ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1385


ੴ ਸਤਿਗੁਰ ਪ੍ਰਸਾਦਿ ॥

ਭੱਟਾਂ ਦੇ ਸਵਈਆਂ ਬਾਰੇ ਬੇਨਤੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖ ਦੀ ਜਿੰਦ-ਜਾਨ ਹੈ, ਬਾਣੀ ਹੀ ਇਸ ਦਾ ਲੋਕ-ਪਰਲੋਕ ਸੁਧਾਰਨ ਨੂੰ ਸਮਰੱਥ ਹੈ। ਸੋ, ਜਿਤਨਾ ਭੀ ਸਿਦਕ ਸਰਧਾ ਗੁਰਸਿੱਖ ਸਤਿਗੁਰੂ ਜੀ ਦੀ ਬਾਣੀ ਵਿਚ ਰੱਖੇ, ਉਤਨਾ ਹੀ ਥੋੜਾ ਹੈ। ¬

ਸਿੱਖ ਕੌਮ ਵਾਸਤੇ ਇਹ ਗੱਲ ਖ਼ਾਸ ਫ਼ਖ਼ਰ ਵਾਲੀ ਹੈ, ਕਿ ਪੰਥ ਦੀ ਆਤਮਕ ਰਾਹਬਰੀ ਵਾਸਤੇ ਸਤਿਗੁਰੂ ਜੀ ਆਪਣੀ ਹਾਜ਼ਰੀ ਵਿੱਚ ਉਹ 'ਬਾਣੀ' ਬਖ਼ਸ਼ਸ਼ ਕਰ ਗਏ, ਜਿਸ ਤੋਂ ਅਨੇਕਾਂ ਦਾ ਬੇੜਾ ਪਾਰ ਹੁੰਦਾ ਆ ਰਿਹਾ ਹੈ। ਰਜ਼ਾ ਵਿਚ ਇਹੋ ਜਿਹੇ ਕੌਤਕ ਭੀ ਵਿਖਾ ਗਏ, ਜਿੱਥੇ ਆਪ ਨੇ ਇਹ ਹੁਕਮ ਭੀ ਕੀਤਾ ਕਿ ਇਸ 'ਦਾਤਿ' ਵਿਚ ਹੁਣ ਕਿਸੇ ਲਗ ਮਾਤ੍ਰ ਦੀ ਭੀ ਤਬਦੀਲੀ ਨਹੀਂ ਹੋ ਸਕਣੀ।

ਪਾਤਿਸ਼ਾਹ ਜੀ ਦੀ ਮਿਹਰ ਦਾ ਸਦਕਾ ਪੰਥ ਵਿਚ ਅਜਿਹੇ ਵਿਦਵਾਨ ਪੈਦਾ ਹੁੰਦੇ ਰਹੇ, ਜੋ 'ਧੁਰ ਕੀ ਬਾਣੀ' ਨੂੰ ਆਪ ਸਮਝਦੇ ਰਹੇ ਤੇ ਸਿੱਖ ਸੰਗਤਾਂ ਨੂੰ ਸਮਝਾ ਕੇ ਉਹਨਾਂ ਦੇ ਦਿਲਾਂ ਦੀ ਸਰਧਾ ਵਧਾਂਦੇ ਰਹੇ। ਪਰ ਜਿਉਂ ਜਿਉਂ ਸਮਾ ਗੁਜ਼ਰਦਾ ਗਿਆ, ਜਗਤ ਦੇ ਹੋਰ ਰੁਝੇਵੇਂ ਵਧੀਕ ਹੋਣ ਕਰਕੇ 'ਗੁਰਬਾਣੀ' ਨੂੰ ਵਿਚਾਰਨ ਵਾਸਤੇ ਸਮਾਂ ਦੇਣ ਵਾਲੇ ਘਟਦੇ ਗਏ। ਓਧਰ ਗੁਆਂਢੀਆਂ ਨੇ ਸਿੱਖ ਕੌਮ ਨੂੰ ਕੁਝ ਅਵੇਸਲਾ ਵੇਖ ਕੇ ਸਿੱਖ ਧਰਮ ਤੇ ਕਈ ਇਤਰਾਜ਼ ਉਠਾਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਨੂੰ ਸੁਣ ਪੜ੍ਹ ਕੇ ਕਈ ਦਿਲ ਡੋਲਣ ਲੱਗ ਪਏ। ਦਾਤੇ ਨੇ ਮਿਹਰ ਕੀਤੀ, ਤੇ ਗੁਰੂ-ਪਿਆਰੇ ਭਾਈ ਦਿੱਤ ਸਿੰਘ ਜੀ ਵਰਗੇ ਵਿਚਾਰਵਾਨ ਅੱਗੇ ਵਧੇ, ਜਿਨ੍ਹਾਂ ਨੇ ਵਿਦਵਾਨ ਸਿੱਖਾਂ ਦੀ ਰੁਚੀ ਮੁੜ 'ਗੁਰਬਾਣੀ' ਵਲ ਪਰਤਾਈ, ਤੇ ਅੱਨ ਮਤਾਂ ਵਲੋਂ ਵਧ ਰਹੇ ਖ਼ਤਰੇ ਨੂੰ ਠੱਲ ਪਈ। ਗੁਰਮਤਿ ਦੀ ਵਿਚਾਰ ਅਤੇ 'ਗੁਰਬਾਣੀ' ਦੀ ਵਿਆਖਿਆ ਸੰਬੰਧੀ ਦਿਨੋਂ ਦਿਨ ਪੁਸਤਕ ਲਿਖੇ ਜਾਣ ਲੱਗ ਪਏ, ਜਿਨ੍ਹਾਂ ਦਾ ਸਦਕਾ ਲੋੜਵੰਦ ਮਨਾਂ ਦੀ 'ਬਾਣੀ' ਦੀ ਵਿਚਾਰ ਵਾਲੀ ਕਾਮਨਾ ਪੂਰੀ ਹੋਣ ਲੱਗ ਪਈ।

ਪਿਛਲੀ ਅਨਗਹਿਲੀ ਦੇ ਵੇਲੇ ਕਈ ਅੱਨਮਤ ਖ਼ਿਆਲ ਭੀ ਗੁਰਮਤਿ ਵਿਚ ਆ ਮਿਲੇ ਸਨ। ਜਿਨ੍ਹਾਂ ਨੂੰ ਸਤਿਗੁਰੂ ਨੇ ਵਿੱਦਿਆ ਦੀ ਦਾਤਿ ਬਖ਼ਸ਼ੀ ਹੋਈ ਸੀ, ਉਹਨਾਂ ਪੰਥ-ਹਿਤ ਇਸ ਦਾਤਿ ਨੂੰ ਵਰਤਿਆ ਤੇ ਗੁਰਮਤਿ ਅਤੇ ਅੱਨਮਤ ਦਾ 'ਨਿਰਣਾ' ਕਰਨ ਲਈ ਭੀ ਕਈ ਪੁਸਤਕ ਰਚੇ, ਜੋ ਲਾਭਦਾਇਕ ਸਾਬਤ ਹੁੰਦੇ ਰਹੇ। ਪਰ ਇਹ 'ਨਿਰਣਾ' ਆਖ਼ਿਰ ਇਤਨਾ ਵਧਣ ਲੱਗ ਪਿਆ, ਕਿ ਕਈ ਵਿੱਦਵਾਨ ਸੱਜਣਾਂ ਦਾ ਸਾਰਾ ਬਲ ਇਸੇ ਵਿਚ ਹੀ ਖ਼ਰਚ ਹੋਣ ਲੱਗਾ, ਤੇ ਇੱਕ ਹੋਰ ਜ਼ਰੂਰੀ ਲੋੜਵੰਦ ਪਾਸੇ ਵਲੋਂ ਕੁਝ ਉਕਾਈ ਜਿਹੀ ਹੋ ਗਈ। ਜਿਸ 'ਗੁਰਬਾਣੀ' ਦੇ ਆਧਾਰ ਤੇ ਮਨਮਤ ਦਾ ਪ੍ਰਹਾਰ ਕੀਤਾ ਜਾ ਰਿਹਾ ਸੀ, ਸਹਜੇ ਸਹਜੇ ਉਸ ਸਬੰਧੀ ਹੀ ਕਿਤੇ ਕਿਤੇ ਸ਼ੱਕ ਪੈਣ ਲੱਗ ਪਏ ਕਿ ਸ਼ਾਇਦ ਇਸ ਵਿਚ ਭੀ ਮਿਲਾਵਟ ਹੋ ਗਈ ਹੋਵੇ। 'ਰਾਗ-ਮਾਲਾ' ਦਾ ਨਿਰਣਾ ਕਈ ਹਲਕਿਆਂ ਵਿਚ ਬੜਾ ਸੁਆਦਲਾ ਜਾਪਿਆ, ਜਿਸ ਦਾ ਸਿੱਟਾ ਇਹ ਹੋਇਆ ਕਿ ਕੁਝ ਸੱਜਣਾਂ ਦੇ ਮਿਲਾਵਟ ਸੰਬੰਧੀ ਸ਼ੱਕ ਹੋਰ ਵਧਦੇ ਗਏ, ਤੇ ਉਹ ਹੋਰ ਹੋਰ ਕਿਸੇ ਪਾਸੇ ਹੀ ਆਪਣੀ ਵਿਚਾਰ ਨੂੰ ਦੌੜਾਉਣ ਲੱਗ ਪਏ। ਭੱਟਾਂ ਦੇ ਸਵਈਆਂ ਉੱਤੇ ਸ਼ੰਕੇ-ਇਹੋ ਜਿਹੇ ਕਈ ਹੋਰ ਕ੍ਰਿਸ਼ਮੇ ਸ਼ਾਇਦ ਇਸੇ ਹੀ 'ਨਿਰਣਾ'-ਦੌੜ ਦੇ ਹਨ, ਜੇ ਐਸ ਵੇਲੇ ਦੁਖਦਾਈ ਸਾਬਤ ਹੋ ਰਹੇ ਹਨ।

ਮਨ ਦੀ ਦੌੜ ਭੀ ਇੱਕ ਅਜੀਬ ਖੇਡ ਹੈ। ਗੁਰਮਤਿ-ਪ੍ਰਚਾਰ ਦਾ ਇਕ ਆਸ਼ਕ ਪ੍ਰਚਾਰ ਦੇ ਵਹਿਣ ਵਿੱਚ ਪਿਆ ਹੋਇਆ ਕਿਸੇ ਖ਼ਾਸ ਗੁਰਮਤਿ-ਨਿਯਮ ਨੂੰ ਪ੍ਰਚਾਰਨ ਵਾਸਤੇ, ਦਿਨ ਰਾਤ 'ਗੁਰਬਾਣੀ' ਵਿੱਚੋਂ ਪ੍ਰਮਾਣ ਇਕੱਠੇ ਕਰੀ ਜਾਂਦਾ ਹੈ। ਉਸ ਦੇ ਆਪਣੇ ਮਨ ਵਿੱਚ ਟਿਕਿਆ ਹੋਇਆ ਖ਼ਿਆਲ ਕਿ ਗੁਰਮਤਿ ਇਵੇਂ ਹੀ ਹੈ 'ਗੁਰਬਾਣੀ' ਵਿੱਚੋਂ ਭੀ ਉਸ ਨੂੰ ਉਸੇ ਰੰਗ ਵਾਲੇ ਪ੍ਰਮਾਣ ਲੱਭ ਦੇਂਦਾ ਹੈ। ਇਸ ਦੌੜ ਵਿੱਚ ਉਸ ਨੂੰ ਇਹ ਚੇਤਾ ਨਹੀਂ ਰਹਿੰਦਾ ਕਿ ਮੈਂ ਬਹੁਤੀ ਵਾਰੀ 'ਗੁਰਬਾਣੀ' ਦੇ ਪਿੱਛੇ ਪਿੱਛੇ ਤੁਰਨ ਦੀ ਥਾਂ 'ਗੁਰਬਾਣੀ' ਦੇ ਪ੍ਰਮਾਣਾਂ ਨੂੰ ਆਪਣੇ ਬਣਾਏ ਹੋਏ ਖ਼ਿਆਲ ਦੇ ਪਿੱਛੇ ਪਿੱਛੇ ਤੋਰ ਰਿਹਾ ਹਾਂ। ਗੁਰਮਤਿ ਤੇ ਮਨਮਤਿ ਦਾ 'ਨਿਰਣਾ' ਕਰਨ ਵਾਲੀ ਇਸ ਦੌੜ ਵਿਚ ਭੀ ਬਹੁਤਾ ਇਹੀ ਕੌਤਕ ਵਰਤਿਆ ਹੈ। ਸੱਜਣ ਜਨਾਂ ਨੂੰ ਇਹ ਚੇਤਾ ਨਹੀਂ ਰਿਹਾ ਕਿ ਜਿਸ 'ਬਾਣੀ' ਤੇ ਵਿਚਾਰ ਕਰ ਰਹੇ ਹਾਂ, ਉਸ ਦੀ 'ਬੋਲੀ' ਅੱਜ ਕੱਲ ਦੀ 'ਪੰਜਾਬੀ ਬੋਲੀ' ਨਹੀਂ ਹੈ।

ਕਿਸੇ ਸੁੰਦਰ ਪੱਕੀ ਬਣੀ ਹੋਈ ਇਮਾਰਤ ਨੂੰ ਢਾਹ ਦੇਣ ਦਾ ਜਤਨ ਸੁਖਾਲਾ ਹੈ, ਪਰ ਉਹੋ ਜਿਹੀ ਨਵੀਂ ਉਸਾਰਨੀ ਬਹੁਤ ਹੀ ਕਠਿਨ ਹੈ। ਵਿਦਵਾਨਾਂ ਦਾ ਫ਼ਰਜ਼ ਹੈ ਕਿ ਇਸ 'ਨਿਰਣੇ' ਵਾਲੀ ਦੌੜ ਨੂੰ ਰਤਾ ਮੱਠਾ ਕਰ ਕੇ ਵੇਖਣ ਕਿ ਮਤਾਂ ਕਿਤੇ ਕਿਸੇ ਗ਼ਲਤ ਪਗਡੰਡੀ ਤੇ ਪੈ ਗਏ ਹੋਈਏ। ਜੋ 'ਦਾਤਿ' ਸਾਹਿਬ ਗੁਰੂ ਅਰਜਨ ਦੇਵ ਜੀ ਸਾਨੂੰ ਬਖ਼ਸ਼ ਗਏ ਹਨ, ਉਸ ਵਿਚੋਂ 'ਗੁਰਮਤਿ' ਲੱਭਣਾ ਆਪ ਦੀ ਵਿਦਵਤਾ ਹੋਵੇਗੀ। ਇਕ ਭੀ ਗ਼ਲਤ ਕਦਮ ਚੁੱਕਿਆ ਹੋਇਆ ਢੇਰ ਸਮੇਂ ਵਾਸਤੇ ਦੁਖਦਾਈ ਹੋ ਜਾਇਆ ਕਰਦਾ ਹੈ। 'ਵਿਚਾਰ' ਸਮੇ ਵਿਦਵਾਨਾਂ ਦਾ ਇਹ ਫ਼ਰਜ਼ ਹੈ ਕਿ ਪਰਸਪਰ ਵਿਚਾਰ ਨੂੰ ਸਤਕਾਰ ਨਾਲ ਵੇਖਣ, ਤੇ ਇੱਕ ਦੂਜੇ ਉੱਤੇ ਦੁਖਾਵੇਂ ਲਫ਼ਜ਼ ਨਾ ਵਰਤਣ।

ਮਿਲਾਵਟ ਦਾ ਸ਼ੰਕਾ ਕਰਨ ਵਾਲੇ ਸੱਜਣਾਂ ਨੇ ਕੁਝ ਸਮੇ ਤੋਂ ਭੱਟਾਂ ਦੇ ਸਵਈਆਂ ਸੰਬੰਧੀ ਅਜੀਬ ਸਰਧਾ-ਹੀਣ ਬਚਨ ਭੀ ਲਿਖਣੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਦੀ ਸੇਵਾ ਵਿੱਚ ਪ੍ਰਾਰਥਨਾ ਹੈ ਕਿ ਇਤਨਾ ਕਾਹਲੀ ਦਾ ਕਦਮ ਨਹੀਂ ਉਠਾਉਣਾ ਚਾਹੀਦਾ, ਜਿਸ ਤੋਂ ਸ਼ਾਇਦ ਕੁਝ ਪਛੁਤਾਵਾ ਕਰਨਾ ਪਏ। ਇਹ ਜ਼ਰੂਰੀ ਨਹੀਂ ਕਿ ਉਹਨਾਂ ਦੀ ਹੁਣ ਤਕ ਦੀ ਕੀਤੀ ਹੋਈ ਵਿਚਾਰ ਅਨੁਸਾਰ ਇਹ ਸਿੱਧ ਹੋ ਹੀ ਜਾਏ ਕਿ 'ਭੱਟਾਂ ਦੇ ਸਵਈਏ' ਮਿਲਾਵਟ ਹੈ। ਦੂਜੇ ਪਾਸੇ, ਪੰਥ ਦੇ ਵਿਦਵਾਨ ਸੱਜਣਾਂ ਦੀ ਸੇਵਾ ਵਿੱਚ ਭੀ ਜ਼ੋਰ ਨਾਲ ਬੇਨਤੀ ਹੈ ਕਿ ਆਪਣੇ ਸ਼ੁਭ ਵਿਚਾਰਾਂ ਦੁਆਰਾ ਇਸ 'ਨਿਰਣੇ' ਸੰਬੰਧੀ ਡੋਲ ਰਹੇ ਹਿਰਦਿਆਂ ਦੀ ਸਹਾਇਤਾ ਕਰਨ। ਨਹੀਂ ਤਾਂ, ਹਰੇਕ ਗੁਰਸਿੱਖ ਨੂੰ ਪ੍ਰਸਿੱਧ ਅੰਗ੍ਰੇਜ਼ ਦੇ ਹੇਠ-ਲਿਖੇ ਚੇਤੇ ਰਹਿਣੇ ਚਾਹੀਦੇ ਹਨ ਕਿ ਇਹ ਨਿੱਕੀ ਜਿਹੀ ਅਸਰਧਾ ਵਧਦੀ ਵਧਦੀ ਆਖ਼ਰ ਭਿਆਨਕ ਰੂਪ ਪਕੜ ਲਏਗੀ। ਕਵੀ ਟੈਨੀਸਨ ਲਿਖਦਾ ਹੈ:

Unfaith in aught is want of faith in all;

It is the little rift within the lute.

That by and by will make the music mute.

And ever widening, slowly silence all. . . . . . . . . . . Tennyson

ਸ਼ੱਕ

ਗੁਰ-ਰਜ਼ਾ ਵਿਚ ਸ਼ੱਕ ਰਤਾ-ਭਰਿ, ਸਰਧਾ ਸੱਭ ਗਵਾਏ।

ਸਹਜੇ ਸਹਜੇ ਤੋੜਿ ਗੁਰੂ ਤੋਂ, ਮਨਮੁਖੁ ਅੰਤਿ ਕਰਾਏ ॥

ਵੇਖੋ! ਸੋਹਣਾ ਸਾਜ, ਜਿਵੇਂ, ਜਦ ਹੱਥਿ ਗਵੱਯੇ ਆਵੇ।

ਕਢਿ ਕਢਿ ਸੁਰਾਂ ਮਿੱਠੀਆਂ ਉਸ 'ਚੋਂ (ਦਿਲ-) ਤਰਬਾਂ ਪਿਆ ਹਿਲਾਵੇ ॥

ਬੇ-ਪਰਵਾਹੀਓਂ ਸਾਜ ਓਸ ਵਿਚ, ਚੀਰੁ ਜਿਹਾ ਜਦ ਪੈਂਦਾ।

ਨਿੱਕਾ ਹੀ ਇਹ ਰੋਗੁ, ਸਾਜ ਦਾ ਘੁੱਟਿ ਗਲਾ ਤਦ ਲੈਂਦਾ ॥

ਵੇਲੇ-ਸਿਰ ਜੇ ਗਾਇਕ ਉਸ ਦਾ ਚੀਰੁ ਨ ਬੰਦ ਕਰਾਏ।

ਵਧਦਾ ਵਧਦਾ ਚੌੜਾ ਹੋ ਹੋ, ਸਾਰਾ ਰਾਗੁ ਮੁਕਾਏ ॥

ਇਸੇ ਖ਼ਿਆਲ ਨੂੰ ਮੁੱਖ ਰੱਖ ਕੇ ਸਵਈਆਂ ਦਾ ਟੀਕਾ 1930 ਵਿੱਚ ਸੰਗਤਾਂ ਦੀ ਸੇਵਾ ਵਿੱਚ ਪੇਸ਼ ਕੀਤਾ ਗਿਆ ਸੀ। ਪਰ ਉਹ ਕਮਜ਼ੋਰ ਆਵਾਜ਼ ਵਿਦਵਾਨ ਗੁਰਮੁਖਾਂ ਨੂੰ ਪ੍ਰੇਰਨ ਵਿੱਚ, ਕਰਤਾਰ ਜਾਣੇ, ਕਾਮਯਾਬ ਹੋਈ ਕਿ ਨਾਹ। ਹੁਣ ਉਹੀ ਜਤਨ ਮੁੜ ਅਰੰਭ ਕੀਤਾ ਗਿਆ ਹੈ। ਇਸ ਵਿੱਚ ਹੇਠ-ਲਿਖੇ ਵਿਸ਼ਿਆਂ ਤੇ ਵਿਚਾਰ ਕੀਤੀ ਗਈ ਹੈ:

ਭਾਵ:

(1) ਭੱਟਾਂ ਦੇ ਸਵਈਏ ਗੁਰੂ ਅਰਜਨ ਸਾਹਿਬ ਜੀ ਨੇ ਖ਼ੁਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਾਏ।

(2) ਭੱਟਾਂ ਦੇ ਸਵਈਆਂ ਦਾ ਸਿੱਧਾਂਤ ਗੁਰਮਤਿ ਨਾਲ ਮਿਲਦਾ ਹੈ।

(3) ਭੱਟ ਕਿਸ ਗੁਰੂ ਸਾਹਿਬ ਜੀ ਦੀ ਸਰੀਰਕ ਹਜ਼ੂਰੀ ਵਿੱਚ ਹਾਜ਼ਰ ਹੋਏ? ਕਦੋਂ, ਕਿੱਥੇ ਤੇ ਕਿਵੇਂ?

(4) ਕਿਤਨੇ ਸਨ? ਇੱਤਿਆਦਿਕ।

ਇਸ ਸਾਰੀ ਵਿਚਾਰ ਵਿੱਚ ਕੇਵਲ 'ਗੁਰਬਾਣੀ' ਤੇ ਗੁਰਬਾਣੀ ਦੇ ਵਿਆਕਰਣ ਦੀ ਸਹੈਤਾ ਲਈ ਗਈ ਹੈ। ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਕਠਿਨ ਕੰੰਮ ਕਿਸੇ ਉੱਘੇ ਵਿਦਵਾਨ ਦੀ ਕਲਮ ਤੋਂ ਹੋਣਾ ਚਾਹੀਦਾ ਸੀ। ਪਿਛਲੀ ਵਾਰੀ ਇਕ ਸੱਜਣ ਜੀ ਨੇ ਗਿਲਾ ਕੀਤਾ ਸੀ ਕਿ 'ਨਵੀਂ ਕਾਢ ਦੇ ਚਾਉ' ਵਿਚ ਇਹ ਕੋਝਾ ਜਤਨ ਕੀਤਾ ਗਿਆ ਹੈ। ਇਸ ਬੇਨਤੀ ਦੀ ਰਾਹੀਂ ਉਸ ਸੱਜਣ ਜੀ ਨੂੰ ਅੰਤ ਪੰਥ ਦੇ ਹੋਰ ਪੂਜਨੀਕ ਵਿਦਵਾਨਾਂ ਨੂੰ ਨਿਸ਼ਚਾ ਦਿਵਾਇਆ ਜਾਂਦਾ ਹੈ ਕਿ ਇਸ ਦਾ ਕਾਰਨ ਕੇਵਲ ਇਹੀ ਖ਼ਤਰਾ ਹੈ ਕਿ ਜੇ ਕਿਸੇ ਸੱਜਣ ਜਾਂ ਸੋਸਾਇਟੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਕਿਸੇ ਸ਼ਬਦ ਜਾਂ ਬਾਣੀ ਉੱਤੇ ਹੜਤਾਲ ਫੇਰਨ ਦੀ ਪ੍ਰੇਰਨਾ ਕਰਨ ਵਿੱਚ ਇੱਕ ਵਾਰੀ ਸਫਲਤਾ ਹੋ ਗਈ, ਤਾਂ, ਕਰਤਾਰ ਜਾਣੇ, ਇਸ ਦਾ ਕਿਤਨਾ ਕੁ ਹਾਨੀਕਾਰਕ ਸਿੱਟਾ ਨਿਕਲੇ।

ਇਸ ਹਾਲਤ ਵਿਚ ਇਹ ਜ਼ਰੂਰੀ ਜਾਪਿਆ ਸੀ ਕਿ ਇਸ ਕਮਜ਼ੋਰ ਜਿਹੀ ਪ੍ਰੇਰਨਾ ਦੀ ਰਾਹੀਂ ਵਿਦਵਾਨ ਗੁਰਮੁਖਾਂ ਦਾ ਧਿਆਨ ਇਸ ਪਾਸੇ ਲਿਆਉਣ ਦਾ ਜਤਨ ਕੀਤਾ ਜਾਏ।

ਅਗਸਤ, 1935 . . . . . . . . . . . . . ਸਾਹਿਬ ਸਿੰਘ

24, ਖ਼ਾਲਸਾ ਕਾਲਜ, ਅੰਮ੍ਰਿਤਸਰ

ਮੁਖ-ਬੰਦ

ਭੱਟਾਂ ਦੇ ਸਵਈਆਂ ਦਾ ਟੀਕਾ ਪਹਿਲਾਂ ਪਹਿਲ ਮੈਂ ਸੰਨ 1930 ਵਿਚ ਛਾਪਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਦੇ ਟੀਕੇ ਕਰਨ ਵਿਚ ਮੇਰਾ ਸਭ ਤੋਂ ਪਹਿਲਾ ਟੀਕਾ ਇਹ ਭੱਟਾਂ ਦੇ ਸਵਈਏ ਹੀ ਸੀ। ਇਸ ਦੀ ਦੂਜੀ ਐਡੀਸ਼ਨ ਸੰਨ 1935 ਵਿਚ ਛਾਪੀ ਗਈ ਸੀ, ਤੇ ਤੀਜੀ ਐਡੀਸ਼ਨ ਸੰਨ 1945 ਵਿਚ।

ਹੋਰ ਕਈ ਬਾਣੀਆਂ ਦੇ ਟੀਕੇ ਕਰਨ ਦੇ ਰੁਝੇਵੇਂ ਮੈਂ ਭੱਟਾਂ ਦੇ ਸਵਈਆਂ ਦੀ ਚੌਥੀ ਛਾਪ ਬਾਣੀ ਦੇ ਪ੍ਰੇਮੀਆਂ ਦੇ ਸਾਹਮਣੇ ਪੇਸ਼ ਕਰਨ ਵਲ ਧਿਆਨ ਨਾਹ ਦੇ ਸਕਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਦਾ ਵਿਆਕਰਨ ਅਨੁਸਾਰ ਟੀਕਾ ਲਿਖਣ ਦੀ ਭਾਰੀ ਮਿਹਨਤ ਨੇ ਮੈਨੂੰ ਹੋਰ ਭੀ ਮਜਬੂਰ ਕੀਤਾ ਕਿ ਅਜੇ ਇਹ ਕੰਮ ਹੋਰ ਪਿਛਾਂਹ ਪਾਇਆ ਜਾਏ।

ਮਾਸਕ ਪੱਤ੍ਰ 'ਆਲੋਚਨਾ' ਦੇ ਅਗਸਤ 1961 ਦੇ ਪਰਚੇ ਵਿਚ ਭੱਟਾਂ ਦੀ ਭਾਈ-ਚਾਰਕ ਜਾਣ-ਪਛਾਣ ਬਾਰੇ ਗਿਆਨੀ ਗੁਰਦਿੱਤ ਸਿੰਘ ਜੀ ਨੇ ਇਕ ਬੜਾ ਖੋਜ-ਭਰਿਆ ਲੇਖ ਪ੍ਰਕਾਸ਼ਿਤ ਕੀਤਾ ਹੈ। ਪਾਠਕਾਂ ਦੀ ਵਾਕਫ਼ੀਅਤ ਵਾਸਤੇ ਉਸ ਲੇਖ ਵਿਚੋਂ ਧੰਨਵਾਦ ਸਹਿਤ ਭੱਟਾਂ ਦਾ ਹਸਬ ਨਸਬ ਭੀ ਪੇਸ਼ ਕੀਤਾ ਜਾਇਗਾ।

ਕਈ ਸੱਜਣਾਂ ਵਲੋਂ ਕਈ ਵਾਰੀ ਭੱਟਾਂ ਦੇ ਸਵਈਆਂ ਦੇ ਟੀਕੇ ਦੀ ਮੰਗ ਕਈ ਸਾਲਾਂ ਤੋਂ ਆਉਂਦੀ ਰਹੀ ਹੈ। ਮੈਂ ਪਾਠਕਾਂ ਪਾਸੋਂ ਖਿਮਾ ਮੰਗਦਾ ਹਾਂ ਕਿ ਉਹਨਾਂ ਨੂੰ ਇਤਨਾ ਲੰਮਾ ਸਮਾ ਉਡੀਕ ਕਰਨੀ ਪਈ ਹੈ। ਮੈਂ ਆਪਣੇ ਪਾਠਕਾਂ ਦਾ ਧੰਨਵਾਦ ਕਰਨੋਂ ਭੀ ਨਹੀਂ ਰਹਿ ਸਕਦਾ, ਜਿਨ੍ਹਾਂ ਨੇ ਮੇਰੀ ਕੀਤੀ ਮਿਹਨਤ ਵਿਚ ਬਹੁਤ ਦਿਲ-ਚਸਪੀ ਲਈ ਹੈ, ਤੇ ਮੈਨੂੰ ਇਸ ਮਹਾਨ ਔਖੇ ਕੰਮ ਵਿਚ ਲੱਗੇ ਰਹਿਣ ਲਈ ਹੌਸਲਾ ਦਿੱਤੇ ਰੱਖਿਆ ਹੈ। ਚੌਥੀ ਐਡੀਸ਼ਨ ਲਾਹੌਰ ਬੁਕ ਸ਼ਾਪ ਲੁਧਿਆਣਾ ਵਾਲਿਆਂ ਨੇ ਛਾਪੀ ਹੈ।

26 ਸੰਤਬਰ, 1961
ਸਾਹਿਬ ਸਿੰਘ
ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਰੀਟਾਇਰਡ ਪ੍ਰੋਫ਼ੈਸਰ
ਰਣਜੀਤਪੁਰਾ, ਅੰਮ੍ਰਿਤਸਰ, ਖ਼ਾਲਸਾ ਕਾਲਜ, ਅੰਮ੍ਰਿਤਸਰ

ਭਾਗ 1

ਭੱਟਾਂ ਦੀ ਭਾਈਚਾਰਕ ਜਾਣ-ਪਛਾਣ

ਗਿਆਨੀ ਗੁਰਦਿੱਤ ਸਿੰਘ ਜੀ ਨੇ ਮਾਸਕ ਪੱਤ੍ਰ 'ਆਲੋਚਨਾ' ਦੇ ਅਗਸਤ 1961 ਦੇ ਪਰਚੇ ਵਿਚ ਭੱਟਾਂ ਦੇ ਹਸਬ-ਨਸਬ ਬਾਰੇ ਜੋ ਲੇਖ ਲਿਖਿਆ ਹੈ ਉਸ ਦੇ ਅਨੁਸਾਰ:

ਪੰਜਾਬ ਦੇ ਭੱਟ ਜਾਤਿ ਦੇ ਸਾਰਸੁਤ ਬ੍ਰਾਹਮਣ ਸਨ। ਇਹ ਆਪਣੀ ਉਤਪੱਤੀ ਕੌਸ਼ਸ਼ ਰਿਸ਼ੀ ਤੋਂ ਦੱਸਦੇ ਹਨ। ਉੱਚੀਆਂ ਜਾਤੀਆਂ ਦੇ ਬ੍ਰਾਹਮਣ, ਭੱਟਾਂ ਨੂੰ ਆਪਣੇ ਨਾਲੋਂ ਨੀਵੀਂ ਜਾਤਿ ਦੇ ਬ੍ਰਾਹਮਣ ਸਮਝਦੇ ਹਨ। ਇਹ ਲੋਕ ਸਰਸ੍ਵਤੀ ਨਦੀ ਦੇ ਕੰਢੇ ਉਤੇ ਵੱਸੇ ਹੋਏ ਸਨ। ਇਹ ਨਦੀ ਪਹਿਲਾਂ ਪਹੋਏ (ਜ਼ਿਲਾ ਕਰਨਾਲ) ਕੋਲੋਂ ਦੀ ਵਗਦੀ ਸੀ। ਜੇਹੜੇ ਭੱਟ ਨਦੀ ਦੇ ਉਰਲੇ ਪਾਸੇ ਵੱਸਦੇ ਸਨ ਉਹ ਸਾਰਸੁਤ, ਤੇ, ਜੇਹੜੇ ਪਾਰਲੇ ਪਾਸੇ ਵੱਸਦੇ ਸਨ ਉਹ ਗੌੜ ਅਖਵਾਣ ਲੱਗ ਪਏ।

ਜਿਸ ਸੱਜਨ ਪਾਸੋਂ ਗਿਆਨੀ ਗੁਰਦਿੱਤ ਸਿੰਘ ਜੀ ਨੂੰ ਭੱਟਾਂ ਦੀ ਬੰਸਾਵਲੀ ਮਿਲੀ, ਉਹ ਹਨ ਭਾਈ ਸੰਤ ਸਿੰਘ ਜੀ ਭੱਟ ਪਿੰਡ ਕਰਸਿੰਧੂ ਤਸੀਲ ਜੀਂਦ ਦੇ ਰਹਿਣ ਵਾਲੇ। ਸੁਲਤਾਨਪੁਰ ਭਾਦਸੋ ਪਰਗਣਾ ਲਾਡਵਾ (ਜ਼ਿਲਾ ਕਰਨਾਲ) ਅਤੇ ਤਲੌਢਾ ਪਰਗਣਾ ਜੀਂਦ ਵਿਚ ਸਰਸ੍ਵਤੀ ਨਦੀ ਦੇ ਕੰਢੇ ਦੇ ਪਿੰਡਾਂ ਵਿਚ ਕਿਤਨੇ ਹੀ ਭੱਟ ਰਹਿੰਦੇ ਹਨ। ਇਹਨਾਂ ਹੀ ਭੱਟਾਂ ਦੇ ਕੁਝ ਖ਼ਾਨਦਾਨ ਯੂ.ਪੀ., ਸੀ.ਪੀ. ਵਿਚ ਭੀ ਜਾ ਵੱਸੇ ਹਨ, ਤੇ ਕੁਝ ਸਹਾਰਨਪੁਰ ਤੇ ਜਗਾਧਰੀ ਦੇ ਇਲਾਕੇ ਵਿਚ ਰਹਿੰਦੇ ਹਨ। ਇਹਨਾਂ ਸਭਨਾਂ ਭੱਟਾਂ ਦੇ ਪਾਸ ਵਹੀਆਂ ਹਨ, ਜਿਨ੍ਹਾਂ ਉਤੇ ਉਹ ਆਪਣੇ ਜਜਮਾਨਾਂ ਦੀ ਬੰਸਾਵਲੀ ਲਿਖਦੇ ਆ ਰਹੇ ਹਨ।

ਭੱਟ ਸੰਤ ਸਿੰਘ ਜੀ ਦੀ ਪੰਜਾਬ ਵਾਲੀ ਵਹੀ (ਜਿਸ ਨੂੰ ਮੋਹਰਾਂ ਵਾਲੀ ਵਹੀ ਭੀ ਆਖਦੇ ਹਨ) ਦੇ ਅਨੁਸਾਰ ਭੱਟ ਭਿੱਖਾ ਅਤੇ ਟੋਡਾ ਭੱਟ ਰਈਏ ਦੇ ਪੁੱਤਰ (ਸੱਕੇ ਭਰਾ) ਸਨ। ਉਸ ਵਹੀ ਤੋਂ ਪਤਾ ਭੀ ਚੱਲਦਾ ਹੈ ਕਿ ਇਹ ਭੱਟ ਸੁਲਤਾਨਪੁਰ ਦੇ ਰਹਿਣ ਵਾਲੇ ਸਨ।

ਬੰਸਾਵਲੀ ਭੱਟ ਭਗੀਰਥ ਤੋਂ ਸ਼ੁਰੂ ਹੁੰਦੀ ਹੈ। ਭਗੀਰਥ ਤੋਂ ਨਾਵੀਂ ਪੀੜ੍ਹੀ ਵਿਚ ਭੱਟ ਰਈਆ ਹੋਇਆ, ਜਿਸ ਦੇ ਛੇ ਪੁੱਤਰ ਸਨ: ਭਿੱਖਾ, ਸੇਖਾ, ਤੋਖਾ, ਗੋਖਾ, ਚੋਖਾ ਅਤੇ ਟੋਡਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਨ੍ਹਾਂ ਭੱਟਾਂ ਦੀ ਬਾਣੀ ਦਰਜ ਹੈ, ਉਹਨਾਂ ਵਿਚੋਂ ਮਥੁਰਾ, ਜਾਲਪ ਅਤੇ ਕੀਰਤ ਇਹ ਤਿੰਨ ਭੱਟ ਭਿੱਖੇ ਦੇ ਪੁੱਤਰ ਸਨ। ਭੱਟ ਸਲ੍ਯ੍ਯ ਅਤੇ ਭਲ੍ਯ੍ਯ ਇਹ ਦੋ ਭੱਟ ਭਿੱਖੇ ਦੇ ਛੋਟੇ ਭਰਾ ਸੇਖੇ ਦੇ ਪੁੱਤਰ ਸਨ। ਭੱਟ ਬਲ੍ਯ੍ਯ ਭਿੱਖੇ ਦੇ ਛੋਟੇ ਭਰਾ ਤੋਖੇ ਦਾ ਪੁੱਤਰ ਸੀ। ਭੱਟ ਹਰਬੰਸ ਭੱਟ ਭਿੱਖੇ ਦੇ ਭਰਾ ਗੋਖੇ ਦਾ ਪੁੱਤਰ ਸੀ। ਭੱਟ ਕਲਸਹਾਰ ਅਤੇ ਗਯੰਦ ਭੱਟ ਭਿੱਖੇ ਦੇ ਭਰਾ ਚੋਖੇ ਦੇ ਪੁੱਤਰ ਸਨ।

ਭੱਟ ਰਈਏ ਦੋ ਪੋਤਰੇ-ਭੱਟ ਕੀਰਤ ਦੇ ਪੋਤਰੇ ਸਿੰਘ ਸਜ ਗਏ ਸਨ। ਭਿੱਖਾ ਭੱਟ ਗੁਰੂ ਅਮਰਦਾਸ ਜੀ ਦੇ ਵੇਲੇ ਸਿੱਖ ਬਣਿਆ ਸੀ। ਭਾਈ ਗੁਰਦਾਸ ਜੀ ਨੇ ਇਸ ਦਾ ਨਾਮ ਸਤਿਗੁਰੂ ਅਮਰਦਾਸ ਜੀ ਦੇ ਸਿੱਖਾਂ ਵਿਚ ਲਿਖਿਆ ਹੈ।

ਪਰ ਕਈ ਵਿਦਵਾਨ ਸੱਜਣ ਭੱਟਾਂ ਦੀ ਇਸ ਬੰਸਾਵਲੀ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਦੇ ਹਨ।

ਭੱਟ ਕਦੋਂ ਗੁਰੂ ਸਾਹਿਬ ਪਾਸ ਆਏ ਸਨ?

ਭੱਟ ਹਰਬੰਸ ਨੇ ਗੁਰੂ ਅਰਜਨ ਸਾਹਿਬ ਦੀ ਉਸਤਤਿ ਵਿਚ ਦੋ ਸਵਈਏ ਲਿਖੇ ਹਨ। ਉਹਨਾਂ ਵਿਚ ਉਹ ਗੁਰੂ ਰਾਮਦਾਸ ਜੀ ਦਾ ਇਉਂ ਜ਼ਿਕਰ ਕਰਦਾ ਹੈ ਜਿਥੋਂ ਇਹ ਸਾਫ਼ ਸਿੱਧ ਹੋ ਜਾਂਦਾ ਹੈ ਕਿ ਜਦੋਂ ਭੱਟ ਗੁਰੂ-ਦਰ ਤੇ ਹਾਜ਼ਰ ਹੋਏ ਸਨ, ਤਦੋਂ ਗੁਰੂ ਰਾਮਦਾਸ ਜੀ ਨੂੰ ਜੋਤੀ ਜੋਤਿ ਸਮਾਇਆਂ ਅਜੇ ਥੋੜ੍ਹੇ ਹੀ ਦਿਨ ਹੋਏ ਸਨ। ਹਰਬੰਸ ਲਿਖਦਾ ਹੈ:

ਅਜੈ ਗੰਗ ਜਲੁ ਅਟਲੁ, ਸਿਖ ਸੰਗਤਿ ਸਭ ਨਾਵੈ ॥
ਨਿਤ ਪੁਰਾਣ ਬਾਚੀਅਹਿ, ਬੇਦ ਬ੍ਰਹਮਾ ਮੁਖਿ ਗਾਵੈ ॥
ਅਜੈ ਚਵਰੁ ਸਿਰਿ ਢੁਲੈ, ਨਾਮੁ ਅੰਮ੍ਰਿਤੁ ਮੁਖਿ ਲੀਅਉ ॥
ਗੁਰ ਅਰਜੁਨ ਸਿਰਿ ਛਤ੍ਰੁ, ਆਪਿ ਪਰੁਮੇਸਰਿ ਦੀਅਉ ॥
ਮਿਲਿ ਨਾਨਕ ਅੰਗਦ ਅਮਰ ਗੁਰ, ਰਾਮਦਾਸੁ ਹਰਿ ਪਹਿ ਗਯਉ ॥
ਹਰਿਬੰਸ, ਜਗਤਿ ਜਸੁ ਸੰਚਰ੍ਯ੍ਯਉ, ਸੁ ਕਵਣੁ ਕਹੈ, ਸ੍ਰੀ ਗੁਰੁ ਮੁਯਉ ॥1॥
ਦੇਵ ਪੁਰੀ ਮਹਿ ਗਯਉ, ਆਪ ਪਰਮੇਸ੍ਵਰ ਭਾਯਉ ॥
ਹਰਿ ਸਿੰਘਾਸਣੁ ਦੀਅਉ, ਸਿਰੀ ਗੁਰੁ ਤਹ ਬੈਠਾਯਉ ॥
ਰਹਸੁ ਕੀਅਉ ਸੁਰ ਦੇਵ, ਤੋਹਿ ਜਸੁ ਜਯ ਜਯ ਜੰਪਹਿ ॥
ਅਸੁਰ ਗਏ ਤੇ ਭਾਗਿ, ਪਾਪ ਤਿਨ੍ਹ੍ਹ ਭੀਤਰਿ ਕੰਪਹਿ ॥
ਕਾਟੇ ਸੁ ਪਾਪ ਤਿਨ੍ਹ੍ਹ ਨਰਹੁ ਕੇ, ਗੁਰੁ ਰਾਮਦਾਸੁ ਜਿਨ੍ਹ੍ਹ ਪਾਇਯਉ ॥
ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ॥2॥ . . . . (ਸਵਈਏ ਮਹਲੇ ਪੰਜਵੇ ਕੇ

ਭੱਟ ਕਿੱਥੇ ਆਏ ਸਨ?

ਗੁਰੂ ਰਾਮਦਾਸ ਜੀ ਗੋਇੰਦਵਾਲ ਜਾ ਕੇ ਜੋਤੀ ਜੋਤਿ ਸਮਾਏ ਸਨ। ਗੋਇੰਦਵਾਲ ਬਿਆਸਾ ਦਰਿਆ ਦੇ ਕੰਢੇ ਤੇ ਹੈ।

ਗੁਰੂ ਦਾ ਦੀਦਾਰ ਕਰ ਕੇ ਜੋ ਆਤਮਕ ਆਨੰਦ ਭੱਟਾਂ ਨੂੰ ਮਿਲਿਆ ਸੀ ਉਸ ਦਾ ਜ਼ਿਕਰ ਉਹਨਾਂ ਭੱਟਾਂ ਵਿਚੋਂ ਇਕ ਸਾਥੀ ਭੱਟ ਨਲ੍ਯ੍ਯ ਆਪਣੇ ਸਵਈਆਂ ਵਿਚ ਕਰਦਾ ਹੈ ਤੇ ਆਖਦਾ ਹੈ: ਨਾਮ-ਅੰਮ੍ਰਿਤ ਪੀਣ ਦੀ ਮੇਰੇ ਅੰਦਰ ਚਿਰਾਂ ਦੀ ਤਾਂਘ ਸੀ। ਜਦੋਂ ਮੈਂ ਗੁਰੂ ਦਾ ਦਰਸ਼ਨ ਕੀਤਾ ਮੇਰੀ ਉਹ ਤਾਂਘ ਪੂਰੀ ਹੋ ਗਈ, ਮੇਰਾ ਮਨ ਜੋ ਪਹਿਲਾਂ ਦਸੀਂ ਪਾਸੀਂ ਭਟਕਦਾ ਫਿਰਦਾ ਸੀ ਦਰਸ਼ਨ ਕਰ ਕੇ ਟਿਕਾਣੇ ਆ ਗਿਆ, ਤੇ ਕਈ ਵਰ੍ਹਿਆਂ ਦਾ ਦੁੱਖ ਮੇਰੇ ਅੰਦਰੋਂ ਦੂਰ ਹੋ ਗਿਆ। ਉਥੇ ਹੀ ਭੱਟ ਨਲ੍ਯ੍ਯ ਲਿਖਦਾ ਹੈ ਕਿ ਇਹ ਦਰਸ਼ਨ ਗੋਇੰਦਵਾਲ ਵਿਚ ਹੋਇਆ ਜੋ ਮੈਨੂੰ ਪਰਤੱਖ ਤੌਰ ਤੇ ਬੈਕੁੰਠ-ਨਗਰ ਦਿੱਸ ਰਿਹਾ ਹੈ। ਲਿਖਦਾ ਹੈ:

ਗੁਰੂ ਮੁਖੁ ਦੇਖਿ, ਗਰੂ ਸੁਖੁ ਪਾਯਉ ॥
ਹੁਤੀ ਜੁ ਪਿਆਸ, ਪਿਊਸ ਪਿਵੰਨ ਕੀ ਬੰਛਤ ਸਿਧਿ ਕਉ ਬਿਧਿ ਮਿਲਾਯਉ ॥
ਪੂਰਨ ਭੋ, ਮਨ ਠਉਰ ਬਸੋ, ਰਸ ਬਾਸਨ ਸਿਉ, ਜੁ ਦਹੰਦਿਸਿ ਧਾਯਉ ॥
ਗੋਬਿੰਦ ਵਾਲੁ, ਗੋਬਿੰਦ ਪੁਰੀ ਸਮ, ਜਲ੍ਯ੍ਯਨ ਤੀਰਿ ਬਿਪਾਸ ਬਨਾਯਉ ॥
ਗਯਉ ਦੁਖੁ ਦੂਰਿ, ਬਰਖਨ ਕੋ, ਸੁ ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ
॥6॥10॥
(ਸਵਈਏ ਮਹਲੇ 4 ਚਉਥੇ ਕੇ, ਨਲ੍ਯ੍ਯ

ਪਿਛਲੀ ਵਿਚਾਰ ਦਾ ਨਿਚੋੜ:

ਭੱਟਾਂ ਨੇ ਆਪਣੀ ਬਾਣੀ ਗੁਰੂ ਅਰਜਨ ਸਾਹਿਬ ਦੀ ਹਜ਼ੂਰੀ ਵਿਚ ਉਚਾਰੀ ਸੀ। ਤਦੋਂ ਸਤਿਗੁਰੂ ਜੀ ਗੋਇੰਦਵਾਲ ਵਿਚ ਸਨ। ਗੁਰੂ ਰਾਮਦਾਸ ਜੀ ਜੋਤੀ ਜੋਤਿ ਸਮਾ ਚੁਕੇ ਸਨ, ਅਤੇ ਉਹਨਾਂ ਤੋਂ ਪਿੱਛੋਂ ਗੁਰੂ ਅਰਜਨ ਸਾਹਿਬ ਜੀ ਨੂੰ ਗੁਰ-ਸਿੰਘਾਸਨ ਤੇ ਬੈਠਿਆਂ ਥੋੜ੍ਹਾ ਹੀ ਸਮਾ ਹੋਇਆ ਸੀ।

ਸਾਰੇ ਭੱਟ ਇਕੱਠੇ ਰਲ ਕੇ ਗੁਰੂ ਅਰਜਨ ਸਾਹਿਬ ਪਾਸ ਆਏ ਸਨ

ਇਤਰਾਜ਼, ਕਿ ਸਾਰੇ ਭੱਟ ਰਲ ਕੇ ਨਹੀਂ ਆਏ:

ਕੁਝ ਸੱਜਣ ਭੱਟਾਂ ਸੰਬੰਧੀ ਇਹ ਖ਼ਿਆਲ ਪਰਗਟ ਕਰਦੇ ਹਨ ਕਿ ਇਹ ਇਕੱਠੇ ਮਿਲ ਕੇ ਗੁਰੂ ਅਰਜਨ ਸਾਹਿਬ ਜੀ ਪਾਸ ਨਹੀਂ ਆਏ ਸਨ, ਵੱਖੋ-ਵੱਖਰੇ ਸਮੇ ਵਿਚ ਹੋਏ ਹਨ ਅਤੇ ਹਰੇਕ ਸਤਿਗੁਰੂ ਜੀ ਦੇ ਸਮੇ ਵਿਚ ਹੋਏ ਸਨ ਅਤੇ ਹਰੇਕ ਸਤਿਗੁਰੂ ਜੀ ਦੇ ਸਮੇ ਵਿਚ (ਜਿਵੇਂ ਜਿਵੇਂ ਉਹਨਾਂ ਨੇ ਬਾਣੀ ਰਚੀ ਹੈ) ਆਏ ਹਨ। ਆਪਣੇ ਇਸ ਖ਼ਿਆਲ ਦੀ ਪ੍ਰੋੜ੍ਹਤਾ ਵਿਚ ਉਹ ਆਖਦੇ ਹਨ ਕਿ:

ਪਹਿਲੀ ਦਲੀਲ:

(1) ਇਹ ਨਹੀਂ ਹੋ ਸਕਦਾ ਕਿ ਗੁਰੂ ਅਰਜਨ ਸਾਹਿਬ ਜੀ ਦੇ ਸਾਹਮਣੇ ਖਲੋ ਕੇ, ਕੋਈ ਭੱਟ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਜੀ ਜਾਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਸੰਬੋਧਨ ਕਰ ਕੇ ਉਸਤਤਿ ਕਰ ਰਿਹਾ ਹੋਵੇ। ਸਵੀੲਏ ਮਹਲੇ ਪਹਿਲੇ ਕਿਆਂ ਵਿਚ ਜਦੋਂ ਕਵੀ ਆਖਦਾ ਹੈ:

ਪਾਤਾਲ ਪੁਰੀ ਜੈਕਾਰ ਧੁਨਿ, ਕਬਿ ਜਨ ਕਲ ਵਖਾਣਿਓ ॥
ਹਰਿ ਨਾਮ ਰਸਿਕ ਨਾਨਕ ਗੁਰ, ਰਾਜੁ ਜੋਗੁ ਤੈ ਮਾਣਿਓ ॥6॥
ਇਥੇ ਪ੍ਰਤੱਖ ਤੌਰ ਤੇ ਆਖਿਆ ਹੈ: ਹੇ ਗੁਰੂ ਨਾਨਕ! ਤੂੰ ਰਾਜ-ਜੋਗ ਮਾਣਿਆ ਹੈ।

ਸਵਈਏ ਮਹਲੇ ਦੂਜੇ ਕਿਆਂ ਵਿਚ:
ਤੈ ਤਉ ਦ੍ਰਿੜਿਓ ਨਾਮੁ ਅਪਾਰੁ...॥...
ਤੂ ਤਾ ਜਨਿਕ ਰਾਜਾ ਅਉਤਾਰੁ, ਸਬਦੁ ਸੰਸਾਰਿ ਸਾਰੁ,
ਰਹਹਿ ਜਗਤ੍ਰ, ਜਲ ਪਦਮ ਬੀਚਾਰ ॥......॥3॥

ਸਪਸ਼ਟ ਤੌਰ ਤੇ ਗੁਰੂ ਅੰਗਦ ਸਾਹਿਬ ਜੀ ਨੂੰ ਆਖਿਆ ਹੈ: ਹੇ ਗੁਰੂ! ਤੂੰ ਜਗਤ ਵਿਚ ਇਉਂ ਰਹਿੰਦਾ ਹੈਂ ਜਿਵੇਂ ਜਲ ਵਿਚ ਕਮਲ।

ਇਸੇ ਤਰ੍ਹਾਂ ਬਾਕੀ ਗੁਰੂ ਸਾਹਿਬਾਨ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਆਂ ਵਿਚੋਂ ਪਰਮਾਣ ਦਿੱਤੇ ਜਾ ਸਕਦੇ ਹਨ ਜਿੱਥੇ ਇੱਕ ਭੱਟ ਗੁਰੂ ਅਮਰਦਾਸ ਜੀ ਨੂੰ ਸੰਬੋਧਨ ਕਰਦਾ ਹੈ, ਦੂਜਾ ਗੁਰੂ ਰਾਮਦਾਸ ਜੀ ਨੂੰ।

ਦੂਜੀ ਦਲੀਲ:

(2) ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦੀ 21ਵੀਂ ਪਉੜੀ ਵਿਚ ਲਿਖਿਆ ਹੈ ਕਿ 'ਭਿੱਖਾ' ਅਤੇ 'ਟੋਡਾ' ਸੁਲਤਾਨਪੁਰ ਦੇ ਰਹਿਣ ਵਾਲੇ 'ਭੱਟ' ਸਨ ਅਤੇ ਸਤਿਗੁਰੂ ਅਮਰਦਾਸ ਜੀ ਦੇ ਸਿੱਖ ਸਨ।

ਇਸ ਇਤਰਾਜ਼ ਸੰਬੰਧੀ ਨਿਰਨਾ:

ਇਸ ਇਤਰਾਜ਼ ਸੰਬੰਧੀ, ਸਭ ਤੋਂ ਪਹਿਲਾਂ ਭੱਟ 'ਕੱਲਸਹਾਰ' ਦੀ ਆਪਣੀ ਬਾਣੀ ਹੀ ਕਾਫ਼ੀ ਸਬੂਤ ਹੈ ਕਿ ਉਹ ਇਕੱਠੇ ਰਲ ਕੇ ਆਏ ਸਨ। ਇਤਿਹਾਸ ਦੀ ਖੋਜ ਕਰਨ ਵਾਲੇ ਸੱਜਣਾਂ ਵਾਸਤੇ ਇਹ ਗੱਲ ਨੋਟ ਕਰਨੀ ਸੁਆਦਲੀ ਹੋਵੇਗੀ ਕਿ ਕਿਸੇ ਕਿਸੇ ਭੱਟ ਨੇ ਆਪਣੇ ਆਉਣ ਦੇ ਸਮੇਂ, ਥਾਂ ਆਦਿਕ ਸੰਬੰਧੀ ਥੋੜੀ ਸੂਚਨਾ ਕਰ ਦਿੱਤੀ ਹੈ; ਜਿਵੇਂ:

ਸਮਾ:

ਸਵਈਏ ਮਹਲੇ ਪੰਜਵੇਂ ਕਿਆਂ ਦੇ ਅਖ਼ੀਰ ਵਿਚ ਭੱਟ 'ਹਰਿਬੰਸ' ਵਿਚ ਖ਼ਬਰ ਦੇਂਦਾ ਹੈ ਕਿ ਜਦੋਂ ਉਹ ਸਤਿਗੁਰੂ ਜੀ ਦੇ ਪਾਸ ਆਏ ਸਨ, ਗੁਰੂ ਰਾਮਦਾਸ ਜੀ ਨੂੰ ਜੋਤੀ ਜੋਤਿ ਸਮਾਇਆਂ ਥੋੜੇ ਦਿਨ ਹੋਏ ਸਨ ਅਤੇ ਗੁਰੂ ਅਰਜਨ ਸਾਹਿਬ ਜੀ ਗੁਰ-ਸਿੰਘਾਸਨ ਤੇ ਬੈਠੇ ਹੀ ਸਨ।

ਗੋਇੰਦਵਾਲ:

ਸਵਈਏ ਮਹਲੇ ਚਉਥੇ ਕਿਆਂ ਵਿਚ ਭੱਟ 'ਨਲ੍ਯ੍ਯ' ਦੱਸਦਾ ਹੈ ਕਿ ਉਹਨੀਂ ਦਿਨੀਂ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਸਨ। ਜੇ ਇਹ ਦਲੀਲ ਮੰਨ ਲਈ ਜਾਏ ਕਿ ਜਿਸ ਭੱਟ ਨੇ ਜਿਸ ਗੁਰੂ ਜੀ ਦੀ ਉਸਤਤਿ ਕੀਤੀ ਹੈ, ਉਹ ਉਸੇ ਗੁਰੂ ਜੀ ਦੀ ਹਜ਼ੂਰੀ ਵਿਚ ਆ ਕੇ ਉਸਤਤਿ ਕਰ ਰਿਹਾ ਹੈ, ਤਾਂ, ਭੱਟ 'ਨਲ੍ਯ੍ਯ' ਸ੍ਰੀ ਗੁਰ ਰਾਮਦਾਸਪੁਰੇ' (ਸ੍ਰੀ ਅੰਮ੍ਰਿਤਸਰ ਜੀ) ਆਉਂਦਾ। ਇਤਿਹਾਸ ਸਾਫ਼ ਦੱਸਦਾ ਹੈ ਕਿ ਗੋਇੰਦਵਾਲ ਸਾਹਿਬ ਕੇਵਲ ਗੁਰੂ ਅਮਰਦਾਸ ਜੀ ਰਹੇ ਹਨ। ਗੁਰ ਗੱਦੀ ਤੇ ਬੈਠਣ ਤੋਂ ਪਿੱਛੋਂ ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਤੋਂ ਚਲੇ ਆਏ ਸਨ ਤੇ ਜੋਤੀ ਜੋਤਿ ਸਮਾਉਣ ਵੇਲੇ ਹੀ ਉਥੇ ਗਏ ਸਨ। ਕਿਸੇ ਭੱਟ ਨੇ ਕਰਤਾਰਪੁਰ ਸਾਹਿਬ, ਖਡੂਰ ਸਾਹਿਬ, ਜਾਂ ਸ੍ਰੀ ਅੰਮ੍ਰਿਤਸਰ ਜੀ ਦਾ ਜ਼ਿਕਰ ਨਹੀਂ ਕੀਤਾ, ਕੇਵਲ ਭੱਟ 'ਨਲ੍ਯ੍ਯ' ਨੇ ਗੋਇੰਦਵਾਲ ਸਾਹਿਬ ਦਾ ਜ਼ਿਕਰ ਕੀਤਾ ਹੈ, ਸਾਫ਼ ਲਿਖਿਆ ਹੈ-ਬਿਆਸਾ ਦਰਿਆ ਦੇ ਕੰਢੇ ਉਤੇ। ਫਿਰ, ਇਹ ਜ਼ਿਕਰ ਭੀ ਗੁਰੂ ਰਾਮਦਾਸ ਜੀ ਦੀ ਉਸਤਤਿ ਕਰਨ ਦੇ ਸੰਬੰਧ ਵਿਚ ਹੈ। ਇਥੋਂ ਸਾਫ਼ ਸਿੱਧ ਹੈ ਕਿ ਇਕੱਲਾ ਭੱਟ 'ਨਲ੍ਯ੍ਯ' ਕੇਵਲ ਗੁਰੂ ਅਮਰਦਾਸ ਜੀ ਦੀ ਸੇਵਾ ਵਿਚ ਗੋਇੰਦਵਾਲ ਸਾਹਿਬ ਹਾਜ਼ਰ ਨਹੀਂ ਹੋਇਆ।

ਪੰਜਾਂ ਦਾ ਹੀ ਜ਼ਿਕਰ:

ਸਵਈਏ ਮਹਲੇ ਪੰਜਵੇਂ ਕਿਆਂ ਵਿਚ, ਭੱਟ 'ਕੱਲਸਹਾਰ' ਪੰਜਾਂ ਹੀ ਗੁਰ-ਮਹਲਾਂ ਦਾ ਜ਼ਿਕਰ ਕਰਦਾ ਹੈ ਅਤੇ ਆਖਦਾ ਹੈ ਕਿ ਸਤਿਗੁਰੂ ਜੀ ਦੀ ਉਸਤਤਿ ਸਾਰੇ ਕਵੀਆਂ ਨੇ ਕੀਤੀ ਹੈ। ਇਸ ਭੱਟ ਸੰਬੰਧੀ ਵਿਚ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਸ ਨੇ ਪੰਜਾਂ ਹੀ ਗੁਰ-ਮਹਲਾਂ ਦੀ ਉਸਤਤਿ ਕੀਤੀ ਹੈ; ਸਾਰੇ ਭੱਟਾਂ ਵਿੱਚੋਂ ਸਭ ਤੋਂ ਵਧੀਕ ਬਾਣੀ ਇਸੇ ਹੀ ਭੱਟ ਦੀ ਹੈ, ਹਰੇਕ ਮਹਲੇ ਦੇ ਸਵਈਆਂ ਵਿਚ ਸਭ ਤੋਂ ਪਹਿਲਾਂ ਇਸੇ ਭੱਟ ਦੀ ਬਾਣੀ ਹੈ। ਇਤਿਹਾਸਕ ਖੋਜ ਕਸਵੱਟੀ ਤੇ ਰੱਖਿਆਂ ਸਾਫ਼ ਸਿੱਧ ਹੈ ਕਿ ਭੱਟ 'ਕੱਲਸਹਾਰ' ਭੱਟਾਂ ਦੇ ਇਸ ਜੱਥੇ ਦਾ ਜੱਥੇਦਾਰ ਸੀ। ਉਸ ਦਾ ਇਹ ਆਖਣਾ ਕਿ ਸਾਰੇ ਭੱਟਾਂ ਨੇ ਉਸਤਤਿ ਕੀਤੀ ਹੈ ਇਸ ਗੱਲ ਦਾ ਸਬੂਤ ਹੈ ਕਿ ਭੱਟ ਇਕੱਠੇ ਰਲ ਕੇ ਗੁਰੂ ਅਰਜਨ ਜੀ ਪਾਸ ਗੋਇੰਦਵਾਲ ਸਾਹਿਬ ਗਏ ਸਨ। ਭੱਟ 'ਕੱਲਸਹਾਰ' ਆਖਦਾ ਹੈ:

ਖੇਲੁ ਗੂੜ੍ਹ੍ਹਉ ਕੀਅਉ ਹਰਿ ਰਾਇ, ਸੰਤੋਖਿ ਸਮਾਚਰਿ੍ਯ੍ਯਉ, ਬਿਮਲ ਬੁਧਿ ਸਤਿਗੁਰਿ ਸਮਾਣਉ

ਆਜੋਨੀ ਸੰਭਵਿਅਉ, ਸੁਜਸੁ ਕਲ੍ਯ੍ਯ ਕਵੀਅਣਿ ਬਖਾਣਿਅਉ ॥
ਗੁਰਿ ਨਾਨਕਿ ਅੰਗਦੁ ਵਰ੍ਯ੍ਯਉ, ਗੁਰਿ ਅੰਗਦਿ ਅਮਰ ਨਿਧਾਨੁ ॥
ਗੁਰਿ ਰਾਮਦਾਸਿ ਅਰਜੁਨੁ ਵਰ੍ਯ੍ਯਉ, ਪਾਰਸੁ ਪਰਸੁ ਪ੍ਰਮਾਣੁ ॥4॥

ਇਹ ਜ਼ਰੂਰੀ ਨਹੀਂ:

ਕਿਸੇ ਗੁਰ-ਵਿਅਕਤੀ ਨੂੰ ਸੰਬੋਧਨ ਕਰ ਕੇ ਭੱਟ ਦਾ ਉਸਤਤਿ ਕਰਨਾ ਇਹ ਸਾਬਤ ਨਹੀਂ ਕਰ ਸਕਦਾ ਕਿ ਉਹ ਭੱਟ ਜ਼ਰੂਰ ਉਸੇ ਸਤਿਗੁਰੂ ਜੀ ਦੀ ਸਰੀਰਕ ਹਾਜ਼ਰੀ ਵਿਚ ਖਲੋ ਕੇ ਬਾਣੀ ਉਚਾਰ ਰਿਹਾ ਹੈ। ਜੇ ਭੱਟ 'ਕੱਲਸਹਾਰ' ਗੁਰੂ ਨਾਨਕ ਦੇਵ ਜੀ ਨੂੰ ਆਖ ਰਿਹਾ ਹੈ: 'ਰਾਜੁ ਜੋਗੁ ਤੈ ਮਾਣਿਓ' ਇਹ ਜ਼ਰੂਰੀ ਨਹੀਂ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਪਾਸ ਹੀ ਖੜਾ ਹੋਵੇ। ਇਸੇ ਤਰ੍ਹਾਂ ਜੇ ਭਟ 'ਕੀਰਤ' ਗੁਰੂ ਅਮਰਦਾਸ ਜੀ ਨੂੰ ਆਖ ਰਿਹਾ ਹੈ:

ਗੁਰ ਅਮਰਦਾਸ, ਕੀਰਤੁ ਕਹੈ, ਤ੍ਰਾਹਿ ਤ੍ਰਾਹਿ ਤੁਅ ਪਾ ਸਰਣ ॥

ਇਹ ਜ਼ਰੂਰੀ ਨਹੀਂ ਕਿ ਭੱਟ 'ਕੀਰਤ' ਗੁਰੂ ਅਮਰਦਾਸ ਜੀ ਦੇ ਸਾਮ੍ਹਣੇ ਖਲੋ ਕੇ ਆਖ ਰਿਹਾ ਹੋਵੇ।

ਸਗੋਂ ਭੱਟਾਂ ਦੀ ਬਾਣੀ ਨੂੰ ਗਹੁ ਨਾਲ ਪੜ੍ਹਿਆਂ ਤੇ ਇਤਿਹਾਸਕ ਨਿਸ਼ਾਨੇ ਨੂੰ ਅੱਖਾਂ ਸਾਮ੍ਹਣੇ ਰੱਖੀ ਰੱਖਿਆਂ ਇਹ ਸਾਫ਼ ਪਰਗਟ ਹੋ ਜਾਂਦਾ ਹੈ ਕਿ ਇਹ ਸਾਰੇ ਕੇਵਲ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿਚ ਸਵਈਏ ਉਚਾਰ ਰਹੇ ਹਨ।

ਵੇਖੋ! ਗੁਰੂ ਨਾਨਕ ਦੇਵ ਨੂੰ ਸੰਬੋਧਨ ਕਰ ਕੇ:

ਭੱਟ 'ਕੱਲਸਹਾਰ' ਮਹਲੇ ਪਹਿਲੇ ਕੇ ਸਵਈਆਂ ਵਿਚ ਕੇਵਲ ਗੁਰੂ ਨਾਨਕ ਸਾਹਿਬ ਦੀ ਉਸਤਤਿ ਕਰਦਾ ਹੋਇਆ ਕਹਿੰਦਾ ਹੈ:

ਸਤਜੁਗਿ ਤੈ ਮਾਣਿਓ, ਛਲਿਓ ਬਲਿ ਬਾਵਨ ਭਾਇਓ ॥
ਤ੍ਰੇਤੈ ਤੈ ਮਾਣਿਓ, ਰਾਮੁ ਰਘੁਵੰਸੁ ਕਹਾਇਓ ॥
ਦੁਆਪੁਰਿ ਕ੍ਰਿਸਨ ਮੁਰਾਰਿ, ਕੰਸੁ ਕਿਰਤਾਰਥੁ ਕੀਓ ॥
ਉਗ੍ਰਸੈਣ ਕਉ ਰਾਜੁ, ਅਭੈ ਭਗਤਹ ਜਨ ਦੀਓ ॥
ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ॥
ਸ੍ਰੀ ਗੁਰੂ ਰਾਜੁ, ਅਬਿਚਲੁ ਅਟਲੁ, ਆਦਿ ਪੁਰਖਿ ਫੁਰਮਾਇਓ ॥7॥

ਜੇ ਇਹ ਸਵਈਆ 'ਕੱਲਸਹਾਰ' ਨੇ ਗੁਰੂ ਨਾਨਕ ਸਾਹਿਬ ਦੀ ਸਰੀਰਕ ਹਜ਼ੂਰੀ ਵਿਚ ਉਚਾਰਿਆ ਹੁੰਦਾ, ਤਾਂ ਉਹ ਗੁਰੂ ਅੰਗਦ ਸਾਹਿਬ ਜੀ ਅਤੇ ਗੁਰੂ ਅਮਰਦਾਸ ਜੀ ਦਾ ਜ਼ਿਕਰ ਨਾਹ ਕਰ ਸਕਦਾ। ਇਸ ਸਵਈਏ ਵਿਚ ਸਾਫ਼ ਤੌਰ ਤੇ ਭੱਟ ਗੁਰੂ ਨਾਨਕ ਸਾਹਿਬ ਜੀ ਨੂੰ ਸੰਬੋਧਨ ਕਰਦਾ ਹੈ, ਪੰਜਵੀਂ ਤੁਕ ਨੂੰ ਗਹੁ ਨਾਲ ਪੜ੍ਹ ਕੇ, ਗੁਰਬਾਣੀ-ਵਿਆਕਰਣ ਦਾ ਖ਼ਿਆਲ ਰੱਖ ਕੇ, ਪਦ ਅਰਥ ਕਰ ਕੇ ਵੇਖੋ, ਇਉਂ ਬਣਦੇ ਹਨ:

ਕਲਿਜੁਗਿ = ਕਲਿਜੁਗ ਵਿਚ।

ਪ੍ਰਮਾਣ = ਮੰਨਿਆ-ਪ੍ਰਮੰਨਿਆ।

ਨਾਨਕ = ਹੇ ਗੁਰੂ ਨਾਨਕ!

ਅਰਥ: ਹੇ ਗੁਰੂ ਨਾਨਕ! ਕਲਿਜੁਗ ਵਿਚ ਭੀ ਤੂੰ ਹੀ ਸਮਰੱਥਾ ਵਾਲਾ ਹੈਂ; ਤੂੰ ਹੀ ਆਪਣੇ ਆਪ ਨੂੰ ਗੁਰੂ ਅੰਗਦ ਤੇ ਅਮਰਦਾਸ ਅਖਵਾਇਆ ਹੈ।

ਜੋਤੀ ਜੋਤਿ ਸਮਾ ਚੁਕੇ ਗੁਰੂ ਰਾਮਦਾਸ ਜੀ ਨੂੰ ਸੰਬੋਧਨ:

ਮਹਲੇ ਪੰਜਵੇਂ ਕੇ ਸਵਈਆਂ ਵਿਚ ਭੱਟ 'ਹਰਿਬੰਸ' ਆਪਣੇ ਪਹਿਲੇ ਸਵਈਏ ਵਿਚ ਕਹਿੰਦਾ ਹੈ ਕਿ ਗੁਰੂ ਰਾਮਦਾਸ ਜੀ ਸਰੀਰਕ ਤੌਰ ਤੇ ਤਾਂ ਜੋਤੀ ਜੋਤਿ ਸਮਾ ਗਏ ਹਨ, ਪਰ ਉਹਨਾਂ ਦਾ 'ਜਸੁ' ਜਗਤ ਵਿਚ ਪਸਰ ਰਿਹਾ ਹੈ, ਸੋ ਕੌਣ ਕਹਿ ਸਕਦਾ ਹੈ ਕਿ ਉਹ ਹੁਣ ਮੌਜੂਦ ਨਹੀਂ ਹਨ:

ਮਿਲਿ ਨਾਨਕ ਅੰਗਦ ਅਮਰ ਗੁਰ, ਗੁਰੁ ਰਾਮਦਾਸੁ ਹਰਿ ਪਹਿ ਗਯਉ ॥

ਹਰਿਬੰਸ, ਜਗਤਿ ਜਸੁ ਸੰਚਰ੍ਯ੍ਯਉ, ਸੁ ਕਵਣੁ ਕਹੈ, ਸ੍ਰੀ ਗੁਰੁ ਮੁਯਉ ॥1॥

(ਨੋਟ: ਗੁਰਬਾਣੀ ਵਿਆਕਰਣ ਦੀ ਰਮਜ਼ ਨੂੰ ਪਛਾਣਨ ਵਾਲਿਆਂ ਵਾਸਤੇ ਪਹਿਲੀ ਤੁਕ ਦੇ ਸ਼ਬਦ 'ਗੁਰ ਅਤੇ 'ਗੁਰੁ' ਖ਼ਾਸ ਤੌਰ ਤੇ ਸੁਆਦਲੇ ਹਨ।)

ਗੁਰੂ ਰਾਮਦਾਸ ਜੀ ਦਾ ਜੋਤੀ ਜੋਤਿ ਸਮਾਉਣਾ ਦੱਸ ਕੇ, ਦੂਜੇ ਸਵਈਏ ਵਿਚ ਫਿਰ ਉਹੀ ਗੱਲ ਦੁਹਰਾਉਂਦਾ ਹੈ, ਤੇ ਆਖਦਾ ਹੈ:

ਦੇਵ ਪੁਰੀ ਮਹਿ ਗਯਉ, ਆਪਿ ਪਰਮੇਸ੍ਵਰ ਭਾਯਉ ॥
ਹਰਿ ਸਿੰਘਾਸਣੁ ਦੀਅਉ, ਸਿਰੀ ਗੁਰੁ ਤਹ ਬੈਠਾਯਉ ॥
ਰਹਸੁ ਕੀਅਉ ਸੁਰ ਦੇਵ, ਤੋਹਿ ਜਸੁ ਜਯ ਜਯ ਜੰਪਹਿ ॥
ਅਸੁਰ ਗਏ ਤੇ ਭਾਗਿ, ਪਾਪ ਤਿਨ੍ਹ੍ਹ ਭੀਤਰਿ ਕੰਪਹਿ ॥
ਕਾਟੇ ਸੁ ਪਾਪ ਤਿਨ੍ਹ੍ਹ ਨਰਹੁ ਕੇ, ਗੁਰੁ ਰਾਮਦਾਸੁ ਜਿਨ੍ਹ੍ਹ ਪਾਇਯਉ ॥
ਛਤ੍ਰੁ ਸਿੰਘਾਸਨੁ ਪਿਰਥਮੀ, ਗੁਰ ਅਰਜੁਨ ਕਉ ਦੇ ਆਇਅਉ ॥1॥

ਇਸ ਸਵਈਏ ਦੀ ਹਰੇਕ ਤੁਕ ਨੂੰ ਗਹੁ ਨਾਲ ਵਿਚਾਰੋ। ਪਹਿਲੀਆਂ ਦੋ ਤੁਕਾਂ ਵਿੱਚ ਭੱਟ 'ਹਰਿਬੰਸ' ਦੱਸਦਾ ਹੈ ਕਿ ਗੁਰੂ ਰਾਮਦਾਸ ਜੀ 'ਦੇਵਪੁਰੀ' ਵਿਚ ਚਲੇ ਗਏ ਹਨ, 'ਹਰਿ' ਨੇ ਉਹਨਾਂ ਨੂੰ 'ਸਿੰਘਾਸਨ' ਦਿੱਤਾ ਹੈ। ਇਥੇ ਲਫ਼ਜ਼ 'ਗੁਰੁ' ਨੂੰ ਭੱਟ 'ਅੱਨ ਪੁਰਖ' (Third Person) ਵਿਚ ਵਰਤਦਾ ਹੈ। ਪਰ ਤੀਜੀ ਤੁਕ ਵਿਚ ਗੁਰੂ ਰਾਮਦਾਸ ਜੀ ਨੂੰ ਸੰਬੋਧਨ ਕਰ ਕੇ ਆਖਦਾ ਹੈ: 'ਤੋਹਿ ਜਸੁ', ਭਾਵ, ਤੇਰਾ ਜਸ, ਹੇ ਗੁਰੂ ਰਾਮਦਾਸ ਜੀ! ਤੇਰੇ ਦੇਵਪੁਰੀ ਵਿਚ ਅੱਪੜਨ ਤੇ ਦੇਵਤਿਆਂ ਖ਼ੁਸ਼ੀ ਮਨਾਈ ਹੈ, ਤੇਰਾ ਜਸ ਗਾ ਰਹੇ ਹਨ ਤੇ ਜੈ-ਜੈਕਾਰ ਆਖ ਰਹੇ ਹਨ।

ਇਹ ਤੁਕ ਉਚਾਰਨ ਵੇਲੇ ਭੱਟ 'ਹਰਿਬੰਸ' ਗੁਰੂ ਰਾਮਦਾਸ ਜੀ ਦੀ ਸਰੀਰਕ ਹਜ਼ੂਰੀ ਵਿਚ ਨਹੀਂ ਹੈ, ਉਹ ਆਪੇ ਆਖ ਰਿਹਾ ਹੈ ਕਿ ਉਹ ਜੋਤੀ ਜੋਤਿ ਸਮਾ ਚੁੱਕੇ ਹਨ ਫਿਰ ਭੀ ਉਹਨਾਂ ਨੂੰ ਸੰਬੋਧਨ ਕਰ ਕੇ ਇਹ ਤੀਜੀ ਤੁਕ ਉਚਾਰਦਾ ਹੈ।

ਉਪਰਲੇ ਦੋਵੇਂ ਪ੍ਰਮਾਣ ਸਾਮ੍ਹਣੇ ਹੁੰਦਿਆਂ, ਹੁਣ ਇਹ ਆਖਣ ਦੀ ਗੁੰਜੈਸ਼ ਨਹੀਂ ਰਹਿ ਗਈ ਕਿ ਹਰੇਕ ਭੱਟ ਹਰੇਕ ਗੁਰ-ਵਿਅਕਤੀ ਦੀ ਸਰੀਰਕ ਹਜ਼ੂਰੀ ਵਿਚ ਆ ਕੇ ਉਸਤਤਿ ਕਰਦਾ ਆ ਰਿਹਾ ਹੈ, ਤੇ ਇਕੱਠੇ ਰਲ ਕੇ ਨਹੀਂ ਆਏ ਸਨ।

ਭਾਈ ਗੁਰਦਾਸ ਜੀ ਵਾਲਾ ਪ੍ਰਮਾਣ ਭੀ ਹੁਣ ਇਸ ਇਤਰਾਜ਼ ਦੀ ਸਹੈਤਾ ਨਹੀਂ ਕਰਦਾ। ਸੁਲਤਾਨਪੁਰ ਵਾਲੇ ਇਹ ਭੱਟ 'ਭਿਖਾ' ਅਤੇ 'ਟੋਡਾ' ਕੋਈ ਹੋਰ ਹੋਣਗੇ। ਇਕ ਬਿਰਾਦਰੀ ਜਾਂ ਬੰਸ ਵਿਚ ਇਕ ਨਾਮ ਵਾਲੇ ਕਈ ਮਨੁੱਖ ਹੋ ਸਕਦੇ ਹਨ ਅਤੇ ਹੁੰਦੇ ਹਨ।

ਜੇ ਇਹ ਗੁਰੂ ਅਮਰਦਾਸ ਜੀ ਦੇ ਸਮੇ ਦੇ ਹੀ ਸਿੱਖ ਸਨ, ਤਾਂ ਭੀ ਇਹ ਮੰਨਣ ਦੇ ਰਸਤੇ ਵਿਚ ਕੋਈ ਰੋਕ ਨਹੀਂ ਪੈ ਸਕਦੀ ਕਿ ਭਿੱਖਾ ਬਾਕੀ ਦੇ ਭੱਟਾਂ ਨਾਲ ਮਿਲ ਕੇ ਗੁਰੂ ਅਰਜਨ ਸਾਹਿਬ ਪਾਸ ਆਇਆ ਸੀ।

ਭਾਗ 2

ਭੱਟਾਂ ਦੇ ਸਵਈਏ

ਗੁਰੂ ਅਰਜਨ ਸਾਹਿਬ ਨੇ ਆਪ ਹੀ ਦਰਜ ਕਰਾਏ

ਵੱਖ ਵੱਖ ਸਿਰਲੇਖ:

'ਖਸਮ' ਦੀ ਇਹ 'ਬਾਣੀ' ਕਿਸ ਕਿਸ ਗੁਰ-ਵਿਅਕਤੀ ਨੂੰ 'ਆਈ'-ਇਹ ਗੱਲ ਸਮਝਣ ਵਾਸਤੇ ਗੁਰੂ ਅਰਜਨ ਸਾਹਿਬ ਜੀ ਨੇ ਇਸ 'ਬਾਣੀ' ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰਨ ਵੇਲੇ ਹਰੇਕ ਸ਼ਬਦ, ਅਸਟਪਦੀ, ਛੰਦ ਵਾਰ ਆਦਿਕ ਦੇ ਪਹਿਲਾਂ ਇਸ ਫ਼ਰਕ ਨੂੰ ਦੱਸਣ ਵਾਲਾ ਇਕ ਸਿਰਲੇਖ ਲਿਖ ਦਿੱਤਾ। ਹਰੇਕ ਗੁਰ-ਵਿਅਕਤੀ ਨੂੰ 'ਆਈ' 'ਬਾਣੀ' ਦੇ ਅੰਤ ਵਿਚ ਨਾਮ ਕੇਵਲ 'ਨਾਨਕ' ਹੈ। ਸੋ, ਜੇ ਇਹ ਸਿਰ-ਲੇਖ ਨਾਹ ਲਿਖੇ ਜਾਂਦੇ, ਤਾਂ ਇਹ ਪਛਾਣਨਾ ਅਸੰਭਵ ਹੁੰਦਾ ਕਿ ਕਿਹੜਾ ਸ਼ਬਦ ਕਿਸ ਗੁਰ-ਵਿਅਕਤੀ ਨੇ ਉਚਾਰਿਆ।

ਸਿਰਲੇਖਾਂ ਦੀ ਇਤਿਹਾਸਕ ਮਹਾਨਤਾ:

'ਆਸਾ ਦੀ ਵਾਰ ਸਟੀਕ' ਦੇ ਮੁੱਢ ਵਿਚ ਇਸ ਗੱਲ ਤੇ ਵਿਸਥਾਰ ਨਾਲ ਵਿਚਾਰ ਕਰ ਕੇ ਦੱਸਿਆ ਗਿਆ ਹੈ ਕਿ ਲਫ਼ਜ਼ 'ਗੁਰ-ਵਿਅਕਤੀ' ਵਾਸਤੇ ਗੁਰੂ ਅਰਜਨ ਸਾਹਿਬ ਜੀ ਨੇ ਲਫ਼ਜ਼ 'ਮਹਲਾ' ਵਰਤਿਆ ਹੈ। ਸੋ, ਹਰੇਕ ਸ਼ਬਦ, ਅਸਟਪਦੀ ਆਦਿਕ ਦੇ ਮੁੱਢ ਵਿਚ ਪਹਿਲਾਂ 'ਰਾਗ' ਦਾ ਨਾਮ ਲਿਖ ਕੇ ਫਿਰ 'ਮਹਲਾ 1', 'ਮਹਲਾ 2,' 'ਮਹਲਾ 3', 'ਮਹਲਾ 4' ਆਦਿਕ ਪਦ ਲਿਖੇ ਹਨ।

ਸਿਰਲੇਖਾਂ ਉਤੇ ਹੋਰ ਵਿਚਾਰ:

ਇਸ ਵਿਚਾਰ ਤੋਂ ਅਸਾਂ ਇਹ ਸਮਝ ਲਿਆ ਹੈ ਕਿ ਇਤਿਹਾਸਕ ਤੌਰ ਤੇ ਇਹ ਸਿਰਲੇਖ ਬੜੇ ਹੀ ਜ਼ਰੂਰੀ ਹਨ। ਇਸ ਵਾਸਤੇ, ਆਓ ਰਤਾ ਇਹਨਾਂ ਉਤੇ ਕੁਝ ਸਮਾ ਖ਼ਰਚ ਕਰ ਲਈਏ:

(ੳ) ਜਿਤਨੀ ਬਾਣੀ 'ਰਾਗਾਂ' ਅਨੁਸਾਰ ਦਰਜ ਕੀਤੀ ਗਈ ਹੈ, ਉਸ ਵਿਚ ਪਹਿਲਾਂ 'ਰਾਗ' ਦਾ ਨਾਮ ਦੇ ਕੇ ਅੱਗੇ 'ਗੁਰ ਵਿਅਕਤੀ' ਦਾ 'ਅੰਕ' ਦਿੱਤਾ ਗਿਆ ਹੈ; ਜਿਵੇਂ:

ਸਿਰੀ ਰਾਗੁ ਮਹਲਾ 1:

ਕਾਨੜਾ ਮਹਲਾ 4;

ਜੈਜਾਵੰਤੀ ਮਹਲਾ 9; ਇੱਤਿਆਦਿਕ।

(ਅ) 'ਰਾਗਾਂ' ਤੋਂ ਪਿੱਛੋਂ ਜੋ ਜੋ ਬਾਣੀ ਦਰਜ ਕੀਤੀ ਗਈ ਹੈ, ਉਹਨਾਂ ਦੇ ਸਿਰਲੇਖ ਇਉਂ ਹਨ:

ਸਲੋਕ ਸਹਸਕ੍ਰਿਤੀ ਮਹਲਾ 1;
ਸਲੋਕ ਸਹਸਕ੍ਰਿਤੀ ਮਹਲਾ 5;
ਮਹਲਾ 5 ਗਾਥਾ;
ਫੁਨਹੇ ਮਹਲਾ 5;
ਚਉਬੋਲੇ ਮਹਲਾ 5;
ਸਲੋਕ ਵਾਰਾਂ ਤੇ ਵਧੀਕ ॥ ਮਹਲਾ 1;
ਸਲੋਕ ਮਹਲਾ 3;
ਸਲੋਕ ਮਹਲਾ 4;
ਸਲੋਕ ਮਹਲਾ 5;
ਸਲੋਕ ਮਹਲਾ 9;
ਮੁੰਦਾਵਣੀ ਮਹਲਾ 5;
ਸਲੋਕ ਮਹਲਾ 5.

ਜਿਵੇਂ 'ਰਾਗਾਂ' ਵਾਲੀਆਂ ਬਾਣੀਆਂ ਦੇ ਮੁੱਢ ਵਿਚ 'ਰਾਗ' ਦਾ ਨਾਮ ਦੇ ਕੇ ਫਿਰ 'ਮਹਲਾ 1', 'ਮਹਲਾ 3' ਆਦਿਕ ਪਦ ਵਰਤੇ ਗਏ ਹਨ, ਤਿਵੇਂ 'ਰਾਗਾਂ' ਤੋਂ ਅਗਾਂਹ ਕੇਵਲ ਬਾਣੀਆਂ ਦੇ ਨਾਮ ਦੇ ਕੇ ਮਹਲਾ 1', 'ਮਹਲਾ 3' ਆਦਿਕ ਲਿਖੇ ਗਏ ਹਨ। ਇਥੇ ਪਾਠਕ ਸੱਜਣ ਇਸ ਗੱਲ ਵਲ ਖ਼ਾਸ ਤੌਰ ਤੇ ਧਿਆਨ ਦੇਣ ਕਿ 'ਗੁਰ-ਵਿਅਕਤੀ' ਵਾਸਤੇ ਸ਼ਬਦ ਕੇਵਲ 'ਮਹਲਾ' ਹੀ ਵਰਤਿਆ ਹੈ।

ਸਵਈਆਂ ਦੇ ਸਿਰਲੇਖ ਵਿਚ ਉਚੇਚ:

ਆਓ, ਹੁਣ ਵੇਖੀਏ 'ਸਵਈਆਂ' ਦੇ ਸਿਰਲੇਖ ਨੂੰ, ਜੋ ਇਉਂ:

"ਸਵਯੇ ਸ੍ਰੀ ਮੁਖ ਬਾਕ੍ਯ੍ਯ ਮਹਲਾ 5 ॥''

ਪਿੱਛੇ ਅਸੀਂ ਵੇਖ ਆਏ ਹਾਂ ਕਿ ਸਾਧਾਰਨ ਤੌਰ ਤੇ 'ਗੁਰ-ਵਿਅਕਤੀ' ਵਾਸਤੇ ਸ਼ਬਦ ਕੇਵਲ 'ਮਹਲਾ' ਹੀ ਵਰਤਿਆ ਜਾਂਦਾ ਰਿਹਾ ਹੈ; ਪਰ 'ਸਵਈਆਂ' ਵਿਚ ਇਕ ਵਾਧੂ ਉਚੇਚਾ ਪਦ 'ਸ੍ਰੀ ਮੁਖ ਬਾਕ੍ਯ੍ਯ' ਭੀ ਮਿਲਦਾ ਹੈ।

ਇਹ ਉਚੇਚਾ ਪਦ ਕਿਉਂ?

ਇਸ ਦਾ ਉੱਤਰ ਲੱਭਣ ਵਾਸਤੇ, ਆਓ, ਉਸ 'ਬਾਣੀ' ਦੇ ਸਿਰਲੇਖ ਵੇਖੀਏ, ਜਿਸ ਨੂੰ 'ਭੱਟਾਂ' ਦੇ ਸਵਈਏ ਆਖਿਆ ਜਾਂਦਾ ਹੈ। ਉਹ ਸਿਰਲੇਖ ਇਉਂ ਹਨ:

ਸਵਈਏ ਮਹਲੇ ਪਹਿਲੇ ਕੇ 1;

ਸਵਈਏ ਮਹਲੇ ਦੂਜੇ ਕੇ 2;

ਸਵਈਏ ਮਹਲੇ ਤੀਜੇ ਕੇ 3;

ਸਵਈਏ ਮਹਲੇ ਚਉਥੇ ਕੇ 4;

ਸਵਈਏ ਮਹਲੇ ਪੰਜਵੇਂ ਕੇ 5;

(ਨੋਟ: ਇੱਥੇ ਪਾਠਕ ਜਨ ਅੰਕ 1, 2, 3, 4, 5 ਨੂੰ ਉੱਚਾਰਨ ਦਾ ਤਰੀਕਾ ਨੋਟ ਕਰ ਲੈਣ। ਲਫ਼ਜ਼ਾਂ ਵਿਚ ਲਿਖ ਕੇ ਪ੍ਰਤੱਖ ਦੱਸ ਦਿੱਤਾ ਗਿਆ ਹੈ ਕਿ 'ਇਕ', 'ਦੋ' 'ਤਿੰਨ' ਦੇ ਥਾਂ 'ਪਹਿਲਾ' 'ਦੂਜਾ' 'ਤੀਜਾ' ਆਦਿਕ ਆਖਣਾ ਹੈ, ਜਿਵੇਂ ਸਤਿਗੁਰੂ ਜੀ ਦੀ ਆਪਣੀ ਉੱਚਾਰੀ ਬਾਣੀ ਵਿਚ। ਇਹ 'ਸੂਚਨਾ' ਆਪਣੇ ਆਪ ਵਿਚ ਪਰਗਟ ਕਰਦੀ ਹੈ ਕਿ ਇਹਨਾਂ ਸਿਰ-ਲੇਖਾਂ ਦੀ ਰਾਹੀਂ ਇਸ 'ਸੂਚਨਾ' ਦੇ ਦੇਣ ਵਾਲੇ ਗੁਰੂ ਅਰਜਨ ਸਾਹਿਬ ਜੀ ਆਪ ਹੀ ਹਨ।)

ਗੁਰੂ ਸਾਹਿਬ ਨੇ ਆਪਣੇ ਮੁਖਾਰਬਿੰਦ ਤੋਂ ਉਚਾਰੀ 'ਬਾਣੀ' ਵਿਚੋਂ ਕੇਵਲ 'ਸਵਈਆਂ' ਦੇ ਸਿਰਲੇਖ ਵਿਚ ਕਿਉਂ ਸ੍ਰੀ ਮੁਖ-ਬਾਕ੍ਯ੍ਯ, ਪਦ ਵਰਤਿਆ-ਇਸ ਗੱਲ ਨੂੰ ਸਮਝਣ ਵਾਸਤੇ ਉਸ ਸਿਰਲੇਖ ਵਿਚੋਂ ਉਹ ਉਚੇਚਾ ਪਦ ਕੱਢ ਕੇ ਇਸ ਨੂੰ ਅਖ਼ੀਰਲੇ ਸਿਰਲੇਖ ਨਾਲ ਟਕਰਾ ਕੇ ਵੇਖੀਏ;

ਸਵਯੇ (ਸ੍ਰੀ ਮੁਖ ਬਾਕ੍ਯ੍ਯ) ਮਹਲਾ 5;

ਸਵਈਏ ਮਹਲੇ ਪੰਜਵੇ ਕੇ 5;

ਸਤਿਗੁਰੂ ਜੀ ਦੇ ਆਪਣੇ ਹੀ ਲਿਖੇ ਤਰੀਕੇ ਅਨੁਸਾਰ ਉਪਰਲੇ ਦੋਹਾਂ ਸਿਰਲੇਖਾਂ ਨੂੰ ਅਸੀਂ ਇਉਂ ਪੜ੍ਹਾਂਗੇ:

ਸਵਯੇ ਮਹਲਾ ਪੰਜਵਾਂ 5;

ਸਵਈਏ ਮਹਲੇ ਪੰਜਵੇਂ ਕੇ 5;

ਪਾਠਕ ਜਨ ਵੇਖ ਲੈਣ ਕਿ ਇਹਨਾਂ ਦੋਹਾਂ ਸਿਰਲੇਖਾਂ ਨੂੰ ਪੜ੍ਹ ਕੇ ਕਿਤਨਾ ਵੱਡਾ ਭੁਲੇਖਾ ਪੈਣ ਦੀ ਗੁੰਜੈਸ਼ ਹੈ। ਦੋਹਾਂ ਦਾ ਮਤਲਬ ਇੱਕੋ ਹੀ ਜਾਪਦਾ ਹੈ।

ਜੋ ਸੱਜਣ ਇਸ ਵਿਚਾਰ ਨੂੰ ਰਤਾ ਗਹੁ ਨਾਲ ਪੜ੍ਹਦੇ ਆਏ ਹਨ, ਉਹਨਾਂ ਨੂੰ ਨਿਸ-ਸੰਦੇਹ ਪਿਛਲੇ ਉਠਾਏ ਹੋਏ ਪ੍ਰਸ਼ਨ ਦਾ ਉੱਤਰ ਲੱਭ ਪਿਆ ਹੋਵੇਗਾ। ਪ੍ਰਸ਼ਨ ਇਹ ਸੀ ਕਿ 'ਸਵਈਆਂ' ਦੇ ਸਿਰਲੇਖ ਵਿਚ ਹੋਰ ਸਿਰਲੇਖਾਂ ਤੋਂ ਵਾਧੂ ਉਚੇਚਾ ਪਦ 'ਸ੍ਰੀ ਮੁਖ-ਬਾਕ੍ਯ੍ਯ' ਕਿਉਂ ਵਰਤਿਆ? ਇਸ ਦਾ ਉੱਤਰ ਸਾਨੂੰ ਮਿਲਿਆ ਹੈ ਕਿ ਜੇ ਹਜ਼ੂਰ ਨੇ ਕੇਵਲ ਆਪਣੇ ਹੀ ਮੁਖਾਰਬਿੰਦ ਤੋਂ ਉਚਾਰੇ ਹੋਏ ਸਵਈਏ ਦਰਜ ਕੀਤੇ ਹੁੰਦੇ, ਤਾਂ ਇਸ ਉਚੇਚੇ ਪਦ ਦੀ ਲੋੜ ਨਹੀਂ ਸੀ। ਪਰ 'ਭੱਟਾਂ ਦੇ ਸਵਈਏ' ਭੀ ਸਤਿਗੁਰੂ ਜੀ ਨੇ ਆਪ ਹੀ ਦਰਜ ਕੀਤੇ, ਅਤੇ ਉਹਨਾਂ ਦੇ ਸਿਰਲੇਖਾਂ ਦਾ ਫ਼ਰਕ ਦੱਸਣ ਵਾਸਤੇ ਮੁਖਾਰਬਿੰਦ ਦੀ ਬਾਣੀ ਦੇ ਸਿਰਲੇਖ ਵਿਚ ਪਦ 'ਸ੍ਰੀਮੁਖ ਬਾਕ੍ਯ੍ਯ' ਲਿਖ ਦਿੱਤਾ।

'ਕਵਿਤਾ ਦੇ ਦ੍ਰਿਸ਼ਟੀ-ਕੋਣ ਤੋਂ ਦੋ-ਮਾਤ੍ਰਕ ਅੱਖਰ

'ਕਵਿਤਾ' ਵਿਚ ਕਈ ਵਾਰੀ 'ਛੰਦ' ਦੀ ਚਾਲ ਨੂੰ ਠੀਕ ਰੱਖਣ ਵਾਸਤੇ ਲਫ਼ਜ਼ਾਂ ਦੀਆਂ ਲਗਾਂ ਮਾਤ੍ਰਾਂ ਨੂੰ ਵੱਧ ਕਰਨਾ ਪੈ ਜਾਂਦਾ ਹੈ। 'ਗੁਰੂ' ਮਾਤ੍ਰਾ ਨੂੰ 'ਲਘੂ' ਕਰ ਦੇਣਾ, ਜਾਂ 'ਲਘੂ' ਨੂੰ 'ਗੁਰੂ' ਕਰ ਦੇਣਾ-ਇਹ ਰੀਤ ਪੰਜਾਬੀ ਕਵੀਆਂ ਵਿਚ ਪੁਰਾਣੀ ਚਲੀ ਆ ਰਹੀ ਹੈ। ਗੁਰਬਾਣੀ ਦੇ ਵਰਣਿਕ ਰੂਪ ਨੂੰ ਖੋਜ ਨਾਲ ਪੜ੍ਹਨ ਦੇ ਚਾਹਵਾਨਾਂ ਵਾਸਤੇ ਇਹ ਰੀਤ ਪਰਖਣੀ ਭੀ ਬਹੁਤ ਸੁਆਦਲੀ ਹੋਵੇਗੀ।

(ੳ) '(ੁ)-ਅੰਤ, ਅੱਖਰ ਇਕ ਮਾਤ੍ਰਾ ਵਾਲਾ ਹੈ, ਜਿਵੇਂ ਲਫ਼ਜ਼ 'ਭੁਲਾਇਆ' ਵਿਚ 'ਭੂ' ਦੀ ਇਕ ਮਾਤ੍ਰਾ ਹੈ। ਜਦੋਂ ਇਸ ਨੂੰ ਦੋ-ਮਾਤ੍ਰਿਕ ਕਰਨ ਦੀ ਲੋੜ ਪਈ ਹੈ, ਤਾਂ (ੁ) ਦੇ ਥਾਂ (ੋ) ਵਰਤਿਆ ਗਿਆ ਹੈ।

(ਅ) '(ੋ)-ਅੰਤ' ਅੱਖਰ ਦੋ ਮਾਤ੍ਰਾਂ ਵਾਲਾ ਹੈ, ਜਿਵੇਂ 'ਗੋਪਾਲ' ਵਿਚ 'ਗੋ' ਜਦੋਂ ਇਸ ਨੂੰ ਇੱਕ-ਮਾਤ੍ਰਿਕ ਕੀਤਾ ਗਿਆ, ਤਾਂ (ੁ) ਵਰਤਿਆ ਗਿਆ ਹੈ।

ਪਰ ਕਈ ਥਾਈਂ ਲਫ਼ਜ਼ ਦੀ ਅਸਲੀ ਸ਼ਕਲ ਭੀ ਕਾਇਮ ਰੱਖੀ ਗਈ ਹੈ; ਓਥੇ ਇੱਕੋ ਅੱਖਰ ਦੇ ਨਾਲ ਦੋਵੇਂ ਮਾਤ੍ਰਾ-ਚਿਹਨ (ੋ ਅਤੇ ੁ) ਵਰਤੇ ਹਨ। ਇਸ ਗੱਲ ਨੂੰ ਸਮਝਣ ਵਾਸਤੇ, ਆਓ, ਥੋੜੇ ਜਿਹੇ ਪ੍ਰਮਾਣ ਵੇਖ ਲਈਏ:

(1) ਗੁਰ ਪਰਸਾਦਿ ਪਰਮ ਪਦੁ ਪਾਇਆ ॥
. . ਗੁਣ ਗੋੁਪਾਲ ਦਿਨੁ ਰੈਨਿ ਧਿਆਇਆ ॥
. . ਤੂਟੇ ਬੰਧਨ ਪੂਰਨ ਆਸਾ ॥
ਹਰਿ ਕੇ ਚਰਣ ਰਿਦ ਮਾਹਿ ਨਿਵਾਸਾ ॥3॥35॥48॥ . . . . . .(ਭੈਰਉ ਮ: 5

ਇਥੇ ਅਸਲੀ ਲਫ਼ਜ਼ 'ਗੋਪਾਲ' ਹੈ, ਪਰ ਇਸ ਦਾ ਪਾਠ 'ਗੁਪਾਲ' ਕਰਨਾ ਹੈ।

(2) ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ ॥
. . ਮਮਤਾ ਲਾਇ ਭਰਮਿ ਭੋੁਲਾਇਆ ॥2॥5॥ . . . . . (ਭੈਰਉ ਮ: 3

ਇਥੇ ਅਸਲੀ ਲਫ਼ਜ਼ 'ਭੁਲਾਇਆ' ਹੈ, ਪਾਠ 'ਭੋਲਾਇਆ' ਕਰਨਾ ਹੈ।

(3) ਨਹੀ ਦੋਖ ਬੀਚਾਰੇ ਪੂਰਨ ਸੁਖ ਸਾਰੇ, ਪਾਵਨ ਬਿਰਦੁ ਬਖਾਨਿਆ ॥
. . ਭਗਤਿ ਵਛਲੁ ਸੁਨਿ ਅੰਚਲੋੁ ਗਹਿਆ, ਘਟਿ ਘਟਿ ਪੂਰ ਸਮਾਨਿਆ ॥
. . ਸੁਖਸਾਗਰੋੁ ਪਾਇਆ ਸਹਜ ਸੁਭਾਇਆ, ਜਨਮ ਮਰਨ ਦੁਖ ਹਾਰੇ ॥
. . ਕਰੁ ਗਹਿ ਲੀਨੇ ਨਾਨਕ ਦਾਸ ਅਪਨੇ, ਰਾਮ ਨਾਮ ਉਰਿ ਹਾਰੇ ॥4॥1॥ . . . . (ਕੇਦਾਰਾ ਮ: 5

ਇਥੇ ਅਸਲੀ ਲਫ਼ਜ਼ 'ਅੰਚਲੁ' ਅਤੇ 'ਸੁਖਸਾਗਰੁ' ਹਨ, ਪਰ ਇਹਨਾਂ ਦਾ ਪਾਠ 'ਅੰਚਲੋ' ਅਤੇ 'ਸੁਖਸਾਗਰੋ' ਕਰਨਾ ਹੈ।

(4) ਚਉਥਾ ਪਹਰੁ ਭਇਆ, ਦਉਤੁ ਬਿਹਾਗੈ ਰਾਮ ॥ ਤਿਨ ਘਰੁ ਰਾਖਿਅੜਾ, ਜੋੁ ਅਨਦਿਨੁ ਜਾਗੈ ਰਾਮ ॥4॥2॥ . . . . (ਤੁਖਾਰੀ ਮ: 1

ਇਥੇ ਅਸਲੀ ਲਫ਼ਜ਼ 'ਜੋ' ਹੈ, ਪਰ ਇਸ ਦਾ ਪਾਠ 'ਜੁ' ਕਰਨਾ ਹੈ।

(5) ਜਿਹ ਠਾਕੁਰੁ ਸੁਪ੍ਰਸੰਨੁ ਭਯੋੁ ਸਤਸੰਗਤਿ ਤਿਹ ਪਿਆਰੁ ॥
. . ਹਰਿ ਗੁਰੁ ਨਾਨਕ ਜਿਨ੍ਹ੍ਹ ਪਰਸਿਓ ਤਿਨ੍ਹ੍ਹ ਸਭ ਕੁਝ ਕੀਓ ਉਧਾਰੁ ॥6॥ . . (ਸਵਯੇ ਸ੍ਰੀ ਮੁਖਬਾਕ੍ਯ੍ਯ ਮਹਲਾ 5

ਅਸਲੀ ਲਫ਼ਜ਼ 'ਭਯੋ' ਹੈ, ਇਸ ਦਾ ਪਾਠ 'ਭਯੁ' ਕਰਨਾ ਹੈ।

(6) ਪ੍ਰਹਲਾਦੁ ਕੋਠੇ ਵਿਚਿ ਰਾਖਿਆ, ਬਾਰਿ ਦੀਆ ਤਾਲਾ ॥
. . ਨਿਰਭਉ ਬਾਲਕੁ ਮੂਲਿ ਨ ਡਰਈ, ਮੇਰੈ ਅੰਤਰਿ ਗੁਰ ਗੋਪਾਲਾ ॥
. . ਕੀਤਾ ਹੋਵੈ ਸਰੀਕੀ ਕਰੈ, ਅਨਹੋਦਾ ਨਾਉ ਧਰਾਇਆ ॥
. . ਜੋ ਧੁਰਿ ਲਿਖਿਆ ਸੋੁ ਆਇ ਪਹੁਤਾ, ਜਨ ਸਿਉ ਵਾਦੁ ਰਚਾਇਆ ॥7॥1॥2॥ (ਭੈਰਉ ਮ: 3 ਘਰੁ 2, ਅਸਟਪਦੀਆ

ਇਥੇ ਅਸਲੀ ਲਫ਼ਜ਼ 'ਸੋ' ਹੈ, ਪਰ ਇਸ ਦਾ ਪਾਠ 'ਸੁ' ਹੈ।

(7) ਕੋਟਿ ਗਿਆਨੀ ਕਥਹਿ ਗਿਆਨੁ ॥ ਕੋਟਿ ਧਿਆਨੀ ਧਰਤ ਧਿਆਨੁ ॥
. . ਕੋਟਿ ਤਪੀਸਰ ਤਪ ਹੀ ਕਰਤੇ ॥ ਕੋਟਿ ਮੁਨੀਸਰ ਮੋੁਨਿ ਮੋਹਿ ਰਹਤੇ ॥7॥2॥5॥ (ਭੈਰਉ ਮ: 5, ਅਸਟਪਦੀਆ

ਇਥੇ ਅਸਲੀ ਲਫ਼ਜ਼ 'ਮੋਨਿ' ਹੈ ਪਰ ਇਸ ਦਾ ਪਾਠ 'ਮੁਨਿ' ਹੈ।

(8) ਸੋੁਇਨ ਕਟੋਰੀ ਅੰਮ੍ਰਿਤ ਭਰੀ ॥ ਲੈ ਨਾਮੈ ਹਰਿ ਆਗੈ ਧਰੀ ॥2॥3॥ . . . . (ਭੈਰਉ ਨਾਮਦੇਉ ਜੀ

ਇਥੇ ਅਸਲੀ ਲਫ਼ਜ਼ 'ਸੋਇਨ' ਹੈ, ਪਰ ਇਸ ਦਾ ਪਾਠ 'ਸੁਇਨ' ਹੈ।

ਇਸ ਕਿਸਮ ਦੇ ਕਈ ਹੋਰ ਪ੍ਰਮਾਣ ਪਾਠਕ ਜਨ ਆਪ ਲੱਭ ਸਕਦੇ ਹਨ।

ਧਿਆਨ-ਜੋਗ ਗੱਲਾਂ:

ਅਸਾਂ ਇਥੇ ਇਸ ਅਨੋਖੀ ਬਨਾਵਟ ਸੰਬੰਧੀ ਹੇਠ-ਲਿਖੀਆਂ ਗੱਲਾਂ ਵਲ ਧਿਆਨ ਦੇਣਾ ਹੈ:

(ੳ) ਉੱਚਾਰਣ ਵੇਲੇ ਕੇਵਲ ਇਕੋ ਹੀ ਲੱਗ ਉਚਾਰੀ ਜਾ ਸਕਦੀ ਹੈ, ਭਾਵੇਂ (ੋ) ਉਚਾਰੋ, ਭਾਵੇਂ (ੁ)। ਦੋਵੇਂ ਇਕੱਠੀਆਂ ਉਚਾਰਨੀਆਂ ਅਸੰਭਵ ਹਨ।

(ਅ) ਲਫ਼ਜ਼ਾਂ ਦੇ ਬਹੁਤ ਸਾਰੇ ਵਿਆਕਰਣਿਕ ਰੂਪ ਤਾਂ ਸੰਸਕ੍ਰਿਤ ਆਦਿ ਬੋਲੀਆਂ ਵਿਚੋਂ ਬਦਲੇ ਹੋਏ ਰੂਪ ਵਿਚ ਮਿਲ ਰਹੇ ਹਨ, ਪਰ ਇਹ ਦੋਹਰੀ 'ਲਗ' ਉਹਨਾਂ ਬੋਲੀਆਂ ਵਿਚ ਨਹੀਂ ਮਿਲਦੀ। ਇਹ ਰੀਤ ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਆਪਣੀ ਜਾਰੀ ਕੀਤੀ ਹੋਈ ਹੈ।

(ੲ) ਭੱਟਾਂ ਨੇ ਸ੍ਰੀ ਗੁਰੂ ਅਰਜੁਨ ਸਾਹਿਬ ਜੀ ਦੀ ਹਜ਼ੂਰੀ ਵਿਚ ਆਪਣੀ ਬਾਣੀ ਗੁਰ-ਮਹਿਮਾ ਵਿਚ ਉੱਚਾਰ ਕੇ ਸੁਣਾਈ ਸੀ। ਉੱਚਾਰਣ ਸਮੇ ਉਹ ਕਿਸੇ ਲੋੜੀਂਦੇ ਥਾਂ ਤੇ ਇਹ ਦੋਵੇਂ ਲਗਾਂ ਇਕੱਠੀਆਂ ਨਹੀਂ ਵਰਤ ਸਕਦੇ ਸਨ। ਦੋ 'ਲਗਾਂ' ਕੇਵਲ ਲਿਖਣ ਵੇਲੇ ਹੀ ਆ ਸਕਦੀਆਂ ਹਨ।

ਪਰ 'ਸਵਈਏ ਮਹਲੇ ਤੀਜੇ' ਕਿਆਂ ਵਿਚ ਅਖ਼ੀਰਲਾ ਸਵਈਆ ਹੇਠ-ਲਿਖੇ ਤਰੀਕੇ ਨਾਲ 'ਬੀੜ' ਵਿਚ ਦਰਜ ਹੈ:

ਘਨਹਰ ਬੂੰਦ ਬਸੁਅ ਰੋਮਾਵਲਿ, ਕੁਸਮ ਬਸੰਤ ਗਨੰਤ ਨ ਆਵੈ ॥
ਰਵਿ ਸਸਿ ਕਿਰਣਿ ਉਦਰੁ ਸਾਗਰ ਕੋ, ਗੰਗ ਤਰੰਗ ਅੰਤੁ ਕੋ ਪਾਵੈ ॥
ਰੁਦ੍ਰ ਧਿਆਨ ਗਿਆਨ ਸਤਿਗੁਰ ਕੇ, ਕਬਿ ਜਨ ਭਲ੍ਯ੍ਯ ਉਨਹ ਜੋੁ ਗਾਵੈ ॥
ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਨਿ ਆਵੈ ॥1॥22॥ . . . . (ਭਲ੍ਯ੍ਯ ਭੱਟ

ਇਥੇ ਤੀਜੀ ਤੁਕ ਵਿਚ ਅਸਲੀ ਲਫ਼ਜ਼ 'ਜੋ' ਹੈ, ਪਰ ਇਸ ਦਾ ਪਾਠ 'ਜੁ' ਕਰਨਾ ਹੈ।

ਇਹ ਦੋਹਰੀ 'ਲਗ' ਦੀ ਵਰਤੋਂ ਭੀ ਸਾਫ਼ ਪਰਗਟ ਕਰਦੀ ਹੈ ਕਿ ਭੱਟਾਂ ਦੀ ਬਾਣੀ ਭੀ 'ਬੀੜ' ਵਿਚ ਦਰਜ ਕਰਨ ਵਾਲੇ ਉਹੀ ਹਨ, ਜਿਨ੍ਹਾਂ ਦੀ ਇਹ ਕਾਢ ਹੈ, ਅਤੇ ਜਿਨ੍ਹਾਂ ਨੇ ਸ੍ਰੀ ਮੁਖ-ਵਾਕ ਬਾਣੀ ਵਿਚ ਇਹ ਰੀਤ ਵਰਤੀ ਹੈ।

ਭਾਗ 3

ਭੱਟਾਂ ਦੀ ਗਿਣਤੀ

ਗਿਣਤੀ ਬਾਰੇ ਮਤ-ਭੇਦ:

ਭੱਟਾਂ ਦੀ ਗਿਣਤੀ ਸੰਬੰਧੀ ਮਤ-ਭੇਦ ਚਲਿਆ ਆ ਰਿਹਾ ਹੈ-10, 11, 13, 17 ਅਤੇ 19। ਸਿੱਖ ਇਤਿਹਾਸ ਦੇ ਪੁਰਾਣੇ ਪੁਸਤਕ ਭੱਟਾਂ ਦੀ ਗਿਣਤੀ 17 ਦੇਂਦੇ ਹਨ, ਪਰ ਇਹਨਾਂ ਦਾ ਆਪੋ ਵਿਚ ਨਾਵਾਂ ਸੰਬੰਧੀ ਕਿਤੇ ਕਿਤੇ ਮਤ-ਭੇਦ ਹੈ। ਜੇ ਸਾਰੇ ਖ਼ਿਆਲਾਂ ਵਾਲਿਆਂ ਦੇ ਮਤ ਅਨੁਸਾਰ ਭੱਟਾਂ ਦੇ ਨਾਮ ਇਕੱਠੇ ਕੀਤੇ ਜਾਣ, ਤਾਂ ਹੇਠ-ਲਿਖੇ ਬਣਦੇ ਹਨ:

(1) ਕਲਸਹਾਰ, (2) ਜਾਲਪ, (3) ਕੀਰਤ, (4) ਭਿੱਖਾ, (5) ਸਲ, (6) ਭਲ੍ਯ੍ਯ, (7) ਨਲ੍ਯ੍ਯ, (8) ਮਥੁਰਾ, (9) ਬਲ੍ਯ੍ਯ, (10) ਗਯੰਦ, (11) ਹਰਿਬੰਸ, (12) ਦਾਸ, (13) ਕਲ੍ਯ੍ਯ, (14) ਜਲ੍ਯ੍ਯ, (15) ਜਲ੍ਯ੍ਯਨ, (16) ਟਲ੍ਯ੍ਯ, (17) ਸੇਵਕ, (18) ਸਦਰੰਗ, (19) ਪਰਮਾਨੰਦ, (20) ਪਾਰਥ, (21) ਨਲ੍ਯ੍ਯ ਠਕੁਰ, (22) ਗੰਗਾ।

ਜਦੋਂ ਕਿਸੇ ਖ਼ਿਆਲ ਸੰਬੰਧੀ ਮਤ-ਭੇਦ ਹੋਵੇ, ਤਾਂ ਵਿਚਾਰਵਾਨਾਂ ਦਾ ਮਿਲ ਕੇ ਵਿਚਾਰ ਤਦੋਂ ਹੀ ਹੋ ਸਕਦਾ ਹੈ ਜੇ ਸਾਰੇ ਇਕ ਦੂਜੇ ਦੇ ਖ਼ਿਆਲ ਨੂੰ ਠੰਢੇ ਦਿਲ ਨਾਲ ਸੁਣਨ ਤੇ ਵਿਚਾਰਨ। ਪਰ ਜੇ ਕੋਈ ਧਿਰ ਦੂਜਿਆਂ ਨੂੰ ਖਰ੍ਹਵੇ ਬਚਨ ਬੋਲ ਕੇ ਆਪਣੇ ਖ਼ਿਆਲ ਮਨਵਾਉਣੇ ਚਾਹੇ, ਤਾਂ ਇਸ ਤਰ੍ਹਾਂ ਰਲਵੀਂ ਵਿਚਾਰ ਨਹੀਂ ਹੋ ਸਕਦੀ।

ਸਵਈਏ ਸਟੀਕ (ਰੱਬੀ ਬਾਣ ਨੰ: 1) ਦੀ ਪਹਿਲੀ ਐਡੀਸ਼ਨ ਛਪਣ ਤੇ ਇਕ ਸੱਜਣ ਜੀ ਨੇ ਪੰਥ ਦੀ ਇਕ ਅਖ਼ਬਾਰ ਵਿਚ ਇਉਂ ਲਿਖਿਆ: ''ਇਸ ਮਤ-ਭੇਦ ਨੂੰ ਮਿਟੌਣ ਲਈ ਇਕ ਵਿਆਪਕ ਨਿਯਮ ਦੱਸਣ ਦੀ ਬੜੀ ਲੋੜ ਸੀ, ਕਿ ਐਤਨੇ ਨੂੰ ਪ੍ਰੋਫ਼ੈਸਰ ਸਾਹਿਬ ਜੀ ਦਾ 'ਰੱਬੀ ਬਾਣ' ਨਾਮੇ ਭੱਟਾਂ ਦੇ ਸਵਈਆਂ ਦਾ ਟੀਕਾ ਪ੍ਰਾਪਤ ਹੋਇਆ, ਜੋ ਠੀਕ ਬਾਣ ਦਾ ਹੀ ਕੰਮ ਕਰ ਗਿਆ; ਕਿਉਂਕਿ ਅੱਗੇ ਕਈ ਟੀਕਾਕਾਰਾਂ ਯਾ ਖੋਜੀਆਂ ਦੇ ਬ੍ਰਿਥਾ ਮਤ-ਭੇਦ ਤੋਂ ਦੁਖਿਤ ਹੋਏ ਆਤਮਾ ਉਤੇ ਕੁਤਰਕੀਆਂ ਵੱਲੋਂ ਜੋ ਸੱਟਾਂ ਲੱਗੀਆਂ ਸਨ, ਉਹਨਾਂ ਉਤੇ ਇਹ ਬਾਣ ਕਾਫ਼ੀ ਜ਼ਖ਼ਮ ਕਰ ਗਿਆ; ਅਰਥਾਤ, ਇਹਨਾਂ ਨੇ ਆਪਣੀ ਨਵੀਨ ਕਾਢ ਦੇ ਚਾਉ ਵਿਚ ਭੱਟ-ਭਾਣੀ ਦੀ ਰਚਨਾ ਦੀ ਤਰਤੀਬ ਨੂੰ ਨਾ ਸਮਝਦੇ ਹੋਏ ਭੱਟਾਂ ਦੀ ਗਿਣਤੀ ਕੁੱਲ 11 ਹੀ ਦੱਸੀ ਹੈ। ਬਾਕੀ ਦਿਆਂ ਦੀ ਹਸਤੀ ਨਹੀਂ ਮੰਨੀ। ''

ਇਸ ਸੱਜਣ ਜੀ ਦੇ ਵਿਆਪਕ ਨਿਯਮ:

ਇਸ ਸੱਜਣ ਜੀ ਨੇ ਹੇਠ ਲਿਖੇ ਵਿਆਪਕ ਨਿਯਮ ਲਿਖੇ ਹਨ, ਜਿਨ੍ਹਾਂ ਦੀ ਰਾਹੀਂ ਭੱਟਾਂ ਦੀ ਗਿਣਤੀ ਇਹਨਾਂ ਦੇ ਖ਼ਿਆਲ ਅਨੁਸਾਰ, ਠੀਕ ਠੀਕ ਕੀਤੀ ਜਾ ਸਕਦੀ ਹੈ:

(1) ਜਿੱਥੇ ਕਿਸੇ ਇਕੱਲੇ ਭੱਟ ਦੀ ਬਾਣੀ ਹੈ, ਓਥੇ ਬੜਾ ਅੰਕ ਹੀ ਚਲਿਆ ਜਾ ਰਿਹਾ ਹੈ।

(2) ਜਿੱਥੇ ਬਹੁਤੇ ਭੱਟਾਂ ਦਾ 'ਵਰਗ' ਜਾਂ 'ਗਣ' ਹੈ, ਓਥੇ ਭੀ ਬੜਾ ਅੰਕ ਇਕ-ਸਾਰ ਚਲਿਆ ਜਾਂਦਾ ਹੈ। ਜੈਸੇ ਮ: 2 ਦੇ 'ਕਲ੍ਯ੍ਯ' ਅਤੇ 'ਟਲ੍ਯ੍ਯ' ਦੀ ਬਾਣੀ ਆਦਿ ਵਿਚ।

(3) ਜਦੋਂ ਇਕ ਭੱਟ ਦੇ ਮਾਤਹਿਤ ਹੋ ਕੇ ਉਸ ਨਾਲ ਦੂਜੇ ਭੱਟ ਆਉਂਦੇ ਹਨ ਤਾਂ ਪਹਿਲੇ ਭੱਟ ਦੀ ਬਾਣੀ ਦਾ ਛੋਟਾ ਅੰਕ ਬੜੇ ਅੰਕ ਦੇ ਅੰਦਰ ਚਲਦਾ ਹੈ; ਦੂਜਿਆਂ ਦੀ ਬਾਣੀ ਦੇ ਅੰਕ ਉਪਰਲੇ ਛੋਟੇ ਅੰਕ ਦੇ ਭੀ ਅਧੀਨ ਹੋਰ ਛੋਟੇ ਅੰਕ ਕਰ ਕੇ ਲਿਖੇ ਜਾਂਦੇ ਹਨ।

ਝੰਬੇਲਾ ਫਿਰ ਭੀ ਟਿਕਿਆ ਰਿਹਾ:

ਇਹਨਾਂ ਤਿੰਨ ਵਿਆਪਕ ਨਿਯਮਾਂ ਉਤੇ ਜੇ ਗਹੁ ਨਾਲ ਵਿਚਾਰ ਕੀਤੀ ਜਾਏ, ਤਾਂ ਇਉਂ ਦਿੱਸਦਾ ਹੈ ਕਿ ਇਹ ਨਿਯਮ ਹੁੰਦਿਆਂ ਭੀ ਰਲਾ ਅਜੇ ਮੁੱਕ ਨਹੀਂ ਸਕਿਆ। ਪਹਿਲੇ ਦੋ ਨਿਯਮਾਂ ਵਿਚ ਲਿਖਿਆ ਹੈ ਕਿ-'ਬੜਾ ਅੰਕ ਇਕ-ਸਾਰ ਚਲਿਆ ਜਾਂਦਾ ਹੈ' ਭਾਵੇਂ ਇਕੱਲੇ ਭੱਟ ਦੀ ਬਾਣੀ ਹੈ ਅਤੇ ਭਾਵੇਂ ਬਹੁਤੇ ਭੱਟਾਂ ਦਾ 'ਵਰਗ' ਜਾਂ 'ਗਣ' ਹੈ। ਸੋ, ਇਹ ਨਿਯਮ ਹੁੰਦਿਆਂ ਭੀ ਕੋਈ ਕਹੇਗਾ ਕਿ ਇਕ ਭੱਟ ਦੀ ਬਾਣੀ ਹੈ ਅਤੇ ਕੋਈ ਕਹੇਗਾ ਕਿ ਬਹੁਤੇ ਭੱਟਾਂ ਦਾ 'ਵਰਗ' ਜਾਂ 'ਗਣ' ਉਚਾਰ ਰਿਹਾ ਹੈ। ਆਖ਼ਰੀ ਨਿਰਣਾ ਕੌਣ ਕਰੇਗਾ? ਹੁਣ ਲਉ ਦੂਜੇ ਤੇ ਤੀਜੇ ਨਿਯਮ ਨੂੰ। ਇਥੇ ਇਸ ਗੱਲ ਦਾ ਫ਼ੈਸਲਾ ਕੌਣ ਕਰੇਗਾ ਕਿ ਇਹ ਸਾਰੇ ਭੱਟ 'ਗਣ' ਤੇ 'ਵਰਗ' ਦੀ ਹੈਸੀਅਤ ਵਿਚ ਹਨ ਜਾਂ ਇਕ ਦੂਜੇ ਦੇ ਮਾਤਹਿਤ?

ਨਿਯਮ ਨੰ: 2 ਵਿਚ 'ਗਣ' 'ਵਰਗ' ਸੰਬੰਧੀ ਆਪ ਮਿਸਾਲ ਦੇਂਦੇ ਹਨ ਕਿ 'ਮ: 2 ਦੇ ਕਲ੍ਯ੍ਯ ਅਤੇ ਟਲ੍ਯ੍ਯ ਦੀ ਬਾਣੀ ਵਿਚ' ਕਲਸਹਾਰ, ਕਲ੍ਯ੍ਯ ਅਤੇ ਟਲ੍ਯ੍ਯ ਦਾ 'ਵਰਗ' ਜਾਂ 'ਗਣ' ਹੈ, ਇਸ ਕਰਕੇ 'ਬੜਾ ਅੰਕ ਇਕ-ਸਾਰ ਚਲਿਆ ਆ ਰਿਹਾ ਹੈ। ' ਪਰ ਇਸ ਤੋਂ ਪਹਿਲਾਂ 'ਵਰਗ', 'ਗਣ', 'ਜੂਥ' ਆਦਿਕ ਸ਼ਬਦਾਂ ਦੀ ਵਿਆਖਿਆ ਕਰਦੇ ਹੋਏ ਆਪ ਲਿਖਦੇ ਹਨ: "ਇਸੇ ਤਰ੍ਹਾਂ ਗੁਰੂ ਮਹਾਰਾਜ ਦੇ ਹਜ਼ੂਰ ਭੀ ਠਾਠ ਬੰਨ੍ਹਣ ਲਈ ਆਪਣੀ ਹਮੇਸ਼ਾ ਦੀ ਮਰਯਾਦਾ ਅਨੁਸਾਰ ਬਹੁਤ ਸਾਰੀ ਉਪਮਾ ਭੱਟਾਂ ਨੇ ਰਲ ਕੇ, ਅਰਥਾਤ, 'ਵਰਗ' ਅਤੇ 'ਗਣ' ਬਣਾ ਕੇ ਕੀਤੀ, ਜਿਸ ਦਾ ਸਬੂਤ ਉਹਨਾਂ ਦੀ ਬਾਣੀ ਵਿਚ ਸਾਫ਼ ਤੌਰ ਤੇ ਬਹੁਤ ਜਗ੍ਹਾ ਮਿਲਦਾ ਹੈ; ਜੈਸੇ ਮ: 2 ਦੇ ਸਵਈਏ ਨੰ: 10 ਵਿਚ ਕਲਸਹਾਰ ਦੇ ਮਾਤਹਿਤ ਟਲ੍ਯ੍ਯ ਜੀ ਬੋਲਦੇ ਹਨ। "

ਸੋ, ਵੇਖ ਲਉ, ਕਿ ਵਿਆਪਕ ਨਿਯਮ ਦੇਣ ਵਾਲੇ ਸੱਜਣ ਜੀ ਦੇ ਆਪਣੇ ਹੀ ਮਨ ਵਿਚ ਝੰਬੇਲਾ ਪੈ ਗਿਆ ਹੈ। ਜੇ 'ਟਲ੍ਯ੍ਯ' 'ਜੀ' 'ਕਲਸਹਾਰ ਦੇ ਮਾਤਹਿਤ' ਬੋਲ ਰਹੇ ਹਨ ਤਾਂ ਨਿਯਮ ਨੰਬਰ 3 ਅਨੁਸਾਰ ਅੰਕ ਛੋਟੇ ਵੱਡੇ ਚਾਹੀਦੇ ਸਨ।

ਓਥੇ ਹੀ ਆਪ ਲਿਖਦੇ ਹਨ: 'ਜਦੋਂ ਬਹੁਤੇ ਭੱਟ ਕੋਈ ਉਸਤਤੀ ਕਰਨ ਤਾਂ ਪਹਿਲਾਂ ਇਕ ਸ਼ੁਰੂ ਕਰਦਾ ਹੈ; ਫਿਰ ਵਾਰੋ ਵਾਰੀ ਦੂਜੇ ਰਲਵੇਂ ਛੰਦ ਆਖਦੇ ਹਨ, ਕਦੇ ਕਦੇ ਅੰਤਲੇ ਛੰਦ ਜਾਂ ਤੁਕ ਵਿਚ ਸਭ ਇਕੱਠੇ ਬੋਲਦੇ ਹਨ। '

ਆਪ ਜੀ ਦੇ ਇਸ ਕਥਨ ਤੇ ਵਿਚਾਰ ਕਰਨ ਤੋਂ ਪਹਿਲਾਂ ਆਪ ਦੀ ਵਿਚਾਰ ਅਨੁਸਾਰ ਦੱਸੇ ਗਏ 19 ਭੱਟਾਂ ਦੇ ਨਾਮ ਦਿੱਤੇ ਜਾਣੇ ਜ਼ਰੂਰੀ ਹਨ; (1) ਕਲਸਹਾਰ, (2) ਕਲ੍ਯ੍ਯ, (3) ਟਲ੍ਯ੍ਯ, (4) ਜਾਲਪ, (5) ਜਲ੍ਯ੍ਯ, (ਖ਼) ਕੀਰਤ, (7) ਭਿਖਾ, (8) ਸਲ੍ਯ੍ਯ, (9) ਭਲ੍ਯ੍ਯ, (10) ਕੱਲਠਕੁਰ, (11) ਜਲ੍ਯ੍ਯਨ, (12) ਦਾਸ, (13) ਸੇਵਕ, (14) ਪਰਮਾਨੰਦ, (15) ਗਯੰਦ, (16) ਮਥੁਰਾ, (17) ਬਲ੍ਯ੍ਯ, (18) ਪਾਰਥ, (19) ਹਰਿਬੰਸ।

ਅਜਬ ਤਮਾਸ਼ਾ:

ਇਸ ਸੰਬੰਧ ਵਿਚ ਆਪ ਲਿਖਦੇ ਹਨ: "ਸਭ ਤੋਂ ਵਧੀਕ ਤਮਾਸ਼ਾ ਇਹ ਹੈ ਕਿ ਮ: 4 ਦੇ 10ਵੇਂ ਛੰਦ ਦੀਆਂ ਅੰਤਲੀਆਂ ਦੋ ਤੁਕਾਂ ਪਿਛੋਂ ਪਹਿਲੀ ਦਾ ਕਰਤਾ 'ਭਲ੍ਯ੍ਯ' ਅਤੇ ਛੇਕੜਲੀ ਦਾ ਕਰਤਾ 'ਕਲ੍ਯ੍ਯ' ਹੈ, ਯਥਾ ਪ੍ਰਮਾਣ:

ਆਜੋਨੀਉ ਭਲ੍ਯ੍ਯੁ ਅਮਲੁ, ਸਤਿਗੁਰ ਸੰਗਿ ਨਿਵਾਸੁ ॥

ਗੁਰ ਰਾਮਦਾਸ, ਕਲ੍ਯ੍ਯੁਚਰੈ, ਤੁਅ ਸਹਜ ਸਰੋਵਰਿ ਬਾਸੁ ॥10॥

ਇਸ ਪੂਰਬੋਕਤ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਭੱਟ ਗੁਰੂ ਸਾਹਿਬ ਪਾਸ ਰਲ ਕੇ ਭੀ ਆਏ ਅਤੇ ਇਕੱਲੇ ਇਕੱਲੇ ਭੀ। "

ਪਰ, ਇਹ ਕਿਵੇਂ?

'ਰਲ ਕੇ ਭੀ ਆਏ ਤੇ ਇਕੱਲੇ ਇਕੱਲੇ ਭੀ'-ਇਸ ਕਥਨ ਅਨੁਸਾਰ ਇਹ ਪ੍ਰਤੀਤ ਹੋਇਆ ਕਿ ਭੱਟ ਹਰੇਕ ਗੁਰ-ਵਿਅਕਤੀ ਦੀ ਹਜ਼ੂਰੀ ਵਿਚ ਆਏ। ਪਰ ਕਈ ਭੱਟ ਅਜਿਹੇ ਹਨ, ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਦੀ ਉਪਮਾ ਵਿਚ ਕੁਝ ਭੀ ਨਹੀਂ ਉਚਾਰਿਆ; ਅਤੇ ਜੇ ਉਹਨਾਂ ਗੁਰੂ ਅਰਜਨ ਸਾਹਿਬ ਦੇ ਥਾਂ ਕੇਵਲ ਗੁਰੂ ਅਮਰਦਾਸ ਜਾਂ ਗੁਰੂ ਰਾਮਦਾਸ ਜੀ ਦੀ ਉਪਮਾ ਕੀਤੀ, ਤੇ ਆਏ ਭੀ ਇਕੱਲੇ ਇਕੱਲੇ, ਤਾਂ ਪ੍ਰਤੱਖ ਹੈ ਕਿ ਉਹ ਗੁਰੂ ਅਰਜਨ ਸਾਹਿਬ ਜੀ ਪਾਸ ਨਹੀਂ ਆਏ; ਜਿਵੇਂ ਭੱਟ ਭਿੱਖਾ, ਕੀਰਤ, ਗਯੰਦ ਆਦਿਕ। ਗੁਰੂ ਅਰਜਨ ਸਾਹਿਬ ਪਾਸ ਆਉਣ ਵਾਲੇ ਤਾਂ ਰਹਿ ਗਏ ਕੇਵਲ ਕਲਸਹਾਰ, ਕਲ੍ਯ੍ਯ, ਮਥੁਰਾ ਅਤੇ ਹਰਿਬੰਸ, ਭਾਵ, ਭੰਜ ਭੱਟ।

ਇਕ ਹੋਰ ਝੰਬੇਲਾ

ਪਰ ਆਪ ਦੀ ਇਹ ਦਲੀਲ ਤੇ ਵਿਚਾਰ ਇਕ ਹੋਰ ਝੰਬੇਲੇ ਵਿਚ ਪਾ ਦੇਂਦੀ ਹੈ। ਆਪ ਦੇ ਖ਼ਿਆਲ ਅਨੁਸਾਰ ਮਹਲੇ ਪਹਿਲੇ ਦੀ ਉਸਤਤਿ ਕੇਵਲ ਭੱਟ 'ਕਲ੍ਯ੍ਯ' ਨੇ ਕੀਤੀ ਹੈ; ਉਸ ਦੇ ਨਾਲ ਨਾਹ ਕੋਈ ਹੋਰ ਭੱਟ 'ਗਣ' ਜਾਂ 'ਵਰਗ' ਬਣਾਉਣ ਵਾਲਾ ਸੀ ਅਤੇ ਨਾਹ ਉਸ ਦੇ ਮਾਤਹਿਤ ਕੋਈ ਹੋਰ ਭੱਟ। ਤਾਂ ਤੇ ਉਹ ਆਇਆ ਭੀ ਗੁਰੂ ਨਾਨਕ ਸਾਹਿਬ ਪਾਸ ਹੀ ਹੋਵੇਗਾ: ਪਰ ਪੜ੍ਹੋ ਸਵਈਆ ਨੰ: 7

ਸਤਜੁਗਿ ਤੈ ਮਾਣਿਓ, ਛਲਿਓ ਬਲਿ, ਬਾਵਨ ਭਾਇਓ ॥
ਤ੍ਰੇਤੈ ਤੇ ਮਾਣਿਓ, ਰਾਮੁ ਰਘੁਵੰਸੁ ਕਹਾਇਓ ॥
ਦੁਆਪਰਿ ਕ੍ਰਿਸਨ ਮੁਰਾਰਿ, ਕੰਸੁ ਕਿਰਤਾਰਥੁ ਕੀਓ ॥
ਉਗ੍ਰਸੈਣ ਕਉ ਰਾਜੁ, ਅਭੈ ਭਗਤਹ ਜਨ ਦੀਓ ॥...
ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥

ਇੱਥੇ ਉਸ ਨੂੰ ਅਗਲੇ ਗੁਰੂ ਸਾਹਿਬਾਨ ਦੇ ਨਾਮ ਕਿਵੇਂ ਪਤਾ ਲੱਗ ਗਏ?

ਨਵਾਂ ਝੰਬੇਲਾ

ਪਿੱਛੇ ਆਪ 'ਵਧੀਕ ਤਮਾਸ਼ੇ' ਵਾਲੀ ਗੱਲ ਦੱਸ ਆਏ ਹਨ ਕਿ ਇਕ ਸਵਈਏ ਵਿਚ ਤੀਜੀ ਤੁਕ ਭੱਟ 'ਭਲ੍ਯ੍ਯ' ਦੀ ਅਤੇ ਦੂਜੀ ਭੱਟ 'ਕਲ੍ਯ੍ਯ' ਦੀ ਹੈ ਪਰ ਇੱਥੇ ਇਕ ਨਵਾਂ ਝੰਬੇਲਾ ਪੈ ਗਿਆ ਕਿ ਪਹਿਲੀਆਂ ਦੋ ਤੁਕਾਂ ਕਿਸ ਦੀਆਂ ਰਚੀਆਂ ਹੋਈਆਂ ਹਨ।

ਵੇਖਣ ਵਾਲੀ ਗੱਲ ਤਾਂ ਹੋਰ ਹੈ

ਆਪ ਦਾ ਇਹ ਕਥਨ ਠੀਕ ਹੈ ਕਿ ਰਾਗੀਆਂ ਵਾਂਗ ਕਿਸੇ ਇਕ ਸਵਈਏ ਜਾਂ ਤੁਕ ਨੂੰ ਇਕੱਲਾ ਭੱਟ, ਦੋ ਭੱਟ ਜਾਂ ਵਧੀਕ ਭੱਟ ਠਾਠ ਬੰਨ੍ਹਣ ਵਾਸਤੇ ਸੁਣਾ ਸਕਦੇ ਹਨ ਅਤੇ ਸੁਣਾਉਂਦੇ ਸਨ। ਪਰ ਇੱਥੇ ਇਹ ਵਿਚਾਰ ਨਹੀਂ ਕਿ ਸੁਣਾਉਣ ਵਾਸਤੇ ਭੱਟ ਕੀਹ ਵਿਓਂਤ ਵਰਤਦੇ ਸਨ। ਵੇਖਣਾ ਤਾਂ ਇਹ ਹੈ ਕਿ ਕੋਈ ਸਵਈਆ ਜਾਂ ਤੁਕ ਰਚਨਾ ਕਿਸ ਦੀ ਹੈ। ਜੇ ਆਪ ਵਾਲਾ ਖ਼ਿਆਲ ਠੀਕ ਹੀ ਮੰਨ ਲਿਆ ਜਾਏ, ਤਾਂ ਆਪ ਦੇ 'ਸੇਵਕ' ਅਤੇ 'ਦਾਸ' ਦੋ ਭੱਟ ਹੁੰਦਿਆਂ ਹੇਠ ਲਿਖੀ ਤੁਕ ਦੋਹਾਂ ਨੇ ਕਿਵੇਂ ਰਚੀ ਜਾਂ ਆਪ ਇਸ ਦਾ ਕਰਤਾ 'ਸੇਵਕ' ਨੂੰ ਕਿਉਂ ਮੰਨਦੇ ਹੋ?

ਦਾਨਿ ਬਡੌ, ਅਤਿਵੰਤੁ ਮਹਾਬਲਿ, ਸੇਵਕਿ ਦਾਸਿ ਕਹਿਓ ਇਹੁ ਤਥੁ ॥
ਤਾਹਿ ਕਹਾ ਪਰਵਾਹ ਕਾਹੂ ਕੀ, ਜਾ ਕੈ ਬਸੀਸਿ ਧਰਿਓ ਗੁਰਿ ਹਥੁ ॥4॥49॥ . . (ਸਵਈਏ ਮਹਲੇ ਚਉਥੇ ਕੇ

'ਵਿਆਪਕ ਨਿਯਮ' ਇਥੇ ਭੀ ਨਕਾਰਾ

ਭੱਟਾਂ ਨੇ ਬਾਣੀ ਕੇਵਲ ਉਚਾਰੀ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕ ਲਗਾ ਕੇ ਦਰਜ ਕਰਾਣ ਵਾਲੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਸਨ। ਸੋ, ਜੋ ਨਿਯਮ ਆਪ ਨੇ ਭੱਟ-ਬਾਣੀ ਦੇ ਅੰਕਾਂ ਉਤੇ ਵਰਤੇ ਹਨ, ਉਹੀ ਵਿਆਪਕ ਨਿਯਮ ਸ੍ਰੀ ਮੁਖ ਬਾਕ੍ਯ੍ਯ ਮ: 5 ਉਤੇ ਵਰਤੇ ਜਾਣੇ ਚਾਹੀਦੇ ਹਨ। ਆਓ, ਵੇਖੀਏ ਆਪ ਦਾ ਨਿਯਮ ਨੰ: 3। ਜੇ ਇਸ ਨੂੰ (ਦੂਜੇ) ਸਵਈਏ ਸ੍ਰੀ ਮੁਖ ਬਾਕ੍ਯ੍ਯ ਮ: 5 ਉਤੇ ਵਰਤੀਏ, ਤਾਂ ਇਹ ਨਿਯਮ ਭੀ ਰਹਿ ਜਾਂਦਾ ਹੈ, ਕਿਉਂਕਿ ਇਥੇ ਛੋਟੇ ਬੜੇ ਅੰਕ ਤਾਂ ਮੌਜੂਦ ਹਨ, ਪਰ ਉਚਾਰਣ ਵਾਲੇ ਇਕ ਦੂਜੇ ਦੇ ਮਾਤਹਿਤ ਕੋਈ ਨਹੀਂ ਹਨ। ਵੇਖੋ ਸਵਈਆ ਨੰ: 1।10। ਅਤੇ 2।11।

ਨਾਹ 19, ਨਾਹ 17

ਭੱਟਾਂ ਦੀ '19' ਗਿਣਤੀ ਸੰਬੰਧੀ ਵਿਆਪਕ ਨਿਯਮਾਂ ਉਤੇ ਵਿਚਾਰ ਕਾਫ਼ੀ ਲੰਮੀ ਹੋ ਗਈ ਹੈ, ਇਸ ਵਾਸਤੇ ਇਸ ਨੂੰ ਬੰਦ ਕੀਤਾ ਜਾਂਦਾ ਹੈ। ਅਗਲੇ ਸਫ਼ਿਆਂ ਵਿਚ ਲੋੜ-ਅਨੁਸਾਰ ਨਾਲ ਨਾਲ ਹੀ ਬਾਕੀ ਦਾ ਜ਼ਿਕਰ ਕੀਤਾ ਜਾਇਗਾ।

ਪ੍ਰਯਾਯ ਪੰ: ਸੁਤੇ ਪ੍ਰਕਾਸ਼, ਸ੍ਰੀ ਗੁਰੂ ਗ੍ਰੰਥ ਕੋਸ਼, ਬਾਣੀ ਬਿਓਰਾ, ਸੂਰਜ ਪ੍ਰਕਾਸ਼ ਆਦਿਕ ਸਾਰੇ ਗ੍ਰੰਥਾਂ ਨੇ ਭੱਟਾਂ ਦੀ ਗਿਣਤੀ 17 ਦਿੱਤੀ ਹੈ, ਆਪੋ ਵਿਚ ਇਹਨਾਂ ਦਾ ਥੋੜਾ ਜਿਹਾ ਹੀ ਮਤ-ਭੇਦ ਹੈ। ਸੋ, ਇਹਨਾਂ ਦਾ ਵੱਖੋ ਵੱਖਰਾ ਜ਼ਿਕਰ ਇਥੇ ਨਹੀਂ ਕੀਤਾ ਜਾਇਗਾ। ਪਰ ਇਹ ਵਿਚਾਰ ਅਧੂਰੀ ਰਹਿ ਜਾਇਗੀ, ਜੇ ਇਸ ਵਿਚ ਭਾਈ ਮਨੀ ਸਿੰਘ ਜੀ ਵਾਲੀ ਬੀੜ ਸੰਬੰਧੀ ਵਿਚਾਰ ਨਾਹ ਕੀਤੀ ਜਾਏ।

ਭਾਈ ਮਨੀ ਸਿੰਘ ਜੀ ਦੇ ਅਨੁਸਾਰ

ਰੱਬੀ ਬਾਣ ਨੰ: 1 ਛਪਣ ਤੋਂ ਕੁਝ ਸਮਾ ਪਿਛੋਂ (ਜਿਵੇਂ ਕਿ ਉਸ ਵੇਲੇ ਅਖ਼ਬਾਰਾਂ ਦੀ ਰਾਹੀਂ ਪਰਗਟ ਕੀਤਾ ਗਿਆ ਸੀ) ਪ੍ਰੋ: ਜੋਧ ਸਿੰਘ ਜੀ ਨੂੰ ਹਜ਼ੂਰ ਸਾਹਿਬ ਜਾ ਕੇ ਉਸ ਬੀੜ ਦੇ ਵੇਖਣ ਦਾ ਅਵਸਰ ਮਿਲਿਆ ਜੋ ਭਾਈ ਮਨੀ ਸਿੰਘ ਜੀ ਵਾਲੀ ਕਹੀ ਜਾਂਦੀ ਹੈ ਅਤੇ ਜਿਸ ਵਿਚ ਬਾਣੀ ਦੀ ਤਰਤੀਬ ਗੁਰ-ਵਿਅਕਤੀ ਅਨੁਸਾਰ ਹੈ। ਉਸ ਵਿਚ ਕੇਵਲ ਹੇਠ ਲਿਖੇ 10 ਭੱਟਾਂ ਦੀ ਹੀ ਬਾਣੀ ਰਚੀ ਹੋਈ ਦੱਸੀ ਜਾਪਦੀ ਹੈ:

(1) ਕੱਲਸਹਾਰ, (2) ਕੀਰਤ, (3) ਜਾਲਪ, (4) ਭਿੱਖਾ, (5) ਸਲ੍ਯ੍ਯ, (6) ਬਲ੍ਯ੍ਯ, (7) ਭਲ੍ਯ੍ਯ, (8) ਨਲ੍ਯ੍ਯ, (9) ਦਾਸ, (10) ਮਥੁਰਾ।

(ਨੋਟ: ਜਿਵੇਂ ਇਹ 10 ਨਾਮ ਉੱਪਰ ਦਿੱਤੇ ਗਏ ਹਨ, ਉਸ ਬੀੜ ਵਿਚ ਇਸੇ ਤਰਤੀਬ ਵਿਚ ਹੀ ਸਾਰੀ ਭੱਟ-ਬਾਣੀ ਵੰਡ ਕੇ ਦਰਜ ਕੀਤੀ ਗਈ ਹੈ।)

ਦਰਸ਼ਨ ਦਾ ਅਵਸਰ

ਅਸਲ 'ਬੀੜ' ਦੇ ਦਰਸ਼ਨ ਕਰਨ ਤੋਂ ਬਿਨਾ, ਇਸ ਗਿਣਤੀ ਤੇ ਵਿਚਾਰ ਨਹੀਂ ਹੋ ਸਕਦੀ ਸੀ। ਰਜ਼ਾ ਅਨੁਸਾਰ, ਉਹ ਸੱਜਣ, ਜਿਨ੍ਹਾਂ ਪਾਸ ਉਹ ਬੀੜ ਸੀ, 1934 ਦੇ ਸ਼ੁਰੂ ਵਿਚ (ਫ਼ਰਵਰੀ 1934) ਸ੍ਰੀ ਅੰਮ੍ਰਿਤਸਰ ਜੀ ਆਏ, 'ਬੀੜ' ਭੀ ਨਾਲ ਲੈ ਆਏ। ਸੋ, ਇਸ ਤਰ੍ਹਾਂ ਗੁਰਦੁਆਰਾ ਰਾਮਸਰ ਜੀ ਵਿਚ (ਜਿੱਥੇ ਉਹ ਉਤਰੇ ਹੋਏ ਸਨ) ਦੋ ਦਿਨ ਕਾਫੀ ਸਮਾ ਮਿਲ ਗਿਆ।

ਕਾਗ਼ਜ਼ ਬਹੁਤ ਪੁਰਾਣਾ ਹੈ, ਕਿਤੇ ਕਿਤੇ ਹਾਸ਼ੀਆ ਨਵਾਂ ਲਗਾਇਆ ਹੋਇਆ ਹੈ। ਲਿਖਤ ਬਹੁਤ ਸੁੰਦਰ ਹੈ। ਅੱਧ ਤੋਂ ਅਗਾਂਹ ਅੱਠ ਸਫ਼ੇ ਦੇ ਕਰੀਬ ਪੰਜਾਬੀ ਦਾ ਬਹੁਤ ਸੋਹਣਾ ਸ਼ਿਕਸਤਾ ਵਰਤਿਆ ਹੋਇਆ ਹੈ। ਸ੍ਰੀ ਦਸਮ ਗ੍ਰੰਥ ਦੀ ਬਾਣੀ ਭੀ ਦਰਜ ਹੈ, ਜ਼ਫ਼ਰਨਾਮਾ ਫ਼ਾਰਸੀ ਅੱਖਰਾਂ ਵਿਚ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਕਿਸ ਗੁਰੂ-ਪਿਆਰੇ ਦੀ ਇਹ ਮਹਾਨ ਮਿਹਨਤ ਹੈ; ਇਤਿਹਾਸ ਵਿਚ ਜ਼ਿਕਰ ਕੇਵਲ ਭਾਈ ਮਨੀ ਸਿੰਘ ਜੀ ਸੰਬੰਧੀ ਹੈ।

ਭੱਟਾਂ ਦੀ ਬਾਣੀ ਦਾ ਇੰਦਰਾਜ (ਕੱਲਸਹਾਰ)

ਇਸ ਬੀੜ ਵਿਚ ਭੱਟਾਂ ਦੀ ਬਾਣੀ ਹੇਠ-ਲਿਖੇ ਤਰੀਕੇ ਅਨੁਸਾਰ ਦਰਜ ਹੈ:

'ੴ ਸਤਿਗੁਰ ਪ੍ਰਸਾਦਿ' ਲਿਖ ਕੇ, ਭੱਟ ਦਾ ਨਾਮ 'ਕਲਸਹਾਰ' ਦਿੱਤਾ ਗਿਆ ਹੈ। ਪਹਿਲਾਂ ਮਹਲੇ ਪਹਿਲੇ ਕੇ ਸਾਰੇ ਸਵਈਏ ਲਿਖੇ ਹਨ, ਪਰ ਗਿਣਤੀ ਵਿਚ ਫ਼ਰਕ ਹੈ-ਸਵਈਆ ਨੰ: 1 ਦੇ ਅਖ਼ੀਰ ਤੇ ਕੋਈ ਅੰਕ ਨਹੀਂ, ਇਸ ਦੇ ਥਾਂ ਦੂਜਾ ਸਵਈਆ ਮੁੱਕਣ ਤੇ ਅੰਕ ਨੰ: 1 ਦਿੱਤਾ ਗਿਆ ਹੈ। ਇਸ ਤਰ੍ਹਾਂ ਮਹਲੇ ਪਹਿਲੇ ਕੇ ਸਵਈਆਂ ਦੀ ਗਿਣਤੀ 10 ਦੇ ਥਾਂ ਓਥੇ 9 ਦਿੱਤੀ ਗਈ ਹੈ। ਬਾਣੀ ਠੀਕ ਸਾਰੀ ਮੁਕੰਮਲ ਹੈ।

ਇਹ ਫ਼ਰਕ ਕਿਉਂ ਪਿਆ? ਇਸ ਦਾ ਅਨੁਮਾਨ ਸਹਜੇ ਹੀ ਲੱਗ ਸਕਦਾ ਹੈ। ਮਹਲੇ ਪਹਿਲੇ ਕੇ ਸਵਈਆਂ ਨੂੰ ਰਤਾ ਗਹੁ ਨਾਲ ਪੜ੍ਹੋ। ਸਵਈਆ ਨੰ: 1 ਦੀਆਂ ਤੁਕਾਂ ਬਹੁਤ ਛੋਟੀਆਂ ਹਨ, ਤੇ ਭੱਟ ਦਾ ਨਾਮ ਭੀ ਨਹੀਂ ਹੈ, ਸੋ ਇਹ ਅਗਲੇ ਸਵਈਏ ਦੇ ਨਾਲ ਚਲਾਇਆ ਗਿਆ ਹੈ। ਇਹ ਠੀਕ ਹੈ ਕਿ ਸਵਈਆ ਨੰ: 7 ਵਿਚ ਵੀ ਭੱਟ ਦਾ ਨਾਮ ਨਹੀਂ, ਪਰ ਉਹ ਸਵਈਆ ਪੂਰੇ ਆਕਾਰ ਦਾ ਹੈ, ਓਥੇ ਸ਼ੱਕ ਦੀ ਗੁੰਜੈਸ਼ ਨਹੀਂ ਹੋ ਸਕੀ।

ਇਸ ਤੋਂ ਅੱਗੇ ਮਹਲੇ ਦੂਜੇ ਦੇ 10 ਸਵਈਏ ਲਿਖ ਕੇ, ਪਿਛਲਿਆਂ ਨੂੰ ਰਲਾ ਕੇ ਵੱਡਾ ਜੋੜ 19 ਭੀ ਦਿੱਤਾ ਗਿਆ ਹੈ; ਇਸ ਤਰ੍ਹਾਂ ਮਹਲੇ ਤੀਜੇ, ਚਉਥੇ, ਪੰਜਵੇਂ ਕੇ ਸਵਈਏ ਲਿਖ ਕੇ ਹਰੇਕ ਦੇ ਅਖ਼ੀਰ ਵਿਚ ਵੱਡਾ ਜੋੜ (ਅਫਜੂ) ਭੀ ਦਰਜ ਕੀਤਾ ਗਿਆ ਹੈ। ਸਭ ਤੋਂ ਅਖ਼ੀਰ ਤੇ ਆਪ ਨੇ 53 ਜੋੜ ਲਿਖਿਆ ਹੈ।

ਹੋਰ ਭੱਟ

ਇਹੀ ਤਰੀਕਾ ਭੱਟ 'ਕੀਰਤ' ਅਤੇ 'ਸਲ੍ਯ੍ਯ' ਦੇ ਸਵਈਆਂ ਵਾਸਤੇ ਵਰਤਿਆ ਹੋਇਆ ਹੈ।

ਨੋਟ: ਭੱਟ 'ਜਾਲਪ', 'ਭਿਖਾ', 'ਬਲ੍ਯ੍ਯ' ਅਤੇ 'ਭਲ੍ਯ੍ਯ' ਦੇ ਸਵਈਆਂ ਵਿਚ ਕੋਈ ਅਖ਼ੀਰਲਾ ਵੱਡਾ ਜੋੜ ਦੇਣ ਦੀ ਲੋੜ ਨਹੀਂ ਸੀ, ਕਿਉਂਕਿ ਇਹਨਾਂ ਦੀ ਬਾਣੀ ਕੇਵਲ ਇਕ ਇਕ ਗੁਰ-ਵਿਅਕਤੀ ਸੰਬੰਧੀ ਹੈ।

ਭੱਟ ਨਲ੍ਯ੍ਯ

ਭੱਟ 'ਨਲ੍ਯ੍ਯ' ਦੇ ਸਵਈਏ ਆਪ ਨੇ ਕੇਵਲ 4 ਹੀ ਦਿੱਤੇ ਹਨ। ਚੌਹਾਂ ਦੀ ਪਹਿਲੀ ਪਹਿਲੀ ਤੁਕ ਇਹ ਹੈ:

(1) ਸਤਿਗੁਰ ਨਾਮੁ ਏਕ ਲਿਵ ਮਨਿ ਜਪੈ ਦ੍ਰਿੜ੍ਹ੍ਹੁ ਤਿਨ੍ਹ੍ਹ ਜਨ ਦੁਖ ਪਾਪੁ ਕਹੁ ਕਤ ਹੋਵੈ ਜੀਉ ॥

(2) ਧਰਮ ਕਰਮ ਪੂਰੈ ਸਤਿਗੁਰੁ ਪਾਈ ਹੈ ॥

(3) ਹਉ ਬਲਿ ਜਾਉ ਸਤਿਗੁਰ ਸਾਚੇ ਨਾਮ ਪਰ ॥

(4) ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥

ਇਥੇ ਪਾਠਕਾਂ ਲਈ ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਉਪਰਲੇ ਸਵਈਆਂ ਵਿਚੋਂ ਕੇਵਲ ਤੀਜੇ ਸਵਈਏ ਦੀ ਚਉਥੀ ਪੰਕਤੀ ਵਿਚ ਹੀ 'ਨਲ੍ਯ੍ਯ' ਦਾ ਨਾਮ ਆਉਂਦਾ ਹੈ, ਹੋਰ ਕਿਤੇ ਨਹੀਂ:

ਨਲ੍ਯ੍ਯ ਕਵਿ ਪਾਰਸ ਪਰਸ ਕਚ ਕੰਚਨਾ ਹੁਇ

ਚੰਦਨਾ ਸੁਬਾਸੁ ਜਾਸੁ ਸਿਮਰਤ ਅਨ ਤਰ ॥

ਭੱਟ ਦਾਸ

ਭੱਟ 'ਨਲ੍ਯ੍ਯ' ਦੇ ਕੇਵਲ ਚਾਰ ਹੀ ਸਵਈਏ ਦੱਸ ਕੇ ਅੱਗੇ ਆਪ ਨੇ ਭੱਟ 'ਦਾਸ' ਸ਼ੁਰੂ ਕੀਤਾ ਹੈ। ਇਥੇ ਸਵਈਏ ਮਹਲੇ ਚਉਥੇ ਕਿਆਂ ਦੇ 'ਰੱਡ' ਅਤੇ 'ਝੋਲਨਾ' ਵਾਲੇ ਸਾਰੇ ਸਵਈਏ ਦਰਜ ਕੀਤੇ ਗਏ ਹਨ।

ਫ਼ਰਕ

ਪਰ ਇਥੇ ਇਕ ਹੋਰ ਫ਼ਰਕ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 'ਰਡ ਦਾ ਅੰਕ ਦੋਹਰਾ ਹੈ-1।5। ਤੋਂ 8।12। ਤਕ। ਇਸ 'ਬੀੜ' ਵਿਚ ਕੇਵਲ ਇਕੇਹਰਾ ਅੰਕ 1 ਤੋਂ 8 ਦਿੱਤਾ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਝੋਲਨਾ' ਦਾ ਦੋਹਰਾ ਅੰਕ 1।13 ਤੋਂ 4।16।129। ਹੈ ਪਰ ਇਸ ਬੀੜ ਵਿਚ ਇਹ ਅੰਕ ਬਦਲਾ ਕੇ 1।9। ਤੋਂ 4।12। ਲਿਖਿਆ ਗਿਆ ਹੈ।

ਤ੍ਰੇਹਰਾ ਅੰਕ ਕਿਉਂ?

ਨੋਟ: ਖੋਜੀ ਪਾਠਕਾਂ ਵਾਸਤੇ ਇਹ ਤ੍ਰੇਹਰਾ ਅੰਕ 4।16।29। ਖ਼ਾਸ ਤੌਰ ਤੇ ਇਸ ਵਿਚਾਰ ਵਿਚ ਵਡ-ਮੁੱਲਾ ਹੈ। ਭੱਟ 'ਕੱਲਸਹਾਰ' ਦੇ 13 ਸਵਈਆਂ ਤੋਂ ਪਿਛੋਂ ਇਹ 16 ਸਵਈਏ ਤਿੰਨ ਹਿੱਸਿਆਂ ਵਿਚ ਆਏ ਹਨ-ਪਹਿਲਾ ਹਿੱਸਾ 1 ਤੋਂ 4; ਦੂਜਾ, 1।5। ਤੋਂ 8।12। ; ਤੀਜਾ 1।13। ਤੋਂ 4।16। ਤਿੰਨ ਹਿੱਸੇ ਮੁੱਕ ਜਾਣ ਦੇ ਕਾਰਣ ਪਿਛਲੇ ਭੱਟ ਤੇ ਇਸ ਭੱਟ ਦੇ ਸਾਰੇ ਸਵਈਆਂ ਦੀ ਗਿਣਤੀ ਕਰ ਕੇ ਵੱਡਾ ਅੰਕ 29 ਦਿੱਤਾ ਗਿਆ ਹੈ।

ਨਲ੍ਯ੍ਯ ਦੇ ਸਵਈਏ 'ਦਾਸ' ਦੇ ਨਾਮ ਹੇਠ

ਅੰਕ ਤੋਂ ਛੁਟ ਹੋਰ ਭੀ ਫ਼ਰਕ ਹੈ। 'ਰੱਡ' ਅਤੇ 'ਝੋਲਣਾ' ਵਾਲੇ 12 ਹੀ ਸਵਈਏ 'ਦਾਸ' ਦੇ ਨਾਮ ਹੇਠ ਦਿੱਤੇ ਗਏ ਹਨ, ਪਰ ਭੱਟ 'ਨਲ੍ਯ੍ਯ' ਦਾ ਨਾਮ ਸਵਈਆ ਨੰ: 4॥8॥ ਵਿਚ ਪ੍ਰਤੱਖ ਵਰਤਿਆ ਹੋਇਆ ਹੈ:

ਗੁਰੁ ਨਯਣਿ ਬਯਣਿ ਗੁਰੁ ਗੁਰੁ ਕਰਹੁ, ਗੁਰੂ ਸਤਿ ਕਵਿ ਨਲ੍ਯ੍ਯ ਕਹਿ ॥

ਜਿਨਿ ਗੁਰੂ ਨ ਦੇਖਿਅਉ, ਨਹੁ ਕੀਅਉ, ਤੇ ਅਕਯਬ ਸੰਸਾਰ ਮਹਿ ॥4॥8॥

ਗਯੰਦ ਦੇ ਸਵਈਏ 'ਦਾਸ' ਦੇ ਨਾਮ ਹੇਠ

ਇਸ ਤੋਂ ਅਗਾਂਹ ਉਸ ਬੀੜ ਵਿਚ 'ੴ ਸਤਿਗੁਰ ਪ੍ਰਸਾਦਿ' ਲਿਖ ਕੇ ਕਿਸੇ ਨਵੇਂ ਭੱਟ ਦਾ ਨਾਮ ਨਹੀਂ ਦਿੱਤਾ, ਉਤਲੇ ਹੀ, ਭਾਵ 'ਦਾਸ' ਦੇ ਨਾਮ ਹੇਠ ਅਗਲੇ 13 ਸਵਈਏ ਲਿਖੇ ਗਏ ਹਨ।

ਪਾਠਕਾਂ ਦੀ ਵਾਕਫ਼ੀਅਤ ਵਾਸਤੇ, ਇਥੇ ਕੁਝ ਸੂਚਨਾ ਕਰਾਉਣੀ ਜ਼ਰੂਰੀ ਹੈ। ਪਿੱਛੇ ਦੱਸ ਆਏ ਹਾਂ ਕਿ ਜਿਨ੍ਹਾਂ ਭੱਟਾਂ ਨੇ ਇਕ ਤੋਂ ਵਧੀਕ ਗੁਰ-ਮਹਲਾਂ ਦੀ ਉਸਤਤਿ ਕੀਤੀ ਹੈ, ਇਸ 'ਬੀੜ' ਵਿਚ ਉਹਨਾਂ ਦੇ ਸਵਈਆਂ ਦਾ ਵੱਡਾ ਜੋੜ ਅਖ਼ੀਰ ਤੇ ਦਿੱਤਾ ਗਿਆ ਹੈ। ਭੱਟ 'ਦਾਸ' ਦੇ ਨਾਮ ਹੇਠ ਜੋ 13 ਸਵਈਏ ਲਿਖੇ ਹਨ, ਉਹਨਾਂ ਵਿਚ ਕਈ ਥਾਈਂ ਨਾਮ 'ਗਯੰਦ' ਸਪਸ਼ਟ ਆਇਆ ਹੈ, ਉਸਨੂੰ ਵੱਖਰਾ ਭੱਟ ਨਹੀਂ ਮੰਨਿਆ ਗਿਆ। ਉਹ ਉੱਪਰ ਦੱਸੀ ਰੀਤ ਭੀ ਇੱਥੇ ਛੱਡ ਦਿੱਤੀ ਗਈ ਹੈ, ਭਾਵ, 'ਗਯੰਦ' ਭੱਟ ਵਾਲੇ ਸਾਰੇ ਸਵਈਏ 'ਦਾਸ' ਦੇ ਨਾਮ ਹੇਠ ਦੇ ਕੇ, ਅਖ਼ੀਰ ਤੇ ਕੋਈ ਜੋੜ ਨਹੀਂ ਵਿਖਾਇਆ ਗਿਆ ਕਿ ਇਸ ਭੱਟ ਦੇ ਕੁੱਲ ਕਿਤਨੇ ਸਵਈਏ ਹਨ।

ਹਰਿਬੰਸ ਦੇ ਸਵਈਏ ਮਥੁਰਾ-ਨਾਮ ਹੇਠ ਹੀ

ਸਭ ਤੋਂ ਅਖ਼ੀਰ ਤੇ ਹੈ ਭੱਟ ਮਥੁਰਾ। ਮਹਲੇ ਚਉਥੇ ਅਤੇ ਪੰਜਵੇਂ ਦੇ ਸੱਤ ਸੱਤ ਸਵਈਆਂ ਦੇ ਅਖ਼ੀਰ ਵਿਚ ਵੱਡਾ ਜੋੜ 14 ਲਿਖਿਆ ਗਿਆ ਹੈ। ਪਰ ਇਸ ਦੇ ਨਾਲ ਹੀ ਅਗਾਂਹ ਭੱਟ 'ਹਰਿਬੰਸ' ਦਾ ਨਾਮ ਦੇਣ ਤੋਂ ਬਿਨਾ ਹੀ, ਉਸ ਦੇ ਭੀ ਦੋਵੇਂ ਸਵਈਏ ਦਰਜ ਕੀਤੇ ਗਏ ਹਨ, ਤੇ ਅੰਤ ਵਿਚ ਵੱਡਾ ਜੋੜ ਫਿਰ ਛੱਡਿਆ ਗਿਆ ਹੈ।

ਭੱਟਾਂ ਦੇ ਨਾਮ:

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਸ ਕਿਸ ਭੱਟ ਦੀ ਬਾਣੀ ਦਰਜ ਹੈ-ਇਹ ਦੱਸਣ ਤੋਂ ਪਹਿਲਾਂ ਇਹ ਵਿਚਾਰ ਪੇਸ਼ ਕਰਨੀ ਜ਼ਰੂਰੀ ਹੈ ਕਿ ਕਿਸ ਤਰੀਕੇ ਦੀ ਰਾਹੀਂ ਇਹ ਨਾਮ ਲੱਭੇ ਜਾ ਸਕਦੇ ਹਨ।

ਬਾਣੀ ਦੀ ਅੰਦਰਲੀ ਤਰਤੀਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਇਕ ਖ਼ਾਸ ਤਰੀਕੇ ਨਾਲ ਤਰਤੀਬ ਦੇ ਕੇ ਲਿਖੀ ਗਈ ਹੈ, ਅਤੇ ਉਹ ਤਰੀਕਾ ਹੀ ਸਾਰੀ ਬਾਣੀ ਵਿਚ ਮਿਲਦਾ ਹੈ। ਕਿਸੇ ਇਕ 'ਰਾਗ' ਨੂੰ ਲੈ ਲਵੋ। ਸਭ ਤੋਂ ਪਹਿਲਾਂ 'ਸ਼ਬਦ' ਫਿਰ 'ਅਸਟਪਦੀਆਂ', ਫਿਰ 'ਛੰਤ' ਆਦਿਕ ਦਰਜ ਹਨ। ਜੇ ਕਿਸੇ ਗੁਰ-ਵਿਅਕਤੀ ਦੀ ਕੋਈ ਹੋਰ ਖ਼ਾਸ ਬਾਣੀ 'ਥਿਤੀ' 'ਵਾਰ ਸਤ', ਆਦਿਕ ਆਈ ਹੈ ਤਾਂ ਉਹ 'ਛੰਤ' ਤੋਂ ਪਹਿਲਾਂ ਦਰਜ ਕੀਤੀ ਗਈ ਹੈ। ਅੰਤ ਵਿਚ 'ਰਾਗ ਦੀ ਵਾਰ', ਅਤੇ ਵਾਰ ਤੋਂ ਪਿਛੋਂ ਭਗਤਾਂ ਦੀ ਬਾਣੀ ਹੈ।

'ਸ਼ਬਦ', ਅਸਟਪਦੀ', 'ਛੰਤ' ਆਦਿਕ ਦੀ ਭੀ ਆਪਣੀ ਅੰਦਰਲੀ ਖ਼ਾਸ ਤਰਤੀਬ ਹੈ; ਭਾਵ ਹਰੇਕ ਗੁਰ-ਵਿਅਕਤੀ ਦੀ ਬਾਣੀ ਕ੍ਰਮ-ਅਨੁਸਾਰ ਹੈ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ, ਫਿਰ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਅੰਤ ਵਿਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਹੈ। ਜਿਸ 'ਰਾਗ' ਵਿਚ ਗੁਰੂ ਤੇਗ ਬਹਾਦਰ ਜੀ ਦੇ 'ਸ਼ਬਦ' ਹਨ, ਉਹ ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦਾਂ ਤੋਂ ਪਿੱਛੋਂ ਹਨ। ਇਸੇ ਤਰ੍ਹਾਂ ਦੀ ਤਰਤੀਬ ਭਗਤਾਂ ਦੀ ਬਾਣੀ ਵਿਚ ਹੈ-ਪਹਿਲਾਂ ਭਗਤ ਕਬੀਰ ਜੀ, ਫਿਰ ਭਗਤ ਨਾਮਦੇਵ ਜੀ, ਫਿਰ ਭਗਤ ਰਵਿਦਾਸ ਜੀ, ਇਤਿਆਦਿਕ।

ਜਿਹੜੀ ਬਾਣੀ 'ਰਾਗਾਂ' ਤੋਂ ਵੱਖਰੀ ਹੈ, ਉਸ ਦੀ ਤਰਤੀਬ ਭੀ ਉੱਪਰਲੀ ਵਰਗੀ ਹੀ ਹੈ। ਸਹਸਕ੍ਰਿਤੀ ਸਲੋਕ, ਪਹਿਲਾਂ ਗੁਰੂ ਨਾਨਕ ਦੇਵ ਜੀ ਦੇ, ਫਿਰ ਗੁਰੂ ਅਰਜਨ ਸਾਹਿਬ ਜੀ ਦੇ। ਸਲੋਕ ਪਹਿਲਾਂ ਕਬੀਰ ਜੀ ਦੇ, ਫਿਰ ਸ਼ੇਖ ਫਰੀਦ ਜੀ ਦੇ। ਸਲੋਕ ਵਾਰਾਂ ਤੇ ਵਧੀਕ, ਹਰੇਕ 'ਗੁਰ-ਮਹਲ' ਦੇ ਪਹਿਲੀ ਹੀ ਤਰਤੀਬ ਨਾਲ।

ਜਿਵੇਂ 'ਵਾਰਾਂ ਤੇ ਵਧੀਕ ਸਲੋਕ' ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਹਨ, ਫਿਰ ਗੁਰੂ ਅਮਰਦਾਸ ਜੀ ਦੇ, ਗੁਰੂ ਰਾਮਦਾਸ ਜੀ ਦੇ, ਅਤੇ ਅੰਤ ਵਿਚ ਗੁਰੂ ਅਰਜਨ ਸਾਹਿਬ ਜੀ ਦੇ ਹਨ, ਇਸੇ ਤਰ੍ਹਾਂ ਹੀ ਭੱਟਾਂ ਦੀ ਬਾਣੀ ਦਰਜ ਕੀਤੀ ਗਈ ਹੈ ਜੋ ਉਹਨਾਂ ਨੇ ਪੰਜ ਗੁਰ-ਮਹਲਾਂ ਵੀ ਉਸਤਤਿ ਵਿਚ ਉਚਾਰੀ ਹੈ।

ਹਰੇਕ 'ਰਾਗ' ਦੇ ਸ਼ਬਦ' 'ਅਸਟਪਦੀਆਂ', 'ਛੰਤ' ਆਦਿਕ ਦਰਜ ਕਰਨ ਦੀ ਤਰਤੀਬ ਵਿਚ ਭੀ ਇਕ ਖ਼ਾਸ ਗੱਲ ਚੇਤੇ ਰੱਖਣ ਵਾਲੀ ਹੈ। 'ਸ਼ਬਦ' ਦਰਜ ਕਰਨ ਵੇਲੇ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਸਾਰੇ ਸ਼ਬਦ ਮੁਕਾ ਲਏ ਹਨ, ਤਾਂ ਗੁਰੂ ਅਮਰਦਾਸ ਜੀ ਦੇ ਸ਼ੁਰੂ ਕੀਤੇ ਹਨ; ਇਹੀ ਸਿਲਸਿਲਾ ਹਰੇਕ 'ਰਾਗ' ਵਿਚ 'ਸ਼ਬਦ' 'ਅਸਟਪਦੀ' ਆਦਿਕ ਹਰੇਕ ਸਿਰਲੇਖ ਵਿਚ ਠੀਕ ਨਿਬਾਹਿਆ ਗਿਆ ਹੈ। ਕਿਤੇ ਇਹ ਵੇਖਣ ਵਿਚ ਨਹੀਂ ਆਉਂਦਾ ਕਿ ਕੁਝ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਲਿਖ ਕੇ ਫਿਰ ਕੁਝ ਸ਼ਬਦ ਗੁਰੂ ਅਮਰਦਾਸ ਜੀ ਦੇ ਦਰਜ ਕੀਤੇ ਹੋਣ। ਸਿਰਫ਼ ਰਾਗ ਬਸੰਤ ਵਿਚ ਇਸ ਨਿਯਮ ਦੀ ਉਲੰਘਣਾ ਹੈ। ਉਸ ਦਾ ਭੀ ਖ਼ਾਸ ਕਾਰਨ ਹੈ।

ਗਿਣਤੀ ਦੇ ਅੰਕ (ਸ੍ਰੀ ਮੁਖ-ਬਾਕ੍ਯ੍ਯ ਬਾਣੀ)

ਹੁਣ ਆਓ, ਥੋੜਾ ਜਿਹਾ ਸਮਾ ਗੁਰੂ ਗ੍ਰੰਥ ਸਾਹਿਬ ਜੀ ਦੇ 'ਅੰਕ' ਸਮਝਣ ਵਿਚ ਭੀ ਖ਼ਰਚੀਏ। ਨਮੂਨੇ ਦੇ ਤੌਰ ਤੇ ਲਵੋ 'ਰਾਗ ਸਾਰੰਗ'। (ਇਸ ਵਿਚਾਰ ਨੂੰ ਸਮਝਣ ਲਈ ਪਾਠਕਾਂ ਦੀ ਸੇਵਾ ਵਿਚ ਪ੍ਰਾਰਥਨਾ ਹੈ ਕਿ ਆਪ 1430 ਪੰਨੇ ਵਾਲੀ 'ਬੀੜ' ਦਾ ਪੰਨਾ 1197 ਖੋਹਲਣ ਦੀ ਖੇਚਲ ਕਰਨ। ਪੰਜ ਸੱਤ ਮਿੰਟ ਇਸ ਗਿਣਤੀ ਵਲ (ਭਾਵੇਂ ਇਹ ਕੰਮ ਰੁੱਖਾ ਜਿਹਾ ਹੀ ਜਾਪਦਾ ਹੋਵੇ) ਲਗਾਉਣੇ ਜ਼ਰੂਰੀ ਹਨ, ਕਿਉਂਕਿ ਭੱਟਾਂ ਦੇ ਨਾਮ ਲੱਭਣ ਵਿਚ ਇਸ ਗਿਣਤੀ ਨੇ ਖ਼ਾਸ ਤੌਰ ਤੇ ਸਹੈਤਾ ਕਰਨੀ ਹੈ।

ਨੰ . . . ਪੰਨਾ . . . . . . . ਮਹਲਾ . . . . . ਜੋੜ ਅੰਕ

(1) . . 1197-8 . . . . . ਮ: 1 . . . . . . . 3

(2) . . 1198-1200 . . . ਮ: 4 ਘਰੁ 1 . . 6

(3) . . 1200 . . ਮ: 4 ਘਰੁ 3 ਦੁਪਦਾ 1॥7॥

(4) . . 1200-2 . . ਮ: 4 ਘਰੁ 5 ਦੁਪਦੇ ਪੜਤਾਲ 6॥13॥

ਨੋਟ 1: ਇਸ ਅੰਕ 4 ਵਿਚ ਨੰਬਰ ਦਾ ਸਿਲਸਿਲਾ ਦੋਹਰਾ ਹੈ,

1॥8॥,2॥9॥ ਤੋਂ 6॥13॥

ਨੋਟ 2: ਅੰਕ ਨੰ: 2, 3, 4 ਵਿਚ ਮ: 4 ਦੇ ਹੀ ਸ਼ਬਦ ਹਨ,

. . . ਨੰ: 2 ਵਿਚ 1, ਨੰ: 3 ਵਿਚ 1 ਅਤੇ ਨੰਬਰ 4 ਵਿਚ 6।

. . . ਇਸ ਵਾਸਤੇ ਮ: 4 ਦੇ ਸਾਰੇ ਸ਼ਬਦ ਮੁੱਕਣ ਤੇ ਵੱਡਾ ਅੰਕ 13 ਵਰਤਿਆ ਹੈ।

ਨੋਟ 3: ਭੱਟਾਂ ਦੀ ਗਿਣਤੀ 19 ਦੱਸਣ ਵਾਲੇ ਸੱਜਣ ਦਾ ਵਿਆਪਕ ਨਿਯਮ ਨੰ: 3 ਇਥੇ ਨਹੀਂ ਨਿਭ ਸਕਿਆ।

(5) 1202-6 . . ਮ: 5 ਚਉਪਦੇ ਘਰੁ 1 . . 14

(6) 1206-8 . . ਮ: 5 ਘਰੁ 2 . . . . . . . . 5॥19॥

(7) 1208-9 . . ਮ: 5 ਘਰੁ 3 . . . . . . . . 4॥23॥

(8) 1209-29 . ਮ: 5 ਦੁਪਦੇ ਘਰੁ 9 . . . . 105॥128॥

(9) 1229 . . ਮ: 5 ਚਉਪਦੇ ਘਰੁ 5 . . . . . 1॥129॥

(10) 1229-31 . . ਮ: 5 ਘਰੁ 6 ਪੜਤਾਲ ॥10॥139॥3॥13॥155॥

ਨੋਟ 1: ਅੰਕ ਨੰ: 5 ਤੋਂ ਅੰਕ 10 ਤਕ ਮ: 5 ਦੇ ਸ਼ਬਦ ਹਨ, ਪਰ 'ਘਰੁ' ਵਖੋ ਵਖਰਾ ਹੋਣ ਕਰਕੇ ਵਖ ਵਖ ਹਿੱਸੇ ਕੀਤੇ ਗਏ ਹਨ। ਅੰਕ ਨੰਬਰ ਪੰਜ ਤੋਂ ਬਿਨਾ ਬਾਕੀ ਸਭ ਵਿਚ ਨੰਬਰ ਦੋਹਰਾ ਹੈ।

ਨੋਟ 2: ਨੰਬਰ 5 ਵਿਚ ਸ਼ਬਦ 14, ਨੰਬਰ 6 ਵਿਚ 5, ਨੰਬਰ 7 ਵਿਚ 4, ਨੰਬਰ 8 ਵਿਚ 105, ਨੰਬਰ 9 ਵਿਚ 1, ਅਤੇ ਨੰਬਰ 10 ਵਿਚ 10 ਹਨ। ਇਹਨਾਂ ਸਾਰਿਆਂ ਦਾ ਜੋੜ 139 ਦਿੱਤਾ ਗਿਆ ਹੈ। ਮ: 1 ਦੇ ਸ਼ਬਦ 3 ਸਨ (ਵੇਖੋ ਪੰਨਾ 1198), ਮ: 4 ਦੇ 13 (ਵੇਖੋ ਪੰਨਾ 1202)। ਇਹ ਸਾਰੇ ਨੰਬਰ ਦੇ ਕੇ ਵੱਡਾ ਜੋੜ 155॥

(11) 1231-1 . . ਮ: 9 . . 4॥

ਨੋਟ: ਇਥੇ 'ਸ਼ਬਦ' ਮੁੱਕ ਗਏ ਹਨ, 'ਅਸਟਪਦੀਆ' ਸ਼ੁਰੂ ਹੋਈਆਂ ਹਨ; ਸੋ ਸਾਰੇ 'ਗੁਰ-ਮਹਲਾਂ' ਦੇ ਸ਼ਬਦਾਂ ਦਾ ਜੋੜ ਦੇ ਕੇ ਅਖ਼ੀਰਲਾ ਵੱਡਾ ਭੀ ਦਿੱਤਾ ਗਿਆ ਹੈ:

1232-3॥13॥139॥4॥159॥

ਭਗਤ ਬਾਣੀ ਦੇ ਅੰਕ

ਵਧੀਕ ਵਿਸਥਾਰ ਦੀ ਲੋੜ ਨਹੀਂ। ਹੁਣ ਕੇਵਲ ਇਸ 'ਰਾਗ' ਦੀ ਭਗਤ-ਬਾਣੀ ਦੇ ਅੰਕ ਵਿਚਾਰ ਲਵੋ।

(1) 1251-2 . . ਕਬੀਰ ਜੀ . . . . . 2

(2) 1252-3 . . ਨਾਮਦੇਉ ਜੀ . . . 3

(3) 1253 . . ਪਰਮਾਨੰਦ . . . . . 1॥6॥

ਨੋਟ 1: ਕਬੀਰ ਜੀ ਦੇ 2 ਸ਼ਬਦ ਹਨ, ਨਾਮਦੇਵ ਜੀ ਦੇ 3, ਪਰਮਾਨੰਦ ਜੀ ਦਾ 1; ਇਹਨਾਂ ਤਿੰਨਾਂ ਭਗਤਾਂ ਦੇ ਸ਼ਬਦਾਂ ਦਾ ਜੋੜ ਵੱਡਾ ਅੰਕ 6 ਦਿੱਤਾ ਗਿਆ ਹੈ।

ਨੋਟ 2: ਇਸ ਤੋਂ ਅੱਗੇ ਕੇਵਲ ਇਕ ਤੁਕ ਹੈ:

(4) 1253: 'ਛਾਡਿ ਮਨ ਹਰਿ ਬਿਮੁਖਨ ਕੋ ਸੰਗੁ'

ਇਸ ਤੁਕ ਦੇ ਨਾਲ ਕੋਈ ਅੰਕ ਨਹੀਂ ਦਿੱਤਾ ਗਿਆ; ਇਸ ਦਾ ਕਰਤਾ-ਭਗਤ ਜੀ ਦਾ ਨਾਮ ਭੀ ਨਹੀਂ ਹੈ।

ਇਸ ਤੋਂ ਅੱਗੇ

(5) 1253 ਮ: 5 ਸੂਰਦਾਸ 1॥8॥

ਨੋਟ 3: ਰਤਾ ਇਥੇ ਧਿਆਨ ਦੇਣਾ ਜੀ। ਭਗਤ ਪਰਮਾਨੰਦ ਜੀ ਦੀ ਬਾਣੀ ਦੇ ਅਖ਼ੀਰ ਤੇ ਅੰਕ 6 ਹੈ, ਇਸ ਤੋਂ ਪਿੱਛੋਂ ਕੇਵਲ ਇਕ ਤੁਕ, ਤੇ ਇਕ ਸਾਬਤ ਸਬਦ ਆਏ ਹਨ, ਪਰ ਇਥੇ ਅਖ਼ੀਰਲਾ ਅੰਕ 8 ਹੈ। ਇਸ ਦਾ ਪ੍ਰਤੱਖ ਭਾਵ ਇਹ ਹੈ ਕਿ ਉਸ ਇਕ ਤੁਕ ਨੂੰ ਇਕ ਮੁਕੰਮਲ ਸ਼ਬਦ ਵਾਲਾ ਹੀ ਨੰਬਰ ਦਿੱਤਾ ਗਿਆ ਹੈ।

ਅੰਕਾਂ ਦਾ ਇਹੀ ਢੰਗ ਸਵਈਆਂ ਵਿਚ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਤਰਤੀਬ ਅਸੀਂ ਪਿਛਲੇ ਅੰਕ ਵਿਚ ਸਮਝ ਆਏ ਹਾਂ। ਆਓ, ਹੁਣ ਇਸ ਢੰਗ ਨੂੰ ਸ੍ਰੀ ਮੁਖ ਬਾਕ੍ਯ੍ਯ ਸਵਈਆਂ ਅਤੇ ਭੱਟਾਂ ਦੇ ਸਵਈਆਂ ਵਿਚ ਵਰਤ ਕੇ ਵੇਖੀਏ।

ਨੋਟ: ਪਾਠਕ ਸੱਜਣ ਫਿਰ 1430 ਪੰਨੇ ਵਾਲੀ ਬੀੜ ਦਾ ਪੰਨਾ ਨੰਬਰ 1385 ਖੋਹਲਣ ਦੀ ਖੇਚਲ ਕਰਨ।

. . . . ਨੰ: . . . . ਕਰਤਾ . . . ਜੋੜ-ਅੰਕ

(1) 1385-7 . . ਮ: 5 . . . . 9

(2) 1387-9 . . ਮ: 5 . . . . 2॥11॥20॥

ਨੋਟ 1: ਪੰਨਾ 1389 ਵਾਲੇ ਸ੍ਰੀ ਮੁਖ ਬਾਕ੍ਯ੍ਯ ਸਵਈਏ ਰਤਾ ਗਹੁ ਨਾਲ ਵੇਖਣੇ। ਅੰਕ 9 ਤਕ ਇਕੇਹਰਾ ਅੰਕ ਸਿਲਸਿਲੇ ਵਾਰ ਤੁਰਿਆ ਜਾ ਰਿਹਾ ਹੈ। ਇਸ ਤੋਂ ਅੱਗੇ ਹੇਠ-ਲਿਖੇ ਦੋ ਸਵਈਏ ਦੋਹਰੇ ਅੰਕ ਵਾਲੇ ਹਨ:

ਆਵਧ ਕਟਿਓ ਨ ਜਾਤ, ਪ੍ਰੇਮ ਰਸ ਚਰਨ ਕਮਲ ਸੰਗਿ ॥
ਦਾਵਨਿ ਬੰਧਿਓ ਨ ਜਾਤ, ਬਿਧੇ ਮਨ ਦਰਸ ਮਗਿ ॥
ਪਾਵਕ ਜਰਿਓ ਨ ਜਾਤ ਰਹਿਓ ਧੂਰਿ ਲਗਿ ॥
ਨੀਰੁ ਨ ਸਾਕਸਿ ਬੋਰਿ, ਚਲਹਿ ਹਰਿ ਪੰਥ ਪਗਿ ॥
ਨਾਨਕ, ਰੋਗ ਦੋਖ ਅਘ ਮੋਹ, ਛਿਦੇ ਹਰਿ ਨਾਮ ਖਗਿ ॥1॥10॥
ਉਦਮੁ ਕਰਿ ਲਾਗੇ ਬਹੁ ਭਾਤੀ, ਬਿਚਰਹਿ ਅਨਿਕ ਸਾਸਤ੍ਰ ਬਹੁ ਖਟੂਆ ॥
ਭਸਮ ਲਗਾਇ ਤੀਰਥ ਬਹੁ ਭ੍ਰਮਤੇ, ਸੂਖਮ ਦੇਹ ਬੰਧਹਿ ਬਹੁ ਜਟੂਆ ॥
ਬਿਨੁ ਹਰਿ ਭਜਨ ਸਗਲ ਦੁਖ ਪਾਵਤ, ਜਿਉ ਪ੍ਰੇਮ ਬਢਾਇ ਸੂਤ ਕੇ ਹਟੂਆ ॥
ਪੂਜਾ ਚਕ੍ਰ ਕਰਤ ਸੋਮਪਾਕਾ, ਅਨਿਕ ਭਾਂਤਿ ਥਾਟਹਿ ਕਰਿ ਥਟੂਆ ॥2॥11॥20॥

ਨੋਟ 2: ਪਿੱਛੇ ਅਸੀਂ ਵੇਖ ਆਏ ਹਾਂ ਕਿ 19 ਭੱਟਾਂ ਵਾਲੇ ਸੱਜਣ ਜੀ ਦਾ ਵਿਆਪਕ ਨਿਯਮ ਨੰ: 3 ਇਹਨਾਂ ਉਪਰਲੇ ਦੋ ਸਵਈਆਂ ਉਤੇ ਵਰਤਿਆ ਫੇਲ੍ਹ ਹੋ ਚੁਕਿਆ ਹੈ, ਕਿਉਂਕਿ ਇਹਨਾਂ ਸਵਈਆਂ ਨੂੰ ਉਚਾਰਨ ਵਾਲੇ ਗਰੀਬ-ਨਿਵਾਜ ਉਹੀ ਹਨ ਜੋ ਪਹਿਲੇ 9 ਸਵਈਆਂ ਨੂੰ।

ਨੋਟ 3: ਸਵਈਆ ਨੰਬਰ 2॥11॥ ਵਿਚ 'ਨਾਨਕ' ਨਾਮ ਨਹੀਂ ਆਇਆ, ਫਿਰ ਭੀ ਅਸੀਂ ਪੂਰਨ ਯਕੀਨ ਨਾਲ ਆਖ ਸਕਦੇ ਹਾਂ ਕਿ ਇਹ ਸਵਈਆ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਰਚਿਆ ਹੋਇਆ ਹੈ।

ਕਿਉਂ?

ਕੇਵਲ ਇਸ ਵਾਸਤੇ ਕਿ ਅਖ਼ੀਰਲਾ ਅੰਕ 11 ਜੋ ਉਪਰਲੇ ਸਵਈਏ ਤੋਂ ਦੋਹਰਾ ਹੋ ਚੁਕਿਆ ਹੈ, ਇਸ ਸਵਈਏ ਦੇ ਅਖ਼ੀਰ ਵਿਚ ਠੀਕ ਮਿਲਦਾ ਹੈ; ਨਾਲ ਹੀ, ਪਿਛਲੇ 9 ਸਵਈਆਂ ਅਤੇ ਇਹਨਾਂ 11 ਸਵਈਆਂ ਦਾ ਵੱਡਾ ਜੋੜ ਭੀ ਠੀਕ 20 ਹੀ ਅੱਗੇ ਲਿਖਿਆ ਪਿਆ ਹੈ।

ਜੇ ਕੋਈ ਸੱਜਣ ਇਹਨਾਂ ਸਵਈਆਂ ਦਾ ਉਤਾਰਾ ਕਰਦਾ ਕਰਦਾ ॥1॥10॥ ਦੇ ਅਖ਼ੀਰ ਤੇ ਹੇਠਲਾ ਸਿਰਲੇਖ (ਵੇਖੋ ਪੰਨਾ 1389)

"ੴ ਸਤਿਗੁਰ ਪ੍ਰਸਾਦਿ ॥ ਸਵਈਏ ਮਹਲੇ ਪਹਿਲੇ ਕੇ 1। " ਲਿਖ ਕੇ ਉਸ ਦੇ ਅੱਗੇ ਇਹ ਸਵਈਆ "ਉਦਮੁ ਕਰਿ ਲਾਗੇ......" ਦਰਜ ਕਰ ਦੇਵੇ ਅਤੇ ਉਸ ਤੋਂ ਅਗਾਂਹ ਅਗਲੇ ਸਵਈਏ 'ਇਕ ਮਨਿ ਪੁਰਖੁ......' ਵਾਲੇ ਉਤਾਰਾ ਕਰ ਦੇਵੇ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੇਖਣ ਤੋਂ ਬਿਨਾ ਹੀ ਅਸੀਂ ਇਹ ਗ਼ਲਤੀ ਲੱਭ ਲਵਾਂਗੇ।

ਕਿਸ ਤਰ੍ਹਾਂ?

ਕੇਵਲ ਇਸ ''2॥11॥20॥'' ਅੰਕ ਦੀ ਸਹੈਤਾ ਨਾਲ। ਇਹ ਅੰਕ ਪਿਛਲੇ ਸਵਈਆਂ ਨਾਲ ਮਿਲਦਾ ਹੈ, ਅਗਲੇ ਸਵਈਆਂ ਦੇ ਅੰਕ 1, 2 ਆਦਿਕ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ।

ਇਹ ਹੈ ਕੁੰਜੀ:

ਲਉ, ਇਹੀ ਜੇ ਕੁੰਜੀ ਭੱਟਾਂ ਦੇ ਨਾਮ ਲੱਭਣ ਦੀ। ਇਹ ਵੇਖਣ ਦੀ ਲੋੜ ਨਹੀਂ ਹੈ ਕਿ ਸਵਈਏ ਵਿਚ ਭੱਟ ਦਾ ਨਾਮ ਮਿਲਦਾ ਹੈ ਜਾਂ ਨਹੀਂ। ਕੇਵਲ ਅੰਕ ਵੇਖੀ ਚਲੋ, ਸੁਤੇ ਹੀ ਆਪ ਨੂੰ ਹਰੇਕ ਭੱਟ ਦੇ ਸਵਈਆਂ ਦੀ ਗਿਣਤੀ ਮਿਲਦੀ ਜਾਇਗੀ।

ਨੋਟ 4: ਇਹੀ ਸ੍ਰੀ ਮੁਖਬਾਕ੍ਯ੍ਯ, ਅਖ਼ੀਰਲੇ ਦੋ ਸਵਈਏ ਪਾਠਕਾਂ ਨੂੰ ਸਾਫ਼ ਦੱਸ ਰਹੇ ਹਨ ਕਿ ਅਗਲੇ '(ਭੱਟ-) ਸਵਈਏ' ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਾਉਣ ਵਾਲੇ ਉਹੀ ਦਾਤਾ ਜੀ ਹਨ ਜਿਨ੍ਹਾਂ ਨੇ ਇਹ ਦੋ ਸਵਈਏ ਦਰਜ ਕਰਾਏ ਹਨ। ਅੰਕ ਲਿਖਣ ਦਾ ਢੰਗ ਇਕੋ ਜਿਹਾ ਹੈ। ਪੁਰਾਣੇ ਬਣੇ ਹੋਏ ਸੰਸਕਾਰ, ਕਿਸੇ ਆਪਣੇ ਅੱਤਿ-ਪਿਆਰੇ ਦੀ ਰਾਹੀਂ ਬਣੇ ਹੋਏ ਸੰਸਕਾਰ, ਮਨ ਵਿਚੋਂ ਛੇਤੀ ਨਿਕਲਣੇ ਬੜਾ ਕਠਿਨ ਹੁੰਦਾ ਹੈ, ਖ਼ਾਸ ਤੌਰ ਤੇ ਉਹਨਾਂ ਹਿਰਦਿਆਂ ਵਿਚੋਂ, ਜਿੱਥੇ ਉਹਨਾਂ ਨੂੰ ਸਾਂਭ ਰੱਖਣ ਦਾ ਉਚੇਚਾ ਜਤਨ ਕੀਤਾ ਜਾ ਰਿਹਾ ਹੋਵੇ। ਫਿਰ ਭੀ ਇਸ ਗੁਰ-ਸਰਧਾ-ਭਰੀ ਭੱਟ-ਬਾਣੀ ਦੇ ਵਿਰੋਧੀ ਸੱਜਣਾਂ ਦੀ ਸੇਵਾ ਵਿਚ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਇਸ ਸਾਰੀ ਵਿਚਾਰ ਨੂੰ ਇਤਿਹਾਸ ਦੇ ਖੋਜੀ ਵਿਦਵਾਨਾਂ ਵਾਂਗ ਪਹਿਲੇ ਸਾਰੇ ਪੱਖਪਾਤ ਦੂਰ ਕਰ ਕੇ, ਪੜ੍ਹਨ ਦੀ ਕ੍ਰਿਪਾ ਕਰਨ। ਕਿਸੇ ਨਵੀਂ ਡੰਡੀ ਤੇ ਤੁਰਿਆਂ ਉਕਾਈ ਖਾ ਜਾਣਾ ਕੋਈ ਵੱਡੀ ਗੱਲ ਨਹੀਂ, ਪਰ ਵਿਰੋਧੀ ਵਿਦਵਾਨ ਗੁਰਮੁਖਾਂ ਦਾ ਧਰਮ ਹੈ ਕਿ ਇਸ ਨਿਮਾਣੀ ਜਿਹੀ ਮਿਹਨਤ ਨੂੰ ਉਸੇ ਨੁਕਤੇ ਤੋਂ ਵਿਚਾਰਨ, ਜਿਸ ਤੋਂ ਲੇਖਕ ਨੇ ਉਹਨਾਂ ਦੇ ਸਾਹਮਣੇ ਪੇਸ਼ ਕੀਤੀ ਹੈ।

ਭੱਟਾਂ ਦੀ ਬਾਣੀ ਦੇ ਅੰਕ:

(ਪਾਠਕ ਜਨ ਫਿਰ ਪੰਨਾ 1389 ਵੇਖਣ ਦੀ ਖੇਚਲ ਕਰਨ।)

. . . . ਪੰਨਾ . . . . . . ਕਰਤਾ . . . . . . . . . . . . ਜੋੜ-ਅੰਕ

(3) 1389-90 . . . . ਕਲ੍ਯ੍ਯ . . . . . . . . . . . . . . 10

(4) 1391-92 . . . . ਕਲਸਹਾਰ (=ਕਲ੍ਯ੍ਯ, ਟਲ੍ਯ੍ਯ) . .10

ਤਿੰਨੇ ਨਾਮ ਇਕੋ ਹੀ ਭੱਟ ਦੇ:

ਨੋਟ 1: ਪਾਠਕ ਸੱਜਣ ਪਿਛਲੀ ਸਾਰੀ ਵਿਚਾਰ ਦਾ ਖ਼ਿਆਲ ਰੱਖ ਕੇ ਅੰਕਾਂ ਵਲ ਧਿਆਨ ਦੇਣ। ਸਿਲਸਿਲਾ ਉਹੀ ਹੈ; ਇਹ ਤਿੰਨੇ ਨਾਮ ਇਕੋ ਹੀ ਭੱਟ ਦੇ ਹਨ, ਜੋ ਉੱਪਰ ਦਿੱਤੇ ਗਏ ਸਵਈਏ ਮਹਲੇ ਕਿਆਂ ਦਾ ਭੀ ਕਰਤਾ ਹੈ।

'ਸਦ ਰੰਗਿ' ਕੋਈ ਭੱਟ ਨਹੀਂ:

ਨੋਟ 2: ਸਵਈਆ ਨੰ: 7 ਦੀਆਂ ਅਖ਼ੀਰਲੀਆਂ ਦੋ ਤੁਕਾਂ ਵਿਚਾਰਨ-ਜੋਗ ਹਨ:

ਉਦਾਰਉ ਚਿਤ, ਦਾਰਿਦ ਹਰਨ, ਪਿਖੰਤਿਹ ਕਲਮਲ ਤ੍ਰਸਨ ॥

ਸਦਰੰਗਿ ਸਹਜਿ ਕਲੁ ਉਚਰੈ ਜਸ ਜੰਪਉ ਲਹਣੇ ਰਸਨ ॥7॥

ਇੱਕ ਤਾਂ, ਨੋਟ 1 ਵਿਚ ਦੱਸਿਆ ਗਿਆ ਹੈ ਕਿ ਅੰਕ ਸਿਲਸਲੇ ਵਾਰ ਠੀਕ ਹੋਣ ਕਰਕੇ ਭੱਟ ਕਲ੍ਯ੍ਯ (ਜਿਸ ਦੇ ਦੂਜੇ ਨਾਮ 'ਕਲਸਹਾਰ' ਤੇ 'ਟਲ੍ਯ੍ਯ' ਹਨ) ਹੀ ਇਕੱਲਾ ਇਹਨਾਂ ਦਾ ਕਰਤਾ ਹੈ; ਦੂਜੇ, ਇਸ ਅਖ਼ੀਰਲੀ ਤੁਕ ਵਿਚ ਭੱਟ ਦਾ ਨਾਮ 'ਕਲ੍ਯ੍ਯ' ਸਾਫ਼ ਵਰਤਿਆ ਮਿਲਦਾ ਹੈ। ਇੱਕੋ ਹੀ ਤੁਕ ਦੇ ਦੋ ਕਰਤਾ ਨਹੀਂ ਹੋ ਸਕਦੇ, ਸੋ 'ਸਦਰੰਗਿ' ਕਿਸੇ ਭੱਟ ਦਾ ਨਾਮ ਨਹੀਂ।

ਸਵਈਏ ਮਹਲੇ ਤੀਜੇ ਕੇ:

(5) 1393-94 . . ਕਲ੍ਯ੍ਯ . . . . . . . . . . . . . . . 9

(6) 1384-85 . . ਜਾਲਪ (ਦੂਜਾ ਨਾਮ 'ਜਲ੍ਯ੍ਯ') . . ।5।14।

ਨੋਟ: ਪਿਛਲੇ ਨੋਟ 1 ਦੀ ਵਿਚਾਰ ਵਾਂਗ ਇੱਥੇ ਭੀ 'ਜਾਲਪ' ਤੇ 'ਜਲ੍ਯ੍ਯ' ਇਕੋ ਹੀ ਭੱਟ ਹੈ। ਭੱਟ 'ਕਲ੍ਯ੍ਯ' ਦੇ 9 ਸਵਈਏ ਸਨ, 'ਜਾਲਪ' ਦੇ 5 ਰਲਾ ਕੇ ਵੱਡਾ ਜੋੜ 14 ਹੋ ਗਿਆ ਹੈ।

(7) 1395 . . . . . ਕੀਰਤ . . . . . . . . . . . . . . ।4।18।

ਨੋਟ 1: ਪਿਛਲੇ ਦੋ ਭੱਟਾਂ ਦੇ ਰਲਾ ਕੇ 14 ਸਵਈਏ ਸਨ, ਭੱਟ ਕੀਰਤ ਦੇ 4 ਮਿਲ ਕੇ ਵੱਡਾ ਜੋੜ 18 ਹੋ ਗਿਆ।

ਭੱਟ 'ਕੀਰਤ' ਦੇ ਚਾਰ ਸਵਈਏ ਕਿਉਂ?

ਨੋਟ 2: ਭੱਟ 'ਕੀਰਤ' ਦੇ ਚਾਰ ਸਵਈਆਂ ਵਿਚ ਕਰਤਾ-ਭੱਟ ਦਾ ਨਾਮ ਕੇਵਲ ਪਹਿਲੇ ਸਵਵੀਏ (1।15।) ਵਿਚ ਆਇਆ ਹੈ। ਬਾਕੀ ਦੇ ਤਿੰਨ ਸਵਈਆਂ ਦਾ ਕਰਤਾ ਕਿਉਂ ਭੱਟ ਕੀਰਤ ਹੀ ਹੈ? ਕੋਈ ਹੋਰ ਕਿਉਂ ਨਹੀਂ?

ਇਸ ਪ੍ਰਸ਼ਨ ਦਾ ਉੱਤਰ ਕੇਵਲ ਇਹੀ ਹੈ ਕਿ ਅੰਕ ਦਾ ਸਿਲਸਿਲਾ (1।15। , 2।16,।3।17। , 4।18)। ਠੀਕ ਮਿਲਣ ਕਰਕੇ ਬਾਕੀ ਦੇ ਤਿੰਨ ਸਵਈਆਂ ਦਾ ਕਰਤਾ ਭੀ ਕੇਵਲ ਭੱਟ 'ਕੀਰਤ' ਹੀ ਹੋ ਸਕਦਾ ਹੈ। (ਵੇਖੋ ਸਤਿਗੁਰੂ ਜੀ ਦਾ ਆਪਣਾ ਸਵਈਆ ਨੰ: 2।11।20।

(8) 1395-96 . . ਭਿੱਖਾ . . . . . 2।20।

ਭੱਟ ਭਿੱਖੇ ਦੇ ਦੋ ਸਵਈਏ ਪਿਛਲੇ ਵੱਡੇ ਜੋੜ 18 ਨਾਲ ਮਿਲ ਕੇ ਹੁਣ ਵੱਡਾ ਜੋੜ 20 ਹੋ ਗਿਆ ਹੈ।

(9) 1396 . . . . ਸਲ੍ਯ੍ਯ . . . . 1।21।

(10) 1396 . . . . ਭਲ੍ਯ੍ਯ . . . . 1।22।

ਸਵਈਏ ਮਹਲੇ ਚਉਥੇ ਕੇ 4 ॥

ਭੱਟ 'ਕਲਸਹਾਰ' ਦੇ 13

ਨੋਟ 1: 'ਕਲ੍ਯ੍ਯ ਠਕੁਰ' ਕੋਈ ਭੱਟ ਨਹੀਂ ਹੈ। ਵੇਖੋ ਪੰਨਾ 1396 ਸਵਈਆਂ ਨੰ: 1।

ਇਕ ਮਨਿ ਪੁਰਖੁ ਨਿਰੰਜਨੁ ਧਿਆਵਉ ॥...

ਕਲ੍ਯ੍ਯ ਸਹਾਰੁ ਤਾਸੁ ਗੁਣ ਜੰਪੈ ॥...

ਕਵਿ ਕਲ੍ਯ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥1॥

ਜੇ ਇਸ ਸਵਵੀਏ ਵਿਚ 'ਕਲਸਹਾਰ' ਅਤੇ 'ਕਲ੍ਯ੍ਯ ਠਕੁਰ' ਦੋ ਭੱਟ ਹੁੰਦੇ, ਤਾਂ ਸਵਈਆਂ ਦੇ ਨੰਬਰ ਦੋ ਵਖ ਵਖ ਹੁੰਦੇ। ਸ਼ਬਦ 'ਠਕੁਰ' ਸ਼ਬਦ 'ਹਰਦਾਸ' ਨਾਲ ਸੰਬੰਧ ਰੱਖਦਾ ਹੈ।

ਨੋਟ 2: ਜੇ 'ਕਲ੍ਯ੍ਯਸਹਾਰ' ਅਤੇ 'ਕਲ੍ਯ੍ਯ' ਹੀ ਦੋ ਭੱਟ ਹੁੰਦੇ, ਤਾਂ ਭੀ ਸਵਈਆਂ ਦੇ ਦੋ ਵਖ ਵਖ ਨੰਬਰ ਹੁੰੰਦੇ। 'ਕਲ੍ਹਸਹਾਰ' ਅਤੇ 'ਕਲ੍ਯ੍ਯ' ਇਕੋ ਹੀ ਭੱਟ ਹੈ।

ਭੱਟ ਨਲ੍ਯ੍ਯ ਦੇ 16:

(12) 1398-1401 . . ਨਲ੍ਯ੍ਯ . . 4।16।29।

ਨੋਟ 1: ਭੱਟ 'ਕਲ੍ਯ੍ਯ' ਦੇ 13 ਸਵਈਏ ਹਨ। ਇਸ ਅੰਕ ਤੋਂ ਪਿੱਛੋਂ ਪੰਨਾ 1401 ਦੇ ਇਸ ਪਿਛਲੇ (4।16।29।) ਅੰਕ ਤਕ ਹੋਰ ਕਿਤੇ ਭੀ ਵੱਡੇ ਜੋੜ ਵਾਲਾ ਕੋਈ ਅੰਕ ਨਹੀਂ ਆਇਆ। ਇਸ ਦਾ ਪਰਤੱਖ ਭਾਵ ਇਹ ਹੈ ਕਿ ਸਵਈਆ ਨੰ: 14 ਤੋਂ ਲੈ ਕੇ ਨੰ: 29 ਤਕ ਇਕੋ ਹੀ ਭੱਟ ਦੀ ਬਾਣੀ ਚਲੀ ਆ ਰਹੀ ਹੈ। ਇਥੇ ਮੁੜ ਚੇਤਾ ਕਰਾ ਦੇਣਾ ਜ਼ਰੂਰੀ ਜਾਪਦਾ ਹੈ ਕਿ ਬਾਣੀ ਦਾ ਕਰਤਾ ਲੱਭਣ ਲਈ ਭੱਟ ਦਾ ਨਾਮ ਉਤਨੀ ਸਹੈਤਾ ਨਹੀਂ ਕਰਦਾ, ਜਿਤਨਾ ਕਿ 'ਅੰਕ' ਕਰ ਰਿਹਾ ਹੈ; ਪਿੱਛੇ ਅਸੀਂ ਸ੍ਰੀ ਮੁਖਬਾਕ੍ਯ੍ਯ ਮ: 5 ਦੇ ਅਖ਼ੀਰਲੇ ਸਵਈਏ ਅਤੇ ਭੱਟ 'ਕੀਰਤ' ਦੇ ਪਿਛਲੇ 3 ਸਵਈਆਂ ਵਿਚ ਇਹ ਗੱਲ ਪਰਤੱਖ ਵੇਖ ਆਏ ਹਾਂ।

'ਦਾਸ' ਅਤੇ 'ਜਲ੍ਯ੍ਯਨ' ਕੋਈ ਭੱਟ ਨਹੀਂ ਹਨ:

ਪੰਨਾ 1399 ਉਤੇ ਸਵਈਆ ਨੰ: 8 ਵਿਚ 'ਨਲ੍ਯ੍ਯ ਕਵਿ' ਨਾਮ ਮਿਲਦਾ ਹੈ, ਭੱਟ 'ਕੀਰਤ' ਵਾਂਗ ਬਾਕੀ ਦੇ 3 ਸਵਈਆਂ ਦਾ ਕਰਤਾ ਭੀ 'ਨਲ੍ਯ੍ਯ ਕਵਿ' ਹੀ ਹੋ ਸਕਦਾ ਹੈ। ਅੰਕ 4 ਤੋਂ ਅਗਾਂਹ 'ਰਡ' (ਛੰਦ) ਆਉਣ ਕਰਕੇ ਅੰਕ ਦੋਹਰਾ ਹੋ ਗਿਆ ਹੈ ਜੋ 1।5। ਤੋਂ ਲੈ ਕੇ 8।12 ਤਕ ਅੱਪੜਦਾ ਹੈ। ਇਸ ਤੋਂ ਅੱਗੇ (ਛੰਦ) 'ਝੋਲਨਾ' ਚੱਲ ਪੈਂਦਾ ਹੈ; ਇਸ ਦਾ ਭੀ ਦੋਹਰਾ ਨੰਬਰ 1।13। ਤੋਂ ਸ਼ੁਰੂ ਹੋ ਕੇ 4।16। ਤੱਕ ਅੱਪੜਦਾ ਹੈ। ਇਥੇ ਇਸ ਦੂਜੇ ਭੱਟ ਦੀ ਬਾਣੀ ਮੁੱਕ ਜਾਣ ਦੇ ਕਾਰਣ ਦੋਹਾਂ ਭੱਟਾਂ ਦਾ ਵੱਡਾ ਜੋੜ 29 ਦਿੱਤਾ ਗਿਆ ਹੈ। ਜੋ ਸੱਜਣ 'ਸਾਰੰਗ' ਰਾਗ ਸੰਬੰਧੀ ਦਿੱਤੀ ਗਈ ਅੰਕਾਂ ਦੀ ਵਿਚਾਰ ਨੂੰ ਗਹੁ ਨਾਲ ਪੜ੍ਹਦੇ ਆਏ ਹਨ, ਉਹਨਾਂ ਨੂੰ ਸਪੱਸ਼ਟ ਹੋ ਗਿਆ ਹੋਵੇਗਾ ਕਿ 'ਨਲ੍ਯ੍ਯ' ਕਵਿ ਦੇ ਇਹਨਾਂ 16 ਸਵਈਆਂ ਵਿਚ ਕਿਸੇ ਹੋਰ ਭੱਟ ਦੀ ਕੋਈ ਗੁੰਜੈਸ਼ ਨਹੀਂ ਹੈ।

ਸੋ, ਅੰਕ 3।7। ਦੀ ਤੁਕ ਵਿਚ ਵਰਤਿਆ ਹੋਇਆ ਸ਼ਬਦ 'ਦਾਸੁ' ਕਿਸੇ ਭੱਟ ਦਾ ਨਾਮ ਨਹੀਂ ਹੈ। ਇਸੇ ਤਰ੍ਹਾਂ 6।10। ਵਿਚ ਦਾ ਸ਼ਬਦ 'ਜਲ੍ਯ੍ਯਨ' ਕਿਸੇ ਭੱਟ ਦਾ ਨਾਮ ਨਹੀਂ ਹੈ।

ਗਯੰਦ ਦੇ 13 ਸਵਈਏ:

(13) 1401-04 . . ਗਯੰਦ . . 3।13।42।

ਨੋਟ 1: ਪਿਛਲੇ ਦੇ ਭੱਟ 'ਕਲ੍ਯ੍ਯ' ਅਤੇ 'ਨਲ੍ਯ੍ਯ' ਦੇ ਸਵਈਆਂ ਦੇ ਜੋੜ ਦਾ ਵੱਡਾ ਅੰਕ 29 ਆਇਆ ਸੀ। ਉਸ ਅੰਕ ਤੋਂ ਲੈ ਕੇ ਅੰਕ 42 ਤਕ ਵਿਚਕਾਰ ਕਿਤੇ ਭੀ ਵੱਡੇ ਜੋੜ ਦਾ ਅੰਕ ਨਹੀਂ ਆਇਆ। ਇਸ ਦਾ ਭਾਵ ਇਹ ਹੈ ਕਿ ਅੰਕ 29 ਤੋਂ ਲੈ ਕੇ ਅੰਕ 42 ਤਕ ਸਾਰੇ ਸਵਈਏ ਇਕੋ ਹੀ ਭੱਟ ਦੇ ਹਨ। ਇਹ ਸਵਈਏ ਗਿਣਤੀ ਵਿਚ 13 ਹਨ; ਅਤੇ 'ਨਲ੍ਯ੍ਯ ਕਵਿ' ਸਵਈਆ ਵਾਂਗ ਇਹਨਾਂ ਦੇ ਭੀ ਤਿੰਨ ਹਿੱਸੇ ਕੀਤੇ ਗਏ ਹਨ। ਪਹਿਲਾ ਹਿੱਸਾ 1 ਤੋਂ 5; ਦੂਜਾ, 1।6। ਤੋਂ 5।10। ; ਤੀਜਾ, 1।11। ਤੋਂ 3।13।42। ਅਖ਼ੀਰਲੇ ਹਿੱਸੇ ਦਾ ਤੀਜਾ ਅੰਕ 42 ਸਾਫ਼ ਦੱਸਦਾ ਹੈ ਕਿ ਇਹਨਾਂ ਤਿੰਨਾਂ ਹੀ ਹਿੱਸਿਆਂ ਦੇ ਸਵਈਏ ਇੱਕੋ ਹੀ ਭੱਟ ਦੇ ਹਨ। ਜੇ ਪਹਿਲੇ ਹਿੱਸੇ ਵਿਚ ਕੋਈ ਹੋਰ ਭੱਟ ਹੁੰਦਾ ਤਾਂ ਪਹਿਲਾਂ ਹਿੱਸੇ ਦੇ ਅੰਕ 5 ਦੇ ਪਿੱਛੇ ਵੱਡੇ ਜੋੜ ਵਾਲਾ ਅੰਕ (34) ਵਰਤਿਆ ਹੋਇਆ ਹੁੰਦਾ।

'ਸੇਵਕ' ਤੇ 'ਪਰਮਾਨੰਦ' ਕੋਈ ਭੱਟ ਨਹੀਂ ਹਨ:

ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਾਣੀ ਦੀ ਤਰਤੀਬ ਅਤੇ ਅੰਕ ਲਗਾਉਣ ਦਾ ਤਰੀਕਾ ਇੱਕੋ ਹੀ ਹੋਣ ਕਰਕੇ, ਇਥੇ ਭੀ ਪਹਿਲੇ ਹਿੱਸੇ ਵਿਚ ਦੋ ਵਾਰੀ ਵਰਤਿਆ ਹੋਇਆ ਸ਼ਬਦ 'ਪਰਮਾਨੰਦ' ਕਿਸੇ ਭੱਟ ਦਾ ਨਾਮ ਨਹੀਂ ਹੈ। ਇਸ ਹਿੱਸੇ ਦਾ ਕਰਤਾ ਭੀ ਉਹੀ ਹੈ, ਜੋ ਦੂਜੇ ਹਿੱਸੇ ਦਾ ਹੈ। ਜਿਵੇਂ ਇਹ ਜ਼ਰੂਰੀ ਨਹੀਂ ਕਿ ਹਰੇਕ ਸਵਈਏ ਵਿਚ ਕਰਤਾ-ਭੱਟ ਦਾ ਨਾਮ ਮਿਲੇ ਤਿਵੇਂ ਇਹ ਭੀ ਜ਼ਰੂਰੀ ਨਹੀਂ ਕਿ ਹਰੇਕ ਹਿੱਸੇ ਵਿਚ ਨਾਮ ਜ਼ਰੂਰੀ ਹੋਵੇ। ਅੰੰਕ ਦਾ ਇਕ-ਸਾਰ ਜਾਰੀ ਰਹਿਣਾ ਕਾਫ਼ੀ ਸਬੂਤ ਹੈ ਕਿ ਸਾਰੇ ਸਵਈਏ ਇਕੋ ਹੀ ਭੱਟ ਦੇ ਹਨ। ਦੂਜੇ ਹਿੱਸੇ ਵਿਚ ਭੱਟ ਦਾ ਨਾਮ ਪਰਤੱਖ 'ਗਯੰਦ' ਮਿਲਦਾ ਹੈ।

ਅੰਕ ਦੇ ਇਸੇ ਹੀ ਸਿਲਸਿਲੇ ਅਨੁਸਾਰ 'ਸੇਵਕ' ਭੀ ਕਿਸੇ ਭੱਟ ਦਾ ਨਾਮ ਨਹੀਂ ਹੈ, ਜਿਵੇਂ ਪਿਛਲੇ ਭੱਟ ਦੀ ਬਾਣੀ ਵਿਚ ਸ਼ਬਦ 'ਦਾਸ' ਕਿਸੇ ਭੱਟ ਦਾ ਨਾਮ ਨਹੀਂ ਹੈ।

ਮਥੁਰਾ ਦੇ 7 ਸਵਈਏ:

(14) 1404-05 . . ਮਥੁਰਾ . . 7।49।

ਨੋਟ: 42 ਤੋਂ ਪਿੱਛੋਂ ਵੱਡਾ ਅੰਕ 49 ਹੈ, ਸੋ ਇਹ 7 ਸ੍ਵਈਏ ਭੱਟ ਮਥੁਰਾ ਦੇ ਹਨ।

ਭੱਟ 'ਕੀਰਤ' ਦੇ ਸਵਈਆਂ ਵਿਚ ਵੇਖ ਆਏ ਹਾਂ ਕਿ ਭੱਟ ਦਾ ਨਾਮ ਕੇਵਲ ਪਹਿਲੇ ਸਵਈਏ ਵਿਚ ਹੈ। ਇਕ-ਸਾਰ ਅੰਕ ਦੀ ਸਹੈਤਾ ਨਾਲ ਬਾਕੀ ਦੋ 3 ਸ੍ਵਈਏ 'ਕੀਰਤ' ਦੇ ਦੱਸੇ ਗਏ ਹਨ।

ਇਸੇ ਤਰ੍ਹਾਂ ਇਥੇ ਭੀ 'ਮਥੁਰਾ' ਨਾਮ ਕੇਵਲ ਪਹਿਲੇ 3 ਸਵਈਆਂ ਵਿਚ ਹੈ, ਪਰ ਅੰਕ ਸਿਲਸਿਲੇਵਾਰ 1 ਤੋਂ 7 ਤਕ ਜਾ ਕੇ ਅੱਗੇ ਵੱਡਾ ਜੋੜ 49 ਮਿਲਦਾ ਹੈ।

'ਸੇਵਕ' ਤੇ 'ਦਾਸ' ਕੋਈ ਭੱਟ ਨਹੀਂ ਹਨ:

19 ਭੱਟ ਵਾਲੇ ਸੱਜਣ ਦੀ ਇਹਨਾਂ ਸਵਈਆਂ ਵਿਚੋਂ ਪਹਿਲੇ 5 ਭੱਟ 'ਮਥੁਰਾ' ਦੇ ਦੱਸਦੇ ਹਨ, ਅਖ਼ੀਰਲੇ ਦੋ 'ਸੇਵਕ' ਦੇ। ਜੇ ਸ਼ਬਦ 'ਸੇਵਕ' ਹੋਣ ਕਰਕੇ ਇਹ ਦੋ ਸਵਈਏ ਭੱਟ 'ਮਥੁਰਾ' ਦੇ ਨਹੀਂ ਹਨ, ਤਾਂ ਚਉਥੇ ਪੰਜਵੇਂ ਵਿਚ ਭੀ ਮਥੁਰਾ ਦਾ ਨਾਮ ਨਹੀਂ ਹੈ, ਉਹ ਕਿਸ ਦੇ ਹੋਏ? ਉਹ ਕਿਉਂ 'ਮਥੁਰਾ' ਦੇ ਗਿਣੇ ਗਏ? ਸੱਤਵੇਂ ਸਵਈਏ ਵਿਚ ਤੁਕਾਂ ਇਉਂ ਹਨ:

ਦਾਨਿ ਬਡੌ ਅਤਿਵੰਤੁ ਮਹਾਬਲਿ ਸੇਵਕਿ ਦਾਸਿ ਕਹਿਓ ਇਹੁ ਤਥੁ ॥

ਤਾਹਿ ਕਹਾ ਪਰਵਾਹ ਕਾਹੂ ਕੀ ਜਾ ਕੈ ਬਸੀਸਿ ਧਰਿਓ ਗੁਰਿ ਹਥੁ ॥7॥49॥

'ਸੇਵਕ' ਤੇ 'ਦਾਸ' ਦੋਹਾਂ ਨੂੰ ਭੱਟ ਮੰਨਣ ਵਾਲੇ ਸੱਜਣ ਇੱਥੇ ਪਹਿਲੀ ਤੁਕ ਦਾ ਕਰਤਾ ਕਿਸ ਨੂੰ ਕਹਿਣਗੇ? ਅਸਲੀਅਤ ਪਾਠਕ ਸੱਜਣ ਵੇਖ ਰਹੇ ਹਨ ਕਿ ਅੰਕਾਂ ਦੇ ਹਿਸਾਬ ਅਨੁਸਾਰ 'ਸੇਵਕ' ਜਾਂ 'ਦਾਸ' ਕਿਸੇ ਭੱਟ ਦਾ ਨਾਮ ਨਹੀਂ ਹੈ।

ਬਲ੍ਯ੍ਯ, ਕੀਰਤ ਅਤੇ ਸਲ੍ਯ੍ਯ

(15) 1405 . . . . . .ਬਲ੍ਯ੍ਯ . . 5।54।

(16) 1405-06 . . ਕੀਰਤ . . 4।58।

(17) 1406 . . . . . . ਸਲ੍ਯ੍ਯ . . 2।60।

ਸਵਈਏ ਮਹਲੇ ਪੰਜਵੇ ਕੇ

ਕਲਸਹਾਰ ਦੇ 12

(18) 1406-08 . . ਕਲ੍ਯ੍ਯ . . . . 9

(19) 1408 . . ਕਲ੍ਯ੍ਯ (ਸੋਰਠੇ) . . 3।12।

'ਪਾਰਥ' ਕੋਈ ਭੱਟ ਨਹੀਂ

ਨੋਟ 1: ਜਿਵੇਂ ਸਵਈਏ ਮਹਲੇ ਚਉਥੇ ਕਿਆਂ ਵਿਚ ਛੰਦ 'ਰਡ' ਅਤੇ 'ਝੋਲਨਾ' ਦੇ ਕਾਰਨ ਛੋਟਾ ਅੰਕ ਬਦਲਿਆ ਸੀ, ਪਰ ਉਂਞ ਉਹ ਸਵਈਏ ਭੱਟ 'ਨਲ੍ਯ੍ਯ' ਦੇ ਹੀ ਸਨ, ਤਿਵੇਂ ਇਥੇ ਭੀ 'ਸੋਰਠਾ' ਦੇ ਕਾਰਨ ਛੋਟਾ ਅੰਕ ਬਦਲਿਆ ਹੈ, ਅਖ਼ੀਰ ਤੇ ਵੱਡਾ ਅੰਕ 12 ਹੈ। ਸੋ, ਇਹ 12 ਸਵਈਏ ਭੱਟ 'ਕਲ੍ਯ੍ਯ' ਦੇ ਹਨ। 'ਪਾਰਥ' ਕਿਸੇ ਭੱਟ ਦਾ ਨਾਮ ਨਹੀਂ ਹੈ। ਪਾਂਡਵਾਂ ਵਿਚੋਂ ਸਭ ਤੋਂ ਉੱਘੇ ਸੂਰਬੀਰ ਦਾ ਨਾਮ 'ਅਰਜੁਨ' ਸੀ ਇਸ ਦਾ ਦੂਜਾ ਨਾਮ ਪਾਰਥ (पार्थ) ਸੀ; ਜਿਵੇਂ ਭਗਵਤ ਗੀਤਾ ਵਿਚ ਕਈ ਥਾਈਂ ਮਿਲਦਾ ਹੈ। ਇਹੀ ਨਾਮ 'ਅਰਜੁਨ' ਸ੍ਰੀ ਗੁਰੂ ਪੰਚਮ ਪਾਤਸ਼ਾਹ ਜੀ ਦਾ ਹੋਣ ਕਰਕੇ, ਪਾਂਡਵਾਂ ਦੇ ਸਰਦਾਰ ਦੀ ਸੂਰਬੀਰਤਾ ਦੇ 'ਸਾਧਾਰਨ ਗੁਣ' ਦੇ ਆਧਾਰ ਤੇ 'ਉਪਮਾ-ਅਲੰਕਾਰ' ਵਾਰਤਿਆ ਹੈ-ਜਿਵੇਂ ਅਰਜੁਨ ਰਣਭੂਮੀ ਵਿਚ ਵੈਰੀਆਂ ਦੇ ਟਾਕਰੇ ਤੇ ਪੈਰ ਟਿਕਾ ਕੇ ਡੋਲਦਾ ਨਹੀਂ ਸੀ, ਤਿਵੇਂ ਗੁਰੂ ਅਰਜਨ ਸਾਹਿਬ ਭੀ 'ਪ੍ਰਮਾਣੁ ਪੁਰਖੁ', ਮੰਨੇ-ਪ੍ਰਮੰਨੇ ਜੋਧੇ ਹਨ, ਕਾਮਾਦਿਕ ਵੈਰੀਆਂ ਦੇ ਟਾਕਰੇ ਤੇ ਕਦੇ ਡੋਲਣ ਵਾਲੇ ਨਹੀਂ ਹਨ।

ਮਥੁਰਾ ਤੇ ਹਰਿਬੰਸ

(20) 1407-09 . . ਮਥੁਰਾ . . . . 7।19।

(21) 1409 . . . . ਹਰਿਬੰਸ . . . . 2।21।

ਨੋਟ: ਮਹਲੇ ਪੰਜਵੇ ਕੇ ਸਵਈਆਂ ਵਿਚ ਵੱਡਾ ਅੰਕ ਕੇਵਲ ਤਿੰਨ ਵਾਰੀ ਆਇਆ ਹੈ; ਪਹਿਲਾਂ 12, ਫਿਰ 19, ਅਖ਼ੀਰ ਵਿਚ 21। ਸੋ, ਇਹ ਤਿੰਨ ਭੱਟਾਂ (ਕਲ੍ਯ੍ਯ, ਮਥੁਰਾ ਅਤੇ ਹਰਿਬੰਸ) ਦੇ ਸਵਈਏ ਹਨ।

11 ਭੱਟਾਂ ਦੇ ਨਾਮ

ਇਸ ਸਾਰੀ ਪੜਤਾਲ ਤੋਂ ਭੱਟਾਂ ਦੇ ਨਾਮ ਹੇਠ-ਲਿਖੇ ਅਨੁਸਾਰ ਬਣਦੇ ਹਨ:

(1) ਕਲ੍ਯ੍ਯ, ਜਿਸ ਦੇ ਦੂਜੇ ਨਾਮ 'ਕਲਸਹਾਰ' ਅਤੇ 'ਟਲ੍ਯ੍ਯ' ਹਨ।

(2) ਜਾਲਪ, ਜਿਸ ਦਾ ਦੂਜਾ ਨਾਮ 'ਜਲ੍ਯ੍ਯ' ਹੈ।

(3) ਕੀਰਤ, (4) ਭਿੱਖਾ, (5) ਸਲ੍ਯ੍ਯ, (6) ਭਲ੍ਯ੍ਯ, (7) ਨਲ੍ਯ੍ਯ, (8) ਗਯੰਦ, (9) ਮਥੁਰਾ, (10) ਬਲ੍ਯ੍ਯ, (11) ਹਰਿਬੰਸ।

ਭਾਗ 4

ਕੇਵਲ 'ਗੁਰੂ ਦੀ ਵਡਿਆਈ' ਹੀ ਮਜ਼ਮੂਨ ਹੈ

ਬੋਲੀ ਤੇ ਵਿਆਕਰਣ ਦਾ ਧਿਆਨ ਜ਼ਰੂਰੀ

ਸ਼ਰਧਾਲੂ ਮਨ ਭਾਵੇਂ ਬਾਣੀ ਦੇ ਅਰਥ ਕਰਨ ਵੇਲੇ ਬੋਲੀ ਅਤੇ ਵਿਆਕਰਣ ਨੂੰ ਮੁਖ ਰੱਖ ਕੇ ਬਹੁਤ ਡੂੰਘਾ ਜਾਣ ਦੀ ਲੋੜ ਨਾਹ ਸਮਝਦੇ ਹੋਣ, ਪਰ ਭੱਟ-ਬਾਣੀ ਸੰਬੰਧੀ ਜਦੋਂ ਅਸੀਂ ਕਈ ਥਾਈਂ ਇਤਿਹਾਸਕ ਖੋਜ ਦਾ ਖ਼ਿਆਲ ਰੱਖਦੇ ਆਏ ਹਾਂ, ਤਾਂ ਇਹ ਭੀ ਜ਼ਰੂਰੀ ਜਾਪਦਾ ਹੈ ਕਿ ਜਿੱਥੇ ਕਿਤੇ ਭੱਟ-ਬਾਣੀ ਦੇ ਮੁਖ ਭਾਵ ਸੰਬੰਧੀ ਮਤ-ਭੇਦ ਹੈ, ਉਥੇ ਭੀ ਬੋਲੀ ਅਤੇ ਵਿਆਕਰਣ ਦੀ ਸਹੈਤਾ ਲੈ ਕੇ ਡੂੰਘੀ ਖੋਜ ਕੀਤੀ ਜਾਏ।

ਇੱਕ ਇੱਕ ਗੁਰ-ਵਿਅਕਤੀ ਦੀ ਵਡਿਆਈ

ਸ੍ਰੀ ਗੁਰੂ ਰਾਮਦਾਸ ਜੀ ਦੇ ਗੋਇੰਦਵਾਲ ਸਾਹਿਬ ਵਿਚ ਜੋਤੀ ਜੋਤਿ ਸਮਾਉਣ ਦੇ ਪਿੱਛੋਂ ਦਸਤਾਰ-ਬੰਦੀ ਦੀ ਰਸਮ ਵੇਲੇ ਸਿੱਖ ਸੰਗਤਾਂ ਇਕੱਤ੍ਰ ਹੁੰਦੀਆਂ ਹਨ। ਇਹ 'ਭੱਟ' ਭੀ ਉਸੇ ਵੇਲੇ ਉਥੇ ਅੱਪੜ ਜਾਂਦੇ ਹਨ। ਦੀਦਾਰ ਕਰ ਕੇ ਕਪਾਟ ਖੁਲ੍ਹਦੇ ਹਨ ਤੇ ਇਹਨਾਂ ਦਾ ਚਿੱਤ ਗੁਰੂ ਦੀ ਵਡਿਆਈ ਕਰਨ ਲਈ ਉਮਾਹ ਵਿਚ ਆਉਂਦਾ ਹੈ। ਪਹਿਲਾ ਹੀ ਭੱਟ ਉੱਠਦਾ ਤੇ ਆਖਦਾ ਹੈ:

ਇਕ ਮਨਿ ਪੁਰਖੁ ਧਿਆਇ ਬਰਦਾਤਾ ॥
ਸੰਤ ਸਹਾਰੁ ਸਦਾ ਬਿਖਿਆਤਾ ॥
ਤਾਸੁ ਚਰਨ ਲੇ ਰਿਦੈ ਬਸਾਵਉ ॥
ਤਉ ਪਰਮ ਗੁਰੂ ਨਾਨਕ ਗੁਨ ਗਾਵਉ ॥1॥

ਸੋ, ਭੱਟ ਵਾਰੋ ਵਾਰੀ ਉੱਠਦੇ ਹਨ ਤੇ 'ਗੁਰੂ' ਦੀ ਵਡਿਆਈ ਕਰਨ ਲਈ ਇਕ ਇਕ 'ਗੁਰ-ਵਿਅਕਤੀ' ਦੀ ਵਡਿਆਈ ਕਰੀ ਜਾਂਦੇ ਹਨ। ਜਿਸ ਭੱਟ ਨੇ ਕਿਤੇ ਮੁੱਢ ਵਿਚ ਥੋੜਾ ਜਿਹਾ ਅਕਾਲ ਪੁਰਖ ਦਾ ਗੁਣ ਗਾਂਵਿਆ ਹੈ, ਉਥੇ ਹੀ ਉਸ ਨੇ 'ਗੁਰ-ਵਿਅਕਤੀ' ਦਾ ਜ਼ਿਕਰ ਭੀ ਕਰ ਦਿੱਤਾ ਹੈ ਜਿਸ ਦੇ ਉਹ ਗੁਣ ਗਾਉਣੇ ਸ਼ੁਰੂ ਕਰਨ ਲੱਗਾ ਹੈ।

ਮਹਲੇ ਦੂਜੇ ਕੇ

ਆਓ, ਇਸ ਵਿਚਾਰ ਅਨੁਸਾਰ ਸਾਰੇ ਭੱਟਾਂ ਦੀ ਬਾਣੀ ਨੂੰ ਗਹੁ ਨਾਲ ਵੇਖੀਏ। ਸਵਈਏ ਮਹਲੇ ਦੂਜੇ ਕਿਆਂ ਦੇ ਅਰੰਭ ਵਿਚ ਭੱਟ 'ਕੱਲਸਹਾਰ' ਆਖਦਾ ਹੈ:

ਸੋਈ ਪੁਰਖੁ ਧੰਨੁ ਕਰਤਾ ਕਾਰਣ ਕਰਤਾਰੁ ਕਰਣ ਸਮਰਥੋ ॥
ਸਤਿਗੁਰੂ ਧੰਨੁ ਨਾਨਕੁ, ਮਸਤਕਿ ਤੁਮ ਧਰਿਓ ਜਿਨਿ ਹਥੋ ॥1॥

ਮਹਲੇ ਤੀਜੇ ਕੇ

ਸਵਈਏ ਮਹਲੇ ਤੀਜੇ ਕਿਆਂ ਦੇ ਅਰੰਭ ਵਿਚ ਫਿਰ ਇਹੀ ਭੱਟ ਆਖਦਾ ਹੈ:

ਸੋਈ ਪੁਰਖੁ ਸਿਵਰਿ ਸਾਚਾ, ਜਾ ਕੇ ਇਕੁ ਨਾਮੁ ਅਛਲੁ ਸੰਸਾਰੇ
ਜਿਨਿ ਭਗਤ ਭਵਜਲ ਤਾਰੇ, ਸਿਮਰਹੁ ਸੋਈ ਨਾਮੁ ਪਰਧਾਨੁ ॥
ਤਿਤੁ ਨਾਮਿ ਰਸਿਕੁ ਨਾਨਕੁ, ਲਹਿਣਾ ਥਾਪਿਓ ਜੇਨ ਸ੍ਰਬ ਸਿਧੀ ॥
ਕਵਿ ਜਨ ਕਲ੍ਯ੍ਯ ਸਬੁਧੀ, ਕੀਰਤਿ ਜਨ ਅਮਰਦਾਸ ਬਿਸ੍ਤਰੀਯਾ ॥1॥

ਭੱਟ 'ਕੀਰਤ' ਭੀ ਗੁਰ ਮਹਿਮਾ ਹੀ ਕਰਦਾ ਹੈ

ਇਸ ਤੋਂ ਅਗਲੇ ਭੱਟ 'ਜਾਲਪ' ਦੇ ਪੰਜੇ ਸਵਈਆਂ ਵਿਚ ਪ੍ਰਤੱਖ ਤੌਰ ਤੇ ਗੁਰੂ ਅਮਰਦਾਸ ਜੀ ਦੀ ਹੀ ਉਸਤਤਿ ਹੈ। ਅੱਗੇ ਆਉਂਦਾ ਹੈ ਭੱਟ 'ਕੀਰਤ'। ਇਸ ਦਾ ਪਹਿਲਾ ਸਵਈਆ ਸਾਫ਼ ਤੌਰ ਤੇ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਹੈ। ਜੇ ਭੱਟ ਕੀਰਤ ਨੇ ਮੰਗਲਾਚਰਣ ਵਜੋਂ ਅਕਾਲ ਪੁਰਖ ਦੀ ਕੁਝ ਉਸਤਤਿ ਕਰਨੀ ਹੁੰਦੀ, ਤਾਂ ਉਹ ਪਹਿਲੇ ਭੱਟ ਵਾਂਗ ਪਹਿਲੇ ਹੀ ਸਵਈਏ ਵਿਚ ਆ ਜਾਂਦੀ। ਸਰਸਰੀ ਤੌਰ ਤੇ ਦੂਜੇ ਸਵਈਏ ਦਾ ਪਾਠ ਕੀਤਿਆਂ ਭੁਲੇਖਾ ਲੱਗ ਜਾਂਦਾ ਹੈ ਕਿ ਇਥੇ ਅਕਾਲ ਪੁਰਖ ਦੀ ਉਪਮਾ ਹੈ:

ਆਪਿ ਨਰਾਇਣ ਕਲਾ ਧਾਰਿ, ਜਗ ਮਹਿ ਪਰਵਰਿਯਉ ॥
ਨਿਰੰਕਾਰਿ ਆਕਾਰੁ ਜੋਤਿ, ਜਗ ਮੰਡਲਿ ਕਰਿਯਉ ॥

ਇਹ ਸਾਰਾ ਸਵਈਆ ਗਹੁ ਨਾਲ ਪੜ੍ਹ ਕੇ ਜਦੋਂ ਇਸੇ ਹੀ ਭੱਟ ਦੇ ਚਉਥੇ ਸਵਈਏ ਦੀਆਂ ਅਖ਼ੀਰਲੀਆਂ ਦੋ ਤੁਕਾਂ ਪੜ੍ਹੀਏ ਤਾਂ ਦਿੱਸ ਪੈਂਦਾ ਹੈ ਕਿ ਭੱਟ ਕੀਰਤ ਦੇ ਨੇਤ੍ਰਾਂ ਵਿਚ 'ਅਕਾਲ ਪੁਰਖ' ਤੇ 'ਗੁਰੂ ਅਮਰਦਾਸ' ਇੱਕੋ ਰੂਪ ਹਨ:

ਅਗਮ ਅਲਖ ਕਾਰਣ ਪੁਰਖ, ਜੋ ਫੁਰਮਾਵਹਿ ਸੋ ਕਹਉ ॥
ਗੁਰ ਅਮਰਦਾਸ ਕਾਰਣ ਕਰਣ, ਜਿਵ ਤੂ ਰਖਹਿ ਤਿਵ ਰਹਉ ॥4॥18॥

ਸਵਈਏ ਮਹਲੇ ਚਉਥੇ ਕੇ

ਅੱਗੇ ਵੇਖੀਏ ਸਵਈਏ ਮਹਲੇ ਚਉਥੇ ਕੇ। ਪਹਿਲੇ ਹੀ ਸਵਈਏ ਵਿਚ ਭੱਟ 'ਕਲਸਹਾਰ' ਪਹਿਲਾਂ ਹੀ ਸਤਿਗੁਰੂ ਅੱਗੇ ਅਰਦਾਸ ਕਰਦਾ ਹੈ ਤੇ ਆਖਦਾ ਹੈ:

ਇਕ ਮਨਿ ਪੁਰਖੁ ਨਿਰੰਜਨੁ ਧਿਆਵਉ ॥ ਗੁਰ ਪ੍ਰਸਾਦਿ ਹਰਿ ਗੁਣ ਸਦ ਗਾਵਉ ॥
ਗੁਨ ਗਾਵਤ ਮਨਿ ਹੋਇ ਬਿਗਾਸਾ ॥ ਸਤਿਗੁਰ ਪੂਰਿ ਜਨਹ ਕੀ ਆਸਾ ॥

(ਅਰਥ: ਸਤਿਗੁਰ = ਹੇ ਸਤਿਗੁਰੂ!)।

ਇਹ ਵਰ ਮੰਗ ਕੇ, ਭੱਟ ਆਖਦਾ ਹੈ-ਮੈਂ ਉਸ ਗੁਰੂ (ਰਾਮਦਾਸ ਜੀ) ਦੇ ਗੁਣ ਗਾਉਂਦਾ ਹਾਂ ਜਿਸ ਦੀ ਚਰਨੀਂ ਲੱਗਿਆਂ ਦਲਿਦ੍ਰ ਨਹੀਂ ਚੰਬੜਦਾ:

ਸਤਿਗੁਰੁ ਸੇਵਿ ਪਰਮਪਦੁ ਪਾਯਉ ॥ ਅਬਿਨਾਸੀ ਅਬਿਗਤੁ ਧਿਆਯਉ ॥
ਤਿਸੁ ਭੇਟੇ ਦਾਰਿਦ੍ਰੁ ਨ ਚੰਪੈ ॥ ਕਲ੍ਯ੍ਯ ਸਹਾਰੁ ਤਾਸੁ ਗੁਣ ਜੰਪੈ ॥

ਇਸ ਤੋਂ ਅਗਾਂਹ 13 ਹੀ ਸਵਈਆਂ ਵਿਚ ਭੱਟ 'ਕਲਸਹਾਰ' ਗੁਰੂ ਰਾਮਦਾਸ ਜੀ ਦੀ ਵਡਿਆਈ ਕਰਦਾ ਹੈ। ਅੱਗੇ ਨਲ੍ਯ੍ਯ ਭੱਟ ਦੇ 16 ਸਵਈਆਂ ਵਿਚ ਭੀ ਕੇਵਲ 'ਗੁਰੂ' ਦੀ ਹੀ ਉਸਤਤਿ ਹੈ।

'ਕਲਸਹਾਰ' ਭੱਟਾਂ ਦਾ ਜਥੇਦਾਰ

ਹੁਣ ਆਉਂਦੇ ਹਨ 13 ਸਵਈਏ ਭੱਟ 'ਗਯੰਦ' ਦੇ, ਜਿਨ੍ਹਾਂ ਵਿਚ ਸ਼ਬਦ 'ਵਾਹਿਗੁਰੂ' ਸੰਬੰਧੀ ਮਤ-ਭੇਦ ਹੈ। ਇਹਨਾਂ ਸਵਈਆਂ ਤੇ ਵਿਚਾਰ ਕਰਨ ਤੋਂ ਪਹਿਲਾਂ ਇਥੇ ਇਹ ਦੱਸ ਦੇਣਾ ਜ਼ਰੂਰੀ ਜਾਪਦਾ ਹੈ ਕਿ ਬਾਕੀ ਦੇ ਸਵਈਆਂ ਨੂੰ ਭੀ ਗਹੁ ਨਾਲ ਪੜ੍ਹਿਆਂ ਇਕ ਗੱਲ ਸਾਫ਼ ਪ੍ਰਗਟ ਹੋ ਜਾਂਦੀ ਹੈ ਕਿ ਭੱਟ 'ਕਲਸਹਾਰ' ਤੋਂ ਬਿਨਾ ਹੋਰ ਕਿਸੇ ਭੱਟ ਨੇ ਮੰਗਲਾਚਰਣ ਵਜੋਂ ਕੋਈ ਤੁਕ ਨਹੀਂ ਉਚਾਰੀ, ਸਿੱਧੇ ਹੀ 'ਗੁਰੂ' ਦੀ ਉਸਤਤਿ ਸ਼ੁਰੂ ਕਰ ਦਿੱਤੀ ਹੈ। ਪਿੱਛੇ ਵਾਂਗ ਭੱਟ 'ਕੱਲਸਹਾਰ' ਨੇ ਹੀ ਪੰਜਵੇਂ ਗੁਰੂ ਜੀ ਦੀ ਵਡਿਆਈ ਕਰਨ ਵੇਲੇ ਪਹਿਲਾਂ 'ਅਕਾਲ ਪੁਰਖ' ਨੂੰ ਸਿਮਰਿਆ ਹੈ:

ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ ॥ ਜਿਸੁ ਸਿਮਰਤ ਦੁਰਮਤਿ ਮਲੁ ਨਾਸੀ ॥
ਸਤਿਗੁਰ ਚਰਨ ਕਵਲ ਰਿਦਿ ਧਾਰੰ ॥ ਗੁਰ ਅਰਜੁਨ ਗੁਣ ਸਹਜਿ ਬਿਚਾਰੰ ॥1॥

ਇਹ ਗੱਲ ਭੀ ਪਿੱਛੇ ਦਿੱਤੇ ਗਏ ਖ਼ਿਆਲ ਦੀ ਪ੍ਰੋੜ੍ਹਤਾ ਕਰਦੀ ਹੈ ਕਿ ਭੱਟ 'ਕਲਸਹਾਰ' ਇਸ ਜਥੇ ਦਾ ਜੱਥੇਦਾਰ ਸੀ; ਅਤੇ ਇਹ ਸਾਰੇ ਇਕੱਠੇ ਮਿਲ ਕੇ ਗੁਰੂ ਅਰਜਨ ਦੇਵ ਜੀ ਪਾਸ ਆਏ ਸਨ।

ਅਸੀਂ ਇਹ ਵੇਖ ਆਏ ਹਾਂ ਕਿ ਭੱਟਾਂ ਦਾ ਜੱਥੇਦਾਰ ਇਸ ਬਾਣੀ ਦਾ ਮੰਤਵ ਸਾਫ਼ 'ਗੁਰ-ਉਪਮਾ' ਦੱਸ ਰਿਹਾ ਹੈ। ਕੇਵਲ 'ਕਲਸਹਾਰ' ਨੇ ਹੀ 'ਗੁਰ-ਉਪਮਾ' ਕਰਨ ਵੇਲੇ 'ਅਕਾਲ ਪੁਰਖ' ਦੀ ਉਪਮਾ ਕੀਤੀ ਹੈ, ਉਹ ਭੀ ਆਪਣੇ ਸਵਈਆਂ ਦੇ ਕੇਵਲ ਅਰੰਭ ਵਿਚ।

ਭੱਟ ਗਯੰਦ ਦੇ ਸਵਈਏ

ਆਓ, ਹੁਣ ਭੱਟ 'ਗਯੰਦ' ਦੇ ਸਵਈਆਂ ਵੱਲ। ਇਹਨਾਂ ਦੀ ਵੰਡ ਤਿੰਨ ਹਿੱਸਿਆਂ ਵਿਚ ਹੈ; ਸਰਸਰੀ ਨਜ਼ਰ ਮਾਰਿਆਂ ਹੀ ਦਿੱਸ ਪੈਂਦਾ ਹੈ ਕਿ ਛੰਦ ਦੀ ਚਾਲ ਤੇ ਖ਼ਿਆਲ ਤਿੰਨੀਂ ਥਾਈਂ ਵਖੋ ਵਖ ਹਨ।

ਗਯੰਦ ਦੇ ਪਹਿਲੇ ਹਿੱਸੇ ਵਿਚ ਕੇਵਲ 'ਗੁਰ-ਉਪਮਾ' ਹੈ; ਦੂਜੇ ਹਿੱਸੇ ਦੇ ਤਿੰਨ ਸਵਈਏ ਛੱਡ ਕੇ ਅਖ਼ੀਰਲੇ ਦੋਹਾਂ ਵਿਚ ਫਿਰ 'ਗੁਰ-ਉਪਮਾ'। ਇਸ ਹਿੱਸੇ ਦੇ ਪਹਿਲੇ ਤਿੰਨ ਸਵਈਆਂ ਵਿਚ ਅਤੇ ਤੀਜੇ ਹਿੱਸੇ ਦੇ ਸਵਈਆਂ ਵਿਚ 'ਵਾਹਿਗੁਰੂ' ਦੀ ਉਸਤਤਿ ਆਖਣ ਦਾ ਭੁਲੇਖਾ ਕੇਵਲ ਇਸ ਵਾਸਤੇ ਲੱਗਦਾ ਹੈ ਕਿ ਸਾਹਿੱਤਕ ਤੌਰ ਤੇ ਵਧੀਕ ਖੋਜ ਕਰਨ ਦੀ ਲੋੜ ਹੈ।

ਦੂਜੇ ਹਿੱਸੇ ਵਿਚ 'ਗੁਰੂ' ਪਦ ਦੇ ਨਾਲਿ 'ਵਾਹਿ', 'ਸਤਿ' ਅਤੇ 'ਸਿਰੀ' ਪਦ ਵਰਤ ਕੇ ਹੇਠ-ਲਿਖੀਆਂ ਤਿੰਨ ਤੁਕਾਂ ਆਈਆਂ ਹਨ:

(1) ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ ਜੀਉ ॥1॥6॥,2॥7॥,3॥8॥

(2) ਸਤਿਗੁਰੂ ਸਤਿਗੁਰੂ ਸਤਿਗੁਰੁ ਗੁਬਿੰਦ ਜੀਉ ॥4॥9॥

(3) ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ ॥5॥10॥

ਇਸ ਵਿਚ ਤਾਂ ਕੋਈ ਸ਼ੱਕ ਨਹੀਂ ਕਿ ਸਵਈਆ ਨੰ: 4।9। ਅਤੇ 5।10। ਵਿਚ ਸ਼ਬਦ 'ਸਤਿਗੁਰੂ' ਅਤੇ 'ਸਿਰੀ ਗੁਰੂ' ਕੇਵਲ 'ਗੁਰੂ' ਵਾਸਤੇ ਹਨ। ਆਓ, ਹੁਣ ਇਹਨਾਂ ਸਵਈਆਂ ਵਿਚ ਕੀਤੀ ਗਈ ਗੁਰ-ਉਪਮਾ ਨੂੰ ਧਿਆਨ ਨਾਲ ਪੜ੍ਹੀਏ:

ਸਤਿਗੁਰੂ ਸਤਿਗੁਰੂ ਸਤਿਗੁਰੁ ਗੁਬਿੰਦ ਜੀਉ ॥
ਬਲਿਹਿ ਛਲਨ, ਸਬਲ ਮਲਨ, ਭਗ੍ਤਿ ਫਲਨ, ਕਾਨ੍ਹ੍ਹ ਕੁਅਰ,
ਨਿਹਕਲੰਕ, ਬਜੀ ਡੰਕ, ਚੜ੍ਹੂ ਦਲ ਰਵਿੰਦ ਜੀਉ ॥
ਰਾਮ ਰਵਣ, ਦੁਰਤ ਦਵਣ, ਸਕਲ ਭਵਣ ਕੁਸਲ ਕਰਣ, ਸਰਬ ਭੂਤ,
ਆਪਿ ਹੀ ਦੇਵਾਧਿ ਦੇਵ, ਸਹਸ ਮੁਖ ਫਨਿੰਦ ਜੀਉ ॥
ਜਰਮ ਕਰਮ ਮਛ ਕਛ ਹੁਅ ਬਰਾਹ,
ਜਮੁਨਾ ਜੈ ਕੂਲ, ਖੇਲੁ ਖੇਲਿਓ ਜਿਨਿ ਗਿੰਦ ਜੀਉ ॥
ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰ ਮਨ ਗਯੰਦ,
ਸਤਿਗੁਰੂ ਸਤਿਗੁਰੂ ਸਤਿਗੁਰੁ ਗੁਬਿੰਦ ਜੀਉ ॥4॥9॥

ਇਸ ਸਵਈਏ ਵਿਚ ਕੀਤੀ ਗਈ 'ਗੁਰ-ਉਪਮਾ' ਨੂੰ ਹੇਠ-ਲਿਖੇ ਸਵਈਏ ਨਾਲ ਟਕਰਾਓ; ਦੋਹਾਂ ਵਿਚ ਇਕੋ ਹੀ ਤਰੀਕਾ ਵਰਤਿਆ ਜਾ ਰਿਹਾ ਹੈ:

ਪੀਤ ਬਸਨ ਕੁੰਦ ਦਸਨ, ਪ੍ਰਿਆ ਸਹਿਤ ਕੰਠ ਮਾਲ,
ਮੁਕਟੁ ਸੀਸਿ, ਮੋਰ ਪੰਖ ਚਾਹਿ ਜੀਉ ॥
ਬੇਵਜੀਰ ਬਡੇ ਧੀਰ, ਧਰਮ ਅੰਗ ਅਲਖ ਅਗਮ,
ਖੇਲੁ ਕੀਆ ਆਪਣੈ ਉਛਾਹਿ ਜੀਉ ॥
ਅਕਥ ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ,
ਸੁਤਹ ਸਿਧ ਰੂਪੁ ਧਰਿਓ, ਸਾਹਨ ਕੈ ਸਾਹਿ ਜੀਉ ॥
ਸਤਿ ਸਾਚੁ ਸ੍ਰੀ ਨਿਵਾਸੁ, ਆਦਿ ਪੁਰਖੁ ਸਦਾ ਤੁਹੀ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥3॥8॥

ਇਹਨਾਂ ਦੋਹਾਂ ਸਵਈਆਂ ਵਿਚ ਉਪਮਾ ਕਰਦਿਆਂ 'ਸ੍ਰੀ ਕ੍ਰਿਸ਼ਨ-ਰੂਪ' ਦਾ ਜ਼ਿਕਰ ਕੀਤਾ ਗਿਆ ਹੈ; ਜੇ ਪਹਿਲੇ ਸਵਈਏ ਵਿਚ (ਸਤਿ-) 'ਗੁਰੂ' ਦੀ ਉਪਮਾ ਹੈ, ਤਾਂ ਦੂਜੇ ਵਿਚ ਭੀ 'ਗੁਰੂ' ਦੀ ਉਪਮਾ ਹੈ।

ਦੂਜੇ ਸਵਈਏ ਦੀ ਪਹਿਲੀ ਤੁਕ ਦੇ ਅੱਖਰਾਂ ਵੱਲ ਭੀ ਧਿਆਨ ਮਾਰਨ ਦੀ ਲੋੜ ਹੈ। ਅਖ਼ੀਰਲੇ ਸ਼ਬਦ ਹਨ-'ਵਾਹਿ ਜੀਉ'। ਸ਼ਬਦ 'ਵਾਹਿ' ਦਾ ਅਖ਼ੀਰ ਤੇ ਇਕੱਲਾ ਵਰਤਿਆ ਜਾਣਾ ਭੀ ਜ਼ਾਹਰ ਕਰਦਾ ਹੈ ਕਿ ਪਹਿਲਾਂ ਭੀ ਇਸ ਸ਼ਬਦ ਨੂੰ 'ਗੁਰੂ' ਸ਼ਬਦ ਨਾਲੋਂ ਵੱਖਰਾ ਹੀ ਵਰਤਣਾ ਹੈ। ਜਿਵੇਂ ਅਖ਼ੀਰ ਵਿਚ ਆਖਿਆ ਹੈ-ਹੇ 'ਜੀਉ'! ਤੂੰ 'ਵਾਹਿ' ਹੈਂ, ਇਸੇ ਤਰ੍ਹਾਂ ਪਹਿਲਾਂ ਭੀ ਇਹੀ ਹੈ-ਹੇ 'ਗੁਰੂ'! ਤੂੰ 'ਵਾਹਿ' ਹੈਂ।

ਗਯੰਦ ਦੇ ਅਖ਼ੀਰਲੇ ਤਿੰਨ ਸਵਈਏ

ਹੁਣ, ਆਓ, ਇਸ ਭੱਟ ਦੇ ਅਖ਼ੀਰਲੇ ਤਿੰਨ ਸਵਈਆਂ ਵੱਲ। ਇਹਨਾਂ ਵਿਚ 'ਵਾਹਿਗੁਰੂ' ਦੀ ਉਸਤਤਿ ਜਾਪਦੀ ਹੈ, ਪਰ ਪਿੱਛੇ ਦਸਿਆ ਜਾ ਚੁੱਕਿਆ ਹੈ ਕਿ ਕਿਸੇ ਭੀ ਭੱਟ ਨੇ ਇਹਨਾਂ ਸਵਈਆਂ ਵਿਚ 'ਵਾਹਿਗੁਰੂ' ਦੀ ਉਸਤਤਿ ਨੂੰ ਆਪਣਾ ਮੁਖ-ਮੰਤਵ ਨਹੀਂ ਰੱਖਿਆ, ਕੇਵਲ 'ਗੁਰੂ' ਦੀ ਉਪਮਾ ਕੀਤੀ ਹੈ।

ਕਈ ਸੱਜਣ ਇਤਰਾਜ਼ ਕਰਦੇ ਅਤੇ ਆਖਦੇ ਹਨ ਕਿ ਗੁਰੂ ਨੂੰ ਚਉਰਾਸੀਹ ਲਖ ਜੂਨਿ ਦਾ ਕਰਤਾ ਆਖਣਾ ਗੁਰਮਤਿ ਦੇ ਅਨੁਸਾਰ ਨਹੀਂ ਹੈ ਇਹਨਾਂ ਤਿੰਨਾਂ ਹੀ ਸਵਈਆਂ ਵਿਚ ਕੀਤੀ ਵਡਿਆਈ ਕੇਵਲ ਨਿਰੰਕਾਰ ਤੇ ਢੁਕਦੀ ਹੈ। ਇਸ ਇਤਰਾਜ਼ ਵਾਲੇ ਸੱਜਣਾਂ ਦਾ ਧਿਆਨ ਸੁਖਮਨੀ ਸਾਹਿਬ ਦੀ ਹੇਠ-ਲਿਖੀ ਪਉੜੀ ਵੱਲ ਦਿਵਾਇਆ ਜਾਂਦਾ ਹੈ:

ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥
ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥
ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥
ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥
ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥
ਬ੍ਰਹਮ ਗਿਆਨੀ ਕਾ ਸਗਲ ਅਕਾਰੁ ॥
ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥
ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥
ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥8॥8॥

ਇਕ ਹੋਰ ਗੱਲ ਭੀ ਵਿਚਾਰਨ-ਜੋਗ ਹੈ। ਆਓ, ਅਖ਼ੀਰਲੇ ਸਵਈਏ ਨੂੰ ਗਹੁ ਨਾਲ ਪੜ੍ਹੀਏ:

ਕੀਆ ਖੇਲੁ ਬਡ ਮੇਲੁ ਤਮਾਸਾ, ਵਾਹਿਗੁਰੂ, ਤੇਰੀ ਸਭ ਰਚਨਾ ॥
ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਯ੍ਯਾ, ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ॥
ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ, ਕਾਲ ਕਾ ਕਾਲੁ, ਨਿਰੰਜਨ ਜਚਨਾ ॥
ਗੁਰ ਪ੍ਰਸਾਦਿ ਪਾਈਐ ਪਰਮਾਰਥੁ, ਸਤ ਸੰਗਤਿ ਸੇਤੀ ਮਨੁ ਖਚਨਾ ॥
ਕੀਆ ਖੇਲੁ ਬਡ ਮੇਲੁ ਤਮਾਸਾ, ਵਾਹਗੁਰੂ ਤੇਰੀ ਸਭ ਰਚਨਾ ॥3॥13॥42॥

ਪਹਿਲੀ ਤੁਕ ਵਿਚ ਸ਼ਬਦ 'ਵਾਹਿ' 'ਗੁਰੂ' ਹਨ, ਅਤੇ ਅਖ਼ੀਰਲੀ ਤੁਕ ਵਿਚ 'ਵਾਹ' 'ਗੁਰੂ'। ਪਹਿਲੀ ਅਤੇ ਅਖ਼ੀਰਲੀ ਤੁਕ ਦੇ ਸ਼ਬਦਾਂ ਵਿਚ ਕੇਵਲ 'ਵਾਹਿ' ਅਤੇ 'ਵਾਹ' ਦਾ (ਿ) ਦਾ ਫ਼ਰਕ ਹੈ।

ਇਹਨਾਂ ਦੋ ਰੂਪਾਂ ਬਾਰੇ ਇਤਰਾਜ਼

'ਗੁਰਮੰਤ੍ਰ' ਸੰਬੰਧੀ ਵਿਚਾਰ ਕਰਦੇ ਹੋਏ ਇਕ ਸੱਜਣ ਆਪਣੇ ਲੇਖ ਵਿਚ ਇਉਂ ਲਿਖਦੇ ਹਨ: "ਜਦ ਭੱਟ-ਬਾਣੀ ਨੂੰ ਖੋਜੀਏ ਤਾਂ ਉਸ ਵਿਚ ਭੀ ਦੋ ਸ਼ਬਦ ਹਨ-'ਵਾਹਿਗੁਰੂ' ਅਤੇ 'ਵਾਹਗੁਰੂ'। ਸੋ, ਦੋਨਾਂ ਵਿਚ ਕੇਹੜਾ ਸਹੀ ਹੋਇਆ? ਇਸ ਤੋਂ ਸਾਬਤ ਹੈ ਕਿ ਭੱਟ ਆਪ ਹੀ ਦੁਬਿਧਾ ਵਿਚ ਨਹੀਂ ਪਏ ਹੋਏ, ਬਲਕਿ ਹੋਰਨਾਂ ਨੂੰ ਭੀ ਸੰਸੇ ਵਿਚ ਪਾਉਂਦੇ ਨੇ, ਕਿਉਂਕਿ ਦੋ 'ਗੁਰਮੰਤ੍ਰ ਕਿਵੇਂ ਸਿਧ ਹੋਏ?" (ਨੋਟ: ਪਾਠਕ ਸੱਜਣ ਚੇਤੇ ਰੱਖਣ ਕਿ ਅਸੀਂ ਪਿਛਲੀ ਵਿਚਾਰ ਵਿਚ 'ਵਾਹਿ' ਅਤੇ 'ਵਾਹ' ਨੂੰ 'ਗੁਰੂ' ਨਾਲੋਂ ਵੱਖਰਾ ਨਿਸਚੇ ਕਰ ਚੁਕੇ ਹਾਂ।)

ਬੋਲੀ ਸਦਾ ਬਦਲਦੀ

ਜੋ ਸੱਜਣ ਕਿਸੇ 'ਬੋਲੀ' ਨੂੰ ਅਤੇ ਉਸ ਦੀਆਂ ਤਬਦੀਲੀਆਂ ਨੂੰ ਗਹੁ ਨਾਲ ਵਿਚਾਰਦੇ ਹਨ, ਉਹ ਜਾਣਦੇ ਹਨ ਕਿ ਹਰੇਕ ਦੇਸ ਦੀ ਬੋਲੀ ਸਮੇ ਅਨੁਸਾਰ ਬਦਲਦੀ ਆਈ ਹੈ। ਸ਼ਬਦਾਂ ਦੀ ਸ਼ਕਲ, ਇਹਨਾਂ ਦੇ ਜੋੜ, ਲਿੰਗ ਅਤੇ ਉਹਨਾਂ ਦਾ ਆਪੋ ਵਿਚ ਰਲਾ ਕੇ ਵਰਤਿਆ ਜਾਣਾ-ਇਹਨਾਂ ਸਭਨਾਂ ਵਿਚ ਸੁਤੇ ਹੀ ਫ਼ਰਕ ਪੈਂਦਾ ਰਹਿੰਦਾ ਹੈ। ਸੋ, ਜੇ ਕਿਸੇ ਸਮੇ ਕਿਸੇ ਬਾਣੀ ਵਿਚ ਕਿਸੇ ਸ਼ਬਦ (ਲਫ਼ਜ਼) ਦੇ ਵਖੋ ਵਖਰੇ ਰੂਪ, ਜਾਂ, ਵਖੋ ਵਖਰੇ ਲਿੰਗ ਵਰਤੇ ਹੋਏ ਮਿਲਣ, ਤਾਂ ਓਥੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਸ ਬਾਣੀ ਦੇ ਉਚਾਰਨ ਵਾਲੇ ਮਹਾਂ ਪੁਰਖ 'ਦੁਬਿਧਾ' ਵਿਚ ਪਏ ਹੋਏ ਹਨ।

ਉਦਾਹਰਣ

ਇਸ ਵਿਚਾਰ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ, ਆਓ, ਇਕ ਦੋ ਉਦਾਹਰਣ ਲੈ ਕੇ ਵੇਖੀਏ:

(1) 'ਪਉਣੁ'; ਸੰਸਕ੍ਰਿਤ 'पवन' (ਪਵਨ) ਤੋਂ 'ਪਉਣ' ਪ੍ਰਕ੍ਰਿਤ ਰੂਪ ਹੈ। ਸੰਸਕ੍ਰਿਤ ਵਿਚ ਇਹ ਸ਼ਬਦ 'ਪੁਲਿੰਗ' (Masculine Gender) ਹੈ; ਪ੍ਰਾਕ੍ਰਿਤ ਵਿਚ ਭੀ ਪੁਲਿੰਗ ਹੀ ਰਿਹਾ ਹੈ, ਅਤੇ ਪੁਰਾਣੀ ਪੰਜਾਬੀ ਵਿਚ ਭੀ ਕੁਝ ਸਮਾ ਪੁਲਿੰਗ ਹੀ ਰਿਹਾ। ਪਰ ਸਹਜੇ ਸਹਜੇ ਇਹ ਇਸਤ੍ਰੀ ਲਿੰਗ (Feminine Gender) ਵਿਚ ਵਰਤੀਣਾ ਸ਼ੁਰੂ ਹੋਇਆ; ਆਖ਼ਰ ਅੱਜ ਕੱਲ ਇਹ ਮੁਕੰਮਲ ਤੌਰ ਤੇ ਇਸਤ੍ਰੀ ਲਿੰਗ ਸ਼ਬਦ ਹੈ।

"ਪਵਣੁ ਗੁਰੂ ਪਾਣੀ ਪਿਤਾ"-ਇਥੇ 'ਪਵਣੁ' (ਪਉਣ) ਪੁਲਿੰਗ ਹੈ। 'ਕੰਨੀ ਬੁਜੇ ਦੇ ਰਹਾ, ਕਿਤੀ ਵਗੈ ਪਉਣ'-ਇਥੇ ਸ਼ਬਦ 'ਪਉਣ' ਇਸਤ੍ਰੀ ਲਿੰਗ ਹੋ ਗਿਆ, ਭਾਵੇਂ ਇਸ ਦੇ ਰੂਪ ਵਿਚ ਕੋਈ ਫ਼ਰਕ ਨਹੀਂ ਆਇਆ।

(2) 'ਰੇਣੁ', ਇਹ ਸ਼ਬਦ ਭੀ ਸੰਸਕ੍ਰਿਤ ਦਾ 'रेणु' ਹੈ; ਓਥੇ ਇਹ ਪੁਲਿੰਗ ਅਤੇ ਇਸਤ੍ਰੀ ਲਿੰਗ ਦੋਹਾਂ ਵਿਚ ਹੀ ਵਰਤਿਆ ਜਾਂਦਾ ਹੈ। ਪੁਰਾਣੀ ਪੰਜਾਬੀ ਵਿਚ ਇਹ ਕੇਵਲ ਇਸਤ੍ਰੀ ਲਿੰਗ ਰਹਿ ਗਿਆ। ਨਿਰਾ ਇਹੀ ਨਹੀਂ ਰੂਪ ਵੀ ਚਾਰ ਹੋ ਗਏ-ਰੇਣੁ, ਰੇਣ, ਰੇਨੁ, ਰੇਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਈ ਪ੍ਰਮਾਣ ਇਹਨਾਂ ਸੰਬੰਧੀ ਮਿਲ ਸਕਦੇ ਹਨ।

(3) ਇਸ ਵਿਚਾਰ ਦੇ ਸਬੰਧ ਵਿਚ ਹੇਠ-ਲਿਖਿਆ ਸ਼ਲੋਕ ਬਹੁਤ ਸੁਆਦਲਾ ਹੋਵੇਗਾ:

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥
ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥...
ਵਿਚਿ ਉਪਾਏ ਸਾਇਰਾ ਤਿਨਾ ਭੀ ਸਾਰ ਕਰੇਇ ॥
ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ ॥1॥18॥ (ਸਲੋਕ ਮ: 2, ਰਾਮਕਲੀ ਕੀ ਵਾਰ ਮ: 3

ਇਸ ਸ਼ਲੋਕ ਦੀ ਪਹਿਲੀ ਅਤੇ ਅਖ਼ੀਰਲੀ ਤੁਕ ਵਿਚ ਕੇਵਲ ਸ਼ਬਦ 'ਮਤਿ' ਅਤੇ 'ਮਤ' ਦੀ (ਿ) ਦਾ ਹੀ ਫ਼ਰਕ ਹੈ। ਕਿਉਂ? ਇਸ ਵਾਸਤੇ ਕਿ ਤਦੋਂ ਬੋਲੀ ਵਿਚ ਇਸ ਸ਼ਬਦ ਦੇ ਦੋਵੇਂ ਜੋੜ ('ਮਤਿ' ਅਤੇ 'ਮਤ') ਪ੍ਰਚਲਤ ਸਨ।

(4) ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ ॥ . . .
ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ ॥3॥2॥ (ਵਡਹੰਸ ਮ: 1, ਅਲਾਹਣੀਆ

ਇਥੇ ਭੀ ਪਹਿਲੀ ਅਤੇ ਅਖ਼ੀਰਲੀ ਤੁਕ ਵਿਚ ਕੇਵਲ ਸ਼ਬਦ 'ਮਰਨਿ' ਅਤੇ 'ਮਰਹਿ' ਦੇ 'ਨ' ਅਤੇ 'ਹ' ਦਾ ਫ਼ਰਕ ਹੈ। ਕਾਰਨ ਉਹੀ ਹੈ ਕਿ ਦੋਵੇਂ ਰੂਪ ਪ੍ਰਚਲਤ ਸਨ।

(5) ਸੰਸਕ੍ਰਿਤ ਸ਼ਬਦ 'ਧਨਯ' (धन्य) ਦੇ ਪੰਜ ਰੂਪ ਪੁਰਾਣੀ ਪੰਜਾਬੀ ਵਿਚ ਪ੍ਰਚਲਤ ਸਨ। ਇਹਨਾਂ ਦੇ ਵਰਤਣ ਵਿਚ ਭੀ ਕੋਈ ਭਿੰਨ-ਭੇਦ ਨਹੀਂ ਸੀ; ਇਕ ਵਚਨ, ਪੁਲਿੰਗ, ਇਸਤ੍ਰੀ ਲਿੰਗ, ਸਭ ਵਾਸਤੇ ਇਕੋ ਜਿਹੇ ਵਰਤੇ ਜਾਂਦੇ ਹਨ:

ਕੁਝ ਪ੍ਰਮਾਣ:

ਧੰਨਿ ਸੁ ਥਾਨੁ ਧੰਨਿ ਓਇ ਭਵਨਾ ਜਾ ਮਹਿ ਸੰਤ ਬਸਾਰੇ ॥
ਜਨ ਨਾਨਕ ਕੀ ਸਰਧਾ ਪੂਰਹੁ ਠਾਕੁਰ ਭਗਤ ਤੇਰੇ ਨਮਸਕਾਰੇ ॥2॥9॥40॥ . . . (ਧਨਾਸਰੀ ਮ: 5

ਧਨੁ ਸੁ ਮਾਣਸ ਦੇਹੀ ਪਾਈ ਜਿਤੁ ਪ੍ਰਭਿ ਅਪਨੈ ਮੈਲਿ ਲੀਓ ॥
ਧੰਨ ਸੁ ਕਲਿਜੁਗੁ ਸਾਧਸੰਗਿ ਕੀਰਤਨੁ ਗਾਈਐ ਨਾਨਕ ਨਾਮੁ ਅਧਾਰੁ ਹੀਓ ॥4॥8॥47॥ (ਆਸਾ ਮ: 5

ਧਨੁ ਓਹੁ ਮਸਤਕੁ ਧਨੁ ਤੇਰੇ ਨੇਤ ॥ ਧਨੁ ਓਇ ਭਗਤ ਜਿਨ ਤੁਮ ਸੰਗਿ ਹੇਤ ॥1॥104॥173॥(ਗਉੜੀ ਮ: 5

ਕੋਈ ਦੁਬਿਧਾ ਨਹੀਂ

ਇਸ ਵਿਚਾਰ ਤੋਂ ਸਾਫ਼ ਸਿੱਧ ਹੈ ਕਿ ਜਿਵੇਂ ਇਹ ਉੱਪਰ ਦਿੱਤੇ ਸ਼ਬਦ ਸਮੇ-ਅਨੁਸਾਰ ਰੂਪ ਵਟਾਉਂਦੇ ਗਏ, ਇਵੇਂ ਸ਼ਬਦ 'ਵਾਹ' ਨੇ ਭੀ ਦੂਜਾ ਰੂਪ 'ਵਾਹਿ' ਲੈ ਲਿਆ ਅਤੇ ਭੱਟ ਇਹਨਾਂ ਦੋਹਾਂ ਰੂਪਾਂ ਨੂੰ ਵਰਤਣ ਵੇਲੇ ਕਿਸੇ 'ਦੁਬਿਧਾ' ਵਿਚ ਨਹੀਂ ਪਏ, ਤੇ ਨਾਹ ਹੋਰਨਾਂ ਨੂੰ ਕਿਸੇ ਸੰਸੇ ਵਿਚ ਪਾ ਗਏ ਹਨ।

ਕਾਹਲੀ ਅੱਗੇ ਟੋਏ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 6 ਗੁਰ-ਮਹਲਾਂ ਤੋਂ ਛੁਟ ਹੋਰ ਭੀ ਕਈ ਅਰਸ਼ੀ ਵਿਅਕਤੀਆਂ ਦੀ ਬਾਣੀ ਦਰਜ ਹੈ। ਇਕ ਤਾਂ, ਇਹਨਾਂ ਵਿਚੋਂ ਬਹੁਤ ਸਾਰੇ ਪੰਜਾਬ ਤੋਂ ਬਾਹਰ ਦੇ ਰਹਿਣ ਵਾਲੇ ਹੋਣ ਕਰ ਕੇ ਇਹਨਾਂ ਦੀ ਬਾਣੀ ਪੰਜਾਬੀਆਂ ਵਾਸਤੇ ਕੁਝ ਕਠਨ ਹੈ, ਦੂਜੇ, ਉਸ ਵੇਲੇ ਦੀ ਪੰਜਾਬੀ ਬੋਲੀ ਭੀ ਕੁਝ ਹੋਰ ਢੰਗ ਦੀ ਸੀ, ਜਿਸ ਨੂੰ ਹੁਣ ਸਮਝਣ ਵਾਸਤੇ ਖ਼ਾਸ ਉੱਦਮ ਦੀ ਲੋੜ ਪ੍ਰਤੀਤ ਹੋ ਰਹੀ ਹੈ। ਸੋ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਦੇ ਅਰਥ-ਭਾਵ ਨੂੰ ਸਮਝਣ ਵਿਚ ਕਈ ਮਤ-ਭੇਦ ਪੈਦਾ ਹੋ ਰਹੇ ਹਨ।

ਹਰੇਕ ਸੱਜਣ ਦੀ ਆਪੋ ਆਪਣੀ ਮਿਨਹਤ, ਖੋਜ ਤੇ ਵਿਦਿਆ ਦੇ ਅਧਾਰ ਤੇ ਇਹ ਮਤ-ਭੇਦ ਤਾਂ ਟਿਕੇ ਹੀ ਰਹਿਣੇ ਹਨ, ਪਰ ਜੇ ਵਿਦਵਾਨ ਸੱਜਣ ਮਿਲਵੀਂ ਵਿਚਾਰ ਨਾਲ ਹੰਭਲਾ ਮਾਰਨ, ਤਾਂ ਸ਼ਾਇਦ ਮੌਜੂਦਾ ਵਧ-ਰਹੀ ਵਿਖੇਪਤਾ ਕਾਫ਼ੀ ਹੱਦ ਤੱਕ ਘਟ ਜਾਏ। ਪਰ ਇਹ ਗੱਲ ਤਾਂ ਡਾਢੀ ਅਸਚਰਜ ਤੇ ਕਾਹਲੀ ਵਾਲੀ ਜਾਪਦੀ ਹੈ, ਕਿ ਇਸ ਪਾਸੇ ਲੁੜੀਂਦਾ ਸਾਂਝਾ ਬਲ ਵਰਤਣ ਦੇ ਥਾਂ ਕੁਝ ਸੱਜਣ ਆਪਣੀ ਇਕ-ਪਾਸੀ ਵਿਚਾਰ ਦੇ ਆਸਰੇ ਇਹ ਸ਼ੱਕ ਸ਼ੁਰੂ ਕਰ ਦੇਣ ਕਿ ਜਿਸ ਜਿਸ ਬਾਣੀ ਨੂੰ ਉਹ ਮੌਜੂਦਾ ਪੰਜਾਬੀ ਬੋਲੀ ਦੇ ਅਧਾਰ ਤੇ ਗੁਰਮਤਿ-ਅਨੁਸਾਰ ਨਹੀਂ ਦ੍ਰਿੜ ਕਰ ਸਕੇ, ਉਹ ਸ਼ਾਇਦ ਮਿਲਾਵਟ ਹੈ। ਕੌਮ ਦਾ ਧਿਆਨ ਗੁਰਮਤਿ-ਖੋਜ ਵਲ ਲਾਉਣਾ-ਇਹ ਇਕ ਸ਼ਲਾਘਾ ਯੋਗ ਉੱਦਮ ਹੈ, ਪਰ ਇਸ ਖੋਜ ਵਿਚ ਲੱਗੇ ਹੋਏ ਪਿਆਰਿਆਂ ਨੂੰ ਇਹ ਚੇਤਾ ਭੀ ਰੱਖਣਾ ਚਾਹੀਦਾ ਹੈ ਕਿ ਇਸ ਬਾਣੀ ਦੀ ਬੋਲੀ ਅੱਜ ਤੋਂ ਚਾਰ ਪੰਜ ਸੌ ਸਾਲ ਪਹਿਲਾਂ ਦੀ ਹੈ, ਇਸ ਦੀ ਸਫਲ ਖੋਜ ਤਾਂ ਹੀ ਹੋ ਸਕਦੀ ਹੈ ਜੇ ਸਾਹਿੱਤਕ ਤੌਰ ਤੇ ਕੀਤੀ ਜਾਏ।

ਇਹ ਗੱਲ ਭੀ ਕੁਝ ਗੁੱਝੀ-ਛਿਪੀ ਨਹੀਂ ਹੈ ਕਿ ਸਾਹਿੱਤ ਦੀ ਖੋਜ ਦੇ ਢੰਗ ਅਸੀਂ ਲੋਕ ਪੱਛਮ ਤੋਂ ਹੁਣ ਸਿੱਖ ਰਹੇ ਹਾਂ, ਸਾਡੇ ਦੇਸ ਵਿਚ ਇਹ ਰਿਵਾਜ ਨਹੀਂ ਸੀ। ਸੋ, ਜੇ ਇਸ ਨਵੀਂ ਰੌਸ਼ਨੀ ਵਾਲੇ ਵਿਦਵਾਨ ਸੱਜਣ ਇਸ ਮਹਾਨ ਵੱਡੇ ਕੰਮ ਨੂੰ ਆਪਣੇ ਹੱਥ ਵਿਚ ਲੈਣ, ਤਾਂ ਨਿਰਸੰਦੇਹ ਇਹ ਇਕ ਉੱਚੀ ਸੇਵਾ ਹੋਵੇਗੀ।

ਵਿਆਕਰਣਿਕ ਵੰਨਗੀ

ਭੱਟਾਂ ਦੇ ਸਵਈਆਂ ਦੀ ਖੋਜ ਕਰਨ ਵਾਲੇ ਕਈ ਸੱਜਣਾਂ ਵਲੋਂ ਇਹ ਖ਼ਿਆਲ ਪਰਗਟ ਕੀਤੇ ਜਾ ਰਹੇ ਹਨ ਕਿ ਇਸ ਬਾਣੀ ਵਿਚ 'ਗੁਰੂ' ਦੀ, 'ਗੁਰ-ਵਿਅਕਤੀ' ਦੀ ਉਪਮਾ ਹੈ ਗੁਰਮਤਿ ਦਾ ਇਹ ਮਨੋਰਥ ਨਹੀਂ ਹੈ।

ਆਓ, ਇਸ ਅੰਕ ਵਿਚ ਇਸੇ ਗੱਲ ਤੇ ਵਿਚਾਰ ਕਰੀਏ। ਇਹ ਤਾਂ ਦੱਸਿਆ ਜਾ ਚੁਕਿਆ ਹੈ ਕਿ ਪੁਰਾਤਨ ਪੰਜਾਬੀ ਵਿਚ ਵਿਆਕਰਣਿਕ ਨਿਯਮ ਕੁਝ ਹੋਰ ਤਰ੍ਹਾਂ ਦੇ ਸਨ, ਉਹਨਾਂ ਵਿਚੋਂ ਇੱਕ ਨਿਯਮ ਨੂੰ (ਜਿਸ ਦੀ ਇਸ ਵਿਚਾਰ ਵਿਚ ਲੋੜ ਪੈਣੀ ਹੈ) ਸਮਝਾਉਣ ਵਾਸਤੇ ਪਹਿਲਾਂ ਕੁਝ ਪ੍ਰਮਾਣ ਉਦਾਹਰਣ ਵਲੋਂ ਦਿੱਤੇ ਜਾਂਦੇ ਹਨ:

(1) ਰਾਮੁ ਝੁਰੈ ਦਲ ਮੇਲਵੈ, ਅੰਤਰਿ ਬਲੁ ਅਧਿਕਾਰ ॥
. . ਬੰਤਰ ਕੀ ਸੈਨਾ ਸੇਵੀਐ, ਮਨਿ ਤਨਿ ਜੁਝੁ ਅਪਾਰੁ ॥25॥ . . . . (ਸਲੋਕ ਵਾਰਾਂ ਤੇ ਵਧੀਕ, ਮ: 1

(ਪ੍ਰ:) ਕੌਣ ਝੁਰੈ?

(ਉ) ਰਾਮ। 'ਰਾਮੁ' ਕਰਤਾ ਕਾਰਕ, ਇੱਕ-ਵਚਨ।

(2) ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥5॥ . . . . (ਸਲੋਕ ਵਾਰਾਂ ਤੇ ਵਧੀਕ, ਮ: 1

(ਪ੍ਰ:) ਕੌਣ ਨਾ ਰਹਿਆ?

(ਉ) ਕੋਈ 'ਮਿਤੁ'। 'ਮਿਤੁ' ਕਰਤਾ ਕਾਰਕ, ਇੱਕ-ਵਚਨ।

(3) ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ ॥
. . ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ ॥72॥ . . . . (ਸਲੋਕ ਫਰੀਦ ਜੀ

(ਪ੍ਰ) ਕੌਣ ਨਾ ਨਿਵੈ?

(ਉ) ਜੋ 'ਸਿਰੁ' ਕਰਤਾ ਕਾਰਕ, ਇੱਕ-ਵਚਨ।

(4) ਫਰੀਦਾ ਖਾਲਕੁ ਖਲਕ ਮਹਿ, ਖਲਕ ਵਸੈ ਰਬ ਮਾਹਿ ॥
. . ਮੰਦਾ ਕਿਸ ਨੋ ਆਖੀਐ, ਜਾਂ ਤਿਸੁ ਬਿਨੁ ਕੋਈ ਨਾਹਿ ॥75॥ . . . . (ਮ: 5, ਸਲੋਕ ਫਰੀਦ ਜੀ

(ਪ੍ਰ) ਕੌਣ ਵਸੈ?

. . 'ਖਾਲਕੁ'। 'ਖਾਲਕੁ' ਕਰਤਾ ਕਾਰਕ, ਇੱਕ-ਵਚਨ।

(5) ਜਾਚਿਕੁ ਨਾਮੁ ਜਾਚੈ ਜਾਚੈ ॥
. . ਸਰਬ ਧਾਰ ਸਰਬ ਕੇ ਨਾਇਕ, ਸੁਖ ਸਮੂਹ ਕੇ ਦਾਤੇ ॥1॥ਰਹਾਉ॥2॥ . . . . (ਕਲਿਆਨੁ ਮ: 5 ਘਰੁ 1

(ਪ੍ਰ) ਕਉਣ ਜਾਚੈ?

(ਉ) 'ਜਾਚਿਕੁ'। 'ਜਾਚਿਕ' ਕਰਤਾ ਕਾਰਕ, ਇੱਕ-ਵਚਨ।

(6) ਮੇਰਾ ਮਨੁ ਸਾਧ ਜਨਾਂ ਮਿਲਿ ਹਰਿਆ ॥
. . ਹਉ ਬਲਿ ਬਲਿ, ਬਲਿ ਬਲਿ ਸਾਧ ਜਨਾਂ ਕਉ, ਮਿਲਿ ਸੰਗਤਿ ਪਾਰਿ ਉਤਰਿਆ ॥1॥ਰਹਾਉ॥1॥ (ਕਾਨੜਾ ਮ: 4 ਘਰੁ 1

(ਪ੍ਰ) ਕੌਣ ਹਰਿਆ (ਹੋਆ)?

(ਉ) ਮੇਰਾ 'ਮਨੁ'। 'ਮਨੁ' ਕਰਤਾ ਕਾਰਕ, ਇੱਕ-ਵਚਨ।

(7) ਹਰਿ ਬਿਨੁ ਕਿਉ ਰਹੀਐ ਦੁਖੁ ਬਿਆਪੈ ॥
. . ਜਿਹਵਾ ਸਾਦੁ ਨ, ਫੀਕੀ ਰਸ ਬਿਨੁ ਬਿਨੁ ਪ੍ਰਭ ਕਾਲੁ ਸੰਤਾਪੈ ॥1॥ਰਹਾਉ ॥2॥ . . . . (ਸਾਰਗ ਮ: 1 ਘਰੁ

(ਪ੍ਰ:) ਕੌਣ ਸੰਤਾਪੈ?

(ਉ) 'ਕਾਲੁ'। 'ਕਾਲੁ' ਕਰਤਾ ਕਾਰਕ, ਇੱਕ-ਵਚਨ।

(ਪ੍ਰ) ਕੌਣ ਬਿਆਪੈ?

(ੳ) 'ਦੁਖੁ'। 'ਦੁਖੁ' ਕਰਤਾ ਕਾਰਕ, ਇੱਕ-ਵਚਨ।

ਉਪਰ-ਦਿੱਤੇ ਪ੍ਰਮਾਣਾਂ ਵਿਚ ਲਫ਼ਜ਼ 'ਰਾਮੁ', 'ਮਿਤੁ', 'ਸਿਰ', 'ਖਾਲਕੁ' 'ਜਾਚਿਕੁ', 'ਮਨੁ', 'ਕਾਲੁ' ਅਤੇ 'ਦੁਖੁ' ਵਿਆਕਰਣ ਅਨੁਸਾਰ 'ਕਰਤਾ ਕਾਰਕ', ਇੱਕ-ਵਚਨ ਹਨ। ਇਹ ਸਾਰੇ ਹੀ ਮੁਕਤਾ-ਅੰਤ ਪੁਲਿੰਗ ਭੀ ਹਨ, ਹਰੇਕ ਦੇ ਅੰਤ ਵਿਚ (ੁ) ਹੈ।

ਕਰਤਾ ਕਾਰਕ ਇੱਕ ਵਚਨ ਦਾ ਚਿਹਨ (ੁ):

ਨੋਟ: ਇਹ ਅੰਤਲਾ (ੁ) ਮੁਕਤਾ-ਅੰਤ ਪੁਲਿੰਗ ਸ਼ਬਦਾਂ ਦੇ ਕਰਤਾ ਕਾਰਕ ਇੱਕ-ਵਚਨ ਦਾ ਚਿਹਨ ਹੈ।

ਆਓ, ਹੁਣ ਵੇਖੀਏ, ਇਹ ਨਿਯਮ ਮਨ-ਘੜਤ ਹੀ ਹੈ, ਜਾਂ ਬੋਲੀ ਦੇ ਇਤਿਹਾਸ ਨਾਲ ਇਸ ਦਾ ਕੋਈ ਡੂੰਘਾ ਸੰਬੰਧ ਹੈ।

ਸੰਸਕ੍ਰਿਤ ਧਾਤੂ 'ਯਾ' (या) ਦਾ ਅਰਥ ਹੈ 'ਜਾਣਾ'। ਵਾਕ 'ਰਾਮ ਜਾਂਦਾ ਹੈ' ਨੂੰ ਸੰਸਕ੍ਰਿਤ ਵਿਚ ਅਸੀਂ ਇਉਂ ਲਿਖਾਂਗੇ।

रामो याति (ਰਾਮੋ ਯਾਤਿ)

ਸੰਸਕ੍ਰਿਤ ਵਿਚ ਕਰਤਾ ਕਾਰਕ ਇੱਕ-ਵਚਨ ਦਾ ਚਿਹਨ 'स्' (:) ਹੈ, ਜੋ ਕਈ ਥਾਈਂ ਕਿਸੇ ਲਫ਼ਜ਼ ਦੇ ਅੰਤ ਵਿਚ 'उ' (ੁ) ਬਣ ਜਾਂਦਾ ਹੈ। ਜਿਸ ਅੱਖਰ ਨੂੰ ਪੰਜਾਬੀ ਵਿਚ ਅਸੀਂ ਮੁਕਤਾ-ਅੰਤ ਆਖਦੇ ਹਾਂ, ਸੰਸਕ੍ਰਿਤ ਵਿਚ ਉਸ ਦੇ ਅੰਤ ਵਿਚ 'ਅ' (अ) ਸਮਝਿਆ ਜਾਂਦਾ ਹੈ, 'ਰਾਮ' (राम) ਸ਼ਬਦ ਦੇ ਅੰਤਲੇ 'ਮ' (म) ਦੇ ਵਿਚ 'ਅ' (अ) ਭੀ ਸ਼ਾਮਲ ਹੈ।

'रामो याति (ਰਾਮੋ ਯਾਤਿ)' ਅਸਲ ਵਿਚ ਪਹਿਲਾਂ ਇਉਂ ਹੈ: रामः याति (ਰਾਮ ਯਾਤਿ)।

रामः (ਰਾਮ:) ਦਾ ਅੰਤਲਾ ਚਿਹਨ 'उ' (ੁ) ਬਣ ਕੇ ਲਫ਼ਜ਼ 'ਰਾਮ' (राम) ਦੇ ਅੰਤਲੇ 'ਅ' (अ) ਦੇ ਨਾਲ ਮਿਲ ਕੇ 'ਓ' (ओ) ਬਣ ਜਾਂਦਾ ਹੈ, ਤੇ ਸਾਰਾ ਵਾਕ 'रामो याति (ਰਾਮੋ ਯਾਤਿ)' ਹੋ ਗਿਆ ਹੈ।

ਪਰ 'ਪ੍ਰਾਕ੍ਰਿਤ' ਵਿਚ ਅੱਖਰਾਂ ਦੇ ਅੰਤਲੇ 'ਅ' ਦੀ ਵੱਖਰੀ ਹਸਤੀ ਨਹੀਂ ਮੰਨੀ ਗਈ। ਸੋ (:) ਦੇ (ੁ) ਬਣਨ ਤੇ, ਇਹ (ੁ) ਪਹਿਲੇ ਅੱਖਰ ਦੇ ਨਾਲ ਸਿੱਧਾ ਹੀ ਵਰਤਿਆ ਗਿਆ। ਸੰਸਕ੍ਰਿਤ ਦਾ ਸ਼ਬਦ 'रामो' (ਰਾਮੋ) ਪ੍ਰਾਕ੍ਰਿਤ ਵਿਚ 'रामु' (ਰਾਮੁ) ਹੋ ਗਿਆ।

ਸੰਸਕ੍ਰਿਤ ਦੇ ਕਈ ਸ਼ਬਦਾਂ ਦਾ ਮੁੱਢਲਾ 'ਯ' (य), ਪ੍ਰਾਕ੍ਰਿਤ ਅਤੇ ਪੰਜਾਬੀ ਵਿਚ 'ਜ' (ज) ਬਣ ਗਿਆ, ਕਿਉਂਕਿ 'ਜ' ਅਤੇ 'ਯ' ਦਾ ਉੱਚਾਰਨ-ਅਸਥਾਨ ਇੱਕੋ ਹੀ ਹੈ (ਜੀਭ ਨੂੰ ਤਾਲੂ ਦੇ ਨਾਲ ਲਗਾਉਣਾ), ਜਿਵੇਂ:

यव (ਯਵ) = ਜਉਂ।
यमुना (ਯਮੁਨਾ) = ਜਮੁਨਾ।
यज्ञ (ਯਗਸ) = ਜੱਗ।
यति (ਯਤਿ) = ਜਤੀ।

ਇਸੇ ਤਰ੍ਹਾਂ ਵਾਕ 'रामो याति (ਰਾਮੋ ਯਾਤਿ)' ਦੇ 'ਯਾਤਿ' ਦਾ 'ਯ' 'ਜ' ਬਣ ਕੇ ਸਾਰਾ ਵਾਕ ਪ੍ਰਾਕ੍ਰਿਤ ਵਿਚ ਇਉਂ ਹੋ ਗਿਆ:

रामु यादि (ਰਾਮੁ ਜਾਦਿ)।

ਇਹ ਵਾਕ ਪੁਰਾਤਨ ਪੰਜਾਬੀ ਵਿਚ 'ਰਾਮੁ ਜਾਂਦਾ' ਬਣ ਗਿਆ।

ਇਸ ਸਾਰੀ ਵਿਚਾਰ ਤੋਂ ਅਸੀਂ ਇਹ ਵੇਖ ਲਿਆ ਹੈ ਕਿ ਇਹ (ੁ) ਬੋਲੀ ਦੇ ਇਤਿਹਾਸ ਵਿਚ ਇਕ ਖ਼ਾਸ ਮੁੱਲ ਰੱਖਦਾ ਹੈ।

ਗੁਰੂ ਨਾਨਕ ਅਕਾਲ ਪੁਰਖ ਦਾ ਰੂਪ:

ਆਓ, ਹੁਣ ਇਸ ਨਿਯਮ ਦੀ ਸਹੈਤਾ ਨਾਲ 'ਸ੍ਰੀ ਮੁਖ ਬਾਕ੍ਯ੍ਯ' ਸਵਈਆਂ ਦਾ ਗਹੁ ਨਾਲ ਪਾਠ ਕਰੀਏ।

(1) ਜਨੁ ਨਾਨਕੁ ਭਗਤ, ਦਰਿ ਤੁਲਿ ਬ੍ਰਹਮ ਸਮਸਰਿ, ਏਕ ਜੀਹ ਕਿਆ ਬਖਾਨੈ ॥
. . . ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥1॥

(2) ਧੰਨਿ ਧੰਨਿ ਤੇ ਧੰਨਿ ਜਨ, ਜਿਹ ਕ੍ਰਿਪਾਲੁ ਹਰਿ ਹਰਿ ਭਯਉ ॥
. . . ਹਰਿ ਗੁਰੁ ਨਾਨਕੁ ਜਿਨ ਪਰਸਿਅਉ, ਸਿ ਜਨਮ ਮਰਣ ਦੁਹ ਥੇ ਰਹਿਓ ॥5॥

(3) ਬਲਿਓ ਚਰਾਗੁ ਅੰਧ੍ਯ੍ਯਾਰ ਮਹਿ, ਸਭ ਕਲਿ ਉਧਰੀ ਇਕ ਨਾਮ ਧਰਮ ॥
. . . ਪ੍ਰਗਟੁ ਸਗਲ ਹਰਿ ਭਵਨ ਮਹਿ, ਜਨੁ ਨਾਨਕੁ ਗੁਰੁ ਪਾਰਬ੍ਰਹਮ ॥9॥

ਹਰੇਕ ਸਵਈਏ ਵਿਚ ਪਹਿਲਾਂ ਅਕਾਲ ਪੁਰਖ ਦੀ ਵਡਿਆਈ ਕਰ ਕੇ ਅੰਤ ਵਿਚ ਗੁਰੂ ਅਰਜਨ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਨੂੰ ਉਸ ਅਕਾਲ ਪੁਰਖ ਦੇ 'ਸਮਸਰਿ', 'ਤੁਲਿ' ਦਸਦੇ ਹਨ। ਅਖ਼ੀਰਲੇ ਸਵਈਏ ਵਿਚ ਆਪ ਫ਼ੁਰਮਾਂਦੇ ਹਨ:

ਪਾਰਬ੍ਰਹਮ ਦਾ ਰੂਪ, ਉਸ ਦਾ 'ਜਨੁ' ਗੁਰੂ 'ਨਾਨਕੁ' ਸਾਰੇ ਭਵਨਾਂ ਵਿਚ ਪ੍ਰਗਟ ਹੈ, (ਗੁਰੂ ਨਾਨਕ) 'ਅੰਧ੍ਯ੍ਯਾਰ ਮਹਿ' 'ਚਰਾਗੁ' 'ਬਲਿਓ' ਹੈ।

ਨੋਟ: ਖੋਜੀ ਵਿਦਵਾਨ ਸੱਜਣ ਇਹਨਾਂ 9 ਹੀ ਸ੍ਰੀ ਮੁਖ ਬਾਕ੍ਯ੍ਯ ਸਵਈਆਂ ਨੂੰ ਦੋ ਚਾਰ ਵਾਰੀ ਗਹੁ ਨਾਲ ਪੜ੍ਹ ਕੇ ਵੇਖਣ। ਇਥੇ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਦਾ ਰੂਪ ਆਖ ਆਖ ਕੇ ਗੁਰੂ ਨਾਨਕ ਸਾਹਿਬ ਜੀ ਦਾ ਨਾਉਂ ਲੈ ਲੈ ਕੇ ਉਹਨਾਂ ਦੀ ਵਡਿਆਈ ਕੀਤੀ ਗਈ ਹੈ।

ਭੱਟਾਂ ਨੇ ਭੀ ਆਪਣੀ ਬਾਣੀ ਵਿਚ ਇਹੀ ਕੰਮ ਕੀਤਾ ਹੈ। ਦੋਹਾਂ ਦਾ ਮਨੋਰਥ ਇੱਕੋ ਹੀ ਹੈ।

ਹੋਰ ਭੀ ਕਈ ਥਾਈਂ ਅਜਿਹੇ ਪ੍ਰਮਾਣ:

ਗੁਰੂ ਨਾਨਕ ਦੇਵ ਜੀ ਨੂੰ ਅਤੇ ਗੁਰੂ ਨੂੰ ਕੇਵਲ ਇਹਨਾਂ ਸਵਈਆਂ ਵਿਚ ਹੀ ਪਾਰਬ੍ਰਹਮ ਦੇ 'ਤੁਲਿ' ਨਹੀਂ ਆਖਿਆ ਗਿਆ, ਹੋਰ ਭੀ ਕਈ ਥਾਂ ਬਾਣੀ ਵਿਚ ਇਹੋ ਜਿਹੇ ਪ੍ਰਮਾਣ ਮਿਲਦੇ ਹਨ; ਵੰਨਗੀ ਵਜੋਂ ਕੁਝ ਹੇਠ ਲਿਖੇ ਜਾਂਦੇ ਹਨ:

ਭੈਰਉ ਮ: 5

ਸਤਿਗੁਰੁ ਮੇਰਾ ਬੇਮੁਹਤਾਜੁ ॥ ਸਤਿਗੁਰ ਮੇਰੇ ਸਚਾ ਸਾਜੁ ॥
ਸਤਿਗੁਰੁ ਮੇਰਾ ਸਭਸ ਕਾ ਦਾਤਾ ॥ ਸਤਿਗੁਰੁ ਮੇਰਾ ਪੁਰਖੁ ਬਿਧਾਤਾ ॥1॥
ਗੁਰ ਜੈਸਾ ਨਾਹੀ ਕੋ ਦੇਵ ॥ ਜਿਸੁ ਮਸਤਕਿ ਭਾਗੁ ਸੋ ਲਾਗਾ ਸੇਵ ॥1॥ਰਹਾਉ॥...
ਜਿਨਿ ਗੁਰੁ ਸੇਵਿਆ ਤਿਸੁ ਭਉ ਨ ਬਿਆਪੈ ॥ ਜਿਨਿ ਗੁਰੁ ਸੇਵਿਆ ਤਿਸੁ ਦੁਖੁ ਨ ਸੰਤਾਪੈ ॥
ਨਾਨਕ ਸੋਧੇ ਸਿੰਮ੍ਰਿਤਿ ਬੇਦ ॥ ਪਾਰਬ੍ਰਹਮ ਗੁਰ ਨਾਹੀ ਭੇਦ ॥4॥11॥24॥

ਭਾਵ: ਪਾਰਬ੍ਰਹਮ ਅਤੇ ਗੁਰੂ ਵਿਚ ਭੇਦ ਨਹੀਂ ਹੈ।

ਸੂਹੀ ਮਹਲਾ 5
ਜਿਸ ਕੇ ਸਿਰ ਊਪਰਿ ਤੂੰ ਸੁਆਮੀ, ਸੋ ਦੁਖੁ ਕੈਸਾ ਪਾਵੈ ॥
ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥1॥...
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ, ਸਾਰ ਨ ਜਾਣਾ ਤੇਰੀ ॥
ਸਭ ਤੇ ਵਡਾ ਸਤਿਗੁਰੁ ਨਾਨਕੁ, ਜਿਨਿ ਕਲ ਰਾਖੀ ਮੇਰੀ ॥4॥10॥57॥

ਸੂਹੀ ਮਹਲਾ 5
ਸਤਿਗੁਰ ਪਾਸਿ ਬੇਨੰਤੀਆ, ਮਿਲੈ ਨਾਮੁ ਅਧਾਰਾ ॥
ਤੁਠਾ ਸਚਾ ਪਾਤਿਸਾਹੁ, ਤਾਪੁ ਗਇਆ ਸੰਸਾਰਾ ॥1॥...
ਸਭੇ ਇਛਾ ਪੂਰੀਆ, ਜਾ ਪਾਇਆ ਅਗਮ ਅਪਾਰਾ ॥
ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ, ਤੇਰਿਆ ਚਰਣਾ ਕਉ ਬਲਿਹਾਰਾ ॥4॥1॥47॥

ਗਉੜੀ ਪੂਰਬੀ ਮ: 4
ਤੁਮ ਦਇਆਲ ਸਰਬ ਦੁਖ ਭੰਜਨ, ਇਕ ਬਿਨਉ ਸੁਨਹੁ ਦੇ ਕਾਨੇ ॥
ਜਿਸ ਤੇ ਤੁਮ ਹਰਿ ਜਾਨੇ ਸੁਆਮੀ, ਸੋ ਸਤਿਗੁਰੁ ਮੇਲਿ ਮੇਰਾ ਪ੍ਰਾਨੇ ॥1॥
ਰਾਮ ਹਮ ਸਤਿਗੁਰ ਪ੍ਰਾਰਬ੍ਰਹਮ ਕਰ ਮਾਨੇ ॥
ਹਮ ਮੂੜ ਮੁਗਧ ਅਸੁਧ ਮਤਿ ਹੋਤੇ, ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ ॥1॥ਰਹਾਉ॥18॥56॥

ਗਉੜੀ ਮ: 5
ਗੁਰ ਕਾ ਸਬਦੁ ਲਗੋ ਮਨਿ ਮੀਠਾ ॥ ਪਾਰਬ੍ਰਹਮੁ ਤਾ ਤੇ ਮੋਹਿ ਡੀਠਾ ॥3॥
ਗੁਰੁ ਸੁਖਦਾਤਾ ਗੁਰੁ ਕਰਤਾਰੁ ॥ ਜੀਅ ਪ੍ਰਾਣ ਨਾਨਕ ਗੁਰੁ ਅਧਾਰੁ ॥4॥107॥

ਗਉੜੀ ਮ: 5 ਮਾਝ
ਭਏ ਕ੍ਰਿਪਾਲ ਗੁਸਾਈਆ, ਨਠੇ ਸੋਗ ਸੰਤਾਪ ॥ ਤਤੀ ਵਾਉ ਨ ਲਗਈ, ਸਤਿਗੁਰਿ ਰਖੇ ਆਪਿ ॥3॥
ਗੁਰੁ ਨਾਰਾਇਣੁ, ਦਯੁ ਗੁਰੁ, ਗੁਰੁ ਸਚਾ ਸਿਰਜਣਹਾਰੁ ॥
ਗੁਰਿ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ ॥4॥2॥170॥

ਮਲਾਰ ਮ: 4
ਸਤਿਗੁਰੁ ਹਰਿ ਹਰਿ ਨਾਮੁ ਦ੍ਰਿੜਾਵੈ ॥
ਹਰਿ ਬੋਲਹੁ ਗੁਰ ਕੇ ਸਿਖ ਮੇਰੇ ਭਾਈ ਹਰਿ ਭਉਜਲੁ ਜਗਤੁ ਤਰਾਵੈ ॥1॥ਰਹਾਉ॥
ਜੋ ਗੁਰ ਕਉ ਜਨੁ ਪੂਜੇ ਸੇਵੇ, ਸੋ ਜਨੁ ਮੇਰੇ ਹਰਿ ਪ੍ਰਭ ਭਾਵੈ ॥
ਹਰਿ ਕੀ ਸੇਵਾ ਸਤਿਗੁਰੁ ਪੂਜਹੁ, ਕਰਿ ਕਿਰਪਾ ਆਪਿ ਤਰਾਵੈ ॥2॥...
ਸਤਿਗੁਰੁ ਦੇਉ ਪਰਤਖਿ ਹਰਿ ਮੂਰਤਿ, ਜੋ ਅੰਮ੍ਰਿਤ ਬਚਨ ਸੁਣਾਵੈ ॥
ਨਾਨਕ ਭਾਗ ਭਲੇ ਤਿਸੁ ਜਨ ਕੇ, ਜੋ ਹਰਿ ਚਰਣੀ ਚਿਤੁ ਲਾਵੈ ॥5॥4॥

ਗੁਰੂ ਰਾਮਦਾਸ ਸਾਹਿਬ ਜੀ ਦੇ ਉਪਰਲੇ ਸ਼ਬਦ ਦੇ ਨਾਲ ਭੱਟ ਮਥੁਰਾ ਜੀ ਦਾ ਹੇਠ-ਲਿਖਿਆ ਸਵੱਈਆ (ਜੋ ਆਪ ਨੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਉਪਮਾ ਵਿਚ ਉਚਾਰਿਆ ਹੈ) ਰਤਾ ਗਹੁ ਨਾਲ ਪੜ੍ਹੀਏ ਤਾਂ ਸ਼ਬਦ 'ਪਰਤਖਿ ਹਰਿ' ਕਿਆ ਸੁਆਦਲਾ ਸਾਂਝਾ ਭਾਵ ਪਰਗਟ ਕਰਦੇ ਹਨ:

ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ ॥
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨ ਪਰਤਖ੍ਯ੍ਯ ਹਰਿ ॥7॥19॥ (ਸਵਈਏ ਮਹਲੇ ਪੰਜਵੇ ਕੇ, ਮਥੁਰਾ ਜੀ

ਸਿਰੀ ਰਾਗੁ ਮ: 5
ਮੇਰੇ ਮਨ ਗੁਰ ਜੇਵਡੁ ਅਵਰੁ ਨ ਕੋਇ ॥
ਦੂਜਾ ਥਾਉ ਨ ਕੋ ਸੁਝੈ ਗੁਰ ਮੇਲੇ ਸਚੁ ਸੋਇ ॥1॥ਰਹਾਉ॥
ਸਗਲ ਪਦਾਰਥ ਤਿਸੁ ਮਿਲੇ, ਜਿਨਿ ਗੁਰੁ ਡਿਠਾ ਜਾਇ ॥
ਗੁਰ ਚਰਣੀ ਜਿਨ ਮਨੁ ਲਗਾ, ਸੇ ਵਡਭਾਗੀ ਮਾਇ ॥
ਗੁਰੁ ਦਾਤਾ, ਸਮਰਥੁ ਗੁਰੁ, ਗੁਰੁ ਸਭ ਮਹਿ ਰਹਿਆ ਸਮਾਇ ॥
ਗੁਰੁ ਪਰਮੇਸਰੁ ਪਾਰਬ੍ਰਹਮੁ, ਗੁਰੁ ਡੁਬਦਾ ਲਏ ਤਰਾਇ ॥2॥
ਕਿਤੁ ਮੁਖਿ ਗੁਰੁ ਸਾਲਾਹੀਐ, ਕਰਣ ਕਾਰਣ ਸਮਰਥੁ ॥
ਸੇ ਮਥੇ ਨਿਹਚਲ ਰਹੇ, ਜਿਨ ਗੁਰਿ ਧਾਰਿਆ ਹਥੁ ॥
ਗੁਰਿ ਅੰਮ੍ਰਿਤ ਨਾਮੁ ਪੀਆਲਿਆ, ਜਨਮ ਮਰਨ ਕਾ ਪਥੁ ॥
ਗੁਰੁ ਪਰਮੇਸਰੁ ਸੇਵਿਆ, ਭੈ ਭੰਜਨੁ ਦੁਖ ਲਥੁ ॥3॥20॥90॥

ਨੋਟ: ਇਸ ਸਾਰੇ ਸ਼ਬਦ ਦੀ ਹਰੇਕ ਤੁਕ ਨੂੰ ਗਹੁ ਨਾਲ ਪੜ੍ਹੋ 'ਰਹਾਉ' ਦੀ ਤੁਕ ਵਿਚ 'ਗੁਰ' ਦੀ ਉਸਤਤਿ ਸ਼ੁਰੂ ਕੀਤੀ ਹੈ, ਇਸ ਦੇ ਅਨੁਸਾਰ ਸਾਰੇ ਸ਼ਬਦ ਵਿਚ 'ਗੁਰੂ' ਦੀ ਉਪਮਾ ਹੈ, ਅਤੇ 'ਗੁਰੂ' ਨੂੰ 'ਦਾਤਾ', ਸਮਰਥੁ', 'ਕਰਣ ਕਾਰਣ ਸਮਰਥੁ', 'ਪਰਮੇਸਰੁ', 'ਪਾਰਬ੍ਰਹਮੁ', 'ਸਭ ਮਹਿ ਰਹਿਆ ਸਮਾਇ' ਆਖਿਆ ਹੈ।

ਗੁਰੂ ਗ੍ਰੰਥ ਸਾਹਿਬ ਵਿਚ 'ਗੁਰੂ' ਨੂੰ 'ਸਮਰਥੁ, ਪਰਮੇਸਰੁ, ਪਾਰਬ੍ਰਹਮੁ' ਆਖਣ ਵਾਲੇ ਸੈਂਕੜੇ ਸ਼ਬਦ ਮਿਲਦੇ ਹਨ, ਪਾਠਕ ਆਪਣੇ ਵਾਸਤੇ ਆਪ ਵੇਖ ਲੈਣ। ਜੇ ਸਤਿਗੁਰੂ ਜੀ ਦੇ ਆਪਣੇ ਮੁਖਾਰਬਿੰਦ ਤੋਂ ਉਚਾਰੇ ਹੋਏ ਸ਼ਬਦਾਂ ਵਿਚ 'ਗੁਰੂ' ਨੂੰ ਇਹ ਪਦਵੀ ਮਿਲ ਸਕਦੀ ਹੈ ਤੇ ਗੁਰਮਤਿ ਦੇ ਅਨੁਸਾਰ ਹੈ, ਤਾਂ ਭੱਟਾਂ ਦਾ ਸਤਿਗੁਰੂ ਜੀ ਨੂੰ ਇਹੀ ਪਦਵੀ ਦੇਣਾ ਗੁਰਮਤਿ ਦੇ ਵਿਰੁੱਧ ਨਹੀਂ ਹੋ ਸਕਦਾ।

ਸੋ ਇਸ ਉਪਰਲੀ ਵਿਚਾਰ ਤੋਂ ਇਹ ਪ੍ਰਤੱਖ ਹੈ ਕਿ ਭੱਟਾਂ ਦੇ ਸਵਈਏ ਵਿਚ ਕੇਵਲ 'ਸਤਿਗੁਰੂ' ਦੀ ਵਡਿਆਈ ਹੈ। ਜੋ ਲਫ਼ਜ਼ 'ਵਾਹਿਗੁਰੂ' ਇਥੇ ਵਰਤੇ ਗਏ ਹਨ, ਇਹ ਇਕ ਸਾਬਤ ਲਫ਼ਜ਼ ਨਹੀਂ, ਦੋ ਲਫ਼ਜ਼ ਹਨ-'ਵਾਹਿ' ਜਾ 'ਵਾਹ' ਅਤੇ 'ਗੁਰੂ'।

ਭਾਗ 5

'ਵਾਹਿਗੁਰੂ' ਗੁਰਮੰਤ੍ਰ ਬਾਰੇ

ਵਾਹਿਗੁਰੂ ਗੁਰਮੰਤ੍ਰ ਹੈ, ਜਪਿ ਹਉਮੈ ਖੋਈ ॥
ਆਪੁ ਗਵਾਏ ਆਪਿ ਹੈ, ਗੁਣ ਗੁਣੀ ਪਰੋਈ ॥2॥13॥
ਵੇਦੁ ਨ ਜਾਣੈ ਭੇਦੁ ਕਿਹੁ, ਸੇਸਨਾਗੁ ਨ ਪਾਏ ॥
ਵਾਹਿਗੁਰੂ ਸਾਲਾਹਣਾ, ਗੁਰੁਸਬਦੁ ਅਲਾਏ ॥13॥9॥
ਨਿਰੰਕਾਰੁ ਆਕਾਰੁ ਕਰਿ, ਜੋਤਿ ਸਰੂਪੁ ਅਨੂਪ ਦਿਖਾਇਆ ॥
ਵੇਦ ਕਤੇਬ ਅਗੋਚਰਾ, ਵਾਹਿਗੁਰੂ ਗੁਰ ਸਬਦੁ ਸੁਣਾਇਆ ॥17॥12॥
ਧਰਮਸਾਲ ਕਰਤਾਰ ਪੁਰੁ, ਸਾਧ ਸੰਗਤਿ ਸਚ ਖੰਡੁ ਵਸਾਇਆ ॥
ਵਾਹਿਗੁਰੂ ਗੁਰ ਸਬਦੁ ਸੁਣਾਇਆ ॥1॥24॥ . . . . (ਵਾਰਾਂ, ਭਾਈ ਗੁਰਦਾਸ ਜੀ

'ਗੁਰਮੰਤ੍ਰ' ਗੁਰੂ ਗ੍ਰੰਥ ਸਾਹਿਬ ਵਿਚ

ਸਾਧਾਰਨ ਤੌਰ ਤੇ ਇਹ ਖ਼ਿਆਲ ਬਣਿਆ ਹੋਇਆ ਸੀ ਕਿ ਇਹੀ 'ਗੁਰਮੰਤ੍ਰ' ਭੱਟਾਂ ਦੇ ਸਵਈਆਂ ਵਿਚ ਭੀ ਮਿਲਦਾ ਹੈ। ਪਰ ਜਿਨ੍ਹਾਂ ਸੱਜਣਾਂ ਨੇ ਭੱਟਾਂ ਦੇ ਸਵਈਆਂ ਨੂੰ ਖੰਡਨ ਕਰਨ ਦਾ ਆਹਰ ਅਰੰਭਿਆ, ਉਹਨਾਂ ਨੂੰ ਸ਼ਾਇਦ ਇਹ ਲੋੜ ਭੀ ਪ੍ਰਤੀਤ ਹੋਈ ਕਿ 'ਗੁਰਮੰਤ੍ਰ' ਬਾਣੀ ਵਿਚ ਕੋਈ ਹੋਰ ਥਾਂ ਭੀ ਮਿਲ ਸਕੇ। ਸੋ, ਇਹ ਸੱਜਣ ਆਮ ਤੌਰ ਤੇ ਹੇਠ ਲਿਖੇ ਦੋ ਪ੍ਰਮਾਣ ਹੀ ਪੇਸ਼ ਕਰਦੇ ਹਨ:

(1) ਵੇਮੁਹਤਾਜਾ ਵੇਪਰਵਾਹ ਨਾਨਕ ਦਾਸ ਕਹਹੁ ਗੁਰ ਵਾਹੁ ॥4॥21॥ . . . . (ਆਸਾ ਮ: 5

(2) ਵਾਹੁ ਵਾਹੁ ਗੁਰਸਿਖ ਨਿਤ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ ॥
. . . ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮਕੰਕਰੁ ਨੇੜਿ ਨ ਆਵੈ ॥2॥1॥ (ਮ: 3, ਗੂਜਰੀ ਕੀ ਵਾਰ ਮ: 3

ਇਸ ਪੁਸਤਕ ਦੇ ਪਿਛਲੇ ਭਾਗ ਵਿਚ ਭੀ ਅਸੀਂ ਦੇਖ ਆਏ ਹਾਂ ਕਿ ਭੱਟਾਂ ਦੇ ਸਵਈਏ ਵਿਚਲਾ ਲਫ਼ਜ਼ 'ਵਾਹਿ' ਅਤੇ 'ਗੁਰੂ' ਅਕਾਲਪੁਰਖ-ਵਾਚਕ ਨਹੀਂ ਹੈ। ਭਾਈ ਗੁਰਦਾਸ ਜੀ ਦੀ ਬਾਣੀ ਵਿਚ ਪ੍ਰਤੱਖ ਵਰਤਿਆ ਹੋਇਆ 'ਗੁਰਮੰਤ੍ਰ' ਪ੍ਰਵਾਨ ਕਰਨੋਂ ਉਹਨਾਂ ਸੱਜਣਾਂ ਨੂੰ ਇਹ ਇਤਰਾਜ਼ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਨਾਹ ਮਿਲਿਆਂ 'ਗੁਰਮੰਤ੍ਰ' ਨੂੰ ਗੁਪਤ ਰੱਖਣ ਦਾ ਦੋਸ਼ ਆਉਂਦਾ ਹੈ।

ਇਤਰਾਜ਼ ਅਜੇ ਭੀ ਕਾਇਮ

ਪਰ ਇਹ ਇਤਰਾਜ਼ ਤਾਂ ਹੁਣ ਭੀ ਨਹੀਂ ਮਿਟਿਆ। ਜੇ 'ਵਾਹਗੁਰ' ਗੁਰਮੰਤ੍ਰ ਥਾਪ ਭੀ ਲਈਏ ਤਾਂ ਭੀ ਇਹ ਬਾਣੀ ਤਾਂ ਗੁਰੂ ਅਮਰਦਾਸ ਜੀ ਦੀ ਹੈ। ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਨੇ ਫਿਰ ਭੀ ਗੁਪਤ ਹੀ ਰੱਖ ਲਿਆ। ਉਂਞ ਜੇ ਰਤਾ ਧੀਰਜ ਨਾਲ ਵਿਚਾਰ ਕੀਤੀ ਜਾਏ, ਤਾਂ ਇਹਨਾਂ ਦੋਹਾਂ ਪ੍ਰਮਾਣਾਂ ਵਿਚੋਂ ਗੁਰਮੰਤ੍ਰ 'ਵਾਹਗੁਰ' ਬਣਦਾ ਹੀ ਨਹੀਂ ਹੈ। ਪਹਿਲੇ ਪ੍ਰਮਾਣ ਵਿਚ ਲਫ਼ਜ਼ 'ਗੁਰ ਵਾਹੁ' ਹੈ, ਜੇ ਇਸ ਨੂੰ ਉਲਟਾਇਆਂ ਹੀ 'ਵਾਹਗੁਰ' ਬਣਾਉਣਾ ਹੈ, ਤਾਂ ਅਸਲੀ ਤੁਕ ਵਿਚ ਤਾਂ ਫਿਰ ਭੀ ਗੁਰਮੰਤ੍ਰ ਗੁਪਤ ਹੀ ਰਿਹਾ। ਦੂਜੇ ਪ੍ਰਮਾਣ ਵਿਚੋਂ ਗੁਰਮੰਤ੍ਰ 'ਵਾਹੁ ਗੁਰ' ਬਣਾਉਣਾ ਤਾਂ ਪ੍ਰਤੱਖ ਤੌਰ ਤੇ ਕਲਪਿਤ ਜਤਨ ਦਿੱਸ ਰਿਹਾ ਹੈ। ਇਸ 'ਵਾਰ' ਵਿਚ ਮਹਲੇ ਤੀਜੇ ਦੇ ਇਹ ਬਹੁਤ ਸਾਰੇ ਸ਼ਲੋਕ ਹਨ, ਜਿਨ੍ਹਾਂ ਵਿਚ ਲਫ਼ਜ਼ 'ਵਾਹੁ ਵਾਹੁ' ਆਏ ਹਨ; ਹਰ ਥਾਂ ਲਫ਼ਜ਼ 'ਵਾਹੁ' ਦੋ ਵਾਰੀ ਹੈ, ਅਰਥ ਹਰ ਥਾਂ ਦੋਹਾਂ ਦਾ ਇਕੱਠਾ ਮਿਲਵਾਂ ਹੈ, ਭਾਵ, ਸਿਫ਼ਤਿ-ਸਾਲਾਹ'। ਕੇਵਲ ਇਸ ਇਕੱਲੇ ਥਾਂ ਇਹਨਾਂ ਲਫ਼ਜ਼ਾਂ ਨੂੰ ਪਾੜ ਦੇਣਾ ਫਬਦਾ ਨਹੀਂ ਹੈ। ਜੇ ਕੇਵਲ ਇਹਨਾਂ ਦੋਹਾਂ ਤੁਕਾਂ ਨੂੰ ਹੀ ਵਿਚਾਰੀਏ ਤਾਂ ਅਰਥ ਇਉਂ ਬਣਦਾ ਹੈ:

ਪੂਰੇ ਗੁਰੂ ਨੂੰ 'ਵਾਹੁ ਵਾਹੁ' (ਭਾਵ, ਸਿਫ਼ਤਿ-ਸਾਲਾਹ) ਭਾਉਂਦਾ ਹੈ; ਹੇ ਨਾਨਕ! ਜੋ (ਮਨੁੱਖ) ਮਨ ਵਿਚ ਚਿੱਤ ਵਿਚ "ਵਾਹ ਵਾਹੁ" ਕਰਦਾ ਹੈ, ਜਮਕੰਕਰ ਉਸ ਦੇ ਨੇੜੇ ਨਹੀਂ ਆਉਂਦਾ, (ਤਾਂ ਤੇ) ਹੇ ਗੁਰਸਿੱਖੋ! ਨਿਤ ਸਭੇ "ਵਾਹੁ ਵਾਹੁ" ਕਰਹੁ।

'ਗੁਰ ਵਾਹੁ' ਦਾ ਅਰਥ

ਪਹਿਲੇ ਪ੍ਰਮਾਣ ਵਿਚ ਦੇ ਲਫ਼ਜ਼ "ਗੁਰ ਵਾਹੁ" ਦਾ ਅਰਥ ਸਮਝਣ ਵਾਸਤੇ ਪਾਠਕਾਂ ਦੇ ਸਾਹਮਣੇ ਦੋ ਪ੍ਰਮਾਣ ਰੱਖੇ ਜਾਂਦੇ ਹਨ:

ਉਝੜਿ ਭੁਲੇ ਰਾਹ ਗੁਰਿ ਵੇਖਾਲਿਆ ॥ ਸਤਿਗੁਰ ਸਚੇ ਵਾਹੁ ਸਚੁ ਸਮਾਲਿਆ ॥24॥ (ਮਾਝ ਕੀ ਵਾਰ ਮ: 1

ਵਾਹੁ ਵਾਹੁ ਸਤਿਗੁਰੁ ਪੁਰਖੁ ਹੈ, ਜਿਨਿ ਸਚੁ ਜਾਤਾ ਸੋਇ ॥
ਜਿਤੁ ਮਿਲਿਐ ਤਿਖ ਉਤਰੈ, ਤਨੁ ਮਨੁ ਸੀਤਲੁ ਹੋਇ ॥
ਵਾਹੁ ਵਾਹੁ ਸਤਿਗੁਰੁ ਸਤਿ ਪੁਰਖੁ ਹੈ, ਜਿਸ ਨੋ ਸਮਤੁ ਸਭ ਕੋਇ ॥
ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ, ਜਿਸੁ ਨਿੰਦਾ ਉਸਤਤਿ ਤੁਲਿ ਹੋਇ ॥
ਵਾਹੁ ਵਾਹੁ ਸਤਿਗੁਰੁ ਸੁਜਾਣੁ ਹੈ, ਜਿਸੁ ਅੰਤਰਿ ਬ੍ਰਹਮੁ ਵੀਚਾਰੁ ॥
ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ, ਜਿਸੁ ਅੰਤ ਨ ਪਾਰਾਵਾਰੁ ॥
ਵਾਹੁ ਵਾਹੁ ਸਤਿਗੁਰੂ ਹੈ, ਜਿ ਸਚੁ ਦ੍ਰਿੜਾਏ ਸੋਇ ॥
ਨਾਨਕ ਸਤਿਗੁਰੁ ਵਾਹੁ ਵਾਹੁ, ਜਿਸ ਤੇ ਨਾਮੁ ਪਰਾਪਤਿ ਹੋਇ ॥2॥ . . .(ਸਲੋਕ ਮ: 4, ਵਾਰਾਂ ਤੇ ਵਧੀਕ

ਇਹ ਦੂਜੇ ਪ੍ਰਮਾਣ ਦੀਆਂ ਪਹਿਲੀਆਂ ਸੱਤ ਤੁਕਾਂ ਵਿਚ ਲਫ਼ਜ਼ 'ਸਤਿਗੁਰੁ' ਵਿਆਕਰਣ ਅਨੁਸਾਰ ਕਰਤਾ ਕਾਰਕ, ਇਕ-ਵਚਨ (Nominative Case, Singular Number) ਹੈ, ਕ੍ਰਿਆ (verb) "ਹੈ" ਦਾ ਇਹ ਲਫ਼ਜ਼ 'ਕਰਤਾ' (subject) ਹੈ। ਇਸ ਤਰ੍ਹਾਂ ਇਹਨਾਂ ਤੁਕਾਂ ਦਾ ਅਰਥ ਇਉਂ ਹੈ:

ਧੰਨ ਹੈ ਸਤਿਗੁਰੂ ਪੁਰਖੁ ਜਿਸ ਨੇ ਉਸ ਸੱਚੇ ਹਰੀ ਨੂੰ ਜਾਣ ਲਿਆ, ਧੰਨ ਹੈ ਧੰਨ ਹੈ ਸਤਿਗੁਰੂ ਨਿਰਵੈਰ ਜਿਸ ਨੂੰ ਨਿੰਦਾ ਉਸਤਤਿ ਇੱਕੋ ਜਿਹੀ ਹੈ, ਧੰਨ ਹੈ ਸਤਿਗੁਰੂ ਨਿਰੰਕਾਰ (-ਰੂਪ) ਜਿਸ ਦਾ ਅੰਤ ਨਹੀਂ ਪਾਇਆ ਜਾਂਦਾ....।

ਪਰ ਅਖ਼ੀਰਲੀ ਤੁਕ ਵਿਚ ਦਾ ਲਫ਼ਜ਼ 'ਸਤਿਗੁਰ' ਕਰਤਾ ਕਾਰਕ ਨਹੀਂ ਹੈ, ਇਸ ਦਾ ਰੂਪ ਬਦਲ ਗਿਆ ਹੈ; ਨਾਹ ਹੀ ਇਥੇ ਕ੍ਰਿਆ "ਹੈ" ਮਿਲਦੀ ਹੈ। ਤੁਕ ਦਾ ਅਰਥ ਕਰਨ ਲਈ, ਆਓ, ਤ੍ਰੈਵੇ ਪ੍ਰਮਾਣ ਇਕੱਠੇ ਪੜ੍ਹੀਏ:

(1) ਨਾਨਕ ਦਾਸ ਕਹਹੁ ਗੁਰ ਵਾਹੁ ॥

(2) ਸਤਿਗੁਰ ਸਚੇ ਵਾਹੁ ਸਚੁ ਸਮਾਲਿਆ ॥

(3) ਨਾਨਕ ਸਤਿਗੁਰ ਵਾਹੁ ਵਾਹੁ ਜਿਸ ਤੇ ਨਾਮੁ ਪਰਾਪਤਿ ਹੋਇ ॥

ਇਹਨਾਂ ਤਿੰਨਾਂ ਹੀ ਤੁਕਾਂ ਵਿਚ ਲਫ਼ਜ਼ 'ਗੁਰ' ਮੁਕਤਾ-ਅੰਤ ਹੈ, ਇਹਨਾਂ ਦਾ 'ਕਾਰਕ' ਇੱਕੋ ਹੀ ਹੈ, ਅਰਥ ਇਉਂ ਬਣੇਗਾ:

(3) ਹੇ ਨਾਨਕ! ਸਤਿਗੁਰ (ਨੂੰ) ਵਾਹੁ ਵਾਹੁ (ਭਾਵ, ਧੰਨ ਧੰਨ) (ਕਹਹੁ), ਜਿਸ (ਸਤਿਗੁਰ) ਤੇ ਨਾਮੁ ਪਰਾਪਤਿ ਹੋਇ।

(2) ਸਚੇ ਸਤਿਗੁਰ (ਨੂੰ) ਵਾਹੁ (ਭਾਵ, ਧੰਨ) (ਕਹਹੁ) (ਜਿਨਿ) ਸਚੁ ਸਮਾਲਿਆ।

ਇਸੇ ਤਰ੍ਹਾਂ

(1) ਹੇ ਨਾਨਕ ਦਾਸ! ਗੁਰ (ਨੂੰ) ਵਾਹੁ (ਭਾਵ, ਧੰਨ) ਕਹਹੁ।

ਜੇ 'ਗੁਰ ਵਾਹੁ' ਨੂੰ ਉਲਟਾਇਆਂ ਗੁਰਮੰਤ੍ਰ ਮਿਲ ਸਕਦਾ ਹੈ, ਤਾਂ 'ਸਤਿਗੁਰ ਵਾਹੁ' ਨੂੰ ਉਲਟਾਇਆਂ ਭੀ ਗੁਰਮੰਤ੍ਰ ਹੀ ਬਣ ਜਾਣਾ ਚਾਹੀਦਾ ਹੈ, ਕਿਉਂਕਿ 'ਗੁਰਮੰਤ੍ਰ ਪ੍ਰਬੋਧ' ਪੁਸਤਕ ਵਿਚ ਇਹ ਸੱਜਣ ਲਫ਼ਜ਼ 'ਗੁਰ' ਅਤੇ 'ਸਤਿਗੁਰ' (ਮੁਕਤਾ-ਅੰਤ) ਨੂੰ ਅਕਾਲ-ਵਾਚਕ ਕਹਿੰਦੇ ਹਨ, ਅਤੇ ਲਫ਼ਜ਼ 'ਗੁਰੁ' 'ਸਤਿਗੁਰੁ' ਨੂੰ ਦਸਾਂ ਗੁਰਾਂ ਦਾ ਵਾਚਕ ਆਖਦੇ ਹਨ।

ਨਿਯਮ ਉਹ ਜੋ ਹਰ ਥਾਂ ਢੁੱਕ ਸਕੇ

ਪਰ ਨਿਯਮ ਉਹ ਹੀ ਮੰਨੇ ਜਾ ਸਕਦੇ ਹਨ, ਜੋ ਸਾਹਿਤਕ ਤੌਰ ਤੇ ਬੋਲੀ ਵਿਚ ਮੇਲ ਖਾਂਦੇ ਹੋਣ, ਅਤੇ ਹਰ ਥਾਂ ਢੁੱਕ ਸਕਦੇ ਹੋਣ। ਜੇ ਲਫ਼ਜ਼ 'ਗੁਰ' (ਮੁਕਤਾ-ਅੰਤ) ਨੂੰ ਅਕਾਲ ਬੋਧਕ ਅਤੇ 'ਗੁਰੁ' (ੁ -ਅੰਤ) ਨੂੰ ਗੁਰੂ-ਬੋਧਕ ਮੰਨ ਲਈਏ ਤਾਂ ਲਫ਼ਜ਼ 'ਗੁਰਿ' (ਿ-ਅੰਤ) ਦਾ ਕੀਹ ਅਰਥ ਕਰਾਂਗੇ? ਨਿਰਾ ਇਹੀ ਨਹੀਂ, ਸੈਂਕੜੇ ਮੁਕਤਾ-ਅੰਤ ਪੁਲਿੰਗ ਸ਼ਬਦ ਇਹਨਾਂ ਤਿੰਨਾਂ ਰੂਪਾਂ ਵਿਚ ਮਿਲਦੇ ਹਨ। ਵੰਨਗੀ ਦੇ ਤੌਰ ਤੇ ਲਵੋ, ਪਿਰ, ਘਰ, ਗ੍ਰਿਹ, ਸਬਦ, ਜਲ, ਹੁਕਮ:

(1) ਪਿਰ, ਪਿਰੁ, ਪਿਰਿ . . (2) ਘਰ, ਘਰੁ, ਘਰਿ

(3) ਗ੍ਰਿਹ, ਗ੍ਰਿਹੁ, ਗ੍ਰਿਹਿ . . (4) ਸਬਦ, ਸਬਦੁ, ਸਬਦਿ

(5) ਜਲ, ਜਲੁ, ਜਲਿ . . . (6) ਹੁਕਮ, ਹੁਕਮੁ, ਹੁਕਮਿ

ਇਸੇ ਤਰ੍ਹਾਂ

(7) ਗੁਰ, ਗੁਰੁ, ਗੁਰਿ।

ਕਾਰਕ-ਚਿਹਨ (Case Terminations) ਲਗਾਇਆਂ ਲਫ਼ਜ਼ਾਂ ਦੇ ਆਪਣੇ ਨਿਜ-ਅਰਥ ਨਹੀਂ ਬਦਲ ਸਕਦੇ।

ਪ੍ਰਮਾਣ:

(1) ਮੁੰਧੇ 'ਪਿਰ' ਬਿਨੁ ਕਿਆ ਸੀਗਾਰੁ ॥ਰਹਾਉ ॥13॥ . . . . (ਸਿਰੀ ਰਾਗੁ ਮ: 1

. . . 'ਪਿਰ' ਰੀਸਾਲੂ ਤਾ ਮਿਲੈ, ਜਾ ਗੁਰ ਕਾ ਸਬਦੁ ਸੁਣੀ ॥2॥10॥ . . . . (ਸਿਰੀ ਰਾਗੁ ਮ: 1

. . . 'ਪਿਰਿ' ਛੋਡਿਅੜੀ ਸੁਤੀ, 'ਪਿਰ' ਕੀ ਸਾਰ ਨ ਜਾਣੀ ॥1॥4॥ . . . . (ਤੁਖਾਰੀ ਮ: 1 ਛੰਤ

(2) 'ਘਰ' ਮਹਿ 'ਘਰੁ' ਜੋ ਦੇਖਿ ਦਿਖਾਵੈ ॥5॥4॥ . . . . (ਬਸੰਤੁ ਮ: 1 ਅਸਟਪਦੀਆ

. . . 'ਘਰਿ' ਵਰੁ ਸਹਜੁ ਨ ਜਾਣੈ ਛੋਹਰਿ, ਬਿਨੁ ਪਿਰ ਨੀਦ ਨ ਪਾਈ ਹੇ ॥1॥3॥ . . . (ਮਾਰੂ ਸੋਲਹੇ ਮ: 1

(3) 'ਗ੍ਰਿਹ' ਰਾਜ ਮਹਿ ਨਰਕੁ, ਉਦਾਸ ਕਰੋਧਾ ॥2॥1॥7॥ . . . . (ਮਾਰੂ ਮ: 5 ਅੰਜੁਲੀਆ

. . . 'ਗ੍ਰਿਹੁ' ਵਸਿ ਗੁਰਿ ਕੀਨਾ, ਹਉ ਘਰ ਕੀ ਨਾਰਿ ॥1॥4॥ . . . . (ਸੂਹੀ ਮ: 5

. . . 'ਗ੍ਰਿਹਿ' ਲਾਲ ਆਏ, ਪੁਰਬਿ ਕਮਾਏ, ਤਾ ਕੀ ਉਪਮਾ ਕਿਆ ਗਣਾ ॥4॥4॥ . . (ਰਾਮਕਲੀ ਮ: 5 ਛੰਤ

(4) 'ਸਬਦ' ਸੇਤੀ ਮਨੁ ਮਿਲਿਆ, ਸਚੈ ਲਾਇਆ ਭਾਉ ॥25॥

. . . ਗੁਰ ਕਾ 'ਸਬਦੁ' ਰਤੰਨੁ ਹੈ, ਹੀਰੇ ਜਿਤੁ ਜੜਾਉ ॥25॥ . . . . (ਰਾਮਕਲੀ ਅਨੰਦੁ ਮ: 3

. . . 'ਸਬਦਿ' ਮਰਹਿ, ਸੇ ਮਰਣੁ ਸਵਾਰਹਿ ॥3॥23॥ . . . . (ਮਾਰੂ ਸੋਲਹੇ ਮ: 3

(5) 'ਜਲ' ਬਿਨੁ ਪਿਆਸ ਨ ਉਤਰੈ, ਛੁਟਕਿ ਜਾਂਹਿ ਮੇਰੇ ਪ੍ਰਾਨ।2॥13॥ . . . (ਮ: 3 ਮਲਾਰ ਕੀ ਵਾਰ

. . . 'ਜਲੁ' ਮਥੀਐ, 'ਜਲੁ' ਦੇਖੀਐ ਭਾਈ, ਇਹੁ ਜਗੁ ਏਹਾ ਵਥੁ ॥5॥2॥ .(ਸੋਰਠਿ ਮ: 1, ਅਸਟਪਦੀਆ

. . . 'ਜਲਿ' ਮਲਿ ਕਾਇਆ ਮਾਜੀਐ, ਭਾਈ ਭੀ ਮੈਲਾ ਤਨੁ ਹੋਇ ॥5॥4॥ . (ਸੋਰਠਿ ਮ: 1, ਅਸਟਪਦੀਆ

(6) 'ਹੁਕਮ' ਕੀਏ ਮਨਿ ਭਾਵਦੇ, ਰਾਹਿ ਭੀੜੈ ਅਗੈ ਜਾਵਣਾ ॥14॥ . . . . (ਆਸਾ ਦੀ ਵਾਰ ਮ: 1

. . . 'ਹੁਕਮੁ' ਕਰਹਿ ਮੂਰਖ ਗਾਵਾਰ ॥4॥3॥ . . . . (ਬਸੰਤ ਮ: 1

. . . 'ਹੁਕਮਿ' ਚਲਾਏ ਸਚੁ ਨੀਸਾਨਾਂ ॥5॥2॥19॥ . . . . (ਮਾਰੂ ਸੋਲਹੇ ਮ: 1

ਇਸੇ ਤਰ੍ਹਾਂ

. . . 'ਗੁਰ' ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ ॥6॥12॥ . . . . (ਸਿਰੀ ਰਾਗੁ ਮ: 1

. . . 'ਗੁਰੁ' ਡਿਠਾ ਤਾਂ ਮਨੁ ਸਾਧਾਰਿਆ ॥7॥ . . . . (ਸਤਾ ਬਲਵੰਡ ਵਾਰ

. . . 'ਗੁਰਿ' ਅੰਕਸੁ ਸਬਦੁ ਦਾਰੂ ਸਿਰਿ ਧਾਰਿਓ, ਘਰਿ ਮੰਦਰਿ ਆਣਿ ਵਸਾਈਐ ॥1॥6॥ . . (ਬਸੰਤੁ ਮ: 4

ਪੁਸਤਕ ਦਾ ਆਕਾਰ ਵੱਡਾ ਹੋ ਜਾਣ ਦੇ ਡਰ ਤੇ, ਇਥੇ ਇਹਨਾਂ ਲਫ਼ਜ਼ਾਂ ਦੀ ਵਿਆਕਰਣਿਕ ਬਣਤਰ ਤਾਂ ਸਮਝਾਈ ਨਹੀਂ ਜਾ ਸਕਦੀ; ਪਰ ਹੇਠਾਂ ਭੱਟਾਂ ਦੇ ਸਵਈਆਂ ਵਿਚੋਂ ਕੁਝ ਪ੍ਰਮਾਣ ਦਿੱਤੇ ਜਾਂਦੇ ਹਨ, ਜਿਨ੍ਹਾਂ ਨੂੰ ਗਹੁ ਨਾਲ ਪੜ੍ਹ ਕੇ ਪਾਠਕ ਜਨ ਇਹ ਵੇਖ ਲੈਣਗੇ ਕਿ ਵਿਆਕਰਣ ਦੇ ਜੋ ਨਿਯਮ ਸਤਿਗੁਰੂ ਜੀ ਦੀ ਆਪਣੀ ਬਾਣੀ ਵਿਚ ਮਿਲਦੇ ਹਨ, ਉਹੀ ਨਿਯਮ ਭੱਟਾਂ ਦੀ ਬਾਣੀ ਵਿਚ ਭੀ ਵਰਤੇ ਹੋਏ ਮਿਲਦੇ ਹਨ।

ਗੁਰਬਾਣੀ ਅਤੇ ਭੱਟ ਬਾਣੀ ਵਿਚ

ਉਹੀ ਵਿਆਕਰਣਿਕ ਨਿਯਮ

ਪੁਲਿੰਗ, ਕਰਤਾ ਕਾਰਕ, ਇਕ-ਵਚਨ:

(1) ਰਾਜੁ ਜੋਗੁ ਮਾਣਿਓ ਬਸਿਓ 'ਨਿਰਵੈਰੁ' ਰਿਦੰਤਰਿ ॥6॥

(2) ਸ੍ਰੀ 'ਗੁਰੂ ਰਾਜੁ' ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥7॥ . . (ਸਵਈਏ ਮਹਲੇ ਪਹਿਲੇ ਕੇ

(3) ਸੋਈ 'ਪੁਰਖੁ' ਧੰਨੁ ਕਰਤਾ ਕਾਰਣੁ ਕਰਤਾਰੁ ਕਰਣੁ ਸਮਰਥੋ ॥1॥

(4) ਤੂ ਤਾ ਜਨਿਕ ਰਾਜਾ 'ਅਉਤਾਰੁ'... ॥3॥

(5) ਹਰਿ ਪਰਸਿਓ ਕਲੁ ਸਮੁਲਵੈ ਜਨ 'ਦਰਸਨੁ' ਲਹਣੇ ਭਯੌ ॥6॥

(6) 'ਗੁਰੁ' ਨਵਨਿਧਿ ਦਰੀਆਉ ਜਨਮ ਹਮ ਕਾਲਖ ਧੋਵੈ ॥10॥ . . . . (ਸਵਈਏ ਮਹਲੇ ਦੂਜੇ ਕੇ 2

(7) ਤਿਤੁ ਨਾਮਿ ਰਸਿਕੁ 'ਨਾਨਕੁ'... ॥1॥

(8) ਸੋਈ 'ਨਾਮੁ' ਅਛਲੁ 'ਭਗਤਹ' 'ਭਵ ਤਾਰਣੁ' ਅਮਰਦਾਸ ਗੁਰ ਕਉ ਫੁਰਿਆ ॥3॥

(9) 'ਨਾਮੁ' ਸਿਰੋਮਣਿ ਸਰਬ ਮੈ ਭਗਤ ਰਹੇ ਲਿਵ ਧਾਰਿ ॥6॥ . . . . (ਸਵਈਏ ਮਹਲੇ ਤੀਜੇ ਕੇ 3

(10) 'ਗੁਰੁ' ਜਿਨ੍ਹ੍ਹ ਕਉ ਸੁਪ੍ਰਸੰਨੁ 'ਨਾਮੁ' ਹਰਿ ਰਿਦੈ ਨਿਵਾਸੈ ॥11॥

(11) ਕਚਹੁ 'ਕੰਚਨੁ' ਭਇਅਉ ਸਬਦੁ ਗੁਰ ਸ੍ਰਵਣਹਿ ਸੁਣਿਓ ॥2॥6॥ . . .(ਸਵਈਏ ਮਹਲੇ ਚਉਥੇ ਕੇ 4

(12) 'ਗੁਰੁ' ਅਰਜੁਨੁ ਪੁਰਖੁ ਪ੍ਰਮਾਣੁ ਪਾਰਥਉ ਚਾਲੈ ਨਹੀ ॥1॥ਸੋਰਠੇ॥

(13) ਗੁਰੁ ਅਰਜੁਨੁ, ਘਰਿ ਗੁਰ ਰਾਮਦਾਸ ਅਪਰੰਪਰੁ ਬੀਣਾ ॥3॥

(14) ਭਨਿ ਮਥੁਰਾ ਕਛੁ ਭੇਦ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ ॥7॥19॥

(15) ਹਰਿਬੰਸ ਜਗਤਿ ਜਸੁ ਸੰਚਰ੍ਯ੍ਯਉ ਸੁ 'ਕਵਣੁ' ਕਹੈ ਸ੍ਰੀ ਗੁਰੁ ਮੁਯਉ ॥1॥ . (ਸਵੀੲਏ ਮਹਲੇ ਪੰਜਵੇ ਕੇ 5

ਸੰਬੰਧਕਾਂ ਦੇ ਨਾਲ ਮੁਕਤਾ-ਅੰਤ ਰੂਪ:

'ਗੁਰ ਬਿਨੁ' ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ ॥

ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ ॥ . . . . (ਸਵਈਏ ਮਹਲੇ ਚਉਥੇ ਕੇ, ਨਲ੍ਯ੍ਯ

'ਗੁਰ ਕੇ' ਬਚਨ ਸਤਿ ਜੀਅ ਧਾਰਹੁ ॥ ਮਾਣਸ ਜਨਮੁ ਦੇਹ ਨਿਸ੍ਤਾਰਹੁ ॥1॥ (ਸਵਈਏ ਮਹਲੇ ਚਉਥੇ ਕੇ, ਗਯੰਦ

ਪਰਤਾਪੁ ਸਦਾ 'ਗੁਰ ਕਾ' ਘਟਿ ਘਟਿ ਪਰਗਾਸੁ ਭਯਾ ਜਸੁ ਜਨ ਕੈ ॥4॥ .(ਸਵਈਏ ਮਹਲੇ ਚਉਥੇ ਕੇ, ਗਯੰਦ

ਸੰਬੰਧ ਕਾਰਕ, ਇਕ-ਵਚਨ (ਮੁਕਤਾ-ਅੰਤ):

ਕਬਿ ਕਲ ਸੁਜਸੁ ਗਾਵਉ 'ਗੁਰ ਨਾਨਕ' ਰਾਜੁ ਜੋਗੁ ਜਿਨਿ ਮਾਣਿਓ ॥3॥ . . . . (ਸਵਈਏ ਮਹਲੇ ਪਹਲੇ ਕੇ, ਕਲ੍ਯ੍ਯ

ਗੁਰ ਨਾਨਕ ਸੁਜਸੁ = ਗੁਰੂ ਨਾਨਕ ਦਾ ਸੋਹਣਾ ਜਸ।

ਸੰਸਾਰਿ ਸਫਲੁ ਗੰਗਾ 'ਗੁਰ ਦਰਸਨੁ' ਪਰਸਨ ਪਰਮ ਪਵਿਤ੍ਰ ਗਤੇ ॥

ਜੀਤਹਿ ਜਮ ਲੋਕੁ ਪਤਿਤ ਜੇ ਪ੍ਰਾਣੀ ਹਰਿ ਜਨ ਸਿਵ ਗੁਰ ਗ੍ਯ੍ਯਾਨਿ ਰਤੇ ॥2॥ (ਸਵਈਏ ਮਹਲੇ ਚਉਥੇ ਕੇ, ਗਯੰਦ

ਗੁਰ ਦਰਸਨੁ = ਗੁਰੂ ਦਾ ਦਰਸਨ। ਗੁਰ ਗ੍ਯ੍ਯਾਨਿ = ਗੁਰੂ ਦੇ ਗਿਆਨ ਵਿਚ।

ਤੈ ਤਾ ਹਦਰਥਿ ਪਾਇਓ ਮਾਨੁ ਸੇਵਿਆ ਗੁਰੁ ਪਰਵਾਨੁ ਸਾਧਿ ਅਜਗਰੁ ਜਿਨਿ ਕੀਆ ਉਨਮਾਨੁ ॥

ਹਰਿ ਹਰਿ ਦਰਸ ਸਮਾਨ ਆਤਮਾ ਵੰਤ ਗਿਆਨ ਜਾਣੀਅ ਅਕਲ ਗਤਿ ਗੁਰ ਪਰਵਾਨ ॥5॥

(ਸਵਈਏ ਮਹਲੇ ਦੂਜੇ ਕੇ, ਕਲ੍ਯ੍ਯ

ਨੋਟ: ਪਹਿਲੀ ਤੁਕ ਵਿਚ 'ਗੁਰੁ ਪਰਵਾਨੁ' ਕਰਮ ਕਾਰਕ, ਇਕ-ਵਚਨ ਹੈ; ਸੋ (ੁ-ਅੰਤ) ਹੈ। ਦੂਜੀ ਤੁਕ ਵਿਚ:

ਗੁਰ ਪਰਵਾਨ ਅਕਲ ਗਤਿ = ਪਰਵਾਨ ਗੁਰੂ ਦੀ ਗੂਝ ਗਤੀ।

ਲਫ਼ਜ਼ ਦਾ ਅਸਲੀ ਅਰਥ ਉਹੀ ਰਹੇਗਾ:

ਇਸ ਭਾਗ ਦੀ ਵਿਚਾਰ ਵਿਚ ਅਸੀਂ ਇਹ ਸਮਝ ਚੁਕੇ ਹਾਂ ਕਿ ਕੋਈ ਲਫ਼ਜ਼ ਕੇਵਲ ਕਾਰਕ-ਚਿਹਨ ਦੇ ਬਦਲਣ ਨਾਲ ਆਪਣੇ ਅਸਲੀ ਅਰਥ ਤੋਂ ਨਹੀਂ ਉਲਟ ਸਕਦਾ। ਸੋ, ਲਫ਼ਜ਼ 'ਗੁਰ' ਦਾ ਅਰਥ 'ਅਕਾਲ ਪੁਰਖ' ਕੇਵਲ ਇਸ ਵਾਸਤੇ ਨਹੀਂ ਬਣ ਸਕਦਾ ਕਿ ਇਹ ਮੁਕਤਾ-ਅੰਤ ਹੈ। ਪੰਜਾਬੀ ਵਿਚ ਲਫ਼ਜ਼ 'ਗੁਰ' ਮੁਕਤਾ-ਅੰਤ ਹੈ, ਵਿਆਕਰਣਿਕ ਸੰਬੰਧ ਦੇ ਕਾਰਣ ਕਦੇ ਇਹ 'ਗੁਰੁ' ਅਤੇ ਕਦੇ 'ਗੁਰਿ' ਬਣ ਜਾਂਦਾ ਹੈ। ਅਸਾਂ ਇਹ ਭੀ ਵੇਖ ਲਿਆ ਹੈ ਕਿ ਸੱਜਣ ਜਨਾਂ ਦੇ ਦਿੱਤੇ ਹੋਏ ਪ੍ਰਮਾਣਾਂ ਵਿਚੋਂ ਗੁਰ ਮੰਤ੍ਰ 'ਵਾਹੁਗੁਰ' ਨਹੀਂ ਬਣ ਸਕਿਆ।

ਸਾਰੀ ਵਿਚਾਰ ਦਾ ਸੰਖੇਪ

ਗੁਰੂ ਰਾਮਦਾਸ ਜੀ ਨੇ ਦੇਹਾਂਤ-ਸਮਾ ਨੇੜੇ ਜਾਣ ਕੇ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਅਰਜਨ ਸਾਹਿਬ ਜੀ ਨੂੰ ਸਉਂਪੀ, ਅਤੇ ਆਪਿ ਸ੍ਰੀ ਰਾਮਦਾਸਪੁਰੇ ਤੋਂ ਗੋਇੰਦਵਾਲ ਸਾਹਿਬ ਚਲੇ ਗਏ। ਇਥੇ ਹੀ ਆਪ ਅਗਸਤ 1581 ਈਸਵੀ ਵਿਚ ਜੋਤੀ ਜੋਤਿ ਸਮਾਏ।

ਦਸਤਾਰ-ਬੰਦੀ ਦੀ ਰਸਮ ਵੇਲੇ ਦੂਰੋਂ ਦੂਰੋਂ ਸਿੱਖ-ਸੰਗਤਾਂ ਗੁਰੂ ਅਰਜਨ ਸਾਹਿਬ ਜੀ ਦੇ ਦੀਦਾਰ ਨੂੰ ਆਈਆਂ। ਉਹਨੀਂ ਹੀ ਦਿਨੀਂ ਭੱਟ ਭੀ ਸੰਗਤਾਂ ਦੇ ਨਾਲ ਗੋਇੰਦਵਾਲ ਆਏ। ਦੀਦਾਰ ਦੀ ਬਰਕਤਿ ਨਾਲ ਚਿੱਤ ਗੁਰੂ ਦੀ ਸਿਫ਼ਤਿ ਕਰਨ ਦੇ ਉਮਾਹ ਵਿਚ ਆਇਆ, ਅਤੇ ਗੁਰੂ-ਉਪਮਾ ਵਿਚ ਉਹਨਾਂ ਇਹ 'ਸਵਈਏ' ਉਚਾਰੇ, ਜਿਨ੍ਹਾਂ ਨੂੰ ਸਮੇ ਸਿਰ ਗੁਰੂ ਅਰਜਨ ਸਾਹਿਬ ਜੀ ਨੇ 'ਸ੍ਰੀ ਮੁਖਬਾਕ੍ਯ੍ਯ' ਸਵਈਆਂ ਸਮੇਤ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ।

ਇਹ ਸਾਖੀ ਇਹਨਾਂ ਭੱਟਾਂ ਦੀ ਬਾਣੀ ਵਿਚੋਂ ਹੀ ਮਿਲ ਜਾਂਦੀ ਹੈ। ਭੱਟ 'ਨਲ੍ਯ੍ਯ' ਗੋਇੰਦਵਾਲ ਦੀ ਉਸਤਤਿ ਕਰਦਾ ਹੈ ਅਤੇ ਭੱਟ 'ਹਰਿਬੰਸ' ਗੁਰੂ ਰਾਮਦਾਸ ਜੀ ਦੇ 'ਦੇਵ-ਪੁਰੀ' ਵਿਚ ਜਾਣ ਅਤੇ ਗੁਰੂ ਅਰਜਨ ਸਾਹਿਬ ਜੀ ਦੇ ਸਿਰ ਤੇ ਗੁਰਿਆਈ ਦਾ ਛਤ੍ਰ ਝੁੱਲਣ ਦਾ ਜ਼ਿਕਰ ਕਰਦਾ ਹੈ।

ਜਿਨ੍ਹਾਂ ਭੱਟਾਂ ਦੀ ਬਾਣੀ 'ਬੀੜ' ਵਿਚ ਦਰਜ ਹੈ, ਉਹਨਾਂ ਦੇ ਨਾਮ ਇਹ ਹਨ:

(1) ਕੱਲਸਹਾਰ, (ਜਿਸ ਦੇ ਦੂਜੇ ਨਾਮ 'ਕਲ੍ਯ੍ਯ' ਅਤੇ 'ਟਲ੍ਯ੍ਯ' ਹਨ)।

(2) ਜਾਲਪ, ਜਿਸ ਦਾ ਦੂਜਾ ਨਾਮ 'ਜਲ੍ਯ੍ਯ' ਹੈ।

(3) ਕੀਰਤ, (4) ਭਿੱਖਾ, (5) ਸਲ੍ਯ੍ਯ, (6) ਭਲ੍ਯ੍ਯ, (7) ਨਲ੍ਯ੍ਯ, (8) ਗਯੰਦ, (9) ਮਥੁਰਾ, (10) ਬਲ੍ਯ੍ਯ ਅਤੇ (11) ਹਰਿਬੰਸ।

ਕੱਲਸਹਾਰ ਇਹਨਾਂ ਦਾ ਜੱਥੇਦਾਰ ਸੀ, ਇਹ ਸਾਰੇ ਰਲ ਕੇ ਹੀ ਗੁਰੂ ਅਰਜਨ ਸਾਹਿਬ ਦੇ ਦੀਦਾਰ ਨੂੰ ਆਏ ਸਨ।

ਸਵਈਆਂ ਵਿਚ ਕੇਵਲ 'ਗੁਰੂ' ਦੀ ਵਡਿਆਈ ਕੀਤੀ ਗਈ ਹੈ 'ਗੁਰੂ' ਦੀ ਉਪਮਾ ਕਰਨ ਲੱਗਿਆਂ 'ਗੁਰ-ਵਿਅਕਤੀ' ਦੀ ਉਪਮਾ ਹੋਣੀ ਕੁਦਰਤੀ ਗੱਲ ਸੀ, ਸੋ, ਇਹਨਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤਕ ਹਰੇਕ 'ਗੁਰ-ਮਹਲੇ' ਦੀ ਸਿਫ਼ਤਿ ਉਚਾਰੀ ਹੈ।

ਵਿਆਜ ਨਿੰਦਿਆ ਨਹੀਂ

ਭਗਤ-ਬਾਣੀ ਦੇ ਵਿਰੋਧੀ ਸੱਜਣ ਭੱਟਾਂ ਦੇ ਸਵਈਆਂ ਦੇ ਵੀ ਵਿਰੁੱਧ ਹਨ। ਉਹ ਲਿਖਦੇ ਹਨ-'ਭੱਟ ਅਸਲ ਵਿਚ ਮੰਗ ਖਾਣ ਵਾਲਿਆਂ ਦਾ ਟੋਲਾ ਹੈ ਜਿਨ੍ਹਾਂ ਦਾ ਕੰਮ ਉਸਤਤ ਕਰ ਕੇ ਮੰਗਣਾ ਤੇ ਖਾਣਾ ਹੈ। ਹੋ ਸਕਦਾ ਹੈ ਭੱਟਾਂ ਨੇ ਭੀ ਗੁਰੂ-ਉਸਤਤ ਦੇ ਖ਼ਿਆਲ ਨਾਲ ਕਵਿਤਾ ਰਚੀ ਹੋਵੇ, ਪਰ ਇਹ ਅਸਲ ਵਿਚ ਗੁਰ-ਨਿੰਦਿਆ ਹੈ।

ਭੱਟਾਂ ਨੇ ਗੁਰ-ਉਪਮਾ ਕਰਦਿਆਂ ਹਿੰਦੂ-ਅਵਤਾਰਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨਾਲ ਐਸੀਆਂ ਅਨੇਕਾਂ ਸਾਖੀਆਂ ਹਿੰਦੂ-ਮਿਥਿਹਾਸ ਨੇ ਜੋੜੀਆਂ ਹੋਈਆਂ ਹਨ ਜੋ ਗੁਰਮਤਿ ਦੇ ਧੁਰੇ ਤੋਂ ਮੰਨੀਆਂ ਨਹੀਂ ਜਾ ਸਕਦੀਆਂ।

'ਛਲਿਓ ਬਲਿ' ਦੇ ਸਿਰ-ਲੇਖ ਹੇਠ ਭੱਟ-ਬਾਣੀ ਦੇ ਵਿਰੋਧੀ ਸੱਜਣ ਰਾਜਾ ਬਲਿ ਵਾਲੀ ਪੁਰਾਣਿਕ ਸਾਖੀ ਦੇ ਕੇ ਅਖ਼ੀਰ ਤੇ ਲਿਖਦੇ ਹਨ-ਕੀ ਗੁਰੂ ਨਾਨਕ ਸਾਹਿਬ ਜੀ ਅਜੇਹੇ ਸਨ ਜੋ ਅਜੇਹੀਆਂ ਮਣ ਮਣ ਦੀਆਂ ਗੱਪਾਂ ਵਿਚ ਪਏ ਰਹੇ?

'ਰਾਮ ਰਘੁਵੰਸੁ' ਦੇ ਸਿਰ-ਲੇਖ ਹੇਠ ਪੰਡਿਤ ਹਿਰਦਾ ਰਾਮ ਦੇ ਲਿਖੇ ਹਨੂੰਮਾਨ ਨਾਟਕ ਵਿਚੋਂ ਹਵਾਲੇ ਦੇਂਦੇ ਹਨ ਜੋ ਸ੍ਰੀ ਰਾਮਚੰਦ੍ਰ ਜੀ ਦੀ ਸ਼ਾਨ ਨੂੰ ਚਮਕਾ ਨਹੀਂ ਸਕਦੇ। ਅਖ਼ੀਰ ਤੇ ਉਹ ਸੱਜਣ ਇਹ ਲਿਖਣ ਤੇ ਮਜਬੂਰ ਹਨ-ਪਰ ਭੱਟ ਗੁਰੂ ਮਹਾਰਾਜ ਦੀ ਮਹਿਮਾ ਇਸ ਤਰ੍ਹਾਂ ਕਰਦੇ ਹਨ ਕਿ ਹੇ ਗੁਰੂ! ਰਾਘਵਾਂ ਦੀ ਬੰਸ ਵਿਚ ਸ਼ਿਰੋਮਣੀ ਰਾਜਾ ਦਸਰਥ ਦੇ ਘਰ ਪ੍ਰਗਟ ਹੋਏ ਆਪ ਰਾਮਚੰਦਰ ਹੋ। ...ਗੁਰੂ ਸਾਹਿਬਾਨ ਨੂੰ ਰਾਮਚੰਦਰ ਜਨਕ ਆਦਿ ਰਾਜਿਆਂ ਦਾ ਦਰਜਾ ਦੇ ਕੇ ਨਿਵਾਜਣਾ ਗੁਰੂ ਸਾਹਿਬ ਦੀ ਸਖ਼ਤ ਨਿਰਾਦਰੀ ਹੈ।

'ਦੁਆਪੁਰ ਕ੍ਰਿਸ਼ਨ ਮੁਰਾਰਿ' ਦੇ ਸਿਰਲੇਖ ਹੇਠ 'ਚੀਰ ਹਰਨ ਕਥਾ' ਦੇ ਕੇ ਆਪ ਲਿਖਦੇ ਹਨ-'ਕੀ ਸਾਡੇ ਗੁਰੂ ਸਾਹਿਬਾਨ ਅਜੇਹੀ ਕ੍ਰਿਸ਼ਨ ਲੀਲਾ ਰਚਾ ਕੇ.....?

ਭੱਟ ਸਾਹਿਬ ਤਾਂ ਸਾਫ਼ ਕਹਿ ਰਹੇ ਹਨ ਕਿ ਗੁਰੂ ਨਾਨਕ! ਤੂੰ ਕ੍ਰਿਸ਼ਨ ਮੁਰਾਰੀ ਹੈਂ, ਤੂੰ ਦੁਆਪੁਰ ਜੁਗ ਅੰਦਰ ਇਹ ਕੌਤਕ ਕੀਤੇ। ਸੋਚੋ, ਇਹ ਉਸਤਤਿ ਹੈ ਕਿ ਨਿੰਦਾ?

ਭੱਟ-ਬਾਣੀ ਦੇ ਵਿਰੋਧੀ ਸੱਜਣ ਜੀ ਦਾ ਗੁਰਸਿੱਖੀ ਵਾਸਤੇ ਪਿਆਰ ਤੇ ਜਜ਼ਬਾ ਸਚ-ਮੁੱਚ ਹੀ ਸਲਾਹੁਣ-ਜੋਗ ਹੈ। ਪਰ ਵਿਚਾਰ-ਧਾਰਾ ਦੇ ਫ਼ਰਕ ਨੂੰ ਧੀਰਜ ਤੇ ਠਰ੍ਹੰਮੇ ਨਾਲ ਪੜਚੋਲਿਆਂ ਸੁਖਦਾਈ ਨਤੀਜਾ ਨਿਕਲ ਸਕਦਾ ਹੈ। ਭੱਟਾਂ ਦਾ ਦ੍ਰਿਸ਼ਟੀ-ਕੋਣ ਇਉਂ ਜਾਪਦਾ ਹੈ ਕਿ ਸਾਡੇ ਵਾਸਤੇ ਤਾਂ ਗੁਰੂ ਨਾਨਕ ਪਾਤਿਸ਼ਾਹ ਹੀ ਉਹ ਸ੍ਰੀ ਰਾਮ ਚੰਦਰ ਹੈ ਉਹ ਸ੍ਰੀ ਕ੍ਰਿਸ਼ਨ ਹੈ ਜਿਨ੍ਹਾਂ ਨੂੰ ਆਪੋ ਆਪਣੇ ਜੁਗ ਦਾ ਸ਼ਿਰੋਮਣੀ ਮੰਨਿਆ ਜਾ ਰਿਹਾ ਹੈ ਤੇ ਜਿਨ੍ਹਾਂ ਦੇ ਜੀਵਨ ਨਾਲ ਉਹਨਾਂ ਦੇ ਸ਼ਰਧਾਲੂ ਕਈ ਕਿਸਮ ਦੀਆਂ ਕਹਾਣੀਆਂ ਜੋੜਦੇ ਚਲੇ ਆ ਰਹੇ ਹਨ।

ਭੱਟ-ਬਾਣੀ ਦੇ ਵਿਰੋਧੀ ਵੀਰ ਆਪਣੀ ਪੁਸਤਕ ਦੇ ਅਖ਼ੀਰ ਤੇ ਭਾਈ ਮਨੀ ਸਿੰਘ ਜੀ ਦਾ ਜ਼ਿਕਰ ਕਰਦੇ ਇਉਂ ਲਿਖਦੇ ਹਨ-'ਭਾਈ ਮਨੀ ਸਿੰਘ ਜੀ ਸ਼ਹੀਦ ਪਰ ਇਹ ਝੂਠਾ ਇਲਜ਼ਾਮ ਲਗਾਇਆ ਕਿ ਉਹਨਾਂ ਨੂੰ ਬੀੜ ਦਾ ਕ੍ਰਮ ਭੰਗ ਕਰਨ ਕਰਕੇ ਖਾਲਸਾ ਪੰਥ ਨੇ ਸਰਾਪ ਦਿੱਤਾ ਸੀ ਕਿ ਤੁਰਕ ਉਹਨਾਂ ਦੇ ਬੰਦ ਬੰਦ ਕਟੌਣਗੇ। ' ਇਸ ਤਰ੍ਹਾਂ ਭਾਈ ਸਾਹਿਬ ਜੀ ਦੀ ਸ਼ਹੀਦੀ ਨੂੰ ਭੀ ਸਜ਼ਾ ਮਿਲਣੀ ਸਾਬਤ ਕੀਤਾ ਗਿਆ।

ਭਾਈ ਮਨੀ ਸਿੰਘ ਜੀ ਦੇ ਜਿਸ ਮਹਾਨ ਸਾਹਿੱਤਕ ਉੱਦਮ ਵਲ ਉਪਰ ਇਸ਼ਾਰਾ ਕੀਤਾ ਗਿਆ ਹੈ, ਉਹ ਸਾਰਾ ਸੰਗ੍ਰਹਿ ਇਸ ਵੇਲੇ ਸਰਦਾਰ ਗੁਲਾਬ ਸਿੰਘ ਜੀ ਸੇਠੀ ਪਾਸ (17-ਹਨੂਮਾਨ ਰੋਡ, ਨਵੀਂ ਦਿੱਲੀ ਵਿਚ) ਦੱਸਿਆ ਜਾਂਦਾ ਹੈ। ਭਾਈ ਸਾਹਿਬ ਦੀ ਇਹ ਮਹਾਨ ਮਿਹਨਤ ਸੰਮਤ 1770 ਵਿਚ ਖ਼ਤਮ ਹੋਈ ਸੀ (ਭਾਵ, ਸੰਨ 1713 ਵਿਚ, ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹੀਦੀ ਤੋਂ ਪੰਜ ਸਾਲ ਪਿੱਛੋਂ)।

ਇਹ ਗੱਲ ਪੰਥ-ਪ੍ਰਸਿੱਧ ਹੈ ਕਿ ਭਾਈ ਮਨੀ ਸਿੰਘ ਜੀ ਦਸਮ ਪਾਤਿਸ਼ਾਹ ਜੀ ਦੇ ਵੇਲੇ ਰੋਜ਼ਾਨਾ ਦੀਵਾਨ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਥਾ ਕਰਿਆ ਕਰਦੇ ਸਨ। ਉਹਨਾਂ ਦਾ ਇਹ ਉੱਦਮ ਇਤਨਾ ਸਫਲ ਹੋਇਆ, ਕਿ ਉਹਨਾਂ ਦੇ ਨਾਮ ਤੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਦੀ ਇਕ ਸੰਪ੍ਰਦਾਇ ਹੀ ਚੱਲ ਪਈ ਹੋਈ ਹੈ।

ਗਿਆਨੀ ਗਰਜਾ ਸਿੰਘ ਜੀ ਦੀ ਖੋਜ ਅਨੁਸਾਰ ਭਾਈ ਮਨੀ ਸਿੰਘ ਜੀ ਦਾ ਜਨਮ ਸੰਮਤ 1714 (ਸੰਨ 1644) ਵਿਚ ਹੋਇਆ ਸੀ। ਉਹ 13 ਸਾਲ ਦੀ ਉਮਰ ਦੇ ਸਨ ਜਦੋਂ ਉਹ ਗੁਰੂ ਹਰਿ ਰਾਇ ਸਾਹਿਬ ਦੀ ਸਰਨ ਆਏ। ਸੰਮਤ 1756 (ਸੰਨ 1699) ਵਿਚ ਇਹਨਾਂ ਨੇ ਅੰਮ੍ਰਿਤ ਪਾਨ ਕੀਤਾ। ਗੁਰ-ਵਿਅੱਕਤੀਆਂ ਦੇ ਕ੍ਰਮ ਅਨੁਸਾਰ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਣ ਦਾ ਉੱਦਮ ਸਿੱਖ-ਇਤਿਹਾਸ ਹੁਣ ਤਕ ਭਾਈ ਮਨੀ ਸਿੰਘ ਜੀ ਦੇ ਨਾਲ ਹੀ ਜੋੜਦਾ ਆ ਰਿਹਾ ਹੈ ਤੇ, ਉਸ ਸੰਗ੍ਰਹਿ ਵਿਚ ਭਗਤਾਂ ਦੀ ਬਾਣੀ ਭੀ ਮੌਜੂਦ ਹੈ ਅਤੇ ਭੱਟਾਂ ਦੇ ਸਵਈਏ ਭੀ ਮੌਜੂਦ ਹਨ।

ਇਹਨਾਂ ਬਾਣੀਆਂ ਦੇ ਵਿਰੁੱਧ ਖਰਵ੍ਹੇ ਤੇ ਅਸਰਧਾ-ਭਰੇ ਬੋਲ ਲਿਖਣ ਅਤੇ ਬੋਲਣ ਵਾਲੇ ਸੱਜਣਾਂ ਦੀ ਸੇਵਾ ਵਿਚ ਬੇਨਤੀ ਹੈ ਕਿ ਇਸ ਅੱਤ ਗੰਭੀਰ ਮਾਮਲੇ ਨੂੰ ਗੰਭੀਰਤਾ ਨਾਲ ਹੀ ਵਿਚਾਰਨਾ ਚਾਹੀਦਾ ਹੈ।

___________________________


ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਸਵਯੇ ਸ੍ਰੀ ਮੁਖਬਾਕ੍ਯ੍ਯ ਮਹਲਾ ੫ ॥

ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ ॥ ਸਰਬ ਰਹਿਓ ਭਰਪੂਰਿ ਸਗਲ ਘਟ ਰਹਿਓ ਬਿਆਪੇ ॥ {ਪੰਨਾ 1385}

ਪਦ ਅਰਥ: ਪੁਰਖ = ਸਰਬ-ਵਿਆਪਕ। ਕਰਣ ਕਾਰਣ = ਕਰਣ ਦਾ ਕਾਰਣ ਸ੍ਰਿਸ਼ਟੀ ਦਾ ਮੁੱਢ। ਭਰਪੂਰਿ = ਵਿਆਪਕ। ਸਗਲ ਘਟ = ਸਾਰੇ ਘਟਾਂ ਵਿਚ। ਰਹਿਓ ਬਿਆਪੇ = ਵਿਆਪ ਰਿਹਾ ਹੈਂ, ਪਸਰ ਰਿਹਾ ਹੈਂ, ਹਾਜ਼ਰ-ਨਾਜ਼ਰ ਹੈਂ।

ਅਰਥ: ਹੇ ਆਦਿ ਪੁਰਖ! ਹੇ ਕਰਤਾਰ! ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਮੂਲ ਹੈਂ। ਤੂੰ ਸਭ ਥਾਈਂ ਭਰਪੂਰਿ ਹੈਂ; (ਭਾਵ, ਕੋਈ ਥਾਂ ਐਸਾ ਨਹੀਂ, ਜਿੱਥੇ ਤੂੰ ਨਾਹ ਹੋਵੇਂ)। ਤੂੰ ਸਭ ਸਰੀਰਾਂ ਵਿਚ ਮੌਜੂਦ ਹੈਂ।

ਬ੍ਯ੍ਯਾਪਤੁ ਦੇਖੀਐ ਜਗਤਿ ਜਾਨੈ ਕਉਨੁ ਤੇਰੀ ਗਤਿ ਸਰਬ ਕੀ ਰਖ੍ਯ੍ਯਾ ਕਰੈ ਆਪੇ ਹਰਿ ਪਤਿ ॥ {ਪੰਨਾ 1385}

ਪਦ ਅਰਥ: ਦੇਖੀਐ = ਦੇਖੀਦਾ ਹੈਂ। ਜਗਤਿ = ਜਗਤ ਵਿਚ। ਪਤਿ = ਮਾਲਕ।

ਅਰਥ: ਹੇ (ਸਭ ਦੇ) ਮਾਲਕ ਅਕਾਲ ਪੁਰਖ! ਤੂੰ ਸਾਰੇ ਜਗਤ ਵਿਚ ਪਸਰਿਆ ਹੋਇਆ ਦਿੱਸ ਰਿਹਾ ਹੈਂ। ਕੌਣ ਜਾਣਦਾ ਹੈ ਤੂੰ ਕਿਹੋ ਜਿਹਾ ਹੈਂ? ਤੂੰ ਆਪ ਹੀ ਸਭ (ਜੀਆਂ) ਦੀ ਰੱਖਿਆ ਕਰਦਾ ਹੈਂ।

ਅਬਿਨਾਸੀ ਅਬਿਗਤ ਆਪੇ ਆਪਿ ਉਤਪਤਿ ॥ ਏਕੈ ਤੂਹੀ ਏਕੈ ਅਨ ਨਾਹੀ ਤੁਮ ਭਤਿ ॥ {ਪੰਨਾ 1385}

ਪਦ ਅਰਥ: ਅਬਿਨਾਸੀ = ਨਾਸ ਨਾ ਹੋਣ ਵਾਲਾ। ਅਬਿਗਤ = ਅਵਿਅਕਤ ਜੋ ਵਿਅਕਤੀ ਤੋਂ ਰਹਿਤ ਹੋਵੇ, ਸਰੀਰ ਤੋਂ ਰਹਿਤ, ਅਦ੍ਰਿਸ਼ਟ, ਇਹਨਾਂ ਅੱਖਾਂ ਨਾਲ ਨਾਹ ਦਿੱਸਣ ਵਾਲਾ। ਆਪੇ ਆਪਿ = ਆਪਣੇ ਆਪ ਤੋਂ। ਉਤਪਤਿ = ਪੈਦਾਇਸ਼। ਅਨ = ਕੋਈ ਹੋਰ (अन्य)। ਤੁਮ ਭਤਿ = ਤੁਮ ਭਾਂਤਿ, ਤੇਰੇ ਵਰਗਾ।

ਅਰਥ: (ਹੇ ਆਦਿ ਪੁਰਖ!) ਤੂੰ ਕਦੇ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ; ਤੇਰੀ ਉਤਪੱਤੀ ਤੇਰੇ ਆਪਣੇ ਆਪ ਤੋਂ ਹੀ ਹੈ। ਤੂੰ ਕੇਵਲ ਇੱਕੋ ਹੀ ਇਕ ਹੈਂ, ਤੇਰੇ ਵਰਗਾ ਹੋਰ ਕੋਈ ਨਹੀਂ ਹੈ।

ਹਰਿ ਅੰਤੁ ਨਾਹੀ ਪਾਰਾਵਾਰੁ ਕਉਨੁ ਹੈ ਕਰੈ ਬੀਚਾਰੁ ਜਗਤ ਪਿਤਾ ਹੈ ਸ੍ਰਬ ਪ੍ਰਾਨ ਕੋ ਅਧਾਰੁ ॥ {ਪੰਨਾ 1385}

ਪਦ ਅਰਥ: ਪਾਰਾਵਾਰੁ = ਉਰਲਾ ਪਰਲਾ ਪਾਸਾ, ਹੱਦ-ਬੰਨਾ। ਸ੍ਰਬ ਪ੍ਰਾਨ ਕੋ = ਸਾਰੇ ਪ੍ਰਾਣੀਆਂ ਦਾ। ਆਧਾਰੁ = ਆਸਰਾ।

ਅਰਥ: (ਹੇ ਭਾਈ!) ਹਰੀ ਦਾ ਅੰਤ ਤੇ ਹੱਦ-ਬੰਨਾ ਨਹੀਂ (ਪਾਇਆ ਜਾ ਸਕਦਾ)। ਕੌਣ (ਮਨੁੱਖ) ਹੈ ਜੋ (ਉਸ ਦੇ ਹੱਦ-ਬੰਨੇ ਨੂੰ ਲੱਭਣ ਦੀ) ਵਿਚਾਰ ਕਰ ਸਕਦਾ ਹੈ? ਹਰੀ ਸਾਰੇ ਜਗਤ ਦਾ ਪਿਤਾ ਹੈ ਅਤੇ ਸਾਰੇ ਜੀਆਂ ਦਾ ਆਸਰਾ ਹੈ।

ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੧॥ {ਪੰਨਾ 1385}

ਪਦ ਅਰਥ: ਦਰਿ = ਦਰ ਤੇ, (ਅਕਾਲ ਪੁਰਖ ਦੇ) ਦਰਵਾਜ਼ੇ ਤੇ। ਤੁਲਿ = ਪ੍ਰਵਾਨ। ਬ੍ਰਹਮ ਸਮਸਰਿ = ਅਕਾਲ ਪੁਰਖ ਦੇ ਸਮਾਨ, ਅਕਾਲ ਪੁਰਖ ਦਾ ਰੂਪ। ਜੀਹ = ਜੀਭ। ਬਖਾਨੈ = ਕਹੈ, ਕਹਿ ਸਕਦੀ ਹੈ। ਬਲਿ = ਸਦਕੇ। ਸਦ = ਸਦਾ।

ਅਰਥ: (ਹਰੀ ਦਾ) ਭਗਤ ਸੇਵਕ (ਗੁਰੂ) ਨਾਨਕ (ਹਰੀ ਦੇ) ਦਰ ਤੇ ਪਰਵਾਨ (ਹੋਇਆ ਹੈ) ਤੇ ਹਰੀ ਵਰਗਾ ਹੈ। (ਮੇਰੀ) ਇਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਥਨ ਕਰ ਸਕਦੀ ਹੈ? ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ।1।

ਨੋਟ: ਪਦ 'ਹਾਂ ਕਿ' ਸਵਈਏ ਦੀ ਟੇਕ-ਮਾਤ੍ਰ ਹੀ ਵਰਤਿਆ ਹੈ।

ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੈ ਹੀ ਤੇ ਪਰੈ ਅਪਰ ਅਪਾਰ ਪਰਿ ॥ {ਪੰਨਾ 1385}

ਪਦ ਅਰਥ: ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪ੍ਰਵਾਹ = ਝਰਨੇ, ਵਹਣ, ਚਸ਼ਮੇ। ਸਰਿ = ਸਰੇਂ, ਚੱਲਦੇ ਹਨ। ਅਤੁਲ = ਜੋ ਤੋਲੇ ਨਾਹ ਜਾ ਸਕਣ। ਭੰਡਾਰ = ਖ਼ਜ਼ਾਨੇ। ਭਰਿ = ਭਰੇ ਪਏ ਹਨ। ਅਪਰ ਅਪਾਰ = ਬੇਅੰਤ।

ਅਰਥ: (ਹੇ ਅਕਾਲ ਪੁਰਖ!) (ਤੈਥੋਂ) ਅੰਮ੍ਰਿਤ ਦੇ ਪ੍ਰਵਾਹ ਚੱਲ ਰਹੇ ਹਨ, ਤੇਰੇ ਨਾਹ ਤੁਲ ਸਕਣ ਵਾਲੇ ਖ਼ਜ਼ਾਨੇ ਭਰੇ ਪਏ ਹਨ; ਤੂੰ ਪਰੇ ਤੋਂ ਪਰੇ ਹੈਂ ਅਤੇ ਬੇਅੰਤ ਹੈਂ।

ਆਪੁਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ ਓਪਤਿ ਪਰਲੌ ਏਕੈ ਨਿਮਖ ਤੁ ਘਰਿ ॥ {ਪੰਨਾ 1385}

ਪਦ ਅਰਥ: ਭਾਵਨੁ = ਮਰਜ਼ੀ। ਕਰਿ = ਕਰਦਾ ਹੈਂ। ਮੰਤ੍ਰਿ = ਮੰਤ੍ਰ ਵਿਚ, ਸਲਾਹ ਵਿਚ। ਦੂਸਰੋ = ਕਿਸੇ ਹੋਰ ਨੂੰ। ਨ ਧਰਿ = ਨਹੀਂ ਧਰਦਾ ਹੈਂ, ਤੂੰ ਨਹੀਂ ਲਿਆਉਂਦਾ। ਓਪਤਿ = ਉਤਪੱਤੀ, ਜਗਤ ਦੀ ਪੈਦਾਇਸ਼। ਪਰਲੌ = ਜਗਤ ਦਾ ਨਾਸ। ਏਕੈ ਨਿਮਖ = ਇਕ ਨਿਮਖ ਵਿਚ, ਅੱਖ ਦੇ ਇਕ ਫੋਰ ਵਿਚ। ਤੁ = (ਤਵ) ਤੇਰੇ। ਘਰਿ = ਘਰ ਵਿਚ।

ਅਰਥ: ਤੂੰ ਆਪਣੀ ਮਰਜ਼ੀ ਕਰਦਾ ਹੈਂ; ਕਿਸੇ ਹੋਰ ਨੂੰ ਆਪਣੀ ਸਲਾਹ ਵਿਚ ਨਹੀਂ ਲਿਆਉਂਦਾ, (ਭਾਵ, ਤੂੰ ਕਿਸੇ ਹੋਰ ਨਾਲ ਸਲਾਹ ਨਹੀਂ ਕਰਦਾ) ਤੇਰੇ ਘਰ ਵਿਚ (ਭਾਵ, ਤੇਰੇ ਹੁਕਮ ਵਿਚ) ਜਗਤ ਦੀ ਪੈਦਾਇਸ਼ ਤੇ ਅੰਤ ਅੱਖ ਦੇ ਇਕ ਫੋਰ ਵਿਚ ਹੋ ਜਾਂਦੇ ਹਨ।

ਆਨ ਨਾਹੀ ਸਮਸਰਿ ਉਜੀਆਰੋ ਨਿਰਮਰਿ ਕੋਟਿ ਪਰਾਛਤ ਜਾਹਿ ਨਾਮ ਲੀਏ ਹਰਿ ਹਰਿ ॥ {ਪੰਨਾ 1385}

ਪਦ ਅਰਥ: ਆਨ = ਕੋਈ ਹੋਰ। ਸਮਸਰਿ = ਬਰਾਬਰ, ਸਮਾਨ, ਵਰਗਾ। ਉਜੀਆਰੋ = ਪ੍ਰਕਾਸ਼, ਚਾਨਣਾ। ਨਿਰਮਰਿ = ਨਿਰਮਲ, ਸਾਫ਼। ਸੰ: निर्माल्य pure, clean, stainless. ਇਸ ਤੋਂ ਪ੍ਰਾਕ੍ਰਿਤ ਅਤੇ ਪੰਜਾਬੀ ਰੂਪ-ਨਿਰਮਲ, ਨਿਰਮਾਰਿ, ਨਿਰਮਰਿ)। ਕੋਟਿ ਪਰਾਛਤ = ਕਰੋੜਾਂ ਪਾਪ। ਜਾਹਿ = ਦੂਰ ਹੋ ਜਾਂਦੇ ਹਨ।

ਅਰਥ: ਕੋਈ ਹੋਰ ਹਰੀ ਵਰਗਾ ਨਹੀਂ ਹੈ; ਉਸ ਦਾ ਨਿਰਮਲ ਚਾਨਣਾ ਹੈ; ਉਸ ਹਰੀ ਦਾ ਨਾਮ ਲਿਆਂ ਕਰੋੜਾਂ ਪਾਪ ਦੂਰ ਹੋ ਜਾਂਦੇ ਹਨ।

ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੨॥ {ਪੰਨਾ 1385}

ਅਰਥ: ਹਰੀ ਦਾ ਭਗਤ ਦਾਸ (ਗੁਰੂ) ਨਾਨਕ (ਹਰੀ ਦੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ ਹਰੀ ਵਰਗਾ ਹੈ। (ਮੇਰੀ) ਇਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ? ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ।2।

ਸਗਲ ਭਵਨ ਧਾਰੇ ਏਕ ਥੇਂ ਕੀਏ ਬਿਸਥਾਰੇ ਪੂਰਿ ਰਹਿਓ ਸ੍ਰਬ ਮਹਿ ਆਪਿ ਹੈ ਨਿਰਾਰੇ ॥ {ਪੰਨਾ 1385}

ਪਦ ਅਰਥ: ਸਗਲ ਭਵਨ = ਸਾਰੇ ਮੰਡਲ, ਸਾਰੇ ਲੋਕ। ਧਾਰੇ = ਬਣਾਏ, ਥਾਪੇ। ਏਕ ਥੇਂ = ਇਕ (ਆਪਣੇ ਆਪ) ਤੋਂ। ਬਿਸਥਾਰੇ = ਖਿਲਾਰਾ, ਪਸਾਰਾ। ਪੂਰਿ ਰਹਿਓ = ਵਿਆਪਕ ਹੈ। ਨਿਰਾਰੇ = ਨਿਰਾਲਾ, ਨਿਵੇਕਲਾ, ਨਿਆਰਾ।

ਅਰਥ: ਉਸ ਹਰੀ ਨੇ ਸਾਰੇ ਲੋਕ ਬਣਾਏ ਹਨ; ਇਕ ਆਪਣੇ ਆਪ ਤੋਂ ਹੀ (ਇਹ ਸੰਸਾਰ ਦਾ) ਖਿਲਾਰਾ ਕੀਤਾ ਹੈ; ਆਪ ਸਭ ਵਿਚ ਵਿਆਪਕ ਹੈ (ਅਤੇ ਫਿਰ) ਹੈ (ਭੀ) ਨਿਰਲੇਪ।

ਹਰਿ ਗੁਨ ਨਾਹੀ ਅੰਤ ਪਾਰੇ ਜੀਅ ਜੰਤ ਸਭਿ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ॥ {ਪੰਨਾ 1385}

ਪਦ ਅਰਥ: ਥਾਰੇ = ਤੇਰੇ। ਅਲਖ = ਜੋ ਲਖਿਆ ਨਾਹ ਜਾ ਸਕੇ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਕੋ = ਦਾ। ਮੁਰਾਰੇ = ਹੇ ਮੁਰਾਰਿ! ਮੁਰਨਾਮ ਦੈਂਤ ਦਾ ਵੈਰੀ। (ਅਕਾਲ ਪੁਰਖ ਦੇ ਨਾਵਾਂ ਵਿਚੋਂ ਇਕ ਨਾਮ ਵਰਤਿਆ ਗਿਆ ਹੈ)।

ਅਰਥ: ਹੇ ਬੇਅੰਤ ਹਰੀ! ਤੇਰੇ ਗੁਣਾਂ ਦਾ ਅੰਤ ਤੇ ਪਾਰ ਨਹੀਂ (ਪੈ ਸਕਦਾ); ਸਾਰੇ ਜੀਅ ਜੰਤ ਤੇਰੇ ਹੀ ਹਨ, ਤੂੰ ਇਕ ਆਪ ਹੀ ਸਭ ਦਾ ਦਾਤਾ ਹੈਂ। ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।

TOP OF PAGE

Sri Guru Granth Darpan, by Professor Sahib Singh