ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1373

ਕਬੀਰ ਹੈ ਗੈ ਬਾਹਨ ਸਘਨ ਘਨ ਛਤ੍ਰਪਤੀ ਕੀ ਨਾਰਿ ॥ ਤਾਸੁ ਪਟੰਤਰ ਨਾ ਪੁਜੈ ਹਰਿ ਜਨ ਕੀ ਪਨਿਹਾਰਿ ॥੧੫੯॥ ਕਬੀਰ ਨ੍ਰਿਪ ਨਾਰੀ ਕਿਉ ਨਿੰਦੀਐ ਕਿਉ ਹਰਿ ਚੇਰੀ ਕਉ ਮਾਨੁ ॥ ਓਹ ਮਾਂਗ ਸਵਾਰੈ ਬਿਖੈ ਕਉ ਓਹ ਸਿਮਰੈ ਹਰਿ ਨਾਮੁ ॥੧੬੦॥ {ਪੰਨਾ 1373}

ਪਦ ਅਰਥ: ਹੈ = ਹਯ, ਘੋੜੇ। ਗੈ = ਗਯ, ਗਜ, ਹਾਥੀ। ਬਾਹਨ = ਸਵਾਰੀ। ਸਘਨ ਘਨ = ਬਹੁਤ ਸਾਰੇ। ਛਤ੍ਰ ਪਤੀ = ਛਤਰ ਦਾ ਮਾਲਕ ਰਾਜਾ। ਤਾਸੁ ਪਟੰਤਰ = ਉਸ ਦੇ ਬਰਾਬਰ। ਪਨਿਹਾਰਿ = ਪਾਨੀ = ਹਾਰਿ, ਪਾਣੀ ਭਰਨ ਵਾਲੀ ।159।

ਨ੍ਰਿਪ = ਰਾਜਾ। ਚੇਰੀ = ਦਾਸੀ। ਮਾਨੁ = ਆਦਰ। ਕਉ = ਨੂੰ। ਮਾਂਗ ਸਵਾਰੈ = ਪੱਟੀਆਂ ਢਾਲਦੀ ਹੈ। ਬਿਖੈ ਕਉ = ਕਾਮ-ਵਾਸਨਾ ਵਾਸਤੇ ।160।

ਅਰਥ: ਹੇ ਕਬੀਰ! ਜੋ ਇਸਤ੍ਰੀ ਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਦਾ ਪਾਣੀ ਭਰਨ ਦੀ ਸੇਵਾ ਕਰਦੀ ਹੈ (ਉਹ ਭਾਵੇਂ ਕਿਤਨੀ ਗ਼ਰੀਬ ਭੀ ਹੋਵੇ) ਉਸ ਦੀ ਬਰਾਬਰੀ ਉਸ ਛਤਰ-ਪਤੀ ਰਾਜੇ ਦੀ ਰਾਣੀ ਭੀ ਨਹੀਂ ਕਰ ਸਕਦੀ ਜਿਸ ਦੇ ਪਾਸ ਸਵਾਰੀ ਲਈ ਬੇਅੰਤ ਘੋੜੇ ਹਾਥੀ ਹੋਣ ।159।

ਹੇ ਕਬੀਰ! ਅਸੀਂ ਉਸ ਰਾਣੀ ਨੂੰ ਕਿਉਂ ਮਾੜੀ ਆਖਦੇ ਹਾਂ ਤੇ ਸੰਤ ਜਨਾਂ ਦੀ ਸੇਵਾ ਕਰਨ ਵਾਲੀ ਨੂੰ ਕਿਉਂ ਆਦਰ ਦੇਂਦੇ ਹਾਂ? (ਇਸ ਦਾ ਕਾਰਨ ਇਹ ਹੈ ਕਿ) ਨ੍ਰਿਪ-ਨਾਰੀ ਤਾਂ ਸਦਾ ਕਾਮ-ਵਾਸਨਾ ਦੀ ਖ਼ਾਤਰ ਪੱਟੀਆਂ ਢਾਲਦੀ ਰਹਿੰਦੀ ਹੈ, ਪਰ ਸੰਤ ਜਨਾਂ ਦੀ ਟਹਿਲਣ (ਸੰਤਾਂ ਦੀ ਸੰਗਤਿ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਸਿਮਰਦੀ ਹੈ ।160।

ਕਬੀਰ ਥੂਨੀ ਪਾਈ ਥਿਤਿ ਭਈ ਸਤਿਗੁਰ ਬੰਧੀ ਧੀਰ ॥ ਕਬੀਰ ਹੀਰਾ ਬਨਜਿਆ ਮਾਨ ਸਰੋਵਰ ਤੀਰ ॥੧੬੧॥ ਕਬੀਰ ਹਰਿ ਹੀਰਾ ਜਨ ਜਉਹਰੀ ਲੇ ਕੈ ਮਾਂਡੈ ਹਾਟ ॥ ਜਬ ਹੀ ਪਾਈਅਹਿ ਪਾਰਖੂ ਤਬ ਹੀਰਨ ਕੀ ਸਾਟ ॥੧੬੨॥ {ਪੰਨਾ 1373}

ਨੋਟ: ਸ਼ਲੋਕ ਨੰ: 161 ਵਿਚ ਅਤੇ ਅਗਲੇ ਸ਼ਲੋਕ ਦੀ ਪਹਿਲੀ ਤੁਕ ਵਿਚ ਲਫ਼ਜ਼ 'ਹੀਰਾ' ਇਕ-ਵਚਨ ਹੈ, ਪਰ ਅਖ਼ੀਰਲੀ ਤੁਕ ਵਿਚ ਲਫ਼ਜ਼ 'ਹੀਰਨ' ਬਹੁ-ਵਚਨ ਹੈ। ਇਹਨਾਂ ਦੇ ਅਰਥ ਵਿਚ ਥੋੜ੍ਹਾ ਕੁ ਫ਼ਰਕ ਪਏਗਾ, ਭਾਵ ਭਾਵੇਂ ਉਹੀ ਰਹੇਗਾ।

ਪਦ ਅਰਥ: ਥੂਨੀ = ਥੰਮ੍ਹੀ, ਸਤਿਗੁਰੂ ਦਾ ਸ਼ਬਦ। ਥਿਤਿ = ਟਿਕਾਉ, ਸ਼ਾਂਤੀ, ਪ੍ਰਭੂ-ਚਰਨਾਂ ਵਿਚ ਟਿਕਾਉ। ਬੰਧੀ ਧੀਰ = ਧੀਰਜ ਬਨ੍ਹਾ ਦਿੱਤੀ, ਅਡੋਲਤਾ ਦਿੱਤੀ, ਭਟਕਣਾ ਤੋਂ ਬਚਾ ਲਿਆ। ਹੀਰਾ = ਪਰਮਾਤਮਾ ਦਾ ਨਾਮ। ਬਨਜਿਆ = ਖ਼ਰੀਦਿਆ (ਮਨ ਦੀ ਦੌੜ-ਭੱਜ ਦੇ ਕੇ, ਮਨ ਗੁਰੂ ਦੇ ਹਵਾਲੇ ਕਰ ਕੇ)। ਮਾਨ ਸਰੋਵਰ = ਸਤਸੰਗ। ਤੀਰ = ਕੰਢਾ ।161।

ਜਨ = ਹਰਿ ਜਨ, ਪਰਮਾਤਮਾ ਦੇ ਭਗਤ, ਸਤ-ਸੰਗੀ। ਜਉਹਰੀ = ਨਾਮ-ਰੂਪ ਹੀਰੇ ਦਾ ਵਪਾਰੀ। ਲੇ ਕੈ = ਨਾਮ-ਹੀਰਾ ਲੈ ਕੇ। ਮਾਂਡੈ = ਸਜਾਂਦਾ ਹੈ। ਹਾਟ = ਹੱਟੀ, ਹਿਰਦਾ। ਪਾਈਅਹਿ = ਮਿਲਦੇ ਹਨ, ਸਤਸੰਗ ਵਿਚ ਇਕੱਠੇ ਹੁੰਦੇ ਹਨ। ਪਾਰਖੂ = ਨਾਮ-ਹੀਰੇ ਦੀ ਕਦਰ ਜਾਨਣ ਵਾਲੇ। ਹੀਰਨ ਕੀ = ਹੀਰਿਆਂ ਦੀ, ਪ੍ਰਭੂ ਦੇ ਗੁਣਾਂ ਦੀ (ਨੋਟ: 'ਹੀਰਨ' ਬਹੁ-ਵਚਨ ਹੋਣ ਕਰਕੇ ਇਸ ਦਾ ਅਰਥ ਹੈ 'ਪਰਮਾਤਮਾ ਦੇ ਗੁਣ')। ਸਾਟ = ਵਟਾਂਦਰਾ, ਸਾਂਝ, ਸਤਸੰਗ ਵਿਚ ਮਿਲ ਕੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ।

ਅਰਥ: ਹੇ ਕਬੀਰ! ਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਦਾ ਸਹਾਰਾ ਮਿਲ ਜਾਂਦਾ ਹੈ ਜਿਸ ਨੂੰ ਗੁਰੂ ('ਊਚ ਭਵਨ ਕਨਕਾਮਨੀ' 'ਹੈ ਗੈ ਬਾਹਨ' ਆਦਿਕ ਵਲ) ਭਟਕਣੋਂ ਬਚਾ ਲੈਂਦਾ ਹੈ ਉਸ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਟਿਕ ਜਾਂਦਾ ਹੈ। (ਆਪਣਾ ਮਨ ਸਤਿਗੁਰੂ ਦੇ ਹਵਾਲੇ ਕਰ ਕੇ) ਉਹ ਮਨੁੱਖ ਸਤਸੰਗ ਵਿਚ ਪਰਮਾਤਮਾ ਦਾ ਅਮੋਲਕ ਨਾਮ ਖ਼ਰੀਦਦਾ ਹੈ ।161।

ਹੇ ਕਬੀਰ! ਪਰਮਾਤਮਾ ਦਾ ਨਾਮ, ਮਾਨੋ, ਹੀਰਾ ਹੈ; ਪਰਮਾਤਮਾ ਦਾ ਸੇਵਕ ਉਸ ਹੀਰੇ ਦਾ ਵਪਾਰੀ ਹੈ; ਇਹ ਹੀਰਾ ਹਾਸਲ ਕਰ ਕੇ ਉਹ (ਆਪਣੇ) ਹਿਰਦੇ ਨੂੰ ਸੋਹਣਾ ਸਜਾਂਦਾ ਹੈ। ਜਦੋਂ (ਨਾਮ-ਹੀਰੇ ਦੀ) ਕਦਰ ਜਾਨਣ ਵਾਲੇ ਇਹ ਸੇਵਕ (ਸਤਸੰਗ ਵਿਚ) ਮਿਲਦੇ ਹਨ, ਤਦੋਂ ਪਰਮਾਤਮਾ ਦੇ ਗੁਣਾਂ ਦੀ ਸਾਂਝ ਬਣਾਂਦੇ ਹਨ (ਭਾਵ, ਰਲ ਕੇ ਪ੍ਰਭੂ ਦੀ) ਸਿਫ਼ਤਿ-ਸਾਲਾਹ ਕਰਦੇ ਹਨ ।162।

ਕਬੀਰ ਕਾਮ ਪਰੇ ਹਰਿ ਸਿਮਰੀਐ ਐਸਾ ਸਿਮਰਹੁ ਨਿਤ ॥ ਅਮਰਾ ਪੁਰ ਬਾਸਾ ਕਰਹੁ ਹਰਿ ਗਇਆ ਬਹੋਰੈ ਬਿਤ ॥੧੬੩॥ {ਪੰਨਾ 1373}

ਪਦ ਅਰਥ: ਕਾਮ ਪਰੇ = ਜਦੋਂ ਕੋਈ ਲੋੜ ਪਏ, ਜਦੋਂ ਕੋਈ ਗ਼ਰਜ਼ ਹੋਵੇ। ਅਮਰਾਪੁਰ = ਉਹ ਪੁਰੀ ਜਿਥੇ ਅਮਰ ਹੋ ਜਾਈਦਾ ਹੈ, ਉਹ ਪੁਰੀ ਜਿਥੇ ਜਨਮ ਮਰਨ ਦੇ ਗੇੜ ਤੋਂ ਬਚ ਜਾਈਦਾ ਹੈ। ਗਇਆ ਬਿਤ = ਗੁਆਚਾ ਹੋਇਆ ਧਨ, ਉਹ ਸ਼ੁਭ ਗੁਣ ਜੋ ਮਾਇਕ ਪਦਾਰਥਾਂ ਪਿਛੇ ਦੌੜ ਦੌੜ ਕੇ ਗੁਆਚ ਚੁਕੇ ਹਨ। ਬਹੋਰੈ = ਮੋੜ ਲਿਆਉਂਦਾ ਹੈ, ਮੁੜ ਪੈਦਾ ਕਰ ਦੇਂਦਾ ਹੈ।

ਅਰਥ: ਹੇ ਕਬੀਰ! ਕੋਈ ਗ਼ਰਜ਼ ਪੈਣ ਤੇ ਜਿਸ ਤਰ੍ਹਾਂ (ਭਾਵ, ਜਿਸ ਖਿੱਚ ਤੇ ਪਿਆਰ ਨਾਲ) ਪਰਮਾਤਮਾ ਨੂੰ ਯਾਦ ਕਰੀਦਾ ਹੈ, ਜੇ ਉਸੇ ਖਿੱਚ-ਪਿਆਰ ਨਾਲ ਉਸ ਨੂੰ ਸਦਾ ਹੀ ਯਾਦ ਕਰੋ, ਤਾਂ ਉਸ ਥਾਂ ਤੇ ਟਿਕ ਜਾਉਗੇ ਜਿਥੇ ਅਮਰ ਹੋ ਜਾਈਦਾ ਹੈ (ਜਿਥੇ ਆਤਮਕ ਮੌਤ ਪੋਹ ਨਹੀਂ ਸਕਦੀ); ਅਤੇ, ਜੋ ਸੁੰਦਰ ਗੁਣ ਮਾਇਕ ਪਦਾਰਥਾਂ ਪਿਛੇ ਦੌੜ ਦੌੜ ਕੇ ਗੁਆਚ ਚੁਕੇ ਹੁੰਦੇ ਹਨ, ਉਹ ਗੁਣ ਪ੍ਰਭੂ ਮੁੜ (ਸਿਮਰਨ ਕਰਨ ਵਾਲੇ ਦੇ ਹਿਰਦੇ ਵਿਚ) ਪੈਦਾ ਕਰ ਦੇਂਦਾ ਹੈ ।163।

ਕਬੀਰ ਸੇਵਾ ਕਉ ਦੁਇ ਭਲੇ ਏਕੁ ਸੰਤੁ ਇਕੁ ਰਾਮੁ ॥ ਰਾਮੁ ਜੁ ਦਾਤਾ ਮੁਕਤਿ ਕੋ ਸੰਤੁ ਜਪਾਵੈ ਨਾਮੁ ॥੧੬੪॥ ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥ ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥੧੬੫॥ {ਪੰਨਾ 1373}

ਨੋਟ: ਕਬੀਰ ਜੀ ਇਥੇ ਖ਼ਲਕਤਿ ਦੀ ਸੇਵਾ ਤੋਂ ਨਹੀਂ ਵਰਜ ਰਹੇ। ਦੋਹਾਂ ਸ਼ਲੋਕਾਂ ਨੂੰ ਰਲਾ ਕੇ ਪੜ੍ਹੀਏ, ਤਾਂ ਉਹਨਾਂ ਦਾ ਭਾਵ ਸਪਸ਼ਟ ਹੋ ਜਾਂਦਾ ਹੈ। ਉ​ਂਞ ਤਾਂ ਉਹ ਸ਼ਲੋਕ ਨੰ: 146 ਤੋਂ 149 ਤਕ ਹਰੇਕ ਪ੍ਰਾਣੀ-ਮਾਤ੍ਰ ਨਾਲ ਪਿਆਰ ਦਾ ਸਲੂਕ ਕਰਨ ਦੀ ਹਦਾਇਤ ਕਰਦੇ ਹਨ, ਇਥੇ ਇਹ ਜ਼ਿਕਰ ਹੈ ਕਿ ਇੱਕ ਤਾਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦੇਵੀ-ਦੇਵਤੇ ਦੀ ਪੂਜਾ ਨਾਹ ਕਰੋ; ਦੂਜੇ, ਪਰਮਾਤਮਾ ਦਾ ਮਿਲਾਪ ਸਿਰਫ਼ ਸਤ-ਸੰਗ ਵਿਚ ਗੁਰਮੁਖਾਂ ਦੀ ਸੰਗਤਿ ਵਿਚ ਹੁੰਦਾ ਹੈ, ਕਰਮ-ਕਾਂਡੀ ਪੰਡਿਤਾਂ ਜਾਂ ਭੇਖੀ ਸਾਧੂਆਂ ਅੱਗੇ ਨੱਕ ਨਾਹ ਰਗੜਦੇ ਫਿਰੋ।

ਪਦ ਅਰਥ: ਕੋ = ਦਾ। ਦਾਤਾ = ਦੇਣ ਵਾਲਾ। ਮੁਕਤਿ = ਮਾਇਕ ਬੰਧਨਾਂ ਤੋਂ ਖ਼ਲਾਸੀ। ਜਪਾਵੈ = ਜਪਣ ਵਿਚ ਸਹੈਤਾ ਕਰਦਾ ਹੈ, ਜਪਣ ਵਲ ਪ੍ਰੇਰਦਾ ਹੈ ।164।

ਜਿਹ ਮਾਰਗਿ = ਜਿਸ ਰਾਹੇ, ਕਰਮ-ਕਾਂਡ ਦੇ ਜਿਸ ਰਾਹੇ, ਤੀਰਥ ਵਰਤ ਆਦਿਕ ਦੇ ਜਿਸ ਰਾਹੇ। ਪਰੀ = ਤੁਰ ਪਈ, ਤੁਰੀ ਜਾ ਰਹੀ ਹੈ। ਬਹੀਰ = ਭੀੜ, ਲੋਕਾਂ ਦੀ ਭੀੜ, ਬੇਅੰਤ ਲੋਕ। ਅਵਘਟ ਘਾਟੀ = ਔਖੀ ਘਾਟੀ, ਔਖਾ ਚੜ੍ਹਾਈ ਦਾ ਪੈਂਡਾ ।165।

ਅਰਥ: ਹੇ ਕਬੀਰ! ਮਾਇਕ ਬੰਧਨਾਂ ਤੋਂ ਖ਼ਲਾਸੀ ਦੇਣ ਵਾਲਾ ਪਰਮਾਤਮਾ ਆਪ ਹੈ, ਅਤੇ ਸੰਤ-ਗੁਰਮੁਖਿ ਉਸ ਪਰਮਾਤਮਾ ਦਾ ਨਾਮ ਸਿਮਰਨ ਵਲ ਪ੍ਰੇਰਦਾ ਹੈ; ਸੋ, ਇਕ ਸੰਤ ਅਤੇ ਇਕ ਪਰਮਾਤਮਾ-(ਮੁਕਤੀ ਅਤੇ ਪ੍ਰਭੂ-ਮਿਲਾਪ ਦੀ ਖ਼ਾਤਰ) ਇਹਨਾਂ ਦੋਹਾਂ ਦੀ ਹੀ ਸੇਵਾ-ਪੂਜਾ ਕਰਨੀ ਚਾਹੀਦੀ ਹੈ ।164।

ਹੇ ਕਬੀਰ! (ਤੀਰਥ ਵਰਤ ਆਦਿਕ ਦੇ) ਜਿਸ ਰਸਤੇ ਉੱਤੇ ਪੰਡਿਤ ਲੋਕ ਤੁਰ ਰਹੇ ਹਨ (ਇਹ ਰਾਹ ਚੂੰਕਿ ਸੌਖਾ ਹੈ) ਬੜੇ ਲੋਕ ਉਹਨਾਂ ਦੇ ਪਿਛੇ ਪਿਛੇ ਲੱਗੇ ਹੋਏ ਹਨ; ਪਰ ਪਰਮਾਤਮਾ ਦੇ ਸਿਮਰਨ ਦਾ ਰਸਤਾ, ਮਾਨੋ, ਇਕ ਔਖਾ ਪਹਾੜੀ ਰਸਤਾ ਹੈ, ਕਬੀਰ (ਇਹਨਾਂ ਪੰਡਿਤਾਂ ਲੋਕਾਂ ਨੂੰ ਛੱਡ ਕੇ) ਚੜ੍ਹਾਈ ਵਾਲਾ ਪੈਂਡਾ ਕਰ ਰਿਹਾ ਹੈ ।165।

ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨਿ ॥ ਤਬ ਕੁਲੁ ਕਿਸ ਕਾ ਲਾਜਸੀ ਜਬ ਲੇ ਧਰਹਿ ਮਸਾਨਿ ॥੧੬੬॥ ਕਬੀਰ ਡੂਬਹਿਗੋ ਰੇ ਬਾਪੁਰੇ ਬਹੁ ਲੋਗਨ ਕੀ ਕਾਨਿ ॥ ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ ॥੧੬੭॥ {ਪੰਨਾ 1373}

ਨੋਟ: ਪੰਡਿਤ ਲੋਕਾਂ ਨੇ ਤੀਰਥ ਵਰਤ ਆਦਿਕ ਦਾ ਜੋ ਰਸਤਾ ਚਲਾ ਦਿੱਤਾ ਹੈ, ਇਸ ਉਤੇ ਤੁਰਨ ਲਈ ਸਾਧਾਰਨ ਮਨੁੱਖ ਨੂੰ ਕੁਲਾਰੀਤ ਭੀ ਬਹੁਤ ਮਜਬੂਰ ਕਰਦੀ ਹੈ। ਜੇ ਕੋਈ ਹਿੰਦੂ ਇਸਤ੍ਰੀ ਕਰਵਾ ਚੌਥ ਮਹਾ-ਲਖਮੀ ਆਦਿਕ ਦਾ ਵਰਤ ਰੱਖਣਾ ਛੱਡ ਦੇਵੇ, ਤਾਂ ਆਂਢ ਗੁਆਂਢ 'ਹਾ ਭੈਣੇ, ਹਾ ਭੈਣੇ' ਹੋਣ ਲੱਗ ਪੈਂਦਾ ਹੈ। ਇਸ ਲੋਕਾਚਾਰ ਵਿਚੋਂ ਨਿਕਲਣਾ ਭੀ ਬਹੁਤ ਔਖਾ ਹੈ।

ਪਦ ਅਰਥ: ਦੁਨੀਆ ਕੇ ਦੋਖੇ = ਇਸ ਫ਼ਿਕਰ ਵਿਚ ਕਿ ਦੁਨੀਆ ਕੀਹ ਆਖੇਗੀ। ਮੂਆ = ਮਰ ਜਾਂਦਾ ਹੈ, ਆਤਮਕ ਮੌਤੇ ਮਰ ਜਾਂਦਾ ਹੈ। ਕੁਲ ਕੀ ਕਾਨਿ = ਉਸ ਬੰਦਸ਼ ਵਿਚ ਜਿਸ ਵਿਚ ਆਪਣੀ ਕੁਲ ਦੇ ਲੋਕ ਤੁਰੇ ਆ ਰਹੇ ਹਨ। ਲਾਜਸੀ = ਲੱਜਾਵਾਨ ਹੋਵੇਗਾ, ਸ਼ਰਮ = ਸਾਰ ਹੋਵੇਗਾ, ਬਦਨਾਮੀ ਖੱਟੇਗਾ। ਮਸਾਨਿ = ਮਸਾਨ ਵਿਚ ।166।

ਰੇ ਬਾਪੁਰੇ = ਹੇ ਮੰਦ-ਭਾਗੀ ਜੀਵ! ਲੋਗਨ ਕੀ ਕਾਨਿ = ਲੋਕ-ਲਾਜ ਵਿਚ। ਪਾਰੋਸੀ = ਪੜੋਸੀ, ਗੁਆਂਢੀ ।167।

ਅਰਥ: ਹੇ ਕਬੀਰ! ਮਨੁੱਖ ਆਮ ਤੌਰ ਤੇ ਕੁਲਾ-ਰੀਤ ਅਨੁਸਾਰ ਹੀ ਤੁਰਦਾ ਹੈ, ਇਸ ਖ਼ਿਆਲ ਨਾਲ ਕਿ ਦੁਨੀਆ ਕੀਹ ਆਖੇਗੀ (ਲੋਕਾਚਾਰ ਨੂੰ ਛੱਡ ਕੇ ਭਗਤੀ ਸਤਸੰਗ ਵਾਲੇ ਰਸਤੇ ਵਲ ਨਹੀਂ ਆਉਂਦਾ, ਇਸ ਤਰ੍ਹਾਂ) ਆਤਮਕ ਮੌਤੇ ਮਰ ਜਾਂਦਾ ਹੈ। (ਇਹ ਨਹੀਂ ਸੋਚਦਾ ਕਿ) ਜਦੋਂ ਮੌਤ ਆ ਗਈ (ਤਦੋਂ ਇਹ ਕੁਲਾ-ਰੀਤ ਤਾਂ ਆਪੇ ਛੁੱਟ ਜਾਣੀ ਹੈ; ਸਿਮਰਨ-ਭਗਤੀ ਤੋਂ ਵਾਂਜੇ ਰਹਿ ਕੇ ਜੋ ਖੁਆਰੀ ਖੱਟੀ, ਉਸ ਦੇ ਕਾਰਨ) ਕਿਸ ਦੀ ਕੁਲ ਨੂੰ ਨਮੋਸ਼ੀ ਆਵੇਗੀ? ।166।

ਹੇ ਕਬੀਰ! (ਲੋਕ-ਲਾਜ ਵਿਚ ਫਸ ਕੇ ਭਗਤੀ ਤੋਂ ਵਾਂਜੇ ਰਹਿਣ ਵਾਲੇ ਬੰਦੇ ਨੂੰ ਆਖ-) ਹੇ ਮੰਦ-ਭਾਗੀ ਮਨੁੱਖ! ਬਹੁਤਾ ਲੋਕ-ਲਾਜ ਵਿਚ ਹੀ ਰਿਹਾਂ (ਲੋਕ-ਲਾਜ ਵਿਚ ਹੀ) ਡੁੱਬ ਜਾਇਂਗਾ (ਆਤਮਕ ਮੌਤੇ ਮਰ ਜਾਇਂਗਾ)। (ਇਥੇ ਸਦਾ ਬੈਠ ਨਹੀਂ ਰਹਿਣਾ) ਜੋ ਮੌਤ ਕਿਸੇ ਗੁਆਂਢੀ ਤੇ ਆ ਰਹੀ ਹੈ, ਚੇਤਾ ਰੱਖ ਉਹ ਤੇਰੇ ਉਤੇ ਭੀ ਆਉਣੀ ਹੈ ।167।

ਕਬੀਰ ਭਲੀ ਮਧੂਕਰੀ ਨਾਨਾ ਬਿਧਿ ਕੋ ਨਾਜੁ ॥ ਦਾਵਾ ਕਾਹੂ ਕੋ ਨਹੀ ਬਡਾ ਦੇਸੁ ਬਡ ਰਾਜੁ ॥੧੬੮॥ ਕਬੀਰ ਦਾਵੈ ਦਾਝਨੁ ਹੋਤੁ ਹੈ ਨਿਰਦਾਵੈ ਰਹੈ ਨਿਸੰਕ ॥ ਜੋ ਜਨੁ ਨਿਰਦਾਵੈ ਰਹੈ ਸੋ ਗਨੈ ਇੰਦ੍ਰ ਸੋ ਰੰਕ ॥੧੬੯॥ {ਪੰਨਾ 1373}

ਨੋਟ: ਕਬੀਰ ਜੀ ਸ਼ਲੋਕ ਨੰ: 168 ਵਿਚ ਮੰਗਿ ਖਾਣ ਦੀ ਹਿਦਾਇਤ ਨਹੀਂ ਕਰਦੇ। ਕਹਿੰਦੇ ਹਨ ਕਿ ਜਾਇਦਾਦਾਂ ਬਣਾਣ, ਮੱਲਾਂ ਮੱਲਣ, ਮਲਕੀਅਤਾਂ ਬਣਾਣ ਨਾਲੋਂ ਮੰਗਤਿਆਂ ਵਾਂਗ ਮੰਗਿ ਖਾਣਾ ਚੰਗਾ ਹੈ, ਕਿਉਂਕਿ ਜਿਉਂ ਜਿਉਂ ਮਨੁੱਖ ਜਾਇਦਾਦ ਇਕੱਠੀ ਕਰਦਾ ਹੈ ਤਿਉਂ ਤਿਉਂ ਉਸ ਦੇ ਅੰਦਰ 'ਦਾਝਨੁ' ਵਧਦੀ ਹੈ। ਗੁਰੂ ਅਮਰਦਾਸ ਜੀ ਨੇ ਭੀ ਸੋਰਠਿ ਰਾਗ ਦੇ ਇਕ ਸ਼ਬਦ ਵਿਚ ਲਿਖਿਆ ਹੈ:

'ਕਾਚਾ ਧਨੁ ਸੰਚਹਿ ਮੂਰਖ ਗਾਵਾਰ'

ਇਹ ਅਜਬ ਖੇਡ ਹੈ ਕਿ ਗੁਰਦੁਆਰੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਲੀਮ ਤਾਂ ਅਸੀਂ ਇਹ ਸੁਣਦੇ ਹਾਂ ਕਿ ਧਨ ਜੋੜਨਾ ਮੂਰਖ ਉਜੱਡਾਂ ਦਾ ਕੰਮ ਹੈ, ਇਸ ਨਾਲੋਂ ਮੰਗਿ ਖਾਣਾ ਚੰਗਾ ਹੈ। ਪਰ, ਬਾਹਰ ਦੁਨੀਆ ਵਿਚ ਆ ਕੇ ਅਸਾਡਾ ਸਾਰਾ ਜ਼ੋਰ ਹੀ ਧਨ ਜੋੜਨ ਤੇ ਮਲਕੀਅਤਾਂ ਬਣਾਣ ਉਤੇ ਲੱਗਦਾ ਹੈ। ਪਰ ਸਾਧਾਰਨ ਮਨੁੱਖ ਧਨ ਜੋੜਨ ਦਾ ਜਤਨ ਨਾਹ ਕਰੇ ਤੇ ਹੋਰ ਕਰੇ ਭੀ ਕੀਹ? ਬੁਢੇਪਾ, ਬੀਮਾਰੀ, ਬੱਚਿਆਂ ਦੀ ਤਾਲੀਮ ਆਦਿਕ ਕਈ ਲੋੜਾਂ ਐਸੀਆਂ ਹਨ ਜੋ ਮਨੁੱਖ ਨੇ ਪੂਰੀਆਂ ਕਰਨੀਆਂ ਹਨ। ਮਲੂਮ ਹੁੰਦਾ ਹੈ ਕਿ ਭਗਤ ਕਬੀਰ ਜੀ ਅਤੇ ਗੁਰੂ ਅਮਰਦਾਸ ਜੀ ਭਾਈਚਾਰਕ ਪ੍ਰਬੰਧ ਅਤੇ ਰਾਜ-ਪ੍ਰਬੰਧ ਵਿਚ ਭੀ ਕਈ ਖ਼ਾਮੀਆਂ ਵੇਖ ਰਹੇ ਸਨ। ਜੇ ਰਾਜ-ਪ੍ਰਬੰਧ ਅਜੇਹਾ ਹੋਵੇ ਜਿਥੇ ਹਰੇਕ ਮਨੁੱਖ ਮਾਤ੍ਰ ਦੇ ਬੱਚਿਆਂ ਦੀ ਤਾਲੀਮ ਤੇ ਪਰਵਰਿਸ਼, ਉਸ ਦੇ ਆਪਣੇ ਰੁਜ਼ਗਾਰ ਦੀ ਪਕਿਆਈ, ਬੀਮਾਰੀ ਤੇ ਬੁਢੇਪੇ ਦੀਆਂ ਲੋੜਾਂ ਪੂਰੀਆਂ ਹੋ ਸਕਣ ਤਾਂ ਆਮ ਤੌਰ ਤੇ ਮੱਲਾਂ ਮੱਲਣ ਦੀ ਲੋੜ ਰਹਿ ਹੀ ਨਹੀਂ ਜਾਂਦੀ। ਧੱਕਾ, ਧੌਖਾ ਆਦਿਕ ਬਹੁਤ ਘਟ ਸਕਦੇ ਹਨ। ਸੁਤੇ ਹੀ ਹੱਕ ਦੀ ਕਮਾਈ ਤੇ ਖ਼ਲਕਤਿ ਨਾਲ ਪਿਆਰ ਵਾਲੇ ਰਾਹੇ ਪੈ ਸਕੀਦਾ ਹੈ। ਇਸ ਤੋਂ ਅਗਾਂਹ ਧਰਮ ਦੀ ਸਿਰਫ਼ ਇਕ ਔਖੀ ਘਾਟੀ ਰਹਿ ਜਾਂਦੀ ਹੈ-ਲਗਨ ਤੇ ਰਜ਼ਾ।

ਪਦ ਅਰਥ: ਮਧੂਕਰੀ = ਘਰ ਘਰ ਤੋਂ ਮੰਗੀ ਹੋਈ ਭਿੱਛਿਆ। ਨਾਨਾ ਬਿਧਿ ਕੋ = ਕਈ ਕਿਸਮਾਂ ਦਾ। ਨਾਜੁ = ਅਨਾਜ, ਅੰਨ। ਦਾਵਾ = ਮਲਕੀਅਤ ਦਾ ਹੱਕ। ਕਾਹੂ ਕੋ = ਕਿਸੇ (ਜਾਇਦਾਦ) ਨਾਲ ।168।

ਦਾਵੈ = ਮਲਕੀਅਤ ਬਣਾਇਆਂ। ਦਾਝਨੁ = ਸੜਨ, ਖਿੱਚ। ਨਿਸੰਕ = ਬੇ-ਫ਼ਿਕਰ। ਇੰਦ੍ਰ ਸੋ = ਦੇਵਤੇ ਵਰਗਿਆਂ ਨੂੰ। ਰੰਕ = ਕੰਗਾਲ ।169।

ਅਰਥ: ਹੇ ਕਬੀਰ! (ਜਾਇਦਾਦਾਂ ਦੀਆਂ ਮੱਲਾਂ ਮੱਲਣ ਨਾਲੋਂ ਮੰਗਤਾ ਬਣ ਕੇ) ਘਰ ਘਰ ਤੋਂ ਮੰਗੀ ਹੋਈ ਰੋਟੀ ਖਾ ਲੈਣੀ ਚੰਗੀ ਹੈ ਜਿਸ ਵਿਚ (ਘਰ ਘਰ ਤੋਂ ਮੰਗਣ ਕਰਕੇ) ਕਈ ਕਿਸਮਾਂ ਦਾ ਅੰਨ ਹੁੰਦਾ ਹੈ। (ਮੰਗਤਾ) ਕਿਸੇ ਜਾਇਦਾਦ ਉਤੇ ਮਲਕੀਅਤ ਦਾ ਹੱਕ ਨਹੀਂ ਬੰਨ੍ਹਦਾ, ਸਾਰਾ ਦੇਸ ਉਸ ਦਾ ਆਪਣਾ ਦੇਸ ਹੈ, ਸਾਰਾ ਰਾਜ ਉਸ ਦਾ ਆਪਣਾ ਰਾਜ ਹੈ ।168।

ਹੇ ਕਬੀਰ! ਮਲਕੀਅਤਾਂ ਬਣਾਇਆਂ ਮਨੁੱਖ ਦੇ ਅੰਦਰ ਖਿੱਝ-ਸੜਨ ਪੈਦਾ ਹੁੰਦੀ ਹੈ। ਜੋ ਮਨੁੱਖ ਕੋਈ ਮਲਕੀਅਤ ਨਹੀਂ ਬਣਾਂਦਾ ਉਸ ਨੂੰ ਕੋਈ ਚਿੰਤਾ-ਫ਼ਿਕਰ ਨਹੀਂ ਰਹਿੰਦਾ। ਜੋ ਮਨੁੱਖ ਜਾਇਦਾਦਾਂ ਦੀਆਂ ਮਲਕੀਅਤਾਂ ਨਹੀਂ ਬਣਾਂਦਾ, ਉਹ ਇੰਦ੍ਰ ਦੇਵਤੇ ਵਰਗਿਆਂ ਨੂੰ ਭੀ ਕੰਗਾਲ ਸਮਝਦਾ ਹੈ (ਭਾਵ, ਉਹ ਕਿਸੇ ਧਨਾਢ ਆਦਿਕ ਦੀ ਖ਼ੁਸ਼ਾਮਦ ਨਹੀਂ ਕਰਦਾ ਫਿਰਦਾ) ।169।

ਕਬੀਰ ਪਾਲਿ ਸਮੁਹਾ ਸਰਵਰੁ ਭਰਾ ਪੀ ਨ ਸਕੈ ਕੋਈ ਨੀਰੁ ॥ ਭਾਗ ਬਡੇ ਤੈ ਪਾਇਓ ਤੂੰ ਭਰਿ ਭਰਿ ਪੀਉ ਕਬੀਰ ॥੧੭੦॥ {ਪੰਨਾ 1373}

ਪਦ ਅਰਥ: ਪਾਲਿ = (Skt. पालि= skirt, boundary)। ਕੰਢਾ, ਕਿਨਾਰਾ। ਸਮੁਹਾ = ਸੁ+ਮੁਹ, ਮੂੰਹ ਤਕ, ਨਕਾ = ਨਕ। ਪਾਲਿ ਸਮੁਹਾ = ਕੰਢਿਆਂ ਤਕ ਨਕਾ = ਨਕ। ਸਰਵਰੁ = ਤਲਾਬ। ਤੈ ਪਾਇਓ = ਤੂੰ (ਨੀਰੁ) ਲੱਭ ਲਿਆ ਹੈ। ਭਰਿ ਭਰਿ = ਪਿਆਲੇ ਭਰ ਭਰ ਕੇ, ਰੱਜ ਰੱਜ ਕੇ।

ਨੋਟ: ਇਸ ਸ਼ਲੋਕ ਵਿਚ ਡਾਢੀ ਹਸਰਤਿ-ਭਰੀ ਦੁਖਦਾਈ ਗੱਲ ਦੱਸਦੇ ਹਨ। ਲੋਕ 'ਦਾਝਨ' ਦੇ ਕਾਰਨ, ਅੰਦਰਲੀ ਤ੍ਰੇਹ-ਸੜਨ ਦੇ ਕਾਰਨ ਪਾਣੀ ਖੁਣੋਂ ਤੜਫ਼ ਰਹੇ ਹਨ। ਪਾਣੀ ਦਾ ਤਲਾਬ ਭਰਿਆ ਪਿਆ ਹੈ, ਅਤੇ ਨਕਾ-ਨਕ ਭਰਿਆ ਪਿਆ ਹੈ; ਪਰ ਕਿਸੇ ਨੂੰ ਦਿੱਸਦਾ ਹੀ ਨਹੀਂ। ਇਹ ਸਾਰਾ ਦੋਸ਼ ਕਿਸ ਦਾ ਹੈ? ਮੱਲਾਂ ਮੱਲਣ ਦਾ, ਮਲਕੀਅਤਾਂ ਬਣਾਣ ਦਾ। ਸੰਸਾਰ ਦੇ ਜ਼ੱਰੇ ਜ਼ੱਰੇ ਵਿਚ ਪ੍ਰਭੂ ਵੱਸਦਾ ਹੋਵੇ ਘਟ ਘਟ ਵਿਚ ਵਿਆਪਕ ਹੋਵੇ, ਪਰ ਲੋਕ ਮੱਲਾਂ ਮੱਲਣ ਦੇ ਆਹਰੇ ਲੱਗ ਕੇ ਤ੍ਰਿਸ਼ਨਾ-ਅੱਗ ਵਿਚ ਸੜਦੇ ਹੋਏ ਉਸ ਘਟ-ਘਟ ਵਾਸੀ ਨੂੰ ਨਾਹ ਪਛਾਣ ਸਕਣ-ਇਹ ਕਿਤਨੀ ਹਸਰਤਿ-ਭਰੀ ਘਟਨਾ ਹੈ।

ਅਰਥ: ਹੇ ਕਬੀਰ! ਸਰੋਵਰ ਕੰਢਿਆਂ ਤਕ ਨਕਾ-ਨਕ (ਪਾਣੀ ਨਾਲ) ਭਰਿਆ ਹੋਇਆ ਹੈ, (ਪਰ "ਦਾਵੈ ਦਾਝਨੁ" ਦੇ ਕਾਰਨ ਇਹ ਪਾਣੀ ਕਿਸੇ ਨੂੰ ਦਿੱਸਦਾ ਹੀ ਨਹੀਂ, ਇਸ ਵਾਸਤੇ) ਕੋਈ ਮਨੁੱਖ ਇਹ ਪਾਣੀ ਪੀ ਨਹੀਂ ਸਕਦਾ। ਹੇ ਕਬੀਰ! (ਤੂੰ ਇਸ 'ਦਾਝਨ' ਤੋਂ ਬਚ ਗਿਆ) ਚੰਗੇ ਭਾਗਾਂ ਨਾਲ ਤੈਨੂੰ ਇਹ ਪਾਣੀ ਦਿੱਸ ਪਿਆ ਹੈ, ਤੂੰ ਹੁਣ (ਪਿਆਲੇ) ਭਰ ਭਰ ਕੇ ਪੀ (ਮੌਜ ਨਾਲ ਸੁਆਸ ਸੁਆਸ ਨਾਮ ਜਪ) ।170।

ਕਬੀਰ ਪਰਭਾਤੇ ਤਾਰੇ ਖਿਸਹਿ ਤਿਉ ਇਹੁ ਖਿਸੈ ਸਰੀਰੁ ॥ ਏ ਦੁਇ ਅਖਰ ਨਾ ਖਿਸਹਿ ਸੋ ਗਹਿ ਰਹਿਓ ਕਬੀਰੁ ॥੧੭੧॥ {ਪੰਨਾ 1373}

ਪਦ ਅਰਥ: ਪਰਭਾਤੇ = ਪਰਭਾਤ ਵੇਲੇ, (ਜਦੋਂ ਸੂਰਜ ਚੜ੍ਹਨ ਤੇ ਆਉਂਦਾ ਹੈ, ਸੂਰਜ ਦੇ ਤੇਜ = ਪ੍ਰਤਾਪ ਦੇ ਕਾਰਨ)। ਖਿਸਹਿ = ਮੱਧਮ ਪੈਂਦੇ ਜਾਂਦੇ ਹਨ, (ਤਾਰਿਆਂ ਦਾ) ਚਾਨਣ ਘਟਦਾ ਜਾਂਦਾ ਹੈ। ਤਿਉ = ਉਸੇ ਤਰ੍ਹਾਂ "ਦਾਵੈ ਦਾਝਨੁ" ਦੇ ਕਾਰਨ, ਮਲਕੀਅਤਾਂ ਦੇ ਕਾਰਨ ਪੈਦਾ ਹੋਈ ਅੰਦਰਲੀ ਤਪਸ਼ ਦੇ ਅਸਰ ਹੇਠ। ਖਿਸੈ = ਖੀਣ ਹੁੰਦਾ ਜਾਂਦਾ ਹੈ। ਖਿਸੈ ਸਰੀਰੁ = ਇਹ ਸਰੀਰ ਖੀਣ ਹੁੰਦਾ ਜਾਂਦਾ ਹੈ, ਇਸ ਸਰੀਰ ਵਿਚੋਂ ਆਤਮਕ ਲੋ ਕਮਜ਼ੋਰ ਹੁੰਦੀ ਜਾਂਦੀ ਹੈ, ਗਿਆਨ ਇੰਦ੍ਰਿਆਂ ਵਿਚੋਂ ਪ੍ਰਭੂ ਵਾਲੇ ਪਾਸੇ ਦੀ ਪ੍ਰੇਰਨਾ ਘਟਦੀ ਜਾਂਦੀ ਹੈ। ਏ ਦੁਇ ਅਖਰ ਨਾ ਖਿਸਹਿ = 'ਰਾਮ' ਨਾਮ ਦੇ ਦੋਵੇਂ ਅੱਖਰ ਮੱਧਮ ਨਹੀਂ ਪੈਂਦੇ, ਪਰਮਾਤਮਾ ਦੇ ਨਾਮ ਉੱਤੇ ਮਲਕੀਅਤਾਂ ਦੀ ਤਪਸ਼ ਕੋਈ ਪ੍ਰਭਾਵ ਨਹੀਂ ਪਾ ਸਕਦੀ (ਨੋਟ: ਇਥੇ "ਦੁਇ ਅਖਰ" ਤੋਂ ਭਾਵ ਹੈ: ਰਾਮ ਦਾ ਦੋ-ਅੱਖਰਾ ਨਾਮ, ਪ੍ਰਭੂ ਦਾ ਨਾਮ)। ਗਹਿ ਰਹਿਓ = ਸਾਂਭੀ ਬੈਠਾ ਹੈ।

ਅਰਥ: ਹੇ ਕਬੀਰ! (ਜਿਵੇਂ ਸੂਰਜ ਦੇ ਤੇਜ-ਪ੍ਰਤਾਪ ਕਰਕੇ) ਪਰਭਾਤ ਵੇਲੇ ਤਾਰੇ (ਜੋ ਰਾਤ ਦੀ ਟਿਕਵੀਂ ਸ਼ਾਂਤੀ ਵਿਚ ਚਮਕ ਰਹੇ ਹੁੰਦੇ ਹਨ) ਮੱਧਮ ਪੈਂਦੇ ਜਾਂਦੇ ਹਨ; ਤਿਵੇਂ ਮਲਕੀਅਤਾਂ ਤੋਂ ਪੈਦਾ ਹੋਈ ਅੰਦਰਲੀ ਤਪਸ਼ ਦੇ ਕਾਰਨ ਗਿਆਨ ਇੰਦ੍ਰਿਆਂ ਵਿਚੋਂ ਪ੍ਰਭੂ ਵਾਲੇ ਪਾਸੇ ਦੀ ਲੋ ਘਟਦੀ ਜਾਂਦੀ ਹੈ। ਸਿਰਫ਼ ਇਕ ਪ੍ਰਭੂ-ਨਾਮ ਹੀ ਹੈਂ ਜੋ ਮਲਕੀਅਤਾਂ ਦੀ ਤਪਸ਼ ਦੇ ਅਸਰ ਤੋਂ ਪਰੇ ਰਹਿੰਦਾ ਹੈ। ਕਬੀਰ (ਦੁਨੀਆ ਦੀਆਂ ਮੱਲਾਂ ਮੱਲਣ ਦੇ ਥਾਂ) ਉਸ ਨਾਮ ਨੂੰ ਸਾਂਭੀ ਬੈਠਾ ਹੈ ।171।

ਨੋਟ: ਇਥੇ ਲਫ਼ਜ਼ "ਗਹਿ ਰਹਿਓ" ਸਾਫ਼ ਤੌਰ ਤੇ ਨੰ: 169 ਦੇ "ਦਾਵੈ" ਵਲ ਇਸ਼ਾਰਾ ਕਰਦੇ ਹਨ।

ਕਬੀਰ ਕੋਠੀ ਕਾਠ ਕੀ ਦਹ ਦਿਸਿ ਲਾਗੀ ਆਗਿ ॥ ਪੰਡਿਤ ਪੰਡਿਤ ਜਲਿ ਮੂਏ ਮੂਰਖ ਉਬਰੇ ਭਾਗਿ ॥੧੭੨॥ {ਪੰਨਾ 1373}

ਨੋਟ: ਲਫ਼ਜ਼ 'ਪੰਡਿਤ' ਇਥੇ 'ਬ੍ਰਾਹਮਣ' ਵਾਸਤੇ ਨਹੀਂ ਹੈ; ਇਸ ਦੇ ਟਾਕਰੇ ਤੇ ਲਫ਼ਜ਼ 'ਮੂਰਖ' ਹੈ। ਸੋ, ਲਫ਼ਜ਼ 'ਪੰਡਿਤ' ਦਾ ਭਾਵ ਹੈ 'ਉਹ ਮਨੁੱਖ ਜੋ ਆਪਣੇ ਆਪ ਨੂੰ ਸਿਆਣੇ ਸਮਝਦੇ ਹਨ'।

ਪਦ ਅਰਥ: ਕੋਠੀ = ("ਇਹੁ ਜਗੁ ਸਚੈ ਕੀ ਹੈ ਕੋਠੜੀ") ਜਗਤ। ਦਿਸਿ = ਪਾਸੇ ਵਲੋਂ। ਦਹ ਦਿਸਿ = ਦਸਾਂ ਪਾਸਿਆ ਵਲੋਂ, ਹਰ ਪਾਸੇ ਵਲੋਂ। ਆਗਿ ਲਾਗੀ = "ਦਾਵੈ ਦਾਝਨੁ" ਲੱਗੀ ਹੋਈ ਹੈ, ਮਲਕੀਅਤਾਂ ਬਣਾਣ ਦੇ ਕਾਰਨ ਮਨ ਵਿਚ ਤਪਸ਼ ਪੈਦਾ ਹੋ ਰਹੀ ਹੈ। ਮੂਰਖ = ਉਹ ਬੰਦੇ ਜੋ ਮਲਕੀਅਤਾਂ ਬਣਾਣ ਵਲੋਂ ਬੇ = ਪਰਵਾਹ ਰਹੇ। ਭਾਗਿ = ਭੱਜ ਕੇ, ਦੌੜ ਕੇ, ਇਸ "ਦਾਵੈ ਦਾਝਨੁ" ਤੋਂ ਪਰੇ ਹਟ ਕੇ।

ਅਰਥ: ਹੇ ਕਬੀਰ! ਇਹ ਜਗਤ, ਮਾਨੋ, ਲੱਕੜ ਦਾ ਮਕਾਨ ਹੈ ਜਿਸ ਨੂੰ ਹਰ ਪਾਸੇ ਵਲੋਂ (ਮੱਲਾਂ ਮੱਲਣ ਦੀ) ਅੱਗ ਲੱਗੀ ਹੋਈ ਹੈ; (ਜੋ ਮਨੁੱਖ ਆਪਣੇ ਵਲੋਂ) ਸਿਆਣੇ (ਬਣ ਕੇ ਇਸ ਅੱਗ ਦੇ ਵਿਚ ਹੀ ਬੈਠੇ ਰਹਿੰਦੇ ਹਨ ਉਹ) ਸੜ ਮਰਦੇ ਹਨ, (ਜੋ ਇਹਨਾਂ ਸਿਆਣਿਆਂ ਦੇ ਭਾਣੇ) ਮੂਰਖ (ਹਨ ਉਹ) ਇਸ ਅੱਗ ਤੋਂ ਦੂਰ ਪਰੇ ਭੱਜ ਕੇ (ਸੜਨੋਂ) ਬਚ ਜਾਂਦੇ ਹਨ ।172।

ਨੋਟ: ਮਾਇਆ ਅਨੇਕ ਰੂਪਾਂ ਵਿਚ ਮਨੁੱਖ ਨੂੰ ਮੋਹ ਰਹੀ ਹੈ, ਮਨੁੱਖ ਇਸ ਮਾਇਆ ਦੀ ਹਰੇਕ ਮੌਜ ਨੂੰ ਆਪਣੀ ਮਲਕੀਅਤ ਬਣਾਣ ਦੀ ਕੋਸ਼ਸ਼ ਕਰਦਾ ਹੈ। ਸੋ, ਮੱਲਾਂ ਮੱਲਣ ਤੋਂ ਪੈਦਾ ਹੋਈ ਅੰਦਰਲੀ ਅੱਗ, ਮਾਨੋ, ਹਰੇਕ ਪਾਸੇ ਵਲੋਂ ਲੱਗੀ ਹੋਈ ਹੈ। ਦੁਨੀਆ ਵਿਚ ਸਿਆਣੇ ਉਹੀ ਮੰਨੇ ਜਾਂਦੇ ਹਨ ਜੋ ਵਧ ਤੋਂ ਵਧ ਕਾਮਯਾਬ ਹੋਣ, ਵਧ ਤੋਂ ਵਧ ਧਨ-ਪਦਾਰਥ ਜੋੜਨ। ਜੋ ਇਸ ਉੱਦਮ ਵਲੋਂ ਬੇ-ਪਰਵਾਹ ਰਹਿੰਦੇ ਹਨ ਉਹਨਾਂ ਨੂੰ ਦੁਨੀਆ ਮੂਰਖ ਆਖਦੀ ਹੈ।

ਸੋ, ਇਥੇ ਇਹ ਭਾਵ ਨਹੀਂ ਹੈ ਕਿ ਕਬੀਰ ਜੀ ਵਿੱਦਿਆ ਦੇ ਟਾਕਰੇ ਤੇ ਅਨਪੜ੍ਹਤਾ ਨੂੰ ਚੰਗਾ ਆਖ ਰਹੇ ਹਨ।

ਕਬੀਰ ਸੰਸਾ ਦੂਰਿ ਕਰੁ ਕਾਗਦ ਦੇਹ ਬਿਹਾਇ ॥ ਬਾਵਨ ਅਖਰ ਸੋਧਿ ਕੈ ਹਰਿ ਚਰਨੀ ਚਿਤੁ ਲਾਇ ॥੧੭੩॥ {ਪੰਨਾ 1373}

ਪਦ ਅਰਥ: ਸੰਸਾ = ਚਿੰਤਾ, 'ਦਾਝਨੁ'। ਕਾਗਦ = ਕਾਗਜ਼, (ਭਾਵ,) ਦੁਨੀਆ ਦੀ ਚਿੰਤਾ ਵਾਲੇ ਲੇਖੇ, "ਦਾਵੈ ਦਾਝਨੁ" ਵਾਲੇ ਲੇਖੇ। ਬਿਹਾਇ ਦੇਹਿ = ਰੋੜ੍ਹ ਦੇਹ, ਹਰਿ = ਚਰਨੀਂ ਚਿੱਤ ਜੋੜਨ ਦਾ ਇਕ ਐਸਾ ਪ੍ਰਵਾਹ ਚਲਾ ਦੇਹ ਕਿ 'ਦਾਵੈ ਦਾਝਨੁ' ਵਾਲੇ ਲੇਖੇ ਉਸ ਨਾਮ = ਪ੍ਰਵਾਹ ਵਿਚ ਰੁੜ੍ਹ ਜਾਣ। ਬਾਵਨ ਅਖਰ = ਬਵੰਜਾ ਅੱਖਰ (ਸੰਸਕ੍ਰਿਤ ਹਿੰਦੀ ਦੇ ਬਵੰਜਾ ਅੱਖਰ ਹਨ। ਹਿੰਦੂ ਕੌਮ ਸੰਸਕ੍ਰਿਤ ਜਾਂ ਹਿੰਦੀ ਦੀ ਰਾਹੀਂ ਹੀ ਵਿੱਦਿਆ ਹਾਸਲ ਕਰਨ ਦਾ ਉੱਦਮ ਕਰਦੀ ਸੀ; ਸੋ 'ਬਾਵਨ ਅਖਰ' ਦਾ ਭਾਵ ਹੈ 'ਵਿੱਦਿਆ'), ਵਿੱਦਿਆ। ਸੋਧਿ ਕੈ = (ਆਪਣੇ ਆਪ ਨੂੰ) ਸੋਧ ਕੇ, ਵਿਚਾਰਵਾਨ ਬਣ ਕੇ।

ਅਰਥ: ਹੇ ਕਬੀਰ! ਵਿੱਦਿਆ ਦੀ ਰਾਹੀਂ ਵਿਚਾਰਵਾਨ ਬਣ ਕੇ ਪ੍ਰਭੂ-ਚਰਨਾਂ ਵਿਚ ਚਿੱਤ ਜੋੜ (ਭਾਵ, ਹੇ ਭਾਈ! ਜੇ ਤੈਨੂੰ ਵਿੱਦਿਆ ਹਾਸਲ ਕਰਨ ਦਾ ਮੌਕਾ ਮਿਲਿਆ ਹੈ ਤਾਂ ਉਸ ਦੀ ਰਾਹੀਂ ਦੁਨੀਆ ਦੀਆਂ ਮਲਕੀਅਤਾਂ ਵਿਚ ਖਿੱਝਣ ਦੇ ਥਾਂ ਵਿਚਾਰਵਾਨ ਬਣ ਅਤੇ ਪਰਮਾਤਮਾ ਦਾ ਸਿਮਰਨ ਕਰ)। (ਇਸ ਪ੍ਰਭੂ-ਯਾਦ ਦੀ ਬਰਕਤਿ ਨਾਲ) ਦੁਨੀਆ ਵਾਲੇ ਸਹਸੇ-ਦਾਝਨ ਦੂਰ ਕਰ, ਚਿੰਤਾ ਵਾਲੇ ਸਾਰੇ ਲੇਖੇ ਹੀ ਭਗਤੀ ਦੇ ਪਰਵਾਹ ਵਿਚ ਰੋੜ੍ਹ ਦੇਹ ।173।

ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ ॥ ਮਲਿਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤਜੰਤ ॥੧੭੪॥ {ਪੰਨਾ 1373}

ਪਦ ਅਰਥ: ਸੰਤਈ = ਸੰਤ ਦਾ ਸੁਭਾਉ, ਚਿੱਤ ਦੀ ਸ਼ਾਂਤੀ। ਜਉ = ਭਾਵੇਂ। ਕੋਟਿਕ = ਕ੍ਰੋੜਾਂ। ਅਸੰਤ = ਵਿਕਾਰੀ ਬੰਦੇ ਜਿਨ੍ਹਾਂ ਦੇ ਮਨ ਸ਼ਾਂਤ ਨਹੀਂ ਹਨ। ਮਲਿਆਗਰੁ = ਮਲਯ ਪਰਬਤ ਉੱਤੇ ਉੱਗਾ ਹੋਇਆ ਚੰਦਨ ਦਾ ਬੂਟਾ। ਭੁਯੰਗਮ = ਸੱਪ। ਬੇਢਿਓ = ਘਿਰਿਆ ਹੋਇਆ।

ਅਰਥ: ਹੇ ਕਬੀਰ! (ਹਰਿ-ਚਰਨਾਂ ਵਿਚ ਚਿੱਤ ਲਾਣ ਦੀ ਹੀ ਇਹ ਬਰਕਤਿ ਹੈ ਕਿ) ਸੰਤ ਆਪਣਾ ਸ਼ਾਂਤ ਸੁਭਾਉ ਨਹੀਂ ਛੱਡਦਾ, ਭਾਵੇਂ ਉਸ ਨੂੰ ਕ੍ਰੋੜਾਂ ਭੈੜੇ ਬੰਦਿਆਂ ਨਾਲ ਵਾਹ ਪੈਂਦਾ ਰਹੇ। ਚੰਦਨ ਦਾ ਬੂਟਾ ਸੱਪਾਂ ਨਾਲ ਘਿਰਿਆ ਰਹਿੰਦਾ ਹੈ, ਪਰ ਉਹ ਆਪਣੀ ਅੰਦਰਲੀ ਠੰਢਕ ਨਹੀਂ ਤਿਆਗਦਾ ।174।

ਕਬੀਰ ਮਨੁ ਸੀਤਲੁ ਭਇਆ ਪਾਇਆ ਬ੍ਰਹਮ ਗਿਆਨੁ ॥ ਜਿਨਿ ਜੁਆਲਾ ਜਗੁ ਜਾਰਿਆ ਸੁ ਜਨ ਕੇ ਉਦਕ ਸਮਾਨਿ ॥੧੭੫॥ {ਪੰਨਾ 1373}

ਪਦ ਅਰਥ: ਜਿਨਿ ਜੁਆਲਾ = ਜਿਸ ਮਾਇਆ = ਅੱਗ ਨੇ। ਜਾਰਿਆ = ਸਾੜ ਦਿੱਤਾ ਹੈ। ਸੁ = ਉਹ ਅੱਗ। ਜਨ ਕੇ = ਜਨ ਵਾਸਤੇ, ਬੰਦਗੀ ਕਰਨ ਵਾਲੇ ਵਾਸਤੇ। ਉਦਕ = ਪਾਣੀ। ਗਿਆਨੁ = ਸੂਝ, ਜਾਣ = ਪਛਾਣ। ਬ੍ਰਹਮ = ਪਰਮਾਤਮਾ।

ਅਰਥ: ਹੇ ਕਬੀਰ! ਜਦੋਂ ਮਨੁੱਖ ਪਰਮਾਤਮਾ ਨਾਲ (ਸਿਮਰਨ ਦੀ ਰਾਹੀਂ) ਜਾਣ-ਪਛਾਣ ਬਣਾ ਲੈਂਦਾ ਹੈ ਤਾਂ (ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਭੀ) ਉਸ ਦਾ ਮਨ ਠੰਢਾ-ਠਾਰ ਰਹਿੰਦਾ ਹੈ। ਜਿਸ (ਮਾਇਆ ਦੀ ਮਲਕੀਅਤ ਦੀ) ਅੱਗ ਨੇ ਸਾਰਾ ਸੰਸਾਰ ਸਾੜ ਦਿੱਤਾ ਹੈ, ਬੰਦਗੀ ਕਰਨ ਵਾਲੇ ਮਨੁੱਖ ਵਾਸਤੇ ਉਹ ਪਾਣੀ (ਵਰਗੀ ਠੰਢੀ) ਰਹਿੰਦੀ ਹੈ ।175।

ਕਬੀਰ ਸਾਰੀ ਸਿਰਜਨਹਾਰ ਕੀ ਜਾਨੈ ਨਾਹੀ ਕੋਇ ॥ ਕੈ ਜਾਨੈ ਆਪਨ ਧਨੀ ਕੈ ਦਾਸੁ ਦੀਵਾਨੀ ਹੋਇ ॥੧੭੬॥ {ਪੰਨਾ 1373}

ਪਦ ਅਰਥ: ਸਾਰੀ = ਸਾਜੀ ਹੋਈ, ਬਣਾਈ ਹੋਈ। ਸਿਰਜਨਹਾਰ = ਸ੍ਰਿਸ਼ਟੀ ਬਣਾਣ ਵਾਲਾ ਪਰਮਾਤਮਾ। ਜਾਨੈ ਨਾਹੀ ਕੋਇ = ਹਰ ਕੋਈ ਨਹੀਂ ਜਾਣਦਾ। ਕੈ = ਜਾਂ। ਧਨੀ ਆਪਨ = ਮਾਲਕ ਪ੍ਰਭੂ ਆਪ। ਦੀਵਾਨੀ = ਉਸ ਦੇ ਦੀਵਾਨ ਵਿਚ ਰਹਿਣ ਵਾਲਾ, ਉਸ ਦੀ ਹਜ਼ੂਰੀ ਵਿਚ ਰਹਿਣ ਵਾਲਾ।

ਅਰਥ: ਹੇ ਕਬੀਰ! ਇਹ ਗੱਲ ਹਰੇਕ ਸ਼ਖ਼ਸ ਨਹੀਂ ਜਾਣਦਾ ਕਿ ਇਹ (ਮਾਇਆ-ਰੂਪ ਅੱਗ ਜੋ ਸਾਰੇ ਸੰਸਾਰ ਨੂੰ ਸਾੜ ਰਹੀ ਹੈ) ਪਰਮਾਤਮਾ ਨੇ ਆਪ ਬਣਾਈ ਹੈ। ਇਸ ਭੇਤ ਨੂੰ ਪ੍ਰਭੂ ਆਪ ਜਾਣਦਾ ਹੈ ਜਾਂ ਉਹ ਭਗਤ ਜਾਣਦਾ ਹੈ ਜੋ ਸਦਾ ਉਸ ਦੇ ਚਰਨਾਂ ਵਿਚ ਜੁੜਿਆ ਰਹੇ (ਸੋ, ਹਜ਼ੂਰੀ ਵਿਚ ਰਹਿਣ ਵਾਲੇ ਨੂੰ ਪਤਾ ਹੁੰਦਾ ਹੈ ਕਿ ਮਾਇਆ ਦੀ ਸੜਨ ਤੋਂ ਬਚਣ ਲਈ ਮਾਇਆ ਨੂੰ ਬਣਾਣ ਵਾਲੇ ਦੇ ਚਰਨਾਂ ਵਿਚ ਜੁੜੇ ਰਹਿਣਾ ਹੀ ਸਹੀ ਤਰੀਕਾ ਹੈ) ।176।

TOP OF PAGE

Sri Guru Granth Darpan, by Professor Sahib Singh