ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1398

ਸੇਜ ਸਧਾ ਸਹਜੁ ਛਾਵਾਣੁ ਸੰਤੋਖੁ ਸਰਾਇਚਉ ਸਦਾ ਸੀਲ ਸੰਨਾਹੁ ਸੋਹੈ ॥ ਗੁਰ ਸਬਦਿ ਸਮਾਚਰਿਓ ਨਾਮੁ ਟੇਕ ਸੰਗਾਦਿ ਬੋਹੈ ॥ {ਪੰਨਾ 1398}

ਪਦ ਅਰਥ: ਸਧਾ = ਸਰਧਾ, ਸਿਦਕ। ਸਹਜੁ = ਸ਼ਾਂਤੀ, ਟਿਕਾਉ, ਆਤਮਕ ਅਡੋਲਤਾ। ਛਾਵਾਣੁ = ਸ਼ਾਮਿਆਨਾ। ਸਰਾਇਚਉ = ਕਨਾਤ। ਸਦਾ ਸੀਲ = ਸਦਾ ਮਿੱਠੇ ਸੁਭਾਉ ਵਾਲਾ ਰਹਿਣਾ। ਸੰਨਾਹੁ = ਸੰਜੋਅ। ਸੋਹੈ = ਸੋਹਣਾ ਲੱਗਦਾ ਹੈ, ਸੋਭਦਾ ਹੈ। ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸਮਾਚਰਿਓ = ਕਮਾਇਆ ਹੈ। ਟੇਕ = (ਸਤਿਗੁਰੂ ਦਾ) ਆਸਰਾ। ਸੰਗਾਦਿ = ਸੰਗੀ ਆਦਿਕਾਂ ਨੂੰ। ਬੋਹੈ = ਸੁਗੰਧਿਤ ਕਰਦਾ ਹੈ।

ਅਰਥ: (ਗੁਰੂ ਰਾਮਦਾਸ ਜੀ ਨੇ) ਸਰਧਾ ਨੂੰ (ਪਰਮਾਤਮਾ ਲਈ) ਸੇਜ ਬਣਾਇਆ ਹੈ, (ਆਪ ਦੇ) ਹਿਰਦੇ ਦਾ ਟਿਕਾਉ ਸ਼ਾਮੀਆਨਾ ਹੈ, ਸੰਤੋਖ ਕਨਾਤ ਹੈ ਅਤੇ ਨਿੱਤ ਦਾ ਮਿੱਠਾ ਸੁਭਾਉ ਸੰਜੋਅ ਹੈ। ਗੁਰੂ (ਅਮਰਦਾਸ ਜੀ) ਦੇ ਸ਼ਬਦ ਦੀ ਬਰਕਤਿ ਨਾਲ (ਆਪ ਨੇ) ਨਾਮ ਕਮਾਇਆ ਹੈ, (ਗੁਰੂ ਦੀ) ਟੇਕ (ਆਪ ਦੇ) ਸੰਗੀ ਆਦਿਕਾਂ ਨੂੰ ਸੁਗੰਧਿਤ ਕਰ ਰਹੀ ਹੈ।

ਅਜੋਨੀਉ ਭਲ੍ਯ੍ਯੁ ਅਮਲੁ ਸਤਿਗੁਰ ਸੰਗਿ ਨਿਵਾਸੁ ॥ ਗੁਰ ਰਾਮਦਾਸ ਕਲ੍ਯ੍ਯੁਚਰੈ ਤੁਅ ਸਹਜ ਸਰੋਵਰਿ ਬਾਸੁ ॥੧੦॥ {ਪੰਨਾ 1398}

ਪਦ ਅਰਥ: ਅਜੋਨੀਉ = ਜੂਨਾਂ ਤੋਂ ਰਹਿਤ। ਭਲ੍ਯ੍ਯੁ = ਭਲਾ। ਅਮਲੁ = (ਅ-ਮਲੁ) ਨਿਰਮਲ, ਸੁੱਧ। ਤੁਅ = ਤੇਰਾ। ਬਾਸ = ਟਿਕਾਣਾ। ਸਹਜ ਸਰੋਵਰਿ = ਆਤਮਕ ਅਡੋਲਤਾ ਦੇ ਸਰ ਵਿਚ।

ਅਰਥ: ਗੁਰੂ ਰਾਮਦਾਸ ਜਨਮ (ਮਰਨ) ਤੋਂ ਰਹਿਤ ਹੈ, ਭਲਾ ਹੈ ਅਤੇ ਸੁੱਧ-ਆਤਮਾ ਹੈ। ਕਵੀ ਕਲ੍ਯ੍ਯਸਹਾਰ ਆਖਦਾ ਹੈ = 'ਹੇ ਗੁਰੂ ਰਾਮਦਾਸ! ਤੇਰਾ ਵਾਸ ਆਤਮਕ ਅਡੋਲਤਾ ਦੇ ਸਰੋਵਰ ਵਿਚ ਹੈ'।10।

ਗੁਰੁ ਜਿਨ੍ਹ੍ਹ ਕਉ ਸੁਪ੍ਰਸੰਨੁ ਨਾਮੁ ਹਰਿ ਰਿਦੈ ਨਿਵਾਸੈ ॥ ਜਿਨ੍ਹ੍ਹ ਕਉ ਗੁਰੁ ਸੁਪ੍ਰਸੰਨੁ ਦੁਰਤੁ ਦੂਰੰਤਰਿ ਨਾਸੈ ॥ {ਪੰਨਾ 1398}

ਪਦ ਅਰਥ: ਜਿਨ੍ਹ੍ਹ ਕਉ = ਜਿਨ੍ਹਾਂ ਮਨੁੱਖਾਂ ਉਤੇ। ਰਿਦੈ = (ਉਹਨਾਂ ਦੇ) ਰਿਹਦੇ ਵਿਚ। ਨਿਵਾਸੈ = ਵਸਾਉਂਦਾ ਹੈ। ਦੁਰਤੁ = ਪਾਪ। ਦੂਰੰਤਰਿ = ਦੂਰੋਂ ਹੀ।

ਅਰਥ: ਜਿਨ੍ਹਾਂ ਮਨੁੱਖਾਂ ਉਤੇ ਸਤਿਗੁਰੂ ਤ੍ਰੁੱਠਦਾ ਹੈ, (ਉਹਨਾਂ ਦੇ) ਹਿਰਦੇ ਵਿਚ ਅਕਾਲ ਪੁਰਖ ਦਾ ਨਾਮ ਵਸਾਉਂਦਾ ਹੈ। ਜਿਨ੍ਹਾਂ ਉਤੇ ਗੁਰੂ ਤ੍ਰੁਠਦਾ ਹੈ, (ਉਹਨਾਂ ਤੋਂ) ਪਾਪ ਦੂਰੋਂ ਹੀ (ਵੇਖ ਕੇ) ਭੱਜ ਜਾਂਦਾ ਹੈ।

ਗੁਰੁ ਜਿਨ੍ਹ੍ਹ ਕਉ ਸੁਪ੍ਰਸੰਨੁ ਮਾਨੁ ਅਭਿਮਾਨੁ ਨਿਵਾਰੈ ॥ ਜਿਨ੍ਹ੍ਹ ਕਉ ਗੁਰੁ ਸੁਪ੍ਰਸੰਨੁ ਸਬਦਿ ਲਗਿ ਭਵਜਲੁ ਤਾਰੈ ॥ {ਪੰਨਾ 1398}

ਪਦ ਅਰਥ: ਨਿਵਾਰੈ = ਦੂਰ ਕਰਦਾ ਹੈ। ਸਬਦਿ ਲਗਿ = ਸ਼ਬਦ ਵਿਚ ਜੁੜ ਕੇ। ਭਵਜਲੁ = ਸੰਸਾਰ-ਸਾਗਰ। ਤਾਰੈ = ਤਾਰ ਦੇਂਦਾ ਹੈ।

ਅਰਥ: ਜਿਨ੍ਹਾਂ ਉੱਤੇ ਸਤਿਗੁਰੂ ਖ਼ੁਸ਼ ਹੁੰਦਾ ਹੈ, ਉਹਨਾਂ ਮਨੁੱਖਾਂ ਦਾ ਅਹੰਕਾਰ ਦੂਰ ਕਰ ਦੇਂਦਾ ਹੈ। ਜਿਨ੍ਹਾਂ ਉੱਤੇ ਗੁਰੂ ਮਿਹਰ ਕਰਦਾ ਹੈ, ਉਹਨਾਂ ਮਨੁੱਖਾਂ ਨੂੰ ਸ਼ਬਦ ਵਿਚ ਜੋੜ ਕੇ ਇਸ ਸੰਸਾਰ-ਸਾਗਰ ਤੋਂ ਪਾਰ ਲੰਘਾ ਦੇਂਦਾ ਹੈ।

ਪਰਚਉ ਪ੍ਰਮਾਣੁ ਗੁਰ ਪਾਇਅਉ ਤਿਨ ਸਕਯਥਉ ਜਨਮੁ ਜਗਿ ॥ ਸ੍ਰੀ ਗੁਰੂ ਸਰਣਿ ਭਜੁ ਕਲ੍ਯ੍ਯ ਕਬਿ ਭੁਗਤਿ ਮੁਕਤਿ ਸਭ ਗੁਰੂ ਲਗਿ ॥੧੧॥ {ਪੰਨਾ 1398}

ਪਦ ਅਰਥ: ਪਰਚਉ = ਉਪਦੇਸ਼। ਪ੍ਰਮਾਣੁ = ਪ੍ਰਮਾਣੀਕ, ਮੰਨਿਆ-ਪ੍ਰਮੰਨਿਆ। ਗੁਰ = ਗੁਰੂ ਦਾ। ਤਿਨ ਜਨਮੁ = ਉਹਨਾਂ ਦਾ ਜਨਮ। ਸਕਯਥਉ = ਸਫਲ। ਜਗਿ = ਜਗਤ ਵਿਚ। ਭਜੁ = ਪਉ। ਕਲ੍ਯ੍ਯ ਕਬਿ = ਹੇ ਕਵੀ ਕਲ੍ਯ੍ਯਸਹਾਰ! ਭੁਗਤਿ = ਪਦਾਰਥ। ਗੁਰੂ ਲਗਿ = ਗੁਰੂ ਸ਼ਰਨ ਪਿਆਂ।

ਅਰਥ: ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦਾ ਪ੍ਰਮਾਣੀਕ ਉਪਦੇਸ਼ ਪ੍ਰਾਪਤ ਕੀਤਾ ਹੈ, ਉਹਨਾਂ ਦਾ ਜੰਮਣਾ ਜਗਤ ਵਿਚ ਸਫਲ ਹੋ ਗਿਆ ਹੈ। ਹੇ ਕਵੀ ਕਲ੍ਯ੍ਯਸਹਾਰ! ਸਤਿਗੁਰ ਦੀ ਸਰਨੀ ਪਉ, ਗੁਰੂ ਦੀ ਸਰਨੀ ਪਿਆਂ ਹੀ ਮੁਕਤੀ ਅਤੇ ਸਾਰੇ ਪਦਾਰਥ (ਮਿਲ ਸਕਦੇ ਹਨ)।11।

ਸਤਿਗੁਰਿ ਖੇਮਾ ਤਾਣਿਆ ਜੁਗ ਜੂਥ ਸਮਾਣੇ ॥ ਅਨਭਉ ਨੇਜਾ ਨਾਮੁ ਟੇਕ ਜਿਤੁ ਭਗਤ ਅਘਾਣੇ ॥ {ਪੰਨਾ 1398}

ਪਦ ਅਰਥ: ਸਤਿਗੁਰਿ = ਗੁਰੂ (ਰਾਮਦਾਸ ਜੀ) ਨੇ। ਖੇਮਾ = ਚੰਦੋਆ। ਜੁਗ ਜੂਥ = ਜੁਗਾਂ ਦੇ ਸਮੂਹ, ਸਾਰੇ ਜੁਗ। ਸਮਾਣੇ = ਸਮਾ ਗਏ ਹਨ (ਭਾਵ, ਚੰਦੋਏ ਦੇ ਹੇਠ ਆ ਗਏ ਹਨ)। ਅਨਭਉ = (अनुभव) ਗਿਆਨ। ਜਿਤੁ = ਜਿਸ ਦੀ ਰਾਹੀਂ। ਅਘਾਣੇ = ਰੱਜ ਗਏ ਹਨ।

ਅਰਥ: ਸਤਿਗੁਰੂ (ਰਾਮਦਾਸ ਜੀ) ਨੇ (ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ-ਰੂਪ) ਚੰਦੋਆ ਤਾਣਿਆ ਹੈ, ਸਾਰੇ ਜੁਗ (ਭਾਵ, ਸਾਰੇ ਜੁਗਾਂ ਦੇ ਜੀਵ) ਉਸ ਦੇ ਹੇਠ ਆ ਟਿਕੇ ਹਨ (ਭਾਵ, ਸਭ ਜੀਵ ਹਰਿ ਜਸ ਕਰਨ ਲੱਗ ਪਏ ਹਨ)। ਗਿਆਨ (ਆਪ ਦੇ ਹੱਥ ਵਿਚ) ਨੇਜਾ ਹੈ, ਅਕਾਲ ਪੁਰਖ ਦਾ ਨਾਮ (ਆਪ ਦਾ) ਆਸਰਾ ਹੈ, ਜਿਸ ਦੀ ਬਰਕਤਿ ਨਾਲ ਸਾਰੇ ਰੱਜ ਰਹੇ ਹਨ।

ਗੁਰੁ ਨਾਨਕੁ ਅੰਗਦੁ ਅਮਰੁ ਭਗਤ ਹਰਿ ਸੰਗਿ ਸਮਾਣੇ ॥ ਇਹੁ ਰਾਜ ਜੋਗ ਗੁਰ ਰਾਮਦਾਸ ਤੁਮ੍ਹ੍ਹ ਹੂ ਰਸੁ ਜਾਣੇ ॥੧੨॥ {ਪੰਨਾ 1398}

ਪਦ ਅਰਥ: ਹਰਿ ਸੰਗਿ = ਅਕਾਲ ਪੁਰਖ ਵਿਚ। ਸਮਾਣੇ = ਲੀਨ ਹੋ ਗਏ ਹਨ। ਗੁਰ ਰਾਮਦਾਸ = ਹੇ ਗੁਰੂ ਰਾਮਦਾਸ! ਤੁਮ੍ਹ੍ਹ ਹੂ = ਆਪ ਨੇ ਭੀ। ਰਾਜ ਜੋਗ ਰਸੁ = ਰਾਜ ਜੋਗ ਦਾ ਸੁਆਦ। ਜਾਣੇ = ਜਾਣਿਆ ਹੈ।

ਅਰਥ: (ਹਰਿ-ਨਾਮ ਰੂਪ ਟੇਕ ਦੀ ਬਰਕਤਿ ਨਾਲ) ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ ਅਤੇ ਹੋਰ ਭਗਤ ਅਕਾਲ ਪੁਰਖ ਵਿਚ ਲੀਨ ਹੋਏ ਹਨ। ਹੇ ਗੁਰੂ ਰਾਮਦਾਸ ਜੀ! ਆਪ ਨੇ ਭੀ ਰਾਜ ਜੋਗ ਦੇ ਇਸ ਸੁਆਦ ਨੂੰ ਪਛਾਣਿਆ ਹੈ।12।

ਜਨਕੁ ਸੋਇ ਜਿਨਿ ਜਾਣਿਆ ਉਨਮਨਿ ਰਥੁ ਧਰਿਆ ॥ ਸਤੁ ਸੰਤੋਖੁ ਸਮਾਚਰੇ ਅਭਰਾ ਸਰੁ ਭਰਿਆ ॥ {ਪੰਨਾ 1398}

ਪਦ ਅਰਥ: ਸੋਇ = ਉਹ ਹੈ। ਜਿਨਿ = ਜਿਸ ਨੇ। ਜਾਣਿਆ = (ਅਕਾਲ ਪੁਰਖ ਨੂੰ) ਪਛਾਣ ਲਿਆ ਹੈ। ਉਨਮਨਿ = ਉਨਮਨ ਵਿਚ, ਪੂਰਨ ਖਿੜਾਉ ਵਿਚ। ਰਥੁ = ਮਨ ਦਾ ਪ੍ਰਵਾਹ। ਧਰਿਆ = ਰੱਖਿਆ ਹੈ, ਟਿਕਾਇਆ ਹੈ। ਸਮਾਚਰੇ = ਇਕੱਤ੍ਰ ਕੀਤੇ ਹਨ, ਕਮਾਏ ਹਨ। ਅਭਰਾ = ਨਾਹ ਭਰਿਆ ਹੋਇਆ। ਸਰੁ = ਤਲਾਬ। ਅਭਰਾ ਸਰੁ = ਉਹ ਤਲਾਬ ਜੋ ਭਰਿਆ ਨਾਹ ਜਾ ਸਕੇ, ਨਾਹ ਰੱਜਣ ਵਾਲਾ ਮਨ। ਭਰਿਆ = ਪੂਰਨ ਕੀਤਾ, ਰਜਾਇਆ।

ਅਰਥ: ਜਨਕ ਉਹ ਹੈ ਜਿਸ ਨੇ (ਅਕਾਲ ਪੁਰਖ ਨੂੰ ਜਾਣ ਲਿਆ ਹੈ, ਜਿਸ ਨੇ ਆਪਣੇ ਮਨ ਦੀ ਬ੍ਰਿਤੀ ਨੂੰ ਪੂਰਨ ਖਿੜਾਉ ਵਿਚ ਟਿਕਾਇਆ ਹੋਇਆ ਹੈ, ਜਿਸ ਨੇ ਸਤ ਅਤੇ ਸੰਤੋਖ (ਆਪਣੇ ਅੰਦਰ) ਇਕੱਠੇ ਕੀਤੇ ਹਨ, ਅਤੇ ਜਿਸ ਨੇ ਇਸ ਨਾਹ ਰੱਜਣ ਵਾਲੇ ਮਨ ਨੂੰ ਤ੍ਰਿਪਤ ਕਰ ਲਿਆ ਹੈ।

ਅਕਥ ਕਥਾ ਅਮਰਾ ਪੁਰੀ ਜਿਸੁ ਦੇਇ ਸੁ ਪਾਵੈ ॥ ਇਹੁ ਜਨਕ ਰਾਜੁ ਗੁਰ ਰਾਮਦਾਸ ਤੁਝ ਹੀ ਬਣਿ ਆਵੈ ॥੧੩॥ {ਪੰਨਾ 1398}

ਪਦ ਅਰਥ: ਅਕਥ = ਜੋ ਵਰਣਨ ਨਾਹ ਕੀਤੀ ਜਾ ਸਕੇ। ਅਮਰਾ ਪੁਰੀ = ਸਦਾ ਅਟੱਲ ਰਹਿਣ ਵਾਲੀ ਪੁਰੀ, ਸਦਾ-ਥਿਰ ਰਹਿਣ ਵਾਲਾ ਟਿਕਾਣਾ, ਅਡੋਲ ਆਤਮਕ ਅਵਸਥਾ। ਅਕਥ ਕਥਾ ਅਮਰਾ ਪੁਰੀ = ਸਹਜ ਅਵਸਥਾ ਦੀ ਇਹ ਗੂਝ ਗੱਲ। ਜਿਸੁ = ਜਿਸ ਮਨੁੱਖ ਨੂੰ। ਦੇਇ = (ਅਕਾਲ ਪੁਰਖ) ਦੇਂਦਾ ਹੈ। ਬਣਿ ਆਵੈ = ਫਬਦਾ ਹੈ, ਸੋਭਦਾ ਹੈ।

ਅਰਥ: ਅਡੋਲ ਆਤਮਕ ਅਵਸਥਾ ਦੀ (ਭਾਵ, ਜਨਕ ਵਾਲੀ) ਇਹ (ਉਪ੍ਰੋਕਤ) ਗੂਝ ਗੱਲ ਜਿਸ ਮਨੁੱਖ ਨੂੰ ਅਕਾਲ ਪੁਰਖ ਬਖ਼ਸ਼ਦਾ ਹੈ, ਉਹੀ ਪ੍ਰਾਪਤ ਕਰਦਾ ਹੈ (ਭਾਵ, ਇਹੋ ਜਿਹੀ ਜਨਕ-ਪਦਵੀ ਹਰੇਕ ਨੂੰ ਨਹੀਂ ਮਿਲਦੀ)। ਹੇ ਗੁਰੂ ਰਾਮਦਾਸ! ਇਹ ਜਨਕ-ਰਾਜ ਤੈਨੂੰ ਹੀ ਸੋਭਦਾ ਹੈ (ਭਾਵ, ਇਸ ਆਤਮਕ ਅਡੋਲਤਾ ਦਾ ਤੂੰ ਹੀ ਅਧਿਕਾਰੀ ਹੈਂ)।13।

ਭੱਟ ਕਲ੍ਯ੍ਯਸਹਾਰ ਦੇ ਇਹ 13 ਸਵਈਏ ਹਨ।

ਸਤਿਗੁਰ ਨਾਮੁ ਏਕ ਲਿਵ ਮਨਿ ਜਪੈ ਦ੍ਰਿੜ੍ਹ੍ਹੁ ਤਿਨ੍ਹ੍ਹ ਜਨ ਦੁਖ ਪਾਪੁ ਕਹੁ ਕਤ ਹੋਵੈ ਜੀਉ ॥ ਤਾਰਣ ਤਰਣ ਖਿਨ ਮਾਤ੍ਰ ਜਾ ਕਉ ਦ੍ਰਿਸ੍ਟਿ ਧਾਰੈ ਸਬਦੁ ਰਿਦ ਬੀਚਾਰੈ ਕਾਮੁ ਕ੍ਰੋਧੁ ਖੋਵੈ ਜੀਉ ॥ {ਪੰਨਾ 1398}

ਪਦ ਅਰਥ: ਜਪੈ = (ਜੋ ਜੋ ਮਨੁੱਖ) ਜਪਦਾ ਹੈ। ਦ੍ਰਿੜੁ = ਸਿਦਕ ਨਾਲ, ਪੱਕੇ ਤੌਰ ਤੇ। ਮਨਿ = ਮਨ ਵਿਚ। ਏਕ ਲਿਵ = ਇਕਾਗ੍ਰ-ਚਿੱਤ ਹੋ ਕੇ, ਬ੍ਰਿਤੀ ਜੋੜ ਕੇ। ਤਿਨ੍ਹ੍ਹ ਜਨ = ਉਹਨਾਂ ਮਨੁੱਖਾਂ ਨੂੰ। ਕਹੁ = ਦੱਸੋ। ਕਤ = ਕਦੋਂ? ਦ੍ਰਿਸ੍ਟਿ ਧਾਰੈ = ਮਿਹਰ ਦੀ ਨਜ਼ਰ ਨਾਲ ਤੱਕਦਾ ਹੈ। ਰਿਦ = ਹਿਰਦੇ ਵਿਚ। ਖੋਵੈ = ਨਾਸ ਕਰ ਦੇਂਦਾ ਹੈ। ਤਾਰਣ ਤਰਣ = ਸੰਸਾਰ ਦੇ ਤਾਰਨ ਲਈ ਜਹਾਜ਼। ਤਰਣ = ਜਹਾਜ਼।

ਅਰਥ: ਜੋ ਜੋ ਮਨੁੱਖ ਸਤਿਗੁਰੂ ਦਾ ਨਾਮ ਬ੍ਰਿਤੀ ਜੋੜ ਕੇ ਮਨ ਵਿਚ ਸਰਧਾ ਨਾਲ ਜਪਦਾ ਹੈ, ਦੱਸੋ ਜੀ, ਉਹਨਾਂ ਨੂੰ ਕਲੇਸ਼ ਤੇ ਪਾਪ ਕਦੋਂ ਪੋਹ ਸਕਦਾ ਹੈ? (ਸਤਿਗੁਰੂ, ਜੋ) ਜਗਤ ਨੂੰ ਤਾਰਨ ਲਈ (ਮਾਨੋ) ਜਹਾਜ਼ (ਹੈ) ਜਿਸ ਮਨੁੱਖ ਉਤੇ ਖਿਨ ਭਰ ਲਈ ਭੀ ਮਿਹਰ ਦੀ ਨਜ਼ਰ ਕਰਦਾ ਹੈ, ਉਹ ਮਨੁੱਖ (ਗੁਰੂ ਦੇ) ਸ਼ਬਦ ਨੂੰ ਹਿਰਦੇ ਵਿਚ ਵਿਚਾਰਦਾ ਹੈ ਤੇ (ਆਪਣੇ ਅੰਦਰੋਂ) ਕਾਮ ਕ੍ਰੋਧ ਨੂੰ ਗੰਵਾ ਦੇਂਦਾ ਹੈ।

ਜੀਅਨ ਸਭਨ ਦਾਤਾ ਅਗਮ ਗ੍ਯ੍ਯਾਨ ਬਿਖ੍ਯ੍ਯਾਤਾ ਅਹਿਨਿਸਿ ਧ੍ਯ੍ਯਾਨ ਧਾਵੈ ਪਲਕ ਨ ਸੋਵੈ ਜੀਉ ॥ ਜਾ ਕਉ ਦੇਖਤ ਦਰਿਦ੍ਰੁ ਜਾਵੈ ਨਾਮੁ ਸੋ ਨਿਧਾਨੁ ਪਾਵੈ ਗੁਰਮੁਖਿ ਗ੍ਯ੍ਯਾਨਿ ਦੁਰਮਤਿ ਮੈਲੁ ਧੋਵੈ ਜੀਉ ॥ ਸਤਿਗੁਰ ਨਾਮੁ ਏਕ ਲਿਵ ਮਨਿ ਜਪੈ ਦ੍ਰਿੜੁ ਤਿਨ ਜਨ ਦੁਖ ਪਾਪ ਕਹੁ ਕਤ ਹੋਵੈ ਜੀਉ ॥੧॥ {ਪੰਨਾ 1398}

ਪਦ ਅਰਥ: ਜੀਅਨ ਸਭਨ = ਸਾਰੇ ਜੀਵਾਂ ਦਾ। ਅਗਮ = ਜਿਸ ਤਾਈਂ ਪਹੁੰਚ ਨਾਹ ਹੋ ਸਕੇ। ਬਿਖ੍ਯ੍ਯਾਤਾ = ਪਰਗਟ ਕਰਨ ਵਾਲਾ। ਅਹਿਨਿਸਿ = ਦਿਨ ਰਾਤ, ਹਰ ਵੇਲੇ। ਅਹਿ = ਦਿਨ। ਨਿਸਿ = ਰਾਤ। ਧਾਵੈ = ਧਾਰੇ। ਨ ਸੋਵੈ = ਗਾਫ਼ਲ ਨਹੀਂ ਹੁੰਦਾ। ਜਾ ਕਉ = ਜਿਸ ਮਨੁੱਖ ਦਾ। ਦੇਖਤ = (ਗੁਰੂ ਨੂੰ) ਵੇਖਦਿਆਂ। ਗ੍ਯ੍ਯਾਨਿ = (ਗੁਰੂ ਦੇ) ਗਿਆਨ ਦੀ ਰਾਹੀਂ।

ਅਰਥ: (ਸਤਿਗੁਰੂ ਰਾਮਦਾਸ) ਸਾਰੇ ਜੀਵਾਂ ਦਾ ਦਾਤਾ ਹੈ, ਅਗਮ ਹਰੀ ਦੇ ਗਿਆਨ ਦੇ ਪ੍ਰਗਟ ਕਰਨ ਵਾਲਾ ਹੈ; ਦਿਨ ਰਾਤ ਹਰੀ ਦਾ ਧਿਆਨ ਧਾਰਦਾ ਹੈ ਅਤੇ ਪਲਕ ਭਰ ਭੀ ਗ਼ਾਫਲ ਨਹੀਂ ਹੁੰਦਾ। ਜੋ ਗੁਰਮੁਖ (ਗੁਰੂ ਰਾਮਦਾਸ ਦੇ ਦਿੱਤੇ) ਗਿਆਨ ਦੀ ਰਾਹੀਂ ਆਪਣੀ ਦੁਰਮਤਿ ਦੀ ਮੈਲ ਧੋਂਦਾ ਹੈ, ਨਾਮ-ਰੂਪ ਖ਼ਜ਼ਾਨਾ ਹਾਸਲ ਕਰ ਲੈਂਦਾ ਹੈ ਅਤੇ ਉਸ ਦਾ ਦਲਿਦ੍ਰ ਆਪ ਦੇ ਦਰਸ਼ਨ ਕੀਤਿਆਂ ਦੂਰ ਹੋ ਜਾਂਦਾ ਹੈ। ਜੋ ਜੋ ਮਨੁੱਖ ਸਤਿਗੁਰੂ (ਰਾਮਦਾਸ) ਦਾ ਨਾਮ ਬ੍ਰਿਤੀ ਜੋੜ ਕੇ ਮਨ ਵਿਚ ਸਰਧਾ ਨਾਲ ਜਪਦਾ ਹੈ, ਦੱਸੋ ਜੀ, ਉਹਨਾਂ ਨੂੰ ਪਾਪ ਤੇ ਕਲੇਸ਼ ਕਦੋਂ ਪੋਹ ਸਕਦਾ ਹੈ?।1।

ਧਰਮ ਕਰਮ ਪੂਰੈ ਸਤਿਗੁਰੁ ਪਾਈ ਹੈ ॥ ਜਾ ਕੀ ਸੇਵਾ ਸਿਧ ਸਾਧ ਮੁਨਿ ਜਨ ਸੁਰਿ ਨਰ ਜਾਚਹਿ ਸਬਦ ਸਾਰੁ ਏਕ ਲਿਵ ਲਾਈ ਹੈ ॥ {ਪੰਨਾ 1398}

ਪਦ ਅਰਥ: ਪਾਈ ਹੈ = ਪਾਈਐ, ਪ੍ਰਾਪਤ ਕੀਤਿਆਂ, ਮਿਲਿਆਂ। ਜਾ ਕੀ = ਜਿਸ ਗੁਰੂ ਰਾਮਦਾਸ ਜੀ ਦੀ। ਜਾਚਹਿ = ਮੰਗਦੇ ਹਨ। ਸੁਰਿ = ਦੇਵਤੇ। ਸਾਰੁ = ਸ੍ਰੇਸ਼ਟ।

ਅਰਥ: ਪੂਰੇ ਗੁਰੂ (ਰਾਮਦਾਸ ਜੀ) ਨੂੰ ਮਿਲਿਆਂ ਸਾਰੇ ਧਰਮ ਕਰਮ (ਪ੍ਰਾਪਤ ਹੋ ਜਾਂਦੇ ਹਨ); ਸਿੱਧ, ਸਾਧ ਮੁਨੀ ਲੋਕ, ਦੇਵਤੇ ਤੇ ਮਨੁੱਖ ਇਸ (ਗੁਰੂ ਰਾਮਦਾਸ ਦੀ) ਸੇਵਾ ਮੰਗਦੇ ਹਨ, (ਆਪ ਦਾ) ਸ਼ਬਦ ਸ੍ਰੇਸ਼ਟ ਹੈ ਤੇ (ਆਪ ਨੇ) ਇਕ (ਅਕਾਲ ਪੁਰਖ) ਨਾਲ ਬ੍ਰਿਤੀ ਜੋੜੀ ਹੋਈ ਹੈ।

ਫੁਨਿ ਜਾਨੈ ਕੋ ਤੇਰਾ ਅਪਾਰੁ ਨਿਰਭਉ ਨਿਰੰਕਾਰੁ ਅਕਥ ਕਥਨਹਾਰੁ ਤੁਝਹਿ ਬੁਝਾਈ ਹੈ ॥ ਭਰਮ ਭੂਲੇ ਸੰਸਾਰ ਛੁਟਹੁ ਜੂਨੀ ਸੰਘਾਰ ਜਮ ਕੋ ਨ ਡੰਡ ਕਾਲ ਗੁਰਮਤਿ ਧ੍ਯ੍ਯਾਈ ਹੈ ॥ {ਪੰਨਾ 1398}

ਪਦ ਅਰਥ: ਕੋ = ਕੌਣ? ਤੇਰਾ = ਤੇਰਾ (ਅੰਤ)। ਕਥਨਹਾਰੁ = ਕਥਨ-ਜੋਗ। ਤੁਝਹਿ = ਤੈਨੂੰ ਹੀ। ਬੁਝਾਈ ਹੈ = ਸਮਝ ਆਈ ਹੈ, ਗਿਆਨ ਪ੍ਰਾਪਤ ਹੋਇਆ ਹੈ। ਸੰਸਾਰ = ਹੇ ਸੰਸਾਰ। ਹੇ ਸੰਸਾਰੀ ਜੀਵ! ਸੰਘਾਰ = ਮਰਨ, ਮੌਤ। ਛੁਟਹੁ = ਬਚ ਜਾਵੋ। ਡੰਡ ਕਾਲ = ਦੰਡ, ਸਜ਼ਾ, ਤਾੜਨਾ। ਧ੍ਯ੍ਯਾਈ ਹੈ = ਧਿਆਈਐ, ਸਿਮਰੀਏ।

ਅਰਥ: (ਹੇ ਗੁਰੂ ਰਾਮਦਾਸ!) ਕੌਣ ਤੇਰਾ (ਅੰਤ) ਪਾ ਸਕਦਾ ਹੈ? ਤੂੰ ਬੇਅੰਤ, ਨਿਰਭਉ ਨਿਰੰਕਾਰ (ਦਾ ਰੂਪ) ਹੈਂ। ਕਥਨ-ਜੋਗ ਅਕੱਥ ਹਰੀ ਦਾ ਗਿਆਨ ਤੈਨੂੰ ਹੀ ਮਿਲਿਆ ਹੈ। ਭਰਮਾਂ ਵਿਚ ਭੁੱਲੇ ਹੋਏ ਹੇ ਸੰਸਾਰੀ ਜੀਵ! ਗੁਰੂ (ਰਾਮਦਾਸ ਜੀ) ਦੀ ਮਤ ਲੈ ਕੇ (ਪ੍ਰਭੂ ਦਾ ਨਾਮ) ਸਿਮਰ, ਤੂੰ ਜਨਮ ਮਰਨ ਤੋਂ ਬਚ ਜਾਹਿਂਗਾ, ਤੇ ਜਮ ਦੀ ਭੀ ਤਾੜਨਾ ਨਹੀਂ ਹੋਵੇਗੀ।

ਮਨ ਪ੍ਰਾਣੀ ਮੁਗਧ ਬੀਚਾਰੁ ਅਹਿਨਿਸਿ ਜਪੁ ਧਰਮ ਕਰਮ ਪੂਰੈ ਸਤਿਗੁਰੁ ਪਾਈ ਹੈ ॥੨॥ {ਪੰਨਾ 1398}

ਪਦ ਅਰਥ: ਮੁਗਧ = ਮੂਰਖ। ਬੀਚਾਰੁ = ਸੋਚ ਕਰ। ਅਹਿਨਿਸਿ = ਦਿਨ ਰਾਤ, ਹਰ ਵੇਲੇ। ਜਪੁ = ਸਿਮਰ।

ਅਰਥ: ਹੇ ਮੂਰਖ ਮਨ! ਹੇ ਮੂਰਖ ਜੀਵ! ਵਿਚਾਰ ਕਰ ਤੇ ਦਿਨ ਰਾਤ (ਨਾਮ) ਸਿਮਰ। ਪੂਰੇ ਸਤਿਗੁਰੂ (ਰਾਮਦਾਸ ਜੀ) ਨੂੰ ਮਿਲਿਆਂ (ਸਾਰੇ) ਧਰਮ ਕਰਮ (ਪ੍ਰਾਪਤ ਹੋ ਜਾਂਦੇ ਹਨ)।2।

ਹਉ ਬਲਿ ਬਲਿ ਜਾਉ ਸਤਿਗੁਰ ਸਾਚੇ ਨਾਮ ਪਰ ॥ ਕਵਨ ਉਪਮਾ ਦੇਉ ਕਵਨ ਸੇਵਾ ਸਰੇਉ ਏਕ ਮੁਖ ਰਸਨਾ ਰਸਹੁ ਜੁਗ ਜੋਰਿ ਕਰ ॥ {ਪੰਨਾ 1398}

ਪਦ ਅਰਥ: ਹਉ = ਮੈਂ। ਬਲਿ ਬਲਿ ਜਾਉ = ਕੁਰਬਾਨ ਜਾਵਾਂ, ਸਦਕੇ ਹੋਵਾਂ। ਦੇਉ = ਮੈਂ ਦਿਆਂ। ਸਰੇਉ = ਮੈਂ ਕਰਾਂ। ਰਸਨਾ = ਜੀਭ ਨਾਲ। ਰਸਹੁ = ਜਪੋ। ਜੁਗ ਕਰ = ਦੋਵੇਂ ਹੱਥ। ਜੋਰਿ = ਜੋੜ ਕੇ। ਏਕ ਮੁਖ = ਸਨਮੁਖ ਹੋ ਕੇ।

ਅਰਥ: ਸੱਚੇ ਸਤਿਗੁਰੂ (ਰਾਮਦਾਸ ਜੀ) ਦੇ ਨਾਮ ਤੋਂ ਸਦਕੇ ਜਾਵਾਂ। ਮੈਂ ਕਿਹੜੀ ਉਪਮਾ ਦਿਆਂ (ਭਾਵ, ਕੀਹ ਆਖਾਂ ਕਿਹੋ ਜਿਹਾ ਹੈ), ਮੈਂ ਕਿਹੜੀ ਸੇਵਾ ਕਰਾਂ? (ਹੇ ਮੇਰੇ ਮਨ!) ਦੋਵੇਂ ਹੱਥ ਜੋੜ ਕੇ ਸਨਮੁਖ ਹੋ ਕੇ ਜੀਭ ਨਾਲ ਸਿਮਰ (ਬੱਸ, ਇਹੀ ਉਪਮਾ ਤੇ ਇਹੀ ਸੇਵਾ ਹੈ)।

TOP OF PAGE

Sri Guru Granth Darpan, by Professor Sahib Singh