ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1392

ਸਦਾ ਅਕਲ ਲਿਵ ਰਹੈ ਕਰਨ ਸਿਉ ਇਛਾ ਚਾਰਹ ॥ ਦ੍ਰੁਮ ਸਪੂਰ ਜਿਉ ਨਿਵੈ ਖਵੈ ਕਸੁ ਬਿਮਲ ਬੀਚਾਰਹ ॥ {ਪੰਨਾ 1392}

ਪਦ ਅਰਥ: ਅਕਲ = ਕਲਾ (ਅੰਗ) ਰਹਿਤ, ਇਕ-ਰਸ ਸਰਬ-ਵਿਆਪਕ ਪ੍ਰਭੂ। ਲਿਵ = ਬ੍ਰਿਤੀ। ਕਰਨ ਸਿਉ = ਕਰਨੀ ਵਿਚ। ਇਛਾ ਚਾਰਹ = ਸੁਤੰਤਰ। ਦ੍ਰੁਮ = ਰੁੱਖ। ਸਪੂਰ = (ਫਲਾਂ ਨਾਲ) ਭਰਿਆ ਹੋਇਆ। ਖਵੈ = ਸਹਾਰਦਾ ਹੈ। ਕਸੁ = ਖੇਚਲ। ਬਿਮਲ = ਨਿਰਮਲ।

ਅਰਥ: (ਹੇ ਗੁਰੂ ਅੰਗਦ!) ਤੇਰੀ ਬ੍ਰਿਤੀ ਸਦਾ ਅਕਾਲ ਪੁਰਖ ਵਿਚ ਟਿਕੀ ਰਹਿੰਦੀ ਹੈ, ਕਰਣੀ ਵਿਚ ਤੂੰ ਸੁਤੰਤਰ ਹੈਂ (ਭਾਵ, ਤੇਰੇ ਉਤੇ ਮਾਇਆ ਆਦਿਕ ਦਾ ਬਲ ਨਹੀਂ ਪੈ ਸਕਦਾ)। ਜਿਵੇਂ ਫਲ ਵਾਲਾ ਰੁੱਖ ਨਿਊਂਦਾ ਹੈ ਤੇ ਖੇਚਲ ਸਹਾਰਦਾ ਹੈ, ਤਿਵੇਂ (ਗੁਰੂ ਅੰਗਦ ਦੀ) ਨਿਰਮਲ ਵਿਚਾਰ ਹੈ, (ਭਾਵ, ਗੁਰੂ ਅੰਗਦ ਭੀ ਇਸੇ ਤਰ੍ਹਾਂ ਨਿਊਂਦਾ ਹੈ, ਤੇ ਸੰਸਾਰੀ ਜੀਵਾਂ ਦੀ ਖ਼ਾਤਰ ਖੇਚਲ ਸਹਾਰਦਾ ਹੈ)।

ਇਹੈ ਤਤੁ ਜਾਣਿਓ ਸਰਬ ਗਤਿ ਅਲਖੁ ਬਿਡਾਣੀ ॥ ਸਹਜ ਭਾਇ ਸੰਚਿਓ ਕਿਰਣਿ ਅੰਮ੍ਰਿਤ ਕਲ ਬਾਣੀ ॥ {ਪੰਨਾ 1392}

ਪਦ ਅਰਥ: ਤਤੁ = ਭੇਤ। ਸਰਬ ਗਤਿ = ਸਰਬ ਵਿਆਪਕ। ਅਲਖੁ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ। ਬਿਡਾਣੀ = ਅਸਚਰਜ। ਸਹਜ ਭਾਇ = ਸਹਜ ਸੁਭਾਵਕ ਹੀ। ਕਿਰਣਿ = ਕਿਰਣ ਦੁਆਰਾ। ਕਲ = ਸੁੰਦਰ।

ਅਰਥ: (ਹੇ ਗੁਰੂ ਅੰਗਦ!) ਤੂੰ ਇਹ ਭੇਤ ਪਾ ਲਿਆ ਹੈ ਕਿ ਅਚਰਜ ਤੇ ਅਲੱਖ ਹਰੀ ਸਰਬ-ਵਿਆਪਕ ਹੈ। ਅੰਮ੍ਰਿਤ-ਭਰੀ ਸੁੰਦਰ ਬਾਣੀ-ਰੂਪ ਕਿਰਣ ਦੁਆਰਾ (ਸੰਸਾਰੀ ਜੀਆਂ ਦੇ ਹਿਰਦੇ ਵਿਚ) ਤੂੰ ਸਹਜ ਸੁਭਾਇ ਹੀ ਅੰਮ੍ਰਿਤ ਸਿੰਜ ਰਿਹਾ ਹੈਂ।

ਗੁਰ ਗਮਿ ਪ੍ਰਮਾਣੁ ਤੈ ਪਾਇਓ ਸਤੁ ਸੰਤੋਖੁ ਗ੍ਰਾਹਜਿ ਲਯੌ ॥ ਹਰਿ ਪਰਸਿਓ ਕਲੁ ਸਮੁਲਵੈ ਜਨ ਦਰਸਨੁ ਲਹਣੇ ਭਯੌ ॥੬॥ {ਪੰਨਾ 1392}

ਪਦ ਅਰਥ: ਗੁਰ ਗਮਿ ਪ੍ਰਮਾਣੁ = ਗੁਰੂ ਨਾਨਕ ਵਾਲਾ ਦਰਜਾ। ਗਮਿ = ਗਮਯ, ਜਿਸ ਤਾਈਂ ਪਹੁੰਚ ਹੋ ਸਕੇ। ਗੁਰ ਗਮਿ = ਜਿੱਥੇ ਗੁਰੂ (ਨਾਨਕ) ਦੀ ਪਹੁੰਚ ਹੈ। ਪ੍ਰਮਾਣੁ = ਦਰਜਾ। ਗ੍ਰਾਹਜਿ ਲਯੌ = ਗ੍ਰਹਿਣ ਕਰ ਲਿਆ ਹੈ। ਸਮੁਲਵੈ = ਉੱਚੀ ਪੁਕਾਰਦਾ ਹੈ। ਦਰਸਨੁ ਲਹਣੇ = ਲਹਣੇ ਜੀ ਦਾ ਦਰਸਨ। ਭਯੌ = ਹੋਇਆ।

ਅਰਥ: (ਹੇ ਗੁਰੂ ਅੰਗਦ!) ਤੂੰ ਗੁਰੂ (ਨਾਨਕ ਦੇਵ ਜੀ) ਵਾਲਾ ਦਰਜਾ ਹਾਸਲ ਕਰ ਲਿਆ ਹੈ, ਅਤੇ ਸਤ ਸੰਤੋਖ ਨੂੰ ਗ੍ਰਹਿਣ ਕਰ ਲਿਆ ਹੈ। ਕਲ੍ਯ੍ਯਸਹਾਰ (ਕਵੀ) ਉੱਚੀ ਪੁਕਾਰ ਕੇ ਆਖਦਾ ਹੈ, = 'ਜਿਨ੍ਹਾਂ ਜਨਾਂ ਨੂੰ ਲਹਣੇ ਜੀ ਦਾ ਦਰਸ਼ਨ ਹੋਇਆ ਹੈ, ਉਹਨਾਂ ਨੇ ਅਕਾਲ ਪੁਰਖ ਨੂੰ ਪਰਸ ਲਿਆ ਹੈ'।6।

ਮਨਿ ਬਿਸਾਸੁ ਪਾਇਓ ਗਹਰਿ ਗਹੁ ਹਦਰਥਿ ਦੀਓ ॥ ਗਰਲ ਨਾਸੁ ਤਨਿ ਨਠਯੋ ਅਮਿਉ ਅੰਤਰਗਤਿ ਪੀਓ ॥ {ਪੰਨਾ 1392}

ਪਦ ਅਰਥ: ਮਨਿ = ਮਨ ਵਿਚ। ਬਿਸਾਸੁ = ਸਰਧਾ। ਗਹਰਿ = ਗੰਭੀਰ (ਹਰੀ) ਵਿਚ। ਗਹੁ = ਪਹੁੰਚ। ਹਦਰਥਿ = ਹਜ਼ਰਤ ਨੇ, ਗੁਰੂ ਨਾਨਕ ਨੇ। ਗਰਲ = ਵਿਹੁ, ਜ਼ਹਰ। ਤਨਿ = ਸਰੀਰ ਵਿਚੋਂ। ਅਮਿਓ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਅੰਤਰ ਗਤਿ = ਆਤਮਾ ਦੇ ਵਿਚ, ਆਪਣੇ ਅੰਦਰ। ਪੀਓ = ਪੀਤਾ ਹੈ।

ਅਰਥ: (ਹੇ ਗੁਰੂ ਅੰਗਦ!) ਤੂੰ ਆਪਣੇ ਮਨ ਵਿਚ ਸਰਧਾ ਪ੍ਰਾਪਤ ਕੀਤੀ ਹੈ, ਹਜ਼ੂਰ (ਗੁਰੂ ਨਾਨਕ ਜੀ) ਨੇ ਤੈਨੂੰ ਗੰਭੀਰ (ਹਰੀ) ਵਿਚ ਪਹੁੰਚ ਦੇ ਦਿੱਤੀ ਹੈ। ਨਾਸ ਕਰਨ ਵਾਲਾ ਜ਼ਹਰ (ਭਾਵ, ਮਾਇਆ ਦਾ ਮੋਹ) ਤੇਰੇ ਸਰੀਰ ਵਿਚੋਂ ਨੱਸ ਗਿਆ ਹੈ ਅਤੇ ਤੂੰ ਅੰਤਰ ਆਤਮੇ ਨਾਮ-ਅੰਮ੍ਰਿਤ ਪੀ ਲਿਆ ਹੈ।

ਰਿਦਿ ਬਿਗਾਸੁ ਜਾਗਿਓ ਅਲਖਿ ਕਲ ਧਰੀ ਜੁਗੰਤਰਿ ॥ ਸਤਿਗੁਰੁ ਸਹਜ ਸਮਾਧਿ ਰਵਿਓ ਸਾਮਾਨਿ ਨਿਰੰਤਰਿ ॥ {ਪੰਨਾ 1392}

ਪਦ ਅਰਥ: ਅਲਖਿ = ਅਕਾਲ ਪੁਰਖ ਨੇ। ਕਲ = ਸੱਤਾ। ਜੁਗੰਤਰਿ = ਜੁਗਾਂ ਵਿਚ। ਰਿਦਿ = ਹਿਰਦੇ ਵਿਚ। ਬਿਗਾਸੁ = ਪ੍ਰਕਾਸ਼। ਰਵਿਓ = ਵਿਆਪਕ ਹੈ। ਸਾਮਾਨਿ = ਇਕੋ ਜਿਹਾ। ਨਿਰੰਤਰਿ = ਸਭ ਦੇ ਅੰਦਰ, ਇਕ-ਰਸ, ਵਿੱਥ ਤੋਂ ਬਿਨਾ। ਸਹਜ = ਆਤਮਕ ਅਡੋਲਤਾ (ਦੀ)।

ਅਰਥ: ਜਿਸ ਅਕਾਲ ਪੁਰਖ ਨੇ ਆਪਣੀ ਸੱਤਾ (ਸਾਰੇ) ਜੁਗਾਂ ਵਿਚ ਰੱਖੀ ਹੋਈ ਹੈ, ਉਸ ਦਾ ਪ੍ਰਕਾਸ਼ (ਗੁਰੂ ਅੰਗਦ ਦੇ) ਹਿਰਦੇ ਵਿਚ ਜਾਗ ਪਿਆ ਹੈ। ਅਕਾਲ ਪੁਰਖ ਇਕ-ਰਸ ਸਭ ਦੇ ਅੰਦਰ ਵਿਆਪ ਰਿਹਾ ਹੈ, ਉਸ ਵਿਚ ਸਤਿਗੁਰੂ (ਅੰਗਦ ਦੇਵ) ਆਤਮਕ ਅਡੋਲਤਾ ਵਾਲੀ ਸਮਾਧੀ ਜੋੜੀ ਰੱਖਦਾ ਹੈ।

ਉਦਾਰਉ ਚਿਤ ਦਾਰਿਦ ਹਰਨ ਪਿਖੰਤਿਹ ਕਲਮਲ ਤ੍ਰਸਨ ॥ ਸਦ ਰੰਗਿ ਸਹਜਿ ਕਲੁ ਉਚਰੈ ਜਸੁ ਜੰਪਉ ਲਹਣੇ ਰਸਨ ॥੭॥ {ਪੰਨਾ 1392}

ਪਦ ਅਰਥ: ਉਦਾਰਉ ਚਿਤ = ਉਦਾਰ ਚਿੱਤ ਵਾਲਾ। ਦਾਰਿਦ ਹਰਨ = ਗਰੀਬੀ ਦੂਰ ਕਰਨ ਵਾਲਾ। ਪਿਖੰਤਿਹ = ਵੇਖਦਿਆਂ ਹੀ। ਕਲਮਲ = ਪਾਪ। ਤ੍ਰਸਨ = ਡਰਨਾ। ਸਦ = ਸਦਾ। ਰੰਗਿ = ਰੰਗ ਵਿਚ, ਪ੍ਰੇਮ ਨਾਲ। ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ)। ਉਚਰੈ = ਕਹਿੰਦਾ ਹੈ। ਜਸ = ਸੋਭਾ। ਜੰਪਉ = ਮੈਂ ਉਚਾਰਦਾ ਹਾਂ। ਰਸਨ = ਜੀਭ ਨਾਲ।

ਅਰਥ: ਕਲ੍ਯ੍ਯਸਹਾਰ ਆਖਦਾ ਹੈ = "ਮੈਂ ਆਪਣੀ ਜੀਭ ਨਾਲ ਸਦਾ ਪ੍ਰੇਮ ਵਿਚ ਤੇ ਆਤਮਕ ਅਡੋਲਤਾ ਵਿਚ (ਟਿਕ ਕੇ) ਉਸ ਲਹਣੇ ਜੀ ਦਾ ਜਸ ਉਚਾਰਦਾ ਹਾਂ, ਜੋ ਉਦਾਰ ਚਿੱਤ ਵਾਲਾ ਹੈ, ਜੋ ਗਰੀਬੀ ਦੂਰ ਕਰਨ ਵਾਲਾ ਹੈ, ਅਤੇ ਜਿਸ ਨੂੰ ਵੇਖ ਕੇ ਪਾਪ ਤ੍ਰਹਿ ਜਾਂਦੇ ਹਨ।7।

ਨਾਮੁ ਅਵਖਧੁ ਨਾਮੁ ਆਧਾਰੁ ਅਰੁ ਨਾਮੁ ਸਮਾਧਿ ਸੁਖੁ ਸਦਾ ਨਾਮ ਨੀਸਾਣੁ ਸੋਹੈ ॥ ਰੰਗਿ ਰਤੌ ਨਾਮ ਸਿਉ ਕਲ ਨਾਮੁ ਸੁਰਿ ਨਰਹ ਬੋਹੈ ॥ {ਪੰਨਾ 1392}

ਪਦ ਅਰਥ: ਅਵਖਧੁ = ਦਵਾਈ, ਜੜੀ-ਬੂਟੀ। ਸਮਾਧਿ ਸੁਖੁ = ਉਹ ਸੁਖ ਜੋ ਸਮਾਧੀ ਲਾਇਆਂ ਮਿਲਦਾ ਹੈ। ਨਾਮ ਨੀਸਾਣੁ = ਨਾਮ ਦਾ ਝੰਡਾ। ਸੋਹੈ = ਸੋਭਦਾ ਹੈ। ਰੰਗਿ ਰਤੌ = ਰੰਗ ਵਿਚ ਰੱਤਾ ਹੋਇਆ। ਨਾਮ ਸਿਉ = ਨਾਮ ਦੀ ਬਰਕਤਿ ਨਾਲ। ਸੁਰਿ = ਦੇਵਤੇ। ਨਰਹ = ਮਨੁੱਖਾਂ ਨੂੰ। ਬੋਹੈ = ਸੁਗੰਧਿਤ ਕਰਦਾ ਹੈ। ਕਲ = ਹੇ ਕਲ੍ਯ੍ਯਸਹਾਰ!

ਅਰਥ: ਅਕਾਲ ਪੁਰਖ ਦਾ ਨਾਮ (ਸਾਰੇ ਰੋਗਾਂ ਦੀ) ਦਵਾਈ ਹੈ, ਨਾਮ (ਸਭ ਦਾ) ਆਸਰਾ ਹੈ ਅਤੇ ਨਾਮ ਹੀ ਸਮਾਧੀ ਵਾਲਾ ਆਨੰਦ ਹੈ; ਅਕਾਲ ਪੁਰਖ ਦੇ ਨਾਮ ਦਾ ਝੰਡਾ ਸਦਾ ਸੋਭ ਰਿਹਾ ਹੈ। ਹੇ ਕਲ੍ਯ੍ਯਸਹਾਰ! ਹਰਿ-ਨਾਮ ਦੀ ਬਰਕਤਿ ਨਾਲ ਹੀ (ਗੁਰੂ ਅੰਗਦ) ਰੰਗ ਵਿਚ ਰੱਤਾ ਹੋਇਆ ਹੈ। ਇਹ ਨਾਮ ਦੇਵਤਿਆਂ ਤੇ ਮਨੁੱਖਾਂ ਨੂੰ ਸੁਗੰਧਿਤ ਕਰ ਰਿਹਾ ਹੈ।

ਨਾਮ ਪਰਸੁ ਜਿਨਿ ਪਾਇਓ ਸਤੁ ਪ੍ਰਗਟਿਓ ਰਵਿ ਲੋਇ ॥ ਦਰਸਨਿ ਪਰਸਿਐ ਗੁਰੂ ਕੈ ਅਠਸਠਿ ਮਜਨੁ ਹੋਇ ॥੮॥ {ਪੰਨਾ 1392}

ਪਦ ਅਰਥ: ਪਰਸੁ = ਛੋਹ। ਜਿਨਿ = ਜਿਸ ਨੇ। ਸਤੁ ਰਵਿ = ਸਤ ਧਰਮ-ਰੂਪ ਸੂਰਜ। ਲੋਇ = ਸ੍ਰਿਸ਼ਟੀ ਵਿਚ। ਦਰਸਨਿ ਪਰਸਿਐ = ਦਰਸਨ ਕਰਨ ਨਾਲ। ਅਠਸਠਿ = ਅਠਾਹਠ ਤੀਰਥ। ਮਜਨੁ = ਇਸ਼ਨਾਨ। ਸਤੁ = ਉੱਚਾ ਆਚਰਨ।

ਅਰਥ: ਜਿਸ ਮਨੁੱਖ ਨੇ ਨਾਮ ਦੀ ਛੋਹ (ਗੁਰੂ ਅੰਗਦ ਦੇਵ ਜੀ) ਤੋਂ ਪ੍ਰਾਪਤ ਕੀਤੀ ਹੈ, ਉਸ ਦਾ ਸਤ ਧਰਮ-ਰੂਪ ਸੂਰਜ ਸੰਸਾਰ ਵਿਚ ਚਮਕ ਪਿਆ ਹੈ। ਸਤਿਗੁਰੂ (ਅੰਗਦ ਦੇਵ ਜੀ) ਦਾ ਦਰਸ਼ਨ ਕਰਨ ਨਾਲ ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ।8।

ਸਚੁ ਤੀਰਥੁ ਸਚੁ ਇਸਨਾਨੁ ਅਰੁ ਭੋਜਨੁ ਭਾਉ ਸਚੁ ਸਦਾ ਸਚੁ ਭਾਖੰਤੁ ਸੋਹੈ ॥ ਸਚੁ ਪਾਇਓ ਗੁਰ ਸਬਦਿ ਸਚੁ ਨਾਮੁ ਸੰਗਤੀ ਬੋਹੈ ॥ {ਪੰਨਾ 1392}

ਪਦ ਅਰਥ: ਸਚੁ = ਸੱਚੇ ਹਰੀ ਦਾ ਨਾਮ। ਭਾਖੰਤ = ਉਚਾਰਦਿਆਂ। ਸੋਹੈ = ਸੋਭ ਰਿਹਾ ਹੈ। ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸੰਗਤਿ = ਸੰਗਤਾਂ ਨੂੰ। ਬੋਹੈ = ਸੁਗੰਧਿਤ ਕਰਦਾ ਹੈ।

ਅਰਥ: ਸਦਾ-ਥਿਰ ਹਰੀ ਦਾ ਨਾਮ ਹੀ (ਗੁਰੂ ਅੰਗਦ ਦੇਵ ਜੀ ਦਾ) ਤੀਰਥ ਹੈ, ਨਾਮ ਹੀ ਇਸ਼ਨਾਨ ਹੈ ਅਤੇ ਨਾਮ ਤੇ ਪਿਆਰ ਹੀ (ਉਹਨਾਂ ਦਾ) ਭੋਜਨ ਹੈ। ਸਦਾ-ਥਿਰ ਪ੍ਰਭੂ ਦਾ ਨਾਮ ਉਚਾਰਦਿਆਂ ਹੀ (ਗੁਰੂ ਅੰਗਦ) ਸੋਭ ਰਿਹਾ ਹੈ। (ਗੁਰੂ ਅੰਗਦ ਦੇਵ ਜੀ ਨੇ) ਅਕਾਲ ਪੁਰਖ ਦਾ ਨਾਮ ਗੁਰੂ (ਨਾਨਕ ਦੇਵ ਜੀ) ਦੇ ਸ਼ਬਦ ਦੀ ਰਾਹੀਂ ਪ੍ਰਾਪਤ ਕੀਤਾ ਹੈ, ਇਹ ਸੱਚਾ ਨਾਮ ਸੰਗਤਾਂ ਨੂੰ ਸੁਗੰਧਿਤ ਕਰਦਾ ਹੈ।

ਜਿਸੁ ਸਚੁ ਸੰਜਮੁ ਵਰਤੁ ਸਚੁ ਕਬਿ ਜਨ ਕਲ ਵਖਾਣੁ ॥ ਦਰਸਨਿ ਪਰਸਿਐ ਗੁਰੂ ਕੈ ਸਚੁ ਜਨਮੁ ਪਰਵਾਣੁ ॥੯॥ {ਪੰਨਾ 1392}

ਪਦ ਅਰਥ: ਜਿਸੁ ਸੰਜਮੁ = ਜਿਸ (ਗੁਰੂ ਅੰਗਦ ਦੇਵ ਜੀ) ਦਾ ਸੰਜਮ। ਕਲ = ਹੇ ਕਲ੍ਯ੍ਯਸਹਾਰ! ਵਖਾਣੁ = ਆਖ। ਸਚੁ = ਸਦਾ-ਥਿਰ ਹਰਿ-ਨਾਮ। ਪਰਵਾਣੁ = ਪ੍ਰਮਾਣੀਕ, ਕਬੂਲ, ਸਫਲ।

ਅਰਥ: ਹੇ ਦਾਸ ਕਲ੍ਯ੍ਯਸਹਾਰ ਕਵੀ! ਆਖ = "ਜਿਸ (ਗੁਰੂ ਅੰਗਦ ਦੇਵ ਜੀ) ਦਾ ਸੰਜਮ ਅਕਾਲ ਪੁਰਖ ਦਾ ਨਾਮ ਹੈ ਅਤੇ ਵਰਤ ਭੀ ਹਰੀ ਦਾ ਨਾਮ ਹੀ ਹੈ, ਉਸ ਗੁਰੂ ਦਾ ਦਰਸ਼ਨ ਕੀਤਿਆਂ ਸਦਾ-ਥਿਰ ਹਰਿ-ਨਾਮ ਪ੍ਰਾਪਤ ਹੋ ਜਾਂਦਾ ਹੈ ਅਤੇ ਮਨੁੱਖਾ-ਜਨਮ ਸਫਲਾ ਹੋ ਜਾਂਦਾ ਹੈ"।9।

ਅਮਿਅ ਦ੍ਰਿਸਟਿ ਸੁਭ ਕਰੈ ਹਰੈ ਅਘ ਪਾਪ ਸਕਲ ਮਲ ॥ ਕਾਮ ਕ੍ਰੋਧ ਅਰੁ ਲੋਭ ਮੋਹ ਵਸਿ ਕਰੈ ਸਭੈ ਬਲ ॥ {ਪੰਨਾ 1392}

ਪਦ ਅਰਥ: ਅਮਿਅ = ਅੰਮ੍ਰਿਤ-ਮਈ, ਅੰਮ੍ਰਿਤ-ਭਰੀ, ਆਤਮਕ ਜੀਵਨ ਦੇਣ ਵਾਲੀ। ਦ੍ਰਿਸਟਿ = ਨਜ਼ਰ। ਹਰੈ = ਦੂਰ ਕਰਦਾ ਹੈ। ਅਘ = ਪਾਪ। ਸਕਲ ਮਲ = ਸਾਰੀਆਂ ਮੈਲਾਂ। ਵਸਿ ਕਰੈ = ਕਾਬੂ ਕਰਦਾ ਹੈ। ਬਲ = ਅਹੰਕਾਰ।

ਅਰਥ: (ਗੁਰੂ ਅੰਗਦ ਦੇਵ ਜਿਸ ਉੱਤੇ) ਆਤਮਕ ਜੀਵਨ ਦੇਣ ਵਾਲੀ ਭਲੀ ਨਿਗਾਹ ਕਰਦਾ ਹੈ, (ਉਸ ਦੇ) ਪਾਪ ਤੇ ਸਾਰੀਆਂ ਮੈਲਾਂ ਦੂਰ ਕਰ ਦੇਂਦਾ ਹੈ, ਅਤੇ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ = ਇਹ ਸਾਰੇ ਉਸ ਦੇ ਕਾਬੂ ਵਿਚ ਕਰ ਦੇਂਦਾ ਹੈ।

ਸਦਾ ਸੁਖੁ ਮਨਿ ਵਸੈ ਦੁਖੁ ਸੰਸਾਰਹ ਖੋਵੈ ॥ ਗੁਰੁ ਨਵ ਨਿਧਿ ਦਰੀਆਉ ਜਨਮ ਹਮ ਕਾਲਖ ਧੋਵੈ ॥ {ਪੰਨਾ 1392}

ਪਦ ਅਰਥ: ਮਨਿ = ਮਨ ਵਿਚ। ਸੰਸਾਰਹ = ਸੰਸਾਰ ਦਾ। ਖੋਵੈ = ਨਾਸ ਕਰਦਾ ਹੈ। ਨਵਨਿਧਿ ਦਰੀਆਉ = ਨੌ ਨਿਧੀਆਂ ਦਾ ਦਰੀਆਉ। ਜਨਮ ਹਮ = ਸਾਡੇ ਜਨਮਾਂ ਦੀ। ਨਿਧਿ = ਖ਼ਜ਼ਾਨਾ।

ਅਰਥ: (ਗੁਰੂ ਅੰਗਦ ਦੇ) ਮਨ ਵਿਚ ਸਦਾ ਸੁਖ ਵੱਸ ਰਿਹਾ ਹੈ, (ਉਹ) ਸੰਸਾਰ ਦਾ ਦੁੱਖ ਦੂਰ ਕਰਦਾ ਹੈ। ਸਤਿਗੁਰੂ ਨੌ ਨਿਧੀਆਂ ਦਾ ਦਰੀਆਉ ਹੈ; ਸਾਡੇ ਜਨਮਾਂ ਦੀ ਕਾਲਖ ਧੋਂਦਾ ਹੈ।

ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ ॥ ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ ॥੧੦॥ {ਪੰਨਾ 1392}

ਪਦ ਅਰਥ: ਟਲ = ਹੇ ਟੱਲ! ਹੇ ਕਲ੍ਯ੍ਯ! ਹੇ ਕਲ੍ਯ੍ਯਸਹਾਰ! ਅਹਿ = ਦਿਨ। ਨਿਸ = ਰਾਤ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।

ਅਰਥ: ਹੇ ਕਲ੍ਯ੍ਯਸਹਾਰ! ਆਖ = "(ਐਸੇ) ਗੁਰੂ (ਅੰਗਦ ਦੇਵ ਜੀ) ਨੂੰ ਦਿਨ ਰਾਤ ਆਤਮਕ ਅਡੋਲਤਾ ਅਤੇ ਪ੍ਰੇਮ ਵਿਚ ਟਿਕ ਕੇ ਸੇਵਨਾ ਚਾਹੀਦਾ ਹੈ। (ਐਸੇ) ਸਤਿਗੁਰੂ ਦੇ ਦਰਸ਼ਨ ਕੀਤਿਆਂ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ"।10।

ਨੋਟ: ਇਹਨਾਂ 15 ਸਵਈਆਂ ਦਾ ਕਰਤਾ ਭੱਟ 'ਕਲ੍ਯ੍ਯਸਹਾਰ' ਹੈ, ਜਿਸ ਦੇ ਦੂਜੇ ਨਾਮ 'ਕਲ੍ਯ੍ਯ' ਅਤੇ 'ਟਲ੍ਯ੍ਯ' ਹਨ।

ਸਵਈਏ ਮਹਲੇ ਤੀਜੇ ਕੇ ੩

ਅਰਥ: ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।

ੴ ਸਤਿਗੁਰ ਪ੍ਰਸਾਦਿ ॥ ਸੋਈ ਪੁਰਖੁ ਸਿਵਰਿ ਸਾਚਾ ਜਾ ਕਾ ਇਕੁ ਨਾਮੁ ਅਛਲੁ ਸੰਸਾਰੇ ॥ ਜਿਨਿ ਭਗਤ ਭਵਜਲ ਤਾਰੇ ਸਿਮਰਹੁ ਸੋਈ ਨਾਮੁ ਪਰਧਾਨੁ ॥ {ਪੰਨਾ 1392}

ਪਦ ਅਰਥ: ਸਿਵਰਿ = ਸਿਮਰ। ਸਾਚਾ = ਸਦਾ ਕਾਇਮ ਰਹਿਣ ਵਾਲਾ। ਜਾ ਕਾ = ਜਿਸ (ਹਰੀ) ਦਾ। ਅਛਲੁ = ਨਾ ਛਲਿਆ ਜਾਣ ਵਾਲਾ। ਸੰਸਾਰੇ = ਸੰਸਾਰ ਵਿਚ। ਜਿਨਿ = ਜਿਸ (ਨਾਮ) ਨੇ। ਪਰਧਾਨੁ = ਸ੍ਰੇਸ਼ਟ, ਉੱਤਮ।

ਅਰਥ: ਉਸ ਸਦਾ-ਥਿਰ ਅਕਾਲ ਪੁਰਖ ਨੂੰ ਸਿਮਰ; ਜਿਸ ਦਾ ਇਕ ਨਾਮ ਸੰਸਾਰ ਵਿਚ ਅਛੱਲ ਹੈ। ਜਿਸ ਨਾਮ ਨੇ ਭਗਤਾਂ ਨੂੰ ਸੰਸਾਰ-ਸਾਗਰ ਤੋਂ ਪਾਰ ਉਤਾਰਿਆ ਹੈ, ਉਸ ਉੱਤਮ ਨਾਮ ਨੂੰ ਸਿਮਰੋ।

ਤਿਤੁ ਨਾਮਿ ਰਸਿਕੁ ਨਾਨਕੁ ਲਹਣਾ ਥਪਿਓ ਜੇਨ ਸ੍ਰਬ ਸਿਧੀ ॥ ਕਵਿ ਜਨ ਕਲ੍ਯ੍ਯ ਸਬੁਧੀ ਕੀਰਤਿ ਜਨ ਅਮਰਦਾਸ ਬਿਸ੍ਤਰੀਯਾ ॥ {ਪੰਨਾ 1392}

ਪਦ ਅਰਥ: ਤਿਤੁ ਨਾਮਿ = ਉਸੇ ਨਾਮ ਵਿਚ। ਰਸਿਕੁ = ਆਨੰਦ ਲੈਣ ਵਾਲਾ। ਥਪਿਓ = ਥਾਪਿਆ ਗਿਆ, ਟਿੱਕਿਆ ਗਿਆ। ਜੇਨ = ਜਿਸ ਕਰ ਕੇ, (ਭਾਵ, ਉਸੇ ਨਾਮ ਦੀ ਬਰਕਤਿ ਕਰ ਕੇ)। ਸ੍ਰਬ ਸਿਧੀ = ਸਾਰੀਆਂ ਸਿੱਧੀਆਂ (ਪ੍ਰਾਪਤ ਹੋਈਆਂ)। ਸਬੁਧੀ = ਬੁੱਧੀ ਵਾਲਾ, ਉੱਚੀ ਮਤ ਵਾਲਾ। ਕੀਰਤਿ = ਸੋਭਾ। ਜਨ = ਜਨਾਂ ਵਿਚ, ਲੋਕਾਂ ਵਿਚ। ਅਮਰਦਾਸ = ਗੁਰੂ ਅਮਰਦਾਸ ਦੀ। ਬਿਸ੍ਤਰੀਯਾ = ਖਿੱਲਰੀ ਹੋਈ ਹੈ।

ਅਰਥ: ਉਸੇ ਨਾਮ ਵਿਚ (ਗੁਰੂ) ਨਾਨਕ ਆਨੰਦ ਲੈ ਰਿਹਾ ਹੈ, (ਉਸੇ ਨਾਮ ਦੁਆਰਾ) ਲਹਣਾ ਜੀ ਟਿੱਕ ਗਏ, ਜਿਸ ਕਰਕੇ ਸਾਰੀਆਂ ਸਿੱਧੀਆਂ ਉਹਨਾਂ ਨੂੰ ਪ੍ਰਾਪਤ ਹੋਈਆਂ। ਹੇ ਕਲ੍ਯ੍ਯ ਕਵੀ! (ਉਸੇ ਦੀ ਬਰਕਤਿ ਨਾਲ) ਉੱਚੀ ਬੁੱਧੀ ਵਾਲੇ ਗੁਰੂ ਅਮਰਦਾਸ ਦੀ ਸੋਭਾ ਲੋਕਾਂ ਵਿਚ ਪਸਰ ਰਹੀ ਹੈ।

ਕੀਰਤਿ ਰਵਿ ਕਿਰਣਿ ਪ੍ਰਗਟਿ ਸੰਸਾਰਹ ਸਾਖ ਤਰੋਵਰ ਮਵਲਸਰਾ ॥ ਉਤਰਿ ਦਖਿਣਹਿ ਪੁਬਿ ਅਰੁ ਪਸ੍ਚਮਿ ਜੈ ਜੈ ਕਾਰੁ ਜਪੰਥਿ ਨਰਾ ॥ {ਪੰਨਾ 1392}

ਪਦ ਅਰਥ: ਕੀਰਤਿ ਰਵਿ ਕਿਰਣਿ = ਸੋਭਾ-ਰੂਪ ਸੂਰਜ ਦੀ ਕਿਰਣ ਦੁਆਰਾ। ਰਵਿ = ਸੂਰਜ। ਕੀਰਤਿ = ਸੋਭਾ। ਪ੍ਰਗਟਿ = ਪਰਗਟ ਹੋ ਕੇ, ਖਿੱਲਰ ਕੇ। ਸੰਸਾਰਹ = ਸੰਸਾਰ ਵਿਚ। ਸਾਖ = ਟਹਿਣੀਆਂ। ਤਰੋਵਰ = ਸ੍ਰੇਸ਼ਟ ਰੁੱਖ। ਮਵਲਸਰਾ = ਮੌਲਸਰੀ ਦਾ ਰੁੱਖ, ਇਸ ਦੇ ਨਿੱਕੇ ਨਿੱਕੇ ਫੁੱਲ ਬੜੀ ਮਿੱਠੀ ਅਤੇ ਭਿੰਨੀ ਸੁਗੰਧੀ ਵਾਲੇ ਹੁੰਦੇ ਹਨ। ਉਤਰਿ = ਉੱਤਰਿ, ਪਹਾੜ ਪਾਸੇ। ਦਖਿਣਹਿ = ਦੱਖਣ ਵਲ। ਪੁਬਿ = ਚੜ੍ਹਦੇ ਪਾਸੇ। ਪਸ੍ਚਮਿ = ਪੱਛੋਂ ਵਲ। ਜਪੰਥਿ = ਜਪਦੇ ਹਨ।

ਅਰਥ: (ਜਿਵੇਂ) ਮੌਲਸਰੀ ਦੇ ਸ੍ਰੇਸ਼ਟ ਰੁੱਖ ਦੀਆਂ ਸ਼ਾਖ਼ਾਂ (ਖਿੱਲਰ ਕੇ ਸੁਗੰਧੀ ਖਿਲਾਰਦੀਆਂ ਹਨ, ਤਿਵੇਂ ਗੁਰੂ ਅਮਰਦਾਸ ਦੀ) ਸੋਭਾ-ਰੂਪ ਸੂਰਜ ਦੀ ਕਿਰਣ ਦੇ ਜਗਤ ਵਿਚ ਪਰਗਟ ਹੋਣ ਦੇ ਕਾਰਣ ਪਹਾੜ, ਦੱਖਣ ਚੜ੍ਹਦੇ ਲਹਿੰਦੇ (ਭਾਵ, ਹਰ ਪਾਸੇ) ਲੋਕ ਗੁਰੂ ਅਮਰਦਾਸ ਜੀ ਦੀ ਜੈ-ਜੈਕਾਰ ਕਰ ਰਹੇ ਹਨ।

TOP OF PAGE

Sri Guru Granth Darpan, by Professor Sahib Singh