ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1374

ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈ ਸਭ ਭੂਲਿ ॥ ਓਰਾ ਗਰਿ ਪਾਨੀ ਭਇਆ ਜਾਇ ਮਿਲਿਓ ਢਲਿ ਕੂਲਿ ॥੧੭੭॥ {ਪੰਨਾ 1373-1374}

ਨੋਟ: ਵਰਖਾ ਪੈਣ ਤੇ ਮੀਂਹ ਦੀਆਂ ਬੂੰਦਾਂ ਮਿਲ ਕੇ ਨਦੀ ਵਿਚ ਜਾ ਮਿਲਦੀਆਂ ਹਨ ਪਰ ਬਹੁਤ ਠੰਢ ਲੱਗ ਜਾਣ ਤੇ ਉਹ ਬੂੰਦਾਂ ਗੜੇ (ਅਹਿਣ) ਬਣ ਜਾਂਦੀਆਂ ਹਨ, ਇਹ ਗੜੇ ਆਪੋ ਵਿਚੋਂ ਨਿੱਖੜ ਕੇ ਧਰਤੀ ਉੱਤੇ ਇਧਰ ਉਧਰ ਰਿੜ੍ਹਦੇ ਹਨ। ਜਦੋਂ ਇਹਨਾਂ ਨੂੰ ਫਿਰ ਸੇਕ ਲੱਗੇ, ਤਾਂ ਮੁੜ ਪਾਣੀ ਬਣ ਕੇ ਆਪਣੇ ਅਸਲੇ ਨਦੀ ਦੇ ਪਾਣੀ ਨਾਲ ਜਾ ਰਲਦੇ ਹਨ।

ਮਾਇਆ ਮਨੁੱਖ ਦੇ ਅੰਦਰ ਕਠੋਰਤਾ ਪੈਦਾ ਕਰ ਦੇਂਦੀ ਹੈ; ਬੰਦਿਆਂ ਵਲੋਂ ਰੁੱਖਾ ਤੇ ਰੱਬ ਵਲੋਂ ਭੀ ਰੁੱਖਾ; ਮਾਇਆ ਦੀ ਭਟਕਣਾ ਵਿਚ ਆਸੇ ਪਾਸੇ ਠੇਢੇ ਖਾਂਦਾ ਫਿਰਦਾ ਹੈ। ਜਦ ਪ੍ਰਭੂ ਦਾ ਡਰ-ਰੂਪ ਸੇਕ ਇਸ ਨੂੰ ਲੱਗਦਾ ਹੈ, ਤਾਂ ਹੋਰ ਪਾਸੇ ਭੁਲਾ ਕੇ ਪ੍ਰਭੂ-ਚਰਨਾਂ ਵਿਚ ਆ ਜੁੜਦਾ ਹੈ।

ਪਦ ਅਰਥ: ਭਲੀ ਭਈ = (ਮਨੁੱਖ ਦੇ ਮਨ ਦੀ ਹਾਲਤ) ਚੰਗੀ ਹੋ ਜਾਂਦੀ ਹੈ। ਜੋ = ਜਦੋਂ। ਭਉ = (ਪਰਮਾਤਮਾ ਦਾ) ਡਰ, ਇਹ ਡਰ ਕਿ ਪਰਮਾਤਮਾ ਨੂੰ ਵਿਸਾਰ ਕੇ ਮਾਇਆ ਪਿੱਛੇ ਭਟਕਿਆਂ ਕਈ ਠੇਡੇ ਖਾਣੇ ਪੈਂਦੇ ਹਨ। ਦਿਸਾ = (ਹੋਰ ਹੋਰ) ਪਾਸੇ, ਹੋਰ ਹੋਰ ਪਾਸੇ ਦੀ ਭਟਕਣਾ। ਓਰਾ = ਗੜਾ, ਅਹਿਣ। ਗਰਿ = (ਸੇਕ ਨਾਲ) ਗਲ ਕੇ। ਢਲਿ = ਰਿੜ੍ਹ ਕੇ, ਨੀਵੇਂ ਪਾਸੇ ਵਲ ਢਲ ਕੇ। ਕੂਲਿ = ਨਦੀ।

ਅਰਥ: ਹੇ ਕਬੀਰ! ਜਦੋਂ ਮਨੁੱਖ ਦੇ ਅੰਦਰ (ਇਹ) ਡਰ ਪੈਦਾ ਹੁੰਦਾ ਹੈ (ਕਿ ਪਰਮਾਤਮਾ ਨੂੰ ਵਿਸਾਰ ਕੇ ਮਾਇਆ ਪਿੱਛੇ ਭਟਕਿਆਂ ਕਈ ਠੇਡੇ ਖਾਣੇ ਪੈਂਦੇ ਹਨ) ਤਾਂ (ਇਸ ਦੇ) ਮਨ ਦੀ ਹਾਲਤ ਚੰਗੀ ਹੋ ਜਾਂਦੀ ਹੈ, ਇਸ ਨੂੰ (ਪਰਮਾਤਮਾ ਦੀ ਓਟ ਤੋਂ ਬਿਨਾ ਹੋਰ) ਸਾਰੇ ਪਾਸੇ ਭੁੱਲ ਜਾਂਦੇ ਹਨ। (ਪਰਮਾਤਮਾ ਦਾ ਡਰ ਮਨੁੱਖ ਦੇ ਕਠੋਰ ਹੋਏ ਮਨ ਵਾਸਤੇ, ਮਾਨੋ, ਸੇਕ ਦਾ ਕੰਮ ਦੇਂਦਾ ਹੈ; ਜਿਵੇਂ ਸੇਕ ਲੱਗਣ ਨਾਲ) ਗੜਾ ਪੰਘਰ ਕੇ ਮੁੜ ਪਾਣੀ ਬਣ ਜਾਂਦਾ ਹੈ, ਤੇ ਢਲ ਕੇ ਨਦੀ ਵਿਚ ਜਾ ਰਲਦਾ ਹੈ ।172।

ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ ॥ ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ ॥੧੭੮॥ {ਪੰਨਾ 1374}

ਪਦ ਅਰਥ: ਧੂਰਿ = ਧੂੜ, ਮਿੱਟੀ। ਸਕੇਲਿ ਕੈ = ਇਕੱਠੀ ਕਰ ਕੇ। ਪੁਰੀਆ = ਨਗਰੀ। ਦੇਹ = ਸਰੀਰ। ਕੋ = ਦਾ। ਪੇਖਨਾ = ਵੇਖਣ ਨੂੰ ਸੁੰਦਰ। ਅੰਤਿ = ਆਖ਼ਰ ਨੂੰ। ਖੇਹ ਕੀ ਖੇਹ = ਮਿੱਟੀ ਤੋਂ ਪੈਦਾ ਹੋਈ ਫਿਰ ਮਿੱਟੀ ਵਿਚ ਹੀ ਜਾ ਰਲੀ।

ਅਰਥ: ਹੇ ਕਬੀਰ! (ਜਿਵੇਂ) ਮਿੱਟੀ ਇਕੱਠੀ ਕਰ ਕੇ ਇਕ ਨਗਰੀ ਵਸਾਈ ਜਾਂਦੀ ਹੈ ਤਿਵੇਂ (ਪੰਜ ਤੱਤ ਇਕੱਠੇ ਕਰ ਕੇ ਪਰਮਾਤਮਾ ਨੇ) ਇਹ ਸਰੀਰ ਰਚਿਆ ਹੈ। ਵੇਖਣ ਨੂੰ ਚਾਰ ਦਿਨ ਸੋਹਣਾ ਲੱਗਦਾ ਹੈ, ਪਰ ਆਖ਼ਰ ਜਿਸ ਮਿੱਟੀ ਤੋਂ ਬਣਿਆ ਉਸ ਮਿੱਟੀ ਵਿਚ ਹੀ ਰਲ ਜਾਂਦਾ ਹੈ ।178।

ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ ॥ ਗੁਰ ਗੋਬਿੰਦ ਕੇ ਬਿਨੁ ਮਿਲੇ ਪਲਟਿ ਭਈ ਸਭ ਖੇਹ ॥੧੭੯॥ {ਪੰਨਾ 1374}

ਨੋਟ: ਇਸ ਸ਼ਲੋਕ ਨੂੰ ਪਿਛਲੇ ਸ਼ਲੋਕ ਨਾਲ ਰਲਾ ਕੇ ਪੜ੍ਹੋ। 'ਅੰਤਿ ਖੇਹ ਕੀ ਖੇਹ' ਅਤੇ 'ਪਲਟਿ ਭਈ ਸਭ ਖੇਹ' ਤੋਂ ਸਾਫ਼ ਦਿੱਸਦਾ ਹੈ ਕਿ ਦੋਵੇਂ ਸ਼ਲੋਕ ਇਕੱਠੇ ਹੀ ਵਿਚਾਰਨੇ ਹਨ।

ਭਾਵੇਂ ਇਹ ਨਗਰੀ ਚਾਰ ਦਿਨਾਂ ਵਾਸਤੇ ਹੀ ਹੈ, ਪਰ ਇਸ ਵਿਚ ਸੂਰਜ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ, ਇਸ ਵਿਚ ਚੰਦ੍ਰਮਾ ਦੀਆਂ ਠੰਢੀਆਂ ਮਿੱਠੀਆਂ ਕਿਰਨਾਂ ਪੈਣੀਆਂ ਚਾਹੀਦੀਆਂ ਹਨ। ਤੇ, ਸੂਰਜ ਵਾਲਾ ਪ੍ਰਕਾਸ਼ ਅਤੇ ਚੰਦ੍ਰਮਾ ਵਾਲੀ ਸੀਤਲਤਾ ਤਦੋਂ ਹੀ ਉਦੈ ਹੋ ਸਕਦੇ ਹਨ ਜੇ ਗੁਰੂ ਦੀ ਰਾਹੀਂ ਪਰਮਾਤਮਾ ਮਿਲੇ।

ਸ਼ਲੋਕ ਨੰ: 174 ਤੋਂ ਲੈ ਕੇ 177 ਤਕ ਗਹੁ ਨਾਲ ਪੜ੍ਹੋ। ਜੀਵ ਦੇ ਚਾਰ-ਚੁਫੇਰੇ ਵਿਕਾਰਾਂ ਦੀ ਤਪਸ਼ ਹੈ, ਇਸ ਨੂੰ ਅੰਤਰ-ਆਤਮੇ ਚੰਦ੍ਰਮਾ ਵਾਲੀ ਠੰਢ ਦੀ ਲੋੜ ਹੈ, ਜਿਵੇਂ ਚੰਦਨ ਨੂੰ ਉਸ ਦੀ ਆਪਣੀ ਅੰਦਰਲੀ ਸੀਤਲਤਾ ਸੱਪਾਂ ਦੇ ਜ਼ਹਿਰ ਤੋਂ ਬਚਾਈ ਰੱਖਦੀ ਹੈ। ਮਾਇਆ ਦੇ ਅਸਰ ਹੇਠ ਸਦਾ ਇਹ ਖ਼ਤਰਾ ਹੈ ਕਿ ਜੀਵ ਗੜ੍ਹੇ (ਅਹਿਣ) ਵਾਂਗ ਕਠੋਰ ਨਾ ਬਣ ਜਾਏ, ਇਸ ਨੂੰ ਅੰਤਰ-ਆਤਮੇ ਸੂਰਜ ਦੇ ਨਿੱਘ ਦੀ ਲੋੜ ਹੈ। ਇਹ ਨਿੱਘ (=ਪਿਆਰ) ਤੇ ਇਹ ਸੀਤਲਤਾ ਗੁਰੂ ਪਰਮਾਤਮਾ ਦੇ ਚਰਨਾਂ ਵਿਚ ਜੁੜਿਆਂ ਮਿਲਦੇ ਹਨ।

ਪਦ ਅਰਥ: ਸੂਰਜ ਚਾਂਦ ਕੈ ਉਦੈ = ਸੂਰਜ ਅਤੇ ਚੰਦ੍ਰਮਾ ਦੇ ਪ੍ਰਕਾਸ਼ ਦੀ ਖ਼ਾਤਰ।

ਅਰਥ: ਹੇ ਕਬੀਰ! (ਪੰਜਾਂ ਤੱਤਾਂ ਤੋਂ ਇਹ) ਸਰੀਰ-ਰਚਨਾ ਇਸ ਵਾਸਤੇ ਹੋਈ ਹੈ ਕਿ ਇਸ ਵਿਚ ਸੂਰਜ ਅਤੇ ਚੰਦ੍ਰਮਾ ਦਾ ਉਦੈ ਹੋਵੇ (ਭਾਵ, ਨਰਮ-ਦਿਲੀ ਅਤੇ ਸੀਤਲਤਾ ਪੈਦਾ ਹੋਣ, ਪਰ ਇਹ ਗੁਣ ਤਾਂ ਪੈਦਾ ਹੋ ਸਕਦੇ ਹਨ ਜੇ ਗੁਰੂ ਮਿਲੇ ਤੇ ਗੁਰੂ ਦੀ ਰਾਹੀਂ ਗੋਬਿੰਦ ਦੇ ਚਰਨਾਂ ਵਿਚ ਜੁੜੀਏ)। ਗੁਰੂ ਪਰਮਾਤਮਾ ਦੇ ਮੇਲ ਤੋਂ ਬਿਨਾ ਇਹ ਸਰੀਰ ਮੁੜ ਮਿੱਟੀ ਦਾ ਮਿੱਟੀ ਹੀ ਹੋ ਜਾਂਦਾ ਹੈ (ਭਾਵ, ਇਹ ਮਨੁੱਖਾ ਸਰੀਰ ਬਿਲਕੁਲ ਵਿਅਰਥ ਹੀ ਚਲਾ ਜਾਂਦਾ ਹੈ) ।179।

ਜਹ ਅਨਭਉ ਤਹ ਭੈ ਨਹੀ ਜਹ ਭਉ ਤਹ ਹਰਿ ਨਾਹਿ ॥ ਕਹਿਓ ਕਬੀਰ ਬਿਚਾਰਿ ਕੈ ਸੰਤ ਸੁਨਹੁ ਮਨ ਮਾਹਿ ॥੧੮੦॥ ਕਬੀਰ ਜਿਨਹੁ ਕਿਛੂ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ ॥ ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ ॥੧੮੧॥ {ਪੰਨਾ 1374}

ਪਦ ਅਰਥ: ਜਹ = ਜਿਥੇ, ਜਿਸ ਹਿਰਦੇ ਵਿਚ। ਅਨਭਉ = ਅੰਦਰਲੀ ਸੂਝ, ਗਿਆਨ, ਜ਼ਿੰਦਗੀ ਦੇ ਸਹੀ ਰਸਤੇ ਦੀ ਸਮਝ। ਭੈ = ਦੁਨੀਆ ਵਾਲੇ ਡਰ = ਫ਼ਿਕਰ। ਭਉ = ਸਹਿਮ, ਸੰਸਾ। ਸੁਨਹੁ ਮਨ ਮਾਹਿ = ਮਨ ਲਾ ਕੇ ਸੁਣੋ, ਧਿਆਨ ਨਾਲ ਸੁਣੋ ।180।

ਤਿਨ ਬਿਹਾਇ = ਉਹਨਾਂ ਦੀ ਉਮਰ ਗੁਜ਼ਰਦੀ ਹੈ। ਸੁਖ ਨੀਦ = (ਸੰਸੇ ਸਹਿਮਾਂ ਵਿਚ ਪਏ ਰਿਹਾਂ ਭੀ) ਗ਼ਫਲਤ ਦੀ ਨੀਂਦਰ, ਬੇ-ਪਰਵਾਹੀ ਵਿਚ। ਬੂਝਾ = ਸਮਝ ਲਿਆ। ਬੂਝਨਾ = ਸਮਝਣ-ਜੋਗ ਗੱਲ ਕਿ "ਜਹ ਅਨਭਉ ਤਹ ਭੈ ਨਹੀ, ਜਹ ਭਉ ਤਹ ਹਰਿ ਨਾਹਿ'। ਪੂਰੀ ਪਰੀ ਬਲਾਇ = ਪੂਰੀ ਬਲਾਇ ਗਲ ਵਿਚ ਪੈ ਗਈ ਹੈ, ਜਗਤ ਦੇ ਸੰਸਿਆਂ ਦਾ ਟਾਕਰਾ ਕਰਨ ਦੀ ਔਖੀ ਕਾਰ ਕਦੇ ਵਿਸਰਦੀ ਹੀ ਨਹੀਂ। (ਨੋਟ: ਇਥੇ ਇਹ ਭਾਵ ਨਹੀਂ ਕਿ ਕਬੀਰ ਜੀ ਇਸ ਰਾਹੇ ਤੁਰਨ ਨੂੰ ਪਸੰਦ ਨਹੀਂ ਕਰਦੇ। ਕਬੀਰ ਜੀ ਆਖਦੇ ਹਨ ਕਿ ਲੋਕ ਤਾਂ ਇਹਨਾਂ ਕਾਮਾਦਿਕਾਂ ਦੀਆਂ ਸੱਟਾਂ ਖਾਂਦੇ ਹੋਏ ਤੇ 'ਹਾਇ ਹਾਇ' ਕਰਦੇ ਹੋਏ ਭੀ ਬੇ-ਪਰਵਾਹ ਬਣ ਰਹੇ ਹਨ; ਪਰ ਮੈਂ ਦਿਨ-ਰਾਤ ਇਹਨਾਂ ਦਾ ਟਾਕਰਾ ਕਰ ਰਿਹਾ ਹਾਂ, ਉਂਞ ਇਹ ਕੰਮ ਬੜਾ ਹੀ ਔਖਾ ਹੈ)।

ਅਰਥ: ਹੇ ਸੰਤ ਜਨੋ! ਧਿਆਨ ਲਾ ਕੇ ਸੁਣੋ, ਮੈਂ ਕਬੀਰ ਇਹ ਗੱਲ ਵਿਚਾਰ ਕੇ ਆਖ ਰਿਹਾ ਹਾਂ-ਜਿਸ ਹਿਰਦੇ ਵਿਚ ਜ਼ਿੰਦਗੀ ਦੇ ਸਹੀ ਰਸਤੇ ਦੀ ਸਮਝ ਪੈਦਾ ਹੋ ਜਾਂਦੀ ਹੈ, ਉਥੇ (ਦਾਝਨ, ਸੰਸਾ, ਕਠੋਰਤਾ ਆਦਿਕ) ਕੋਈ ਖ਼ਤਰੇ ਨਹੀਂ ਰਹਿ ਜਾਂਦੇ। ਪਰ ਜਿਸ ਹਿਰਦੇ ਵਿਚ ਅਜੇ (ਸ਼ਾਂਤ ਜੀਵਨ ਨੂੰ ਭੁਲਾ ਦੇਣ ਲਈ ਖਿੱਝ, ਸਹਿਮ, ਬੇ-ਰਹਿਮੀ ਆਦਿਕ ਕੋਈ) ਡਰ ਮੌਜੂਦ ਹੈ, ਉਥੇ ਪਰਮਾਤਮਾ ਦਾ ਨਿਵਾਸ ਨਹੀਂ ਹੋਇਆ ।180।

ਹੇ ਕਬੀਰ! ਜਿਨ੍ਹਾਂ ਲੋਕਾਂ ਨੇ (ਜੀਵਨ ਦੇ ਇਸ ਭੇਤ ਨੂੰ) ਰਤਾ ਭੀ ਨਹੀਂ ਸਮਝਿਆ, ਉਹ (ਇਸ ਦਾਝਨ, ਸੰਸੇ, ਕਠੋਰਤਾ ਆਦਿਕ ਵਿਚ ਵਿਲਕਦੇ ਹੋਏ ਭੀ) ਬੇ-ਪਰਵਾਹੀ ਨਾਲ ਉਮਰ ਗੁਜ਼ਾਰ ਰਹੇ ਹਨ ; ਪਰ ('ਗੁਰ ਗੋਬਿੰਦ' ਦੀ ਮੇਹਰ ਨਾਲ) ਮੈਂ ਇਹ ਗੱਲ ਸਮਝ ਲਈ ਹੈ ਕਿ 'ਜਹ ਅਨਭਉ ਤਹ ਭੈ ਨਹੀ, ਜਹ ਭਉ ਤਹ ਹਰਿ ਨਾਹਿ'; ਮੈਨੂੰ ਇਹ ਗੱਲ ਕਿਸੇ ਵੇਲੇ ਭੀ ਵਿਸਰਦੀ ਨਹੀਂ ।181।

ਕਬੀਰ ਮਾਰੇ ਬਹੁਤੁ ਪੁਕਾਰਿਆ ਪੀਰ ਪੁਕਾਰੈ ਅਉਰ ॥ ਲਾਗੀ ਚੋਟ ਮਰੰਮ ਕੀ ਰਹਿਓ ਕਬੀਰਾ ਠਉਰ ॥੧੮੨॥ ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ ॥ ਚੋਟ ਸਹਾਰੈ ਸਬਦ ਕੀ ਤਾਸੁ ਗੁਰੂ ਮੈ ਦਾਸ ॥੧੮੩॥ {ਪੰਨਾ 1374}

ਪਦ ਅਰਥ: ਮਾਰੇ = ਜਿਸ ਨੂੰ ('ਦਾਝਨ ਸੰਸਾ' ਆਦਿਕ ਦੀ) ਮਾਰ ਪੈਂਦੀ ਹੈ। ਬਹੁਤ ਪੁਕਾਰਿਆ = ਉਹ ਬਹੁਤ ਹਾਹਾਕਾਰ ਕਰਦਾ ਹੈ, ਬਹੁਤ ਦੁਖੀ ਹੁੰਦਾ ਹੈ। ਪੀਰ = ਸੱਟ, ਪੀੜ। ਪੀਰ ਪੁਕਾਰੈ ਅਉਰ = ਜਿਉਂ ਜਿਉਂ ('ਦਾਝਨ ਸੰਸੇ' ਆਦਿਕ ਦੀ) ਪੀੜ ਉੱਠਦੀ ਹੈ ਤਿਉਂ ਤਿਉਂ ਹੋਰ ਪੁਕਾਰਦਾ ਹੈ ਹੋਰ ਦੁਖੀ ਹੁੰਦਾ ਹੈ। ਚੋਟ = ਸ਼ਬਦ ਦੀ ਚੋਟ। ਮਰੰਮ ਕੀ = ਦਿਲ ਨੂੰ ਵਿੰਨ੍ਹਣ ਵਾਲੀ। ਰਹਿਓ ਠਉਰ = ਥਾਂ ਤੇ ਹੀ ਰਹਿ ਗਿਆ ਹਾਂ, ਪੁਕਾਰ = ਜੋਗਾ ਰਿਹਾ ਹੀ ਨਹੀਂ, ਨਾਹ 'ਦਾਝਨ ਸੰਸੇ' ਆਦਿਕ ਮਾਰਦੇ ਹਨ ਤੇ ਨਾਹ ਮੈਂ ਪੁਕਾਰਦਾ ਹਾਂ ।182।

ਸੇਲ = ਨੇਜ਼ਾ, ਗੁਰੂ ਦਾ ਸ਼ਬਦ-ਰੂਪ ਨੇਜ਼ਾ। ਸੁਹੇਲੀ = ਸੁਖ ਦੇਣ ਵਾਲੀ (ਨੋਟ: 'ਦਾਝਨ ਸੰਸੇ' ਆਦਿਕ ਦੀ ਚੋਟ ਤਾਂ ਦੁਖੀ ਕਰਦੀ ਹੈ, ਪਰ ਗੁਰੂ ਦੇ ਸ਼ਬਦ-ਰੂਪ ਨੇਜ਼ੇ ਦੀ ਚੋਟ ਸੁਖ ਅਪੜਾਂਦੀ ਹੈ)। ਲੇਇ ਉਸਾਸ = ਉੱਭੇ ਸਾਹ ਲੈਂਦਾ ਹੈ, ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ। ਨੋਟ: ਗਉੜੀ ਰਾਗ ਵਿਚ ਕਬੀਰ ਜੀ ਪ੍ਰਭੂ-ਚਰਨਾਂ ਦੇ ਪ੍ਰੇਮੀ ਦੀ ਹਾਲਤ ਇਕ ਬਿਰਹਣੀ ਨਾਰਿ ਵਰਗੀ ਦੱਸਦੇ ਹਨ। ਪਰਦੇਸ ਗਏ ਪਤੀ ਦਾ ਉਹ ਨਾਰਿ ਰਾਹ ਤੱਕਦੀ ਹੈ, ਉਸ ਦੀਆਂ ਅੱਖਾਂ ਵੈਰਾਗ-ਜਲ ਨਾਲ ਭਰ ਜਾਂਦੀਆਂ ਹਨ, ਉਹ ਉੱਭੇ ਸਾਹ ਲੈਂਦੀ ਹੈ, ਪਰ ਉਹਨਾਂ ਹਾਹੁਕਿਆਂ ਵਿਚੋਂ ਭੀ ਢਾਰਸ ਮਿਲਦੀ ਹੈ ਕਿਉਂਕਿ ਰਾਹ ਤੱਕਦੀ ਦਾ ਦਿਲ ਰੱਜਦਾ ਨਹੀਂ, ਤੱਕੀ ਜਾਂਦੀ ਹੈ।

ਪੰਥੁ ਨਿਹਾਰੇ ਕਾਮਿਨੀ, ਲੋਚਨ ਭਰੀਲੇ ਉਸਾਸਾ ॥

ਉਰੁ ਨ ਭਿਜੈ ਪਗੁ ਨ ਖਿਸੈ, ਹਰਿ ਦਰਸਨ ਕੀ ਆਸਾ ॥1॥ . . . . .-ਗਉੜੀ ਕਬੀਰ

ਅਰਥ: ਹੇ ਕਬੀਰ! ਜਿਸ ਮਨੁੱਖ ਨੂੰ ('ਦਾਝਨ ਸੰਸੇ' ਆਦਿਕ ਦੀ) ਮਾਰ ਪੈਂਦੀ ਹੈ, ਉਹ ਬਹੁਤ ਹਾਹਾਕਾਰ ਕਰਦਾ ਹੈ, ਜਿਉਂ ਜਿਉਂ ਉਹ ਪੀੜ ਉਠਦੀ ਹੈ ਤਿਉਂ ਤਿਉਂ ਹੋਰ ਦੁਖੀ ਹੁੰਦਾ ਹੈ (ਪਰ ਫਿਰ ਭੀ ਮਾਇਆ ਦਾ ਖਹਿੜਾ ਨਹੀਂ ਛੱਡਦਾ)। ਮੈਨੂੰ ਕਬੀਰ ਨੂੰ ਗੁਰੂ ਦੇ ਸ਼ਬਦ ਦੀ ਚੋਟ ਵੱਜੀ ਹੈ ਜਿਸ ਨੇ ਮੇਰਾ ਦਿਲ ਵਿੰਨ੍ਹ ਲਿਆ ਹੈ, ਹੁਣ ਮੈਂ ਥਾਂ ਸਿਰ (ਭਾਵ, ਪ੍ਰਭੂ-ਚਰਨਾਂ ਵਿਚ) ਟਿਕ ਗਿਆ ਹਾਂ। (ਮੈਨੂੰ ਇਹ ਦਾਝਨ ਸੰਸਾ ਆਦਿਕ ਦੁਖੀ ਕਰ ਹੀ ਨਹੀਂ ਸਕਦੇ) ।182।

ਹੇ ਕਬੀਰ! ਗੁਰੂ ਦੇ ਸ਼ਬਦ-ਰੂਪ ਨੇਜ਼ੇ ਦੀ ਸੱਟ ਹੈ ਭੀ ਸੁਖਦਾਈ। ਜਿਸ ਮਨੁੱਖ ਨੂੰ ਇਹ ਸੱਟ ਵੱਜਦੀ ਹੈ (ਬਿਰਹਣੀ ਨਾਰਿ ਵਾਂਗ ਉਸ ਦੇ ਅੰਦਰ) ਪਤੀ-ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ। ਜੋ (ਭਾਗਾਂ ਵਾਲਾ) ਮਨੁੱਖ ਗੁਰ-ਸ਼ਬਦ ਦੀ ਚੋਟ ਖਾਂਦਾ ਰਹਿੰਦਾ ਹੈ, ਉਸ ਪੂਜਣ-ਜੋਗ ਮਨੁੱਖ ਦਾ ਮੈਂ (ਹਰ ਵੇਲੇ) ਦਾਸ (ਬਣਨ ਨੂੰ ਤਿਆਰ) ਹਾਂ ।183।

ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ ॥ ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ ॥੧੮੪॥ ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਇ ॥ ਕਬੀਰ ਜਾ ਕੀ ਦਿਲ ਸਾਬਤਿ ਨਹੀ ਤਾ ਕਉ ਕਹਾਂ ਖੁਦਾਇ ॥੧੮੫॥ ਕਬੀਰ ਅਲਹ ਕੀ ਕਰਿ ਬੰਦਗੀ ਜਿਹ ਸਿਮਰਤ ਦੁਖੁ ਜਾਇ ॥ ਦਿਲ ਮਹਿ ਸਾਂਈ ਪਰਗਟੈ ਬੁਝੈ ਬਲੰਤੀ ਨਾਂਇ ॥੧੮੬॥ ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ ॥ ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ ॥੧੮੭॥ ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ ॥ ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ ॥੧੮੮॥ {ਪੰਨਾ 1374}

ਨੋਟ: ਕੋਈ ਭੀ ਮਜ਼ਹਬ ਧਰਮ ਹੋਵੇ, ਇਨਸਾਨ ਵਾਸਤੇ ਉਹ ਤਦ ਤਕ ਹੀ ਲਾਭਦਾਇਕ ਹੈ ਜਦ ਤਕ ਉਸ ਦੇ ਦੱਸੇ ਪੂਰਨਿਆਂ ਉਤੇ ਤੁਰ ਕੇ ਮਨੁੱਖ ਆਪਣੇ ਦਿਲ ਵਿਚ ਭਲਾਈ ਪੈਦਾ ਕਰਨ ਦੀ ਕੋਸ਼ਸ਼ ਕਰਦਾ ਹੈ, ਖ਼ਾਲਕ ਅਤੇ ਉਸ ਦੀ ਖ਼ਲਕਤਿ ਵਾਸਤੇ ਦਿਲ ਵਿਚ ਮੁਹੱਬਤਿ ਬਣਾਂਦਾ ਹੈ। ਜਦੋਂ ਮਨੁੱਖ ਰਿਵਾਜੀ ਤੌਰ ਤੇ ਮਜ਼ਹਬ ਦੇ ਅਸੂਲਾਂ ਅਤੇ ਰਸਮਾਂ ਨੂੰ ਕਰਨ ਲੱਗ ਪੈਂਦਾ ਹੈ, ਪਰ ਇਹ ਨਹੀਂ ਵੇਖਦਾ ਕਿ ਦਿਲ ਵਿਚ ਕੋਈ ਭਲੀ ਤਬਦੀਲੀ ਆਈ ਹੈ ਜਾਂ ਨਹੀਂ, ਜਾਂ, ਸਗੋਂ ਕਿਤੇ ਭਲਾਈ ਦੇ ਥਾਂ ਅੰਦਰ ਕਠੋਰਤਾ ਤਅੱਸਬ ਆਦਿਕ ਤਾਂ ਨਹੀਂ ਵਧ ਰਹੇ, ਉਸ ਵੇਲੇ ਉਸ ਦੇ ਸਾਰੇ ਧਾਰਮਿਕ ਉੱਦਮ ਵਿਅਰਥ ਹੋ ਜਾਂਦੇ ਹਨ।

ਪਠਾਣਾਂ ਮੁਗ਼ਲਾਂ ਦੇ ਰਾਜ ਵੇਲੇ ਅਸਾਡੇ ਦੇਸ਼ ਵਿਚ ਇਸਲਾਮੀ ਸ਼ਰਹ ਦਾ ਕਾਨੂੰਨ ਚੱਲਦਾ ਸੀ। ਭਾਰਤ ਵਾਸੀਆਂ ਵਾਸਤੇ ਅਤੇ ਆਮ ਪਠਾਣਾਂ ਮੁਗ਼ਲਾਂ ਵਾਸਤੇ ਭੀ ਅਰਬੀ ਬੋਲੀ ਬਿਗਾਨੇ ਦੇਸ ਦੀ ਬੋਲੀ ਸੀ; ਸੋ ਹਰੇਕ ਮੁਸਲਮਾਨ ਕੁਰਾਨ ਸ਼ਰਫ਼ਿ ਨੂੰ ਨਹੀਂ ਸੀ ਸਮਝ ਸਕਦਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਜਿਥੋਂ ਤਕ ਕਾਨੂੰਨ ਨੂੰ ਵਰਤਣ ਦਾ ਸੰਬੰਧ ਪੈਂਦਾ ਸੀ, ਰਾਜਸੀ ਤਾਕਤ ਕਾਜ਼ੀਆਂ ਮੌਲਵੀਆਂ ਦੇ ਹੱਥ ਵਿਚ ਸੀ ਕਿਉਂਕਿ ਇਹ ਲੋਕ ਕੁਰਾਨ ਸ਼ਰੀਫ ਦੇ ਅਰਥ ਕਰਨ ਵਿਚ ਇਤਬਾਰ-ਜੋਗ ਮੰਨੇ ਜਾਂਦੇ ਸਨ। ਇਕ ਪਾਸੇ ਇਹ ਲੋਕ ਰਾਜਸੀ ਤਾਕਤ ਦੇ ਮਾਲਕ; ਦੂਜੇ ਪਾਸੇ, ਇਹੀ ਲੋਕ ਧਾਰਮਿਕ ਆਗੂ ਆਮ ਲੋਕਾਂ ਨੂੰ ਜੀਵਨ ਦਾ ਸਹੀ ਰਾਹ ਦੱਸਣ ਵਾਲੇ। ਇਹੀ ਦੋਵੇਂ ਵਿਰੋਧੀ ਗੱਲਾਂ ਇਕੱਠੀਆਂ ਹੋ ਗਈਆਂ। ਰਾਜ ਪ੍ਰਬੰਧ ਚਲਾਣ ਵੇਲੇ ਗ਼ੁਲਾਮ ਹਿੰਦੂ ਕੌਮ ਉਤੇ ਕਠੋਰਤਾ ਵਰਤਣੀ ਇਹਨਾਂ ਲੋਕਾਂ ਵਾਸਤੇ ਕੁਦਰਤੀ ਗੱਲ ਸੀ। ਪਰ ਇਸ ਕਠੋਰਤਾ ਨੂੰ ਆਪਣੇ ਵਲੋਂ ਇਹ ਲੋਕ ਇਸਲਾਮੀ ਸ਼ਰਹ ਸਮਝਦੇ ਤੇ ਦੱਸਦੇ ਸਨ। ਸੋ, ਮਜ਼ਹਬ ਵਿਚੋਂ ਇਹਨਾਂ ਨੂੰ ਸੁਭਾਵਿਕ ਹੀ ਦਿਲ ਦੀ ਕਠੋਰਤਾ ਹੀ ਮਿਲਦੀ ਗਈ। ਜਿਸ ਭੀ ਦੇਸ ਵਿਚ ਰਾਜ-ਪ੍ਰਬੰਧ ਕਿਸੇ ਖ਼ਾਸ ਮਜ਼ਹਬ ਦੇ ਅਸੂਲਾਂ ਅਨੁਸਾਰ ਚਲਾਇਆ ਜਾਂਦਾ ਰਿਹਾ ਹੈ, ਉਸ ਮਜ਼ਹਬ ਦੇ ਪ੍ਰਚਾਰਕਾਂ ਦਾ ਇਹੀ ਹਾਲ ਹੁੰਦਾ ਰਿਹਾ ਹੈ।

ਕਬੀਰ ਜੀ ਆਪਣੇ ਵਕਤ ਦੇ ਕਾਜ਼ੀਆਂ ਮੌਲਵੀਆਂ ਦੀ ਇਹ ਹਾਲਤ ਵੇਖ ਕੇ ਇਹਨਾਂ ਸ਼ਲੋਕਾਂ ਵਿਚ ਕਹਿ ਰਹੇ ਹਨ ਕਿ ਮਜ਼ਹਬ ਨੇ, ਮਜ਼ਹਬ ਦੀ ਰਹੁ-ਰੀਤੀ ਨੇ, ਬਾਂਗ ਨਿਮਾਜ਼ ਹੱਜ ਆਦਿਕ ਨੇ, ਦਿਲ ਦੀ ਸਫ਼ਾਈ ਸਿਖਾਣੀ ਸੀ। ਪਰ ਜੇ ਰਿਸ਼ਵਤ, ਕਠੋਰਤਾ, ਤਅੱਸਬ ਆਦਿਕ ਦੇ ਕਾਰਨ ਦਿਲ ਨਿਰਦਈ ਹੋ ਚੁਕਾ ਹੈ, ਸਗੋਂ ਇਹੀ ਕਰਮ ਦਿਲ ਨੂੰ ਹੋਰ ਕਠੋਰ ਬਣਾਈ ਜਾ ਰਹੇ ਹਨ, ਤਾਂ ਇਹਨਾਂ ਦੇ ਕਰਨ ਦਾ ਕੋਈ ਲਾਭ ਨਹੀਂ। ਇਹੀ ਖ਼ਿਆਲ ਕਬੀਰ ਜੀ ਨੇ ਪ੍ਰਭਾਤੀ ਰਾਗ ਦੇ ਸ਼ਬਦ ਨੰ: 4 ਵਿਚ ਦੱਸਿਆ ਹੈ:

...ਮਲਾਂ, ਕਹਹੁ ਨਿਆਉ ਖੁਦਾਈ ॥

ਤੇਰੇ ਮਨ ਕਾ ਭਰਮ ਨ ਜਾਈ ॥1॥ਰਹਾਉ॥

ਪਕਰਿ ਜੀਉ ਆਨਿਆ, ਦੇਹ ਬਿਨਾਸੀ, ਮਾਟੀ ਕਉ ਬਿਸਮਿਲ ਕੀਆ ॥

ਜੋਤਿ ਸਰੂਪ ਅਨਾਹਤ ਲਾਗੀ, ਕਹੁ ਹਲਾਲੁ ਕਿਆ ਕੀਆ ॥2॥

ਕਿਆ ਉਜੂ ਪਾਕੁ ਕੀਆ ਮੁਹੁ ਧੋਇਆ, ਕਿਆ ਮਸੀਤਿ ਸਿਰੁ ਲਾਇਆ ॥

ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ, ਕਿਆ ਹਜ ਕਾਬੈ ਜਾਇਆ ॥3॥

ਪਦ ਅਰਥ: ਮੁਲਾਂ = ਹੇ ਮੁੱਲਾਂ! ਕਿਆ ਚਢਹਿ = ਚੜ੍ਹਨ ਦਾ ਕੋਈ ਫ਼ਾਇਦਾ ਨਹੀਂ। ਮੁਨਾਰੇ ਕਿਆ ਚਢਹਿ = ਮੁਨਾਰੇ ਉਤੇ ਚੜ੍ਹਨ ਦਾ ਤੈਨੂੰ ਆਪ ਨੂੰ ਕੋਈ ਲਾਭ ਨਹੀਂ, ਬਾਂਗ ਦੇਣ ਦਾ ਤੈਨੂੰ ਆਪ ਨੂੰ ਕੋਈ ਫ਼ਾਇਦਾ ਨਹੀਂ (ਨੋਟ: ਮੁੱਲਾਂ ਮੁਨਾਰੇ ਤੇ ਚੜ੍ਹ ਕੇ ਬਾਂਗ ਦੇਂਦਾ ਹੈ ਤਾਕਿ ਮੁਸਲਮਾਨ ਸੁਣ ਕੇ ਨਮਾਜ਼ ਪੜ੍ਹਨ ਲਈ ਮਸਜਿਦ ਵਿਚ ਆ ਜਾਣ। ਪਰ ਜੇ ਉਸ ਦੇ ਆਪਣੇ ਦਿਲ ਵਿਚ ਕਠੋਰਤਾ ਹੈ, ਤਾਂ ਜਿਥੋਂ ਤਕ ਉਸ ਦੀ ਆਪਣੀ ਜ਼ਾਤ ਦਾ ਤਅੱਲਕ ਹੈ, ਉਸ ਨੂੰ ਇਸ ਬਾਂਗ ਦੇਣ ਦਾ ਕੋਈ ਲਾਭ ਨਹੀਂ। ਰੱਬ ਦਿਲ ਵਿਚ ਵੱਸਦਾ ਹੈ, ਜੇ ਉਹ ਵੱਸਦਾ ਦਿੱਸ ਪਏ ਤਾਂ ਦਿਲ ਵਿਚ ਨਰਮਾਈ ਤੇ ਪਿਆਰ ਪੈਦਾ ਹੋਣਾ ਚਾਹੀਦਾ ਹੈ। ਜੇ ਇਹ ਅਵਸਥਾ ਨਹੀਂ ਬਣੀ ਤਾਂ ਉੱਚੀ ਬੋਲਿਆਂ ਰੱਬ ਨੂੰ ਅਸੀਂ ਧੋਖਾ ਨਹੀਂ ਦੇ ਸਕਦੇ)। ਬਹਰਾ = ਬੋਲਾ (ਨੋਟ: ਬੋਲੇ ਨੂੰ ਉੱਚੀ ਕੂਕ ਕੇ ਆਦਰ-ਪਿਆਰ ਦੀ ਗੱਲ ਆਖ ਕੇ, ਪਰ ਹੌਲੀ ਹੌਲੀ ਗਾਲ੍ਹਾਂ ਕੱਢ ਕੇ ਠੱਗ ਸਕੀਦਾ ਹੈ, ਪਰ ਰੱਬ ਤਾਂ ਦਿਲ ਦੀ ਹਾਲਤ ਭੀ ਸਮਝਦਾ ਹੈ, ਉਹ ਨਹੀਂ ਠੱਗਿਆ ਜਾ ਸਕਦਾ)। ਜਾ ਕਾਰਨਿ = ਜਿਸ ਰੱਬ ਦੀ ਨਮਾਜ਼ ਦੀ ਖ਼ਾਤਰ। ਜੋਇ = ਵੇਖ, ਢੂੰਢ ।184।

ਸਬੂਰੀ = ਸੰਤੋਖ। ਦਿਲ ਸਾਬਤਿ = ਦਿਲ ਦੀ ਸਾਬਤੀ, ਦਿਲ ਦੀ ਸ਼ਾਂਤੀ, ਅਡੋਲਤਾ। ਤਾ ਕਉ = ਉਸ ਦੇ ਭਾਣੇ। ਕਹਾ ਖੁਦਾਇ = ਰੱਬ ਕਿਤੇ ਭੀ ਨਹੀਂ ।185।

ਬਲੰਤੀ = ਬਲਦੀ ਅੱਗ, ਤ੍ਰਿਸ਼ਨਾ ਦੀ ਬਲਦੀ ਅੱਗ। ਨਾਂਇ = ਨਾਮ ਦੀ ਰਾਹੀਂ ।186।

ਜੋਰੀ ਕੀਏ = ਧੱਕਾ ਕੀਤਿਆਂ। ਹਲਾਲੁ = ਜਾਇਜ਼, ਭੇਟਾ ਕਰਨ-ਜੋਗ, ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ।187।

ਖੂਬੁ ਖਾਨਾ = ਚੰਗੀ ਖ਼ੁਰਾਕ। ਲੋਨੁ = ਲੂਣ। ਹੇਰਾ = ਮਾਸ। ਕਾਰਨੇ = ਗ਼ਰਜ਼ ਨਾਲ, ਨਿਯਤ ਨਾਲ। ਕਟਾਵੈ ਕਉਨੁ = ਮੈਂ ਕੱਟਣ ਨੂੰ ਤਿਆਰ ਨਹੀਂ ਹਾਂ ।188।

ਅਰਥ: ਹੇ ਕਬੀਰ! (ਆਖ-) ਹੇ ਮੁੱਲਾਂ! ਮਸਜਿਦ ਦੇ ਮੁਨਾਰੇ ਉਤੇ ਚੜ੍ਹਨ ਦਾ ਤੈਨੂੰ ਆਪ ਨੂੰ ਤਾਂ ਕੋਈ ਫ਼ਾਇਦਾ ਨਹੀਂ ਹੋ ਰਿਹਾ। ਜਿਸ (ਰੱਬ ਦੀ ਨਮਾਜ਼) ਦੀ ਖ਼ਾਤਰ ਤੂੰ ਬਾਂਗ ਦੇ ਰਿਹਾ ਹੈਂ, ਉਸ ਨੂੰ ਆਪਣੇ ਦਿਲ ਵਿਚ ਵੇਖ (ਤੇਰੇ ਅੰਦਰ ਹੀ ਵੱਸਦਾ ਹੈ। ਜੇ ਤੇਰੇ ਆਪਣੇ, ਅੰਦਰ ਸ਼ਾਂਤੀ ਨਹੀਂ, ਸਿਰਫ਼ ਲੋਕਾਂ ਨੂੰ ਹੀ ਸੱਦ ਰਿਹਾ ਹੈਂ, ਤਾਂ) ਖ਼ੁਦਾ ਬੋਲਾ ਨਹੀਂ (ਉਹ ਤੇਰੇ ਦਿਲ ਦੀ ਹਾਲਤ ਭੀ ਜਾਣਦਾ ਹੈ, ਉਸ ਨੂੰ ਠੱਗਿਆ ਨਹੀਂ ਜਾ ਸਕਦਾ) ।184।

ਹੇ ਸ਼ੇਖ! ਜੇ ਤੇਰੇ ਆਪਣੇ ਅੰਦਰ ਸੰਤੋਖ ਨਹੀਂ ਹੈ, ਤਾਂ ਕਾਬੇ ਦਾ ਹੱਜ ਕਰਨ ਲਈ ਜਾਣ ਦਾ ਕੋਈ ਲਾਭ ਨਹੀਂ ਹੈ; ਕਿਉਂਕਿ, ਹੇ ਕਬੀਰ! ਜਿਸ ਮਨੁੱਖ ਦੇ ਆਪਣੇ ਦਿਲ ਵਿਚ ਸ਼ਾਂਤੀ ਨਹੀਂ ਆਈ, ਉਸ ਦੇ ਭਾਣੇ ਰੱਬ ਕਿਤੇ ਭੀ ਨਹੀਂ ਹੈ ।185।

ਹੇ ਕਬੀਰ! ਰੱਬ ਦੀ ਬੰਦਗੀ ਕਰ, ਬੰਦਗੀ ਕੀਤਿਆਂ ਹੀ ਦਿਲ ਦਾ ਵਿਕਾਰ ਦੂਰ ਹੁੰਦਾ ਹੈ, ਦਿਲ ਵਿਚ ਰੱਬ ਦਾ ਜ਼ਹੂਰ ਹੁੰਦਾ ਹੈ, ਅਤੇ ਇਸ ਬੰਦਗੀ ਦੀ ਬਰਕਤਿ ਨਾਲ ਲਾਲਚ ਦੀ ਬਲਦੀ ਅੱਗ ਦਿਲ ਵਿਚੋਂ ਬੁੱਝ ਜਾਂਦੀ ਹੈ ।186।

ਹੇ ਕਬੀਰ! (ਮੁੱਲਾਂ ਨੂੰ ਦੱਸ ਕਿ) ਕਿਸੇ ਉਤੇ ਧੱਕਾ ਕਰਨਾ ਜ਼ੁਲਮ ਹੈ, (ਤੂੰ ਜਾਨਵਰ ਨੂੰ ਫੜ ਕੇ ਬਿਸਮਿੱਲਾ ਆਖ ਕੇ ਜ਼ਬਹ ਕਰਦਾ ਹੈਂ ਅਤੇ) ਤੂੰ ਆਖਦਾ ਹੈਂ ਕਿ ਇਹ (ਜ਼ਬਹ ਕੀਤਾ ਜਾਨਵਰ) ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ਹੋ ਗਿਆ ਹੈ (ਅਤੇ ਇਸ ਕੁਰਬਾਨੀ ਨਾਲ ਖ਼ੁਦਾ ਤੇਰੇ ਉਤੇ ਖ਼ੁਸ਼ ਹੋ ਗਿਆ ਹੈ); (ਪਰ ਇਹ ਮਾਸ ਤੂੰ ਆਪ ਹੀ ਖਾ ਲੈਂਦਾ ਹੈਂ। ਇਸ ਤਰ੍ਹਾਂ ਪਾਪ ਨਹੀਂ ਬਖ਼ਸ਼ੀਂਦੇ, ਕਦੇ ਸੋਚ ਕਿ) ਜਦੋਂ ਰੱਬ ਦੀ ਦਰਗਾਹ ਵਿਚ ਤੇਰੇ ਅਮਲਾਂ ਦਾ ਹਿਸਾਬ ਹੋਵੇਗਾ ਤਾਂ ਤੇਰਾ ਕੀਹ ਹਾਲ ਹੋਵੇਗਾ ।187।

ਹੇ ਕਬੀਰ! (ਮੁੱਲਾਂ ਨੂੰ ਬੇਸ਼ੱਕ ਆਖ ਕਿ ਕੁਰਬਾਨੀ ਦੇ ਬਹਾਨੇ ਮਾਸ ਖਾਣ ਨਾਲੋਂ) ਖਿਚੜੀ ਖਾ ਲੈਣੀ ਚੰਗੀ ਹੈ ਜਿਸ ਵਿਚ ਸਿਰਫ਼ ਸੁਆਦਲਾ ਲੂਣ ਹੀ ਪਾਇਆ ਹੋਇਆ ਹੋਵੇ। ਮੈਂ ਤਾਂ ਇਸ ਗੱਲ ਲਈ ਤਿਆਰ ਨਹੀਂ ਹਾਂ ਕਿ ਮਾਸ ਰੋਟੀ ਖਾਣ ਦੀ ਨਿਯਤ ਮੇਰੀ ਆਪਣੀ ਹੋਵੇ ਪਰ (ਕੁਰਬਾਨੀ ਦਾ ਹੋਕਾ ਦੇ ਦੇ ਕੇ ਕਿਸੇ ਪਸ਼ੂ ਨੂੰ) ਜ਼ਬਹ ਕਰਦਾ ਫਿਰਾਂ ।188।

ਕਬੀਰ ਗੁਰੁ ਲਾਗਾ ਤਬ ਜਾਨੀਐ ਮਿਟੈ ਮੋਹੁ ਤਨ ਤਾਪ ॥ ਹਰਖ ਸੋਗ ਦਾਝੈ ਨਹੀ ਤਬ ਹਰਿ ਆਪਹਿ ਆਪਿ ॥੧੮੯॥ ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ ॥ ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥੧੯੦॥ ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ ॥ ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ ॥੧੯੧॥ {ਪੰਨਾ 1374}

ਨੋਟ: ਪਿਛਲੇ ਪੰਜ ਸ਼ਲੋਕ ਕਾਜ਼ੀਆਂ ਮੌਲਵੀਆਂ ਦੀ ਉਕਾਈ ਦੱਸਣ ਵਾਸਤੇ ਸਨ, ਅਗਲੇ ਸ਼ਲੋਕਾਂ ਵਿਚ ਬ੍ਰਾਹਮਣ ਦੇ ਪਾਏ ਭੁਲੇਖੇ ਵਲ ਧਿਆਨ ਦਿਵਾਉਂਦੇ ਹਨ।

ਪਦ ਅਰਥ: ਤਬ ਜਾਨੀਐ = ਤਦੋਂ ਜਾਣੋ, ਤਦੋਂ ਹੀ ਇਹ ਸਮਝੋ। ਗੁਰੁ ਲਾਗਾ = ਗੁਰੂ ਪੁੱਕਰਿਆ ਹੈ, ਮਿਲ ਪਿਆ ਹੈ। ਤਨ ਤਾਪ = ਸਰੀਰ ਦੇ ਕਲੇਸ਼, ਸਰੀਰ ਨੂੰ ਸਾੜਨ ਵਾਲੇ ਦੁੱਖ = ਕਲੇਸ਼। ਹਰਖ = ਖ਼ੁਸ਼ੀ। ਸੋਗ = ਚਿੰਤਾ। ਦਾਝੈ ਨਹੀ = ਨਾਹ ਸਾੜੇ। ਆਪਹਿ ਆਪ = ਹਰ ਥਾਂ ਆਪ ਹੀ ਆਪ ਦਿੱਸਦਾ ਹੈ ।189।

ਭੇਦੁ = ਫ਼ਰਕ। ਏਕੁ ਬਿਚਾਰੁ = ਇਕ ਖ਼ਾਸ ਸਮਝਣ ਵਾਲੀ ਗੱਲ। ਸਭੈ = ਸਾਰੇ ਜੀਵ। ਸੋਈ = ਉਹੀ ਰਾਮ, ਉਸੇ ਰਾਮ ਨੂੰ। ਕਉਤਕਹਾਰ = ਰਾਸ-ਧਾਰੀਏ ।190।

ਰਾਮੈ ਰਾਮ ਕਹੁ = ਹਰ ਵੇਲੇ ਰਾਮ ਦਾ ਨਾਮ ਸਿਮਰ। ਬਿਬੇਕ = ਪਰਖ, ਪਛਾਣ। ਕਹਿਬੇ ਮਾਹਿ = ਆਖਣ ਵਿਚ, ਸਿਮਰਨ ਵਿਚ। ਅਨੇਕਹਿ = ਅਨੇਕ ਜੀਵਾਂ ਵਿਚ। ਸਮਾਨਾ ਏਕ = ਸਿਰਫ਼ ਇਕ ਸਰੀਰ ਵਿਚ ਟਿਕਿਆ ਹੋਇਆ ਸੀ ।191।

ਅਰਥ: ਹੇ ਕਬੀਰ! (ਜਨੇਊ ਆਦਿਕ ਪਾ ਕੇ ਹਿੰਦੂ ਸਮਝਦਾ ਹੈ ਕਿ ਮੈਂ ਫਲਾਣੇ ਬ੍ਰਾਹਮਣ ਨੂੰ ਆਪਣਾ ਗੁਰੂ ਧਾਰ ਲਿਆ ਹੈ; ਪਰ) ਤਦੋਂ ਸਮਝੋ ਕਿ ਗੁਰੂ ਮਿਲ ਪਿਆ ਹੈ ਜਦੋਂ (ਗੁਰੂ ਧਾਰਨ ਵਾਲੇ ਮਨੁੱਖ ਦੇ ਦਿਲ ਵਿਚੋਂ) ਮਾਇਆ ਦਾ ਮੋਹ ਦੂਰ ਹੋ ਜਾਏ, ਜਦੋਂ ਸਰੀਰ ਨੂੰ ਸਾੜਨ ਵਾਲੇ ਕਲੇਸ਼ ਮਿਟ ਜਾਣ, ਜਦੋਂ ਹਰਖ ਸੋਗ ਕੋਈ ਭੀ ਚਿੱਤ ਨੂੰ ਨਾਹ ਸਾੜੇ। ਅਜੇਹੀ ਹਾਲਤ ਵਿਚ ਅੱਪੜਿਆਂ ਹਰ ਥਾਂ ਪਰਮਾਤਮਾ ਆਪ ਹੀ ਆਪ ਦਿੱਸਦਾ ਹੈ ।189।

ਹੇ ਕਬੀਰ! (ਜਨੇਊ ਦੇ ਕੇ ਬ੍ਰਾਹਮਣ ਰਾਮ ਦੀ ਪੂਜਾ-ਪਾਠ ਦਾ ਉਪਦੇਸ਼ ਭੀ ਕਰਦਾ ਹੈ; ਪਰ) ਰਾਮ ਰਾਮ ਆਖਣ ਵਿਚ ਭੀ ਫ਼ਰਕ ਪੈ ਜਾਂਦਾ ਹੈ, ਇਸ ਵਿਚ ਭੀ ਇਕ ਗੱਲ ਸਮਝਣ ਵਾਲੀ ਹੈ। ਇਕ ਰਾਮ ਤਾਂ ਉਹ ਹੈ ਜਿਸ ਨੂੰ ਹਰੇਕ ਜੀਵ ਸਿਮਰਦਾ ਹੈ (ਇਹ ਹੈ ਸਰਬ-ਵਿਆਪੀ ਰਾਮ, ਇਸ ਦਾ ਸਿਮਰਨ ਕਰਨਾ ਮਨੁੱਖ ਮਾਤ੍ਰ ਦਾ ਫ਼ਰਜ਼ ਹੈ)। ਪਰ ਇਹੀ ਰਾਮ ਨਾਮ ਰਾਸਧਾਰੀਏ ਭੀ (ਰਾਸਾਂ ਵਿਚ ਸਾਂਗ ਬਣਾ ਬਣਾ ਕੇ) ਲੈਂਦੇ ਹਨ (ਇਹ ਰਾਮ ਅਵਤਾਰੀ ਰਾਮ ਹੈ ਤੇ ਰਾਜਾ ਦਸਰਥ ਦਾ ਪੁੱਤਰ ਹੈ, ਇਹੀ ਮੂਰਤੀ-ਪੂਜਾ ਵਿਅਰਥ ਹੈ) ।190।

ਹੇ ਕਬੀਰ! ਸਦਾ ਰਾਮ ਦਾ ਨਾਮ ਜਪ, ਪਰ ਜਪਣ ਵੇਲੇ ਇਹ ਗੱਲ ਚੇਤੇ ਰੱਖਣੀ ਕਿ ਇਕ ਰਾਮ ਤਾਂ ਅਨੇਕਾਂ ਜੀਵਾਂ ਵਿਚ ਵਿਆਪਕ ਹੈ (ਇਸ ਦਾ ਨਾਮ ਜਪਣਾ ਹਰੇਕ ਮਨੁੱਖ ਦਾ ਧਰਮ ਹੈ), ਪਰ ਇਕ ਰਾਮ (ਦਰਸਥ ਦਾ ਪੁੱਤਰ) ਸਿਰਫ਼ ਇਕ ਸਰੀਰ ਵਿਚ ਹੀ ਆਇਆ (ਅਵਤਾਰ ਬਣਿਆ; ਇਸ ਦਾ ਜਾਪ ਕੋਈ ਗੁਣ ਨਹੀਂ ਕਰ ਸਕਦਾ) ।191।

ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ ॥ ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥੧੯੨॥ {ਪੰਨਾ 1374}

ਪਦ ਅਰਥ: ਜਾ ਘਰ = ਜਿਨ੍ਹਾਂ ਘਰਾਂ ਵਿਚ। ਸਾਧ = ਭਲੇ ਮਨੁੱਖ, ਉਹ ਬੰਦੇ ਜਿਨ੍ਹਾਂ ਆਪਣੇ ਮਨ ਨੂੰ ਸਾਧ ਲਿਆ ਹੈ, ਸਤ-ਸੰਗੀ। ਨ ਸੇਵੀਅਹਿ = ਨਹੀਂ ਸੇਵੇ ਜਾਂਦੇ। ਸੇਵਾ = ਪੂਜਾ, ਭਗਤੀ। ਤੇ ਘਰ = ਉਹ (ਸਾਰੇ) ਘਰ। ਮਰਹਟ = ਮਰਘਟ, ਮਸਾਣ। ਸਾਰਖੇ = ਵਰਗੇ।

ਅਰਥ: ਹੇ ਕਬੀਰ! (ਠਾਕੁਰਾਂ ਦੀ ਪੂਜਾ ਤੇ ਹਰੇਕ ਦਿਨ-ਦਿਹਾਰ ਸਮੇ ਬ੍ਰਾਹਮਣ ਦੀ ਸੇਵਾ-ਬੱਸ! ਇਹ ਹੈ ਸਿੱਖਿਆ ਜੋ ਬ੍ਰਾਹਮਣ ਦੇਵਤਾ ਆਪਣੇ ਸ਼ਰਧਾਲੂਆਂ ਨੂੰ ਦੇ ਰਿਹਾ ਹੈ। ਸ਼ਰਧਾਲੂ ਵਿਚਾਰੇ ਭੀ ਠਾਕੁਰ-ਪੂਜਾ ਤੇ ਬ੍ਰਾਹਮਣ ਦੀ ਸੇਵਾ ਕਰ ਕੇ ਆਪਣੇ ਆਪ ਨੂੰ ਸੁਚੱਜੇ ਤੇ ਸੁੱਚੇ ਹਿੰਦੂ ਸਮਝ ਲੈਂਦੇ ਹਨ; ਪਰ ਅਸਲ ਗੱਲ ਇਹ ਹੈ ਕਿ) ਜਿਨ੍ਹਾਂ ਘਰਾਂ ਵਿਚ ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ, ਤੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾਂਦੀ, ਉਹ ਘਰ (ਭਾਵੇਂ ਕਿਤਨੇ ਹੀ ਸੁੱਚੇ ਤੇ ਸਾਫ਼ ਰੱਖੇ ਜਾਂਦੇ ਹੋਣ) ਮਸਾਣਾਂ ਵਰਗੇ ਹਨ, ਉਹਨਾਂ ਘਰਾਂ ਵਿਚ (ਮਨੁੱਖ ਨਹੀਂ) ਭੂਤਨੇ ਵੱਸਦੇ ਹਨ ।192।

ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ ॥ ਪਾਵਹੁ ਤੇ ਪਿੰਗੁਲ ਭਇਆ ਮਾਰਿਆ ਸਤਿਗੁਰ ਬਾਨ ॥੧੯੩॥ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ ॥ ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ ॥੧੯੪॥ {ਪੰਨਾ 1374}

ਨੋਟ: ਸ਼ਲੋਕ ਨੰ: 189 ਤੋਂ ਲੈ ਕੇ ਕਬੀਰ ਜੀ ਕਹਿ ਰਹੇ ਹਨ ਕਿ ਬ੍ਰਾਹਮਣ ਪਾਸੋਂ ਜਨੇਊ ਪਵਾ ਕੇ ਉਸ ਨੂੰ ਗੁਰੂ ਧਾਰ ਕੇ ਠਾਕੁਰ-ਪੂਜਾ ਅਤੇ ਦਿਨ-ਦਿਹਾਰ ਸਮੇ ਬ੍ਰਾਹਮਣ ਦੀ ਸੇਵਾ ਨੂੰ ਹਿੰਦੂ ਆਪਣਾ ਮੁੱਖ ਧਰਮ ਸਮਝ ਲੈਂਦਾ ਹੈ; ਪਰ ਇਸ ਗੱਲ ਵੱਲ ਕਦੇ ਧਿਆਨ ਨਹੀਂ ਦੇਂਦਾ ਕਿ ਜੀਵਨ ਵਿਚ ਕੀਹ ਫ਼ਰਕ ਪਿਆ ਹੈ। ਪਰਾਈ ਨਿੰਦਾ ਕਰਨੀ ਤੇ ਸੁਣਨੀ, ਵਿਕਾਰਾਂ ਵਾਲੇ ਪਾਸੇ ਜਾਣਾ, ਅਹੰਕਾਰ-ਅਜੇਹੇ ਮੰਦ ਕਰਮਾਂ ਨੂੰ ਤਿਆਗਣ ਦਾ ਖ਼ਿਆਲ ਭੀ ਨਹੀਂ ਆਉਂਦਾ। ਫਿਰ ਭੀ ਸਮਝਦਾ ਹੈ ਕਿ ਮੈਂ ਗੁਰੂ-ਪੁਰੋਹਤ ਵਾਲਾ ਹਾਂ। ਜਿਨ੍ਹਾਂ ਨੂੰ ਸਤਿਗੁਰੂ ਮਿਲਦਾ ਹੈ, ਉਹਨਾਂ ਵਿਚ ਇਹ ਵਿਕਾਰ ਰਹਿ ਹੀ ਨਹੀਂ ਸਕਦੇ, ਉਹ ਹਰ ਵੇਲੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿੰਦੇ ਹਨ।

ਪਦ ਅਰਥ: ਗੂੰਗਾ = (ਭਾਵ,) ਜੋ ਆਪਣੀ ਜੀਭ ਨਾਲ ਝੂਠ ਜਾਂ ਮੰਦਾਂ ਬੋਲ ਨਹੀਂ ਬੋਲਦਾ, ਪਰਾਈ ਨਿੰਦਾ ਨਹੀਂ ਕਰਦਾ। ਬਾਵਰਾ = ਕਮਲਾ, ਬੇ = ਸਮਝ। ਬਹਰਾ = ਬੋਲਾ, ਜੋ ਪਰਾਈ ਨਿੰਦਾ ਨਹੀਂ ਸੁਣਦਾ। ਪਿੰਗਲੁ = ਲੂਲ੍ਹਾ। ਪਾਵਹੁ ਤੇ = ਪੈਰਾਂ ਤੋਂ (ਭਾਵ, ਉਹਨੀਂ ਥਾਈਂ ਨਹੀਂ ਜਾਂਦਾ ਜਿਥੇ ਮੰਦੇ ਕੰਮ ਹੁੰਦੇ ਹੋਣ)। ਬਾਨ = ਸ਼ਬਦ ਦਾ ਤੀਰ ।193।

ਭੁਇ = ਧਰਤੀ ਉੱਤੇ, ਮਿੱਟੀ ਵਿਚ। ਭੁਇ ਗਿਰਿ ਪਰਿਆ = (ਭਾਵ,) ਨਿਰ-ਅਹੰਕਾਰ ਹੋ ਗਿਆ। ਪਰਾ ਕਰੇਜੇ ਛੇਕੁ = ਕਲੇਜੇ ਵਿਚ ਛੇਕ ਹੋ ਗਿਆ, ਹਿਰਦਾ ਸ਼ਬਦ ਨਾਲ ਵਿੱਝ ਗਿਆ, ਹਿਰਦਾ ਪ੍ਰਭੂ-ਚਰਨਾਂ ਨਾਲ ਪ੍ਰੋਤਾ ਗਿਆ। ਸੂਰਮਾ ਸਤਿਗੁਰ = ਉਹ ਗੁਰੂ ਜੋ ਆਪ ਇਹਨਾਂ ਕਾਮਾਦਿਕ ਵੈਰੀਆਂ ਦਾ ਟਾਕਰਾ ਸੂਰਮਿਆਂ ਵਾਂਗ ਕਰ ਸਕਦਾ ਹੈ ਤੇ ਕਰਦਾ ਹੈ ।194।

ਅਰਥ: ਹੇ ਕਬੀਰ! (ਜਨੇਊ ਪਾ ਕੇ ਬ੍ਰਾਹਮਣ ਨੂੰ ਗੁਰੂ ਧਾਰ ਕੇ, ਠਾਕੁਰ-ਪੂਜਾ ਅਤੇ ਹਰੇਕ ਦਿਨ-ਦਿਹਾਰ ਸਮੇ ਬ੍ਰਾਹਮਣ ਦੀ ਹੀ ਪੂਜਾ-ਸੇਵਾ ਕਰ ਕੇ ਗੁਰੂ ਵਾਲਾ ਨਹੀਂ ਬਣ ਸਕੀਦਾ; ਜਿਸ ਨੂੰ ਸੱਚ-ਮੁੱਚ ਪੂਰਾ ਗੁਰੂ ਮਿਲਦਾ ਹੈ ਉਸ ਦਾ ਸਾਰਾ ਜੀਵਨ ਹੀ ਬਦਲ ਜਾਂਦਾ ਹੈ) ਜਿਸ ਮਨੁੱਖ ਦੇ ਹਿਰਦੇ ਵਿਚ ਸਤਿਗੁਰੂ ਆਪਣੇ ਸ਼ਬਦ ਦਾ ਤੀਰ ਮਾਰਦਾ ਹੈ, ਉਹ (ਦੁਨੀਆ ਦੇ ਭਾਣੇ) ਗੁੰਗਾ, ਕਮਲਾ, ਬੋਲਾ ਤੇ ਲੂਲ੍ਹਾ ਹੋ ਜਾਂਦਾ ਹੈ (ਕਿਉਂਕਿ ਉਹ ਮਨੁੱਖ ਮੂੰਹੋਂ ਮੰਦੇ ਬੋਲ ਨਹੀਂ ਬੋਲਦਾ, ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੁੰਦੀ, ਕੰਨਾਂ ਨਾਲ ਨਿੰਦਾ ਨਹੀਂ ਸੁਣਦਾ, ਅਤੇ ਪੈਰਾਂ ਨਾਲ ਮੰਦੇ ਪਾਸੇ ਵੱਲ ਤੁਰ ਕੇ ਨਹੀਂ ਜਾਂਦਾ) ।193।

ਹੇ ਕਬੀਰ! ਜਿਸ ਮਨੁੱਖ ਨੂੰ ਸੂਰਮਾ ਸਤਿਗੁਰੂ ਆਪਣੇ ਸ਼ਬਦ ਦਾ ਇਕ ਤੀਰ ਮਾਰਦਾ ਹੈ, ਤੀਰ ਵੱਜਦਿਆਂ ਹੀ ਉਹ ਮਨੁੱਖ ਨਿਰ-ਅਹੰਕਾਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪ੍ਰਭੂ-ਚਰਨਾਂ ਨਾਲ ਪ੍ਰੋਤਾ ਜਾਂਦਾ ਹੈ ।194।

TOP OF PAGE

Sri Guru Granth Darpan, by Professor Sahib Singh