ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1390

ਗਾਵਹਿ ਗੁਣ ਬਰਨ ਚਾਰਿ ਖਟ ਦਰਸਨ ਬ੍ਰਹਮਾਦਿਕ ਸਿਮਰੰਥਿ ਗੁਨਾ ॥ ਗਾਵੈ ਗੁਣ ਸੇਸੁ ਸਹਸ ਜਿਹਬਾ ਰਸ ਆਦਿ ਅੰਤਿ ਲਿਵ ਲਾਗਿ ਧੁਨਾ ॥ {ਪੰਨਾ 1390}

ਪਦ ਅਰਥ: ਗਾਵਹਿ = ਗਾਂਦੇ ਹਨ (ਗਾਵੈ = ਗਾਂਦਾ ਹੈ।) ਬਰਨ ਚਾਰਿ = ਚਾਰੇ ਵਰਣ, ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ। ਖਟ ਦਰਸਨ = ਛੇ ਭੇਖੁ; ਜੋਗੀ, ਜੰਗਮ, ਸਰੇਵੜੇ, ਸੰਨਿਆਸੀ ਆਦਿਕ। ਸਿਮਰੰਥਿ = ਸਿਮਰਦੇ ਹਨ। ਗੁਨਾ = ਗੁਣਾਂ ਨੂੰ। ਸੇਸੁ = ਸ਼ੇਸ਼ਨਾਗ। ਸਹਸ ਜਿਹਬਾ = ਹਜ਼ਾਰ ਜੀਭਾਂ ਨਾਲ। ਰਸ = ਪ੍ਰੇਮ ਨਾਲ। ਆਦਿ ਅੰਤਿ = ਸਦਾ, ਇਕ-ਰਸ। ਲਿਵ ਲਾਗਿ ਧੁਨਾ = ਲਿਵ ਦੀ ਧੁਨ ਲਗਾ ਕੇ।

ਅਰਥ: ਚਾਰੇ ਵਰਣ, ਛੇ ਭੇਖ, ਗੁਰੂ ਨਾਨਕ ਦੇ ਗੁਣ ਗਾ ਰਹੇ ਹਨ, ਬ੍ਰਹਮਾ ਆਦਿਕ ਭੀ ਉਸ ਦੇ ਗੁਣ ਯਾਦ ਕਰ ਰਹੇ ਹਨ। ਸ਼ੇਸ਼ਨਾਗ ਹਜ਼ਾਰਾਂ ਜੀਭਾਂ ਦੁਆਰਾ ਪ੍ਰੇਮ ਨਾਲ ਇਕ-ਰਸ ਲਿਵ ਦੀ ਧੁਨੀ ਲਗਾ ਕੇ ਗੁਰੂ ਨਾਨਕ ਦੇ ਗੁਣ ਗਾਉਂਦਾ ਹੈ।

ਗਾਵੈ ਗੁਣ ਮਹਾਦੇਉ ਬੈਰਾਗੀ ਜਿਨਿ ਧਿਆਨ ਨਿਰੰਤਰਿ ਜਾਣਿਓ ॥ ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੫॥ {ਪੰਨਾ 1390}

ਪਦ ਅਰਥ: ਮਹਾਦੇਉ = ਸ਼ਿਵ ਜੀ। ਬੈਰਾਗੀ = ਵੈਰਾਗਵਾਨ, ਤਿਆਗੀ। ਜਿਨਿ = ਜਿਸ (ਗੁਰੂ ਨਾਨਕ) ਨੇ। ਨਿਰੰਤਰਿ = ਇਕ-ਰਸ।

ਅਰਥ: ਜਿਸ ਗੁਰੂ ਨਾਨਕ ਨੇ ਇਕ-ਰਸ ਬਿਰਤੀ ਜੋੜ ਕੇ ਅਕਾਲ ਪੁਰਖ ਨੂੰ ਪਛਾਣਿਆ ਹੈ (ਸਾਂਝ ਪਾਈ ਹੈ,) ਉਸ ਦੇ ਗੁਣ ਵੈਰਾਗਵਾਨ ਸ਼ਿਵ ਜੀ (ਭੀ) ਗਾਂਦਾ ਹੈ। ਕਲ੍ਯ੍ਯ ਕਵੀ (ਆਖਦਾ ਹੈ) = 'ਮੈਂ ਉਸ ਗੁਰੂ ਨਾਨਕ ਦੇ ਗੁਣ ਗਾਂਦਾ ਹਾਂ, ਜਿਸ ਨੇ ਰਾਜ ਤੇ ਜੋਗ ਦੋਵੇਂ ਮਾਣੇ ਹਨ'।5।

ਰਾਜੁ ਜੋਗੁ ਮਾਣਿਓ ਬਸਿਓ ਨਿਰਵੈਰੁ ਰਿਦੰਤਰਿ ॥ ਸ੍ਰਿਸਟਿ ਸਗਲ ਉਧਰੀ ਨਾਮਿ ਲੇ ਤਰਿਓ ਨਿਰੰਤਰਿ ॥ {ਪੰਨਾ 1390}

ਪਦ ਅਰਥ: ਬਸਿਓ = ਵੱਸ ਰਿਹਾ ਹੈ। ਰਿਦੰਤਰਿ = (ਗੁਰੂ ਨਾਨਕ ਦੇ) ਹਿਰਦੇ ਵਿਚ। ਸਗਲ = ਸਾਰੀ। ਉਧਰੀ = (ਗੁਰੂ ਨਾਨਕ ਨੇ) ਤਾਰ ਦਿੱਤੀ ਹੈ। ਨਾਮਿ = ਨਾਮ ਦੀ ਰਾਹੀਂ। ਲੇ = (ਆਪ ਨਾਮ) ਜਪ ਕੇ। ਤਰਿਓ = (ਗੁਰੂ ਨਾਨਕ) ਤਰ ਗਿਆ ਹੈ। ਨਿਰੰਤਰਿ = ਇਕ-ਰਸ।

ਅਰਥ: (ਗੁਰੂ ਨਾਨਕ ਦੇਵ ਜੀ ਨੇ) ਰਾਜ ਭੀ ਮਾਣਿਆ ਹੈ ਤੇ ਜੋਗ ਭੀ; ਨਿਰਵੈਰ ਅਕਾਲ ਪੁਰਖ (ਉਹਨਾਂ ਦੇ) ਹਿਰਦੇ ਵਿਚ ਵੱਸ ਰਿਹਾ ਹੈ। (ਗੁਰੂ ਨਾਨਕ ਦੇਵ) ਆਪ ਇਕ-ਰਸ ਨਾਮ ਜਪ ਕੇ ਤਰ ਗਿਆ ਹੈ, ਤੇ (ਉਸ ਨੇ) ਸਾਰੀ ਸ੍ਰਿਸ਼ਟੀ ਨੂੰ ਭੀ ਨਾਮ ਦੀ ਬਰਕਤਿ ਨਾਲ ਤਾਰ ਦਿੱਤਾ ਹੈ।

ਗੁਣ ਗਾਵਹਿ ਸਨਕਾਦਿ ਆਦਿ ਜਨਕਾਦਿ ਜੁਗਹ ਲਗਿ ॥ ਧੰਨਿ ਧੰਨਿ ਗੁਰੁ ਧੰਨਿ ਜਨਮੁ ਸਕਯਥੁ ਭਲੌ ਜਗਿ ॥ {ਪੰਨਾ 1390}

ਪਦ ਅਰਥ: ਸਨਕਾਦਿ = ਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤ੍ਰ। ਆਦਿ = ਪੁਰਾਤਨ। ਜਨਕਾਦਿ = ਜਨਕ ਆਦਿ ਰਿਸ਼ੀ। ਜੁਗਹ ਲਗਿ = ਜੁਗਾਂ ਪ੍ਰਯੰਤ, ਸਦਾ। ਸਕਯਥੁ = ਸਕਾਰਥਾ, ਸਫਲ। ਭਲੌ = ਭਲਾ, ਚੰਗਾ। ਜਗਿ = ਜਗਤ ਵਿਚ।

ਅਰਥ: ਸਨਕ ਆਦਿ ਬ੍ਰਹਮਾ ਦੇ ਚਾਰੇ ਪੁੱਤ੍ਰ, ਜਨਕ ਆਦਿਕ ਪੁਰਾਤਨ ਰਿਸ਼ੀ ਕਈ ਜੁੱਗਾਂ ਤੋਂ (ਗੁਰੂ ਨਾਨਕ ਦੇਵ ਜੀ ਦੇ) ਗੁਣ ਗਾ ਰਹੇ ਹਨ। ਧੰਨ ਹੈ ਗੁਰੂ (ਨਾਨਕ)! ਧੰਨ ਹੈ ਗੁਰੂ (ਨਾਨਕ)! ਜਗਤ ਵਿਚ (ਉਸ ਦਾ) ਜਨਮ ਲੈਣਾ ਸਕਾਰਥਾ ਤੇ ਭਲਾ ਹੋਇਆ ਹੈ।

ਪਾਤਾਲ ਪੁਰੀ ਜੈਕਾਰ ਧੁਨਿ ਕਬਿ ਜਨ ਕਲ ਵਖਾਣਿਓ ॥ ਹਰਿ ਨਾਮ ਰਸਿਕ ਨਾਨਕ ਗੁਰ ਰਾਜੁ ਜੋਗੁ ਤੈ ਮਾਣਿਓ ॥੬॥ {ਪੰਨਾ 1390}

ਪਦ ਅਰਥ: ਪਾਤਾਲ ਪੁਰੀ = ਪਾਤਾਲ ਲੋਕ ਤੋਂ। ਜੈਕਾਰ ਧੁਨਿ = (ਗੁਰੂ ਨਾਨਕ ਦੀ) ਜੈ ਜੈ ਦੀ ਆਵਾਜ਼। ਵਖਾਣਿਓ = ਆਖਦਾ ਹੈ। ਰਸਿਕ = ਰਸੀਆ। ਨਾਨਕ ਗੁਰ = ਹੇ ਗੁਰੂ ਨਾਨਕ! ਤੈ = ਤੂ।6।

ਅਰਥ: ਦਾਸ ਕਲ੍ਯ੍ਯ ਕਵੀ ਬੇਨਤੀ ਕਰਦਾ ਹੈ = 'ਹਰੀ ਦੇ ਨਾਮ ਦੇ ਰਸੀਏ ਹੇ ਗੁਰੂ ਨਾਨਕ! ਪਾਤਾਲ ਲੋਕ ਤੋਂ ਭੀ ਤੇਰੀ ਜੈ ਜੈਕਾਰ ਦੀ ਆਵਾਜ਼ (ਉਠ ਰਹੀ ਹੈ), ਤੂੰ ਰਾਜ ਤੇ ਜੋਗ ਦੋਵੇਂ ਹੀ ਮਾਣੇ ਹਨ'।6।

ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥ {ਪੰਨਾ 1390}

ਪਦ ਅਰਥ: ਸਤਿਜੁਗ = ਸਤਜੁਗ ਵਿਚ। ਤੈ = ਤੂੰ (ਹੇ ਗੁਰੂ ਨਾਨਕ!)। ਮਾਣਿਓ = (ਰਾਜ ਤੇ ਜੋਗ) ਮਾਣਿਆ। ਬਲਿ = ਰਾਜਾ ਬਲਿ ਜਿਸ ਨੂੰ ਵਾਮਨ ਅਵਤਾਰ ਨੇ ਛਲਿਆ ਸੀ। ਭਾਇਓ = ਚੰਗਾ ਲੱਗਾ। ਬਾਵਨ = ਵਾਮਨ ਅਵਤਾਰ। ਤ੍ਰੇਤੈ = ਤ੍ਰੇਤੇ ਜੁਗ ਵਿਚ। ਰਘੁਵੰਸੁ = ਰਘੂ ਦੀ ਵੰਸ ਵਾਲਾ।

ਅਰਥ: (ਹੇ ਗੁਰੂ ਨਾਨਕ!) ਸਤਜੁਗ ਵਿਚ (ਭੀ) ਤੂੰ ਹੀ (ਰਾਜ ਤੇ ਜੋਗ) ਮਾਣਿਆ ਸੀ, ਤੂੰ ਹੀ ਰਾਜਾ ਬਲਿ ਨੂੰ ਛਲਿਆ ਸੀ ਤੇ ਤਦੋਂ ਵਾਮਨ ਅਵਤਾਰ ਬਣਨਾ ਤੈਨੂੰ ਚੰਗਾ ਲੱਗਾ ਸੀ। ਤ੍ਰੇਤੇ ਵਿਚ ਭੀ ਤੂੰ ਹੀ (ਰਾਜ ਤੇ ਜੋਗ) ਮਾਣਿਆ ਸੀ, ਤਦੋਂ ਤੂੰ ਆਪਣੇ ਆਪ ਨੂੰ ਰਘੁਵੰਸੀ ਰਾਮ ਅਖਵਾਇਆ ਸੀ (ਭਾਵ, ਹੇ ਗੁਰੂ ਨਾਨਕ! ਮੇਰੇ ਵਾਸਤੇ ਤਾਂ ਤੂੰ ਹੀ ਹੈਂ ਵਾਮਨ ਅਵਤਾਰ, ਤੂੰ ਹੀ ਹੈਂ ਰਘੁਵੰਸੀ ਰਾਮ)।

ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥ ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ॥ {ਪੰਨਾ 1390}

ਪਦ ਅਰਥ: ਦੁਆਪੁਰਿ = ਦੁਆਪੁਰ (ਜੁਗ) ਵਿਚ। ਮੁਰਾਰਿ = (ਮੁਰ-ਅਰਿ) ਮੁਰ (ਦੈਂਤ) ਦਾ ਵੈਰੀ। ਕਿਰਤਾਰਥੁ = ਸਫਲ, ਮੁਕਤ। ਉਗ੍ਰਸੈਣ = ਮਥੁਰਾ ਦਾ ਰਾਜਾ, ਕੰਸ ਦਾ ਪਿਤਾ; ਕੰਸ ਇਸ ਨੂੰ ਤਖ਼ਤ ਤੋਂ ਲਾਹ ਕੇ ਰਾਜਾ ਬਣ ਬੈਠਾ ਸੀ; ਸ੍ਰੀ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰ ਕੇ ਮੁੜ ਉਗ੍ਰਸੈਣ ਨੂੰ ਰਾਜ ਦੇ ਦਿੱਤਾ ਸੀ। ਅਭੈ = ਅਭੈ-ਪਦ, ਨਿਰਭੈਤਾ। ਭਗਤਹ ਜਨ = ਭਗਤਾਂ ਨੂੰ।

ਅਰਥ: (ਹੇ ਗੁਰੂ ਨਾਨਕ!) ਦੁਆਪੁਰ ਜੁਗ ਵਿਚ ਕ੍ਰਿਸ਼ਨ ਮੁਰਾਰ ਭੀ (ਤੂੰ ਹੀ ਸੈਂ), ਤੂੰ ਹੀ ਕੰਸ ਨੂੰ (ਮਾਰ ਕੇ) ਮੁਕਤ ਕੀਤਾ ਸੀ (ਤੂੰ ਹੀ) ਉਗ੍ਰਸੈਣ ਨੂੰ (ਮਥੁਰਾ ਦਾ) ਰਾਜ ਅਤੇ ਆਪਣੇ ਭਗਤ ਜਨਾਂ ਨੂੰ ਨਿਰਭੈਤਾ ਬਖ਼ਸ਼ੀ ਸੀ (ਭਾਵ, ਹੇ ਗੁਰੂ ਨਾਨਕ! ਮੇਰੇ ਵਾਸਤੇ ਤਾਂ ਤੂੰ ਹੀ ਹੈਂ ਸ੍ਰੀ ਕ੍ਰਿਸ਼ਨ)।

ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ॥ ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥੭॥ {ਪੰਨਾ 1390}

ਪਦ ਅਰਥ: ਕਲਿਜੁਗਿ = ਕਲਜੁਗ ਵਿਚ। ਪ੍ਰਮਾਣੁ = ਪ੍ਰਮਾਣਿਕ, ਮੰਨਿਆ-ਪਰਮੰਨਿਆ ਹੋਇਆ, ਸਮਰਥਾ ਵਾਲਾ। ਨਾਨਕ = ਹੇ (ਗੁਰੂ) ਨਾਨਕ! ਸ੍ਰੀ ਗੁਰੂ ਰਾਜੁ = ਸ੍ਰੀ ਗੁਰੂ (ਨਾਨਕ ਦੇਵ ਜੀ) ਦਾ ਰਾਜ। ਅਬਿਚਲੁ = ਨਾਂਹ ਹਿੱਲਣ ਵਾਲਾ, ਪੱਕਾ, ਥਿਰ। ਆਦਿ ਪੁਰਖਿ = ਆਦਿ ਪੁਰਖ ਨੇ, ਅਕਾਲ ਪੁਰਖ ਨੇ।

ਅਰਥ: ਹੇ ਗੁਰੂ ਨਾਨਕ! ਕਲਜੁਗ ਵਿਚ (ਭੀ ਤੂੰ ਹੀ) ਸਮਰਥਾ ਵਾਲਾ ਹੈਂ, (ਤੂੰ ਹੀ ਆਪਣੇ ਆਪ ਨੂੰ) ਗੁਰੂ ਅੰਗਦ ਤੇ ਗੁਰੂ ਅਮਰਦਾਸ ਅਖਵਾਇਆ ਹੈ। (ਇਹ ਤਾਂ) ਅਕਾਲ ਪੁਰਖ ਨੇ (ਹੀ) ਹੁਕਮ ਦੇ ਰੱਖਿਆ ਹੈ ਕਿ ਸ੍ਰੀ ਗੁਰੂ (ਨਾਨਕ ਦੇਵ ਜੀ) ਦਾ ਰਾਜ ਸਦਾ-ਥਿਰ ਤੇ ਅਟੱਲ ਹੈ।7।

ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ ॥ ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ ॥ {ਪੰਨਾ 1390}

ਪਦ ਅਰਥ: ਗਾਵਹਿ = ਗਾਉਂਦੇ ਹਨ। ਸਮਲੋਚਨ = ਸਮਾਨ ਨੇਤ੍ਰਾਂ ਵਾਲੇ ਦੋ (ਗੁਣਾਂ ਨੂੰ), ਉਸ ਗੁਰੂ ਨਾਨਕ ਦੇ (ਗੁਣਾਂ ਨੂੰ) ਜੋ ਅਕਾਲ ਪੁਰਖ ਨੂੰ ਆਪਣੇ ਨੇਤ੍ਰਾਂ ਨਾਲ ਸਭ ਥਾਈਂ ਵੇਖ ਰਿਹਾ ਹੈ। ਸਮ = ਬਰਾਬਰ। ਲੋਚਨ = ਅੱਖ (लोचन)।

ਅਰਥ: (ਉਸ ਗੁਰੂ ਨਾਨਕ ਦੇ) ਗੁਣ ਰਵਿਦਾਸ ਭਗਤ ਗਾ ਰਿਹਾ ਹੈ, ਜੈਦੇਵ ਤੇ ਤ੍ਰਿਲੋਚਨ ਗਾ ਰਹੇ ਹਨ, ਭਗਤ ਨਾਮਦੇਵ ਤੇ ਕਬੀਰ ਗਾ ਰਹੇ ਹਨ; (ਜੋ) ਅਕਾਲ ਪੁਰਖ ਨੂੰ ਆਪਣੇ ਨੇਤ੍ਰਾਂ ਨਾਲ ਸਭ ਥਾਈਂ ਵੇਖ ਰਿਹਾ ਹੈ।

ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ ॥ ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ ॥ {ਪੰਨਾ 1390}

ਪਦ ਅਰਥ: ਰਵੈ = ਗਾਉਂਦਾ ਹੈ, ਜਪਦਾ ਹੈ। ਸਹਜਿ = ਸਹਜ ਅਵਸਥਾ ਵਿਚ, ਅਡੋਲਤਾ ਵਿਚ (ਰਹਿ ਕੇ)। ਆਤਮ ਰੰਗੁ = ਪਰਮਾਤਮਾ (ਦੇ-ਮਿਲਾਪ) ਦਾ ਸੁਆਦ। ਜੋਗ = (ਪਰਮਾਤਮਾ ਦਾ) ਮਿਲਾਪ। ਜੋਗ ਧਿਆਨਿ = ਜੋਗ ਦੇ ਧਿਆਨ ਵਿਚ, ਪਰਮਾਤਮਾ ਦੇ ਮਿਲਾਪ ਵਿਚ ਧਿਆਨ ਲਾਣ ਕਰਕੇ, ਭਾਵ, ਪਰਮਾਤਮਾ ਵਿਚ ਸੁਰਤੀ ਜੋੜਨ ਕਰਕੇ। ਗੁਰ ਗਿਆਨ = ਗੁਰੂ ਦੇ ਗਿਆਨ ਦੁਆਰਾ। ਅਵਰੁ = ਕਿਸੇ ਹੋਰ ਨੂੰ।

ਅਰਥ: (ਜੋ ਗੁਰੂ ਨਾਨਕ) ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਮਿਲਾਪ ਦੇ ਸੁਆਦ ਨੂੰ ਮਾਣਦਾ ਹੈ, (ਜੋ ਗੁਰੂ ਨਾਨਕ) ਗੁਰੂ ਦੇ ਗਿਆਨ ਦੀ ਬਰਕਤਿ ਨਾਲ ਅਕਾਲ ਪੁਰਖ ਵਿਚ ਸੁਰਤੀ ਜੋੜ ਕੇ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦਾ, (ਉਸ ਦੇ) ਗੁਣਾਂ ਨੂੰ ਬੇਣੀ ਭਗਤ ਗਾ ਰਿਹਾ ਹੈ।

ਸੁਖਦੇਉ ਪਰੀਖ੍ਯ੍ਯਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ ॥ ਕਬਿ ਕਲ ਸੁਜਸੁ ਨਾਨਕ ਗੁਰ ਨਿਤ ਨਵਤਨੁ ਜਗਿ ਛਾਇਓ ॥੮॥ {ਪੰਨਾ 1390}

ਪਦ ਅਰਥ: ਸੁਖਦੇਉ = ਬਿਆਸ ਰਿਸ਼ੀ ਦੇ ਇਕ ਪੁੱਤ੍ਰ ਦਾ ਨਾਮ ਹੈ; ਇਹ ਸੁਖਦੇਵ ਜੀ ਘ੍ਰਿਤਾਚੀ ਨਾਮ ਅਪੱਛਰਾਂ ਦੀ ਕੁੱਖੋਂ ਜੰਮੇ ਸਨ; ਜੰਮਦੇ ਹੀ ਗਿਆਨ-ਵਾਨ ਸਨ, ਭਾਰੇ ਤਪੀ ਪ੍ਰਸਿੱਧ ਹੋਏ ਹਨ, ਇਹਨਾਂ ਨੇ ਹੀ ਰਾਜਾ ਪਰੀਖਤ ਨੂੰ ਭਾਗਵਤ ਪੁਰਾਣ ਸੁਣਾਇਆ ਸੀ। ਪਰੀਖ੍ਯ੍ਯਤੁ = ਇਹ ਰਾਜਾ ਅਭਿਮੰਨਯੂ ਦਾ ਪੁੱਤ੍ਰ ਤੇ ਅਰਜੁਨ ਦਾ ਪੋਤ੍ਰਾ ਹੋਇਆ ਹੈ, ਯੁਧਿਸ਼ਟਰ ਤੋਂ ਪਿੱਛੋਂ ਹਸਤਨਾਪੁਰ ਦਾ ਰਾਜ ਇਸੇ ਨੂੰ ਹੀ ਮਿਲਿਆ ਸੀ, ਸੱਪ ਲੜਨ ਕਰ ਕੇ ਇਸ ਦੀ ਮੌਤ ਹੋਈ ਸੀ। ਕਹਿੰਦੇ ਹਨ, ਕਲਜੁਗ ਦਾ ਸਮਾਂ ਇਸ ਦੇ ਰਾਜ ਤੋਂ ਹੀ ਆਰੰਭ ਹੋਇਆ ਸੀ। ਰਵੈ = ਸਿਮਰ ਰਿਹਾ ਹੈ (ਇਕ-ਵਚਨ)। ਸੁਜਸੁ ਨਾਨਕ ਗੁਰ = ਗੁਰੂ ਨਾਨਕ ਦਾ ਸੋਹਣਾ ਜਸ। ਨਵਤਨੁ = ਨਵਾਂ। ਛਾਇਓ = ਛਾਇਆ ਹੋਇਆ ਹੈ, ਪ੍ਰਭਾਵ ਵਾਲਾ ਹੈ।

ਅਰਥ: ਸੁਖਦੇਵ ਰਿਸ਼ੀ (ਗੁਰੂ ਨਾਨਕ ਦੇ ਗੁਣ) ਗਾ ਰਿਹਾ ਹੈ ਤੇ (ਰਾਜਾ) ਪਰੀਖਤ (ਭੀ ਗੁਰੂ ਨਾਨਕ ਦੇ) ਗੁਣਾਂ ਨੂੰ ਗਾ ਰਿਹਾ ਹੈ। ਗੋਤਮ ਰਿਸ਼ੀ ਨੇ (ਭੀ ਗੁਰੂ ਨਾਨਕ ਦਾ ਹੀ) ਜਸ ਗਾਂਵਿਆ ਹੈ। ਹੇ ਕਲ੍ਯ੍ਯ ਕਵੀ! ਗੁਰੂ ਨਾਨਕ (ਦੇਵ ਜੀ) ਦੀ ਸੋਹਣੀ ਸੋਭਾ ਨਿੱਤ ਨਵੀਂ ਹੈ ਤੇ ਜਗਤ ਵਿਚ ਆਪਣਾ ਪ੍ਰਭਾਵ ਪਾ ਰਹੀ ਹੈ।8।

ਗੁਣ ਗਾਵਹਿ ਪਾਯਾਲਿ ਭਗਤ ਨਾਗਾਦਿ ਭੁਯੰਗਮ ॥ ਮਹਾਦੇਉ ਗੁਣ ਰਵੈ ਸਦਾ ਜੋਗੀ ਜਤਿ ਜੰਗਮ ॥ {ਪੰਨਾ 1390}

ਪਦ ਅਰਥ: ਪਾਯਾਲਿ = ਪਤਾਲ ਵਿਚ। ਨਾਗਾਦਿ = (ਸ਼ੇਸ਼-) ਨਾਗ ਆਦਿਕ। ਭੁਯੰਗਮ = ਸੱਪ। ਜਤਿ = ਜਤੀ। ਜੰਗਮ = ਛੇ ਭੇਖਾਂ ਵਿਚੋਂ ਇਕ ਭੇਖ ਹੈ।

ਅਰਥ: ਪਾਤਾਲ ਵਿਚ ਭੀ (ਸ਼ੇਸ਼-) ਨਾਗ ਆਦਿਕ ਹੋਰ ਸਰਪ-ਭਗਤ (ਗੁਰੂ ਨਾਨਕ ਦੇ) ਗੁਣ ਗਾ ਰਹੇ ਹਨ।

ਗੁਣ ਗਾਵੈ ਮੁਨਿ ਬ੍ਯ੍ਯਾਸੁ ਜਿਨਿ ਬੇਦ ਬ੍ਯ੍ਯਾਕਰਣ ਬੀਚਾਰਿਅ ॥ ਬ੍ਰਹਮਾ ਗੁਣ ਉਚਰੈ ਜਿਨਿ ਹੁਕਮਿ ਸਭ ਸ੍ਰਿਸਟਿ ਸਵਾਰੀਅ ॥ {ਪੰਨਾ 1390}

ਪਦ ਅਰਥ: ਜਿਨਿ = ਜਿਸ (ਵਿਆਸ ਮੁਨੀ) ਨੇ। ਬੇਦ = ਵੇਦਾਂ ਨੂੰ। ਬ੍ਯ੍ਯਾਕਰਣ = ਵਿਆਕਰਣਾਂ ਦੁਆਰਾ। ਬੀਚਾਰਿਅ = ਵਿਚਾਰਿਆ ਹੈ। ਜਿਨਿ = ਜਿਸ (ਬ੍ਰਹਮਾ) ਨੇ। ਹੁਕਮਿ = (ਅਕਾਲ ਪੁਰਖ ਦੇ) ਹੁਕਮ ਵਿਚ। ਸਵਾਰੀਅ = ਰਚੀ ਹੈ।

ਅਰਥ: ਜਿਸ (ਵਿਆਸ ਮੁਨੀ) ਨੇ ਸਾਰੇ ਵੇਦਾਂ ਨੂੰ ਵਿਆਕਰਣਾਂ ਦੁਆਰਾ ਵਿਚਾਰਿਆ ਹੈ, ਉਹ (ਗੁਰੂ ਨਾਨਕ ਦੇ) ਗੁਣ ਗਾ ਰਿਹਾ ਹੈ। ਜਿਸ (ਬ੍ਰਹਮਾ) ਨੇ ਅਕਾਲ ਪੁਰਖ ਦੇ ਹੁਕਮ ਵਿਚ ਸਾਰੀ ਸ੍ਰਿਸ਼ਟੀ ਰਚੀ ਹੈ, ਉਹ (ਗੁਰੂ ਨਾਨਕ ਦੇ) ਗੁਣ ਉਚਾਰ ਰਿਹਾ ਹੈ।

ਬ੍ਰਹਮੰਡ ਖੰਡ ਪੂਰਨ ਬ੍ਰਹਮੁ ਗੁਣ ਨਿਰਗੁਣ ਸਮ ਜਾਣਿਓ ॥ ਜਪੁ ਕਲ ਸੁਜਸੁ ਨਾਨਕ ਗੁਰ ਸਹਜੁ ਜੋਗੁ ਜਿਨਿ ਮਾਣਿਓ ॥੯॥ {ਪੰਨਾ 1390}

ਪਦ ਅਰਥ: ਬ੍ਰਹਮੰਡ ਖੰਡ = ਖੰਡਾਂ ਬ੍ਰਹਮੰਡਾਂ ਵਿਚ, ਸਾਰੀ ਦੁਨੀਆ ਵਿਚ। ਪੂਰਨ = ਵਿਆਪਕ, ਹਾਜ਼ਰ-ਨਾਜ਼ਰ। ਬ੍ਰਹਮ = ਅਕਾਲ ਪੁਰਖ। ਗੁਣ = ਗੁਣਾਂ ਵਾਲਾ, ਸਰਗੁਣ। ਸਮ = ਇੱਕੋ ਜਿਹਾ। ਜਪੁ = ਯਾਦ ਕਰ, ਸਿਮਰ। ਸੁਜਸੁ = ਸੋਹਣਾ ਜਸ। ਕਲ = ਹੇ ਕਲ੍ਯ੍ਯ ਕਵੀ! ਨਾਨਕ ਗੁਰ = ਗੁਰੂ ਨਾਨਕ ਦੇ। ਸਹਜੁ = ਅਡੋਲਤਾ, ਸ਼ਾਂਤ ਅਵਸਥਾ। ਜਿਨਿ = (ਜਿਸ ਗੁਰੂ ਨਾਨਕ) ਨੇ। ਜੋਗ = (ਪ੍ਰਭੂ ਨਾਲ) ਮਿਲਾਪ।

ਅਰਥ: ਜਿਸ ਗੁਰੂ ਨਾਨਕ ਨੇ ਅਡੋਲ ਅਵਸਥਾ ਨੂੰ ਤੇ ਅਕਾਲ ਪੁਰਖ ਦੇ ਮਿਲਾਪ ਨੂੰ ਮਾਣਿਆ ਹੈ, ਜਿਸ ਗੁਰੂ ਨਾਨਕ ਨੇ ਸਾਰੀ ਦੁਨੀਆ ਵਿਚ ਹਾਜ਼ਰ-ਨਾਜ਼ਰ ਅਕਾਲ ਪੁਰਖ ਨੂੰ ਸਰਗੁਣ ਤੇ ਨਿਰਗੁਣ ਰੂਪਾਂ ਵਿਚ ਇੱਕੋ ਜਿਹਾ ਪਛਾਣਿਆ ਹੈ, ਹੇ ਕਲ੍ਯ੍ਯ! ਉਸ ਗੁਰੂ ਨਾਨਕ ਦੇ ਸੋਹਣੇ ਗੁਣਾਂ ਨੂੰ ਯਾਦ ਕਰ।9।

ਗੁਣ ਗਾਵਹਿ ਨਵ ਨਾਥ ਧੰਨਿ ਗੁਰੁ ਸਾਚਿ ਸਮਾਇਓ ॥ ਮਾਂਧਾਤਾ ਗੁਣ ਰਵੈ ਜੇਨ ਚਕ੍ਰਵੈ ਕਹਾਇਓ ॥ {ਪੰਨਾ 1390}

ਪਦ ਅਰਥ: ਨਵ ਨਾਥ = ਨੌ ਨਾਥ (ਗੋਰਖ ਮਛਿੰਦਰ ਆਦਿਕ)। ਸਾਚਿ = ਸਾਚ ਵਿਚ; ਸਦਾ-ਥਿਰ ਹਰੀ ਵਿਚ। ਸਮਾਇਓ = ਲੀਨ ਹੋ ਗਿਆ ਹੈ। ਮਾਂਧਾਤਾ = ਸੂਰਜਬੰਸੀ ਕੁਲ ਦਾ ਇਕ ਰਾਜਾ, ਯੁਵਨਾਂਸ਼ੁ ਦਾ ਪੁੱਤ੍ਰ ਸੀ; ਬੜਾ ਬਲੀ ਰਾਜਾ ਸੀ। ਜੇਨ = ਜਿਨਿ, ਜਿਸ ਨੇ (ਆਪਣੇ ਆਪ ਨੂੰ)। ਚਕ੍ਰਵੈ = ਚਕਰਵਰਤੀ। ਕਹਾਇਓ = ਅਖਵਾਇਆ।

ਅਰਥ: ਨੌ ਨਾਥ (ਭੀ) ਗੁਰੂ ਨਾਨਕ ਦੇ ਗੁਣ ਗਾਂਦੇ ਹਨ (ਤੇ ਆਖਦੇ ਹਨ), "ਗੁਰੂ ਨਾਨਕ ਧੰਨ ਹੈ ਜੋ ਸੱਚੇ ਹਰੀ ਵਿਚ ਜੁੜਿਆ ਹੋਇਆ ਹੈ। " ਜਿਸ ਮਾਂਧਾਤਾ ਨੇ ਆਪਣੇ ਆਪ ਨੂੰ ਚੱਕ੍ਰਵਰਤੀ ਰਾਜਾ ਅਖਵਾਇਆ ਸੀ, ਉਹ ਭੀ ਗੁਰੂ ਨਾਨਕ ਦੇ ਗੁਣ ਉਚਾਰ ਰਿਹਾ ਹੈ।

ਗੁਣ ਗਾਵੈ ਬਲਿ ਰਾਉ ਸਪਤ ਪਾਤਾਲਿ ਬਸੰਤੌ ॥ ਭਰਥਰਿ ਗੁਣ ਉਚਰੈ ਸਦਾ ਗੁਰ ਸੰਗਿ ਰਹੰਤੌ ॥ {ਪੰਨਾ 1390}

ਪਦ ਅਰਥ: ਬਲਿਰਾਉ = ਰਾਜਾ ਬਲਿ। ਸਪਤ ਪਾਤਾਲਿ = ਸਤਵੇਂ ਪਾਤਾਲ ਵਿਚ। ਬਸੰਤੌ = ਵੱਸਦਾ ਹੋਇਆ। ਗੁਰ ਸੰਗਿ = ਗੁਰੂ ਦੇ ਨਾਲ। ਰਹੰਤੌ = ਰਹਿੰਦਾ ਹੋਇਆ।

ਅਰਥ: ਸਤਵੇਂ ਪਾਤਾਲ ਵਿਚ ਵੱਸਦਾ ਹੋਇਆ ਰਾਜਾ ਬਲਿ (ਗੁਰੂ ਨਾਨਕ ਦੇ) ਗੁਣ ਗਾ ਰਿਹਾ ਹੈ। ਆਪਣੇ ਗੁਰੂ ਦੇ ਨਾਲ ਰਹਿੰਦਾ ਹੋਇਆ ਭਰਥਰੀ ਭੀ ਸਦਾ (ਗੁਰੂ ਨਾਨਕ ਦੇ) ਗੁਣ ਉੱਚਾਰ ਰਿਹਾ ਹੈ।

ਦੂਰਬਾ ਪਰੂਰਉ ਅੰਗਰੈ ਗੁਰ ਨਾਨਕ ਜਸੁ ਗਾਇਓ ॥ ਕਬਿ ਕਲ ਸੁਜਸੁ ਨਾਨਕ ਗੁਰ ਘਟਿ ਘਟਿ ਸਹਜਿ ਸਮਾਇਓ ॥੧੦॥ {ਪੰਨਾ 1390}

ਪਦ ਅਰਥ: ਦੂਰਬਾ = ਦਰਵਾਸਾ ਰਿਸ਼ੀ। ਪਰੂਰਉ = ਰਾਜਾ ਪੁਰੂ, ਚੰਦ੍ਰਬੰਸੀ ਕੁਲ ਦਾ ਛੇਵਾਂ ਰਾਜਾ, ਯਯਾਤੀ ਤੇ ਸ਼ਰਮਿਸ਼ਟ ਦਾ ਸਭ ਤੋਂ ਛੋਟਾ ਪੁੱਤ੍ਰ। ਅੰਗਰੈ = ਇਕ ਪ੍ਰਸਿੱਧ ਰਿਸ਼ੀ ਹੋਇਆ ਹੈ; ਰਿਗਵੇਦ ਵਿਚ ਕਈ ਛੰਦ ਇਸ ਰਿਸ਼ੀ ਦੇ ਨਾਮ ਤੇ ਹਨ; ਬ੍ਰਹਮਾ ਦੇ ਮਨ ਤੋਂ ਪੈਦਾ ਹੋਏ ਦਸ ਪੁੱਤ੍ਰਾਂ ਵਿਚੋਂ ਇਕ ਇਹ ਭੀ ਸੀ। ਨਾਨਕ ਜਸੁ = ਨਾਨਕ ਦਾ ਜਸ। ਘਟਿ = ਘਟ ਵਿਚ, ਹਿਰਦੇ ਵਿਚ। ਘਟਿ ਘਟਿ = ਹਰੇਕ ਹਿਰਦੇ ਵਿਚ। ਸਹਜਿ = ਸੁਤੇ ਹੀ।

ਅਰਥ: ਦੁਰਵਾਸਾ ਰਿਸ਼ੀ ਨੇ, ਰਾਜਾ ਪੁਰੂ ਨੇ ਤੇ ਅੰਗਰ ਰਿਸ਼ੀ ਨੇ ਗੁਰੂ ਨਾਨਕ ਦਾ ਜਸ ਗਾਂਵਿਆਂ ਹੈ। ਹੇ ਕਲ੍ਯ੍ਯ ਕਵੀ! ਗੁਰੂ ਨਾਨਕ ਦੀ ਸੋਹਣੀ ਸੋਭਾ ਸੁਤੇ ਹੀ ਹਰੇਕ ਪ੍ਰਾਣੀ-ਮਾਤ੍ਰ ਦੇ ਹਿਰਦੇ ਵਿਚ ਟਿਕੀ ਹੋਈ ਹੈ।10।

ਨੋਟ: ਇਹ 10 ਸਵਈਏ ਭੱਟ ਕਲ੍ਯ੍ਯ ਦੇ ਉਚਾਰੇ ਹੋਏ ਹਨ।

TOP OF PAGE

Sri Guru Granth Darpan, by Professor Sahib Singh