ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1368

ਕਬੀਰ ਡੂਬਾ ਥਾ ਪੈ ਉਬਰਿਓ ਗੁਨ ਕੀ ਲਹਰਿ ਝਬਕਿ ॥ ਜਬ ਦੇਖਿਓ ਬੇੜਾ ਜਰਜਰਾ ਤਬ ਉਤਰਿ ਪਰਿਓ ਹਉ ਫਰਕਿ ॥੬੭॥ {ਪੰਨਾ 1368}

ਪਦ ਅਰਥ: ਜਰਜਰਾ = ਬਹੁਤ ਪੁਰਾਣਾ। ਡੂਬਾ ਥਾ = ਡੁੱਬ ਚੱਲਿਆਂ ਸਾਂ। ਪੈ = ਪਰ। ਉਬਰਿਓ = ਨਿਕਲ ਆਇਆ, ਡੁਬਣੋਂ ਬਚ ਗਿਆ। ਝਬਕਿ = ਝਬੱਕੇ ਨਾਲ। ਲਹਰਿ ਝਬਕਿ = ਲਹਿਰਾਂ ਦੇ ਝਬੱਕੇ ਨਾਲ, ਲਹਿਰਾਂ ਦੇ ਧੱਕੇ ਨਾਲ। ਗੁਨ = ਪ੍ਰਭੂ ਦੀ ਸਿਫ਼ਤਿ = ਸਾਲਾਹ। ਗੁਨ ਝਬਕਿ = ਪ੍ਰਭੂ ਦੀ ਸਿਫ਼ਤਿ ਸਾਲਾਹ = ਰੂਪ ਲਹਿਰ ਦੇ ਹੁਲਾਰੇ ਨਾਲ। ਹਉ = ਮੈਂ। ਫਰਕਿ = ਛਾਲ ਨਾਲ, ਛਾਲ ਮਾਰ ਕੇ, ਤੁਰਤ।

ਅਰਥ: ਹੇ ਕਬੀਰ! (ਸੰਸਾਰ-ਸਮੁੰਦਰ ਵਿਚ) ਮੈਂ ਡੁੱਬ ਚੱਲਿਆ ਸਾਂ, ਪਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਲਹਿਰ ਦੇ ਧੱਕੇ ਨਾਲ (ਸੰਸਾਰਕ ਮੋਹ ਦੀਆਂ ਠਿੱਲਾਂ ਵਿਚੋਂ) ਮੈਂ ਉਤਾਂਹ ਚੁਕਿਆ ਗਿਆ। (ਪਹਿਲਾਂ ਮੋਹ ਵਿਚ ਮਸਤ ਸਾਂ, ਹੁਣ ਅੱਖਾਂ ਖੁਲ੍ਹ ਆਈਆਂ) ਉਸ ਵੇਲੇ ਮੈਂ ਵੇਖਿਆ (ਕਿ ਜਿਸ ਸਰੀਰਕ ਮੋਹ ਦੇ ਬੇੜੇ ਵਿਚ ਮੈਂ ਸੁਆਰ ਹਾਂ ਉਹ) ਥੋੜਾ-ਬਹੁਤ ਪੁਰਾਣਾ ਹੋਇਆ ਹੋਇਆ ਹੈ (ਵਿਕਾਰਾਂ ਨਾਲ ਛੇਕੋ-ਛੇਕ ਹੋਇਆ ਪਿਆ ਹੈ)। ਮੈਂ ਛਾਲ ਮਾਰ ਕੇ (ਉਸ ਅਪਣੱਤ ਦੇ ਬੇੜੇ ਵਿਚੋਂ) ਉਤਰ ਪਿਆ (ਮੈਂ ਅਪਣੱਤ, ਸਰੀਰਕ ਮੋਹ ਛੱਡ ਦਿੱਤਾ। ਪਰ ਇਹ ਸਭ ਕੁਝ ਇਸੇ ਕਰਕੇ ਸੀ ਕਿ ਮੈਂ ਉਹ 'ਦਰੁ' ਨਾਹ ਛੱਡਿਆ ਜਿਸ ਦਰ ਤੇ ਟਿਕਿਆਂ 'ਹਟਕੈ ਨਾਹੀ ਕੋਇ') ।67।

ਕਬੀਰ ਪਾਪੀ ਭਗਤਿ ਨ ਭਾਵਈ ਹਰਿ ਪੂਜਾ ਨ ਸੁਹਾਇ ॥ ਮਾਖੀ ਚੰਦਨੁ ਪਰਹਰੈ ਜਹ ਬਿਗੰਧ ਤਹ ਜਾਇ ॥੬੮॥ {ਪੰਨਾ 1368}

ਪਦ ਅਰਥ: ਨ ਭਾਵਈ = ਚੰਗੀ ਨਹੀਂ ਲੱਗਦੀ। ਨ ਸੁਹਾਇ = ਸੁਖਾਂਦੀ ਨਹੀਂ। ਪਰਹਰੈ = ਤਿਆਗ ਦੇਂਦੀ ਹੈ। ਜਹ = ਜਿਥੇ। ਬਿਗੰਧ = ਬਦ-ਬੂ।

ਅਰਥ: ਹੇ ਕਬੀਰ! (ਭਾਵੇਂ ਪ੍ਰਭੂ ਦੇ ਦਰ ਤੇ ਟਿਕੇ ਰਹਿਣ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਿਚ ਇਹ ਬਰਕਤਿ ਹੈ ਕਿ ਸੰਸਾਰ-ਸਮੁੰਦਰ ਵਿਚ ਡੁੱਬਣੋਂ ਬਚ ਜਾਈਦਾ ਹੈ, ਪਰ) ਵਿਕਾਰੀ ਬੰਦੇ ਨੂੰ ਪਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗਦੀ, ਪਰਮਾਤਮਾ ਦੀ ਪੂਜਾ ਸੁਖਾਂਦੀ ਨਹੀਂ (ਸੁਖ ਦੇਣ ਵਾਲੀ ਨਹੀਂ ਜਾਪਦੀ)। (ਵਿਕਾਰੀ ਬੰਦੇ ਦਾ ਸੁਭਾਉ ਮੱਖੀ ਵਾਂਗ ਹੋ ਜਾਂਦਾ ਹੈ) ਮੱਖੀ (ਸੋਹਣੀ ਖ਼ੁਸ਼-ਬੂ ਵਾਲੇ) ਚੰਦਨ ਨੂੰ ਤਿਆਗ ਦੇਂਦੀ ਹੈ, ਜਿੱਥੇ ਬਦ-ਬੂ ਹੋਵੇ ਉਥੇ ਜਾਂਦੀ ਹੈ ।68।

ਕਬੀਰ ਬੈਦੁ ਮੂਆ ਰੋਗੀ ਮੂਆ ਮੂਆ ਸਭੁ ਸੰਸਾਰੁ ॥ ਏਕੁ ਕਬੀਰਾ ਨਾ ਮੂਆ ਜਿਹ ਨਾਹੀ ਰੋਵਨਹਾਰੁ ॥੬੯॥ {ਪੰਨਾ 1368}

ਪਦ ਅਰਥ: ਬੈਦੁ = ਰੋਗੀਆਂ ਦਾ ਇਲਾਜ ਕਰਨ ਵਾਲਾ, ਵਿਕਾਰੀਆਂ ਨੂੰ ਉਪਦੇਸ਼ ਕਰ ਕੇ ਆਤਮਕ ਮੌਤ ਤੋਂ ਬਚਾਣ ਦਾ ਜਤਨ ਕਰਨ ਵਾਲਾ। ਮੂਆ = (ਰੋ ਰੋ ਕੇ) ਮਰ ਗਿਆ, (ਮਾਇਕ ਭੋਗਾਂ ਨੂੰ ਰੋ ਰੋ ਕੇ) ਮਰ ਗਿਆ, (ਮਾਇਕ ਭੋਗਾਂ ਦੀ ਖ਼ਾਤਰ ਖਪ ਖਪ ਕੇ ਆਤਮਕ ਮੌਤੇ) ਮਰ ਗਿਆ। ਏਕੁ = ਸਿਰਫ਼ ਉਹ ਮਨੁੱਖ। ਜਿਹ = ਜਿਸ ਦਾ। ਰੋਵਨਹਾਰੁ = ਰੋਣ ਵਾਲਾ, ਰੋ ਰੋ ਕੇ ਖਪਣ ਵਾਲਾ, ਮਾਇਕ ਭੋਗਾਂ ਦੀ ਖ਼ਾਤਰ ਖਪਣ ਵਾਲਾ। ਨਾਹੀ = ਕੋਈ ਨਹੀਂ।

ਅਰਥ: ਹੇ ਕਬੀਰ! (ਮਾਇਕ ਭੋਗਾਂ ਦੀ ਖ਼ਾਤਰ ਖਪ ਖਪ ਕੇ) ਸਾਰਾ ਜਗਤ (ਸੰਸਾਰ-ਸਮੁੰਦਰ ਵਿਚ ਡੁੱਬ ਕੇ, ਮਾਇਕ ਮੋਹ ਵਿਚ ਡੁੱਬ ਕੇ, ਆਤਮਕ ਮੌਤੇ) ਮਰ ਰਿਹਾ ਹੈ, ਚਾਹੇ ਕੋਈ ਰੋਗੀ ਹੈ ਤੇ ਚਾਹੇ ਕੋਈ ਹਕੀਮ ਹੈ (ਭਾਵ, ਇਕ ਤਾਂ ਉਹ ਬੰਦੇ ਹਨ ਜੋ ਅੰਞਾਣ ਤੇ ਮੂੜ੍ਹ ਹੋਣ ਕਰ ਕੇ ਜੀਵਨ ਦਾ ਰਾਹ ਜਾਣਦੇ ਹੀ ਨਹੀਂ, ਤੇ ਵਿਕਾਰਾਂ ਵਿਚ ਫਸੇ ਪਏ ਹਨ, ਦੂਜੇ ਉਹ ਹਨ ਜੋ ਵਿਦਵਾਨ ਪੰਡਿਤ ਹਨ ਤੇ ਮੂਰਖ ਲੋਕਾਂ ਨੂੰ ਉਪਦੇਸ਼ ਕਰਦੇ ਹਨ। ਪਰ ਹਾਲਤ ਦੋਹਾਂ ਦੀ ਇਹ ਹੈ ਕਿ ਇਹਨਾਂ ਦੀ ਸਾਰੀ ਦੌੜ-ਭੱਜ ਮਾਇਕ ਭੋਗਾਂ ਵਾਸਤੇ ਹੀ ਹੈ, ਇਨ੍ਹਾਂ ਦੇ ਗਿਆਨ-ਇੰਦ੍ਰੇ ਆਪੋ ਆਪਣੇ ਵਿਸ਼ੇ-ਭੋਗਾਂ ਵਲ ਖਪ ਰਹੇ ਹਨ, ਭੋਗਾਂ ਨੂੰ ਰੋ ਰਹੇ ਹਨ। ਇੱਕ ਭਗਤੀ ਤੋਂ ਵਾਂਜੇ ਰਹਿਣ ਕਰਕੇ ਇਹ ਸਭ ਆਤਮਕ ਮੌਤੇ ਮਰੇ ਪਏ ਹਨ)। ਸਿਰਫ਼ ਉਹ ਮਨੁੱਖ (ਆਤਮਕ ਮੌਤੇ) ਨਹੀਂ ਮਰਦਾ ਜਿਸ ਦਾ ਕੋਈ (ਸੰਗੀ ਸਾਥੀ, ਗਿਆਨ-ਇੰਦ੍ਰਾ) (ਮਾਇਕ ਭੋਗਾਂ ਦੀ ਖ਼ਾਤਰ) ਰੋ ਨਹੀਂ ਰਿਹਾ (ਖਪ ਨਹੀਂ ਰਿਹਾ ਤੇ, ਅਜੇਹਾ ਮਨੁੱਖ ਸਿਰਫ਼ ਉਹੀ ਹੋ ਸਕਦਾ ਹੈ ਜੋ ਪ੍ਰਭੂ-ਦਰ ਨਹੀਂ ਛੱਡਦਾ, ਕਿਉਂਕਿ ਪ੍ਰਭੂ-ਦਰ ਤੇ ਰਿਹਾਂ 'ਹਟਕੈ ਨਾਹੀ ਕੋਇ') ।69।

ਕਬੀਰ ਰਾਮੁ ਨ ਧਿਆਇਓ ਮੋਟੀ ਲਾਗੀ ਖੋਰਿ ॥ ਕਾਇਆ ਹਾਂਡੀ ਕਾਠ ਕੀ ਨਾ ਓਹ ਚਰ੍ਹੈ ਬਹੋਰਿ ॥੭੦॥ {ਪੰਨਾ 1368}

ਪਦ ਅਰਥ: ਖੋਰਿ = ਖੋੜ, ਖੋਖਲਾ = ਪਨ। ਮੋਟੀ ਖੋਰਿ ਲਾਗੀ = ਉਸ ਦੇ ਅੰਦਰ ਮੋਟੀ ਖੋੜ ਬਣਦੀ ਜਾ ਰਹੀ ਹੈ, ਉਸ ਨੂੰ ਵਿਕਾਰ ਅੰਦਰੋਂ ਖੋਖਲਾ ਕਰੀ ਜਾਂਦੇ ਹਨ ਤੇ ਉਹ ਸਹਜੇ ਸਹਜੇ ਆਤਮਕ ਮੌਤੇ ਮਰਦਾ ਜਾਂਦਾ ਹੈ। ਕਾਇਆ = ਸਰੀਰ। ਨ ਚਰ੍ਹੈ = (ਚੁੱਲ੍ਹੇ ਉਤੇ) ਨਹੀਂ ਚੜ੍ਹਦੀ। ਬਹੋਰਿ = ਮੁੜ, ਦੂਜੀ ਵਾਰ।

ਅਰਥ: ਹੇ ਕਬੀਰ! ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਉਸ ਨੂੰ ਅੰਦਰੋ ਅੰਦਰ ਵਿਕਾਰ ਖੋਖਲਾ ਕਰੀ ਜਾਂਦੇ ਹਨ (ਤੇ ਉਹ ਸਹਜੇ ਸਹਜੇ ਆਤਮਕ ਮੌਤੇ ਮਰਦਾ ਜਾਂਦਾ ਹੈ)। ਜਿਵੇਂ ਲੱਕੜ ਦੀ ਹਾਂਡੀ (ਚੁੱਲ੍ਹੇ ਉਤੇ ਇਕ ਵਾਰੀ ਸੜ ਕੇ) ਮੁੜ (ਚੁੱਲ੍ਹੇ ਉਤੇ) ਨਹੀਂ ਚੜ੍ਹ ਸਕਦੀ, ਤਿਵੇਂ (ਵਿਕਾਰਾਂ ਦੀ ਅੱਗ ਵਿਚ ਸੜਿ-ਮੁਏ ਮਨੁੱਖ ਦਾ) ਇਹ ਸਰੀਰ ਹੈ (ਜੋ ਇਸ ਨੂੰ ਦੂਜੀ ਵਾਰੀ ਨਹੀਂ ਮਿਲਦਾ) ।70।

ਨੰ: 71 ਤੋਂ 101 ਤਕ

ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ ਕੀਨੁ ॥ ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ ॥੭੧॥ {ਪੰਨਾ 1368}

ਪਦ ਅਰਥ: ਹੋਇ ਪਰੀ = ਹੋ ਪਈ ਹੈ। ਐਸੀ ਹੋਇ ਪਰੀ = ਅਜੇਹੀ ਹੋ ਪਈ ਹੈ, ਅਜਬ ਮੌਜ ਬਣ ਗਈ ਹੈ। ਕੀਨੁ = ਕਰ ਦਿੱਤਾ ਹੈ, ਪ੍ਰਭੂ ਨੇ ਕਰ ਦਿੱਤਾ ਹੈ। ਮਨ ਕੋ ਭਾਵਤੁ = ਉਹ ਕੰਮ ਜੋ ਮਨ ਨੂੰ ਪਸੰਦ ਆ ਗਿਆ ਹੈ। ਮਰਨੇ = ਮੌਤ, ਆਪਾ-ਭਾਵ ਵਲੋਂ ਮੌਤ। ਤੇ = ਤੋਂ। ਕਿਆ ਡਰਪਨਾ = ਕਿਉਂ ਡਰਨਾ ਹੋਇਆ? ਡਰਨਾ ਨਹੀਂ ਚਾਹੀਦਾ। ਹਾਥਿ = ਹੱਥ ਵਿਚ। ਸਿਧਉਰਾ = ਉਹ ਨਲੀਏਰ ਜਿਸ ਨੂੰ ਸੰਧੂਰ ਲਗਾਇਆ ਹੋਇਆ ਹੈ। ਨੋਟ: ਜੋ ਹਿੰਦੂ ਇਸਤ੍ਰੀ ਆਪਣੇ ਪਤੀ ਦੇ ਮਰਨ ਤੇ ਉਸ ਦੇ ਨਾਲ ਹੀ ਚਿਤਾ ਤੇ ਸੜ-ਮਰਨਾ ਚਾਹੁੰਦੀ ਸੀ ਉਹ ਆਪਣੇ ਹੱਥ ਵਿਚ ਸੰਧੂਰਿਆ ਹੋਇਆ ਨਲੀਏਰ ਫੜ ਲੈਂਦੀ ਸੀ। ਸੰਧੂਰਿਆ ਹੋਇਆ ਨਲੀਏਰ ਹੱਥ ਵਿਚ ਫੜ ਲੈਣਾ ਇਸ ਗੱਲ ਦੀ ਨਿਸ਼ਾਨੀ ਸੀ ਕਿ ਇਹ ਇਸਤ੍ਰੀ ਮੌਤ ਤੋਂ ਨਹੀਂ ਡਰਦੀ, ਤੇ ਆਪਣੇ ਮਰੇ ਪਤੀ ਦੇ ਨਾਲ ਸੜਨ ਨੂੰ ਤਿਆਰ ਹੈ। ਇਸੇ ਤਰ੍ਹਾਂ ਜਿਸ ਭਾਗਾਂ ਵਾਲੇ ਮਨੁੱਖ ਨੂੰ ਪ੍ਰਭੂ-ਦਰ ਤੋਂ ਭਗਤੀ ਦੀ ਦਾਤਿ ਮਿਲੇ, ਇਹ ਦਾਤਿ ਹੀ ਇਸ ਗੱਲ ਦੀ ਨਿਸ਼ਾਨੀ ਹੈ ਕਿ ਇਸ ਮਨੁੱਖ ਨੇ ਆਪਾ-ਭਾਵ ਦੀ ਮੌਤ ਤੋਂ ਨਹੀਂ ਡਰਨਾ, ਖ਼ੁਸ਼ੀ ਖ਼ੁਸ਼ੀ ਆਪਾ-ਭਾਵ ਤਿਆਗੇਗਾ, ਵਿਕਾਰਾਂ ਵਲੋਂ ਮੂੰਹ ਮੋੜੇਗਾ।

ਅਰਥ: ਹੇ ਕਬੀਰ! ਜਦੋਂ ਕੋਈ ਇਸਤ੍ਰੀ (ਆਪਣੇ ਪਤੀ ਦੇ ਮਰਨ ਤੇ) ਹੱਥ ਵਿਚ ਸੰਧੂਰਿਆ ਹੋਇਆ ਨਲੀਏਰ ਫੜ ਲੈਂਦੀ ਹੈ ਤਾਂ ਉਹ ਮਰਨ ਤੋਂ ਨਹੀਂ ਡਰਦੀ। ਜਿਸ ਮਨੁੱਖ ਨੂੰ ਪ੍ਰਭੂ ਮਨ-ਭਾਉਂਦੀ (ਭਗਤੀ ਦੀ) ਦਾਤਿ ਬਖ਼ਸ਼ਦਾ ਹੈ, ਜਿਸ ਉਤੇ ਇਹ ਅਜਬ ਮੇਹਰ ਹੁੰਦੀ ਹੈ, ਉਹ ਮਨੁੱਖ ਭੀ ਖ਼ੁਸ਼ੀ-ਖ਼ੁਸ਼ੀ ਆਪਾ-ਭਾਵ ਤਿਆਗਦਾ ਹੈ ।71।

ਕਬੀਰ ਰਸ ਕੋ ਗਾਂਡੋ ਚੂਸੀਐ ਗੁਨ ਕਉ ਮਰੀਐ ਰੋਇ ॥ ਅਵਗੁਨੀਆਰੇ ਮਾਨਸੈ ਭਲੋ ਨ ਕਹਿਹੈ ਕੋਇ ॥੭੨॥ {ਪੰਨਾ 1368}

ਪਦ ਅਰਥ: ਰਸ ਕੋ ਗਾਂਡੋ = ਰਸ ਦਾ ਗੰਨਾ, ਰਸ ਨਾਲ ਭਰਿਆ ਹੋਇਆ ਗੰਨਾ। ਚੂਸੀਐ = ਚੂਸਿਆ ਜਾਂਦਾ ਹੈ, ਪੀੜਿਆ ਜਾਂਦਾ ਹੈ, ਪੀੜੇ ਜਾਣ ਦੀ ਤਕਲਫ਼ਿ ਸਹਾਰਦਾ ਹੈ (ਰਸ ਪ੍ਰਾਪਤ ਕਰਨ ਦੇ ਵੱਟੇ ਉਸ ਨੂੰ ਇਹ ਮੁੱਲ ਦੇਣਾ ਪੈਂਦਾ ਹੈ ਕਿ ਵੇਲਣੇ ਵਿਚ ਪੀੜਿਆ ਜਾਂਦਾ ਹੈ)। ਗੁਨ ਕਉ = ਗੁਣਾਂ ਦੀ ਖ਼ਾਤਰ, ਗੁਣਾਂ ਦੇ ਬਦਲੇ। ਮਰੀਐ = ਮਰਨਾ ਪੈਂਦਾ ਹੈ, ਆਪਾ-ਭਾਵ ਤਿਆਗਣਾ ਪੈਂਦਾ ਹੈ। ਰੋਇ = ਰੋ ਕੇ, (ਔਗੁਣਾਂ ਨੂੰ) ਛੱਡ ਕੇ। ਮਾਨਸੈ = ਮਨੁੱਖ ਨੂੰ। ਕਹਿ ਹੈ = ਕਹੇਗਾ, ਆਖੇਗਾ।

ਅਰਥ: ਹੇ ਕਬੀਰ! ਰਸ ਨਾਲ ਭਰਿਆ ਹੋਇਆ ਗੰਨਾ (ਵੇਲਣੇ ਵਿਚ) ਪੀੜਿਆ ਜਾਂਦਾ ਹੈ (ਭਾਵ, ਰਸ ਦੀ ਦਾਤਿ ਦੇ ਇਵਜ਼ ਵਿਚ ਉਸ ਨੂੰ ਇਹ ਮੁੱਲ ਦੇਣਾ ਪੈਂਦਾ ਹੈ ਕਿ ਉਹ ਵੇਲਣੇ ਵਿਚ ਪੀੜੀਦਾ ਹੈ (ਸੋ ਗੁਣਾਂ ਦੇ ਬਦਲੇ ਔਗੁਣਾਂ ਨੂੰ ਛੱਡ ਕੇ ਆਪਾ-ਭਾਵ ਵਲੋਂ ਮਰਨਾ ਹੀ ਪੈਂਦਾ ਹੈ। (ਜੋ ਮਨੁੱਖ ਆਪਾ-ਭਾਵ ਨਹੀਂ ਤਿਆਗਦਾ, ਤੇ, ਵਿਕਾਰਾਂ ਵਲ ਹੀ ਰੁੱਚੀ ਰੱਖਦਾ ਹੈ, ਉਸ) ਵਿਕਾਰੀ ਮਨੁੱਖ ਨੂੰ (ਜਗਤ ਵਿਚ) ਕੋਈ ਬੰਦਾ ਚੰਗਾ ਨਹੀਂ ਆਖਦਾ (ਭਾਵ, ਭਗਤੀ ਦੀ ਦਾਤਿ ਤੋਂ ਵਾਂਜਿਆ ਰਹਿੰਦਾ ਹੈ, ਤੇ, ਜਗਤ ਵਿਚ ਬਦਨਾਮੀ ਭੀ ਖੱਟਦਾ ਹੈ) ।72।

ਕਬੀਰ ਗਾਗਰਿ ਜਲ ਭਰੀ ਆਜੁ ਕਾਲ੍ਹ੍ਹਿ ਜੈਹੈ ਫੂਟਿ ॥ ਗੁਰੁ ਜੁ ਨ ਚੇਤਹਿ ਆਪਨੋ ਅਧ ਮਾਝਿ ਲੀਜਹਿਗੇ ਲੂਟਿ ॥੭੩॥ {ਪੰਨਾ 1368}

ਪਦ ਅਰਥ: ਗਾਗਰਿ = (ਮਿੱਟੀ ਦਾ) ਘੜਾ। ਆਜੁ ਕਾਲ੍ਹ੍ਹਿ = ਅੱਜ-ਭਲਕ, ਥੋੜ੍ਹੇ ਹੀ ਦਿਨਾਂ ਵਿਚ। ਫੂਟ ਜੈਹੈ = ਫੁੱਟ ਜਾਇਗੀ, ਟੁੱਟ ਜਾਇਗੀ। ਜੁ = ਜੋ ਬੰਦੇ। ਨ ਚੇਤਹਿ = ਚੇਤੇ ਨਹੀਂ ਰੱਖਦੇ। ਅਧ ਮਾਝ = ਅੱਧ ਵਿਚ ਹੀ, ਅੱਧ-ਵਾਟੇ ਹੀ। ਲੀਜਹਿਗੇ ਲੂਟਿ = ਲੁੱਟ ਲਏ ਜਾਣਗੇ।

ਅਰਥ: ਹੇ ਕਬੀਰ! ਮਿੱਟੀ ਦਾ ਕੱਚਾ ਘੜਾ ਪਾਣੀ ਨਾਲ ਭਰਿਆ ਹੋਇਆ ਹੋਵੇ, ਉਹ ਛੇਤੀ ਹੀ ਫੁੱਟ ਜਾਂਦਾ ਹੈ (ਇਸ ਸਰੀਰ ਦੀ ਭੀ ਇਹੀ ਪਾਂਇਆਂ ਹੈ, ਸਦਾ ਕਾਇਮ ਨਹੀਂ ਰਹਿ ਸਕਦਾ। ਮਨੁੱਖਾ ਜਨਮ ਦਾ ਮਨੋਰਥ ਪ੍ਰਾਪਤ ਕਰਨ ਲਈ ਇਸ ਸਰੀਰ ਦਾ ਮੋਹ ਇਸ ਦੇ ਨਾਸ ਹੋਣ ਤੋਂ ਪਹਿਲਾਂ ਹੀ ਤਿਆਗਣਾ ਹੈ, ਆਪਣੀ ਮਰਜ਼ੀ ਤਿਆਗ ਕੇ ਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰਨਾ ਹੈ; ਪਰ) ਜੋ ਮਨੁੱਖ ਆਪਣੇ ਗੁਰੂ ਨੂੰ ਯਾਦ ਨਹੀਂ ਰੱਖਦੇ (ਸਰੀਰਕ ਮੋਹ ਵਿਚ ਫਸ ਕੇ ਗੁਰੂ ਨੂੰ ਭੁਲਾ ਬੈਠਦੇ ਹਨ, ਗੁਰੂ ਦੇ ਦੱਸੇ ਰਾਹ ਨੂੰ ਵਿਸਾਰ ਦੇਂਦੇ ਹਨ) ਉਹ ਮਨੁੱਖ ਜ਼ਿੰਦਗੀ ਦੇ ਸਫ਼ਰ ਦੇ ਅੱਧ ਵਿਚ ਹੀ ਲੁੱਟ ਲਏ ਜਾਂਦੇ ਹਨ (ਕਾਮਾਦਿਕ ਵਿਕਾਰ ਆਪਣੇ ਜਾਲ ਵਿਚ ਫਸਾ ਕੇ ਉਹਨਾਂ ਦੇ ਸਾਰੇ ਗੁਣ ਨਾਸ ਕਰ ਦੇਂਦੇ ਹਨ, ਵਿਕਾਰਾਂ ਵਿਚ ਪੈ ਕੇ ਇਥੋਂ ਦੀ ਰਾਸਿ-ਪੂੰਜੀ ਭੀ ਮੁੱਕ ਜਾਂਦੀ ਹੈ ਤੇ ਪਰਲੋਕ ਭੀ ਵਿਗੜ ਜਾਂਦਾ ਹੈ) ।73।

ਨੋਟ: ਕਈ ਸੱਜਣ ਇਥੇ ਪਾਠ 'ਅਧ ਮਾਝਲੀ' ਕਰਦੇ ਹਨ, ਲਫ਼ਜ਼ 'ਜਹਿਗੇ' ਨੂੰ ਵੱਖਰਾ ਕਰ ਦੇਂਦੇ ਹਨ। ਇਹ ਗ਼ਲਤ ਹੈ। 'ਜਹਿਗੇ' ਕੋਈ ਲਫ਼ਜ਼ ਨਹੀਂ ਬਣਦਾ, ਨਾਹ ਹੀ ਇਸ ਦਾ ਕੋਈ ਅਰਥ ਨਿਕਲਦਾ ਹੈ। 'ਮਾਝਲੀ' ਦੇ 'ਝ' ਨੂੰ ਅਰਥ ਕਰਨ ਵੇਲੇ 'ਜ' ਪੜ੍ਹ ਕੇ ਲਫ਼ਜ਼ 'ਮਜ਼ਲ' ਬਣਾਉਣਾ ਭੀ ਉੱਕਾ ਹੀ ਬੇ-ਨਿਯਮਾ ਹੈ। ਲਫ਼ਜ਼ 'ਮਾਝ' ਬਾਣੀ ਵਿਚ ਬੇਅੰਤ ਵਾਰੀ ਆਉਂਦਾ ਹੈ। ਸੋ, ਪਾਠ 'ਅਧ ਮਾਝ' ਹੈ।

ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ ॥ ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ ॥੭੪॥ {ਪੰਨਾ 1368}

ਪਦ ਅਰਥ: ਕੂਕਰੁ = ਕੁੱਤਾ। ਕੋ = ਦਾ। ਮੁਤੀਆ = (ਸੋਹਣਾ) ਮੋਤੀ।

ਨੋਟ: ਸ਼ੌਕੀਨ ਲੋਕ ਘਰਾਂ ਵਿਚ ਕੁੱਤੇ ਰੱਖਦੇ ਹਨ, ਤੇ 'ਮੋਤੀ' ਆਦਿਕ ਸੋਹਣੇ ਪਿਆਰੇ ਉਹਨਾਂ ਦੇ ਨਾਮ ਰੱਖਦੇ ਹਨ, ਰਾਖਵੇਂ ਕੁੱਤਿਆਂ ਨੂੰ ਬੁਲਾਂਦੇ ਭੀ ਪਿਆਰ ਨਾਲ ਹਨ। ਉਹ ਕੁੱਤੇ ਰੋਟੀ ਵਲੋਂ ਬੇ-ਫ਼ਿਕਰ ਰਹਿੰਦੇ ਹਨ, ਮਾਲਕ ਪਾਸੋਂ ਰੋਟੀ ਮਿਲਣੀ ਯਕੀਨੀ ਹੁੰਦੀ ਹੈ। ਪਰ ਬਜ਼ਾਰੀ ਕੁੱਤੇ ਰੋਟੀ ਦੀ ਖ਼ਾਤਰ ਦਰ ਦਰ ਤੇ ਭਟਕਦੇ ਹਨ, ਹਰ ਥਾਂ ਤੋਂ ਉਹਨਾਂ ਨੂੰ 'ਦੁਰੇ, ਦੁਰੇ' ਹੀ ਹੁੰਦੀ ਹੈ। ਇਕ ਮਾਲਕ ਦਾ ਹੋ ਰਹਿਣ ਵਿਚ ਆਦਰ ਤੇ ਸੁਖ ਹੈ, ਦਰ ਦਰ ਤੇ ਭਟਕਦਿਆਂ ਨਿਰਾਦਰੀ ਤੇ ਦੁਖ ਹੈ। ਆਪਾ-ਭਾਵ ਤਿਆਗ ਕੇ ਪ੍ਰਭੂ ਦੇ ਦਰ ਤੇ ਟਿਕੇ ਰਹਿਣਾ ਹੀ, ਪ੍ਰਭੂ ਦੀ ਰਜ਼ਾ ਵਿਚ ਤੁਰਨਾ ਹੀ, ਸਹੀ ਰਸਤਾ ਹੈ।

ਜਹ = ਜਿਥੇ, ਜਿਧਰ। ਖਿੰਚੈ = ਖਿੱਚਦਾ ਹੈ। ਜਾਉ = ਮੈਂ ਜਾਂਦਾ ਹਾਂ।

ਅਰਥ: ਹੇ ਕਬੀਰ! ਮੈਂ ਆਪਣੇ ਮਾਲਕ-ਪ੍ਰਭੂ (ਦੇ ਦਰ) ਦਾ ਕੁੱਤਾ ਹਾਂ (ਪ੍ਰਭੂ ਦੇ ਦਰਵਾਜ਼ੇ ਤੇ ਹੀ ਟਿਕਿਆ ਰਹਿੰਦਾ ਹਾਂ, ਤੇ ਇਸ ਕਰਕੇ) ਮੇਰਾ ਨਾਮ ਭੀ 'ਮੋਤੀ' ਪੈ ਗਿਆ ਹੈ (ਭਾਵ, ਦੁਨੀਆ ਭੀ ਮੈਨੂੰ ਪਿਆਰ ਨਾਲ ਬੁਲਾਂਦੀ ਹੈ)। ਮੇਰੇ ਮਾਲਕ-ਪ੍ਰਭੂ ਨੇ ਮੇਰੇ ਗਲ ਵਿਚ ਰੱਸੀ ਪਾਈ ਹੋਈ ਹੈ, ਜਿਧਰ ਉਹ ਮੈਨੂੰ ਖਿੱਚਦਾ ਹੈ, ਮੈਂ ਉਧਰ ਹੀ ਜਾਂਦਾ ਹਾਂ ।74।

ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥ ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥੭੫॥ {ਪੰਨਾ 1368}

ਪਦ ਅਰਥ: ਜਪਨੀ = ਮਾਲਾ। ਕਾਠ ਕੀ = ਤੁਲਸੀ ਰੁਦ੍ਰਾਖ ਆਦਿਕ ਦੀ। ਲੋਇ = ਜਗਤ ਵਿਚ ਲੋਕਾਂ ਨੂੰ। ਨ ਚੇਤਹੀ = ਨ ਚੇਤਹਿ, ਤੂੰ ਨਹੀਂ ਸਿਮਰਦਾ। ਕਿਆ ਹੋਇ = ਕੋਈ ਲਾਭ ਨਹੀਂ।

ਅਰਥ: ਹੇ ਕਬੀਰ! ਤੂੰ ਤੁਲਸੀ ਰੁੱਦ੍ਰਾਖ ਆਦਿਕ ਦੀ ਮਾਲਾ (ਹੱਥ ਵਿਚ ਲੈ ਕੇ) ਕਿਉਂ ਲੋਕਾਂ ਨੂੰ ਵਿਖਾਂਦਾ ਫਿਰਦਾ ਹੈਂ? ਤੂੰ ਆਪਣੇ ਹਿਰਦੇ ਵਿਚ ਤਾਂ ਪਰਮਾਤਮਾ ਨੂੰ ਯਾਦ ਨਹੀਂ ਕਰਦਾ, (ਹੱਥ ਵਿਚ ਫੜੀ ਹੋਈ) ਇਸ ਮਾਲਾ ਦਾ ਕੋਈ ਲਾਭ ਨਹੀਂ ਹੋ ਸਕਦਾ ।75।

ਕਬੀਰ ਬਿਰਹੁ ਭੁਯੰਗਮੁ ਮਨਿ ਬਸੈ ਮੰਤੁ ਨ ਮਾਨੈ ਕੋਇ ॥ ਰਾਮ ਬਿਓਗੀ ਨਾ ਜੀਐ ਜੀਐ ਤ ਬਉਰਾ ਹੋਇ ॥੭੬॥ {ਪੰਨਾ 1368}

ਨੋਟ: ਅਸਾਡੇ ਦੇਸ ਵਿਚ ਕਈ ਲੋਕ ਸੱਪਾਂ ਦੇ ਮੰਤ੍ਰ ਜਾਣਦੇ ਹਨ; ਸੱਪਾਂ ਦੇ ਡੰਗੇ ਹੋਏ ਬੰਦਿਆਂ ਨੂੰ ਮੰਤ੍ਰ ਦੀ ਸਹੈਤਾ ਨਾਲ ਸੱਪ ਦੀ ਜ਼ਹਿਰ ਤੋਂ ਬਚਾਂਦੇ ਹਨ। ਪਰ ਕਈ ਸੱਪ ਐਸੇ ਭੀ ਹੁੰਦੇ ਹਨ, ਜਿਨ੍ਹਾਂ ਦਾ ਡੰਗਿਆ ਹੋਇਆ ਬੰਦਾ ਸ਼ਾਇਦ ਹੀ ਬਚਦਾ ਹੋਵੇ।

ਕਬੀਰ ਜੀ ਇਸ ਸ਼ਲੋਕ ਵਿਚ ਇਸ ਗੱਲ ਵਲ ਇਸ਼ਾਰਾ ਕਰ ਕੇ ਵੇਖਦੇ ਹਨ ਪਰਮਾਤਮਾ ਨਾਲੋਂ ਵਿਛੋੜੇ ਦਾ ਅਹਿਸਾਸ, ਮਾਨੋ, ਸੱਪ ਹੈ। ਜਿਸ ਮਨੁੱਖ ਨੂੰ ਇਹ ਡੰਗ ਵੱਜ ਜਾਏ (ਜਿਸ ਨੂੰ ਇਹ ਸੂਝ ਪੈ ਜਾਏ ਕਿ ਮੈਂ ਪਰਮਾਤਮਾ ਨਾਲੋਂ ਵਿੱਛੜਿਆ ਹੋਇਆ ਹਾਂ, ਮੈਨੂੰ ਮਾਇਕ ਭੋਗਾਂ ਨੇ ਰੱਬ ਨਾਲੋਂ ਵਿਛੋੜ ਦਿੱਤਾ ਹੈ), ਇਹ ਡੰਗ ਇਤਨਾ ਤੇਜ਼ ਹੁੰਦਾ ਹੈ ਕਿ ਦੁਨੀਆਵੀ ਪਦਾਰਥਾਂ ਦੇ ਮੋਹ ਦਾ ਕੋਈ ਮੰਤ੍ਰ ਇਥੇ ਅਸਰ ਨਹੀਂ ਪਾ ਸਕਦਾ। ਬਿਰਹੋਂ ਦਾ ਡੰਗਿਆ ਮਨੁੱਖ 'ਦੁਨੀਆ' ਵਲੋਂ ਮਰ ਜਾਂਦਾ ਹੈ ਉਸਦਾ ਜੀਵਨ ਹੋਰ ਕਿਸਮ ਦਾ ਹੋ ਜਾਂਦਾ ਹੈ, 'ਦੁਨੀਆ' ਉਸ ਨੂੰ 'ਬਉਰਾ' ਆਖਦੀ ਹੈ, ਦੁਨੀਆ ਦੇ ਭਾ ਦਾ ਉਹ 'ਕਮਲਾ' ਹੁੰਦਾ ਹੈ।

ਪਦ ਅਰਥ: ਬਿਰਹੁ = ਵਿਛੋੜਾ, ਪਰਮਾਤਮਾ ਨਾਲੋਂ ਵਿਛੋੜੇ ਦਾ ਅਹਿਸਾਸ, ਇਹ ਚੋਭ ਕਿ ਮੈਂ ਪਰਮਾਤਮਾ ਨਾਲੋਂ ਵਿਛੁੜਿਆ ਪਿਆ ਹਾਂ। ਭੁਯੰਗਮੁ = ਸੱਪ। ਮਨਿ = ਮਨ ਵਿਚ। ਨ ਮਾਨੈ = ਨਹੀਂ ਮੰਨਦਾ, ਕੀਲਿਆ ਨਹੀਂ ਜਾ ਸਕਦਾ। ਰਾਮ ਬਿਓਗੀ = ਉਹ ਮਨੁੱਖ ਜਿਸ ਨੂੰ ਪਰਮਾਤਮਾ ਨਾਲੋਂ ਵਿਛੋੜੇ ਦਾ ਅਹਿਸਾਸ ਹੈ, ਜਿਸ ਨੂੰ ਇਹ ਚੋਭ ਹੈ ਕਿ ਮੈਂ ਮਾਇਕ ਭੋਗਾਂ ਦੇ ਕਾਰਨ ਰੱਬ ਨਾਲੋਂ ਟੁੱਟਾ ਪਿਆ ਹਾਂ, ਜਿਸ ਨੂੰ ਬਿਰਹੋਂ = ਸੱਪ ਦਾ ਡੰਗ ਵੱਜ ਚੁਕਾ ਹੈ। ਨਾ ਜੀਐ = (ਵਿਕਾਰਾਂ ਵਾਸਤੇ) ਨਹੀਂ ਜੀਊ ਸਕਦਾ, (ਆਪਾ-ਭਾਵ ਵਿਚ) ਨਹੀਂ ਜੀਊ ਸਕਦਾ ਹੈ। ਬਉਰਾ = ਕਮਲਾ।

ਅਰਥ: ਹੇ ਕਬੀਰ! ('ਕਾਠ ਕੀ ਜਪਨੀ' ਤਾਂ ਕੁਝ ਸਵਾਰ ਨਹੀਂ ਸਕਦੀ, ਪਰ) ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਸਰਨ ਪੈ ਕੇ ਬਿਰਹੋਂ ਦਾ ਸੱਪ ਆ ਵੱਸੇ (ਜਿਸ ਮਨੁੱਖ ਨੂੰ ਗੁਰੂ-ਦਰ ਤੋਂ ਇਹ ਸੂਝ ਮਿਲ ਜਾਏ ਕਿ ਇਹਨਾਂ ਕਾਮਾਦਿਕਾਂ ਨੇ ਮੈਨੂੰ ਰੱਬ ਨਾਲੋਂ ਵਿਛੋੜ ਦਿੱਤਾ ਹੈ) (ਕਾਮਾਦਿਕਾਂ ਦਾ) ਕੋਈ ਮੰਤ੍ਰ ਉਸ ਉਤੇ ਨਹੀਂ ਚੱਲ ਸਕਦਾ। ਪਰਮਾਤਮਾ ਤੋਂ ਵਿਛੋੜੇ ਨੂੰ ਮਹਿਸੂਸ ਕਰਨ ਵਾਲਾ ਮਨੁੱਖ ਜੀਊ ਹੀ ਨਹੀਂ ਸਕਦਾ, (ਭਾਵ, ਪਰਮਾਤਮਾ ਤੋਂ ਵਿਛੋੜੇ ਦਾ ਅਹਿਸਾਸ ਇਕ ਐਸਾ ਡੰਗ ਹੈ ਕਿ ਇਸ ਦਾ ਡੰਗਿਆ ਹੋਇਆ ਬੰਦਾ ਮਾਇਕ ਭੋਗਾਂ ਵਾਸਤੇ ਜੀਊ ਹੀ ਨਹੀਂ ਸਕਦਾ) ਜੇਹੜਾ ਜੀਵਨ ਉਹ ਜੀਊਂਦਾ ਹੈ, ਦੁਨੀਆ ਦੇ ਭਾਣੇ ਉਹ ਝੱਲਿਆਂ ਵਾਲਾ ਜੀਵਨ ਹੈ ।71।

ਕਬੀਰ ਪਾਰਸ ਚੰਦਨੈ ਤਿਨ੍ਹ੍ਹ ਹੈ ਏਕ ਸੁਗੰਧ ॥ ਤਿਹ ਮਿਲਿ ਤੇਊ ਊਤਮ ਭਏ ਲੋਹ ਕਾਠ ਨਿਰਗੰਧ ॥੭੭॥ {ਪੰਨਾ 1368}

ਨੋਟ: ਬਿਰਹੋਂ ਦਾ ਅਨੁਭਵ ਗੁਰੂ ਦੀ ਰਾਹੀਂ ਹੀ ਹੁੰਦਾ ਹੈ। ਗੁਰੂ, ਮਾਨੋ, ਪਾਰਸ ਹੈ, ਗੁਰੂ ਚੰਦਨ ਹੈ।

ਪਦ ਅਰਥ: ਚੰਦਨੈ = ਚੰਦਨ ਵਿਚ। ਪਾਰਸ ਚੰਦਨੈ = ਪਾਰਸੈ ਚੰਦਨੈ, ਪਾਰਸ ਵਿਚ ਤੇ ਚੰਦਨ ਵਿਚ। ਤਿਨ ਹੈ = ਇਹਨਾਂ ਪਾਰਸ ਤੇ ਚੰਦਨ ਵਿਚ ਹੈ। ਸੁਗੰਧ = ਗੁਣ, ਖ਼ੁਸ਼ਬੂ। ਤਿਹ ਮਿਲਿ = ਇਹਨਾਂ ਪਾਰਸ ਤੇ ਚੰਦਨ ਨੂੰ ਮਿਲ ਕੇ। ਤੇਊ = ਉਹ ਭੀ, ਉਹ ਕਾਠ ਤੇ ਲੋਹਾ ਭੀ। ਕਾਠ ਨਿਰਗੰਧ = ਲੱਕੜੀ ਜਿਸ ਵਿਚ ਕੋਈ ਸੁਗੰਧੀ ਨਹੀਂ।

ਅਰਥ: ਹੇ ਕਬੀਰ! ਪਾਰਸ ਅਤੇ ਚੰਦਨ-ਇਹਨਾਂ ਦੋਹਾਂ ਵਿਚ ਇਕ ਇਕ ਗੁਣ ਹੈ; ਲੋਹਾ ਅਤੇ ਸੁਗੰਧੀ-ਹੀਨ ਲੱਕੜੀ ਇਹਨਾਂ ਨਾਲ ਛੋਹ ਕੇ ਉੱਤਮ ਬਣ ਜਾਂਦੇ ਹਨ (ਲੋਹਾ ਪਾਰਸ ਨੂੰ ਛੋਹ ਕੇ ਸੋਨਾ ਬਣ ਜਾਂਦਾ ਹੈ; ਸਾਧਾਰਨ ਰੁੱਖ ਚੰਦਨ ਦੇ ਨੇੜੇ ਰਹਿ ਕੇ ਸੁਗੰਧੀ ਵਾਲਾ ਹੋ ਜਾਂਦਾ ਹੈ। ਤਿਵੇਂ ਪਹਿਲਾਂ ਕਾਮਾਦਿਕਾਂ ਤੋਂ ਵਿਕਿਆ ਮਨੁੱਖ ਗੁਰੂ ਨੂੰ ਮਿਲ ਕੇ "ਰਾਮ ਬਿਓਗੀ" ਬਣ ਜਾਂਦਾ ਹੈ) ।77।

ਕਬੀਰ ਜਮ ਕਾ ਠੇਂਗਾ ਬੁਰਾ ਹੈ ਓਹੁ ਨਹੀ ਸਹਿਆ ਜਾਇ ॥ ਏਕੁ ਜੁ ਸਾਧੂ ਮੋੁਹਿ ਮਿਲਿਓ ਤਿਨ੍ਹ੍ਹਿ ਲੀਆ ਅੰਚਲਿ ਲਾਇ ॥੭੮॥ {ਪੰਨਾ 1368}

ਪਦ ਅਰਥ: ਠੇਂਗਾ = ਸੱਟ, ਚੋਟ। ਓਹ = ਉਹ ਠੇਂਗਾ। ਸਾਧੂ = ਗੁਰੂ। ਮੋੁਹਿ = (ਅਸਲ ਲਫ਼ਜ਼ 'ਮੋਹਿ' ਹੈ, ਇਥੇ 'ਮੁਹਿ' ਪੜ੍ਹਨਾ ਹੈ। ਅੱਖਰ 'ਮ' ਦੇ ਨਾਲ (ੋ) ਅਤੇ (ੁ) ਦੋਵੇਂ ਲਗਾਂ ਹਨ) ਮੈਨੂੰ। ਤਿਨ੍ਹ੍ਹਿ = ਉਸ ਨੇ। ਅੰਚਲਿ = ਅੰਚਲ ਨਾਲ, ਲੜ ਨਾਲ, ਪੱਲੇ।

ਅਰਥ: ਹੇ ਕਬੀਰ! (ਕਾਮਾਦਿਕਾਂ ਦੇ ਵੱਸ ਪਏ ਰਿਹਾਂ ਜਮ ਦਾ ਡੰਡਾ ਸਿਰ ਤੇ ਵੱਜਦਾ ਹੈ, ਜਨਮ-ਮਰਨ ਦੇ ਗੇੜ ਵਿਚ ਪੈ ਜਾਈਦਾ ਹੈ, ਤੇ) ਜਮ ਦੀ (ਇਹ) ਸੱਟ ਇਤਨੀ ਭੈੜੀ ਹੈ ਕਿ ਸਹਾਰਨੀ ਬੜੀ ਔਖੀ ਹੈ। (ਪਰਮਾਤਮਾ ਦੀ ਕਿਰਪਾ ਨਾਲ) ਮੈਨੂੰ ਗੁਰੂ ਮਿਲ ਪਿਆ, ਉਸ ਨੇ ਆਪਣੇ ਲੜ ਲਾ ਲਿਆ (ਤੇ ਮੈਂ ਕਾਮਾਦਿਕਾਂ ਦੇ) ਢਹੇ ਨਹੀਂ ਚੜ੍ਹਿਆ ।78।

ਕਬੀਰ ਬੈਦੁ ਕਹੈ ਹਉ ਹੀ ਭਲਾ ਦਾਰੂ ਮੇਰੈ ਵਸਿ ॥ ਇਹ ਤਉ ਬਸਤੁ ਗੁਪਾਲ ਕੀ ਜਬ ਭਾਵੈ ਲੇਇ ਖਸਿ ॥੭੯॥ ਕਬੀਰ ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ ॥ ਨਦੀ ਨਾਵ ਸੰਜੋਗ ਜਿਉ ਬਹੁਰਿ ਨ ਮਿਲਹੈ ਆਇ ॥੮੦॥ {ਪੰਨਾ 1368}

ਪਦ ਅਰਥ: ਬੈਦੁ = ਹਕੀਮ। ਹਉ ਹੀ = ਮੈਂ ਹੀ। ਭਲਾ = ਸਿਆਣਾ। ਮੇਰੈ ਵਸਿ = ਮੇਰੇ ਇਖ਼ਤਿਆਰ ਵਿਚ। ਇਹ = ਇਹ ਜਿੰਦ। ਬਸਤੁ = ਚੀਜ਼। ਖਸਿ ਲੇਇ = ਖੋਹ ਲੈਂਦਾ ਹੈ ।79।

ਨਉਬਤਿ = ਢੋਲ। ਆਪਨੀ ਨਉਬਤਿ ਬਜਾਇ ਲੇਹੁ = ਮਨ-ਮੰਨੀਆਂ ਮੌਜਾਂ ਕਰ ਲਵੋ। ਨਾਵ = ਬੇੜੀ। ਸੰਜੋਗ = ਮੇਲਾ, ਮਿਲਾਪ। ਨਦੀ...ਜਿਉ = ਜਿਵੇਂ ਨਦੀ ਤੋਂ ਪਾਰ ਲੰਘਣ ਲਈ ਬੇੜੀ ਵਿਚ ਬੈਠੇ ਮੁਸਾਫਿਰਾਂ ਦਾ ਮਿਲਾਪ ਹੈ (ਮੁੜ ਕਦੇ ਉਹਨਾਂ ਸਾਰਿਆਂ ਦਾ ਮਿਲਾਪ ਨਹੀਂ ਹੁੰਦਾ)। ਬਹੁਰਿ = ਮੁੜ। ਨ ਮਿਲਿ ਹੈ = ਨਹੀਂ ਮਿਲੇਗਾ, (ਮਨੁੱਖਾ ਜਨਮ) ਨਹੀਂ ਮਿਲੇਗਾ।

ਅਰਥ: ਹੇ ਕਬੀਰ! ਹਕੀਮ (ਤਾਂ) ਆਖਦਾ ਹੈ ਕਿ ਮੈਂ ਬੜਾ ਸਿਆਣਾ ਹਾਂ (ਰੋਗ ਆਉਣ ਤੇ ਜਿੰਦ ਨੂੰ ਸਰੀਰ ਨਾਲੋਂ ਵਿਛੁੜਨ ਤੋਂ ਬਚਾਣ ਲਈ) ਇਲਾਜ ਮੇਰੇ ਇਖ਼ਤਿਆਰ ਵਿਚ ਹੈ (ਮੈਂ ਰੋਗ ਦਾ ਇਲਾਜ ਕਰਨਾ ਜਾਣਦਾ ਹਾਂ)। ਪਰ ਇਹ ਜਿੰਦ ਉਸ ਮਾਲਕ ਪ੍ਰਭੂ ਦੀ (ਦਿੱਤੀ ਹੋਈ ਅਮਾਨਤੀ) ਚੀਜ਼ ਹੈ, ਜਦੋਂ ਉਹ ਚਾਹੁੰਦਾ ਹੈ (ਸਰੀਰ ਵਿਚੋਂ) ਮੋੜ ਲੈਂਦਾ ਹੈ (ਇਥੇ ਸਦਾ ਨਹੀਂ ਟਿਕੇ ਰਹਿਣਾ, ਤਾਂ ਤੇ ਜਮ ਦੇ ਠੇਂਗੇ ਦਾ ਖ਼ਿਆਲ ਰੱਖੋ ਤੇ ਗੁਰੂ-ਦਰ ਤੇ ਆ ਕੇ 'ਗੁਨ ਕਉ ਮਰੀਐ ਰੋਇ') ।79।

ਹੇ ਕਬੀਰ! (ਜੇ ਤੂੰ ਇਹ ਨਹੀਂ ਸੁਣਦਾ, ਤਾਂ ਤੇਰੀ ਮਰਜ਼ੀ) ਮਨ-ਮੰਨੀਆਂ ਮੌਜਾਂ ਮਾਣ ਲੈ (ਪਰ ਇਹ ਮੌਜਾਂ ਹਨ ਸਿਰਫ਼) ਦਸ ਦਿਨਾਂ ਲਈ ਹੀ। ਜਿਵੇਂ ਨਦੀ ਤੋਂ ਪਾਰ ਲੰਘਣ ਲਈ ਬੇੜੀ ਵਿਚ ਬੈਠੇ ਮੁਸਾਫਿਰਾਂ ਦਾ ਮਿਲਾਪ ਹੈ (ਮੁੜ ਉਹ ਸਾਰੇ ਕਦੇ ਨਹੀਂ ਮਿਲਦੇ); ਤਿਵੇਂ (ਮਨ-ਮੰਨੀਆਂ ਮੌਜਾਂ ਵਿਚ ਗਵਾਇਆ ਹੋਇਆ ਇਹ ਮਨੁੱਖਾ ਸਰੀਰ ਮੁੜ ਨਹੀਂ ਮਿਲੇਗਾ ।90।

ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ ॥ ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ ॥੮੧॥ {ਪੰਨਾ 1368}

ਪਦ ਅਰਥ: ਮਸੁ = ਸਿਆਹੀ। ਕਰਉ = ਮੈਂ ਕਰਾਂ। ਬਨਰਾਇ = ਸਾਰੀ ਬਨਸਪਤੀ, ਸਾਰੇ ਰੁੱਖ = ਬਿਰਖ। ਬਸੁਧਾ = ਧਰਤੀ। ਕਾਗਦੁ = ਕਾਗਜ਼ (ਨੋਟ: ਅੱਖਰ 'ਜ਼' ਕਈ ਵਾਰੀ 'ਦ' ਵਾਂਗ ਉਚਾਰਿਆ ਜਾਂਦਾ ਹੈ; ਜਿਵੇਂ, ਕਾਜ਼ੀ ਜਾਂ ਕਾਦੀ, ਹਜ਼ੂਰਿ ਜਾਂ ਹਦੂਰਿ, ਹਾਜ਼ਰ ਜਾਂ ਹਾਦਰ)। ਜਉ = ਜੇ। ਜਸੁ = ਵਡਿਆਈ, ਗੁਣ।

ਅਰਥ: ਹੇ ਕਬੀਰ! ਜੇ ਮੈਂ ਸੱਤਾਂ ਹੀ ਸਮੁੰਦ੍ਰਾਂ (ਦੇ ਪਾਣੀ ਨੂੰ ਸਿਆਹੀ ਬਣਾ ਲਵਾਂ, ਸਾਰੇ ਰੁੱਖਾਂ-ਬਿਰਖਾਂ ਦੀਆਂ ਕਲਮਾਂ ਘੜ ਲਵਾਂ, ਸਾਰੀ ਧਰਤੀ ਨੂੰ ਕਾਗਜ਼ ਦੇ ਥਾਂ ਵਰਤਾਂ, ਤਾਂ ਭੀ ਪਰਮਾਤਮਾ ਦੇ ਗੁਣ (ਪੂਰਨ ਤੌਰ ਤੇ) ਲਿਖੇ ਨਹੀਂ ਜਾ ਸਕਦੇ (ਭਾਵ, ਇਨਸਾਨ ਨੇ ਪਰਮਾਤਮਾ ਦੇ ਗੁਣ ਇਸ ਵਾਸਤੇ ਨਹੀਂ ਗਾਵਣੇ ਕਿ ਗੁਣਾਂ ਦਾ ਅੰਤ ਪਾਇਆ ਜਾ ਸਕੇ, ਤੇ ਸਾਰੇ ਗੁਣ ਬਿਆਨ ਕੀਤੇ ਜਾ ਸਕਣ) ।81।

ਨੋਟ: ਸ਼ਲੋਕ ਨੰ: 72 ਵਿਚ ਲਿਖਦੇ ਹਨ 'ਅਵਗੁਨੀਆਰੈ ਮਾਨਸੈ, ਭਲੋ ਨ ਕਹਿ ਹੈ ਕੋਇ" ਵਿਕਾਰਾਂ ਔਗੁਣਾਂ ਵਿਚ ਪੈ ਕੇ ਮਨੁੱਖ ਦੇ ਅੰਦਰ ਔਗੁਣਾਂ ਦੇ ਸੰਸਕਾਰ ਇਕੱਠੇ ਹੁੰਦੇ ਜਾਂਦੇ ਹਨ। ਇਹਨਾਂ ਤੋਂ ਬਚਣ ਦਾ ਤਰੀਕਾ? ਸਿਰਫ਼ ਇਹੀ ਹੈ ਕਿ ਗੁਰੂ-ਪਾਰਸ ਹੈ ਮਿਲ ਕੇ ਮਨੁੱਖ ਪ੍ਰਭੂ ਦੇ ਗੁਣ ਗਾਵੇ। 'ਗੁਣਾਂ' ਦੇ ਨਾਲ ਮਨ ਨੂੰ ਮੁੜ ਮੁੜ ਜੋੜਿਆਂ ਮਨ ਵਿਚ ਭੀ 'ਗੁਣ' ਹੀ ਪੈਦਾ ਹੋਣੇ ਸ਼ੁਰੂ ਹੋ ਜਾਣਗੇ, ਮਨ ਨੀਵੇਂ ਪਾਸੇ ਵਲੋਂ ਹਟ ਕੇ ਸੁੱਚਾ ਪਵਿੱਤ੍ਰ ਹੋ ਜਾਇਗਾ ਤੇ ਆਖਰ 'ਗੁਣੀ' ਨਾਲ ਇਕ-ਮਿਕ ਹੋ ਸਕੇਗਾ। ਇਸ ਖ਼ਿਆਲ ਦੀ ਵਿਆਖਿਆ ਅਗਲੇ ਸ਼ਲੋਕ ਨੰ: 82 ਵਿਚ ਕਰਦੇ ਹਨ।

ਕਬੀਰ ਜਾਤਿ ਜੁਲਾਹਾ ਕਿਆ ਕਰੈ ਹਿਰਦੈ ਬਸੇ ਗੁਪਾਲ ॥ ਕਬੀਰ ਰਮਈਆ ਕੰਠਿ ਮਿਲੁ ਚੂਕਹਿ ਸਰਬ ਜੰਜਾਲ ॥੮੨॥ {ਪੰਨਾ 1368}

ਨੋਟ: ਨੀਵੀਂ ਜਾਤਿ ਵਿਚ ਜੰਮਿਆ ਬੰਦਾ ਲੋਕਾਂ ਦੇ ਤਾਹਨੇ-ਮੇਹਣਿਆਂ ਨਾਲ ਆਪਣੇ ਆਪ ਨੂੰ ਨੀਵਾਂ ਮਹਿਸੂਸ ਕਰਨ ਲੱਗ ਪੈਂਦਾ ਹੈ, ਸਹਜੇ ਸਹਜੇ ਮਨੁੱਖਤਾ ਦੀ ਨਿਰਭੈਤਾ ਤੋਂ ਡਿੱਗ ਪੈਂਦਾ ਹੈ, ਢਹਿੰਦੀ ਕਲਾ ਵਿਚ ਰਹਿੰਦਾ ਹੈ ਤੇ ਉੱਚੀ ਜਾਤਿ ਵਾਲਿਆਂ ਤੇ ਧਨਾਢ ਲੋਕਾਂ ਅੱਗੇ ਲਿਲ੍ਹੀਆਂ ਲੈਂਦਾ ਹੈ। ਪਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਇਹ ਨਿਤਾਣਾ-ਪਨ ਦੂਰ ਹੋ ਜਾਂਦਾ ਹੈ।

ਪਦ ਅਰਥ: ਕਿਆ ਕਰੈ = ਕੁਝ ਵਿਗਾੜ ਨਹੀਂ ਸਕਦੀ, ਮੇਰੇ ਅੰਦਰ ਨਿਤਾਣਾ = ਪਨ ਪੈਦਾ ਨਹੀਂ ਕਰ ਸਕਦੀ। ਰਮਈਆ ਕੰਠ ਮਿਲੁ = ਪ੍ਰਭੂ ਦੇ ਗਲ ਲਗ, ਪ੍ਰਭੂ ਦੀ ਯਾਦ ਵਿਚ ਜੁੜ। ਚੂਕਹਿ = ਮੁਕ ਜਾਣਗੇ।

ਅਰਥ: ਹੇ ਕਬੀਰ! (ਪ੍ਰਭੂ ਦੇ ਗੁਣ ਗਾਵਿਆਂ ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ, ਪਰ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮੇਰੀ (ਨੀਵੀਂ) ਜੁਲਾਹਾ-ਜਾਤਿ ਮੇਰੇ ਅੰਦਰ ਨਿਤਾਣਾ-ਪਨ ਪੈਦਾ ਨਹੀਂ ਕਰ ਸਕਦੀ ਕਿਉਂਕਿ ਹੁਣ ਮੇਰੇ ਹਿਰਦੇ ਵਿਚ ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਵੱਸ ਰਿਹਾ ਹੈ।

ਹੇ ਕਬੀਰ! ਪ੍ਰਭੂ ਦੀ ਯਾਦ ਵਿਚ ਜੁੜ (ਨਿਰੀ ਨੀਵੀਂ ਜਾਤਿ ਦੀ ਕਮਜ਼ੋਰੀ ਹੀ ਨਹੀਂ) ਮਾਇਆ ਦੇ ਸਾਰੇ ਹੀ ਜੰਜਾਲ ਮੁੱਕ ਜਾਣਗੇ ।82।

ਕਬੀਰ ਐਸਾ ਕੋ ਨਹੀ ਮੰਦਰੁ ਦੇਇ ਜਰਾਇ ॥ ਪਾਂਚਉ ਲਰਿਕੇ ਮਾਰਿ ਕੈ ਰਹੈ ਰਾਮ ਲਿਉ ਲਾਇ ॥੮੩॥ {ਪੰਨਾ 1368}

ਪਦ ਅਰਥ: ਕੋ ਨਹੀ = ਕੋਈ ਵਿਰਲਾ ਹੀ ਹੁੰਦਾ ਹੈ। ਮੰਦਰ = ਸਰੀਰ, ਸਰੀਰ ਦਾ ਮੋਹ, ਦੇਹ = ਅਧਿਆਸ। ਜਰਾਇ ਦੇਇ = ਸਾੜ ਦੇਵੇ। ਪਾਂਚਉ ਲਰਿਕੇ = ਮਾਇਆ ਦੇ ਪੰਜੇ ਪੁਤ੍ਰ, ਕਾਮਾਦਿਕ। ਲਿਉ = ਲਿਵ।

ਅਰਥ: ਹੇ ਕਬੀਰ! (ਭਾਵੇਂ ਸਿਫ਼ਤਿ-ਸਾਲਾਹ ਵਿਚ ਬੜੀ ਬਰਕਤਿ ਹੈ, ਪਰ ਸਰੀਰਕ ਮੋਹ ਅਤੇ ਕਾਮਾਦਿਕ ਦਾ ਇਤਨਾ ਜ਼ੋਰ ਹੈ ਕਿ) ਕੋਈ ਵਿਰਲਾ ਅਜਿਹਾ ਮਨੁੱਖ ਹੁੰਦਾ ਹੈ ਜੋ ਸਰੀਰਕ ਮੋਹ ਨੂੰ ਸਾੜਦਾ ਹੈ, ਕੋਈ ਵਿਰਲਾ ਹੈ ਜੋ ਕਾਮਾਦਿਕ ਮਾਇਆ ਦੇ ਪੰਜਾਂ ਪੁਤ੍ਰਾਂ ਨੂੰ ਮਾਰ ਕੇ ਪ੍ਰਭੂ ਨਾਲ ਲਿਵ ਲਾਈ ਰੱਖਦਾ ਹੈ ।83।

ਕਬੀਰ ਐਸਾ ਕੋ ਨਹੀ ਇਹੁ ਤਨੁ ਦੇਵੈ ਫੂਕਿ ॥ ਅੰਧਾ ਲੋਗੁ ਨ ਜਾਨਈ ਰਹਿਓ ਕਬੀਰਾ ਕੂਕਿ ॥੮੪॥ {ਪੰਨਾ 1368}

ਪਦ ਅਰਥ: ਤਨੁ = ਸਰੀਰ, ਸਰੀਰ ਦਾ ਮੋਹ। ਫੂਕ ਦੇਵੈ = ਸਾੜ ਦੇਵੇ। ਅੰਧਾ = ਅੰਨ੍ਹਾ ਹੋਇਆ ਹੋਇਆ, ਸਰੀਰਕ ਮੋਹ ਵਿਚ ਅੰਨ੍ਹਾ, ਦੇਹ = ਅੱਧਿਆਸ ਵਿਚ ਇਤਨੀ ਮਸਤ ਕਿ ਜੀਵਨ ਦਾ ਸਹੀ ਰਸਤਾ ਅੱਖੀਂ ਦਿੱਸਦਾ ਹੀ ਨਹੀਂ। ਕੂਕਿ ਰਹਿਓ = ਉੱਚੀ ਉੱਚੀ ਕਹਿ ਰਿਹਾ ਹੈ ।84।

ਅਰਥ: ਹੇ ਕਬੀਰ! (ਮਾਇਆ ਦੇ ਪ੍ਰਭਾਵ ਕਰ ਕੇ) ਕੋਈ ਵਿਰਲਾ ਹੀ ਅਜੇਹਾ ਮਿਲਦਾ ਹੈ ਜੋ (ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੇ, ਤੇ) ਸਰੀਰਕ ਮੋਹ ਨੂੰ ਸਾੜ ਦੇਵੇ। ਜਗਤ ਮੋਹ ਵਿਚ ਇਤਨਾ ਗ਼ਰਕ ਹੈ ਕਿ ਇਸ ਨੂੰ ਆਪਣੀ ਭਲਾਈ ਸੁੱਝਦੀ ਹੀ ਨਹੀਂ, (ਭਾਵੇਂ) ਕਬੀਰ ਉੱਚੀ ਉੱਚੀ ਦੱਸ ਰਿਹਾ ਹੈ ।84।

ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੁ ਹੋ ਬੀਰ ਮਸਾਨ ॥ ਲੋਗੁ ਸਬਾਇਆ ਚਲਿ ਗਇਓ ਹਮ ਤੁਮ ਕਾਮੁ ਨਿਦਾਨ ॥੮੫॥ {ਪੰਨਾ 1368}

ਨੋਟ: ਇਸ ਸ਼ਲੋਕ ਦੇ ਨਾਲ ਪਿਛਲੇ ਦੋਵੇਂ ਸ਼ਲੋਕ ਨੰ: 83 ਅਤੇ 84 ਰਲਾ ਕੇ ਪੜ੍ਹੋ। ਇਕ ਅਸਚਰਜ ਆਤਮਕ ਉਡਾਰੀ ਹੈ। ਕਹਿੰਦੇ ਹਨ ਕਿ ਕੋਈ ਵਿਰਲਾ ਹੀ ਹੈ ਜੋ ਆਪਣੇ ਆਪ ਨੂੰ ਸਾੜਦਾ ਹੈ। ਹਾਂ ਅਸਾਂ 'ਸਤੀ' ਨੂੰ ਵੇਖਿਆ ਹੈ ਉਹ ਹੱਸ ਹੱਸ ਕੇ ਆਪਣੇ ਸਰੀਰ ਨੂੰ ਸਾੜਦੀ ਹੈ, ਸਾਰਾ ਸੰਸਾਰ 'ਮਸਾਣਾਂ' ਤੋਂ ਡਰਦਾ ਕੰਬਦਾ ਹੈ, ਪਰ 'ਸਤੀ' ਉਸ ਮਸਾਣ ਨੂੰ 'ਵੀਰ' ਆਖ ਕੇ ਬੁਲਾਂਦੀ ਹੈ, ਉਸ ਮਸਾਣ ਨਾਲ ਪਿਆਰ ਕਰਦੀ ਹੈ। ਕਿਉਂ? 'ਸਤੀ' ਜਾਣਦੀ ਹੈ ਕਿ ਜਦੋਂ ਇਹ ਮਸਾਣ ਮੇਰੇ ਸਰੀਰ ਨੂੰ ਸਾੜ ਦੇਵੇਗਾ, ਤਾਂ ਮੈਂ ਆਪਣੇ ਪਰਲੋਕ-ਅੱਪੜੇ ਪਤੀ ਨੂੰ ਜਾ ਮਿਲਾਂਗੀ।

ਪ੍ਰਭੂ-ਪਤੀ ਪਰਦੇਸ ਵਿਚ ਬੈਠਾ ਹੈ, ਜੀਵ-ਇਸਤ੍ਰੀ ਪੇਕੇ ਲੋਕ ਵਿਚ ਬੈਠੀ ਆਪਣੇ ਹੀ ਸਰੀਰ ਨਾਲ ਪਿਆਰ ਕਰੀ ਜਾ ਰਹੀ ਹੈ। ਜੀਵ-ਇਸਤ੍ਰੀ ਦਾ ਇਹ ਸਰੀਰਕ ਮੋਹ ਪ੍ਰਭੂ-ਪਤੀ ਨੂੰ ਮਿਲਣ ਦੇ ਰਾਹ ਵਿਚ ਰੋਕ ਪਾ ਰਿਹਾ ਹੈ। ਪਰ ਇਹ ਮੋਹ ਬੜਾ ਹੀ ਬਲਵਾਨ ਹੈ, ਇਸ ਨੂੰ ਵਿਰਲੀ ਹੀ ਛੱਡਦੀ ਹੈ, ਇਸ ਨੂੰ ਕੋਈ ਵਿਰਲੀ ਹੀ ਸਾੜਦੀ ਹੈ। ਸਿਰਫ਼ ਉਹੀ ਸਾੜਦੀ ਹੈ ਜਿਸ ਨੂੰ ਸਮਝ ਆ ਗਈ ਹੈ ਕਿ ਇਸ ਦੇ ਸਾੜਿਆਂ ਹੀ ਪਤੀ-ਪ੍ਰਭੂ ਮਿਲੇਗਾ। ਫਿਰ, ਉਹ ਜੀਵ-ਇਸਤ੍ਰੀ ਕਿਉਂ ਉਸ 'ਬ੍ਰਹਮ ਅਗਨਿ' ਨੂੰ ਵੀਰ ਨਾਹ ਆਖੇ? ਕਿਉਂ ਉਸ 'ਮਸਾਣ' ਨੂੰ ਪਿਆਰ ਨਾ ਕਰੇ ਜੋ ਇਸ ਦੇ 'ਸਰੀਰ' ਨੂੰ 'ਸਰੀਰਕ ਮੋਹ' ਨੂੰ ਦੇਹ ਅੱਧਿਆਸ ਨੂੰ, ਸਾੜਦਾ ਹੈ?

ਪਦ ਅਰਥ: ਸਤੀ = ਉਹ ਇਸਤ੍ਰੀ ਜੋ ਆਪਣੇ ਮਰੇ-ਖਸਮ ਨਾਲ ਚਿਖ਼ਾ ਤੇ ਚੜ੍ਹਦੀ ਹੈ। ਚਿਹ = ਚਿਖ਼ਾ। ਹੇ ਬੀਰ ਮਸਾਨ = ਹੇ ਬੀਰ ਮਸਾਣ! ਹੇ ਮਸਾਣਾਂ ਦੀ ਪਿਆਰੀ ਅੱਗ! ਸਬਾਇਆ = ਸਾਰਾ। ਚਲਿ ਗਇਓ = ਤੁਰ ਗਿਆ ਹੈ, ਸਾਥ ਛੱਡ ਗਿਆ ਹੈ। ਨਿਦਾਨ = ਓੜਕ, ਆਖ਼ਰ। ਕਾਮੁ = ਮਤਲਬ, ਵਾਹ, ਗ਼ਰਜ਼। ਹਮ ਤੁਮ ਕਾਮੁ = ਮੈਨੂੰ ਤੇਰੇ ਨਾਲ ਗ਼ਰਜ਼ ਪਈ ਹੈ। ਪੁਕਾਰੈ = ਉੱਚੀ ਆਖਦੀ ਹੈ, ਦਲੇਰ ਹੋ ਕੇ ਆਖਦੀ ਹੈ।

ਨੋਟ: ਲਫ਼ਜ਼ 'ਸੁਨੁ' ਇਕ-ਵਚਨ, ਸਿਰਫ਼ ਕਿਸੇ ਇਕ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਕਈ ਸੱਜਣ ਲਫ਼ਜ਼ 'ਮਸਾਨ' ਦਾ ਅਰਥ ਕਰਦੇ ਹਨ 'ਹੇ ਮਸਾਣਾਂ ਵਿਚ ਆਏ ਲੋਕੋ'। ਇਹ ਅਰਥ ਗ਼ਲਤ ਹੈ।

ਅਰਥ: ਹੇ ਕਬੀਰ! ਜੋ ਇਸਤ੍ਰੀ ਆਪਣੇ ਪਰਲੋਕ-ਅੱਪੜੇ ਪਤੀ ਨੂੰ ਮਿਲਣ ਦੀ ਖ਼ਾਤਰ ਉਸ ਦੇ ਸਰੀਰ ਨਾਲ ਆਪਣੇ ਆਪ ਨੂੰ ਸਾੜਨ ਲਈ ਤਿਆਰ ਹੁੰਦੀ ਹੈ ਉਹ ਚਿਖ਼ਾ ਉਤੇ ਚੜ੍ਹ ਕੇ ਦਲੇਰ ਹੋ ਕੇ ਆਖਦੀ ਹੈ-ਹੇ ਵੀਰ ਮਸਾਣ! ਸੁਣ, ਸਾਰੇ ਸੰਬੰਧੀ ਮੇਰਾ ਸਾਥ ਛੱਡ ਗਏ ਹਨ (ਮੈਨੂੰ ਕੋਈ ਮੇਰੇ ਪਤੀ ਨਾਲ ਨਹੀਂ ਮਿਲਾ ਸਕਿਆ) ਆਖ਼ਰ, ਹੇ ਵੀਰ! ਮੈਨੂੰ ਤੇਰੇ ਨਾਲ ਗ਼ਰਜ਼ ਪਈ ਹੈ।

ਨੋਟ: ਜਿਸ ਜੀਵ-ਇਸਤ੍ਰੀ ਨੂੰ ਇਕ ਯਕੀਨ ਬਣ ਜਾਂਦਾ ਹੈ ਕਿ ਸਰੀਰਕ ਮੋਹ ਨੂੰ ਸਾੜਨ ਤੋਂ ਬਿਨਾਂ ਪ੍ਰਤੂ ਪਤੀ ਨਾਲ ਮਿਲਾਪ ਨਹੀਂ ਹੋ ਸਕਦਾ, ਤੇ ਇਸ ਮੋਹ ਦੇ ਸਾੜਨ ਲਈ ਸਿਰਫ਼ ਸਿਫ਼ਤਿ-ਸਾਲਾਹ ਹੀ ਸਮਰੱਥ ਹੈ, ਸਿਰਫ਼ 'ਬ੍ਰਹਮ-ਅਗਨਿ' ਹੀ ਇਸ ਨੂੰ ਸਾੜ ਸਕਦੀ ਹੈ, ਉਹ ਜੀਵ-ਇਸਤ੍ਰੀ ਇਸ ਸਿਫ਼ਤਿ-ਸਾਲਾਹ ਨੂੰ ਪਿਆਰ ਕਰਦੀ ਹੈ, ਇਸ 'ਬ੍ਰਹਮ-ਅਗਨਿ' ਨੂੰ 'ਵੀਰ' ਆਖ ਕੇ ਬੁਲਾਂਦੀ ਹੈ, ਤੇ ਆਖਦੀ ਹੈ-ਹੇ ਪਿਆਰੀ 'ਬ੍ਰਹਮ-ਅਗਨਿ'! ਦੁਨੀਆ ਵਾਲੇ ਸਾਥੀ ਮੈਨੂੰ ਪ੍ਰਭੂ-ਪਤੀ ਨਾਲ ਨਹੀਂ ਜੋੜ ਸਕੇ, ਉਹਨਾਂ ਦਾ ਸਾਥ ਭੀ ਕੱਚਾ ਹੀ ਸਾਬਤ ਹੋਇਆ। ਹੇ 'ਬ੍ਰਹਮ-ਅਗਨਿ'! ਸਿਰਫ਼ ਇਕ ਤੂੰ ਹੀ ਹੈਂ ਜੋ ਮੇਰੇ ਸਰੀਰਕ ਮੋਹ ਨੂੰ ਸਾੜ ਕੇ ਮੈਨੂੰ ਪਿਆਰੇ ਪ੍ਰਭੂ-ਪਤੀ ਨਾਲ ਮਿਲਾ ਸਕਦੀ ਹੈਂ। ਆਖ਼ਰ ਮੈਂ ਤੇਰਾ ਆਸਰਾ ਲਿਆ ਹੈ।

TOP OF PAGE

Sri Guru Granth Darpan, by Professor Sahib Singh