ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1401

ਗੁਰੂ ਗੁਰੁ ਗੁਰੁ ਕਰਹੁ ਗੁਰੂ ਹਰਿ ਪਾਈਐ ॥ ਉਦਧਿ ਗੁਰੁ ਗਹਿਰ ਗੰਭੀਰ ਬੇਅੰਤੁ ਹਰਿ ਨਾਮ ਨਗ ਹੀਰ ਮਣਿ ਮਿਲਤ ਲਿਵ ਲਾਈਐ ॥ ਫੁਨਿ ਗੁਰੂ ਪਰਮਲ ਸਰਸ ਕਰਤ ਕੰਚਨੁ ਪਰਸ ਮੈਲੁ ਦੁਰਮਤਿ ਹਿਰਤ ਸਬਦਿ ਗੁਰੁ ਧ੍ਯ੍ਯਾਈਐ ॥ {ਪੰਨਾ 1401}

ਪਦ ਅਰਥ: ਗੁਰੂ ਹਰਿ ਪਾਈਐ = ਗੁਰੂ ਦੀ ਰਾਹੀਂ ਹੀ ਹਰੀ ਮਿਲਦਾ ਹੈ। ਉਦਧਿ = ਸਮੁੰਦਰ। ਗਹਿਰ = ਗਹਿਰਾ, ਡੂੰਘਾ। ਨਗ ਹੀਰ ਮਣਿ = ਮੋਤੀ, ਹੀਰੇ, ਜਵਾਹਰਾਤ। ਮਿਲਤ = ਮਿਲਦੇ ਹਨ। ਪਰਮਲ ਪਰਸ = ਰਸਦਾਇਕ ਸੁਗੰਧੀ। ਕੰਚਨੁ = ਸੋਨਾ। ਗੁਰੂ ਪਰਸ = ਗੁਰੂ ਦੀ ਛੋਹ। ਹਿਰਤ = ਦੂਰ ਕਰ ਦੇਂਦੀ ਹੈ। ਸਬਦਿ ਗੁਰੁ = ਸ਼ਬਦ ਦੀ ਰਾਹੀਂ ਗੁਰੂ ਨੂੰ।

ਅਰਥ: (ਹੇ ਭਾਈ!) ਸਦਾ 'ਗੁਰੂ' 'ਗੁਰੂ' ਕਰੋ, ਗੁਰੂ ਦੀ ਰਾਹੀਂ ਹੀ ਹਰੀ ਮਿਲਦਾ ਹੈ। ਸਤਿਗੁਰੂ ਡੂੰਘਾ ਗੰਭੀਰ ਤੇ ਬੇਅੰਤ ਸਮੁੰਦਰ ਹੈ, (ਉਸ ਵਿਚ) ਚੁੱਭੀ ਲਾਇਆਂ ਹਰੀ ਦਾ ਨਾਮ-ਰੂਪੀ ਨਗ, ਹੀਰੇ ਤੇ ਮਣੀਆਂ ਪ੍ਰਾਪਤ ਹੁੰਦੀਆਂ ਹਨ। ਅਤੇ, ਸਤਿਗੁਰੂ ਦੀ ਛੋਹ (ਜੀਵ ਦੇ ਅੰਦਰ) ਸੁਆਦਲੀ ਸੁਗੰਧੀ ਪੈਦਾ ਕਰ ਦੇਂਦੀ ਹੈ; ਸੋਨਾ ਬਣਾ ਦੇਂਦੀ ਹੈ, ਦੁਰਮਤਿ ਦੀ ਮੈਲ ਦੂਰ ਕਰ ਦੇਂਦੀ ਹੈ; (ਤਾਂ ਤੇ) ਸ਼ਬਦ ਦੀ ਰਾਹੀਂ ਗੁਰੂ ਨੂੰ ਸਿਮਰੀਏ।

ਅੰਮ੍ਰਿਤ ਪਰਵਾਹ ਛੁਟਕੰਤ ਸਦ ਦ੍ਵਾਰਿ ਜਿਸੁ ਗ੍ਯ੍ਯਾਨ ਗੁਰ ਬਿਮਲ ਸਰ ਸੰਤ ਸਿਖ ਨਾਈਐ ॥ ਨਾਮੁ ਨਿਰਬਾਣੁ ਨਿਧਾਨੁ ਹਰਿ ਉਰਿ ਧਰਹੁ ਗੁਰੂ ਗੁਰੁ ਗੁਰੁ ਕਰਹੁ ਗੁਰੂ ਹਰਿ ਪਾਈਐ ॥੩॥੧੫॥ {ਪੰਨਾ 1401}

ਪਦ ਅਰਥ: ਪਰਵਾਹ = ਸੋਮੇ, ਵਹਣ। ਛੁਟਕੰਤ = ਚੱਲਦੇ ਹਨ, ਵਗਦੇ ਹਨ। ਸਦ = ਸਦਾ। ਦ੍ਵਾਰਿ ਜਿਸੁ = ਜਿਸ ਗੁਰੂ ਦੇ ਦਰ ਤੇ। ਸਰ = ਸਰੋਵਰ। ਨਿਰਬਾਣੁ = ਕਲਪਨਾ ਤੋਂ ਰਹਿਤ, ਵਾਸਨਾ-ਰਹਿਤ। ਉਰਿ = ਹਿਰਦੇ ਵਿਚ।

ਅਰਥ: ਜਿਸ ਗੁਰੂ ਦੇ ਦਰ ਤੇ ਸਦਾ ਅੰਮ੍ਰਿਤ ਦੇ ਚਸ਼ਮੇ ਜਾਰੀ ਹਨ, ਜਿਸ ਗੁਰੂ ਦੇ ਗਿਆਨ-ਰੂਪ ਨਿਰਮਲ ਸਰੋਵਰ ਵਿਚ ਸਿਖ ਸੰਤ ਇਸ਼ਨਾਨ ਕਰਦੇ ਹਨ, ਉਸ ਗੁਰੂ ਦੀ ਰਾਹੀਂ ਹਰੀ ਦੇ ਵਾਸਨਾ-ਰਹਿਤ ਨਾਮ-ਖ਼ਜ਼ਾਨੇ ਨੂੰ ਹਿਰਦੇ ਵਿਚ ਟਿਕਾਓ। ਸਦਾ 'ਗੁਰੂ' 'ਗੁਰੂ' ਕਰੋ, ਗੁਰੂ ਦੀ ਰਾਹੀਂ ਹੀ ਹਰੀ ਮਿਲਦਾ ਹੈ।3।15।

ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਮੰਨ ਰੇ ॥ ਜਾ ਕੀ ਸੇਵ ਸਿਵ ਸਿਧ ਸਾਧਿਕ ਸੁਰ ਅਸੁਰ ਗਣ ਤਰਹਿ ਤੇਤੀਸ ਗੁਰ ਬਚਨ ਸੁਣਿ ਕੰਨ ਰੇ ॥ ਫੁਨਿ ਤਰਹਿ ਤੇ ਸੰਤ ਹਿਤ ਭਗਤ ਗੁਰੁ ਗੁਰੁ ਕਰਹਿ ਤਰਿਓ ਪ੍ਰਹਲਾਦੁ ਗੁਰ ਮਿਲਤ ਮੁਨਿ ਜੰਨ ਰੇ ॥ {ਪੰਨਾ 1401}

ਪਦ ਅਰਥ: ਮੰਨ ਰੇ = ਹੇ ਮਨ! ਜਾ ਕੀ ਸੇਵ = ਜਿਸ (ਗੁਰੂ) ਦੀ ਸੇਵਾ ਨਾਲ। ਸੁਰ = ਦੇਵਤੇ। ਅਸੁਰ = ਰਾਖ਼ਸ਼, ਦੈਂਤ। ਗਣ = ਸ਼ਿਵ ਜੀ ਦੇ ਗਣ। ਤੇਤੀਸ = ਤੇਤੀ ਕਰੋੜ ਦੇਵਤੇ। ਕੰਨ = ਕੰਨਾਂ ਨਾਲ। ਸੁਣਿ = ਸੁਣ ਕੇ। ਹਿਤ = ਪਿਆਰ ਨਾਲ। ਤੇ ਸੰਤ = ਉਹ ਸੰਤ ਜਨ। ਸਾਧਿਕ = ਜੋਗ ਸਾਧਨ ਕਰਨ ਵਾਲੇ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ।

ਅਰਥ: ਹੇ ਮੇਰੇ ਮਨ! ਗੁਰੂ ਗੁਰੂ ਜਪ, ਸ਼ਿਵ ਜੀ, ਉਸ ਦੇ ਗਣ, ਸਿੱਧ, ਸਾਧਿਕ, ਦੇਵ, ਦੈਂਤ ਤੇ ਤੇਤੀ ਕਰੋੜ ਦੇਵਤੇ, ਉਸ (ਗੁਰੂ) ਦੀ ਸੇਵਾ ਕਰ ਕੇ ਤੇ ਗੁਰੂ ਦੇ ਬਚਨ ਕੰਨੀਂ ਸੁਣ ਕੇ ਪਾਰ ਉਤਰ ਜਾਂਦੇ ਹਨ। ਅਤੇ, ਉਹ ਸੰਤ ਜਨ ਅਤੇ ਭਗਤ ਤਰਦੇ ਹਨ, ਜੋ ਪਿਆਰ ਨਾਲ 'ਗੁਰੂ' 'ਗੁਰੂ' ਕਰਦੇ ਹਨ। ਗੁਰੂ ਨੂੰ ਮਿਲ ਕੇ ਪ੍ਰਹਲਾਦ ਤਰ ਗਿਆ ਅਤੇ ਕਈ ਮੁਨੀ ਤਰ ਗਏ।

ਤਰਹਿ ਨਾਰਦਾਦਿ ਸਨਕਾਦਿ ਹਰਿ ਗੁਰਮੁਖਹਿ ਤਰਹਿ ਇਕ ਨਾਮ ਲਗਿ ਤਜਹੁ ਰਸ ਅੰਨ ਰੇ ॥ ਦਾਸੁ ਬੇਨਤਿ ਕਹੈ ਨਾਮੁ ਗੁਰਮੁਖਿ ਲਹੈ ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਮੰਨ ਰੇ ॥੪॥੧੬॥੨੯॥ {ਪੰਨਾ 1401}

ਪਦ ਅਰਥ: ਹਰਿ ਗੁਰਮੁਖਹਿ = ਹਰੀ ਦੇ ਰੂਪ ਗੁਰੂ ਦੀ ਰਾਹੀਂ। ਇਕ ਨਾਮ ਲਗਿ = ਇਕ ਨਾਮ ਵਿਚ ਜੁੜ ਕੇ। ਰਸ ਅੰਨ = ਹੋਰ ਸੁਆਦ। ਦਾਸੁ = ਦਾਸ ਨਲ੍ਯ੍ਯ ਕਵੀ। ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੇ ਸਨਮੁਖ ਹੋ ਕੇ।

ਅਰਥ: ਹਰੀ-ਰੂਪ ਗੁਰੂ ਦੀ ਰਾਹੀਂ ਇਕ ਨਾਮ ਵਿਚ ਜੁੜ ਕੇ ਨਾਰਦ ਤੇ ਸਨਕ ਆਦਿਕ ਤਰਦੇ ਹਨ; (ਤਾਂ ਤੇ ਹੇ ਮਨ! ਤੂੰ ਭੀ) ਹੋਰ ਸੁਆਦ ਛੱਡ ਦੇਹ (ਤੇ ਇਕ ਨਾਮ ਜਪ)। ਦਾਸ ਨਲ੍ਯ੍ਯ ਕਵੀ ਅਰਜ਼ ਕਰਦਾ ਹੈ ਕਿ ਨਾਮ ਗੁਰੂ ਦੀ ਰਾਹੀਂ ਮਿਲਦਾ ਹੈ, (ਤਾਂ ਤੇ) ਹੇ ਮਨ! 'ਗੁਰੂ' 'ਗੁਰੂ' ਜਪ।4।16।29।

ਭੱਟ ਨਲ੍ਯ੍ਯ ਦੇ ਤਿੰਨ ਕਿਸਮਾਂ ਦੇ ਸਵਈਏ . . . . = 16
ਪਿਛਲੇ ਭੱਟ ਕਲ੍ਯ੍ਯ ਦੇ ਸਵਈਏ . . . . . . . . . . = 13
. . . . . . . . . . . . . . . . . . . . . . . . . . . . . . . . .
. . . . . ਕੁੱਲ ਜੋੜ . . . . . . . . . . . . . . . . . = 29

ਸਿਰੀ ਗੁਰੂ ਸਾਹਿਬੁ ਸਭ ਊਪਰਿ ॥ ਕਰੀ ਕ੍ਰਿਪਾ ਸਤਜੁਗਿ ਜਿਨਿ ਧ੍ਰੂ ਪਰਿ ॥ ਸ੍ਰੀ ਪ੍ਰਹਲਾਦ ਭਗਤ ਉਧਰੀਅੰ ॥ ਹਸ੍ਤ ਕਮਲ ਮਾਥੇ ਪਰ ਧਰੀਅੰ ॥ {ਪੰਨਾ 1401}

ਪਦ ਅਰਥ: ਸਤਜੁਗਿ = ਸਤਜੁਗ ਵਿਚ। ਜਿਨਿ = ਜਿਸ (ਗੁਰੂ) ਨੇ। ਪਰਿ = ਉੱਤੇ। ਉਧਰੀਅੰ = ਬਚਾਇਆ। ਹਸਤ ਕਮਲ = ਕਮਲ ਫੁੱਲ ਵਰਗੇ ਹੱਥ।

ਅਰਥ: ਜਿਸ (ਗੁਰੂ) ਨੇ ਸਤਜੁਗ ਵਿਚ ਧ੍ਰੂ ਉੱਤੇ ਕ੍ਰਿਪਾ ਕੀਤੀ, ਪ੍ਰਹਲਾਦ ਭਗਤ ਨੂੰ ਬਚਾਇਆ, ਤੇ ਉਸ ਦੇ ਮੱਥੇ ਉੱਤੇ ਆਪਣੇ ਕਮਲ ਵਰਗੇ ਹੱਥ ਰੱਖੇ, ਉਸ ਗੁਰੂ ਨੇ ਸਾਰੇ ਜੀਆਂ ਉੱਤੇ ਮਿਹਰ ਕੀਤੀ ਹੈ।

ਅਲਖ ਰੂਪ ਜੀਅ ਲਖ੍ਯ੍ਯਾ ਨ ਜਾਈ ॥ ਸਾਧਿਕ ਸਿਧ ਸਗਲ ਸਰਣਾਈ ॥ ਗੁਰ ਕੇ ਬਚਨ ਸਤਿ ਜੀਅ ਧਾਰਹੁ ॥ ਮਾਣਸ ਜਨਮੁ ਦੇਹ ਨਿਸ੍ਤਾਰਹੁ ॥ {ਪੰਨਾ 1401}

ਪਦ ਅਰਥ: ਜੀਅ = ਜੀਵਾਂ ਤੋਂ। ਲਖ੍ਯ੍ਯਾ ਨ ਜਾਈ = ਪਛਾਣਿਆ ਨਹੀਂ ਜਾ ਸਕਦਾ। ਸਗਲ = ਸਾਰੇ। ਸਤਿ = ਸਤ ਕਰ ਕੇ, ਦ੍ਰਿੜ੍ਹ ਕਰ ਕੇ। ਜੀਅ = ਚਿੱਤ ਵਿਚ। ਦੇਹ = ਸਰੀਰ। ਨਿਸ੍ਤਾਰਹੁ = ਸਫਲਾ ਕਰ ਲਓ। ਅਲਖ = ਅ-ਲੱਖ, ਉਹ ਪਰਮਾਤਮਾ ਜਿਸ ਦਾ ਸਰੂਪ ਬਿਆਨ ਤੋਂ ਪਰੇ ਹੈ।

ਅਰਥ: ਸਾਰੇ ਸਿੱਧ ਤੇ ਸਾਧਨ ਕਰਨ ਵਾਲੇ ਸਤਿਗੁਰੂ ਦੀ ਸਰਨ ਆਏ ਹਨ, ਕਿਸੇ ਪਾਸੋਂ ਅਲੱਖ ਪ੍ਰਭੂ ਦੇ ਰੂਪ ਗੁਰੂ ਦਾ ਸਰੂਪ ਪਰਖਿਆ ਨਹੀਂ ਜਾ ਸਕਦਾ। (ਹੇ ਮਨ!) ਗੁਰੂ ਦੇ ਬਚਨ ਦ੍ਰਿੜ੍ਹ ਕਰ ਕੇ ਚਿੱਤ ਵਿਚ ਟਿਕਾਓ, (ਤੇ ਇਸ ਤਰ੍ਹਾਂ) ਆਪਣੇ ਮਨੁੱਖਾ ਜਨਮ ਤੇ ਸਰੀਰ ਨੂੰ ਸਫਲ ਕਰ ਲਓ।

ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ ॥ ਗੁਰ ਪ੍ਰਸਾਦਿ ਪ੍ਰਭੁ ਪਾਈਐ ਗੁਰ ਬਿਨੁ ਮੁਕਤਿ ਨ ਹੋਇ ॥ {ਪੰਨਾ 1401}

ਪਦ ਅਰਥ: ਖੇਵਟੁ = ਮਲਾਹ। ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਮੁਕਤਿ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ।

ਅਰਥ: (ਇਸ ਸੰਸਾਰ-ਸਾਗਰ ਤੋਂ ਤਾਰਨ ਲਈ) ਗੁਰੂ ਜਹਾਜ਼ ਹੈ, ਗੁਰੂ ਹੀ ਮਲਾਹ ਹੈ, ਕੋਈ ਪ੍ਰਾਣੀ ਗੁਰੂ (ਦੀ ਸਹੈਤਾ) ਤੋਂ ਬਿਨਾ ਨਹੀਂ ਤਰ ਸਕਿਆ। ਗੁਰੂ ਦੀ ਕਿਰਪਾ ਨਾਲ ਹੀ ਪ੍ਰਭੂ ਮਿਲਦਾ ਹੈ, ਗੁਰੂ ਤੋਂ ਬਿਨਾ ਮੁਕਤੀ ਪ੍ਰਾਪਤ ਨਹੀਂ ਹੁੰਦੀ।

ਗੁਰੁ ਨਾਨਕੁ ਨਿਕਟਿ ਬਸੈ ਬਨਵਾਰੀ ॥ ਤਿਨਿ ਲਹਣਾ ਥਾਪਿ ਜੋਤਿ ਜਗਿ ਧਾਰੀ ॥ ਲਹਣੈ ਪੰਥੁ ਧਰਮ ਕਾ ਕੀਆ ॥ ਅਮਰਦਾਸ ਭਲੇ ਕਉ ਦੀਆ ॥ ਤਿਨਿ ਸ੍ਰੀ ਰਾਮਦਾਸੁ ਸੋਢੀ ਥਿਰੁ ਥਪ੍ਯ੍ਯਉ ॥ ਹਰਿ ਕਾ ਨਾਮੁ ਅਖੈ ਨਿਧਿ ਅਪ੍ਯ੍ਯਉ ॥ {ਪੰਨਾ 1401}

ਪਦ ਅਰਥ: ਨਿਕਟਿ = ਨੇੜੇ। ਬਨਵਾਰੀ = ਜਗਤ ਦਾ ਮਾਲਕ। ਤਿਨਿ = ਉਸ (ਗੁਰੂ ਨਾਨਕ) ਨੇ। ਥਾਪਿ = ਨਿਵਾਜਿ ਕੇ। ਜਗਿ = ਜਗਤ ਵਿਚ। ਥਿਰੁ ਥਪ੍ਯ੍ਯਉ = ਅਟੱਲ ਕਰ ਦਿੱਤਾ। ਅਖੈ ਨਿਧਿ = ਨਾਹ ਨਾਸ ਹੋਣ ਵਾਲਾ ਖ਼ਜ਼ਾਨਾ। ਅਪ੍ਯ੍ਯਉ = ਅਰਪਿਆ, ਦਿੱਤਾ।

ਅਰਥ: ਗੁਰੂ ਨਾਨਕ ਅਕਾਲ ਪੁਰਖ ਦੇ ਨੇੜੇ ਵੱਸਦਾ ਹੈ। ਉਸ (ਗੁਰੂ ਨਾਨਕ) ਨੇ ਲਹਣੇ ਨੂੰ ਨਿਵਾਜ ਕੇ ਜਗਤ ਵਿਚ (ਰੱਬੀ) ਜੋਤਿ ਪ੍ਰਕਾਸ਼ ਕੀਤੀ। ਲਹਣੇ ਨੇ ਧਰਮ ਦਾ ਰਾਹ ਚਲਾਇਆ, ਤੇ ਭੱਲੇ (ਗੁਰੂ) ਅਮਰਦਾਸ ਜੀ ਨੂੰ (ਨਾਮ ਦੀ ਦਾਤਿ) ਦਿੱਤੀ। ਉਸ (ਗੁਰੂ ਅਮਰਦਾਸ ਜੀ) ਨੇ ਸੋਢੀ ਗੁਰੂ ਰਾਮਦਾਸ ਜੀ ਨੂੰ ਹਰੀ ਦਾ ਨਾਮ-ਰੂਪ ਨਾਹ ਮੁੱਕਣ ਵਾਲਾ ਖ਼ਜ਼ਾਨਾ ਬਖ਼ਸ਼ਿਆ ਤੇ (ਉਹਨਾਂ ਨੂੰ ਸਦਾ ਲਈ) ਅਟੱਲ ਕਰ ਦਿੱਤਾ।

ਅਪ੍ਯ੍ਯਉ ਹਰਿ ਨਾਮੁ ਅਖੈ ਨਿਧਿ ਚਹੁ ਜੁਗਿ ਗੁਰ ਸੇਵਾ ਕਰਿ ਫਲੁ ਲਹੀਅੰ ॥ ਬੰਦਹਿ ਜੋ ਚਰਣ ਸਰਣਿ ਸੁਖੁ ਪਾਵਹਿ ਪਰਮਾਨੰਦ ਗੁਰਮੁਖਿ ਕਹੀਅੰ ॥ {ਪੰਨਾ 1401}

ਪਦ ਅਰਥ: ਚਹੁ ਜੁਗਿ = ਚਹੁਜੁਗੀ (ਨਾਮ), ਸਦਾ-ਥਿਰ ਰਹਿਣ ਵਾਲਾ (ਨਾਮ)। ਲਹੀਅੰ = ਪ੍ਰਾਪਤ ਕੀਤਾ ਹੈ। ਬੰਦਹਿ = ਨਮਸਕਾਰ ਕਰਦੇ ਹਨ। ਪਰਮਾਨੰਦ = ਪਰਮ ਆਨੰਦ ਵਾਲੇ।

ਅਰਥ: ਜੋ (ਮਨੁੱਖ ਗੁਰੂ ਦੇ) ਚਰਨਾਂ ਤੇ ਢਹਿੰਦੇ ਹਨ ਤੇ ਸਰਨ ਆਉਂਦੇ ਹਨ, ਉਹ ਸੁਖ ਪਾਂਦੇ ਹਨ, ਉਹ ਪਰਮ ਆਨੰਦ ਮਾਣਦੇ ਹਨ, ਤੇ ਉਹਨਾਂ ਨੂੰ ਗੁਰਮੁਖ ਆਖੀਦਾ ਹੈ। ਸਤਿਗੁਰੂ ਦੀ ਸੇਵਾ ਕਰ ਕੇ ਉਹਨਾਂ ਨੂੰ (ਨਾਮ-ਰੂਪ) ਫਲ ਪ੍ਰਾਪਤ ਹੁੰਦਾ ਹੈ। ਸਤਿਗੁਰੂ (ਉਹਨਾਂ ਨੂੰ) ਕਦੇ ਨਾਹ ਨਿਖੁੱਟਣ ਵਾਲਾ ਤੇ ਸਦਾ-ਥਿਰ ਰਹਿਣ ਵਾਲਾ ਨਾਮ-ਰੂਪ ਖ਼ਜ਼ਾਨਾ ਬਖ਼ਸ਼ਦਾ ਹੈ।

ਪਰਤਖਿ ਦੇਹ ਪਾਰਬ੍ਰਹਮੁ ਸੁਆਮੀ ਆਦਿ ਰੂਪਿ ਪੋਖਣ ਭਰਣੰ ॥ ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸੁ ਤਾਰਣ ਤਰਣੰ ॥੧॥ {ਪੰਨਾ 1401}

ਪਦ ਅਰਥ: ਦੇਹ = ਸਰੀਰ ਰੂਪ। ਆਦਿ = ਸਭ ਦਾ ਮੂਲ। ਰੂਪਿ = ਰੂਪ ਵਾਲਾ, ਹੋਂਦ ਵਾਲਾ। ਪੋਖਣ ਭਰਣੰ = ਪਾਲਣ ਵਾਲਾ। ਤਾਰਣ ਤਰਣੰ = (ਸੰਸਾਰ-ਸਾਗਰ ਤੋਂ) ਤਾਰਨ ਲਈ ਜਹਾਜ਼। ਤਰਣ = ਜਹਾਜ਼। ਗਤਿ = ਆਤਮਕ ਅਵਸਥਾ। ਅਲਖ = ਅਲੱਖ, ਅਕਥਨੀਯ।

ਅਰਥ: (ਜੋ) ਪਰਮਾਤਮਾ (ਸਭ ਜੀਵਾਂ ਦਾ) ਮਾਲਕ ਹੈ, ਸਭ ਦਾ ਮੂਲ ਹੈ, ਹੋਂਦ ਵਾਲਾ ਹੈ, ਸਭ ਦਾ ਪਾਲਣ ਵਾਲਾ ਹੈ, ਉਹ ਹੁਣ) ਪਰਤੱਖ ਤੌਰ ਤੇ (ਗੁਰੂ ਰਾਮਦਾਸ ਜੀ ਦੇ) ਸਰੀਰ (ਵਿਚ ਪਰਗਟ) ਹੈ। (ਹੇ ਭਾਈ!) ਜਿਸ ਗੁਰੂ (ਰਾਮਦਾਸ) ਦੀ ਆਤਮਕ ਅਵਸਥਾ ਬਿਆਨ ਤੋਂ ਬਾਹਰ ਹੈ, ਜੋ ਸੰਸਾਰ-ਸਾਗਰ ਤੋਂ ਤਾਰਨ ਲਈ ਜਹਾਜ਼ ਹੈ, ਉਸ ਦੀ ਸੇਵਾ ਕਰੋ।

ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪਹਿ ਕਰਿ ਬਿਚਿਤਿ ਚਾਓ ॥ ਆਨੰਦੁ ਨਿਤ ਮੰਗਲੁ ਗੁਰ ਦਰਸਨੁ ਸਫਲੁ ਸੰਸਾਰਿ ॥ {ਪੰਨਾ 1401}

ਪਦ ਅਰਥ: ਜਿਹ = ਜਿਸ (ਗੁਰੂ) ਦੇ। ਬਿਚਿਤਿ = ਚਿੱਤ ਵਿਚ ਵਿਸ਼ੇਸ਼ ਕਰ ਕੇ। ਕਰਿ ਚਾਓ = ਉਤਸ਼ਾਹ ਨਾਲ। ਸੰਸਾਰਿ = ਸੰਸਾਰ ਵਿਚ। ਸਫਲੁ = ਫਲਦਾਇਕ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ।

ਅਰਥ: ਜਿਸ (ਗੁਰੂ) ਦੇ ਅੰਮ੍ਰਿਤ ਬਚਨਾਂ ਤੇ ਬਾਣੀ ਨੂੰ ਸੰਤ-ਜਨ ਹਿਰਦੇ ਵਿਚ ਵੱਡੇ ਉਤਸ਼ਾਹ ਨਾਲ ਜਪਦੇ ਹਨ ਤੇ ਸਦਾ ਆਨੰਦ ਮੰਗਲ (ਕਰਦੇ ਹਨ), ਉਸ ਗੁਰੂ ਦਾ ਦਰਸ਼ਨ ਸੰਸਾਰ ਵਿਚ (ਉੱਤਮ) ਫਲ ਦੇਣ ਵਾਲਾ ਹੈ।

ਸੰਸਾਰਿ ਸਫਲੁ ਗੰਗਾ ਗੁਰ ਦਰਸਨੁ ਪਰਸਨ ਪਰਮ ਪਵਿਤ੍ਰ ਗਤੇ ॥ ਜੀਤਹਿ ਜਮ ਲੋਕੁ ਪਤਿਤ ਜੇ ਪ੍ਰਾਣੀ ਹਰਿ ਜਨ ਸਿਵ ਗੁਰ ਗ੍ਯ੍ਯਾਨਿ ਰਤੇ ॥ {ਪੰਨਾ 1401}

ਪਦ ਅਰਥ: ਜੇ = ਜਿਹੜੇ। ਸਿਵ = ਕਲਿਆਣ-ਸਰੂਪ। ਗ੍ਯ੍ਯਾਨਿ = ਗਿਆਨ ਵਿਚ। ਰਤੇ = ਰੰਗੇ ਜਾ ਕੇ। ਹਰਿ ਜਨ = ਰੱਬ ਦੇ ਸੇਵਕ।

ਅਰਥ: ਸੰਸਾਰ ਵਿਚ ਸਤਿਗੁਰੂ ਦਾ ਦਰਸ਼ਨ ਗੰਗਾ ਵਾਂਗ ਸਫਲ ਹੈ। ਗੁਰੂ ਦੇ (ਚਰਨ) ਪਰਸਨ ਨਾਲ ਪਰਮ ਪਵਿਤ੍ਰ ਪਦਵੀ ਪ੍ਰਾਪਤ ਹੁੰਦੀ ਹੈ। ਜੋ ਮਨੁੱਖ (ਪਹਿਲਾਂ) ਪਤਿਤ ਭੀ (ਭਾਵ, ਗਿਰੇ ਹੋਏ ਆਚਰਨ ਵਾਲੇ) ਹੁੰਦੇ ਹਨ, ਉਹ ਕਲਿਆਨ-ਸਰੂਪ ਸਤਿਗੁਰੂ ਦੇ ਗਿਆਨ ਵਿਚ ਰੰਗੇ ਜਾ ਕੇ ਰੱਬ ਦੇ ਸੇਵਕ ਬਣ ਕੇ ਜਮ-ਲੋਕ ਨੂੰ ਜਿੱਤ ਲੈਂਦੇ ਹਨ, (ਭਾਵ, ਉਹਨਾਂ ਨੂੰ ਜਮਾਂ ਦਾ ਡਰ ਨਹੀਂ ਰਹਿੰਦਾ)।

ਰਘੁਬੰਸਿ ਤਿਲਕੁ ਸੁੰਦਰੁ ਦਸਰਥ ਘਰਿ ਮੁਨਿ ਬੰਛਹਿ ਜਾ ਕੀ ਸਰਣੰ ॥ ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸੁ ਤਾਰਣ ਤਰਣੰ ॥੨॥ {ਪੰਨਾ 1401-1402}

ਪਦ ਅਰਥ: ਰਘੁਬੰਸਿ = ਰਘੂ ਦੀ ਕੁਲ ਵਿਚ। ਤਿਲਕੁ = ਸ਼ਿਰੋਮਣੀ। ਦਸਰਥ ਘਰਿ = ਦਸਰਥ ਦੇ ਘਰ ਵਿਚ। ਬੰਛਹਿ = ਲੋਚਦੇ ਹਨ। ਜਾ ਕੀ = ਜਿਸ ਦੀ।

ਅਰਥ: ਰਘੂ ਦੀ ਕੁਲ ਵਿਚ ਦਸਰਥ ਦੇ ਘਰ ਵਿਚ ਸ਼ਿਰੋਮਣੀ ਤੇ ਸੁੰਦਰ (ਮੇਰੀਆਂ ਨਿਗਾਹਾਂ ਵਿਚ ਤਾਂ ਗੁਰੂ ਅਮਰਦਾਸ ਜੀ ਹੀ ਸਨ) ਜਿਨ੍ਹਾਂ ਦੀ ਸਰਨ ਆਉਣਾ (ਸਾਰੇ) ਮੁਨੀ ਲੋਚਦੇ ਹਨ। ਸ੍ਰੀ ਗੁਰੂ (ਰਾਮਦਾਸ ਜੀ) ਦੀ ਸੇਵਾ ਕਰੋ (ਸਰਨ ਪਵੋ) ਜਿਸ ਦੀ ਆਤਮਕ ਅਵਸਥਾ ਬਿਆਨ ਤੋਂ ਬਾਹਰ ਹੈ, ਤੇ ਜੋ ਤਾਰਣ ਲਈ ਜਹਾਜ਼ ਹੈ।2।

TOP OF PAGE

Sri Guru Granth Darpan, by Professor Sahib Singh