ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1394

ਬਾਰਿਜੁ ਕਰਿ ਦਾਹਿਣੈ ਸਿਧਿ ਸਨਮੁਖ ਮੁਖੁ ਜੋਵੈ ॥ ਰਿਧਿ ਬਸੈ ਬਾਂਵਾਂਗਿ ਜੁ ਤੀਨਿ ਲੋਕਾਂਤਰ ਮੋਹੈ ॥ {ਪੰਨਾ 1394}

ਪਦ ਅਰਥ: ਬਾਰਿਜੁ = ਕਮਲ, ਪਦਮ। ਕਰਿ = ਹੱਥ ਵਿਚ। ਦਾਹਿਣੈ ਕਰਿ = ਸੱਜੇ ਹੱਥ ਵਿਚ। ਸਿਧਿ = ਸਿੱਧੀ। ਸਨਮੁਖ = ਸਾਮ੍ਹਣੇ ਹੋ ਕੇ। ਜੋਵੈ = ਤੱਕ ਰਹੀ ਹੈ। ਬਾਂਵਾਂਗਿ = ਖੱਬੇ ਅੰਗ ਵਿਚ। ਤੀਨਿ ਲੋਕਾਂਤਰ = ਤਿੰਨ ਲੋਕਾਂ ਨੂੰ। ਮੋਹੈ = ਮੋਹ ਰਹੀ ਹੈ।

ਅਰਥ: (ਗੁਰੂ ਅਮਰਦਾਸ ਜੀ ਦੇ) ਸੱਜੇ ਹੱਥ ਵਿਚ ਪਦਮ ਹੈ; ਸਿੱਧੀ (ਉਹਨਾਂ ਦੇ) ਮੂੰਹ ਨੂੰ ਸਾਹਮਣੇ ਹੋ ਕੇ ਤੱਕ ਰਹੀ ਹੈ; (ਆਪ ਦੇ) ਖੱਬੇ ਅੰਗ ਵਿਚ ਰਿੱਧੀ ਵੱਸ ਰਹੀ ਹੈ, ਜੋ ਤਿੰਨਾਂ ਲੋਕਾਂ ਨੂੰ ਮੋਂਹਦੀ ਹੈ।

ਰਿਦੈ ਬਸੈ ਅਕਹੀਉ ਸੋਇ ਰਸੁ ਤਿਨ ਹੀ ਜਾਤਉ ॥ ਮੁਖਹੁ ਭਗਤਿ ਉਚਰੈ ਅਮਰੁ ਗੁਰੁ ਇਤੁ ਰੰਗਿ ਰਾਤਉ ॥ {ਪੰਨਾ 1394}

ਪਦ ਅਰਥ: ਰਿਦੈ = ਹਿਰਦੇ ਵਿਚ। ਅਕਹੀਉ = ਜਿਸ ਦਾ ਵਰਨਣ ਨਹੀਂ ਹੋ ਸਕਦਾ। ਸੋਇ ਰਸੁ = ਉਹ ਆਨੰਦ। ਤਿਨ ਹੀ = ਤਿਨਿ ਹੀ, ਉਸਨੇ ਹੀ, ਉਸ (ਗੁਰੂ ਅਮਰਦਾਸ) ਨੇ ਹੀ। ਜਾਤਉ = ਜਾਣਿਆ ਹੈ। ਇਤੁ ਰੰਗਿ ਰਾਤਉ = ਇਸ ਰੰਗ ਵਿਚ ਰੱਤਾ ਹੋਇਆ।

ਅਰਥ: (ਗੁਰੂ ਅਮਰਦਾਸ ਜੀ ਦੇ) ਹਿਰਦੇ ਵਿਚ ਅਕੱਥ ਹਰੀ ਵੱਸ ਰਿਹਾ ਹੈ, ਇਸ ਆਨੰਦ ਨੂੰ ਉਸ (ਗੁਰੂ ਅਮਰਦਾਸ ਜੀ) ਨੇ ਆਪ ਹੀ ਜਾਣਿਆ ਹੈ। ਇਸ ਰੰਗ ਵਿਚ ਰੱਤਾ ਹੋਇਆ ਗੁਰੂ ਅਮਰਦਾਸ ਆਪਣੇ ਮੁਖ ਤੋਂ (ਅਕਾਲ ਪੁਰਖ ਦੀ) ਭਗਤੀ ਉਚਾਰ ਰਿਹਾ ਹੈ।

ਮਸਤਕਿ ਨੀਸਾਣੁ ਸਚਉ ਕਰਮੁ ਕਲ੍ਯ੍ਯ ਜੋੜਿ ਕਰ ਧ੍ਯ੍ਯਾਇਅਉ ॥ ਪਰਸਿਅਉ ਗੁਰੂ ਸਤਿਗੁਰ ਤਿਲਕੁ ਸਰਬ ਇਛ ਤਿਨਿ ਪਾਇਅਉ ॥੯॥ {ਪੰਨਾ 1394}

ਪਦ ਅਰਥ: ਮਸਤਕਿ = ਮੱਥੇ ਉੱਤੇ। ਸਚਉ ਕਰਮੁ = ਸੱਚੀ ਬਖ਼ਸ਼ਸ਼, ਸਦਾ ਕਾਇਮ ਰਹਿਣ ਵਾਲੀ ਬਖ਼ਸ਼ਸ਼। ਜੋੜਿ ਕਰ = ਹੱਥ ਜੋੜ ਕੇ (ਲਫ਼ਜ਼ 'ਕਰ' ਬਹੁ-ਵਚਨ)। ਧ੍ਯ੍ਯਾਇਅਉ = (ਗੁਰੂ ਅਮਰਦਾਸ ਜੀ ਨੂੰ) ਸਿਮਰਦਾ ਹੈ। ਪਰਸਿਅਉ = (ਜਿਸ ਨੇ) ਪਰਸਿਆ ਹੈ। ਸਤਿਗੁਰ ਤਿਲਕੁ = ਸ਼ਿਰੋਮਣੀ ਗੁਰੂ। ਤਿਨਿ = ਉਸ (ਮਨੁੱਖ) ਨੇ।

ਅਰਥ: (ਗੁਰੂ ਅਮਰਦਾਸ ਜੀ ਦੇ) ਮੱਥੇ ਉੱਤੇ (ਪਰਮਾਤਮਾ ਦੀ) ਸੱਚੀ ਬਖ਼ਸ਼ਸ਼-ਰੂਪ ਨਿਸ਼ਾਨ ਹੈ। ਹੇ ਕਲ੍ਯ੍ਯ ਕਵੀ! ਹੱਥ ਜੋੜ ਕੇ (ਇਸ ਸਤਿਗੁਰੂ ਨੂੰ) ਜਿਸ ਮਨੁੱਖ ਨੇ ਧਿਆਇਆ ਹੈ ਤੇ ਇਸ ਸ਼ਿਰੋਮਣੀ ਸਤਿਗੁਰੂ ਨੂੰ ਪਰਸਿਆ ਹੈ, ਉਸ ਨੇ ਆਪਣੀਆਂ ਸਾਰੀਆਂ ਮਨੋ-ਕਾਮਨਾਂ ਪਾ ਲਈਆਂ ਹਨ।9।

ਨੋਟ = ਇਹ 9 ਸਵਈਏ ਭੱਟ ਕਲ੍ਯ੍ਯਸਹਾਰ (ਕਲ੍ਯ੍ਯ) ਨੇ ਉਚਾਰੇ ਹਨ।

ਚਰਣ ਤ ਪਰ ਸਕਯਥ ਚਰਣ ਗੁਰ ਅਮਰ ਪਵਲਿ ਰਯ ॥ ਹਥ ਤ ਪਰ ਸਕਯਥ ਹਥ ਲਗਹਿ ਗੁਰ ਅਮਰ ਪਯ ॥ {ਪੰਨਾ 1394}

ਪਦ ਅਰਥ: ਤ = ਤਾਂ। ਪਰ = ਭਲੀ ਪ੍ਰਕਾਰ, ਚੰਗੀ ਤਰ੍ਹਾਂ। ਸਕਯਥ = ਸਕਾਰਥੇ, ਸਫਲ। ਚਰਣ = (ਜੋ) ਚਰਨ। ਗੁਰ ਅਮਰ ਪਵਲਿ = ਗੁਰ ਅਮਰ (ਦਾਸ ਜੀ) ਦੇ ਰਾਹ ਵਿਚ। ਰਯ = ਰਫ਼ਤਾਰ, ਚਾਲ। ਚਰਣ ਰਯ = ਜਿਨ੍ਹਾਂ ਚਰਣਾਂ ਦੀ ਚਾਲ ਹੈ (ਭਾਵ, ਜੋ ਚਰਣ ਚੱਲਦੇ ਹਨ)। ਗੁਰ ਅਮਰ ਪਯ = ਗੁਰੂ ਅਮਰਦਾਸ ਜੀ ਦੇ ਪੈਰਾਂ ਉੱਤੇ।

ਅਰਥ: ਉਹੀ ਚਰਨ ਚੰਗੀ ਤਰ੍ਹਾਂ ਸਕਾਰਥੇ ਹਨ, ਜੋ ਚਰਨ ਗੁਰੂ ਅਮਰਦਾਸ ਜੀ ਦੇ ਰਾਹ ਤੇ ਤੁਰਦੇ ਹਨ। ਉਹੀ ਹੱਥ ਸਫਲੇ ਹਨ, ਜੋ ਹੱਥ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਲੱਗਦੇ ਹਨ।

ਜੀਹ ਤ ਪਰ ਸਕਯਥ ਜੀਹ ਗੁਰ ਅਮਰੁ ਭਣਿਜੈ ॥ ਨੈਣ ਤ ਪਰ ਸਕਯਥ ਨਯਣਿ ਗੁਰੁ ਅਮਰੁ ਪਿਖਿਜੈ ॥ {ਪੰਨਾ 1394}

ਪਦ ਅਰਥ: ਜੀਹ = ਜੀਭ। ਗੁਰ ਅਮਰੁ = ਗੁਰੂ ਅਮਰਦਾਸ ਜੀ ਨੂੰ। ਭਣਿਜੈ = ਉਚਾਰਦੀ ਹੈ, ਸਲਾਹੁੰਦੀ ਹੈ। ਨੈਣ = ਅੱਖਾਂ। ਨਯਣਿ = ਨੈਣੀਂ, ਅੱਖੀਂ, ਅੱਖਾਂ ਨਾਲ। ਪਿਖਿਜੈ = ਵੇਖੀਏ।

ਅਰਥ: ਉਹੀ ਜੀਭ ਸਕਾਰਥੀ ਹੈ, ਜੋ ਗੁਰੂ ਅਮਰਦਾਸ ਜੀ ਨੂੰ ਸਲਾਹੁੰਦੀ ਹੈ। ਉਹੀ ਅੱਖਾਂ ਸਫਲ ਹਨ ਜਿਨ੍ਹਾਂ ਅੱਖਾਂ ਨਾਲ ਗੁਰੂ ਅਮਰਦਾਸ ਜੀ ਨੂੰ ਵੇਖੀਏ।

ਸ੍ਰਵਣ ਤ ਪਰ ਸਕਯਥ ਸ੍ਰਵਣਿ ਗੁਰੁ ਅਮਰੁ ਸੁਣਿਜੈ ॥ {ਪੰਨਾ 1394}

ਪਦ ਅਰਥ: ਸ੍ਰਵਣ = ਕੰਨ। ਸ੍ਰਵਣਿ = ਸ੍ਰਵਣੀਂ, ਕੰਨੀਂ, ਕੰਨਾਂ ਨਾਲ। ਗੁਰੁ ਅਮਰੁ = ਗੁਰੂ ਅਮਰਦਾਸ ਜੀ ਨੂੰ (ਭਾਵ, ਗੁਰੂ ਅਮਰਦਾਸ ਜੀ ਦੀ ਸੋਭਾ ਨੂੰ)। ਸੁਣਿਜੈ = ਸੁਣੀਏ।

ਅਰਥ: ਉਹੀ ਕੰਨ ਸਫਲ ਹਨ, ਜਿਨ੍ਹਾਂ ਕੰਨਾਂ ਨਾਲ ਗੁਰੂ ਅਮਰਦਾਸ ਜੀ ਦੀ ਸੋਭਾ ਸੁਣੀ ਜਾਂਦੀ ਹੈ।

ਸਕਯਥੁ ਸੁ ਹੀਉ ਜਿਤੁ ਹੀਅ ਬਸੈ ਗੁਰ ਅਮਰਦਾਸੁ ਨਿਜ ਜਗਤ ਪਿਤ ॥ ਸਕਯਥੁ ਸੁ ਸਿਰੁ ਜਾਲਪੁ ਭਣੈ ਜੁ ਸਿਰੁ ਨਿਵੈ ਗੁਰ ਅਮਰ ਨਿਤ ॥੧॥੧੦॥ {ਪੰਨਾ 1394}

ਨੋਟ: ਜਾਲਪ ਭੱਟ ਦਾ ਇਹ ਪਹਿਲਾ ਸਵਈਆ ਹੈ। ਕੁੱਲ ਜੋੜ 10 ਹੈ।

ਪਦ ਅਰਥ: ਹੀਉ = ਹਿਰਦਾ। ਜਿਤੁ ਹੀਅ = ਜਿਸ ਹਿਰਦੇ ਵਿਚ। ਨਿਜ = ਆਪਣਾ। ਜਗਤ ਪਿਤ = ਜਗਤ ਦਾ ਪਿਤਾ। ਜਾਲਪੁ ਭਣੈ = ਜਾਲਪ (ਕਵੀ) ਆਖਦਾ ਹੈ। ਨਿਤ = ਸਦਾ।

ਅਰਥ: ਉਹੀ ਹਿਰਦਾ ਸਕਾਰਥਾ ਹੈ, ਜਿਸ ਹਿਰਦੇ ਵਿਚ ਜਗਤ ਦਾ ਪਿਤਾ ਪਿਆਰਾ ਗੁਰੂ ਅਮਰਦਾਸ ਜੀ ਵੱਸਦਾ ਹੈ। ਜਾਲਪ ਕਵੀ ਆਖਦਾ ਹੈ = "ਉਹੀ ਸਿਰ ਸਫਲ ਹੈ, ਜੋ ਸਿਰ ਸਦਾ ਗੁਰੂ ਅਮਰਦਾਸ ਜੀ ਦੇ ਅੱਗੇ ਨਿਊਂਦਾ ਹੈ"।1।10।

ਤਿ ਨਰ ਦੁਖ ਨਹ ਭੁਖ ਤਿ ਨਰ ਨਿਧਨ ਨਹੁ ਕਹੀਅਹਿ ॥ ਤਿ ਨਰ ਸੋਕੁ ਨਹੁ ਹੂਐ ਤਿ ਨਰ ਸੇ ਅੰਤੁ ਨ ਲਹੀਅਹਿ ॥ {ਪੰਨਾ 1394}

ਪਦ ਅਰਥ: ਤਿ ਨਰ = ਉਹਨਾਂ ਮਨੁੱਖਾਂ ਨੂੰ। ਨਿਧਨ = ਨਿਰਧਨ, ਕੰਗਾਲ। ਨਹੁ = ਨਹੀਂ। ਕਹੀਅਹਿ = ਕਹੇ ਜਾ ਸਕਦੇ। ਸੋਕ = ਚਿੰਤਾ। ਹੂਐ = ਹੁੰਦਾ। ਤਿ ਨਰ ਸੇ = ਉਹ ਮਨੁੱਖ ਐਸੇ ਹਨ ਕਿ।

ਅਰਥ: ਉਹਨਾਂ ਮਨੁੱਖਾਂ ਨੂੰ ਨਾਹ ਕੋਈ ਦੁੱਖ ਹੈ ਨਾਹ ਭੁੱਖ, ਉਹ ਮਨੁੱਖ ਕੰਗਾਲ ਨਹੀਂ ਕਹੇ ਜਾ ਸਕਦੇ; ਉਹਨਾਂ ਮਨੁੱਖਾਂ ਨੂੰ ਕੋਈ ਚਿੰਤਾ ਨਹੀਂ ਵਿਆਪਦੀ; ਉਹ ਮਨੁੱਖ ਅਜਿਹੇ ਹਨ ਕਿ ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਤਿ ਨਰ ਸੇਵ ਨਹੁ ਕਰਹਿ ਤਿ ਨਰ ਸਯ ਸਹਸ ਸਮਪਹਿ ॥ ਤਿ ਨਰ ਦੁਲੀਚੈ ਬਹਹਿ ਤਿ ਨਰ ਉਥਪਿ ਬਿਥਪਹਿ ॥ {ਪੰਨਾ 1394}

ਪਦ ਅਰਥ: ਸੇਵ = ਮੁਥਾਜੀ। ਨਹੁ ਕਰਹਿ = ਨਹੀਂ ਕਰਦੇ। ਸਯ ਸਹਸ = ਸੈਂਕੜੇ ਹਜ਼ਾਰਾਂ (ਪਦਾਰਥ)। ਸਮਪਹਿ = ਸਮੱਪਹਿ, ਸਮਰਪਨ ਕਰਦੇ ਹਨ, ਦੇਂਦੇ ਹਨ। ਦੁਲੀਚੈ = ਗਲੀਚੇ ਉੱਤੇ। ਉਥਪਿ = (ਔਗੁਣਾਂ ਨੂੰ ਹਿਰਦੇ ਵਿਚੋਂ) ਪੁੱਟ ਕੇ। ਬਿਥਪਹਿ = (ਸ਼ੁਭ ਗੁਣਾਂ ਨੂੰ ਹਿਰਦੇ ਵਿਚ) ਟਿਕਾਉਂਦੇ ਹਨ।

ਅਰਥ: ਉਹ ਮਨੁੱਖ ਕਿਸੇ ਦੀ ਮੁਥਾਜੀ ਨਹੀਂ ਕਰਦੇ, ਉਹ ਮਨੁੱਖ (ਤਾਂ ਆਪ) ਸੈਂਕੜੇ ਹਜ਼ਾਰਾਂ (ਪਦਾਰਥ ਹੋਰਨਾਂ ਮਨੁੱਖਾਂ ਨੂੰ) ਦੇਂਦੇ ਹਨ; ਗ਼ਲੀਚੇ ਤੇ ਬੈਠਦੇ ਹਨ (ਭਾਵ, ਰਾਜ ਮਾਣਦੇ ਹਨ) ਅਤੇ ਉਹ ਮਨੁੱਖ (ਔਗੁਣਾਂ ਨੂੰ ਹਿਰਦੇ ਵਿਚੋਂ) ਪੁੱਟ ਕੇ (ਸ਼ੁਭ ਗੁਣਾਂ ਨੂੰ ਹਿਰਦੇ ਵਿਚ) ਟਿਕਾਉਂਦੇ ਹਨ।

ਸੁਖ ਲਹਹਿ ਤਿ ਨਰ ਸੰਸਾਰ ਮਹਿ ਅਭੈ ਪਟੁ ਰਿਪ ਮਧਿ ਤਿਹ ॥ ਸਕਯਥ ਤਿ ਨਰ ਜਾਲਪੁ ਭਣੈ ਗੁਰ ਅਮਰਦਾਸੁ ਸੁਪ੍ਰਸੰਨੁ ਜਿਹ ॥੨॥੧੧॥ {ਪੰਨਾ 1394}

ਪਦ ਅਰਥ: ਲਹਹਿ = ਲੈਂਦੇ ਹਨ। ਅਭੈ ਪਟੁ = ਅਭੈਤਾ (ਨਿਰਭੈਤਾ) ਦਾ ਬਸਤ੍ਰ (ਓਢੀ ਰੱਖਦੇ ਹਨ)। ਰਿਪੁ = ਵੈਰੀ (ਕਾਮਾਦਿਕ)। ਰਿਪ ਮਧਿ = (ਕਾਮਾਦਿਕ) ਵੈਰੀਆਂ ਦੇ ਵਿਚਕਾਰ। ਤਿਹ = ਉਹ ਮਨੁੱਖ। ਸਕਯਥ = ਸਫਲ। ਜਿਹ = ਜਿਨ੍ਹਾਂ ਉਤੇ।

ਅਰਥ: ਉਹ ਮਨੁੱਖ ਸੰਸਾਰ ਵਿਚ ਸੁਖ ਮਾਣਦੇ ਹਨ, (ਕਾਮਾਦਿਕ) ਵੈਰੀਆਂ ਦੇ ਵਿਚ ਨਿਰਭੈਤਾ ਦਾ ਬਸਤ੍ਰ ਪਾਈ ਰੱਖਦੇ ਹਨ (ਭਾਵ, ਨਿਰਭੈ ਰਹਿੰਦੇ ਹਨ)। ਜਾਲਪ ਕਵੀ ਆਖਦਾ ਹੈ = "ਜਿਨ੍ਹਾਂ ਮਨੁੱਖਾਂ ਉਤੇ ਗੁਰੂ ਅਮਰਦਾਸ ਜੀ ਪ੍ਰਸੰਨ ਹਨ, ਉਹ ਮਨੁੱਖ ਸਫਲ ਹਨ (ਭਾਵ, ਉਹਨਾਂ ਦਾ ਜਨਮ ਸਫਲਾ ਹੈ)"।2।11।

ਤੈ ਪਢਿਅਉ ਇਕੁ ਮਨਿ ਧਰਿਅਉ ਇਕੁ ਕਰਿ ਇਕੁ ਪਛਾਣਿਓ ॥ ਨਯਣਿ ਬਯਣਿ ਮੁਹਿ ਇਕੁ ਇਕੁ ਦੁਹੁ ਠਾਂਇ ਨ ਜਾਣਿਓ ॥ {ਪੰਨਾ 1394}

ਪਦ ਅਰਥ: ਤੈ = ਤੂੰ (ਹੇ ਗੁਰੂ ਅਮਰਦਾਸ!) ਇਕੁ = ਇਕ ਅਕਾਲ ਪੁਰਖ ਨੂੰ। ਮਨਿ = ਮਨ ਵਿਚ। ਕਰਿ ਇਕੁ = ਅਕਾਲ ਪੁਰਖ ਨੂੰ ਉਪਮਾ-ਰਹਿਤ ਜਾਣ ਕੇ, ਇਹ ਜਾਣ ਕੇ ਕਿ ਅਕਾਲ ਪੁਰਖ ਤੋਂ ਬਿਨਾ ਹੋਰ ਕੋਈ ਨਹੀਂ ਹੈ। ਨਯਣਿ = ਅੱਖ ਵਿਚ। ਬਯਣਿ = ਬਚਨ ਵਿਚ। ਮੁਹਿ = ਮੂੰਹ ਵਿਚ। ਇਕੁ ਇਕੁ = ਕੇਵਲ ਇੱਕ ਅਕਾਲ ਪੁਰਖ। ਦੁਹੁ = ਦੂਜਾ-ਪਨ, ਦ੍ਵੈਤ। ਠਾਂਇ = (ਹਿਰਦੇ-ਰੂਪ) ਥਾਂ ਵਿਚ।

ਅਰਥ: (ਹੇ ਗੁਰੂ ਅਮਰਦਾਸ!) ਤੂੰ ਇਕ ਅਕਾਲ ਪੁਰਖ ਨੂੰ ਹੀ ਪੜ੍ਹਿਆ ਹੈ, ਤੂੰ (ਆਪਣੇ) ਮਨ ਵਿਚ ਇੱਕ ਨੂੰ ਹੀ ਸਿਮਰਿਆ ਹੈ, ਅਤੇ ਇਹੀ ਨਿਸਚੇ ਕੀਤਾ ਹੈ ਕਿ ਅਕਾਲ ਪੁਰਖ ਆਪ ਹੀ ਆਪ ਹੈ (ਭਾਵ, ਕੋਈ ਦੂਜਾ ਉਸ ਜਿਹਾ ਨਹੀਂ ਹੈ); (ਤੇਰੀ) ਦ੍ਰਿਸ਼ਟੀ ਵਿਚ, (ਤੇਰੇ) ਬਚਨ ਵਿਚ, ਅਤੇ (ਤੇਰੇ) ਮੂੰਹ ਵਿਚ ਕੇਵਲ ਅਕਾਲ ਪੁਰਖ ਹੀ ਅਕਾਲ ਪੁਰਖ ਹੈ, ਤੂੰ ਦੂਜਾ-ਪਨ ਨੂੰ (ਭਾਵ, ਇਸ ਖ਼ਿਆਲ ਨੂੰ ਕਿ ਅਕਾਲ ਪੁਰਖ ਤੋਂ ਬਿਨਾਂ ਕੋਈ ਹੋਰ ਭੀ ਦੂਜਾ ਹੈ) ਆਪਣੇ ਹਿਰਦੇ ਵਿਚ ਜਾਤਾ ਹੀ ਨਹੀਂ ਹੈ।

ਸੁਪਨਿ ਇਕੁ ਪਰਤਖਿ ਇਕੁ ਇਕਸ ਮਹਿ ਲੀਣਉ ॥ ਤੀਸ ਇਕੁ ਅਰੁ ਪੰਜਿ ਸਿਧੁ ਪੈਤੀਸ ਨ ਖੀਣਉ ॥ {ਪੰਨਾ 1394}

ਪਦ ਅਰਥ: ਸੁਪਨਿ = ਸੁਫਨੇ ਵਿਚ। ਪਰਤਖਿ = ਪਰਤੱਖ ਤੌਰ ਤੇ, ਜਾਗਦੇ ਹੋਇਆਂ। ਤੀਸ = ਤੀਹ (ਦਿਨਾਂ ਵਿਚ, ਭਾਵ, ਮਹੀਨੇ ਸਾਲ ਸਦੀਆਂ ਜੁਗਾਂ ਵਿਚ)। ਪੰਜਿ = ਪੰਜਾਂ ਤੱਤਾਂ ਦੇ ਸਮੂਹ ਵਿਚ (ਭਾਵ, ਸਾਰੀ ਸ੍ਰਿਸ਼ਟੀ ਵਿਚ)। ਸਿਧੁ = ਪ੍ਰਗਟ, ਜ਼ਾਹਰਾ-ਜ਼ਹੂਰ ਹਰੀ। ਪੈਤੀਸ = ਪੈਂਤੀ ਅੱਖਰਾਂ ਵਿਚ (ਭਾਵ, ਬਾਣੀ ਵਿਚ)। ਨ ਖੀਣਉ = ਜੋ ਖੀਣ ਨਹੀਂ ਹੈ, ਜੋ ਨਾਸ ਹੋਣ ਵਾਲਾ ਨਹੀਂ ਹੈ, ਅਬਿਨਾਸ਼ੀ ਅਕਾਲ ਪੁਰਖ।

ਅਰਥ: ਜੋ ਅਕਾਲ ਪੁਰਖ ਤ੍ਰੀਹਾਂ (ਦਿਨਾਂ ਵਿਚ, ਭਾਵ, ਮਹੀਨੇ ਸਾਲ ਸਦੀਆਂ ਜੁਗਾਂ ਵਿਚ ਸਦਾ ਹਰ ਸਮੇਂ) ਵਿਚ ਇਕੋ ਹੀ ਹੈ, ਜੋ ਅਕਾਲ ਪੁਰਖ ਪੰਜਾਂ ਤੱਤਾਂ ਦੇ ਸਮੂਹ ਵਿਚ (ਭਾਵ, ਸਾਰੇ ਜਗਤ ਵਿਚ) ਪਰਗਟ ਹੈ, ਜੋ ਅਬਿਨਾਸ਼ੀ ਪ੍ਰਭੂ ਪੈਂਤੀ (ਅੱਖਰਾਂ ਵਿਚ, ਭਾਵ, ਸਾਰੀ ਹੀ ਬਾਣੀ ਵਿਚ ਜੋ ਇਹਨਾਂ ਅੱਖਰਾਂ ਦੁਆਰਾ ਲਿਖਤ ਵਿਚ ਆਈ ਹੈ) ਮੌਜੂਦ ਹੈ, ਉਸ ਇੱਕ ਨੂੰ, (ਹੇ ਗੁਰੂ ਅਮਰਦਾਸ!) ਤੂੰ ਸੁਫ਼ਨੇ ਵਿਚ ਭੀ ਅਤੇ ਜਾਗਦਿਆਂ ਭੀ (ਸਿਮਰਦਾ ਹੈਂ), ਤੂੰ ਉਸ ਇੱਕ ਵਿਚ ਹੀ (ਸਦਾ) ਲੀਨ ਰਹਿੰਦਾ ਹੈਂ।

ਇਕਹੁ ਜਿ ਲਾਖੁ ਲਖਹੁ ਅਲਖੁ ਹੈ ਇਕੁ ਇਕੁ ਕਰਿ ਵਰਨਿਅਉ ॥ ਗੁਰ ਅਮਰਦਾਸ ਜਾਲਪੁ ਭਣੈ ਤੂ ਇਕੁ ਲੋੜਹਿ ਇਕੁ ਮੰਨਿਅਉ ॥੩॥੧੨॥ {ਪੰਨਾ 1394}

ਪਦ ਅਰਥ: ਇਕਹੁ = ਇਕ (ਅਕਾਲ ਪੁਰਖ) ਤੋਂ। ਲਾਖੁ = ਲੱਖਾਂ ਜੀਵ। ਲਖਹੁ = ਲੱਖਾਂ ਜੀਆਂ ਤੋਂ। ਅਲਖੁ = ਜੋ ਨਾਹ ਲਖਿਆ ਜਾ ਸਕੇ। ਵਰਨਿਅਉ = ਤੂੰ ਵਰਣਨ ਕੀਤਾ ਹੈ। ਗੁਰ ਅਮਰਦਾਸ = ਹੇ ਗੁਰੂ ਅਮਰਦਾਸ! ਲੋੜਹਿ = ਲੋਚਦਾ ਹੈਂ।

ਅਰਥ: ਜਿਸ ਇੱਕ ਹਰੀ ਤੋਂ ਲੱਖਾਂ ਜੀਵ ਬਣੇ ਹਨ, ਅਤੇ ਜੋ ਇਹਨਾਂ ਲੱਖਾਂ ਜੀਆਂ ਦੀ ਸਮਝ ਤੋਂ ਪਰੇ ਹੈ, ਉਸ ਇੱਕ ਨੂੰ (ਹੇ ਗੁਰੂ ਅਮਰਦਾਸ!) ਤੂੰ ਇੱਕ (ਅਦੁਤੀ) ਕਰਕੇ ਹੀ ਵਰਣਨ ਕੀਤਾ ਹੈ। ਜਾਲਪ ਭੱਟ ਆਖਦਾ ਹੈ = "ਹੇ ਗੁਰੂ ਅਮਰਦਾਸ! ਤੂੰ ਇੱਕ ਅਕਾਲ ਪੁਰਖ ਨੂੰ ਹੀ ਮੰਗਦਾ ਹੈਂ ਅਤੇ ਇੱਕ ਨੂੰ ਹੀ ਮੰਨਦਾ ਹੈਂ"।3।12।

ਜਿ ਮਤਿ ਗਹੀ ਜੈਦੇਵਿ ਜਿ ਮਤਿ ਨਾਮੈ ਸੰਮਾਣੀ ॥ ਜਿ ਮਤਿ ਤ੍ਰਿਲੋਚਨ ਚਿਤਿ ਭਗਤ ਕੰਬੀਰਹਿ ਜਾਣੀ ॥ ਰੁਕਮਾਂਗਦ ਕਰਤੂਤਿ ਰਾਮੁ ਜੰਪਹੁ ਨਿਤ ਭਾਈ ॥ ਅੰਮਰੀਕਿ ਪ੍ਰਹਲਾਦਿ ਸਰਣਿ ਗੋਬਿੰਦ ਗਤਿ ਪਾਈ ॥ ਤੈ ਲੋਭੁ ਕ੍ਰੋਧੁ ਤ੍ਰਿਸਨਾ ਤਜੀ ਸੁ ਮਤਿ ਜਲ੍ਯ੍ਯ ਜਾਣੀ ਜੁਗਤਿ ॥ ਗੁਰੁ ਅਮਰਦਾਸੁ ਨਿਜ ਭਗਤੁ ਹੈ ਦੇਖਿ ਦਰਸੁ ਪਾਵਉ ਮੁਕਤਿ ॥੪॥੧੩॥ {ਪੰਨਾ 1394}

ਪਦ ਅਰਥ: ਜਿ = ਜਿਹੜੀ। ਗਹੀ = ਲਈ, ਸਿੱਖੀ। ਜੈਦੇਵਿ = ਜੈਦੇਵ ਨੇ। ਨਾਮੈ = ਨਾਮਦੇਵ ਵਿਚ। ਸੰਮਾਣੀ = ਸਮਾਈ ਹੋਈ ਸੀ, ਰਚੀ ਹੋਈ ਸੀ। ਤ੍ਰਿਲੋਚਨ ਚਿਤਿ = ਤ੍ਰਿਲੋਚਨ ਦੇ ਚਿੱਤ ਵਿਚ। ਕੰਬੀਰਹਿ = ਕਬੀਰ ਨੇ। ਰੁਕਮਾਂਗਦ = ਇਕ ਰਾਜਾ ਸੀ। ਰੁਕਮਾਂਗਦ ਕਰਤੂਤਿ = ਰੁਕਮਾਂਗਦ ਰਾਜੇ ਦਾ ਇਹ ਕੰਮ ਨਿੱਤ ਸੀ। ਜੰਪਹੁ = ਜਪਹੁ। ਭਾਈ = ਹੇ ਸਜਣ! ਪ੍ਰਹਲਾਦਿ = ਪ੍ਰਹਲਾਦ ਨੇ। ਸਰਣਿ ਗੋਬਿੰਦ = ਗੋਬਿੰਦ ਦੀ ਸਰਨ ਪੈ ਕੇ। ਤੈ = (ਹੇ ਗੁਰੂ ਅਮਰਦਾਸ ਜੀ!) ਤੂੰ। ਤਜੀ = ਤਿਆਗ ਦਿੱਤੀ। ਸੁ ਮਤਿ ਜਾਣੀ ਜੁਗਤਿ = ਉਸ ਮਤਿ ਦੀ ਜੁਗਤੀ ਜਾਣੀ। ਜਲ੍ਯ੍ਯ = ਹੇ ਜਲ੍ਯ੍ਯ! ਹੇ ਜਾਲਪ! ਨਿਜ ਭਗਤੁ = ਅਕਾਲ ਪੁਰਖ ਦਾ ਆਪਣਾ ਭਗਤ। ਦੇਖਿ = ਵੇਖ ਕੇ। ਪਾਵਉ = ਮੈਂ ਪ੍ਰਾਪਤ ਕਰਦਾ ਹਾਂ।

ਅਰਥ: ਜਿਹੜੀ ਮੱਤ ਜੈਦੇਵ ਨੇ ਸਿੱਖੀ, ਜਿਹੜੀ ਮੱਤ ਨਾਮਦੇਵ ਵਿਚ ਸਮਾਈ ਹੋਈ ਸੀ, ਜੋ ਮੱਤ ਤ੍ਰਿਲੋਚਨ ਦੇ ਹਿਰਦੇ ਵਿਚ ਸੀ, ਜਿਹੜੀ ਮੱਤ ਕਬੀਰ ਭਗਤ ਨੇ ਸਮਝੀ ਸੀ, ਜਿਸ ਮੱਤ ਦਾ ਸਦਕਾ ਰੁਕਮਾਂਗਦ ਦੀ ਕਾਰ ਇਹ ਸੀ (ਕਿ ਆਪ ਜਪਦਾ ਸੀ ਤੇ ਹੋਰਨਾਂ ਨੂੰ ਆਖਦਾ ਸੀ) ਹੇ ਭਾਈ! ਨਿੱਤ ਰਾਮ ਨੂੰ ਸਿਮਰੋ, ਜਿਸ ਮੱਤ ਦੁਆਰਾ ਅੰਬਰੀਕ ਤੇ ਪ੍ਰਹਲਾਦ ਨੇ ਗੋਬਿੰਦ ਦੀ ਸਰਨ ਪੈ ਕੇ ਉੱਚੀ ਆਤਮਕ ਅਵਸਥਾ ਲੱਭੀ ਸੀ (ਹੇ ਗੁਰੂ ਅਮਰਦਾਸ!) ਜਲ੍ਯ੍ਯ (ਆਖਦਾ ਹੈ) ਤੂੰ ਉਸ ਮੱਤ ਦੀ ਜੁਗਤੀ ਜਾਣ ਲਈ ਹੈ ਤੂੰ ਲੋਭ ਕ੍ਰੋਧ ਤੇ ਤ੍ਰਿਸਨਾ ਤਿਆਗ ਦਿੱਤੇ ਹਨ।

ਗੁਰੂ ਅਮਰਦਾਸ ਅਕਾਲ ਪੁਰਖ ਦਾ ਪਿਆਰਾ ਭਗਤ ਹੈ। ਮੈਂ (ਉਸ ਦਾ) ਦਰਸ਼ਨ ਦੇਖ ਕੇ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਦਾ ਹਾਂ।4।13।

ਗੁਰੁ ਅਮਰਦਾਸੁ ਪਰਸੀਐ ਪੁਹਮਿ ਪਾਤਿਕ ਬਿਨਾਸਹਿ ॥ ਗੁਰੁ ਅਮਰਦਾਸੁ ਪਰਸੀਐ ਸਿਧ ਸਾਧਿਕ ਆਸਾਸਹਿ ॥ {ਪੰਨਾ 1394}

ਪਦ ਅਰਥ: ਪੁਹਮਿ = ਪੁਹਵੀ, ਪੁਢਵੀ, ਪ੍ਰਿਥਵੀ। ਪੁਹਮਿ ਪਾਤਿਕ = ਧਰਤੀ ਦੇ ਤਾਪ। ਬਿਨਾਸਹਿ = ਨਾਸ ਹੋ ਜਾਂਦੇ ਹਨ। ਆਸਾਸਹਿ = ਲੋਚਦੇ ਹਨ, ਚਾਹੁੰਦੇ ਹਨ।

ਅਰਥ: (ਹੇ ਭਾਈ! ਆਓ) ਗੁਰੂ ਅਮਰਦਾਸ (ਜੀ ਦੇ ਚਰਨਾਂ) ਨੂੰ ਪਰਸੀਏ, (ਗੁਰੂ ਅਮਰਦਾਸ ਦੇ ਚਰਨ ਪਰਸਨ ਨਾਲ) ਧਰਤੀ ਦੇ ਪਾਪ ਦੂਰ ਹੋ ਜਾਂਦੇ ਹਨ। ਗੁਰੂ ਅਮਰਦਾਸ ਜੀ ਨੂੰ ਪਰਸੀਏ, (ਗੁਰੂ ਅਮਰਦਾਸ ਦੇ ਚਰਨ ਪਰਸਨ ਨੂੰ) ਸਿਧ ਤੇ ਸਾਧਿਕ ਲੋਚਦੇ ਹਨ।

ਗੁਰੁ ਅਮਰਦਾਸੁ ਪਰਸੀਐ ਧਿਆਨੁ ਲਹੀਐ ਪਉ ਮੁਕਿਹਿ ॥ ਗੁਰੁ ਅਮਰਦਾਸੁ ਪਰਸੀਐ ਅਭਉ ਲਭੈ ਗਉ ਚੁਕਿਹਿ ॥ {ਪੰਨਾ 1394-1395}

ਪਦ ਅਰਥ: ਪਉ = ਪੰਧ, ਸਫ਼ਰ (ਭਾਵ, ਜਨਮ ਮਰਨ)। (ਪਉ ਪੰਧ ਮੋਕਲੇ ਹੋਣੇ, ਇਹ ਪੰਜਾਬੀ ਵਿਚ ਇਕ ਮੁਹਾਵਰਾ ਹੈ)। ਅਭਉ = ਨਿਰਭਉ ਹਰੀ। ਗਉ = ਗਵਨ ਜਨਮ ਮਰਨ, ਭਟਕਣਾ।

ਅਰਥ: ਗੁਰੂ ਅਮਰਦਾਸ (ਜੀ ਦੇ ਚਰਨਾਂ) ਨੂੰ ਪਰਸੀਏ, (ਇਸ ਤਰ੍ਹਾਂ ਪਰਮਾਤਮਾ ਵਾਲਾ) ਧਿਆਨ ਪ੍ਰਾਪਤ ਹੁੰਦਾ ਹੈ (ਭਾਵ, ਪਰਮਾਤਮਾ ਵਿਚ ਬ੍ਰਿਤੀ ਜੁੜਦੀ ਹੈ) ਤੇ (ਜਨਮ ਮਰਨ ਦੇ) ਸਫ਼ਰ ਮੁੱਕ ਜਾਂਦੇ ਹਨ। ਗੁਰੂ ਅਮਰਦਾਸ ਜੀ ਨੂੰ ਪਰਸੀਏ, (ਇਸ ਤਰ੍ਹਾਂ) ਨਿਰਭਉ ਅਕਾਲ ਪੁਰਖ ਮਿਲ ਪੈਂਦਾ ਹੈ ਤੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।

TOP OF PAGE

Sri Guru Granth Darpan, by Professor Sahib Singh