ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1406

ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗਹਿ ਤਿਨ੍ਹ੍ਹ ਕਾਮ ਕ੍ਰੋਧ ਜਮ ਕੋ ਨਹੀ ਤ੍ਰਾਸੁ ॥ ਜਿਵ ਅੰਗਦੁ ਅੰਗਿ ਸੰਗਿ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰੁ ਰਾਮਦਾਸੁ ॥੧॥ {ਪੰਨਾ 1406}

ਪਦ ਅਰਥ: ਜੋ = ਜਿਹੜੇ ਮਨੁੱਖ। ਤ੍ਰਾਸੁ = ਡਰ। ਜਿਵ = ਜਿਵੇਂ। ਅੰਗਿ ਸੰਗਿ ਨਾਨਕ ਗੁਰ = ਗੁਰੂ ਨਾਨਕ ਦੇ ਸਦਾ ਨਾਲ।

ਅਰਥ: ਹੇ ਕਵੀ ਕੀਰਤ! ਜੋ ਮਨੁੱਖ ਉਸ ਸੰਤ (ਗੁਰੂ ਰਾਮਦਾਸ ਜੀ) ਦੀ ਚਰਨੀਂ ਲੱਗਦੇ ਹਨ, ਉਹਨਾਂ ਨੂੰ ਕਾਮ ਕ੍ਰੋਧ ਤੇ ਜਮਾਂ ਦਾ ਡਰ ਨਹੀਂ ਰਹਿੰਦਾ। ਜਿਵੇਂ (ਗੁਰੂ) ਅੰਗਦ (ਸਾਹਿਬ ਜੀ) ਸਦਾ ਗੁਰੂ ਨਾਨਕ ਦੇਵ ਜੀ ਨਾਲ (ਰਹੇ, ਭਾਵ, ਸਦਾ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿਚ ਰਹੇ), ਤਿਵੇਂ ਗੁਰੂ ਰਾਮਦਾਸ (ਜੀ) ਗੁਰੂ ਅਮਰਦਾਸ (ਜੀ) ਦੇ (ਨਾਲ ਰਹੇ)।1।

ਜਿਨਿ ਸਤਿਗੁਰੁ ਸੇਵਿ ਪਦਾਰਥੁ ਪਾਯਉ ਨਿਸਿ ਬਾਸੁਰ ਹਰਿ ਚਰਨ ਨਿਵਾਸੁ ॥ ਤਾ ਤੇ ਸੰਗਤਿ ਸਘਨ ਭਾਇ ਭਉ ਮਾਨਹਿ ਤੁਮ ਮਲੀਆਗਰ ਪ੍ਰਗਟ ਸੁਬਾਸੁ ॥ {ਪੰਨਾ 1406}

ਪਦ ਅਰਥ: ਜਿਨਿ = ਜਿਸ (ਗੁਰੂ ਰਾਮਦਾਸ ਜੀ) ਨੇ। ਪਦਾਰਥ = ਨਾਮ-ਪਦਾਰਥ। ਨਿਸਿ ਬਾਸੁਰ = ਰਾਤ ਦਿਨੇ। ਨਿਸਿ = ਰਾਤ। ਬਾਸੁਰ = ਦਿਨ। ਤਾਂ ਤੇ = ਉਸ (ਗੁਰੂ ਰਾਮਦਾਸ ਜੀ) ਤੋਂ। ਸਘਨ = ਬੇਅੰਤ। ਭਾਇ = ਪ੍ਰੇਮ ਵਿਚ। ਮਲੀਆਗਰ = ਮਲਯ ਪਹਾੜ ਤੇ ਉੱਗਾ ਹੋਇਆ ਚੰਦਨ (ਮਲਯ-ਅੱਗ੍ਰ)।

ਅਰਥ: ਜਿਸ (ਗੁਰੂ ਰਾਮਦਾਸ ਜੀ) ਨੇ ਸਤਿਗੁਰੂ (ਅਮਰਦਾਸ ਜੀ) ਨੂੰ ਸਿਮਰ ਕੇ ਨਾਮ ਪਦਾਰਥ ਲੱਭਾ ਹੈ, ਤੇ ਅੱਠੇ ਪਹਿਰ ਜਿਸ ਦਾ ਹਰੀ ਦੇ ਚਰਨਾਂ ਵਿਚ ਨਿਵਾਸ ਰਹਿੰਦਾ ਹੈ, ਉਸ (ਗੁਰੂ ਰਾਮਦਾਸ ਜੀ) ਪਾਸੋਂ ਬੇਅੰਤ ਸੰਗਤਾਂ ਪ੍ਰੇਮ ਵਿਚ (ਮਸਤ ਹੋ ਕੇ) ਭਉ ਮੰਨਦੀਆਂ ਹਨ (ਤੇ ਕਹਿੰਦੀਆਂ ਹਨ) = ("ਹੇ ਗੁਰੂ ਰਾਮਦਾਸ ਜੀ!) ਆਪ ਪ੍ਰਤੱਖ ਤੌਰ ਤੇ ਚੰਦਨ ਦੀ ਮਿੱਠੀ ਵਾਸ਼ਨਾ ਵਾਲੇ ਹੋ। "

ਧ੍ਰੂ ਪ੍ਰਹਲਾਦ ਕਬੀਰ ਤਿਲੋਚਨ ਨਾਮੁ ਲੈਤ ਉਪਜ੍ਯ੍ਯੋ ਜੁ ਪ੍ਰਗਾਸੁ ॥ ਜਿਹ ਪਿਖਤ ਅਤਿ ਹੋਇ ਰਹਸੁ ਮਨਿ ਸੋਈ ਸੰਤ ਸਹਾਰੁ ਗੁਰੂ ਰਾਮਦਾਸੁ ॥੨॥ {ਪੰਨਾ 1406}

ਪਦ ਅਰਥ: ਜੁ ਪ੍ਰਗਾਸੁ = ਜਿਹੜਾ ਚਾਨਣਾ। ਜਿਹ ਪਿਖਤ = ਜਿਸ ਨੂੰ ਵੇਖਦਿਆਂ। ਰਹਸੁ = ਖਿੜਾਉ। ਮਨਿ = ਮਨ ਵਿਚ। ਸੰਤ ਸਹਾਰੁ = ਸੰਤਾਂ ਦਾ ਆਸਰਾ।

ਅਰਥ: ਨਾਮ ਸਿਮਰ ਕੇ ਧ੍ਰੂ ਪ੍ਰਹਲਾਦ ਕਬੀਰ ਅਤੇ ਤ੍ਰਿਲੋਚਨ ਨੂੰ ਜੋ ਚਾਨਣ (ਦਿੱਸਿਆ ਸੀ) ਅਤੇ ਜਿਸ ਨੂੰ ਵੇਖ ਵੇਖ ਕੇ ਮਨ ਵਿਚ ਬੜਾ ਅਨੰਦ ਹੁੰਦਾ ਹੈ, ਉਹ ਸੰਤਾਂ ਦਾ ਆਸਰਾ ਗੁਰੂ ਰਾਮਦਾਸ ਹੀ ਹੈ।2।

ਨਾਨਕਿ ਨਾਮੁ ਨਿਰੰਜਨ ਜਾਨ੍ਯ੍ਯਉ ਕੀਨੀ ਭਗਤਿ ਪ੍ਰੇਮ ਲਿਵ ਲਾਈ ॥ ਤਾ ਤੇ ਅੰਗਦੁ ਅੰਗ ਸੰਗਿ ਭਯੋ ਸਾਇਰੁ ਤਿਨਿ ਸਬਦ ਸੁਰਤਿ ਕੀ ਨੀਵ ਰਖਾਈ ॥ {ਪੰਨਾ 1406}

ਪਦ ਅਰਥ: ਨਾਨਕਿ = ਨਾਨਕ ਨੇ। ਜਾਨ੍ਯ੍ਯਉ = ਪਛਾਣਿਆ ਹੈ। ਤਾ ਤੇ = ਉਸ (ਗੁਰੂ ਨਾਨਕ) ਤੋਂ। ਸਾਇਰੁ = ਸਮੁੰਦਰ। ਤਿਨਿ = ਉਸ (ਗੁਰੂ ਅੰਗਦ ਦੇਵ ਜੀ) ਨੇ। ਵਰਖਾਈ = ਵਰਖਾ।

ਅਰਥ: (ਗੁਰੂ) ਨਾਨਕ (ਦੇਵ ਜੀ) ਨੇ ਨਿਰੰਜਨ ਦਾ ਨਾਮ ਪਛਾਣਿਆ, ਪ੍ਰੇਮ ਨਾਲ ਬ੍ਰਿਤੀ ਜੋੜ ਕੇ ਭਗਤੀ ਕੀਤੀ। ਉਹਨਾਂ ਤੋਂ ਸਮੁੰਦਰ-ਰੂਪ ਗੁਰੂ ਅੰਗਦ ਦੇਵ ਜੀ (ਹੋਏ, ਜੋ) ਸਦਾ ਉਹਨਾਂ ਦੀ ਹਜ਼ੂਰੀ ਵਿਚ ਟਿਕੇ ਤੇ ਜਿਨ੍ਹਾਂ ਨੇ 'ਸ਼ਬਦ ਸੁਰਤਿ' ਦੀ ਵਰਖਾ ਕੀਤੀ (ਭਾਵ, ਸ਼ਬਦ ਦੇ ਧਿਆਨ ਦੀ ਖੁਲ੍ਹੀ ਵੰਡ ਵੰਡੀ)।

ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀਹ ਕਛੁ ਕਹੀ ਨ ਜਾਈ ॥ ਸੋਢੀ ਸ੍ਰਿਸ੍ਟਿ ਸਕਲ ਤਾਰਣ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥੩॥ {ਪੰਨਾ 1406}

ਪਦ ਅਰਥ: ਜੀਹ = ਜੀਭ। ਤਾਰਣ ਕਉ = ਤਾਰਨ ਲਈ।

ਅਰਥ: ਗੁਰੂ ਅਮਰਦਾਸ ਜੀ ਦੀ ਕਥਾ ਕਥਨ ਤੋਂ ਪਰੇ ਹੈ, (ਗੁਰੂ ਅਮਰਦਾਸ ਜੀ ਦੀ ਉੱਚੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ), ਮੇਰੀ ਇਕ ਜੀਭ ਹੈ, ਇਸ ਨਾਲ ਕੁਛ ਆਖੀ ਨਹੀਂ ਜਾ ਸਕਦੀ। ਹੁਣ (ਗੁਰੂ ਅਮਰਦਾਸ ਜੀ ਤੋਂ) ਸਾਰੀ ਸ੍ਰਿਸ਼ਟੀ ਨੂੰ ਤਾਰਨ ਲਈ ਸੋਢੀ ਗੁਰੂ ਰਾਮਦਾਸ (ਜੀ) ਨੂੰ ਵਡਿਆਈ ਮਿਲੀ ਹੈ।3।

ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥ ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥ {ਪੰਨਾ 1406}

ਪਦ ਅਰਥ: ਬਿਖੁ = ਜ਼ਹਿਰ। ਬਿਖੈ ਬਿਖੁ = ਜ਼ਹਿਰ ਹੀ ਜ਼ਹਿਰ। ਬਿਖੈ ਬਿਖੁ ਖਾਈ = ਅਸਾਂ ਨਿਰੋਲ ਵਿਹੁ ਹੀ ਖਾਧੀ ਹੈ। ਪੈ = ਪੈ ਕੇ। ਸੁਤ = ਪੁੱਤਰ। ਦਾਰਾ = ਇਸਤ੍ਰੀ। ਸਉ = ਨਾਲ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।

ਅਰਥ: ਅਸੀਂ ਅਉਗਣਾਂ ਨਾਲ ਭਰੇ ਹੋਏ ਹਾਂ, (ਸਾਡੇ ਵਿਚ) ਇੱਕ ਭੀ ਗੁਣ ਨਹੀਂ ਹੈ, ਅੰਮ੍ਰਿਤ (-ਨਾਮ) ਨੂੰ ਛੱਡ ਕੇ ਅਸਾਂ ਨਿਰੀ ਵਿਹੁ ਹੀ ਖਾਧੀ ਹੈ। ਮਾਇਆ ਦੇ ਮੋਹ ਅਤੇ ਭਰਮਾਂ ਵਿਚ ਪੈ ਕੇ ਅਸੀਂ (ਸਹੀ ਜੀਵਨ-ਰਾਹ ਤੋਂ) ਭੁੱਲੇ ਹੋਏ ਹਾਂ, ਤੇ ਪੁੱਤਰ ਇਸਤ੍ਰੀ ਨਾਲ ਅਸਾਂ ਪਿਆਰ ਪਾਇਆ ਹੋਇਆ ਹੈ।

ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥ ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ ॥੪॥੫੮॥ {ਪੰਨਾ 1406}

ਪਦ ਅਰਥ: ਤਿਹ ਮਿਲੰਤ = ਉਸ ਵਿਚ ਮਿਲ ਕੇ। ਤ੍ਰਾਸ = ਡਰ। ਭਾਟ = ਭੱਟ। ਗੁਰ = ਹੇ ਗੁਰੂ!

ਅਰਥ: ਅਸਾਂ ਸਤਿਗੁਰੂ ਦੀ ਸੰਗਤਿ ਵਾਲਾ ਇਕ ਉੱਚਾ ਰਾਹ ਸੁਣਿਆ ਹੈ, ਉਸ ਵਿਚ ਮਿਲ ਕੇ ਅਸਾਂ ਜਮਾਂ ਦਾ ਡਰ ਮਿਟਾ ਲਿਆ ਹੈ। 'ਕੀਰਤ' ਭੱਟ ਦੀ ਹੁਣ ਇਕ ਬੇਨਤੀ ਹੈ ਕਿ ਹੇ ਗੁਰੂ ਰਾਮਦਾਸ ਜੀ! ਆਪਣੀ ਸਰਨੀ ਰੱਖੋ।4।58।

(ਭੱਟ ਕੀਰਤ ਦੇ 4 ਸਵਈਏ)

ਮੋਹੁ ਮਲਿ ਬਿਵਸਿ ਕੀਅਉ ਕਾਮੁ ਗਹਿ ਕੇਸ ਪਛਾੜ੍ਯ੍ਯਉ ॥ ਕ੍ਰੋਧੁ ਖੰਡਿ ਪਰਚੰਡਿ ਲੋਭੁ ਅਪਮਾਨ ਸਿਉ ਝਾੜ੍ਯ੍ਯਉ ॥ {ਪੰਨਾ 1406}

ਪਦ ਅਰਥ: ਮਲਿ = ਮਲ ਕੇ। ਬਿਵਸਿ ਕੀਅਉ = ਕਾਬੂ ਕਰ ਲਿਆ ਹੈ। ਗਹਿ ਕੇਸ = ਕੇਸਾਂ ਤੋਂ ਫੜ ਕੇ। ਪਛਾੜ੍ਯ੍ਯਉ = ਭੁੰਞੇ ਪਟਕਾਇਆ ਹੈ। ਖੰਡਿ = ਟੋਟੇ ਟੋਟੇ ਕਰ ਕੇ। ਪਰਚੰਡਿ = (ਆਪਣੇ) ਤੇਜ-ਪ੍ਰਤਾਪ ਨਾਲ। ਅਪਮਾਨ ਸਿਉ = ਨਿਰਾਦਰੀ ਨਾਲ। ਝਾੜ੍ਯ੍ਯਉ = ਦੁਰਕਾਰਿਆ ਹੈ।

ਅਰਥ: (ਹੇ ਗੁਰੂ ਰਾਮਦਾਸ ਜੀ!) ਆਪ ਨੇ 'ਮੋਹ' ਨੂੰ ਮਲ ਕੇ ਕਾਬੂ ਵਿਚ ਕਰ ਲਿਆ ਹੈ, ਅਤੇ 'ਕਾਮ' ਨੂੰ ਕੇਸਾਂ ਤੋਂ ਫੜ ਕੇ ਭੁੰਞੇ ਪਟਕਾਇਆ ਹੈ। (ਤੁਸਾਂ) 'ਕਰੋਧ' ਨੂੰ (ਆਪਣੇ) ਤੇਜ-ਪ੍ਰਾਤਪ ਨਾਲ ਟੋਟੇ ਟੋਟੇ ਕਰ ਦਿਤਾ ਹੈ, ਅਤੇ 'ਲੋਭ' ਨੂੰ ਆਪ ਨੇ ਨਿਰਾਦਰੀ ਨਾਲ ਪਰੇ ਦੁਰਕਾਇਆ ਹੈ।

ਜਨਮੁ ਕਾਲੁ ਕਰ ਜੋੜਿ ਹੁਕਮੁ ਜੋ ਹੋਇ ਸੁ ਮੰਨੈ ॥ ਭਵ ਸਾਗਰੁ ਬੰਧਿਅਉ ਸਿਖ ਤਾਰੇ ਸੁਪ੍ਰਸੰਨੈ ॥ {ਪੰਨਾ 1406}

ਪਦ ਅਰਥ: ਕਰ ਜੋੜਿ = ਹੱਥ ਜੋੜ ਕੇ। ਭਵ ਸਾਗਰੁ = ਸੰਸਾਰ-ਸਮੁੰਦਰ ਨੂੰ। ਸੁਪ੍ਰਸੰਨੈ = ਸਦਾ ਪ੍ਰਸੰਨ ਰਹਿਣ ਵਾਲੇ (ਗੁਰੂ) ਨੇ।

ਅਰਥ: 'ਜਨਮ' ਤੇ 'ਮਰਨ' ਹੱਥ ਜੋੜ ਕੇ ਆਪ ਦਾ ਜੋ ਹੁਕਮ ਹੁੰਦਾ ਹੈ ਉਸ ਨੂੰ ਮੰਨਦੇ ਹਨ, ਆਪ ਨੇ ਸੰਸਾਰ ਸਮੁੰਦਰ ਨੂੰ ਬੰਨ੍ਹ ਦਿੱਤਾ ਹੈ, ਅਤੇ ਆਪ ਨੇ, ਜੋ ਸਦਾ ਪ੍ਰਸੰਨ ਰਹਿਣ ਵਾਲੇ ਹੋ, ਸਿੱਖ (ਇਸ ਸੰਸਾਰ-ਸਮੁੰਦਰ ਤੋਂ) ਤਾਰ ਲਏ ਹਨ।

ਸਿਰਿ ਆਤਪਤੁ ਸਚੌ ਤਖਤੁ ਜੋਗ ਭੋਗ ਸੰਜੁਤੁ ਬਲਿ ॥ ਗੁਰ ਰਾਮਦਾਸ ਸਚੁ ਸਲ੍ਯ੍ਯ ਭਣਿ ਤੂ ਅਟਲੁ ਰਾਜਿ ਅਭਗੁ ਦਲਿ ॥੧॥ {ਪੰਨਾ 1406}

ਪਦ ਅਰਥ: ਸਿਰਿ = ਸਿਰ ਉੱਤੇ। ਆਤਪਤੁ = ਛਤਰ। (ਆਤਪ = ਧੁੱਪ। आतपात *त्रायते इति)। ਸਚੌ = ਸੱਚਾ, ਅਟੱਲ। ਜੋਗ ਭੋਗ ਸੰਜੁਤੁ = ਜੋਗ ਤੇ ਰਾਜ ਮਾਣਨ ਵਾਲੇ। ਬਲਿ = ਬਲ ਵਾਲਾ। ਸਲ੍ਯ੍ਯ = ਹੇ ਸਲ੍ਯ੍ਯ ਕਵੀ! ਅਟਲੁ ਰਾਜਿ = ਅਟੱਲ ਰਾਜ ਵਾਲਾ। ਅਭਗੁ ਦਲਿ = ਅਭੱਗ ਦਲ ਵਾਲਾ, ਨਾ ਹਾਰਨ ਵਾਲੀ ਫੌਜ ਵਾਲਾ।

ਅਰਥ: (ਆਪ ਦੇ) ਸਿਰ ਉੱਤੇ ਛਤਰ ਹੈ, (ਆਪ ਦਾ) ਤਖ਼ਤ ਸਦਾ-ਥਿਰ ਹੈ, ਆਪ ਰਾਜ ਤੇ ਜੋਗ ਦੋਵੇਂ ਮਾਣਦੇ ਹੋ, ਤੇ ਬਲੀ ਹੋ। ਹੇ ਸਲ੍ਯ੍ਯ ਕਵੀ! ਤੂੰ ਸੱਚ ਆਖ "ਹੇ ਗੁਰੂ ਰਾਮਦਾਸ! ਤੂੰ ਅਟੱਲ ਰਾਜ ਵਾਲਾ ਤੇ (ਦੈਵੀ ਸੰਪਤੀ ਰੂਪ) ਨਾਹ ਨਾਸ ਹੋਣ ਵਾਲੀ ਫੌਜ ਵਾਲਾ ਹੈਂ"।1।

ਤੂ ਸਤਿਗੁਰੁ ਚਹੁ ਜੁਗੀ ਆਪਿ ਆਪੇ ਪਰਮੇਸਰੁ ॥ ਸੁਰਿ ਨਰ ਸਾਧਿਕ ਸਿਧ ਸਿਖ ਸੇਵੰਤ ਧੁਰਹ ਧੁਰੁ ॥ {ਪੰਨਾ 1406}

ਪਦ ਅਰਥ: ਚਹੁ ਜੁਗੀ = ਚੌਹਾਂ ਹੀ ਜੁਗਾਂ ਵਿਚ ਰਹਿਣ ਵਾਲਾ, ਸਦਾ-ਥਿਰ। ਆਪੇ = ਆਪ ਹੀ। ਧੁਰਹ ਧੁਰੁ = ਧੁਰ ਤੋਂ ਹੀ, ਮੁੱਢ ਤੋਂ ਹੀ। ਸੁਰਿ = ਦੇਵਤੇ। ਨਰ = ਮਨੁੱਖ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਸਿਧ = ਜੋਗ ਸਾਧਨਾਂ ਵਿਚ ਪੁੱਗੇ ਹੋਏ ਜੋਗੀ।

ਅਰਥ: ਹੇ ਗੁਰੂ ਰਾਮਦਾਸ! ਤੂੰ ਚਾਰ ਜੁਗਾਂ ਵਿਚ ਹੀ ਥਿਰ ਗੁਰੂ ਹੈਂ, (ਮੇਰੀਆਂ ਨਜ਼ਰਾਂ ਵਿਚ ਤਾਂ) ਤੂੰ ਹੀ ਪਰਮੇਸਰ ਹੈਂ। ਦੇਵਤੇ, ਮਨੁੱਖ, ਸਾਧਿਕ, ਸਿੱਧ ਅਤੇ ਸਿੱਖ ਮੁੱਢ ਤੋਂ ਹੀ ਤੈਨੂੰ ਸਿਉਂਦੇ ਆਏ ਹਨ।

ਆਦਿ ਜੁਗਾਦਿ ਅਨਾਦਿ ਕਲਾ ਧਾਰੀ ਤ੍ਰਿਹੁ ਲੋਅਹ ॥ ਅਗਮ ਨਿਗਮ ਉਧਰਣ ਜਰਾ ਜੰਮਿਹਿ ਆਰੋਅਹ ॥ {ਪੰਨਾ 1406}

ਪਦ ਅਰਥ: ਉਧਰਣ = ਬਚਾਉਣ ਵਾਲੇ। ਅਗਮ ਨਿਗਮ = ਵੇਦ ਸ਼ਾਸਤ੍ਰ। ਜਰਾ = ਬੁਢੇਪਾ। ਜੰਮਿਹਿ = ਜਮ ਉਤੇ। ਆਰੋਅਹ = ਸਵਾਰ ਹੋ।

ਅਰਥ: (ਆਪ) ਆਦਿ ਤੋਂ ਹੋ, ਜੁਗਾਂ ਦੇ ਆਦਿ ਤੋਂ ਹੋ, ਅਤੇ ਅਨਾਦੀ ਹੋ। ਤਿੰਨਾਂ ਲੋਕਾਂ ਵਿਚ ਹੀ (ਆਪ ਨੇ ਆਪਣੀ) ਸੱਤਾ ਧਾਰੀ ਹੋਈ ਹੈ। (ਮੇਰੇ ਵਾਸਤੇ ਤਾਂ ਆਪ ਹੀ ਹੋ ਜਿਸ ਨੇ) ਵੇਦ ਸ਼ਾਸਤਰਾਂ ਨੂੰ ਬਚਾਇਆ ਸੀ (ਵਰਾਹ-ਰੂਪ ਹੋ ਕੇ)। ਆਪ ਬੁਢੇਪੇ ਤੇ ਜਮਾਂ ਉੱਤੇ ਸਵਾਰ ਹੋ (ਭਾਵ, ਆਪ ਨੂੰ ਇਹਨਾਂ ਦਾ ਡਰ ਨਹੀਂ ਹੈ)।

ਗੁਰ ਅਮਰਦਾਸਿ ਥਿਰੁ ਥਪਿਅਉ ਪਰਗਾਮੀ ਤਾਰਣ ਤਰਣ ॥ ਅਘ ਅੰਤਕ ਬਦੈ ਨ ਸਲ੍ਯ੍ਯ ਕਵਿ ਗੁਰ ਰਾਮਦਾਸ ਤੇਰੀ ਸਰਣ ॥੨॥੬੦॥ {ਪੰਨਾ 1406}

ਪਦ ਅਰਥ: ਗੁਰ ਅਮਰਦਾਸਿ = ਗੁਰੂ ਅਮਰਦਾਸ (ਜੀ) ਨੇ। ਥਿਰੁ ਥਪਿਅਉ = ਅਟੱਲ ਕਰ ਦਿੱਤਾ ਹੈ। ਪਰਗਾਮੀ = ਪਾਰਗਰਾਮੀ, ਮੁਕਤ। ਤਰਣ = ਜਹਾਜ਼। ਅਘ = ਪਾਪ। ਅੰਤਕ = ਜਮ। ਬਦੈ ਨ = ਬਦਦਾ ਨਹੀਂ, ਪਰਵਾਹ ਨਹੀਂ ਕਰਦਾ; ਡਰਦਾ ਨਹੀਂ।

ਅਰਥ: (ਆਪ ਨੂੰ) ਗੁਰੂ ਅਮਰਦਾਸ (ਜੀ) ਨੇ ਅਟੱਲ ਕਰ ਦਿੱਤਾ ਹੈ, ਆਪ ਮੁਕਤ ਹੋ ਤੇ ਹੋਰਨਾਂ ਨੂੰ ਤਾਰਨ ਲਈ ਜਹਾਜ਼ ਹੋ। ਹੇ ਗੁਰੂ ਰਾਮਦਾਸ! ਸਲ੍ਯ੍ਯ ਕਵੀ (ਆਖਦਾ ਹੈ) = ਜੋ ਮਨੁੱਖ ਤੇਰੀ ਸਰਨ ਆਇਆ ਹੈ, ਉਹ ਪਾਪਾਂ ਤੇ ਜਮਾਂ ਨੂੰ ਬਦਦਾ ਨਹੀਂ ਹੈ।2।60।

(ਸਲ੍ਯ੍ਯ ਕਵੀ ਦੇ 2 ਸਵਈਏ)

ਮਹਲੇ ਚੌਥੇ ਦੇ ਸਾਰੇ 60 ਸਵਈਆਂ ਦਾ ਵੇਰਵਾ

(1) ਕਵੀ ਕਲ੍ਯ੍ਯਸਹਾਰ . . 13 . . .।13।
(2) ਕਵੀ ਨਲ੍ਯ੍ਯ . . . . . 16 . .।16।29।
(3) ਕਵੀ ਗਯੰਦ . . . . 13 . . .।13।42।
(4) ਕਵੀ ਮਥੁਰਾ . . . . .7 . . . .।7।49।
(5) ਕਵੀ ਬਲ੍ਯ੍ਯ . . . . . 5 . . . .।5।54।
(6) ਕਵੀ ਕੀਰਤ . . . . .4 . . .।4।58।
(7) ਕਵੀ ਸਲ੍ਯ੍ਯ . . . . . .2 . . . .।2।60।
. . . . . . . . . . . . . . . . . . . . . . . . .
. . . . ਜੋੜ . . . . . . . 60

ਸਵਈਏ ਮਹਲੇ ਪੰਜਵੇ ਕੇ ੫

ਅਰਥ: ਗੁਰੂ ਅਰਜਨ ਸਾਹਿਬ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।

ੴ ਸਤਿਗੁਰ ਪ੍ਰਸਾਦਿ ॥ ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ ॥ ਜਿਸੁ ਸਿਮਰਤ ਦੁਰਮਤਿ ਮਲੁ ਨਾਸੀ ॥ ਸਤਿਗੁਰ ਚਰਣ ਕਵਲ ਰਿਦਿ ਧਾਰੰ ॥ ਗੁਰ ਅਰਜੁਨ ਗੁਣ ਸਹਜਿ ਬਿਚਾਰੰ ॥ {ਪੰਨਾ 1406-1407}

ਪਦ ਅਰਥ: ਸਿਮਰੰ = ਮੈਂ ਸਿਮਰਦਾ ਹਾਂ। ਧਾਰੰ = ਧਾਰਦਾ ਹਾਂ। ਰਿਦਿ = ਹਿਰਦੇ ਵਿਚ। ਬਿਚਾਰੰ = ਵਿਚਾਰਦਾ ਹਾਂ। ਸਹਜਿ = ਸਹਜ ਨਾਲ, ਪ੍ਰੇਮ ਨਾਲ, ਆਤਮਕ ਅਡੋਲਤਾ ਵਿਚ (ਟਿਕ ਕੇ)।

ਅਰਥ: ਮੈਂ ਉਸ ਅਬਿਨਾਸੀ ਤੇ ਅਚੱਲ ਅਕਾਲ ਪੁਰਖ ਨੂੰ ਸਿਮਰਦਾ ਹਾਂ, ਜਿਸ ਦਾ ਸਿਮਰਨ ਕਰਨ ਨਾਲ ਦੁਰਮਤਿ ਦੀ ਮੈਲ ਦੂਰ ਹੋ ਜਾਂਦੀ ਹੈ। ਮੈਂ ਸਤਿਗੁਰੂ ਦੇ ਕਵਲਾਂ ਵਰਗੇ ਚਰਨ ਹਿਰਦੇ ਵਿਚ ਟਿਕਾਉਂਦਾ ਹਾਂ, ਤੇ ਪ੍ਰੇਮ ਨਾਲ ਗੁਰੂ ਅਰਜੁਨ ਦੇਵ ਜੀ ਦੇ ਗੁਣ ਵਿਚਾਰਦਾ ਹਾਂ।

TOP OF PAGE

Sri Guru Granth Darpan, by Professor Sahib Singh