ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1391

ਸਵਈਏ ਮਹਲੇ ਦੂਜੇ ਕੇ ੨

ਅਰਥ: ਗੁਰੂ ਅੰਗਦ ਦੇਵ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।

ੴ ਸਤਿਗੁਰ ਪ੍ਰਸਾਦਿ ॥ ਸੋਈ ਪੁਰਖੁ ਧੰਨੁ ਕਰਤਾ ਕਾਰਣ ਕਰਤਾਰੁ ਕਰਣ ਸਮਰਥੋ ॥ ਸਤਿਗੁਰੂ ਧੰਨੁ ਨਾਨਕੁ ਮਸਤਕਿ ਤੁਮ ਧਰਿਓ ਜਿਨਿ ਹਥੋ ॥ {ਪੰਨਾ 1391}

ਪਦ ਅਰਥ: ਪੁਰਖੁ = ਵਿਆਪਕ ਹਰੀ। ਕਾਰਣ ਕਰਣ = ਸ੍ਰਿਸ਼ਟੀ ਦਾ ਕਾਰਣ, ਸ੍ਰਿਸ਼ਟੀ ਦਾ ਸਿਰਜਣਹਾਰ। ਸਮਰਥੋ = ਸਮਰੱਥਾ ਵਾਲਾ, ਸਾਰੀਆ ਤਾਕਤਾਂ ਦਾ ਮਾਲਕ। ਮਸਤਕਿ ਤੁਮ = ਤੇਰੇ ਮੱਥੇ ਉੱਤੇ (ਹੇ ਗੁਰੂ ਅੰਗਦ!)। ਜਿਨਿ = ਜਿਸ (ਗੁਰੂ ਨਾਨਕ) ਨੇ।

ਅਰਥ: ਧੰਨ ਹੈ ਉਹ ਕਰਤਾਰ ਸਰਬ-ਵਿਆਪਕ ਹਰੀ, ਜੋ ਇਸ ਸ੍ਰਿਸ਼ਟੀ ਦਾ ਮੂਲ ਕਾਰਨ ਹੈ, ਸਿਰਜਣ ਵਾਲਾ ਹੈ ਤੇ ਸਮਰੱਥਾ ਵਾਲਾ ਹੈ। ਧੰਨ ਹੈ ਸਤਿਗੁਰੂ ਨਾਨਕ, ਜਿਸ ਨੇ (ਹੇ ਗੁਰੂ ਅੰਗਦ!) ਤੇਰੇ ਮੱਥੇ ਉੱਤੇ (ਆਪਣਾ) ਹੱਥ ਰੱਖਿਆ ਹੈ।

ਤ ਧਰਿਓ ਮਸਤਕਿ ਹਥੁ ਸਹਜਿ ਅਮਿਉ ਵੁਠਉ ਛਜਿ ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ ॥ ਮਾਰਿਓ ਕੰਟਕੁ ਕਾਲੁ ਗਰਜਿ ਧਾਵਤੁ ਲੀਓ ਬਰਜਿ ਪੰਚ ਭੂਤ ਏਕ ਘਰਿ ਰਾਖਿ ਲੇ ਸਮਜਿ ॥ {ਪੰਨਾ 1391}

ਪਦ ਅਰਥ: ਅਮਿਉ = ਅੰਮ੍ਰਿਤ। ਵੁਠਉ = ਵੱਸ ਪਿਆ। ਛਜਿ = ਛੱਜੀਂ ਖਾਰੀਂ, ਛਹਬਰ ਲਾ ਕੇ। ਬੋਹਿਯ = ਭਿੱਜ ਗਏ, ਤਰੋ-ਤਰ ਹੋ ਗਏ, ਸੁਗੰਧਿਤ ਹੋ ਗਏ। ਅਗਾਜਿ = ਪ੍ਰਤੱਖ ਤੌਰ ਤੇ। ਕੰਟਕੁ = ਕੰਡਾ (ਭਾਵ, ਦੁਖਦਾਈ)। ਗਰਜਿ = ਗਰਜ ਕੇ, ਆਪਣਾ ਬਲ ਦਿਖਾ ਕੇ। ਧਾਵਤੁ = ਭਟਕਦਾ। ਬਰਜਿ ਲੀਓ = ਰੋਕ ਲਿਆ। ਪੰਚ ਭੂਤ = ਕਾਮ ਆਦਿਕ ਪੰਜਾਂ ਨੂੰ। ਸਮਜਿ = ਇਕੱਠੇ ਕਰ ਕੇ, ਸਮੇਟ ਕੇ (ਸਮਜ = ਸੰਸਕ੍ਰਿਤ ਵਿਚ ਇਕੱਠਾ ਕਰਨ ਨੂੰ ਕਹਿੰਦੇ ਹਨ, ਇਸ ਤੋਂ 'ਸਮਾਜ' 'ਨਾਂਵ' ਬਣਿਆ ਹੈ)।

ਅਰਥ: ਤਦੋਂ ਸਹਿਜੇ ਹੀ (ਗੁਰੂ ਨਾਨਕ ਨੇ ਤੇਰੇ) ਮੱਥੇ ਉੱਤੇ ਹੱਥ ਰੱਖਿਆ। (ਤੇਰੇ ਹਿਰਦੇ ਵਿਚ) ਨਾਮ-ਅੰਮ੍ਰਿਤ ਛਹਬਰ ਲਾ ਕੇ ਵੱਸ ਪਿਆ, ਜਿਸ ਦੀ ਬਰਕਤਿ ਨਾਲ ਦੇਵਤੇ, ਮਨੁੱਖ, ਗਣ ਤੇ ਰਿਸ਼ੀ ਮੁਨੀ ਪ੍ਰਤੱਖ ਤੌਰ ਤੇ ਭਿੱਜ ਗਏ। (ਹੇ ਗੁਰੂ ਅੰਗਦ!) ਤੂੰ ਦੁਖਦਾਈ ਕਾਲ ਨੂੰ ਆਪਣਾ ਬਲ ਵਿਖਾ ਕੇ ਨਾਸ ਕਰ ਦਿੱਤਾ, ਆਪਣੇ ਮਨ ਨੂੰ ਭਟਕਣ ਤੋਂ ਰੋਕ ਲਿਆ, ਤੇ ਕਾਮਾਦਿਕ ਪੰਜਾਂ ਨੂੰ ਹੀ ਇੱਕ ਥਾਂ ਇਕੱਠਾ ਕਰ ਕੇ ਕਾਬੂ ਕਰ ਲਿਆ।

ਜਗੁ ਜੀਤਉ ਗੁਰ ਦੁਆਰਿ ਖੇਲਹਿ ਸਮਤ ਸਾਰਿ ਰਥੁ ਉਨਮਨਿ ਲਿਵ ਰਾਖਿ ਨਿਰੰਕਾਰਿ ॥ ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੧॥ {ਪੰਨਾ 1391}

ਪਦ ਅਰਥ: ਜੀਤਉ = ਜਿੱਤ ਲਿਆ ਹੈ। ਗੁਰਦੁਆਰਿ = ਗੁਰੂ ਦੇ ਦਰ ਤੇ (ਪੈ ਕੇ)। ਸਮਤ = ਸਭ ਨੂੰ ਇੱਕ ਦ੍ਰਿਸ਼ਟੀ ਨਾਲ ਵੇਖਣਾ। ਸਾਰਿ = ਨਰਦ। ਸਮਤ ਸਾਰਿ = ਸਮਤਾ ਦੀ ਬਾਜ਼ੀ। ਖੇਲਹਿ = ਤੂੰ ਖੇਡਦਾ ਹੈਂ। ਲਿਵ ਰਥੁ = ਲਿਵ ਦਾ ਰਥ, ਬ੍ਰਿਤੀ ਦਾ ਪਰਵਾਹ। ਉਨਮਨਿ = ਉਨਮਨ ਅਵਸਥਾ ਵਿਚ, ਪੂਰਨ ਖਿੜਾਉ ਵਿਚ। ਰਾਖਿ = ਰੱਖ ਕੇ, ਰੱਖਣ ਦੇ ਕਾਰਨ। ਨਿਰੰਕਾਰਿ = ਅਕਾਲ ਪੁਰਖ ਵਿਚ। ਕੀਰਤਿ = ਸੋਭਾ। ਕਲ ਸਹਾਰ = ਹੇ ਕਲਸਹਾਰ! ਸਪਤ ਦੀਪ ਮਝਾਰ = ਸੱਤਾਂ ਦੀਪਾਂ ਵਿਚ (ਭਾਵ, ਸਾਰੀ ਦੁਨੀਆ ਵਿਚ)। ਲਹਣਾ ਕੀਰਤਿ = ਲਹਣੇ ਦੀ ਸੋਭਾ। ਜਗਤ੍ਰ ਗੁਰੁ = ਜਗਤ ਦੇ ਗੁਰੂ (ਨਾਨਕ ਦੇਵ ਜੀ) ਨੂੰ। ਪਰਸਿ = ਪਰਸ ਕੇ, ਛੁਹ ਕੇ। ਮੁਰਾਰਿ = ਮੁਰਾਰੀ-ਰੂਪ ਗੁਰੂ ਨਾਨਕ ਨੂੰ (ਮੁਰ-ਅਰਿ)।1।

ਅਰਥ: (ਹੇ ਗੁਰੂ ਅੰਗਦ!) ਗੁਰੂ (ਨਾਨਕ) ਦੇ ਦਰ ਤੇ ਪੈ ਕੇ ਤੂੰ ਜਗਤ ਨੂੰ ਜਿੱਤ ਲਿਆ ਹੈ, ਤੂੰ ਸਮਤਾ ਦੀ ਬਾਜ਼ੀ ਖੇਲ ਰਿਹਾ ਹੈਂ; (ਭਾਵ, ਤੂੰ ਸਭ ਨੂੰ ਇੱਕ ਦ੍ਰਿਸ਼ਟੀ ਨਾਲ ਵੇਖ ਰਿਹਾ ਹੈਂ)। ਨਿਰੰਕਾਰ ਵਿਚ ਲਿਵ ਰੱਖਣ ਕਰ ਕੇ ਤੇਰੀ ਬ੍ਰਿਤੀ ਦਾ ਪ੍ਰਵਾਹ ਪੂਰਨ ਖਿੜਾਉ ਦੀ ਅਵਸਥਾ ਵਿਚ ਟਿਕਿਆ ਰਹਿੰਦਾ ਹੈ। ਹੇ ਕਲਸਹਾਰ! ਆਖ = "ਹਰੀ-ਰੂਪ ਜਗਤ ਦੇ ਗੁਰੂ (ਨਾਨਕ ਦੇਵ ਜੀ) ਨੂੰ ਪਰਸ ਕੇ (ਭਾਵ, ਗੁਰੂ ਨਾਨਕ ਦੀ ਚਰਨੀਂ ਲੱਗ ਕੇ) ਲਹਣੇ ਦੀ ਸੋਭਾ ਸਾਰੇ ਸੰਸਾਰ ਵਿਚ ਫੈਲ ਰਹੀ ਹੈ''।1।

ਜਾ ਕੀ ਦ੍ਰਿਸਟਿ ਅੰਮ੍ਰਿਤ ਧਾਰ ਕਾਲੁਖ ਖਨਿ ਉਤਾਰ ਤਿਮਰ ਅਗ੍ਯ੍ਯਾਨ ਜਾਹਿ ਦਰਸ ਦੁਆਰ ॥ ਓਇ ਜੁ ਸੇਵਹਿ ਸਬਦੁ ਸਾਰੁ ਗਾਖੜੀ ਬਿਖਮ ਕਾਰ ਤੇ ਨਰ ਭਵ ਉਤਾਰਿ ਕੀਏ ਨਿਰਭਾਰ ॥ {ਪੰਨਾ 1391}

ਪਦ ਅਰਥ: ਜਾ ਕੀ = ਜਿਸ (ਗੁਰੂ) ਦੀ। ਅੰਮ੍ਰਿਤਧਾਰ ਦ੍ਰਿਸਟਿ = ਅੰਮ੍ਰਿਤ ਵਸਾਣ ਵਾਲੀ ਦ੍ਰਿਸ਼ਟੀ। ਕਾਲੁਖ = ਪਾਪਾਂ-ਰੂਪ ਕਾਲਖ। ਖਨਿ = ਪੁੱਟ ਕੇ। ਖਨਿ ਉਤਾਰ = ਉਖੇੜ ਕੇ ਦੂਰ ਕਰਨ ਦੇ ਸਮਰੱਥ। ਤਿਮਰ = ਹਨੇਰਾ। ਜਾਹਿ = ਦੂਰ ਹੋ ਜਾਂਦੇ ਹਨ। ਦਰਸ ਦੁਆਰ = (ਜਿਸ ਦੇ) ਦਰ ਦਾ ਦਰਸ਼ਨ ਕਰਨ ਨਾਲ। ਓਇ = ਉਹ ਮਨੁੱਖ (ਬਹੁ-ਵਚਨ)। ਸੇਵਹਿ = ਜਪਦੇ ਹਨ। ਸਾਰੁ = ਸ੍ਰੇਸ਼ਟ। ਗਾਖੜੀ = ਔਖੀ। ਬਿਖਮ = ਬਿਖੜੀ। ਤੇ ਨਰ = ਉਹ ਬੰਦੇ। ਭਵ ਉਤਾਰਿ = ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਕੇ। ਨਿਰਭਾਰ = ਭਾਰ ਤੋਂ ਰਹਿਤ, ਹੌਲੇ, ਮੁਕਤ।

ਅਰਥ: ਜਿਸ (ਗੁਰੂ ਅੰਗਦ ਦੇਵ ਜੀ) ਦੀ ਦ੍ਰਿਸ਼ਟੀ ਅੰਮ੍ਰਿਤ ਵਸਾਣ ਵਾਲੀ ਹੈ, (ਪਾਪਾਂ ਦੀ) ਕਾਲਖ ਪੁੱਟ ਕੇ ਦੂਰ ਕਰਨ ਦੇ ਸਮਰੱਥ ਹੈ, ਉਸ ਦੇ ਦਰ ਦਾ ਦਰਸ਼ਨ ਕਰਨ ਨਾਲ ਅਗਿਆਨ ਆਦਿਕ ਹਨੇਰੇ ਦੂਰ ਹੋ ਜਾਂਦੇ ਹਨ। ਜੋ ਮਨੁੱਖ (ਉਸ ਦੇ) ਸ੍ਰੇਸ਼ਟ ਸ਼ਬਦ ਨੂੰ ਜਪਦੇ ਹਨ, ਅਤੇ (ਇਹ) ਔਖੀ ਤੇ ਬਿਖੜੀ ਕਾਰ ਕਰਦੇ ਹਨ, ਉਹਨਾਂ ਨੂੰ ਸੰਸਾਰ-ਸਾਗਰ ਤੋਂ ਪਾਰ ਲੰਘਾ ਕੇ ਸਤਿਗੁਰੂ ਨੇ ਮੁਕਤ ਕਰ ਦਿੱਤਾ ਹੈ।

ਸਤਸੰਗਤਿ ਸਹਜ ਸਾਰਿ ਜਾਗੀਲੇ ਗੁਰ ਬੀਚਾਰਿ ਨਿੰਮਰੀ ਭੂਤ ਸਦੀਵ ਪਰਮ ਪਿਆਰਿ ॥ ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੨॥ {ਪੰਨਾ 1391}

ਪਦ ਅਰਥ: ਸਹਜ ਸਾਰਿ = ਸਹਜ ਦੀ ਸਾਰ ਲੈ ਕੇ, ਸਹਜ ਅਵਸਥਾ ਨੂੰ ਸੰਭਾਲ ਕੇ। ਸਹਜ = ਆਤਮਕ ਅਡੋਲਤਾ। ਜਾਗੀਲੇ = ਜਾਗ ਪੈਂਦੇ ਹਨ। ਗੁਰ ਬਿਚਾਰਿ = ਸਤਿਗੁਰੂ ਦੀ ਦੱਸੀ ਵਿਚਾਰ ਦੁਆਰਾ। ਨਿੰਮਰੀ ਭੂਤ = ਨੀਵੇਂ ਸੁਭਾਉ ਵਾਲੇ ਹੋ ਜਾਂਦੇ ਹਨ। ਪਿਆਰਿ = ਪਿਆਰ ਵਿਚ।2।

ਅਰਥ: (ਉਹ ਮਨੁੱਖ) ਸਤਸੰਗਤਿ ਵਿਚ ਸਹਜ ਅਵਸਥਾ ਨੂੰ ਪ੍ਰਾਪਤ ਕਰਦੇ ਹਨ, ਸਤਿਗੁਰੂ ਦੀ ਦੱਸੀ ਹੋਈ ਵਿਚਾਰ ਦੀ ਬਰਕਤਿ ਨਾਲ (ਉਹਨਾਂ ਦੇ ਮਨ) ਜਾਗ ਪੈਂਦੇ ਹਨ; ਉਹ ਸਦਾ ਨਿੰਮ੍ਰਤਾ ਤੇ ਪਰਮ ਪਿਆਰ ਵਿਚ (ਭਿੱਜੇ) ਰਹਿੰਦੇ ਹਨ। ਹੇ ਕਲਸਹਾਰ! ਆਖ = "ਮੁਰਾਰੀ ਦੇ ਰੂਪ ਜਗਤ-ਗੁਰੂ (ਨਾਨਕ ਦੇਵ ਜੀ) ਨੂੰ ਪਰਸ ਕੇ (ਐਸੇ ਗੁਰੂ ਅੰਗਦ) ਲਹਣੇ ਦੀ ਸੋਭਾ ਸਾਰੇ ਸੰਸਾਰ ਵਿਚ ਪਸਰ ਰਹੀ ਹੈ"।2।

ਤੈ ਤਉ ਦ੍ਰਿੜਿਓ ਨਾਮੁ ਅਪਾਰੁ ਬਿਮਲ ਜਾਸੁ ਬਿਥਾਰੁ ਸਾਧਿਕ ਸਿਧ ਸੁਜਨ ਜੀਆ ਕੋ ਅਧਾਰੁ ॥ ਤੂ ਤਾ ਜਨਿਕ ਰਾਜਾ ਅਉਤਾਰੁ ਸਬਦੁ ਸੰਸਾਰਿ ਸਾਰੁ ਰਹਹਿ ਜਗਤ੍ਰ ਜਲ ਪਦਮ ਬੀਚਾਰ ॥ {ਪੰਨਾ 1391}

ਪਦ ਅਰਥ: ਤੈ ਤਉ = ਤੂੰ ਤਾਂ। ਦ੍ਰਿ੍ਰੜਿਓ = ਦ੍ਰਿੜ੍ਹ ਕੀਤਾ ਹੈ, ਹਿਰਦੇ ਵਿਚ ਟਿਕਾਇਆ ਹੈ। ਅਪਾਰੁ = ਬੇਅੰਤ। ਬਿਮਲ = ਨਿਰਮਲ। ਜਾਸੁ = ਜਸ, ਸੋਭਾ। ਬਿਥਾਰੁ = ਵਿਸਥਾਰ, ਪਸਾਰਾ। ਸੁਜਨ = ਨੇਕ ਲੋਕ। ਰਹਹਿ = ਤੂੰ ਰਹਿੰਦਾ ਹੈਂ। ਜਗਤ੍ਰ = ਜਗਤ ਵਿਚ। ਜਲ ਪਦਮ ਬੀਚਾਰ = ਜਿਵੇਂ ਜਲ ਵਿਚ ਪਦਮ (ਕੰਵਲ) ਰਹਿੰਦਾ ਹੈ (ਭਾਵ, ਨਿਰਲੇਪ ਰਹਿੰਦਾ ਹੈ)। ਜੀਆ = ਜ਼ਿੰਦਗੀ। ਕੋ = ਦਾ।

ਅਰਥ: (ਹੇ ਗੁਰੂ ਅੰਗਦ!) ਤੂੰ ਤਾਂ (ਅਕਾਲ ਪੁਰਖ ਦੇ) ਅਪਾਰ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾਇਆ ਹੈ, ਤੇਰੀ ਨਿਰਮਲ ਸੋਭਾ ਖਿੱਲਰੀ ਹੋਈ ਹੈ। ਤੂੰ ਸਾਧਿਕ ਸਿੱਧ ਅਤੇ ਸੰਤ ਜਨਾਂ ਦੀ ਜ਼ਿੰਦਗੀ ਦਾ ਸਹਾਰਾ ਹੈਂ। (ਹੇ ਗੁਰੂ ਅੰਗਦ!) ਤੂੰ ਤਾਂ (ਨਿਰਲੇਪਤਾ ਵਿਚ) ਰਾਜਾ ਜਨਕ ਦਾ ਅਵਤਾਰ ਹੈਂ (ਭਾਵ, ਜਿਵੇਂ ਰਾਜਾ ਜਨਕ ਨਿਰਲੇਪ ਰਹਿੰਦਾ ਸੀ, ਤਿਵੇਂ ਤੂੰ ਨਿਰਲੇਪ ਰਹਿੰਦਾ ਹੈਂ)। ਜਗਤ ਵਿਚ (ਤੇਰਾ) ਸ਼ਬਦ ਸ੍ਰੇਸ਼ਟ ਹੈ, ਤੂੰ ਜਗਤ ਵਿਚ ਇਉਂ ਨਿਰਲੇਪ ਰਹਿੰਦਾ ਹੈਂ; ਜਿਵੇਂ ਕੌਲ ਫੁੱਲ ਜਲ ਵਿਚ।

ਕਲਿਪ ਤਰੁ ਰੋਗ ਬਿਦਾਰੁ ਸੰਸਾਰ ਤਾਪ ਨਿਵਾਰੁ ਆਤਮਾ ਤ੍ਰਿਬਿਧਿ ਤੇਰੈ ਏਕ ਲਿਵ ਤਾਰ ॥ ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੩॥ {ਪੰਨਾ 1391}

ਪਦ ਅਰਥ: ਕਲਿਪਤਰੁ = ਕਲਪ ਰੁੱਖ, ਮਨੋ-ਕਾਮਨਾਂ ਪੂਰੀਆਂ ਕਰਨ ਵਾਲਾ ਰੁੱਖ। (ਸੰਸਕ੍ਰਿਤ ਦੇ ਵਿਦਵਾਨਾਂ ਨੇ ਮੰਨਿਆ ਹੈ ਕਿ ਇਹ ਰੁੱਖ ਇੰਦ੍ਰ ਦੇ ਸ੍ਵਰਗ ਵਿਚ ਹੈ। ਵੇਖੋ, ਆਸਾ ਦੀ ਵਾਰ ਸਟੀਕ, ਪਉੜੀ 13, 'ਪਾਰਿਜਾਤੁ')। ਰੋਗ ਬਿਦਾਰੁ = ਰੋਗਾਂ ਨੂੰ ਦੂਰ ਕਰਨ ਵਾਲਾ। ਸੰਸਾਰ ਤਾਪ ਨਿਵਾਰੁ = ਸੰਸਾਰ ਦੇ ਤਾਪਾਂ ਦਾ ਨਿਵਾਰਨ ਵਾਲਾ। ਆਤਮਾ ਤ੍ਰਿਬਿਧਿ = ਤਿੰਨਾਂ ਕਿਸਮਾਂ ਵਾਲੇ (ਭਾਵ, ਤਿੰਨਾਂ ਗੁਣਾਂ ਵਿਚ ਵਰਤਨ ਵਾਲੇ) ਜੀਵ, ਸੰਸਾਰੀ ਜੀਵ। ਤੇਰੈ = ਤੇਰੇ ਵਿਚ (ਹੇ ਗੁਰੂ ਅੰਗਦ!)। ਏਕ ਲਿਵ ਤਾਰ = ਇੱਕ-ਰਸ ਲਿਵ ਲਾਈ ਰੱਖਦੇ ਹਨ।3।

ਅਰਥ: (ਹੇ ਗੁਰੂ ਅੰਗਦ!) ਤੂੰ ਕਲਪ ਰੁੱਖ ਹੈਂ, ਰੋਗਾਂ ਦੇ ਦੂਰ ਕਰਨ ਵਾਲਾ ਹੈਂ, ਸੰਸਾਰ ਦੇ ਦੁੱਖਾਂ ਨੂੰ ਨਿਵਿਰਤ ਕਰਨ ਵਾਲਾ ਹੈਂ। ਸਾਰੇ ਸੰਸਾਰੀ ਜੀਵ ਤੇਰੇ (ਚਰਨਾਂ) ਵਿਚ ਇੱਕ-ਰਸ ਲਿਵ ਲਾਈ ਬੈਠੇ ਹਨ। ਹੇ ਕਲ੍ਯ੍ਯਸਹਾਰ! ਆਖ = 'ਮੁਰਾਰੀ-ਰੂਪ ਜਗਤ-ਗੁਰੂ (ਨਾਨਕ ਦੇਵ ਜੀ) ਨੂੰ ਪਰਸ ਕੇ (ਐਸੇ ਗੁਰੂ ਅੰਗਦ) ਲਹਣੇ ਦੀ ਸੋਭਾ ਸੱਤਾਂ ਦੀਪਾਂ ਵਿਚ ਫੈਲ ਰਹੀ ਹੈ'।3।

ਤੈ ਤਾ ਹਦਰਥਿ ਪਾਇਓ ਮਾਨੁ ਸੇਵਿਆ ਗੁਰੁ ਪਰਵਾਨੁ ਸਾਧਿ ਅਜਗਰੁ ਜਿਨਿ ਕੀਆ ਉਨਮਾਨੁ ॥ ਹਰਿ ਹਰਿ ਦਰਸ ਸਮਾਨ ਆਤਮਾ ਵੰਤਗਿਆਨ ਜਾਣੀਅ ਅਕਲ ਗਤਿ ਗੁਰ ਪਰਵਾਨ ॥ ਜਾ ਕੀ ਦ੍ਰਿਸਟਿ ਅਚਲ ਠਾਣ ਬਿਮਲ ਬੁਧਿ ਸੁਥਾਨ ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ ॥ {ਪੰਨਾ 1391}

ਪਦ ਅਰਥ: ਹਦਰਥਿ = ਦਰਗਾਹ ਤੋਂ, ਹਜ਼ੂਰ ਤੋਂ, ਗੁਰੂ ਨਾਨਕ ਤੋਂ। ਪਰਵਾਨੁ = ਪ੍ਰਵਾਣੀਕ, ਮੰਨਿਆ-ਪ੍ਰਮੰਨਿਆ। ਸਾਧਿ = ਸਾਧ ਕੇ, ਕਾਬੂ ਕਰ ਕੇ। ਅਜਗਰੁ = ਅਜਗਰ ਸੱਪ (ਵਰਗੇ ਮਨ ਨੂੰ)। ਜਿਨਿ = ਜਿਸ (ਗੁਰੂ ਨਾਨਕ ਨੇ)। ਉਨਮਾਨ = ਉੱਚਾ ਮਨ। ਹਰਿ ਹਰਿ ਦਰਸ ਸਮਾਨ = ਜਿਸ ਦਾ ਦਰਸ਼ਨ ਹਰੀ ਦੇ ਦਰਸ਼ਨ-ਸਮਾਨ ਹੈ। ਆਤਮਾ ਵੰਤ ਗਿਆਨ = ਤੂੰ ਆਤਮ-ਗਿਆਨ ਵਾਲਾ ਹੈਂ। ਜਾਣੀਅ = ਤੂੰ ਜਾਣੀ ਹੈ। ਅਕਲ = (नास्ति कला अवयवो यस्य) ਇਕ-ਰਸ ਵਿਆਪਕ ਪ੍ਰਭੂ। ਗਤਿ = ਉੱਚੀ ਆਤਮਕ ਅਵਸਥਾ। ਗੁਰ ਪਰਵਾਨ = ਪਰਵਾਨ ਗੁਰੂ (ਨਾਨਕ) ਦਾ। ਜਾ ਕੀ = ਜਿਸ (ਪ੍ਰਵਾਨ ਗੁਰੂ ਨਾਨਕ) ਦੀ। ਅਚਲ ਠਾਣ = ਅੱਚਲ ਟਿਕਾਣੇ ਤੇ, ਸੁਥਾਨ-ਸ੍ਰੇਸ਼ਟ ਥਾਂ ਤੇ। ਪਹਿਰਿ = ਪਹਿਨ ਕੇ। ਸਨਾਹੁ = ਲੋਹੇ ਦੀ ਜਾਲੀ ਆਦਿਕ ਜੋ ਜੁੱਧ ਦੇ ਵੇਲੇ ਸਰੀਰ ਦੇ ਬਚਾਉ ਲਈ ਪਾਈਦੀ ਹੈ। ਸਕਤਿ = ਮਾਇਆ। ਬਿਦਾਰਿ = ਨਾਸ ਕਰ ਕੇ।

ਅਰਥ: (ਹੇ ਗੁਰੂ ਅੰਗਦ!) ਤੂੰ ਤਾਂ (ਗੁਰੂ-ਨਾਨਕ ਦੀ) ਹਜ਼ੂਰੀ ਵਿੱਚੋਂ ਮਾਨ ਪਾਇਆ ਹੈ; ਤੂੰ ਪ੍ਰਵਾਣੀਕ ਗੁਰੂ (ਨਾਨਕ) ਨੂੰ ਸੇਵਿਆ ਹੈ, ਜਿਸ ਨੇ ਅਸਾਧ ਮਨ ਨੂੰ ਸਾਧ ਕੇ ਉਸ ਨੂੰ ਉੱਚਾ ਕੀਤਾ ਹੋਇਆ ਹੈ, ਜਿਸ (ਗੁਰੂ ਨਾਨਕ) ਦੀ ਨਿਗਾਹ ਅਚੱਲ ਟਿਕਾਣੇ ਤੇ (ਟਿਕੀ ਹੋਈ) ਹੈ, ਜਿਸ ਗੁਰੂ ਦੀ ਬੁੱਧੀ ਨਿਰਮਲ ਹੈ ਤੇ ਸ੍ਰੇਸ਼ਟ ਥਾਂ ਤੇ ਲੱਗੀ ਹੋਈ ਹੈ, ਅਤੇ ਜਿਸ ਗੁਰੂ ਨਾਨਕ ਨੇ ਨਿੰਮ੍ਰਤਾ ਵਾਲੇ ਸੁਭਾਉ ਦਾ ਸੰਨਾਹ ਪਹਿਨ ਕੇ ਮਾਇਆ (ਦੇ ਪ੍ਰਭਾਵ) ਨੂੰ ਨਾਸ ਕੀਤਾ ਹੈ। (ਹੇ ਗੁਰੂ ਅੰਗਦ!) ਜਿਸ ਗੁਰੂ ਦਾ ਦਰਸ਼ਨ ਹਰੀ ਦੇ ਦਰਸ਼ਨ-ਸਮਾਨ ਹੈ, ਜੋ ਆਤਮ-ਗਿਆਨ ਵਾਲਾ ਹੈ, ਤੂੰ ਉਸ ਪ੍ਰਵਾਣੀਕ ਅਤੇ ਸਰਬ-ਵਿਆਪਕ ਪ੍ਰਭੂ ਦੇ ਰੂਪ ਗੁਰੂ (ਨਾਨਕ ਦੇਵ ਜੀ) ਦੀ ਉੱਚੀ ਆਤਮਕ ਅਵਸਥਾ ਸਮਝ ਲਈ ਹੈ।

ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੪॥ {ਪੰਨਾ 1391}

ਅਰਥ: ਹੇ ਕਲ੍ਯ੍ਯਸਹਾਰ! ਆਖ = 'ਮੁਰਾਰੀ-ਰੂਪ ਜਗਤ-ਗੁਰੂ (ਨਾਨਕ ਦੇਵ ਜੀ ਦੇ ਚਰਨਾਂ) ਨੂੰ ਪਰਸ ਕੇ ਲਹਣੇ ਜੀ ਦੀ ਸੋਭਾ ਸਾਰੇ ਸੰਸਾਰ ਵਿਚ ਪਸਰ ਰਹੀ ਹੈ'।4।

ਦ੍ਰਿਸਟਿ ਧਰਤ ਤਮ ਹਰਨ ਦਹਨ ਅਘ ਪਾਪ ਪ੍ਰਨਾਸਨ ॥ ਸਬਦ ਸੂਰ ਬਲਵੰਤ ਕਾਮ ਅਰੁ ਕ੍ਰੋਧ ਬਿਨਾਸਨ ॥ {ਪੰਨਾ 1391}

ਪਦ ਅਰਥ: ਦ੍ਰਿਸਟਿ ਧਰਤ = ਦ੍ਰਿਸ਼ਟੀ ਕਰਦਿਆਂ ਹੀ। ਤਮ ਹਰਨ = ਹਨੇਰੇ ਨੂੰ ਦੂਰ ਕਰਨ ਵਾਲਾ। ਦਹਨ ਅਘ = ਪਾਪਾਂ ਨੂੰ ਸਾੜਨ ਵਾਲਾ। ਪਾਪ ਪ੍ਰਨਾਸਨ = ਪਾਪਾਂ ਦਾ ਨਾਸ ਕਰਨ ਵਾਲਾ। ਸਬਦ ਸੂਰ = ਸ਼ਬਦ ਦਾ ਸੂਰਮਾ।

ਅਰਥ: (ਹੇ ਗੁਰੂ ਅੰਗਦ!) ਦ੍ਰਿਸ਼ਟੀ ਕਰਦਿਆਂ ਹੀ ਤੂੰ (ਅਗਿਆਨ-ਰੂਪ) ਹਨੇਰੇ ਨੂੰ ਦੂਰ ਕਰ ਦੇਂਦਾ ਹੈਂ; ਤੂੰ ਪਾਪ ਸਾੜਨ ਵਾਲਾ ਹੈਂ, ਅਤੇ ਪਾਪ ਨਾਸ ਕਰਨ ਵਾਲਾ ਹੈਂ। ਤੂੰ ਸ਼ਬਦ ਦਾ ਸੂਰਮਾ ਹੈਂ ਤੇ ਬਲਵਾਨ ਹੈਂ, ਕਾਮ ਅਤੇ ਕ੍ਰੋਧ ਨੂੰ ਤੂੰ ਨਾਸ ਕਰ ਦੇਂਦਾ ਹੈਂ।

ਲੋਭ ਮੋਹ ਵਸਿ ਕਰਣ ਸਰਣ ਜਾਚਿਕ ਪ੍ਰਤਿਪਾਲਣ ॥ ਆਤਮ ਰਤ ਸੰਗ੍ਰਹਣ ਕਹਣ ਅੰਮ੍ਰਿਤ ਕਲ ਢਾਲਣ ॥ {ਪੰਨਾ 1391}

ਪਦ ਅਰਥ: ਆਤਮ ਰਤ = ਆਤਮਕ ਪ੍ਰੇਮ। ਕਹਣ = ਕਥਨ, ਬਚਨ। ਕਲ = ਸੁੰਦਰ। ਢਾਲਣ = ਪ੍ਰਵਾਹ। ਵਸਿ ਵੱਸ ਵਿਚ।

ਅਰਥ: (ਹੇ ਗੁਰੂ ਅੰਗਦ!) ਤੂੰ ਲੋਭ ਤੇ ਮੋਹ ਨੂੰ ਕਾਬੂ ਕੀਤਾ ਹੋਇਆ ਹੈ, ਸਰਨ ਆਏ ਮੰਗਤਿਆਂ ਨੂੰ ਤੂੰ ਪਾਲਣ ਵਾਲਾ ਹੈਂ, ਤੂੰ ਆਤਮਕ ਪ੍ਰੇਮ ਨੂੰ ਇਕੱਠਾ ਕੀਤਾ ਹੋਇਆ ਹੈ, ਤੇਰੇ ਬਚਨ ਅੰਮ੍ਰਿਤ ਦੇ ਸੁੰਦਰ ਚਸ਼ਮੇ ਹਨ।

ਸਤਿਗੁਰੂ ਕਲ ਸਤਿਗੁਰ ਤਿਲਕੁ ਸਤਿ ਲਾਗੈ ਸੋ ਪੈ ਤਰੈ ॥ ਗੁਰੁ ਜਗਤ ਫਿਰਣਸੀਹ ਅੰਗਰਉ ਰਾਜੁ ਜੋਗੁ ਲਹਣਾ ਕਰੈ ॥੫॥ {ਪੰਨਾ 1391}

ਪਦ ਅਰਥ: ਕਲ = ਹੇ ਕਲ੍ਯ੍ਯਸਹਾਰ! ਸਤਿ = ਨਿਸ਼ਚਾ ਕਰ ਕੇ, ਸਰਧਾ ਧਾਰ ਕੇ। ਗੁਰੁ ਜਗਤ = ਜਗਤ ਦਾ ਗੁਰੂ। ਫਿਰਣ ਸੀਹ = ਬਾਬਾ ਫੇਰੂ ਦਾ ਸੁਪੁੱਤ੍ਰ। ਅੰਗਰਉ = ਗੁਰੂ ਅੰਗਦ ਦੇਵ।

ਅਰਥ: ਹੇ ਕਲ੍ਯ੍ਯਸਹਾਰ! ਸਤਿਗੁਰੂ (ਅੰਗਦ ਦੇਵ) ਸ਼ਿਰੋਮਣੀ ਗੁਰੂ ਹੈ। ਜੋ ਮਨੁੱਖ ਸਰਧਾ ਧਾਰ ਕੇ ਉਸ ਦੀ ਚਰਨੀਂ ਲੱਗਦਾ ਹੈ ਉਹ ਤਰ ਜਾਂਦਾ ਹੈ। ਜਗਤ ਦਾ ਗੁਰੂ, ਬਾਬਾ ਫੇਰੂ (ਜੀ) ਦਾ ਸੁਪੁੱਤ੍ਰ ਲਹਿਣਾ ਜੀ (ਗੁਰੂ) ਅੰਗਦ ਰਾਜ ਅਤੇ ਜੋਗ ਮਾਣਦਾ ਹੈ।5।

TOP OF PAGE

Sri Guru Granth Darpan, by Professor Sahib Singh