ਦਾਨਿ ਸਤਿਗੁਰ ਗਿਆਨਿ ਮਨਿ ਚਾਉ ਨ ਹੁਟੈ ॥ ਸਤਿਵੰਤੁ ਹਰਿ ਨਾਮੁ ਮੰਤ੍ਰੁ ਨਵ ਨਿਧਿ ਨ ਨਿਖੁਟੈ ॥ {ਪੰਨਾ 1407}

ਪਦ ਅਰਥ: ਨ ਹੁਟੈ = ਨਹੀਂ ਮੁੱਕਦਾ। ਨ ਨਿਖੁਟੈ = ਨਹੀਂ ਖ਼ਤਮ ਹੁੰਦਾ। ਗਿਆਨਿ = ਗਿਆਨ ਵਾਲਾ। ਮਨਿ = ਮਨ ਵਿਚ। ਨਵਨਿਧਿ = ਨੌ ਖ਼ਜ਼ਾਨੇ।

ਅਰਥ: (ਆਪ) ਬੜੇ ਦਾਨੀ ਹਨ, ਗੁਰੂ ਦੇ ਗਿਆਨ ਵਾਲੇ ਹਨ, (ਆਪ ਦੇ) ਮਨ ਵਿਚੋਂ ਉਤਸ਼ਾਹ ਕਦੇ ਘੱਟ ਨਹੀਂ ਹੁੰਦਾ। (ਆਪ) ਸਤਿਵੰਤ ਹਨ, ਹਰੀ ਦਾ ਨਾਮ-ਰੂਪ ਮੰਤ੍ਰ (ਜੋ, ਮਾਨੋ,) ਨੌ ਨਿਧੀਆਂ (ਹੈ ਆਪ ਦੇ ਖ਼ਜ਼ਾਨੇ ਵਿਚੋਂ) ਕਦੇ ਮੁੱਕਦਾ ਨਹੀਂ ਹੈ।

ਗੁਰ ਰਾਮਦਾਸ ਤਨੁ ਸਰਬ ਮੈ ਸਹਜਿ ਚੰਦੋਆ ਤਾਣਿਅਉ ॥ ਗੁਰ ਅਰਜੁਨ ਕਲ੍ਯ੍ਯੁਚਰੈ ਤੈ ਰਾਜ ਜੋਗ ਰਸੁ ਜਾਣਿਅਉ ॥੭॥ {ਪੰਨਾ 1407}

ਪਦ ਅਰਥ: ਤਨੁ = ਪੁੱਤਰ। ਸਰਬ ਮੈ = ਸਰਬ-ਵਿਆਪਕ। ਸਹਜਿ = ਸਹਜ ਅਵਸਥਾ ਵਿਚ। ਗੁਰ ਅਰਜੁਨ = ਹੇ ਗੁਰੂ ਅਰਜੁਨ ਦੇਵ ਜੀ! ਕਲ੍ਯ੍ਯੁਚਰੈ = ਕਲ੍ਯ੍ਯ ਉਚਰੈ, ਕਲ੍ਯ੍ਯ ਕਹਿੰਦਾ ਹੈ। ਤੈ = ਆਪ ਨੇ, ਤੂੰ। ਰਾਜ ਜੋਗ ਰਸੁ = ਰਾਜ ਤੇ ਜੋਗ ਦਾ ਆਨੰਦ।

ਅਰਥ: ਗੁਰੂ ਰਾਮਦਾਸ ਜੀ ਦਾ ਸਪੁਤ੍ਰ (ਗੁਰੂ ਅਰਜਨ ਜੀ) ਸਰਬ-ਵਿਆਪਕ (ਦਾ ਰੂਪ) ਹੈ; (ਆਪ ਨੇ) ਆਤਮਕ ਅਡੋਲਤਾ ਵਿਚ (ਆਪਣਾ) ਚੰਦੋਆ ਤਾਣਿਆ ਹੋਇਆ ਹੈ (ਭਾਵ, ਆਪ ਸਹਜ ਰੰਗ ਵਿਚ ਆਨੰਦ ਲੈ ਰਹੇ ਹਨ)। ਕਲ੍ਯ੍ਯ ਕਵੀ ਆਖਦਾ ਹੈ, "ਹੇ ਗੁਰੂ ਅਰਜਨ ਦੇਵ! ਤੂੰ ਰਾਜ ਅਤੇ ਜੋਗ ਦਾ ਆਨੰਦ ਸਮਝ ਲਿਆ ਹੈ" (ਮਾਣ ਰਿਹਾ ਹੈਂ)।7।

TOP OF PAGE

Sri Guru Granth Darpan, by Professor Sahib Singh