ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 899

ਰਾਮਕਲੀ ਮਹਲਾ ੫ ॥ ਪੰਚ ਸਿੰਘ ਰਾਖੇ ਪ੍ਰਭਿ ਮਾਰਿ ॥ ਦਸ ਬਿਘਿਆੜੀ ਲਈ ਨਿਵਾਰਿ ॥ ਤੀਨਿ ਆਵਰਤ ਕੀ ਚੂਕੀ ਘੇਰ ॥ ਸਾਧਸੰਗਿ ਚੂਕੇ ਭੈ ਫੇਰ ॥੧॥ ਸਿਮਰਿ ਸਿਮਰਿ ਜੀਵਾ ਗੋਵਿੰਦ ॥ ਕਰਿ ਕਿਰਪਾ ਰਾਖਿਓ ਦਾਸੁ ਅਪਨਾ ਸਦਾ ਸਦਾ ਸਾਚਾ ਬਖਸਿੰਦ ॥੧॥ ਰਹਾਉ ॥ ਦਾਝਿ ਗਏ ਤ੍ਰਿਣ ਪਾਪ ਸੁਮੇਰ ॥ ਜਪਿ ਜਪਿ ਨਾਮੁ ਪੂਜੇ ਪ੍ਰਭ ਪੈਰ ॥ ਅਨਦ ਰੂਪ ਪ੍ਰਗਟਿਓ ਸਭ ਥਾਨਿ ॥ ਪ੍ਰੇਮ ਭਗਤਿ ਜੋਰੀ ਸੁਖ ਮਾਨਿ ॥੨॥ ਸਾਗਰੁ ਤਰਿਓ ਬਾਛਰ ਖੋਜ ॥ ਖੇਦੁ ਨ ਪਾਇਓ ਨਹ ਫੁਨਿ ਰੋਜ ॥ ਸਿੰਧੁ ਸਮਾਇਓ ਘਟੁਕੇ ਮਾਹਿ ॥ ਕਰਣਹਾਰ ਕਉ ਕਿਛੁ ਅਚਰਜੁ ਨਾਹਿ ॥੩॥ ਜਉ ਛੂਟਉ ਤਉ ਜਾਇ ਪਇਆਲ ॥ ਜਉ ਕਾਢਿਓ ਤਉ ਨਦਰਿ ਨਿਹਾਲ ॥ ਪਾਪ ਪੁੰਨ ਹਮਰੈ ਵਸਿ ਨਾਹਿ ॥ ਰਸਕਿ ਰਸਕਿ ਨਾਨਕ ਗੁਣ ਗਾਹਿ ॥੪॥੪੦॥੫੧॥ {ਪੰਨਾ 899}

ਪਦਅਰਥ: ਪੰਚ ਸਿੰਘਪੰਜ (ਕਾਮਾਦਿਕ) ਸ਼ੇਰ। ਪ੍ਰਭਿਪ੍ਰਭੂ ਨੇ। ਮਾਰਿ ਰਾਖੇਮਾਰ ਮੁਕਾਏ। ਬਿਘਿਆੜੀਇੰਦ੍ਰੀਆਂ। ਨਿਵਾਰਿ ਲਈਦੂਰ ਕਰ ਦਿੱਤੀ। ਤੀਨਿਮਾਇਆ ਦੇ ਤਿੰਨ ਗੁਣ। ਆਵਰਤਘੁੰਮਣਘੇਰੀ। ਚੂਕੀਮੁੱਕ ਗਈ। ਘੇਰਭਵਾਂਟੀ। ਸਾਧ ਸੰਗਿਗੁਰੂ ਦੀ ਸੰਗਤਿ ਵਿਚ। ਭੈ—{ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਫੇਰ—(ਜਨਮ ਮਰਨ ਦੇ) ਗੇੜ।੧।

ਜੀਵਾਜੀਵਾਂ, ਮੈਂ ਜੀਊਂਦਾ ਹਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਕਰਿਕਰ ਕੇ। ਸਾਚਾਸਦਾ ਕਾਇਮ ਰਹਿਣ ਵਾਲਾ। ਬਖਸਿੰਦਬਖ਼ਸ਼ਸ਼ ਕਰਨ ਵਾਲਾ, ਬਖ਼ਸ਼ਿੰਦ।੧।ਰਹਾਉ।

ਦਾਝਿ ਗਏਸੜ ਗਏ। ਤ੍ਰਿਣਘਾਹ ਦੇ ਤੀਲੇ। ਪਾਪ ਸੁਮੇਰਸੁਮੇਰ ਪਰਬਤ ਜੇਡੇ ਵੱਡੇ ਪਾਪ। ਪ੍ਰਭ ਪੈਰਪ੍ਰਭ ਦੇ ਪੈਰ। ਅਨਦ ਰੂਪਆਨੰਦਸਰੂਪ ਪ੍ਰਭੂ। ਸਭ ਥਾਨਿਹਰੇਕ ਥਾਂ ਵਿਚ (ਵੱਸਦਾ। ਸੁਖ ਮਾਨਿਸੁਖ ਮਾਣਿ। ਪ੍ਰੇਮ ਭਗਤਿ ਸੁਖ ਮਾਨਿਸੁਖਾਂ ਦੀ ਮਣੀ ਪ੍ਰੇਮਾ ਭਗਤੀ ਵਿਚ। ਜੋਰਿ—(ਸੁਰਤਿ) ਜੋੜੀ।੨।

ਸਾਗਰੁ—{ਸੰਸਾਰ-) ਸਮੁੰਦਰ। ਬਾਛਰਵੱਛਾ। ਖੋਜਖੁਰ ਦਾ ਨਿਸ਼ਾਨ। ਖੇਦੁਦੁੱਖ। ਫੁਨਿਮੁੜ। ਰੋਜਰੁਜ਼ਤਾਪ, ਗ਼ਮ। ਸਿੰਧੁਸਮੁੰਦਰ। ਘਟੁਕਾਨਿੱਕਾ ਜਿਹਾ ਘੜਾ। ਘਟੁਕੇ ਮਾਹਿਨਿੱਕੇ ਜਿਹੇ ਘੜੇ ਵਿਚ {ਨੋਟ: 'ਘਟੁ ਕੇ ਮਾਹਿ' ਪਦਛੇਦ ਗ਼ਲਤ ਹੈ। ਜੇ ਇਹ ਹੁੰਦਾ, ਤਾਂ ਸੰਬੰਧਕ 'ਕੇ' ਦੇ ਕਾਰਨ ਲਫ਼ਜ਼ 'ਘਟੁ' ਦਾ ੁ ਉੱਡ ਜਾਂਦਾ}ਅਚਰਜੁਅਨੋਖੀ ਗੱਲ।੩।

ਜਉਜਦੋਂ। ਛੂਟਉਪੱਲਾ ਛੁੱਟ ਜਾਂਦਾ ਹੈ। ਤਉਤਦੋਂ। ਜਾਇ—(ਜੀਵ) ਜਾ ਪੈਂਦਾ ਹੈ। ਪਇਆਲਪਾਤਾਲ (ਵਿਚ)ਕਾਢਿਓ—(ਪਾਤਾਲ ਵਿਚੋਂ) ਕੱਢ ਲਿਆ। ਨਿਹਾਲਪ੍ਰਸੰਨ, ਪੂਰਨ ਤੌਰ ਤੇ ਖ਼ੁਸ਼। ਹਮਰੈ ਵਸਿਸਾਡੇ ਵੱਸ ਵਿਚ। ਰਸਕਿਰਸ ਨਾਲ, ਰਸ ਲੈ ਲੈ ਕੇ। ਗਾਹਿ—{ਬਹੁ-ਵਚਨ} ਗਾਂਦੇ ਹਨ (ਜੀਵ)੪।

ਅਰਥ: ਹੇ ਭਾਈ! ਮੈਂ ਪਰਮਾਤਮਾ (ਦਾ ਨਾਮ) ਮੁੜ ਮੁੜ ਸਿਮਰ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ। ਮੈਨੂੰ ਦਾਸ ਨੂੰ ਪਰਮਾਤਮਾ ਨੇ ਕਿਰਪਾ ਕਰ ਕੇ (ਆਪ ਹੀ ਕਾਮਾਦਿਕ ਵਿਕਾਰੋਂ ਤੋਂ) ਬਚਾ ਰੱਖਿਆ ਹੈ। ਸਦਾ ਕਾਇਮ ਰਹਿਣ ਵਾਲਾ ਮਾਲਕ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ।੧।ਰਹਾਉ।

(ਹੇ ਭਾਈ! ਜਿਉਂ ਜਿਉਂ ਮੈਂ ਪ੍ਰਭੂ ਨੂੰ ਸਿਮਰਿਆ ਹੈ) ਪ੍ਰਭੂ ਨੇ (ਮੇਰੇ ਅੰਦਰੋਂ) ਪੰਜ ਕਾਮਾਦਿਕ ਸ਼ੇਰ ਮਾਰ ਮੁਕਾਏ ਹਨ, ਦਸ ਇੰਦ੍ਰੀਆਂ ਦਾ ਦਬਾਉ ਭੀ ਮੇਰੇ ਉਤੋਂ ਦੂਰ ਕਰ ਦਿੱਤਾ ਹੈ। ਮਾਇਆ ਦੇ ਤਿੰਨ ਗੁਣਾਂ ਦੀ ਘੁੰਮਣ-ਘੇਰੀ ਦਾ ਚੱਕਰ (ਭੀ) ਮੁੱਕ ਗਿਆ ਹੈ। ਗੁਰੂ ਦੀ ਸੰਗਤਿ ਵਿਚ (ਰਹਿਣ ਕਰਕੇ) ਜਨਮ ਮਰਨ ਗੇੜ ਦੇ ਸਾਰੇ ਡਰ ਭੀ ਖ਼ਤਮ ਹੋ ਗਏ ਹਨ।੧।

ਹੇ ਭਾਈ! ਜਦੋਂ ਕੋਈ ਜੀਵ ਪਰਮਾਤਮਾ ਦਾ ਨਾਮ ਜਪ ਜਪ ਕੇ ਉਸ ਦੇ ਚਰਨ ਪੂਜਣੇ ਸ਼ੁਰੂ ਕਰਦਾ ਹੈ, ਤਾਂ ਉਸ ਦੇ ਸੁਮੇਰ ਪਰਬਤ ਜੇਡੇ ਹੋ ਚੁਕੇ ਪਾਪ ਘਾਹ ਦੇ ਤੀਲਿਆਂ ਵਾਂਗ ਸੜ ਜਾਂਦੇ ਹਨ। ਜਦੋਂ ਕਿਸੇ ਨੇ ਸੁਖਾਂ ਦੀ ਮਣੀ ਪ੍ਰਭੂ ਦੀ ਪ੍ਰੇਮ ਭਗਤੀ ਵਿਚ ਆਪਣੀ ਸੁਰਤਿ ਜੋੜੀ, ਤਾਂ ਉਸ ਨੂੰ ਆਨੰਦ-ਸਰੂਪ ਪ੍ਰਭੂ ਹਰੇਕ ਥਾਂ ਵਿਚ ਵੱਸਦਾ ਦਿੱਸ ਪਿਆ।੨।

(ਹੇ ਭਾਈ! ਜਿਸ ਨੇ ਭੀ ਨਾਮ ਜਪਿਆ ਉਸ ਨੇ) ਸੰਸਾਰ-ਸਮੁੰਦਰ ਇਉਂ ਤਰ ਲਿਆ ਜਿਵੇਂ (ਪਾਣੀ ਨਾਲ ਭਰਿਆ ਹੋਇਆ) ਵੱਛੇ ਦੇ ਖੁਰ ਦਾ ਨਿਸ਼ਾਨ ਹੈ; ਨਾਹ ਉਸ ਨੂੰ ਕੋਈ ਦੁੱਖ ਪੁਂਹਦਾ ਹੈ ਨਾਹ ਕੋਈ ਚਿੰਤਾ-ਫ਼ਿਕਰ। ਪ੍ਰਭੂ ਉਸ ਦੇ ਅੰਦਰ ਇਉਂ ਆ ਟਿਕਦਾ ਹੈ ਜਿਵੇਂ ਸਮੁੰਦਰ (ਮਾਨੋ) ਇਕ ਨਿੱਕੇ ਜਿਹੇ ਘੜੇ ਵਿਚ ਆ ਟਿਕੇ। ਹੇ ਭਾਈ! ਸਿਰਜਨਹਾਰ ਪ੍ਰਭੂ ਵਾਸਤੇ ਇਹ ਕੋਈ ਅਨੋਖੀ ਗੱਲ ਨਹੀਂ ਹੈ।੩।

(ਹੇ ਭਾਈ!) ਜਦੋਂ (ਕਿਸੇ ਜੀਵ ਦੇ ਹੱਥੋਂ ਪ੍ਰਭੂ ਦਾ ਪੱਲਾ) ਛੁੱਟ ਜਾਂਦਾ ਹੈ, ਤਦੋਂ ਉਹ (ਮਾਨੋ) ਪਾਤਾਲ ਵਿਚ ਜਾ ਪੈਂਦਾ ਹੈ। ਜਦੋਂ ਪ੍ਰਭੂ ਆਪ ਉਸ ਨੂੰ ਪਾਤਾਲ ਵਿਚੋਂ ਕੱਢ ਲੈਂਦਾ ਹੈ ਤਦੋਂ ਉਸ ਦੀ ਮਿਹਰ ਦੀ ਨਿਗਾਹ ਨਾਲ ਉਹ ਤਨੋਂ ਮਨੋਂ ਖਿੜ ਜਾਂਦਾ ਹੈ। ਹੇ ਨਾਨਕ! (ਆਖ-ਹੇ ਭਾਈ!) ਚੰਗੇ ਮਾੜੇ ਕੰਮ ਕਰਨੇ ਅਸਾਂ ਜੀਵਾਂ ਦੇ ਵੱਸ ਵਿਚ ਨਹੀਂ ਹਨ, (ਜਿਨ੍ਹਾਂ ਉਤੇ ਉਹ ਮਿਹਰ ਕਰਦਾ ਹੈ, ਉਹ ਬੰਦੇ) ਬੜੇ ਪ੍ਰੇਮ ਨਾਲ ਉਸ ਦੇ ਗੁਣ ਗਾਂਦੇ ਹਨ।੪।੪੦।੫੧।

ਰਾਮਕਲੀ ਮਹਲਾ ੫ ॥ ਨਾ ਤਨੁ ਤੇਰਾ ਨਾ ਮਨੁ ਤੋਹਿ ॥ ਮਾਇਆ ਮੋਹਿ ਬਿਆਪਿਆ ਧੋਹਿ ॥ ਕੁਦਮ ਕਰੈ ਗਾਡਰ ਜਿਉ ਛੇਲ ॥ ਅਚਿੰਤੁ ਜਾਲੁ ਕਾਲੁ ਚਕ੍ਰੁ ਪੇਲ ॥੧॥ ਹਰਿ ਚਰਨ ਕਮਲ ਸਰਨਾਇ ਮਨਾ ॥ ਰਾਮ ਨਾਮੁ ਜਪਿ ਸੰਗਿ ਸਹਾਈ ਗੁਰਮੁਖਿ ਪਾਵਹਿ ਸਾਚੁ ਧਨਾ ॥੧॥ ਰਹਾਉ ॥ ਊਨੇ ਕਾਜ ਨ ਹੋਵਤ ਪੂਰੇ ॥ ਕਾਮਿ ਕ੍ਰੋਧਿ ਮਦਿ ਸਦ ਹੀ ਝੂਰੇ ॥ ਕਰੈ ਬਿਕਾਰ ਜੀਅਰੇ ਕੈ ਤਾਈ ॥ ਗਾਫਲ ਸੰਗਿ ਨ ਤਸੂਆ ਜਾਈ ॥੨॥ ਧਰਤ ਧੋਹ ਅਨਿਕ ਛਲ ਜਾਨੈ ॥ ਕਉਡੀ ਕਉਡੀ ਕਉ ਖਾਕੁ ਸਿਰਿ ਛਾਨੈ ॥ ਜਿਨਿ ਦੀਆ ਤਿਸੈ ਨ ਚੇਤੈ ਮੂਲਿ ॥ ਮਿਥਿਆ ਲੋਭੁ ਨ ਉਤਰੈ ਸੂਲੁ ॥੩॥ ਪਾਰਬ੍ਰਹਮ ਜਬ ਭਏ ਦਇਆਲ ॥ ਇਹੁ ਮਨੁ ਹੋਆ ਸਾਧ ਰਵਾਲ ॥ ਹਸਤ ਕਮਲ ਲੜਿ ਲੀਨੋ ਲਾਇ ॥ ਨਾਨਕ ਸਾਚੈ ਸਾਚਿ ਸਮਾਇ ॥੪॥੪੧॥੫੨॥ {ਪੰਨਾ 899}

ਪਦਅਰਥ: ਤਨੁਸਰੀਰ। ਤੋਹਿਤੇਰਾ। ਮੋਹਿਮੋਹ ਵਿਚ। ਬਿਆਪਿਆਫਸਿਆ ਹੋਇਆ। ਧੋਹਿਠੱਗੀ ਵਿਚ। ਕੁਦਮਕਲੋਲ। ਗਾਡਰਭੇਡ। ਛੇਲਛੇਲਾ, ਲੇਲਾ। ਅਚਿੰਤੁਅਚਨਚੇਤ। ਕਾਲੁਮੌਤ। ਪੇਲਧੱਕ ਦੇਂਦਾ ਹੈ, ਚਲਾ ਦੇਂਦਾ ਹੈ।੧।

ਚਰਨ ਕਮਲਕੌਲਫੁੱਲ ਵਰਗੇ ਸੋਹਣੇ ਚਰਨ। ਮਨਾਹੇ ਮਨ! ਜਪਿਜਪਿਆ ਕਰ। ਸੰਗਿ—(ਤੇਰੇ) ਨਾਲ। ਸਹਾਈਮਦਦਗਾਰ। ਗੁਰਮੁਖਿਗੁਰੂ ਵਲ ਮੂੰਹ ਕਰ ਕੇ, ਗੁਰੂ ਦੀ ਸਰਨ ਪੈ ਕੇ। ਪਾਵਹਿਤੂੰ ਲਏਂਗਾ। ਸਾਚੁਸਦਾ-ਥਿਰ ਰਹਿਣ ਵਾਲਾ।੧।ਰਹਾਉ।

ਊਨੇਅਧੂਰੇ, ਕਦੇ ਸਿਰੇ ਨਾਹ ਚੜ੍ਹਨ ਵਾਲੇ। ਕਾਮਿਕਾਮ ਵਿਚ। ਮਦਿਨਸ਼ੇ ਵਿਚ। ਸਦ ਹੀਸਦਾ ਹੀ। ਕਰੈਕਰਦਾ ਹੈ। ਜੀਅਰਾਜਿੰਦ। ਕੈ ਤਾਈਦੀ ਖ਼ਾਤਰ, ਦੇ ਵਾਸਤੇ। ਗਾਫਲ ਸੰਗਿਗ਼ਾਫ਼ਲ ਦੇ ਨਾਲ। ਤਸੂਆਰਤਾ ਭੀ।੨।

ਧਰਤ ਧੋਹਠੱਗੀ ਕਰਦਾ ਹੈ। ਛਲਫ਼ਰੇਬ। ਸਿਰਿਸਿਰ ਉਤੇ। ਜਿਨਿਜਿਸ (ਪ੍ਰਭੂ) ਨੇ। ਨ ਮੂਲਿਬਿਲਕੁਲ ਨਹੀਂ। ਮਿਥਿਆ ਲੋਭੁਨਾਸਵੰਤ ਪਦਾਰਥਾਂ ਦਾ ਲੋਭ। ਸੂਲੁਚੋਭ।੩।

ਸਾਧ ਰਵਾਲਗੁਰੂ ਦੀ ਚਰਨਧੂੜ। ਹਸਤਹੱਥ। ਲੜਿਪੱਲੇ ਨਾਲ। ਸਾਚੈਸਦਾ-ਥਿਰ ਪ੍ਰਭੂ ਵਿਚ ਹੀ। ਸਾਚਿਸਦਾ-ਥਿਰ ਪ੍ਰਭੂ ਵਿਚ। ਸਮਾਇਲੀਨ ਰਹਿੰਦਾ ਹੈ।੪।

ਅਰਥ: ਹੇ (ਮੇਰੇ) ਮਨ! ਪ੍ਰਭੂ ਦੇ ਸੋਹਣੇ ਚਰਨਾਂ ਦੀ ਸਰਨ ਪਿਆ ਰਹੁ। ਪਰਮਾਤਮਾ ਦਾ ਨਾਮ ਜਪਦਾ ਰਿਹਾ ਕਰ, ਇਹੀ ਤੇਰੇ ਨਾਲ ਅਸਲ ਮਦਦਗਾਰ ਹੈ। ਪਰ ਇਹ ਸਦਾ ਕਾਇਮ ਰਹਿਣ ਵਾਲਾ ਨਾਮ-ਧਨ ਤੂੰ ਗੁਰੂ ਦੀ ਸਰਨ ਪੈ ਕੇ ਲੱਭ ਸਕੇਂਗਾ।੧।ਰਹਾਉ।

(ਹੇ ਭਾਈ! ਇਸ ਸਰੀਰ ਦੀ ਖ਼ਾਤਰ) ਤੂੰ ਮਾਇਆ ਦੇ ਮੋਹ ਵਿਚ ਦੀ ਠੱਗੀ ਵਿਚ ਫਸਿਆ ਰਹਿੰਦਾ ਹੈਂ, ਨਾਹ ਉਹ ਸਰੀਰ ਤੇਰਾ ਹੈ, ਤੇ, ਨਾਹ ਹੀ (ਉਸ ਸਰੀਰ ਵਿਚ ਵੱਸਦਾ) ਮਨ ਤੇਰਾ ਹੈ। (ਵੇਖ!) ਜਿਵੇਂ ਭੇਡ ਦਾ ਬੱਚਾ ਭੇਡ ਨਾਲ ਕਲੋਲ ਕਰਦਾ ਹੈ (ਉਸ ਵਿਚਾਰੇ ਉਤੇ) ਅਚਨਚੇਤ (ਮੌਤ ਦਾ) ਜਾਲ ਆ ਪੈਂਦਾ ਹੈ, (ਉਸ ਉਤੇ) ਮੌਤ ਅਪਣਾ ਚੱਕਰ ਚਲਾ ਦੇਂਦੀ ਹੈ (ਇਹੀ ਹਾਲ ਹਰੇਕ ਜੀਵ ਦਾ ਹੁੰਦਾ ਹੈ)੧।

ਜੀਵ ਦੇ ਇਹ ਕਦੇ ਨਾਹ ਮੁੱਕ ਸਕਣ ਵਾਲੇ ਕੰਮ ਕਦੇ ਸਿਰੇ ਨਹੀਂ ਚੜ੍ਹਦੇ; ਕਾਮ-ਵਾਸਨਾ ਵਿਚ, ਕ੍ਰੋਧ ਵਿਚ, ਮਾਇਆ ਦੇ ਨਸ਼ੇ ਵਿਚ ਜੀਵ ਸਦਾ ਹੀ ਗਿਲੇ-ਗੁਜ਼ਾਰੀਆਂ ਕਰਦਾ ਰਹਿੰਦਾ ਹੈ। ਆਪਣੀ ਇਸ ਜਿੰਦ (ਨੂੰ ਸੁਖ ਦੇਣ) ਦੀ ਖ਼ਾਤਰ ਜੀਵ ਵਿਕਾਰ ਕਰਦਾ ਰਹਿੰਦਾ ਹੈ, ਪਰ (ਰੱਬ ਦੀ ਯਾਦ ਵਲੋਂ) ਅਵੇਸਲੇ ਹੋ ਚੁਕੇ ਜੀਵ ਦੇ ਨਾਲ (ਦੁਨੀਆ ਦੇ ਪਦਾਰਥਾਂ ਵਿਚੋਂ) ਰਤਾ ਭੀ ਨਹੀਂ ਜਾਂਦਾ।੨।

ਮੂਰਖ ਜੀਵ ਅਨੇਕਾਂ ਠੱਗੀਆਂ ਕਰਦਾ ਹੈ, ਅਨੇਕਾਂ ਫ਼ਰੇਬ ਕਰਨੇ ਜਾਣਦਾ ਹੈ। ਕੌਡੀ ਕੌਡੀ ਕਮਾਣ ਦੀ ਖ਼ਾਤਰ ਆਪਣੇ ਸਿਰ ਉਤੇ (ਦਗ਼ੇ-ਫ਼ਰੇਬ ਦੇ ਕਾਰਨ ਬਦਨਾਮੀ ਦੀ) ਸੁਆਹ ਪਾਂਦਾ ਫਿਰਦਾ ਹੈ। ਜਿਸ (ਪ੍ਰਭੂ) ਨੇ (ਇਸ ਨੂੰ ਇਹ ਸਭ ਕੁਝ) ਦਿੱਤਾ ਹੈ ਉਸ ਨੂੰ ਇਹ ਬਿਲਕੁਲ ਯਾਦ ਨਹੀਂ ਕਰਦਾ। (ਇਸ ਦੇ ਅੰਦਰ) ਨਾਸਵੰਤ ਪਦਾਰਥਾਂ ਦਾ ਲੋਭ ਟਿਕਿਆ ਰਹਿੰਦਾ ਹੈ (ਇਹਨਾਂ ਦੀ) ਚੋਭ (ਇਸ ਦੇ ਅੰਦਰੋਂ) ਕਦੇ ਨਹੀਂ ਦੂਰ ਹੁੰਦੀ।੩।

ਹੇ ਨਾਨਕ! ਪਰਮਾਤਮਾ ਜਦੋਂ ਕਿਸੇ ਜੀਵ ਉਤੇ ਦਇਆਵਾਨ ਹੁੰਦਾ ਹੈ, ਉਸ ਜੀਵ ਦਾ ਇਹ ਮਨ ਗੁਰੂ ਦੇ ਚਰਨਾਂ ਦੀ ਧੂੜ ਬਣਦਾ ਹੈ। ਗੁਰੂ ਉਸ ਨੂੰ ਆਪਣੇ ਸੋਹਣੇ ਹੱਥਾਂ ਨਾਲ ਆਪਣੇ ਪੱਲੇ ਲਾ ਲੈਂਦਾ ਹੈ, ਤੇ, (ਉਹ ਭਾਗਾਂ ਵਾਲਾ) ਸਦਾ ਹੀ ਸਦਾ-ਥਿਰ ਪ੍ਰਭੂ ਵਿਚ ਲੀਨ ਹੋਇਆ ਰਹਿੰਦਾ ਹੈ।੪।੪੧।੫੨।

ਰਾਮਕਲੀ ਮਹਲਾ ੫ ॥ ਰਾਜਾ ਰਾਮ ਕੀ ਸਰਣਾਇ ॥ ਨਿਰਭਉ ਭਏ ਗੋਬਿੰਦ ਗੁਨ ਗਾਵਤ ਸਾਧਸੰਗਿ ਦੁਖੁ ਜਾਇ ॥੧॥ ਰਹਾਉ ॥ ਜਾ ਕੈ ਰਾਮੁ ਬਸੈ ਮਨ ਮਾਹੀ ॥ ਸੋ ਜਨੁ ਦੁਤਰੁ ਪੇਖਤ ਨਾਹੀ ॥ ਸਗਲੇ ਕਾਜ ਸਵਾਰੇ ਅਪਨੇ ॥ ਹਰਿ ਹਰਿ ਨਾਮੁ ਰਸਨ ਨਿਤ ਜਪਨੇ ॥੧॥ ਜਿਸ ਕੈ ਮਸਤਕਿ ਹਾਥੁ ਗੁਰੁ ਧਰੈ ॥ ਸੋ ਦਾਸੁ ਅਦੇਸਾ ਕਾਹੇ ਕਰੈ ॥ ਜਨਮ ਮਰਣ ਕੀ ਚੂਕੀ ਕਾਣਿ ॥ ਪੂਰੇ ਗੁਰ ਊਪਰਿ ਕੁਰਬਾਣ ॥੨॥ ਗੁਰੁ ਪਰਮੇਸਰੁ ਭੇਟਿ ਨਿਹਾਲ ॥ ਸੋ ਦਰਸਨੁ ਪਾਏ ਜਿਸੁ ਹੋਇ ਦਇਆਲੁ ॥ ਪਾਰਬ੍ਰਹਮੁ ਜਿਸੁ ਕਿਰਪਾ ਕਰੈ ॥ ਸਾਧਸੰਗਿ ਸੋ ਭਵਜਲੁ ਤਰੈ ॥੩॥ ਅੰਮ੍ਰਿਤੁ ਪੀਵਹੁ ਸਾਧ ਪਿਆਰੇ ॥ ਮੁਖ ਊਜਲ ਸਾਚੈ ਦਰਬਾਰੇ ॥ ਅਨਦ ਕਰਹੁ ਤਜਿ ਸਗਲ ਬਿਕਾਰ ॥ ਨਾਨਕ ਹਰਿ ਜਪਿ ਉਤਰਹੁ ਪਾਰਿ ॥੪॥੪੨॥੫੩॥ {ਪੰਨਾ 899}

ਪਦਅਰਥ: ਰਾਜਾ ਰਾਮਚਾਨਣਰੂਪ ਪ੍ਰਭੂ, ਸਭ ਜੀਵਾਂ ਨੂੰ ਆਪਣੀ ਜੋਤਿ ਦਾ ਚਾਨਣ ਦੇਣ ਵਾਲਾ ਹਰੀ। ਗਾਵਤਗਾਂਦਿਆਂ। ਸਾਧ ਸੰਗਿਗੁਰੂ ਦੀ ਸੰਗਤਿ ਵਿਚ।੧।ਰਹਾਉ।

ਜਾ ਕੈ ਮਨ ਮਾਹੀਜਿਸ (ਮਨੁੱਖ) ਦੇ ਮਨ ਵਿਚ। ਦੁਤਰੁਬੜੀ ਔਖਿਆਈ ਨਾਲ ਤਰਿਆ ਜਾ ਸਕਣ ਵਾਲਾ ਸੰਸਾਰਸਮੁੰਦਰ। ਸਗਲੇਸਾਰੇ। ਰਸਨਜੀਭ (ਨਾਲ)੧।

ਜਿਸ ਕੈ—{ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ')ਕੈ ਮਸਤਕਿਦੇ ਮੱਥੇ ਉਤੇ। ਅਦੇਸਾਅੰਦੇਸ਼ਾ, ਚਿੰਤਾਫ਼ਿਕਰ। ਕਾਹੇਕਿਉਂ? ਕਾਣਿਮੁਥਾਜੀ, ਤੋਖ਼ਲਾ। ਕੁਰਬਾਣਸਦਕੇ, ਵਾਰਨੇ।੨।

ਭੇਟਿਮਿਲ ਕੇ। ਨਿਹਾਲਚੜ੍ਹਦੀ ਕਲਾ ਵਾਲਾ। ਸੋਉਹ ਬੰਦਾ। ਭਵਜਲੁਸੰਸਾਰਸਮੁੰਦਰ।੩।

ਸਾਧਹੇ ਸੰਤ ਜਨੋ! ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ ਨਾਮਰਸ। ਊਜਲਉਜਲੇ, ਬੇਦਾਗ਼। ਦਰਬਾਰੇਦਰਬਾਰਿ, ਦਰਬਾਰ ਵਿਚ। ਤਜਿਤਿਆਗ ਕੇ। ਬਿਕਾਰਮੰਦੇ ਕੰਮ। ਅਨਦਆਤਮਕ ਅਨੰਦ। ਜਪਿਜਪ ਕੇ।੪।

ਅਰਥ: ਹੇ ਭਾਈ! ਜਿਹੜੇ ਮਨੁੱਖ ਪ੍ਰਕਾਸ਼-ਸਰੂਪ ਪਰਮਾਤਮਾ ਦਾ ਆਸਰਾ ਲੈਂਦੇ ਹਨ, ਪਰਮਾਤਮਾ ਦੇ ਗੁਣ ਗਾਂਦਿਆਂ ਗਾਂਦਿਆਂ ਉਹ ਦੁਨੀਆ ਦੇ ਡਰਾਂ ਤੋਂ ਮੁਕਤ ਹੋ ਜਾਂਦੇ ਹਨ; ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹਨਾਂ ਦਾ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ।੧।ਰਹਾਉ।

ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ (ਦਾ ਨਾਮ) ਆ ਵੱਸਦਾ ਹੈ, ਉਹ ਮਨੁੱਖ ਔਖਿਆਈ ਨਾਲ ਤਰੇ ਜਾਣ ਵਾਲੇ ਇਸ ਸੰਸਾਰ-ਸਮੁੰਦਰ ਨੂੰ ਵੇਖਦਾ ਭੀ ਨਹੀਂ (ਉਸ ਦੇ ਰਸਤੇ ਵਿਚ) ਇਹ ਕੋਈ ਰੁਕਾਵਟ ਨਹੀਂ ਪਾਂਦਾ। ਪਰਮਾਤਮਾ ਦਾ ਨਾਮ (ਆਪਣੀ) ਜੀਭ ਨਾਲ ਨਿੱਤ ਜਪ ਜਪ ਕੇ ਉਹ ਮਨੁੱਖ ਆਪਣੇ ਸਾਰੇ ਕੰਮ ਸਿਰੇ ਚਾੜ੍ਹ ਲੈਂਦਾ ਹੈ।੧।

ਹੇ ਭਾਈ! ਇਸ ਮਨੁੱਖ ਦੇ ਮੱਥੇ ਉਤੇ ਗੁਰੂ (ਆਪਣਾ) ਹੱਥ ਰੱਖਦਾ ਹੈ, (ਪ੍ਰਭੂ ਦਾ ਉਹ) ਸੇਵਕ ਕਿਸੇ ਤਰ੍ਹਾਂ ਦਾ ਭੀ ਕੋਈ ਚਿੰਤਾ-ਫ਼ਿਕਰ ਨਹੀਂ ਕਰਦਾ। ਉਹ ਮਨੁੱਖ ਪੂਰੇ ਗੁਰੂ ਉਤੋਂ ਸਦਾ ਸਦਕੇ ਜਾਂਦਾ ਹੈ (ਆਪਣਾ ਆਪਾ ਵਾਰਦਾ ਰਹਿੰਦਾ ਹੈ, ਇਸ ਤਰ੍ਹਾਂ) ਉਸ ਦਾ ਜਨਮ ਮਰਨ ਦੇ ਗੇੜ ਦਾ ਡਰ ਮੁੱਕ ਜਾਂਦਾ ਹੈ।੨।

ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਪਰਮੇਸਰ ਮਿਲ ਪੈਂਦਾ ਹੈ, ਉਹ ਸਦਾ ਖਿੜਿਆ ਰਹਿੰਦਾ ਹੈ। (ਪਰ ਗੁਰੂ ਦਾ ਪਰਮੇਸਰ ਦਾ) ਦਰਸਨ ਉਹੀ ਮਨੁੱਖ ਪ੍ਰਾਪਤ ਕਰਦਾ ਹੈ, ਜਿਸ ਉਤੇ ਪ੍ਰਭੂ ਆਪ ਦਇਆਵਾਨ ਹੁੰਦਾ ਹੈ। ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਹ ਮਨੁੱਖ ਗੁਰੂ ਦੀ ਸੰਗਤਿ ਵਿਚ (ਰਹਿ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।੩।

ਹੇ ਪਿਆਰੇ ਸੰਤ ਜਨੋ! (ਤੁਸੀ ਭੀ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਰਹੋ, ਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ ਤੁਹਾਡੇ ਮੂੰਹ ਉਜਲੇ ਹੋਣਗੇ (ਤੁਹਾਨੂੰ ਉਥੇ ਆਦਰ-ਸਤਕਾਰ ਮਿਲੇਗਾ)ਹੇ ਨਾਨਕ! (ਆਖ-ਹੇ ਸੰਤ ਜਨੋ!) ਸਾਰੇ ਵਿਚਾਰ ਛੱਡ ਕੇ ਆਤਮਕ ਆਨੰਦ ਮਾਣਦੇ ਰਹੋ, ਪਰਮਾਤਮਾ ਦਾ ਨਾਮ ਜਪ ਕੇ ਤੁਸੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਉਗੇ।੪।੪੨।੫੩।

TOP OF PAGE

Sri Guru Granth Darpan, by Professor Sahib Singh