ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1393

ਹਰਿ ਨਾਮੁ ਰਸਨਿ ਗੁਰਮੁਖਿ ਬਰਦਾਯਉ ਉਲਟਿ ਗੰਗ ਪਸ੍ਚਮਿ ਧਰੀਆ ॥ ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ ॥੧॥ {ਪੰਨਾ 1393}

ਪਦ ਅਰਥ: ਰਸਨਿ = ਰਸਨਾ ਦੁਆਰਾ, ਜੀਭ ਨਾਲ (ਭਾਵ, ਉੱਚਾਰ ਕੇ)। ਗੁਰਮੁਖਿ = ਗੁਰੂ (ਨਾਨਕ) ਨੇ। ਬਰਦਾਯਉ = ਵਰਤਾਇਆ। ਉਲਟਿ = ਉਲਟਾ ਕੇ। ਗੰਗ = ਗੰਗਾ ਦਾ ਪ੍ਰਵਾਹ, ਜੀਵਾਂ ਦੀ ਬ੍ਰਿਤੀ। ਪਸ੍ਚਮਿ = ਪੱਛੋਂ ਵਲ, ਮਾਇਆ ਵਲੋਂ ਹਟਵੀਂ। ਧਰੀਆ = ਟਿਕਾ ਦਿੱਤੀ। ਭਗਤਹ ਭਵ ਤਾਰਣੁ = ਭਗਤਾਂ ਨੂੰ ਸੰਸਾਰ ਤੋਂ ਤਾਰਨ ਵਾਲਾ। ਫੁਰਿਆ = ਅਨੁਭਵ ਹੋਇਆ।

ਅਰਥ: ਜਿਹੜਾ ਹਰੀ ਦਾ ਨਾਮ ਗੁਰੂ ਨਾਨਕ ਦੇਵ ਜੀ ਨੇ ਉਚਾਰ ਕੇ ਵਰਤਾਇਆ ਤੇ ਸੰਸਾਰੀ ਜੀਵਾਂ ਦੀ ਬ੍ਰਿਤੀ ਸੰਸਾਰ ਵਲੋਂ ਉਲਟਾ ਦਿੱਤੀ, ਉਹੀ ਅਛੱਲ ਨਾਮ, ਉਹੀ ਭਗਤਾਂ ਨੂੰ ਸੰਸਾਰ ਤੋਂ ਪਾਰ ਉਤਾਰਨ ਵਾਲਾ ਨਾਮ ਗੁਰੂ ਅਮਰਦਾਸ ਜੀ ਦੇ ਹਿਰਦੇ ਵਿਚ ਪ੍ਰਗਟ ਹੋਇਆ।1।

ਸਿਮਰਹਿ ਸੋਈ ਨਾਮੁ ਜਖ੍ਯ੍ਯ ਅਰੁ ਕਿੰਨਰ ਸਾਧਿਕ ਸਿਧ ਸਮਾਧਿ ਹਰਾ ॥ ਸਿਮਰਹਿ ਨਖ੍ਯ੍ਯਤ੍ਰ ਅਵਰ ਧ੍ਰੂ ਮੰਡਲ ਨਾਰਦਾਦਿ ਪ੍ਰਹਲਾਦਿ ਵਰਾ ॥ {ਪੰਨਾ 1393}

ਪਦ ਅਰਥ: ਹਰਾ = ਸ਼ਿਵ ਜੀ। ਨਖ੍ਯ੍ਯਤ੍ਰ = ਤਾਰੇ। ਧ੍ਰੂ ਮੰਡਲ = ਧ੍ਰੂ ਭਗਤ ਦੇ ਤਾਰੇ। ਵਰਾ = ਸ੍ਰੇਸ਼ਟ।

ਅਰਥ: ਉਸੇ ਨਾਮ ਨੂੰ ਜੱਖ, ਕਿੰਨਰ, ਸਾਧਿਕ ਸਿੱਧ ਅਤੇ ਸ਼ਿਵ ਜੀ ਸਮਾਧੀ ਲਾ ਕੇ ਸਿਮਰ ਰਹੇ ਹਨ। ਉਸੇ ਨਾਮ ਨੂੰ ਅਨੇਕਾਂ ਨਛੱਤ੍ਰ, ਧ੍ਰੂ ਭਗਤ ਦੇ ਮੰਡਲ, ਨਾਰਦ ਆਦਿਕ ਤੇ ਪ੍ਰਹਲਾਦ ਆਦਿਕ ਸ੍ਰੇਸ਼ਟ ਭਗਤ ਜਪ ਰਹੇ ਹਨ।

ਸਸੀਅਰੁ ਅਰੁ ਸੂਰੁ ਨਾਮੁ ਉਲਾਸਹਿ ਸੈਲ ਲੋਅ ਜਿਨਿ ਉਧਰਿਆ ॥ ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ ॥੨॥ {ਪੰਨਾ 1393}

ਪਦ ਅਰਥ: ਸਸੀਅਰੁ = ਚੰਦ੍ਰਮਾ (शशघर)। ਅਰੁ = ਅਤੇ। ਸੂਰੁ = ਸੂਰਜ। ਉਲਾਸਹਿ = ਚਾਹੁੰਦੇ ਹਨ, ਲੋਚਦੇ ਹਨ। ਸੈਲ ਲੋਅ = ਪੱਥਰਾਂ ਦੇ ਢੇਰ। ਸੈਲ = ਪੱਥਰ, ਪਹਾੜ। ਲੋਅ = ਲੋਕ, ਢੇਰ। ਉਧਾਰਿਆ = ਤਾਰ ਦਿੱਤੇ। ਜਿਨਿ = ਜਿਸ (ਨਾਮ) ਨੇ।

ਅਰਥ: ਚੰਦ੍ਰਮਾ ਅਤੇ ਸੂਰਜ ਉਸੇ ਹਰੀ-ਨਾਮ ਨੂੰ ਲੋਚ ਰਹੇ ਹਨ, ਜਿਸ ਨੇ ਪੱਥਰਾਂ ਦੇ ਢੇਰ ਤਾਰ ਦਿੱਤੇ। ਉਹੀ ਅਛੱਲ ਨਾਮ, ਤੇ ਭਗਤਾਂ ਨੂੰ ਸੰਸਾਰ ਤੋਂ ਤਾਰਨ ਵਾਲਾ ਨਾਮ ਸਤਿਗੁਰੂ ਅਮਰਦਾਸ ਜੀ ਦੇ ਹਿਰਦੇ ਵਿਚ ਪ੍ਰਗਟ ਹੋਇਆ।2।

ਸੋਈ ਨਾਮੁ ਸਿਵਰਿ ਨਵ ਨਾਥ ਨਿਰੰਜਨੁ ਸਿਵ ਸਨਕਾਦਿ ਸਮੁਧਰਿਆ ॥ ਚਵਰਾਸੀਹ ਸਿਧ ਬੁਧ ਜਿਤੁ ਰਾਤੇ ਅੰਬਰੀਕ ਭਵਜਲੁ ਤਰਿਆ ॥ {ਪੰਨਾ 1393}

ਪਦ ਅਰਥ: ਸਿਵਰਿ = ਸਿਮਰ ਕੇ। ਨਵ = ਨੌ। ਨਿਰੰਜਨੁ = ਨਿਰਲੇਪ ਹਰੀ (ਨਿਰਅੰਜਨੁ। ਮਾਇਆ ਦੀ ਕਾਲਖ ਤੋਂ ਰਹਿਤ)। ਸਮੁਧਰਿਆ = ਤਰ ਗਏ, ਪਾਰ ਉਤਰ ਗਏ। ਜਿਤੁ = ਜਿਸ (ਨਾਮ) ਵਿਚ। ਬੁਧ = ਸਿਆਣੇ, ਗਿਆਨਵਾਨ ਮਨੁੱਖ। ਰਾਤੇ = ਰੱਤੇ ਹੋਏ, ਰੰਗੇ ਹੋਏ।

ਅਰਥ: ਨੌ ਨਾਥ, ਸ਼ਿਵ ਜੀ, ਸਨਕ ਆਦਿਕ ਉਸੇ ਪਵਿੱਤ੍ਰ ਨਾਮ ਨੂੰ ਸਿਮਰ ਕੇ ਤਰ ਗਏ; ਚੌਰਾਸੀ ਸਿੱਧ ਤੇ ਹੋਰ ਗਿਆਨਵਾਨ ਉਸੇ ਰੰਗ ਵਿਚ ਰੰਗੇ ਹੋਏ ਹਨ; (ਉਸੇ ਨਾਮ ਦੀ ਬਰਕਤਿ ਨਾਲ) ਅੰਬਰੀਕ ਸੰਸਾਰ-ਸਾਗਰ ਤੋਂ ਤਰ ਗਿਆ।

ਉਧਉ ਅਕ੍ਰੂਰੁ ਤਿਲੋਚਨੁ ਨਾਮਾ ਕਲਿ ਕਬੀਰ ਕਿਲਵਿਖ ਹਰਿਆ ॥ ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ ॥੩॥ {ਪੰਨਾ 1393}

ਪਦ ਅਰਥ: ਕਲਿ = ਕਲਜੁਗ ਵਿਚ। ਕਿਲਵਿਖ = ਪਾਪ। ਹਰਿਆ = ਦੂਰ ਕੀਤੇ। ਉਧਉ = ਕ੍ਰਿਸ਼ਨ ਜੀ ਦਾ ਭਗਤ। ਅਕ੍ਰੂਰੁ = ਕ੍ਰਿਸ਼ਨ ਜੀ ਦਾ ਭਗਤ।

ਅਰਥ: ਉਸੇ ਨਾਮ ਨੂੰ ਊਧੌ, ਅਕ੍ਰੂਰ, ਤ੍ਰਿਲੋਚਨ ਅਤੇ ਨਾਮਦੇਵ ਭਗਤ ਨੇ ਸਿਮਰਿਆ, (ਉਸੇ ਨਾਮ ਨੇ) ਕਲਜੁਗ ਵਿਚ ਕਬੀਰ ਦੇ ਪਾਪ ਦੂਰ ਕੀਤੇ। ਉਹੀ ਅਛੱਲ ਨਾਮ, ਤੇ ਭਗਤ ਜਨਾਂ ਨੂੰ ਸੰਸਾਰ ਤੋਂ ਪਾਰ ਕਰਨ ਵਾਲਾ ਨਾਮ, ਸਤਿਗੁਰੂ ਅਮਰਦਾਸ ਜੀ ਨੂੰ ਅਨੁਭਵ ਹੋਇਆ।3।

ਤਿਤੁ ਨਾਮਿ ਲਾਗਿ ਤੇਤੀਸ ਧਿਆਵਹਿ ਜਤੀ ਤਪੀਸੁਰ ਮਨਿ ਵਸਿਆ ॥ ਸੋਈ ਨਾਮੁ ਸਿਮਰਿ ਗੰਗੇਵ ਪਿਤਾਮਹ ਚਰਣ ਚਿਤ ਅੰਮ੍ਰਿਤ ਰਸਿਆ ॥ {ਪੰਨਾ 1393}

ਪਦ ਅਰਥ: ਤਿਤੁ ਨਾਮਿ = ਉਸੇ ਨਾਮ ਵਿਚ। ਲਾਗਿ = ਜੁੜ ਕੇ, ਲੱਗ ਕੇ। ਤੇਤੀਸ = ਤੇਤੀ ਕ੍ਰੋੜ ਦੇਵਤੇ। ਤਪੀਸੁਰ ਮਨਿ = ਵੱਡੇ ਵੱਡੇ ਤਪੀਆਂ ਦੇ ਮਨ ਵਿਚ। ਗੰਗੇਵ ਪਿਤਾਮਹ = ਗੰਗਾ ਦਾ ਪੁੱਤ੍ਰ ਭੀਸ਼ਮ-ਪਤਾਮਾ। ਚਰਨ = (ਹਰੀ ਦੇ) ਚਰਣਾਂ ਵਿਚ (ਜੁੜਨ ਕਰ ਕੇ)। ਰਸਿਆ = ਚੁਆਇਆ।

ਅਰਥ: ਤੇਤੀ ਕ੍ਰੋੜ ਦੇਵਤੇ ਉਸ ਨਾਮ ਵਿਚ ਜੁੜ ਕੇ (ਅਕਾਲ ਪੁਰਖ ਨੂੰ) ਸਿਮਰ ਰਹੇ ਹਨ, (ਉਹੀ ਨਾਮ) ਜਤੀਆਂ ਅਤੇ ਵੱਡੇ ਵੱਡੇ ਤਪੀਆਂ ਦੇ ਮਨ ਵਿਚ ਵੱਸ ਰਿਹਾ ਹੈ। ਉਸੇ ਨਾਮ ਨੂੰ ਸਿਮਰ ਕੇ ਅਕਾਲ ਪੁਰਖ ਦੇ ਚਰਣਾਂ ਵਿਚ ਜੁੜਨ ਕਰ ਕੇ ਭੀਸ਼ਮ ਪਤਾਮਾ ਦੇ ਚਿੱਤ ਵਿਚ ਨਾਮ ਅੰਮ੍ਰਿਤ ਚੋਇਆ।

ਤਿਤੁ ਨਾਮਿ ਗੁਰੂ ਗੰਭੀਰ ਗਰੂਅ ਮਤਿ ਸਤ ਕਰਿ ਸੰਗਤਿ ਉਧਰੀਆ ॥ ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ ॥੪॥ {ਪੰਨਾ 1393}

ਪਦ ਅਰਥ: ਗਰੂਅ ਮਤਿ = ਡੂੰਘੀ ਮਤਿ ਵਾਲੇ, ਉੱਚੀ ਮਤਿ ਵਾਲੇ। ਗੁਰੂ = ਗੁਰੂ ਦੀ ਰਾਹੀਂ। ਸਤਿ ਕਰਿ = ਸਿਦਕ ਧਾਰ ਕੇ, ਸ਼ਰਧਾ ਨਾਲ। ਉਧਰੀਆ = ਤਰ ਰਹੀ ਹੈ।

ਅਰਥ: ਉਸੇ ਨਾਮ ਵਿਚ ਲੱਗ ਕੇ, ਗੰਭੀਰ ਤੇ ਉਚੀ ਮਤਿ ਵਾਲੇ ਸਤਿਗੁਰੂ ਦੀ ਰਾਹੀਂ, ਪੂਰਨ ਸਰਧਾ ਦਾ ਸਦਕਾ, ਸੰਗਤ ਤਰ ਰਹੀ ਹੈ। ਉਹੀ ਅਛੱਲ ਨਾਮ ਤੇ ਭਗਤ ਜਨਾਂ ਨੂੰ ਸੰਸਾਰ-ਸਾਗਰ ਤੋਂ ਤਾਰਨ ਵਾਲਾ ਨਾਮ ਗੁਰੂ ਅਮਰਦਾਸ ਦੇ ਹਿਰਦੇ ਵਿਚ ਪ੍ਰਗਟ ਹੋਇਆ।4।

ਨਾਮ ਕਿਤਿ ਸੰਸਾਰਿ ਕਿਰਣਿ ਰਵਿ ਸੁਰਤਰ ਸਾਖਹ ॥ ਉਤਰਿ ਦਖਿਣਿ ਪੁਬਿ ਦੇਸਿ ਪਸ੍ਚਮਿ ਜਸੁ ਭਾਖਹ ॥ {ਪੰਨਾ 1393}

ਪਦ ਅਰਥ: ਕਿਤਿ = ਕੀਰਤਿ, ਸੋਭਾ, ਵਡਿਆਈ। ਨਾਮ ਕਿਤਿ = ਨਾਮ ਦੀ ਵਡਿਆਈ। ਸੰਸਾਰਿ = ਜਗਤ ਵਿਚ। ਰਵਿ = ਸੂਰਜ। ਕਿਰਣਿ = ਕਿਰਣ ਦੁਆਰਾ। ਸੁਰਤਰ = ਸ੍ਵਰਗ ਦਾ ਰੁੱਖ (ਸੁਰ = ਸ੍ਵਰਗ। ਤਰ = ਰੁੱਖ)। ਸਾਖਹ = ਸਾਖਾਂ, ਟਾਹਣੀਆਂ। ਜਸੁ = ਸਿਫ਼ਤਿ-ਸਾਲਾਹ। ਭਾਖਹ = ਉਚਾਰਦੇ ਹਨ। ਉਤਰਿ = ਉੱਤਰ (ਦੇਸ) ਵਿਚ। ਪੁਬਿ = ਪੂਰਬ (ਦੇਸ) ਵਿਚ। ਪਸ੍ਚਮਿ = ਪੱਛਮ (ਦੇਸ) ਵਿਚ।

ਅਰਥ: (ਜਿਵੇਂ) ਸ੍ਵਰਗ ਦੇ ਰੁੱਖ (ਮੌਲਸਰੀ) ਦੀਆਂ ਸ਼ਾਖ਼ਾਂ (ਖਿੱਲਰ ਕੇ ਸੁਗੰਧੀ ਖਿਲਾਰਦੀਆਂ ਹਨ), (ਤਿਵੇਂ) ਪਰਮਾਤਮਾ ਦੇ ਨਾਮ ਦੀ ਵਡਿਆਈ-ਰੂਪ ਸੂਰਜ ਦੀ ਕਿਰਣ ਦੇ ਜਗਤ ਵਿਚ (ਪ੍ਰਕਾਸ਼ ਕਰਨ ਦੇ ਕਾਰਨ) ਉੱਤਰ, ਦੱਖਣ, ਪੂਰਬ, ਪੱਛਮ ਦੇਸ ਵਿਚ (ਭਾਵ, ਸਭ ਪਾਸੀਂ) ਲੋਕ ਨਾਮ ਦਾ ਜਸ ਉਚਾਰ ਰਹੇ ਹਨ।

ਜਨਮੁ ਤ ਇਹੁ ਸਕਯਥੁ ਜਿਤੁ ਨਾਮੁ ਹਰਿ ਰਿਦੈ ਨਿਵਾਸੈ ॥ ਸੁਰਿ ਨਰ ਗਣ ਗੰਧਰਬ ਛਿਅ ਦਰਸਨ ਆਸਾਸੈ ॥ {ਪੰਨਾ 1393}

ਪਦ ਅਰਥ: ਤ = ਤਾਂ। ਸਕਯਥੁ = ਸਕਾਰਥਾ, ਸਫਲ। ਜਿਤੁ = ਜਿਸ (ਜਨਮ) ਵਿਚ। ਰਿਦੈ = ਹਿਰਦੇ ਵਿਚ। ਨਿਵਾਸੈ = ਵੱਸ ਜਾਏ। ਛਿਅ ਦਰਸਨ = ਜੋਗੀ ਜੰਗਮ ਆਦਿਕ ਛੇ ਭੇਖ। ਆਸਾਸੈ = ਲੋਚਦੇ ਹਨ (ਆਸਾਸਹਿ)। ਸੁਰਿ = ਦੇਵਤੇ। ਨਰ = ਮਨੁੱਖ। ਗੰਧਰਬ = ਦੇਵਤਿਆਂ ਦੇ ਰਾਗੀ।

ਅਰਥ: ਉਹੀ ਜਨਮ ਸਕਾਰਥਾ ਹੈ ਜਿਸ ਵਿਚ ਪਰਮਾਤਮਾ ਦਾ ਨਾਮ ਹਿਰਦੇ ਵਿਚ ਵੱਸੇ। ਇਸ ਨਾਮ ਨੂੰ ਦੇਵਤੇ, ਮਨੁੱਖ, ਗਣ, ਗੰਧਰਬ ਤੇ ਛੇ ਹੀ ਭੇਖ ਲੋਚ ਰਹੇ ਹਨ।

ਭਲਉ ਪ੍ਰਸਿਧੁ ਤੇਜੋ ਤਨੌ ਕਲ੍ਯ੍ਯ ਜੋੜਿ ਕਰ ਧ੍ਯ੍ਯਾਇਅਓ ॥ ਸੋਈ ਨਾਮੁ ਭਗਤ ਭਵਜਲ ਹਰਣੁ ਗੁਰ ਅਮਰਦਾਸ ਤੈ ਪਾਇਓ ॥੫॥ {ਪੰਨਾ 1393}

ਪਦ ਅਰਥ: ਭਲਉ ਪ੍ਰਸਿਧੁ = ਭੱਲਿਆਂ ਦੀ ਕੁਲ ਵਿਚ ਪ੍ਰਸਿੱਧ। ਤੇਜੋ ਤਨੌ = ਤੇਜ ਭਾਨ ਜੀ ਦਾ ਪੁੱਤ੍ਰ। ਜੋੜਿ ਕਰ = ਹੱਥ ਜੋੜ ਕੇ। ਭਗਤ ਭਵਜਲ ਹਰਣੁ = ਭਗਤਾਂ ਦਾ ਜਨਮ ਮਰਨ ਦੂਰ ਕਰਨ ਵਾਲਾ। ਗੁਰ ਅਮਰਦਾਸ = ਹੇ ਗੁਰੂ ਅਮਰਦਾਸ! ਤੈ = ਤੂੰ।

ਅਰਥ: ਤੇਜ ਭਾਨ ਜੀ ਦੇ ਪੁੱਤ੍ਰ, ਭੱਲਿਆਂ ਦੀ ਕੁਲ ਵਿਚ ਉੱਘੇ (ਗੁਰੂ ਅਮਰਦਾਸ ਜੀ ਨੂੰ) ਕਲ੍ਯ੍ਯ ਕਵੀ ਹੱਥ ਜੋੜ ਕੇ ਆਰਾਧਦਾ ਹੈ (ਤੇ ਆਖਦਾ ਹੈ) = 'ਹੇ ਗੁਰੂ ਅਮਰਦਾਸ! ਭਗਤਾਂ ਦਾ ਜਨਮ-ਮਰਨ ਕੱਟਣ ਵਾਲਾ ਉਹੀ ਨਾਮ ਤੂੰ ਪਾ ਲਿਆ ਹੈ'।5।

ਨਾਮੁ ਧਿਆਵਹਿ ਦੇਵ ਤੇਤੀਸ ਅਰੁ ਸਾਧਿਕ ਸਿਧ ਨਰ ਨਾਮਿ ਖੰਡ ਬ੍ਰਹਮੰਡ ਧਾਰੇ ॥ ਜਹ ਨਾਮੁ ਸਮਾਧਿਓ ਹਰਖੁ ਸੋਗੁ ਸਮ ਕਰਿ ਸਹਾਰੇ ॥ {ਪੰਨਾ 1393}

ਪਦ ਅਰਥ: ਤੇਤੀਸ = ਤੇਤੀ ਕਰੋੜ। ਨਾਮਿ = ਨਾਮ ਨੇ। ਧਾਰੇ = ਟਿਕਾਏ ਹੋਏ ਹਨ। ਜਹ = ਜਿਨ੍ਹਾਂ ਨੇ। ਸਮਾਧਿਓ = ਜਪਿਆ ਹੈ। ਹਰਖੁ ਸੋਗੁ = ਖ਼ੁਸ਼ੀ ਤੇ ਗ਼ਮੀ, ਆਨੰਦ ਤੇ ਚਿੰਤਾ। ਸਮ ਕਰਿ = ਇੱਕੋ ਜਿਹੇ ਕਰ ਕੇ, ਇਕ ਸਮਾਨ। ਸਹਾਰੇ = ਜਰੇ ਹਨ।

ਅਰਥ: ਪਰਮਾਤਮਾ ਦੇ ਨਾਮ ਨੂੰ ਤੇਤੀ ਕਰੋੜ ਦੇਵਤੇ ਸਾਧਿਕ ਸਿੱਧ ਤੇ ਮਨੁੱਖ ਧਿਆਉਂਦੇ ਹਨ। ਹਰੀ ਦੇ ਨਾਮ ਨੇ ਹੀ ਸਾਰੇ ਖੰਡ ਬ੍ਰਹਮੰਡ (ਭਾਵ, ਸਾਰੇ ਲੋਕ) ਟਿਕਾਏ ਹੋਏ ਹਨ। ਜਿਨ੍ਹਾਂ ਨੇ ਹਰੀ ਨਾਮ ਨੂੰ ਸਿਮਰਿਆ ਹੈ, ਉਨ੍ਹਾਂ ਨੇ ਖ਼ੁਸ਼ੀ ਤੇ ਚਿੰਤਾ ਨੂੰ ਇਕ ਸਮਾਨ ਜਰਿਆ ਹੈ।

ਨਾਮੁ ਸਿਰੋਮਣਿ ਸਰਬ ਮੈ ਭਗਤ ਰਹੇ ਲਿਵ ਧਾਰਿ ॥ ਸੋਈ ਨਾਮੁ ਪਦਾਰਥੁ ਅਮਰ ਗੁਰ ਤੁਸਿ ਦੀਓ ਕਰਤਾਰਿ ॥੬॥ {ਪੰਨਾ 1393}

ਪਦ ਅਰਥ: ਸਿਰੋਮਣਿ = ਸ੍ਰੇਸ਼ਟ, ਉੱਤਮ। ਸਰਬ ਮੈ = ਸਾਰਿਆਂ ਵਿਚ ਵਿਆਪਕ। ਲਿਵ ਧਾਰਿ = ਲਿਵ ਲਾ ਕੇ, ਬ੍ਰਿਤੀ ਜੋੜ ਕੇ। ਰਹੇ = ਟਿਕ ਰਹੇ ਹਨ। ਪਦਾਰਥੁ = ਵਸਤੁ। ਅਮਰ ਗੁਰ = ਹੇ ਗੁਰੂ ਅਮਰਦਾਸ! ਤੁਸਿ = ਤ੍ਰੁੱਠ ਕੇ, ਪ੍ਰਸੰਨ ਹੋ ਕੇ। ਕਰਤਾਰਿ = ਕਰਤਾਰ ਨੇ।

ਅਰਥ: (ਸਾਰੇ ਪਦਾਰਥਾਂ ਵਿਚੋਂ) ਸਰਬ-ਵਿਆਪਕ ਹਰੀ ਦਾ ਨਾਮ-ਪਦਾਰਥ ਉੱਤਮ ਹੈ, ਭਗਤ ਜਨ ਇਸ ਨਾਮ ਵਿਚ ਬ੍ਰਿਤੀ ਜੋੜ ਕੇ ਟਿਕ ਰਹੇ ਹਨ। ਹੇ ਗੁਰੂ ਅਮਰਦਾਸ! ਉਹੀ ਪਦਾਰਥ ਕਰਤਾਰ ਨੇ ਪ੍ਰਸੰਨ ਹੋ ਕੇ (ਤੈਨੂੰ) ਦਿੱਤਾ ਹੈ।

ਸਤਿ ਸੂਰਉ ਸੀਲਿ ਬਲਵੰਤੁ ਸਤ ਭਾਇ ਸੰਗਤਿ ਸਘਨ ਗਰੂਅ ਮਤਿ ਨਿਰਵੈਰਿ ਲੀਣਾ ॥ ਜਿਸੁ ਧੀਰਜੁ ਧੁਰਿ ਧਵਲੁ ਧੁਜਾ ਸੇਤਿ ਬੈਕੁੰਠ ਬੀਣਾ ॥ {ਪੰਨਾ 1393}

ਪਦ ਅਰਥ: ਸਤਿ ਸੂਰਉ = ਸਤਿ ਦਾ ਸੂਰਮਾ। ਸੀਲ = ਮਿੱਠਾ ਸੁਭਾਉ। ਬਲਵੰਤੁ ਸਤ ਭਾਇ = ਸ਼ਾਂਤ ਸੁਭਾਉ ਵਿਚ ਤੱਕੜਾ। ਸੰਗਤਿ ਸਘਨ = ਸਘਨ ਸੰਗਤਿ ਵਾਲਾ, ਵੱਡੀਆਂ ਸੰਗਤਾਂ ਵਾਲਾ। ਗਰੂਆ ਮਤਿ = ਡੂੰਘੀ ਮੱਤ ਵਾਲਾ। ਨਿਰਵੈਰਿ = ਨਿਰਵੈਰ (ਹਰੀ) ਵਿਚ। ਧੁਰਿ = ਧੁਰ ਤੋਂ। ਧੀਰਜੁ ਧਵਲੁ ਧੁਜਾ = ਧੀਰਜ (ਰੂਪ) ਸਫ਼ੈਦ ਝੰਡਾ। ਸੇਤਿ ਬੈਕੁੰਠ = ਬੈਕੁੰਠ ਦੇ ਪੁਲ ਉੱਤੇ। ਸੇਤਿ = ਪੁਲ ਉੱਤੇ। ਬੀਣਾ = ਬਣਿਆ ਹੋਇਆ ਹੈ। ਧਵਲੁ = ਸਫ਼ੈਦ। ਧੁਜਾ = ਝੰਡਾ।

ਅਰਥ: (ਗੁਰੂ ਅਮਰਦਾਸ) ਸੱਤਿ ਦਾ ਸੂਰਮਾ ਹੈ (ਭਾਵ, ਨਾਮ ਦਾ ਪੂਰਨ ਰਸੀਆ), ਸੀਲਵੰਤ ਹੈ, ਸ਼ਾਂਤ ਸੁਭਾਉ ਵਿਚ ਤਕੜਾ ਹੈ, ਵੱਡੀ ਸੰਗਤ ਵਾਲਾ ਹੈ, ਡੂੰਘੀ ਮੱਤ ਵਾਲਾ ਹੈ ਤੇ ਨਿਰਵੈਰ ਹਰੀ ਵਿਚ ਜੁੜਿਆ ਹੋਇਆ ਹੈ; ਜਿਸ ਦਾ (ਭਾਵ, ਗੁਰੂ ਅਮਰਦਾਸ ਜੀ ਦਾ) ਧੁਰ ਦਰਗਾਹ ਤੋਂ ਧੀਰਜ ਰੂਪ ਝੰਡਾ ਬੈਕੁੰਠ ਦੇ ਪੁਲ ਤੇ ਬਣਿਆ ਹੋਇਆ ਹੈ (ਭਾਵ, ਗੁਰੂ ਅਮਰਦਾਸ ਜੀ ਦੀ ਧੀਰਜ ਤੋਂ ਸਿਖਿਆ ਲੈ ਕੇ ਸੇਵਕ ਜਨ ਸੰਸਾਰ ਤੋਂ ਪਾਰ ਲੰਘ ਕੇ ਮੁਕਤ ਹੁੰਦੇ ਹਨ। ਗੁਰੂ ਅਮਰਦਾਸ ਜੀ ਦੀ ਧੀਰਜ ਸੇਵਕਾਂ ਦੀ, ਝੰਡਾ-ਰੂਪ ਹੋ ਕੇ, ਅਗਵਾਈ ਕਰ ਰਹੀ ਹੈ)।

ਪਰਸਹਿ ਸੰਤ ਪਿਆਰੁ ਜਿਹ ਕਰਤਾਰਹ ਸੰਜੋਗੁ ॥ ਸਤਿਗੁਰੂ ਸੇਵਿ ਸੁਖੁ ਪਾਇਓ ਅਮਰਿ ਗੁਰਿ ਕੀਤਉ ਜੋਗੁ ॥੭॥ {ਪੰਨਾ 1393}

ਪਦ ਅਰਥ: ਪਰਸਹਿ ਸੰਤ = ਸੰਤ ਜਨ ਪਰਸਦੇ ਹਨ। ਪਿਆਰੁ = ਪਿਆਰ-ਰੂਪ ਗੁਰੂ ਅਮਰਦਾਸ ਜੀ ਨੂੰ। ਜਿਹ = ਜਿਸ ਗੁਰੂ ਅਮਰਦਾਸ ਜੀ ਦਾ। ਕਰਤਾਰਹ ਸੰਜੋਗੁ = ਕਰਤਾਰ ਨਾਲ ਮਿਲਾਪ। ਸੇਵਿ = ਸਿਮਰ ਕੇ, ਸੇਵਾ ਕਰ ਕੇ। ਅਮਰਿ ਗੁਰਿ = ਗੁਰੂ ਅਮਰ (ਦਾਸ ਜੀ) ਨੇ। ਜੋਗੁ = ਲਾਇਕ।

ਅਰਥ: ਜਿਸ (ਗੁਰੂ ਅਮਰਦਾਸ ਜੀ) ਦਾ ਕਰਤਾਰ ਨਾਲ ਸੰਜੋਗ ਬਣਿਆ ਹੋਇਆ ਹੈ, ਉਸ ਪਿਆਰ-ਸਰੂਪ ਗੁਰੂ ਨੂੰ ਸੰਤ ਜਨ ਪਰਸਦੇ ਹਨ, ਸਤਿਗੁਰੂ ਨੂੰ ਸੇਵ ਕੇ ਸੁਖ ਪਾਂਦੇ ਹਨ, ਕਿਉਂਕਿ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਇਸ ਜੋਗ ਬਣਾ ਦਿੱਤਾ।7।

ਨਾਮੁ ਨਾਵਣੁ ਨਾਮੁ ਰਸ ਖਾਣੁ ਅਰੁ ਭੋਜਨੁ ਨਾਮ ਰਸੁ ਸਦਾ ਚਾਯ ਮੁਖਿ ਮਿਸ੍ਟ ਬਾਣੀ ॥ ਧਨਿ ਸਤਿਗੁਰੁ ਸੇਵਿਓ ਜਿਸੁ ਪਸਾਇ ਗਤਿ ਅਗਮ ਜਾਣੀ ॥ {ਪੰਨਾ 1393}

ਪਦ ਅਰਥ: ਨਾਵਣੁ = (ਤੀਰਥਾਂ ਦਾ) ਇਸ਼ਨਾਨ। ਚਾਯ = ਉਤਸ਼ਾਹ। ਮੁਖਿ = ਮੂੰਹ ਵਿਚ। ਮਿਸ੍ਟ = ਮਿੱਠੀ। ਧਨਿ ਸਤਿਗੁਰੁ = ਧੰਨ ਗੁਰੂ (ਅੰਗਦ ਦੇਵ) ਜੀ। ਜਿਸੁ ਪਸਾਇ = ਜਿਸ ਦੀ ਕ੍ਰਿਪਾ ਨਾਲ। ਗਤਿ ਅਗਮ = ਅਗਮ ਹਰੀ ਦੀ ਗਤਿ। ਅਗਮ = ਅਪਹੁੰਚ।

ਅਰਥ: (ਗੁਰੂ ਅਮਰਦਾਸ ਲਈ) ਨਾਮ ਹੀ ਇਸ਼ਨਾਨ ਹੈ, ਨਾਮ ਹੀ ਰਸਾਂ ਦਾ ਖਾਣਾ ਪੀਣਾ ਹੈ, ਨਾਮ ਦਾ ਰਸ ਹੀ (ਉਹਨਾਂ ਲਈ) ਉਤਸ਼ਾਹ ਦੇਣ ਵਾਲਾ ਹੈ ਅਤੇ ਨਾਮ ਹੀ (ਉਹਨਾਂ ਦੇ) ਮੁਖ ਵਿਚ ਮਿੱਠੇ ਬਚਨ ਹਨ। ਗੁਰੂ (ਅੰਗਦ ਦੇਵ) ਧੰਨ ਹੈ (ਜਿਸ ਨੂੰ ਗੁਰੂ ਅਮਰਦਾਸ ਜੀ ਨੇ) ਸੇਵਿਆ ਹੈ ਅਤੇ ਜਿਸ ਦੀ ਕ੍ਰਿਪਾ ਨਾਲ ਉਹਨਾਂ ਅਪਹੁੰਚ ਪ੍ਰਭੂ ਦਾ ਭੇਤ ਪਾਇਆ ਹੈ।

ਕੁਲ ਸੰਬੂਹ ਸਮੁਧਰੇ ਪਾਯਉ ਨਾਮ ਨਿਵਾਸੁ ॥ ਸਕਯਥੁ ਜਨਮੁ ਕਲ੍ਯ੍ਯੁਚਰੈ ਗੁਰੁ ਪਰਸ੍ਯ੍ਯਿਉ ਅਮਰ ਪ੍ਰਗਾਸੁ ॥੮॥ {ਪੰਨਾ 1393-1394}

ਪਦ ਅਰਥ: ਕੁਲ ਸੰਬੂਹ = ਕੁਲਾਂ ਦੇ ਸਮੂਹ, ਸਾਰੀਆਂ ਕੁਲਾਂ। ਸਮੁਧਰੈ = ਤਾਰ ਦਿੱਤੀਆਂ ਹਨ। ਪਾਯਉ = ਪ੍ਰਾਪਤ ਕੀਤਾ ਹੈ। ਨਾਮ ਨਿਵਾਸੁ = (ਹਿਰਦੇ ਵਿਚ) ਨਾਮ ਦਾ ਨਿਵਾਸ। ਸਕਯਥੁ = ਸਕਾਰਥਾ, ਸਫਲ। ਕਲ੍ਯ੍ਯੁਚਰੈ = ਕਲ੍ਯ੍ਯ ਆਖਦਾ ਹੈ। ਪਰਸ੍ਯ੍ਯਿਉ = (ਜਿਸ ਨੇ) ਪਰਸਿਆ ਹੈ। ਅਮਰ ਪ੍ਰਗਾਸੁ = ਪ੍ਰਕਾਸ਼ ਸਰੂਪ ਅਮਰਦਾਸ ਜੀ ਨੂੰ।

ਅਰਥ: (ਗੁਰੂ ਅਮਰਦਾਸ ਜੀ ਨੇ) ਕਈ ਕੁਲਾਂ ਤਾਰ ਕਰ ਦਿੱਤੀਆਂ, (ਆਪ ਨੇ ਆਪਣੇ ਹਿਰਦੇ ਵਿਚ) ਨਾਮ ਦਾ ਨਿਵਾਸ ਪ੍ਰਾਪਤ ਕੀਤਾ ਹੈ। ਕਵੀ ਕਲ੍ਯ੍ਯਸਹਾਰ ਆਖਦਾ ਹੈ = 'ਉਸ ਮਨੁੱਖ ਦਾ ਜਨਮ ਸਕਾਰਥਾ ਹੈ ਜਿਸ ਨੇ ਪ੍ਰਕਾਸ਼-ਸਰੂਪ ਗੁਰੂ ਅਮਰਦਾਸ ਜੀ ਨੂੰ ਪਰਸਿਆ ਹੈ'।8।

TOP OF PAGE

Sri Guru Granth Darpan, by Professor Sahib Singh