ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1405

ਤਾਰ੍ਯ੍ਯਉ ਸੰਸਾਰੁ ਮਾਯਾ ਮਦ ਮੋਹਿਤ ਅੰਮ੍ਰਿਤ ਨਾਮੁ ਦੀਅਉ ਸਮਰਥੁ ॥ ਫੁਨਿ ਕੀਰਤਿਵੰਤ ਸਦਾ ਸੁਖ ਸੰਪਤਿ ਰਿਧਿ ਅਰੁ ਸਿਧਿ ਨ ਛੋਡਇ ਸਥੁ ॥ {ਪੰਨਾ 1405}

ਪਦ ਅਰਥ: ਮਦ = ਅਹੰਕਾਰ। ਸਥੁ = ਸਾਥ। ਕੀਰਤਿ = ਸੋਭਾ। ਸੰਪਤਿ = ਧਨ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।

ਅਰਥ: (ਗੁਰੂ ਰਾਮਦਾਸ ਜੀ ਨੇ) ਮਾਇਆ ਦੇ ਮਦ ਵਿਚ ਮੋਹੇ ਹੋਏ ਸੰਸਾਰ ਨੂੰ ਤਾਰਿਆ ਹੈ, (ਆਪ ਨੇ ਜੀਆਂ ਨੂੰ) ਸਮਰੱਥਾ ਵਾਲਾ ਅੰਮ੍ਰਿਤ-ਨਾਮ ਬਖ਼ਸ਼ਿਆ ਹੈ, ਆਪ ਸਦਾ ਸੁਖ, ਧਨ ਅਤੇ ਸੋਭਾ ਦੇ ਮਾਲਕ ਹਨ, ਰਿੱਧੀ ਅਤੇ ਸਿੱਧੀ ਆਪ ਦਾ ਸਾਥ ਨਹੀਂ ਛੱਡਦੀ।

ਦਾਨਿ ਬਡੌ ਅਤਿਵੰਤੁ ਮਹਾਬਲਿ ਸੇਵਕਿ ਦਾਸਿ ਕਹਿਓ ਇਹੁ ਤਥੁ ॥ ਤਾਹਿ ਕਹਾ ਪਰਵਾਹ ਕਾਹੂ ਕੀ ਜਾ ਕੈ ਬਸੀਸਿ ਧਰਿਓ ਗੁਰਿ ਹਥੁ ॥੭॥੪੯॥ {ਪੰਨਾ 1405}

ਪਦ ਅਰਥ: ਦਾਨਿ = ਦਾਨੀ। ਅਤਿਵੰਤੁ = ਅਤਿਅੰਤ। ਸੇਵਕ ਦਾਸਿ = ਸੇਵਕ ਦਾਸ (ਮਥੁਰਾ) ਨੇ। ਕਹਿਓ = ਆਖਿਆ ਹੈ। ਤਥੁ = ਸੱਚ। ਤਾਹਿ = ਉਸ (ਮਨੁੱਖ) ਨੂੰ। ਕਹਾ = ਕਿਥੇ? ਬਸੀਸਿ = ਸਿਰ ਉਤੇ। ਗੁਰਿ = ਗੁਰੂ ਨੇ।

ਅਰਥ: (ਗੁਰੂ ਰਾਮਦਾਸ) ਬੜਾ ਦਾਨੀ ਹੈ ਅਤੇ ਅਤਿਅੰਤ ਮਹਾਬਲੀ ਹੈ, ਸੇਵਕ ਦਾਸ (ਮਥੁਰਾ) ਨੇ ਇਹ ਸੱਚ ਆਖਿਆ ਹੈ। ਜਿਸ ਦੇ ਸਿਰ ਉੱਤੇ ਗੁਰੂ (ਰਾਮਦਾਸ ਜੀ) ਨੇ ਹੱਥ ਧਰਿਆ ਹੈ, ਉਸ ਨੂੰ ਕਿਸੇ ਦੀ ਕੀ ਪਰਵਾਹ ਹੈ?।7।49।

ਭੱਟ ਮਥੁਰਾ ਦੇ 7 ਸਵਈਏ।

ਤੀਨਿ ਭਵਨ ਭਰਪੂਰਿ ਰਹਿਓ ਸੋਈ ॥ ਅਪਨ ਸਰਸੁ ਕੀਅਉ ਨ ਜਗਤ ਕੋਈ ॥ ਆਪੁਨ ਆਪੁ ਆਪ ਹੀ ਉਪਾਯਉ ॥ ਸੁਰਿ ਨਰ ਅਸੁਰ ਅੰਤੁ ਨਹੀ ਪਾਯਉ ॥ {ਪੰਨਾ 1405}

ਪਦ ਅਰਥ: ਭਰਪੂਰਿ ਰਹਿਓ = ਵਿਆਪਕ ਹੈ। ਸੋਈ = ਉਹ ਅਕਾਲ ਪੁਰਖ। ਸਰਸੁ = ਸਦਰਸ਼, ਵਰਗਾ। ਆਪੁਨ ਆਪੁ = ਆਪਣਾ ਆਪ। ਉਪਾਯਉ = ਪੈਦਾ ਕੀਤਾ। ਸੁਰਿ = ਦੇਵਤੇ। ਨਰ = ਮਨੁੱਖ। ਅਸੁਰ = ਦੈਂਤ। ਆਪ ਹੀ = ਆਪਿ ਹੀ।

ਅਰਥ: (ਜਿਹੜਾ) ਅਕਾਲ ਪੁਰਖ ਆਪ ਹੀ ਤਿੰਨਾਂ ਭਵਨਾਂ ਵਿਚ ਵਿਆਪਕ ਹੈ, ਜਗਤ ਦਾ ਕੋਈ ਦੂਜਾ ਜੀਵ (ਜਿਸ ਨੇ) ਆਪਣੇ ਵਰਗਾ ਪੈਦਾ ਨਹੀਂ ਕੀਤਾ, ਆਪਣਾ ਆਪ (ਜਿਸ ਨੇ) ਆਪ ਹੀ ਪੈਦਾ ਕੀਤਾ ਹੈ, ਦੇਵਤੇ, ਮਨੁੱਖ, ਦੈਂਤ, ਕਿਸੇ ਨੇ (ਜਿਸ ਦਾ) ਅੰਤ ਨਹੀਂ ਪਾਇਆ;

ਪਾਯਉ ਨਹੀ ਅੰਤੁ ਸੁਰੇ ਅਸੁਰਹ ਨਰ ਗਣ ਗੰਧ੍ਰਬ ਖੋਜੰਤ ਫਿਰੇ ॥ ਅਬਿਨਾਸੀ ਅਚਲੁ ਅਜੋਨੀ ਸੰਭਉ ਪੁਰਖੋਤਮੁ ਅਪਾਰ ਪਰੇ ॥ {ਪੰਨਾ 1405}

ਪਦ ਅਰਥ: ਸੰਭਉ = (स्वयंभुं) ਆਪਣੇ ਆਪ ਤੋਂ ਪਰਗਟ ਹੋਣ ਵਾਲਾ।

ਅਰਥ: ਦੇਵਤੇ, ਦੈਂਤ, ਮਨੁੱਖ, ਗਣ ਗੰਧਰਬ = ਸਭ ਜਿਸ ਨੂੰ ਖੋਜਦੇ ਫਿਰਦੇ ਹਨ, (ਕਿਸੇ ਨੇ ਜਿਸ ਦਾ) ਅੰਤ ਨਹੀਂ ਪਾਇਆ, ਜਿਹੜਾ ਅਕਾਲ ਪੁਰਖ ਅਬਿਨਾਸ਼ੀ ਹੈ, ਅਡੋਲ ਹੈ, ਜੂਨਾਂ ਤੋਂ ਰਹਤ ਹੈ, ਆਪਣੇ ਆਪ ਤੋਂ ਪਰਗਟ ਹੋਇਆ ਹੈ, ਉੱਤਮ ਪੁਰਖ ਹੈ ਤੇ ਬਹੁਤ ਬੇਅੰਤ ਹੈ।

ਕਰਣ ਕਾਰਣ ਸਮਰਥੁ ਸਦਾ ਸੋਈ ਸਰਬ ਜੀਅ ਮਨਿ ਧ੍ਯ੍ਯਾਇਯਉ ॥ ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੧॥ {ਪੰਨਾ 1405}

ਪਦ ਅਰਥ: ਕਰਣ = ਜਗਤ। ਕਰਣ ਕਾਰਣ = ਸ੍ਰਿਸ਼ਟੀ ਦਾ ਮੂਲ। ਸਰਬ ਜੀਅ = ਸਾਰੇ ਜੀਆਂ ਨੇ। ਮਨਿ = ਮਨ ਵਿਚ। ਜਯੋ ਜਯ = ਜੈ-ਜੈਕਾਰ ਹੋ ਰਹੀ ਹੈ। ਮਹਿ = ਜਗਤ ਵਿਚ। ਹਰਿ ਪਰਮ ਪਦੁ = (ਉਪ੍ਰੋਕਤ) ਹਰੀ ਦੀ ਉੱਚੀ ਪਦਵੀ।

ਅਰਥ: (ਜਿਹੜਾ) ਹਰੀ ਸ੍ਰਿਸ਼ਟੀ ਦਾ ਮੂਲ ਹੈ, (ਜੋ) ਆਪ ਹੀ ਸਦਾ ਸਮਰੱਥ ਹੈ, ਸਾਰੇ ਜੀਆਂ ਨੇ (ਜਿਸ ਨੂੰ) ਮਨ ਵਿਚ ਸਿਮਰਿਆ ਹੈ, ਹੇ ਗੁਰੂ ਰਾਮਦਾਸ ਜੀ! (ਆਪ ਦੀ) ਜਗਤ ਵਿਚ ਜੈ-ਜੈਕਾਰ ਹੋ ਰਹੀ ਹੈ ਕਿ ਆਪ ਨੇ ਉਸ ਹਰੀ ਦੀ ਉੱਚੀ ਪਦਵੀ ਪਾ ਲਈ ਹੈ।1।

ਸਤਿਗੁਰਿ ਨਾਨਕਿ ਭਗਤਿ ਕਰੀ ਇਕ ਮਨਿ ਤਨੁ ਮਨੁ ਧਨੁ ਗੋਬਿੰਦ ਦੀਅਉ ॥ ਅੰਗਦਿ ਅਨੰਤ ਮੂਰਤਿ ਨਿਜ ਧਾਰੀ ਅਗਮ ਗ੍ਯ੍ਯਾਨਿ ਰਸਿ ਰਸ੍ਯ੍ਯਉ ਹੀਅਉ ॥ {ਪੰਨਾ 1405}

ਪਦ ਅਰਥ: ਸਤਿੁਗਰਿ ਨਾਨਕਿ = ਸਤਿਗੁਰੂ ਨਾਨਕ ਨੇ। ਇਕ ਮਨਿ = ਇਕਾਗ੍ਰ ਮਨ ਹੋ ਕੇ। ਦੀਅਉ = ਅਰਪਨ ਕਰ ਦਿੱਤਾ। ਅੰਗਦਿ = ਅੰਗਦ ਨੇ। ਅਨੰਤ ਮੂਰਤਿ = ਬੇਅੰਤ ਅਕਾਰਾਂ ਵਾਲਾ, ਸਰਗੁਣ ਹਰੀ। ਨਿਜ ਧਾਰੀ = ਆਪਣੇ ਅੰਦਰ ਧਾਰਨ ਕੀਤੀ। ਅਗਮ ਗ੍ਯ੍ਯਾਨਿ = ਅਗਮ ਹਰੀ ਦੇ ਗਿਆਨ ਨਾਲ। ਰਸਿ = ਪ੍ਰੇਮ ਵਿਚ। ਰਸ੍ਯ੍ਯਉ = ਰਸਿਆ, ਭਿੱਜ ਗਿਆ। ਹੀਅਉ = (ਗੁਰੂ ਅੰਗਦ ਜੀ ਦਾ) ਹਿਰਦਾ। ਅਗਮ = ਅਪਹੁੰਚ।

ਅਰਥ: ਗੁਰੂ ਨਾਨਕ ਦੇਵ ਜੀ ਨੇ ਇਕ-ਮਨ ਹੋ ਕੇ ਭਗਤੀ ਕੀਤੀ, ਤੇ (ਆਪਣਾ) ਤਨ ਮਨ ਧਨ ਗੋਬਿੰਦ ਨੂੰ ਅਰਪਨ ਕਰ ਦਿੱਤਾ। (ਗੁਰੂ) ਅੰਗਦ (ਸਾਹਿਬ ਜੀ) ਨੇ 'ਅਨੰਤ ਮੂਰਤਿ' ਹਰੀ ਨੂੰ ਆਪਣੇ ਅੰਦਰ ਟਿਕਾਇਆ, ਅਪਹੁੰਚ ਹਰੀ ਦੇ ਗਿਆਨ ਦੀ ਬਰਕਤਿ ਨਾਲ ਆਪ ਦਾ ਹਿਰਦਾ ਪ੍ਰੇਮ ਵਿਚ ਭਿੱਜ ਗਿਆ।

ਗੁਰਿ ਅਮਰਦਾਸਿ ਕਰਤਾਰੁ ਕੀਅਉ ਵਸਿ ਵਾਹੁ ਵਾਹੁ ਕਰਿ ਧ੍ਯ੍ਯਾਇਯਉ ॥ ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੨॥ {ਪੰਨਾ 1405}

ਪਦ ਅਰਥ: ਗੁਰਿ ਅਮਰਦਾਸਿ = ਗੁਰੂ ਅਮਰਦਾਸ (ਜੀ) ਨੇ। ਵਸਿ = ਵੱਸ ਵਿਚ। ਵਾਹੁ ਵਾਹੁ ਕਰਿ = 'ਤੂੰ ਧੰਨ ਹੈਂ, ਤੂੰ ਧੰਨ ਹੈਂ' = ਇਹ ਆਖ ਕੇ। ਪਰਮ = ਸਭ ਤੋਂ ਉੱਚਾ। ਪਦੁ = ਦਰਜਾ। ਹਰਿ ਪਰਮ ਪਦੁ = ਪ੍ਰਭੂ (ਦੇ ਮਿਲਾਪ) ਦਾ ਸਭ ਤੋਂ ਉੱਚਾ ਦਰਜਾ।

ਅਰਥ: ਗੁਰੂ ਅਮਰਦਾਸ ਜੀ ਨੇ ਕਰਤਾਰ ਨੂੰ ਆਪਣੇ ਵੱਸ ਵਿਚ ਕੀਤਾ। 'ਤੂੰ ਧੰਨ ਹੈਂ, ਤੂੰ ਧੰਨ ਹੈਂ' = ਇਹ ਆਖ ਕੇ ਆਪ ਨੇ ਕਰਤਾਰ ਨੂੰ ਸਿਮਰਿਆ। ਹੇ ਗੁਰੂ ਰਾਮਦਾਸ ਜੀ! ਆਪ ਦੀ ਭੀ ਜਗਤ ਵਿਚ ਜੈ-ਜੈਕਾਰ ਹੋ ਰਹੀ ਹੈ; ਆਪ ਨੇ ਅਕਾਲ ਪੁਰਖ ਦੇ ਮਿਲਾਪ ਦਾ ਸਭ ਤੋਂ ਉੱਚਾ ਦਰਜਾ ਹਾਸਲ ਕਰ ਲਿਆ ਹੈ।2।

ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ ਪੁਬ ਭਗਤ ਹਰਿ ਕੇ ਜੁ ਗਣੰ ॥ ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ ॥ ਤਿਨ ਕੌ ਅਵਤਾਰੁ ਭਯਉ ਕਲਿ ਭਿੰਤਰਿ ਜਸੁ ਜਗਤ੍ਰ ਪਰਿ ਛਾਇਯਉ ॥ ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੩॥ {ਪੰਨਾ 1405}

ਪਦ ਅਰਥ: ਪੁਬ = ਪੂਰਬਲੇ (ਜੁਗਾਂ ਦੇ)। ਗਣੰ = ਗਿਣੇ ਜਾਂਦੇ ਹਨ। ਅਵਰੁ = ਅਤੇ ਹੋਰ। ਭਣੰ = ਆਖੇ ਜਾਂਦੇ ਹਨ। ਅਵਤਾਰੁ = ਜਨਮ। ਕਲਿ ਭਿੰਤਰਿ = ਕਲਜੁਗ ਵਿਚ। ਛਾਇਯਉ = ਖਿਲਰਿਆ ਹੈ।

ਅਰਥ: ਨਾਰਦ, ਧ੍ਰੂ ਪ੍ਰਹਲਾਦ, ਸੁਦਾਮਾ ਅਤੇ ਅੰਬਰੀਕ = ਜੋ ਹਰੀ ਦੇ ਪੂਰਬਲੇ ਜੁਗਾਂ ਦੇ ਭਗਤ ਗਿਣੇ ਜਾਂਦੇ ਹਨ; ਜੈਦੇਵ, ਤ੍ਰਿਲੋਚਨ, ਨਾਮਾ ਅਤੇ ਕਬੀਰ, ਜਿਨ੍ਹਾਂ ਦਾ ਜਨਮ ਕਲਜੁਗ ਵਿਚ ਹੋਇਆ ਹੈ = ਇਹਨਾਂ ਸਾਰਿਆਂ ਦਾ ਜਸ ਜਗਤ ਉੱਤੇ (ਹਰੀ ਦੇ ਭਗਤ ਹੋਣ ਦੇ ਕਾਰਨ ਹੀ) ਖਿਲਰਿਆ ਹੋਇਆ ਹੈ। ਹੇ ਗੁਰੂ ਰਾਮਦਾਸ ਜੀ! ਆਪ ਦੀ ਭੀ ਜੈ-ਜੈਕਾਰ ਜਗਤ ਵਿਚ ਹੋ ਰਹੀ ਹੈ, ਕਿ ਆਪ ਨੇ ਹਰੀ (ਦੇ ਮਿਲਾਪ) ਦੀ ਪਰਮ ਪਦਵੀ ਪਾਈ ਹੈ।3।

ਮਨਸਾ ਕਰਿ ਸਿਮਰੰਤ ਤੁਝੈ ਨਰ ਕਾਮੁ ਕ੍ਰੋਧੁ ਮਿਟਿਅਉ ਜੁ ਤਿਣੰ ॥ ਬਾਚਾ ਕਰਿ ਸਿਮਰੰਤ ਤੁਝੈ ਤਿਨ੍ਹ੍ਹ ਦੁਖੁ ਦਰਿਦ੍ਰੁ ਮਿਟਯਉ ਜੁ ਖਿਣੰ ॥ {ਪੰਨਾ 1405}

ਪਦ ਅਰਥ: ਮਨਸਾ = ਮਨ ਦੀ ਬ੍ਰਿਤੀ। ਤਿਣੰ = ਉਹਨਾਂ ਦਾ। ਬਾਚਾ = ਬਚਨ। ਖਿਣੰ = ਖਿਨ ਵਿਚ।

ਅਰਥ: ਜੋ ਮਨੁੱਖ, (ਹੇ ਸਤਿਗੁਰੂ!) ਤੈਨੂੰ ਮਨ ਜੋੜ ਕੇ ਸਿਮਰਦੇ ਹਨ, ਉਹਨਾਂ ਦਾ ਕਾਮ ਅਤੇ ਕ੍ਰੋਧ ਮਿਟ ਜਾਂਦਾ ਹੈ। ਜੋ ਜੀਵ ਆਪ ਨੂੰ ਬਚਨਾਂ ਦੁਆਰਾ (ਭਾਵ, ਜੀਭ ਨਾਲ) ਸਿਮਰਦੇ ਹਨ, ਉਹਨਾਂ ਦਾ ਦੁੱਖ ਤੇ ਦਰਿਦ੍ਰ ਖਿਨ ਵਿਚ ਦੂਰ ਹੋ ਜਾਂਦਾ ਹੈ।

ਕਰਮ ਕਰਿ ਤੁਅ ਦਰਸ ਪਰਸ ਪਾਰਸ ਸਰ ਬਲ੍ਯ੍ਯ ਭਟ ਜਸੁ ਗਾਇਯਉ ॥ ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੪॥ {ਪੰਨਾ 1405}

ਪਦ ਅਰਥ: ਕਰਮ ਕਰਿ = ਕਰਮਾਂ ਦੁਆਰਾ (ਭਾਵ, ਸਰੀਰ ਦੇ ਇੰਦ੍ਰੇ ਵਰਤ ਕੇ)। ਪਾਰਸ ਸਰ = (ਉਹ) ਪਾਰਸ ਸਮਾਨ (ਹੋ ਜਾਂਦੇ ਹਨ)। ਸਰ = ਬਰਾਬਰ, ਵਰਗੇ। ਤੁਅ = ਤੇਰਾ (तव)।

ਅਰਥ: ਹੇ ਗੁਰੂ ਰਾਮਦਾਸ ਜੀ! ਬਲ੍ਯ੍ਯ ਭੱਟ (ਆਪ ਦਾ) ਜਸ ਗਾਂਦਾ ਹੈ (ਤੇ ਆਖਦਾ ਹੈ ਕਿ) ਜੋ ਮਨੁੱਖ ਆਪ ਦਾ ਦਰਸ਼ਨ ਸਰੀਰਕ ਇੰਦ੍ਰਿਆਂ ਨਾਲ ਪਰਸਦੇ ਹਨ, ਉਹ ਪਾਰਸ ਸਮਾਨ ਹੋ ਜਾਂਦੇ ਹਨ। ਹੇ ਗੁਰੂ ਰਾਮਦਾਸ ਜੀ! ਆਪ ਦੀ ਜੈ-ਜੈਕਾਰ ਜਗਤ ਵਿਚ ਹੋ ਰਹੀ ਹੈ ਕਿ ਆਪ ਨੇ ਹਰੀ ਦੀ ਉੱਚੀ ਪਦਵੀ ਪਾ ਲਈ ਹੈ।4।

ਜਿਹ ਸਤਿਗੁਰ ਸਿਮਰੰਤ ਨਯਨ ਕੇ ਤਿਮਰ ਮਿਟਹਿ ਖਿਨੁ ॥ ਜਿਹ ਸਤਿਗੁਰ ਸਿਮਰੰਥਿ ਰਿਦੈ ਹਰਿ ਨਾਮੁ ਦਿਨੋ ਦਿਨੁ ॥ {ਪੰਨਾ 1405}

ਪਦ ਅਰਥ: ਨਯਨ = ਨੇਤ੍ਰ, ਅੱਖਾਂ। ਤਿਮਰ = ਹਨੇਰਾ। ਰਿਦੈ = ਹਿਰਦੇ ਵਿਚ।

ਅਰਥ: ਜਿਸ ਗੁਰੂ ਦਾ ਸਿਮਰਨ ਕੀਤਿਆਂ, ਅੱਖਾਂ ਦੇ ਛੌੜ ਖਿਨ ਵਿਚ ਕੱਟੇ ਜਾਂਦੇ ਹਨ, ਜਿਸ ਗੁਰੂ ਦਾ ਸਿਮਰਨ ਕੀਤਿਆਂ ਹਿਰਦੇ ਵਿਚ ਹਰੀ ਦਾ ਨਾਮ ਦਿਨੋ ਦਿਨ (ਵਧੀਕ ਜੰਮਦਾ ਹੈ);

ਜਿਹ ਸਤਿਗੁਰ ਸਿਮਰੰਥਿ ਜੀਅ ਕੀ ਤਪਤਿ ਮਿਟਾਵੈ ॥ ਜਿਹ ਸਤਿਗੁਰ ਸਿਮਰੰਥਿ ਰਿਧਿ ਸਿਧਿ ਨਵ ਨਿਧਿ ਪਾਵੈ ॥ {ਪੰਨਾ 1405}

ਅਰਥ: ਜਿਸ ਗੁਰੂ ਨੂੰ ਸਿਮਰਿਆਂ (ਜੀਵ) ਹਿਰਦੇ ਦੀ ਤਪਤ ਮਿਟਾਉਂਦਾ ਹੈ, ਜਿਸ ਗੁਰੂ ਨੂੰ ਯਾਦ ਕਰ ਕੇ (ਜੀਵ) ਰਿੱਧੀਆਂ ਸਿੱਧੀਆਂ ਤੇ ਨੌ ਨਿਧੀਆਂ ਪਾ ਲੈਂਦਾ ਹੈ;

ਸੋਈ ਰਾਮਦਾਸੁ ਗੁਰੁ ਬਲ੍ਯ੍ਯ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ ॥ ਜਿਹ ਸਤਿਗੁਰ ਲਗਿ ਪ੍ਰਭੁ ਪਾਈਐ ਸੋ ਸਤਿਗੁਰੁ ਸਿਮਰਹੁ ਨਰਹੁ ॥੫॥੫੪॥ {ਪੰਨਾ 1405}

ਪਦ ਅਰਥ: ਭਣਿ = ਆਖ। ਲਗਿ = (ਚਰਨੀਂ) ਲੱਗ ਕੇ। ਨਰਹੁ = ਹੇ ਮਨੁੱਖੋ!

ਅਰਥ: ਹੇ ਬਲ੍ਯ੍ਯ (ਕਵੀ)! ਆਖ = ਹੇ ਜਨੋ! ਜਿਸ ਗੁਰੂ ਰਾਮਦਾਸ ਜੀ ਦੀ ਚਰਨੀਂ ਲੱਗ ਕੇ ਪ੍ਰਭੂ ਨੂੰ ਮਿਲੀਦਾ ਹੈ, ਉਸ ਗੁਰੂ ਨੂੰ ਸਿਮਰੋ ਅਤੇ ਸੰਗਤਿ ਵਿਚ ਮਿਲ ਕੇ ਉਸ ਨੂੰ ਆਖੋ = 'ਤੂੰ ਧੰਨ ਹੈਂ, ਤੂੰ ਧੰਨ ਹੈਂ'।5।54।

(ਭੱਟ ਬਲ੍ਯ੍ਯ ਦੇ ਪੰਜ ਸਵਈਏ)

ਜਿਨਿ ਸਬਦੁ ਕਮਾਇ ਪਰਮ ਪਦੁ ਪਾਇਓ ਸੇਵਾ ਕਰਤ ਨ ਛੋਡਿਓ ਪਾਸੁ ॥ ਤਾ ਤੇ ਗਉਹਰੁ ਗ੍ਯ੍ਯਾਨ ਪ੍ਰਗਟੁ ਉਜੀਆਰਉ ਦੁਖ ਦਰਿਦ੍ਰ ਅੰਧ੍ਯ੍ਯਾਰ ਕੋ ਨਾਸੁ ॥ {ਪੰਨਾ 1405-1406}

ਪਦ ਅਰਥ: ਜਿਨਿ = ਜਿਸ (ਗੁਰੂ ਰਾਮਦਾਸ ਜੀ) ਨੇ। ਪਾਸੁ = ਪਾਸਾ, ਸਾਥ। ਤਾ ਤੇ = ਉਸ (ਗੁਰੂ ਰਾਮਦਾਸ ਜੀ) ਤੋਂ। ਗਉਹਰੁ = ਮੋਤੀ (ਵਾਂਗ ਉੱਜਲ)। ਗ੍ਯ੍ਯਾਨ ਉਜੀਆਰਉ = ਗਿਆਨ ਦਾ ਚਾਨਣਾ। ਅੰਧ੍ਯ੍ਯਾਰ = ਹਨੇਰਾ। ਕੋ = ਦਾ।

ਅਰਥ: ਜਿਸ (ਗੁਰੂ ਰਾਮਦਾਸ ਜੀ) ਨੇ ਸ਼ਬਦ ਨੂੰ ਕਮਾ ਕੇ ਉੱਚੀ ਪਦਵੀ ਪਾਈ, ਅਤੇ (ਗੁਰੂ ਅਮਰਦਾਸ ਜੀ ਦੀ) ਸੇਵਾ ਕਰਦਿਆਂ ਸਾਥ ਨਾ ਛੱਡਿਆ, ਉਸ (ਗੁਰੂ) ਤੋਂ ਮੋਤੀ-ਵਤ ਉੱਜਲ ਗਿਆਨ ਦਾ ਚਾਨਣਾ ਪ੍ਰਗਟ ਹੋਇਆ, ਅਤੇ ਦਰਿਦ੍ਰ ਤੇ ਹਨੇਰੇ ਦਾ ਨਾਸ ਹੋ ਗਿਆ।

TOP OF PAGE

Sri Guru Granth Darpan, by Professor Sahib Singh