ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 896

ਰਾਮਕਲੀ ਮਹਲਾ ੫ ॥ ਜਿਸ ਕੀ ਤਿਸ ਕੀ ਕਰਿ ਮਾਨੁ ॥ ਆਪਨ ਲਾਹਿ ਗੁਮਾਨੁ ॥ ਜਿਸ ਕਾ ਤੂ ਤਿਸ ਕਾ ਸਭੁ ਕੋਇ ॥ ਤਿਸਹਿ ਅਰਾਧਿ ਸਦਾ ਸੁਖੁ ਹੋਇ ॥੧॥ ਕਾਹੇ ਭ੍ਰਮਿ ਭ੍ਰਮਹਿ ਬਿਗਾਨੇ ॥ ਨਾਮ ਬਿਨਾ ਕਿਛੁ ਕਾਮਿ ਨ ਆਵੈ ਮੇਰਾ ਮੇਰਾ ਕਰਿ ਬਹੁਤੁ ਪਛੁਤਾਨੇ ॥੧॥ ਰਹਾਉ ॥ਜੋ ਜੋ ਕਰੈ ਸੋਈ ਮਾਨਿ ਲੇਹੁ ॥ ਬਿਨੁ ਮਾਨੇ ਰਲਿ ਹੋਵਹਿ ਖੇਹ ॥ ਤਿਸ ਕਾ ਭਾਣਾ ਲਾਗੈ ਮੀਠਾ ॥ ਗੁਰ ਪ੍ਰਸਾਦਿ ਵਿਰਲੇ ਮਨਿ ਵੂਠਾ ॥੨॥ ਵੇਪਰਵਾਹੁ ਅਗੋਚਰੁ ਆਪਿ ॥ ਆਠ ਪਹਰ ਮਨ ਤਾ ਕਉ ਜਾਪਿ ॥ ਜਿਸੁ ਚਿਤਿ ਆਏ ਬਿਨਸਹਿ ਦੁਖਾ ॥ ਹਲਤਿ ਪਲਤਿ ਤੇਰਾ ਊਜਲ ਮੁਖਾ ॥੩॥ ਕਉਨ ਕਉਨ ਉਧਰੇ ਗੁਨ ਗਾਇ ॥ ਗਨਣੁ ਨ ਜਾਈ ਕੀਮ ਨ ਪਾਇ ॥ ਬੂਡਤ ਲੋਹ ਸਾਧਸੰਗਿ ਤਰੈ ॥ ਨਾਨਕ ਜਿਸਹਿ ਪਰਾਪਤਿ ਕਰੈ ॥੪॥੩੧॥੪੨॥ {ਪੰਨਾ 896}

ਪਦਅਰਥ: ਤਿਸ ਕੀ, ਜਿਸ ਕੀ—{ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਜਿਸੁ' ਅਤੇ 'ਤਿਸੁ' ਦਾ ੁ ਉੱਡ ਗਿਆ ਹੈ}ਜਿਸ ਕੀਜਿਸ ਕੀ ਦੇਹੀ, ਜਿਸ ਦਾ ਦਿੱਤਾ ਹੋਇਆ ਸਰੀਰ। ਕਰਿਕਰ ਕੇ, ਸਮਝ ਕੇ। ਮਾਨੁਮੰਨ, ਯਕੀਨ ਬਣਾ। ਗੁਮਾਨੁਅਹੰਕਾਰ। ਲਾਹਿਦੂਰ ਕਰ। ਸਭੁ ਕੋਇਹਰੇਕ ਜੀਵ। ਅਰਾਧਿਯਾਦ ਕਰਦਾ ਰਹੁ।੧।

ਕਾਹੇਕਿਉਂ? ਭ੍ਰਮਿਭਰਮ ਵਿਚ, ਭੁਲੇਖੇ ਵਿਚ। ਭ੍ਰਮਹਿਤੂੰ ਭਟਕਦਾ ਹੈਂ। ਬਿਗਾਨੇਹੇ ਓਪਰੇ ਬਣੇ ਹੋਏ! ਪਰਮਾਤਮਾ ਤੋਂ ਵਿਛੁੜੇ ਹੋਏ ਹੇ ਜੀਵ! ਕਾਮਿਕੰਮ ਵਿਚ। ਪਛੁਤਾਨੇਪਛੁਤਾਏ ਗਏ।੧।ਰਹਾਉ।

ਮਾਨਿ ਲੇਹੁਮੰਨ ਲੈ, ਭਲਾ ਕਰਕੇ ਮੰਨ। ਰਲਿਮਿਲ ਕੇ। ਭਾਣਾਰਜ਼ਾ। ਪ੍ਰਸਾਦਿਕਿਰਪਾ ਨਾਲ। ਮਨਿਮਨ ਵਿਚ। ਵੂਠਾਵੱਸਿਆ ਹੈ।੨।

ਵੇ ਪਰਵਾਹੁਬੇਮੁਥਾਜ। ਅਗੋਚਰੁ—{ਗੋਚਰ। ਗੋਗਿਆਨਇੰਦ੍ਰੇ। ਚਰਪਹੁੰਚ} ਜਿਸ ਤਕ ਗਿਆਨਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਤਾ ਕਉਉਸ (ਪ੍ਰਭੂ) ਨੂੰ। ਚਿਤਿਚਿੱਤ ਵਿਚ। ਚਿਤਿ ਆਏਚਿੱਤ ਵਿਚ ਵੱਸਿਆਂ। ਜਿਸੁ ਚਿਤਿ ਆਏਜਿਸ (ਪ੍ਰਭੂ ਦੇ ਸਾਡੇ) ਚਿੱਤ ਵਿਚ ਵੱਸਿਆਂ, ਜੇ ਉਹ ਪ੍ਰਭੂ ਸਾਡੇ ਚਿੱਤ ਵਿਚ ਆ ਵੱਸੇ। ਹਲਤਿਇਸ ਲੋਕ ਵਿਚ। ਪਲਤਿਪਰਲੋਕ ਵਿਚ। ਊਜਲਸਾਫ਼, ਬੇਦਾਗ਼। ਮੁਖਾਮੂੰਹ।੩।

ਉਧਰੇਪਾਰ ਲੰਘ ਗਏ। ਗਾਇਗਾ ਕੇ। ਗਨਣੁ ਨ ਜਾਈਇਹ ਲੇਖਾ ਗਿਣਿਆ ਨਹੀਂ ਜਾ ਸਕਦਾ। ਕੀਮ—(ਗੁਣ ਗਾਣ ਦੀ) ਕੀਮਤ। ਬੂਡਤਡੁੱਬਦਾ। ਲੋਹਲੋਹਾ, ਕਠੋਰਚਿੱਤ ਬੰਦਾ। ਸਾਧ ਸੰਗਿਗੁਰੂ ਦੀ ਸੰਗਤਿ ਵਿਚ। ਤਰੈਗਾਵਣ ਦਾ ਉੱਦਮ ਕਰਦਾ ਹੈ। ਜਿਸਹਿ ਪਰਾਪਤਿਜਿਸ ਨੂੰ (ਇਹ ਦਾਤਿ) ਮਿਲਣੀ ਹੋਵੇ।੪।

ਅਰਥ: ਹੇ ਪ੍ਰਭੂ ਤੋਂ ਵਿਛੁੜੇ ਹੋਏ ਜੀਵ! ਕਿਉਂ (ਅਪਣੱਤ ਦੇ) ਭੁਲੇਖੇ ਵਿਚ ਪੈ ਕੇ ਭਟਕ ਰਿਹਾ ਹੈਂ? ਪਰਮਾਤਮਾ ਦੇ ਨਾਮ ਤੋਂ ਬਿਨਾ (ਹੋਰ ਕੋਈ ਸ਼ੈ ਕਿਸੇ ਦੇ) ਕੰਮ ਨਹੀਂ ਆਉਂਦੀ। (ਇਹ) ਮੇਰਾ (ਸਰੀਰ ਹੈ, ਇਹ) ਮੇਰਾ (ਧਨ ਹੈ)-ਇਉਂ ਆਖ ਆਖ ਕੇ (ਅਨੇਕਾਂ ਹੀ ਜੀਵ) ਬਹੁਤ ਪਛੁਤਾਂਦੇ ਗਏ।੧।ਰਹਾਉ।

ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ (ਇਹ ਸਰੀਰ ਆਦਿਕ) ਹੈ, ਉਸੇ ਦਾ ਹੀ ਮੰਨ। (ਇਹ ਸਰੀਰ ਆਦਿਕ ਮੇਰਾ ਹੈ ਮੇਰਾ ਹੈ) ਆਪਣਾ (ਇਹ ਅਹੰਕਾਰ ਦੂਰ ਕਰ)ਹਰੇਕ ਜੀਵ ਉਸੇ ਪ੍ਰਭੂ ਦਾ ਬਣਾਇਆ ਹੋਇਆ ਹੈ ਜਿਸ ਦਾ ਤੂੰ ਪੈਦਾ ਕੀਤਾ ਹੋਇਆ ਹੈਂ। ਉਸ ਪ੍ਰਭੂ ਦਾ ਸਿਮਰਨ ਕੀਤਿਆਂ ਸਦਾ ਆਤਮਕ ਸੁਖ ਮਿਲਦਾ ਹੈ।੧।

ਹੇ ਭਾਈ! ਪਰਮਾਤਮਾ ਜੋ ਕੁਝ ਕਰਦਾ ਹੈ ਉਸੇ ਨੂੰ ਠੀਕ ਮੰਨਿਆ ਕਰ। (ਰਜ਼ਾ ਨੂੰ) ਮੰਨਣ ਤੋਂ ਬਿਨਾ (ਮਿੱਟੀ ਵਿਚ) ਮਿਲ ਕੇ ਮਿੱਟੀ ਹੋ ਜਾਏਂਗਾ। ਹੇ ਭਾਈ! ਜਿਸ ਕਿਸੇ ਬੰਦੇ ਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਦੀ ਹੈ ਗੁਰੂ ਦੀ ਕਿਰਪਾ ਨਾਲ ਉਸ ਦੇ ਮਨ ਵਿਚ ਪਰਮਾਤਮਾ ਆਪ ਆ ਵੱਸਦਾ ਹੈ।੨।

ਹੇ ਮਨ! ਜਿਸ ਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਜੀਵ ਦੇ ਗਿਆਨ-ਇੰਦ੍ਰਿਆਂ ਦੀ ਜਿਸ ਤਕ ਪਹੁੰਚ ਨਹੀਂ ਹੋ ਸਕਦੀ, ਹੇ ਮਨ! ਅੱਠੇ ਪਹਿਰ ਉਸ ਨੂੰ ਜਪਿਆ ਕਰ। ਜੇ ਉਹ ਪਰਮਾਤਮਾ (ਤੇਰੇ) ਚਿੱਤ ਵਿਚ ਆ ਵੱਸੇ, ਤਾਂ ਤੇਰੇ ਸਾਰੇ ਦੁੱਖ ਨਾਸ ਹੋ ਜਾਣਗੇ, ਇਸ ਲੋਕ ਵਿਚ ਅਤੇ ਪਰਲੋਕ ਵਿਚ ਤੇਰਾ ਮੂੰਹ ਉਜਲਾ ਰਹੇਗਾ।੩।

ਹੇ ਭਾਈ! ਇਸ ਗੱਲ ਦਾ ਲੇਖਾ ਨਹੀਂ ਕੀਤਾ ਜਾ ਸਕਦਾ ਕਿ ਪਰਮਾਤਮਾ ਦੇ ਗੁਣ ਗਾ ਗਾ ਕੇ ਕੌਣ ਕੌਣ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ। ਪਰਮਾਤਮਾ ਦੇ ਗੁਣ ਗਾਣ ਦਾ ਮੁੱਲ ਨਹੀਂ ਪੈ ਸਕਦਾ। ਲੋਹੇ ਵਰਗਾ ਕਠੋਰ-ਚਿੱਤ ਬੰਦਾ ਭੀ ਗੁਰੂ ਦੀ ਸੰਗਤਿ ਵਿਚ ਰਹਿ ਕੇ ਪਾਰ ਲੰਘ ਜਾਂਦਾ ਹੈ। ਪਰ, ਹੇ ਨਾਨਕ! (ਗੁਣ ਗਾਣ ਦਾ ਉੱਦਮ ਉਹੀ ਮਨੁੱਖ) ਕਰਦਾ ਹੈ ਜਿਸ ਨੂੰ ਧੁਰੋਂ ਇਹ ਦਾਤਿ ਪ੍ਰਾਪਤ ਹੋਵੇ।੪।੩੧।੪੨।

ਰਾਮਕਲੀ ਮਹਲਾ ੫ ॥ ਮਨ ਮਾਹਿ ਜਾਪਿ ਭਗਵੰਤੁ ॥ ਗੁਰਿ ਪੂਰੈ ਇਹੁ ਦੀਨੋ ਮੰਤੁ ॥ ਮਿਟੇ ਸਗਲ ਭੈ ਤ੍ਰਾਸ ॥ ਪੂਰਨ ਹੋਈ ਆਸ ॥੧॥ ਸਫਲ ਸੇਵਾ ਗੁਰਦੇਵਾ ॥ ਕੀਮਤਿ ਕਿਛੁ ਕਹਣੁ ਨ ਜਾਈ ਸਾਚੇ ਸਚੁ ਅਲਖ ਅਭੇਵਾ ॥੧॥ ਰਹਾਉ ॥ਕਰਨ ਕਰਾਵਨ ਆਪਿ ॥ ਤਿਸ ਕਉ ਸਦਾ ਮਨ ਜਾਪਿ ॥ ਤਿਸ ਕੀ ਸੇਵਾ ਕਰਿ ਨੀਤ ॥ ਸਚੁ ਸਹਜੁ ਸੁਖੁ ਪਾਵਹਿ ਮੀਤ ॥੨॥ ਸਾਹਿਬੁ ਮੇਰਾ ਅਤਿ ਭਾਰਾ ॥ ਖਿਨ ਮਹਿ ਥਾਪਿ ਉਥਾਪਨਹਾਰਾ ॥ ਤਿਸੁ ਬਿਨੁ ਅਵਰੁ ਨ ਕੋਈ ॥ ਜਨ ਕਾ ਰਾਖਾ ਸੋਈ ॥੩॥ ਕਰਿ ਕਿਰਪਾ ਅਰਦਾਸਿ ਸੁਣੀਜੈ ॥ ਅਪਣੇ ਸੇਵਕ ਕਉ ਦਰਸਨੁ ਦੀਜੈ ॥ ਨਾਨਕ ਜਾਪੀ ਜਪੁ ਜਾਪੁ ॥ ਸਭ ਤੇ ਊਚ ਜਾ ਕਾ ਪਰਤਾਪੁ ॥੪॥੩੨॥੪੩॥ {ਪੰਨਾ 896}

ਪਦਅਰਥ: ਜਾਪਿਜਪਿਆ ਕਰ। ਭਗਵੰਤੁਭਗਵਾਨ (ਦਾ ਨਾਮ)ਗੁਰਿ ਪੂਰੈਪੂਰੇ ਗੁਰੂ ਨੇ। ਮੰਤੁਉਪਦੇਸ਼। ਭੈ—{ਲਫ਼ਜ਼ 'ਭਉ' ਤੋਂ ਬਹੁ-ਵਚਨ}ਤ੍ਰਾਸਡਰ, ਸਹਿਮ।੧।

ਗੁਰਦੇਵਾਸਭ ਤੋਂ ਵੱਡਾ ਦੇਵਤਾ, ਪ੍ਰਭੂ। ਸਚੁਸਦਾ ਕਾਇਮ ਰਹਿਣ ਵਾਲਾ। ਸਾਚੇ ਕੀਮਤਿਸਦਾ ਕਾਇਮ ਰਹਿਣ ਵਾਲੇ ਦੀ ਕੀਮਤ। ਅਲਖਜਿਸ ਦੇ ਸਰੂਪ ਦਾ ਸਹੀ ਬਿਆਨ ਨਾਹ ਹੋ ਸਕੇ। ਅਭੇਵਾਜਿਸ ਦਾ ਭੇਤ ਨ ਪੈ ਸਕੇ।੧।ਰਹਾਉ।

ਜਿਸ ਕਉ—{ਸੰਬੰਧਕ 'ਕਉ' ਦੇ ਕਾਰਨ ਲਫ਼ਜ਼ 'ਤਿਸ' ਦਾ ੁ ਉੱਡ ਗਿਆ ਹੈ}ਮਨਹੇ ਮਨ! ਨੀਤਨਿੱਤ। ਸਚੁ ਸੁਖੁਅਟੱਲ ਸੁਖ। ਸਹਜਆਤਮਕ ਅਡੋਲਤਾ। ਮੀਤਹੇ ਮਿੱਤਰ!੨।

ਸਾਹਿਬੁਮਾਲਕ। ਅਤਿ ਭਾਰਾਬਹੁਤ ਗੰਭੀਰ। ਥਾਪਿਪੈਦਾ ਕਰ ਕੇ। ਉਥਾਪਨਹਾਰਾਨਾਸ ਕਰਨ ਵਾਲਾ। ਜਨਦਾਸ, ਸੇਵਕ।੩।

ਕਰਿਕਰ ਕੇ। ਸੁਣੀਜੈਮਿਹਰ ਕਰ ਕੇ ਸੁਣੋ ਜੀ। ਕਉਨੂੰ। ਦੀਜੈਦਿਹੁ ਜੀ। ਜਾਪੀਜਾਪੀਂ, ਮੈਂ ਜਪਦਾ ਰਹਾਂ। ਜਾ ਕਾਜਿਸ (ਪਰਮਾਤਮਾ) ਦਾ। ਪਰਤਾਪੁਤੇਜ, ਬਲ।੪।

ਅਰਥ: ਹੇ ਭਾਈ! ਸਭ ਤੋਂ ਵੱਡੇ ਦੇਵਤੇ ਪ੍ਰਭੂ ਦੀ ਭਗਤੀ-ਸੇਵਾ (ਜ਼ਰੂਰ) ਫਲ ਦੇਣ ਵਾਲੀ ਹੈ। ਉਹ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਉਸ ਸਦਾ-ਥਿਰ ਅਲੱਖ ਤੇ ਅਭੇਵ ਪ੍ਰਭੂ ਦਾ ਰਤਾ ਭਰ ਭੀ ਮੁੱਲ ਦੱਸਿਆ ਨਹੀਂ ਜਾ ਸਕਦਾ।੧।ਰਹਾਉ।

ਹੇ ਭਾਈ! ਪੂਰੇ ਗੁਰੂ ਨੇ (ਜਿਸ ਮਨੁੱਖ ਨੂੰ) ਇਹ ਉਪਦੇਸ਼ ਦਿੱਤਾ ਕਿ ਆਪਣੇ ਮਨ ਵਿਚ ਭਗਵਾਨ ਦਾ ਨਾਮ ਜਪਿਆ ਕਰ, ਉਸ ਮਨੁੱਖ ਦੇ ਸਾਰੇ ਡਰ ਸਹਿਮ ਮਿਟ ਜਾਂਦੇ ਹਨ, ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ।੧।

ਹੇ (ਮੇਰੇ) ਮਨ! ਜਿਹੜਾ ਪ੍ਰਭੂ ਆਪ ਸਭ ਕੁਝ ਕਰਨ-ਜੋਗਾ ਤੇ ਹੋਰਨਾਂ ਪਾਸੋਂ ਕਰਾ ਸਕਦਾ ਹੈ, ਉਸ ਨੂੰ ਸਦਾ ਸਿਮਰਿਆ ਕਰ। ਹੇ ਮਿੱਤਰ! ਉਸ ਪ੍ਰਭੂ ਦੀ ਸਦਾ ਸੇਵਾ-ਭਗਤੀ ਕਰਿਆ ਕਰ, ਤੂੰ ਅਟੱਲ ਸੁਖ ਮਾਣੇਂਗਾ, ਤੂੰ ਆਤਮਕ ਅਡੋਲਤਾ ਹਾਸਲ ਕਰ ਲਏਂਗਾ।੨।

ਹੇ ਭਾਈ! ਮੇਰਾ ਮਾਲਕ-ਪ੍ਰਭੂ ਬਹੁਤ ਗੰਭੀਰ ਹੈ, ਇਕ ਖਿਨ ਵਿਚ ਪੈਦਾ ਕਰ ਕੇ ਨਾਸ ਭੀ ਕਰ ਸਕਦਾ ਹੈ। ਉਹ ਪ੍ਰਭੂ ਆਪਣੇ ਸੇਵਕ ਦਾ ਆਪ ਹੀ ਰਾਖਾ ਹੈ, ਉਸ ਤੋਂ ਬਿਨਾ ਕੋਈ ਹੋਰ ਰੱਖਿਆ ਕਰ ਸਕਣ ਵਾਲਾ ਨਹੀਂ ਹੈ।੩।

ਜਿਸ ਪਰਮਾਤਮਾ ਦਾ ਤੇਜ-ਬਲ ਸਭਨਾਂ ਤੋਂ ਉੱਚਾ ਹੈ (ਉਸ ਦੇ ਦਰ ਤੇ) ਹੇ ਨਾਨਕ! (ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਕਿਰਪਾ ਕਰ ਕੇ ਮੇਰੀ ਅਰਜ਼ੋਈ ਸੁਣ, ਆਪਣੇ ਸੇਵਕ ਨੂੰ ਦਰਸ਼ਨ ਦੇਹ, ਮੈਂ (ਤੇਰਾ ਸੇਵਕ) ਸਦਾ ਤੇਰੇ ਨਾਮ ਦਾ ਜਾਪ ਜਪਦਾ ਰਹਾਂ।੪।੩੨।੪੩।

ਰਾਮਕਲੀ ਮਹਲਾ ੫ ॥ ਬਿਰਥਾ ਭਰਵਾਸਾ ਲੋਕ ॥ ਠਾਕੁਰ ਪ੍ਰਭ ਤੇਰੀ ਟੇਕ ॥ ਅਵਰ ਛੂਟੀ ਸਭ ਆਸ ॥ਅਚਿੰਤ ਠਾਕੁਰ ਭੇਟੇ ਗੁਣਤਾਸ ॥੧॥ ਏਕੋ ਨਾਮੁ ਧਿਆਇ ਮਨ ਮੇਰੇ ॥ ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ ॥੧॥ ਰਹਾਉ ॥ ਤੁਮ ਹੀ ਕਾਰਨ ਕਰਨ ॥ ਚਰਨ ਕਮਲ ਹਰਿ ਸਰਨ ॥ਮਨਿ ਤਨਿ ਹਰਿ ਓਹੀ ਧਿਆਇਆ ॥ ਆਨੰਦ ਹਰਿ ਰੂਪ ਦਿਖਾਇਆ ॥੨॥ ਤਿਸ ਹੀ ਕੀ ਓਟ ਸਦੀਵ ॥ ਜਾ ਕੇ ਕੀਨੇ ਹੈ ਜੀਵ ॥ ਸਿਮਰਤ ਹਰਿ ਕਰਤ ਨਿਧਾਨ ॥ ਰਾਖਨਹਾਰ ਨਿਦਾਨ ॥੩॥ ਸਰਬ ਕੀ ਰੇਣ ਹੋਵੀਜੈ ॥ ਆਪੁ ਮਿਟਾਇ ਮਿਲੀਜੈ ॥ ਅਨਦਿਨੁ ਧਿਆਈਐ ਨਾਮੁ ॥ ਸਫਲ ਨਾਨਕ ਇਹੁ ਕਾਮੁ ॥੪॥੩੩॥੪੪॥ {ਪੰਨਾ 896}

ਪਦਅਰਥ: ਬਿਰਥਾ—{वृथा} ਬਿਅਰਥ। ਭਰਵਾਸਾਭਰੋਸਾ, ਸਹਾਇਤਾ ਦੀ ਆਸ। ਠਾਕੁਰ ਪ੍ਰਭਹੇ ਠਾਕੁਰ! ਹੇ ਪ੍ਰਭੂ! ਟੇਕਸਹਾਰਾ। ਛੂਟੀਮੁੱਕ ਗਈ। ਅਚਿੰਤਚਿੰਤਾਰਹਿਤ। ਠਾਕੁਰ ਭੇਟੇਠਾਕੁਰ ਨੂੰ ਮਿਲਿਆਂ। ਗੁਣਤਾਸਗੁਣਾਂ ਦਾ ਖ਼ਜ਼ਾਨਾ।੧।

ਮਨਹੇ ਮਨ! ਹੋਵੈ ਪੂਰਾਸਿਰੇ ਚੜ੍ਹ ਜਾਏਗਾ। ਕਾਰਜੁ—(ਸਿਮਰਨ ਕਰਨ ਵਾਲਾ ਇਹ) ਕੰਮ।੧।ਰਹਾਉ।

ਕਾਰਨ ਕਰਨਕਰਨ ਦਾ ਕਾਰਨ, ਕੀਤੇ ਹੋਏ (ਜਗਤ) ਦਾ ਬਣਾਣ ਵਾਲਾ। ਹਰਿਹੇ ਹਰੀ! ਮਨਿਮਨ ਵਿਚ। ਤਨਿਤਨ ਵਿਚ, ਹਿਰਦੇ ਵਿਚ। ਆਨੰਦ ਹਰਿ ਰੂਪਆਨੰਦਰੂਪ ਹਰਿ। ਦਿਖਾਇਆ—(ਗੁਰੂ ਨੇ) ਵਿਖਾ ਦਿੱਤਾ।੨।

ਸਦੀਵਸਦਾ ਹੀ। ਓਟਆਸਰਾ। ਜਾ ਕੇ ਕੀਨੇਜਿਸ (ਪ੍ਰਭੂ) ਦੇ ਬਣਾਏ ਹੋਏ। ਹਰਿ ਕਰਤ—'ਹਰਿ ਹਰਿ' ਕਰਦਿਆਂ, ਹਰਿਨਾਮ ਸਿਮਰਦਿਆਂ। ਨਿਧਾਨਖ਼ਜ਼ਾਨੇ। ਨਿਦਾਨਓੜਕ ਨੂੰ।੩।

ਰੇਣਚਰਨਧੂੜ। ਹੋਵੀਜੈਹੋ ਜਾਣਾ ਚਾਹੀਦਾ ਹੈ। ਆਪੁਆਪਾਭਾਵ, ਅਹੰਕਾਰ। ਮਿਟਾਇਮਿਟਾ ਕੇ। ਮਿਲੀਜੈਮਿਲ ਸਕੀਦਾ ਹੈ। ਅਨਦਿਨੁ—{अनुदिनं} ਹਰ ਰੋਜ਼, ਹਰ ਵੇਲੇ। ਕਾਮੁਕੰਮ।੪।

ਅਰਥ: ਹੇ ਮੇਰੇ ਮਨ! ਸਿਰਫ਼ ਪਰਮਾਤਮਾ ਦਾ ਨਾਮ ਸਿਮਰਿਆ ਕਰ, ਸਦਾ ਪਰਮਾਤਮਾ ਦੇ ਗੁਣ ਗਾਇਆ ਕਰ। ਤੇਰਾ ਇਹ ਕੰਮ ਜ਼ਰੂਰ ਸਿਰੇ ਚੜ੍ਹੇਗਾ (ਭਾਵ, ਜ਼ਰੂਰ ਫਲ ਦੇਵੇਗਾ)੧।ਰਹਾਉ।

ਹੇ ਮਨ! ਦੁਨੀਆ ਦੀ ਮਦਦ ਦੀ ਆਸ ਰੱਖਣੀ ਵਿਅਰਥ ਹੈ। ਹੇ ਮੇਰੇ ਠਾਕੁਰ! ਹੇ ਮੇਰੇ ਪ੍ਰਭੂ! (ਮੈਨੂੰ ਤਾਂ) ਤੇਰਾ ਹੀ ਆਸਰਾ ਹੈ। ਹੇ ਭਾਈ! ਜਿਹੜਾ ਮਨੁੱਖ ਗੁਣਾਂ ਦੇ ਖ਼ਜ਼ਾਨੇ ਚਿੰਤਾ-ਰਹਿਤ ਮਾਲਕ-ਪ੍ਰਭੂ ਨੂੰ ਮਿਲ ਪੈਂਦਾ ਹੈ, (ਦੁਨੀਆ ਤੋਂ ਕਿਸੇ ਮਦਦ ਦੀ) ਹਰੇਕ ਆਸ (ਉਸ ਦੀ) ਮੁੱਕ ਜਾਂਦੀ ਹੈ।੧।

ਹੇ ਪ੍ਰਭੂ! ਇਸ ਜਗਤ-ਰਚਨਾ ਦਾ ਬਣਾਣ ਵਾਲਾ ਤੂੰ ਹੀ ਹੈਂ। (ਮੈਂ ਤਾਂ ਸਦਾ) ਤੇਰੇ ਸੋਹਣੇ ਚਰਨਾਂ ਦੀ ਸਰਨ ਵਿਚ ਰਹਿੰਦਾ ਹਾਂ। ਹੇ ਭਾਈ! ਜਿਸ ਮਨੁੱਖ ਨੇ ਆਪਣੇ ਮਨ ਵਿਚ ਹਿਰਦੇ ਵਿਚ ਸਿਰਫ਼ ਉਸ ਪਰਮਾਤਮਾ ਨੂੰ ਹੀ ਸਿਮਰਿਆ ਹੈ, (ਗੁਰੂ ਨੇ) ਉਸ ਨੂੰ ਆਨੰਦ-ਰੂਪ ਪ੍ਰਭੂ ਦਾ ਦਰਸ਼ਨ ਕਰਾ ਦਿੱਤਾ ਹੈ।੨।

ਹੇ ਮੇਰੇ ਮਨ! ਸਦਾ ਹੀ ਉਸੇ ਪ੍ਰਭੂ ਦਾ ਹੀ ਆਸਰਾ ਲਈ ਰੱਖ, ਜਿਸ ਦੇ ਪੈਦਾ ਕੀਤੇ ਹੋਏ ਇਹ ਸਾਰੇ ਜੀਵ ਹਨ। ਹੇ ਮਨ! ਪਰਮਾਤਮਾ ਦਾ ਨਾਮ ਸਿਮਰਦਿਆਂ (ਸਾਰੇ) ਖ਼ਜ਼ਾਨੇ (ਮਿਲ ਜਾਂਦੇ ਹਨ। ਹੇ ਮਨ! (ਜਦੋਂ ਹੋਰ ਸਾਰੇ ਸਹਾਰੇ ਮੁੱਕ ਜਾਣ, ਤਾਂ) ਅੰਤ ਨੂੰ ਪਰਮਾਤਮਾ ਹੀ ਰੱਖਿਆ ਕਰ ਸਕਣ ਵਾਲਾ ਹੈ।੩।

ਹੇ ਮੇਰੇ ਮਨ! ਸਭਨਾਂ ਦੇ ਚਰਨਾਂ ਦੀ ਧੂੜ ਬਣੇ ਰਹਿਣਾ ਚਾਹੀਦਾ ਹੈ, (ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਕੇ ਹੀ ਪਰਮਾਤਮਾ ਨੂੰ ਮਿਲ ਸਕੀਦਾ ਹੈ। ਹੇ ਮਨ! ਪਰਮਾਤਮਾ ਦਾ ਨਾਮ ਹਰ ਵੇਲੇ ਸਿਮਰਨਾ ਚਾਹੀਦਾ ਹੈ। ਹੇ ਨਾਨਕ! (ਸਿਮਰਨ ਕਰਨ ਦਾ) ਇਹ ਕੰਮ ਜ਼ਰੂਰ ਫਲ ਦੇਂਦਾ ਹੈ।੪।੩੩।੪੪।

ਰਾਮਕਲੀ ਮਹਲਾ ੫ ॥ ਕਾਰਨ ਕਰਨ ਕਰੀਮ ॥ਸਰਬ ਪ੍ਰਤਿਪਾਲ ਰਹੀਮ ॥ ਅਲਹ ਅਲਖ ਅਪਾਰ ॥ਖੁਦਿ ਖੁਦਾਇ ਵਡ ਬੇਸੁਮਾਰ ॥੧॥ ਓ‍ੁਂ ਨਮੋ ਭਗਵੰਤ ਗੁਸਾਈ ॥ ਖਾਲਕੁ ਰਵਿ ਰਹਿਆ ਸਰਬ ਠਾਈ ॥੧॥ ਰਹਾਉ ॥ ਜਗੰਨਾਥ ਜਗਜੀਵਨ ਮਾਧੋ ॥ ਭਉ ਭੰਜਨ ਰਿਦ ਮਾਹਿ ਅਰਾਧੋ ॥ ਰਿਖੀਕੇਸ ਗੋਪਾਲ ਗਵਿੰਦ ॥ ਪੂਰਨ ਸਰਬਤ੍ਰ ਮੁਕੰਦ ॥੨॥ ਮਿਹਰਵਾਨ ਮਉਲਾ ਤੂਹੀ ਏਕ ॥ ਪੀਰ ਪੈਕਾਂਬਰ ਸੇਖ ॥ ਦਿਲਾ ਕਾ ਮਾਲਕੁ ਕਰੇ ਹਾਕੁ ॥ ਕੁਰਾਨ ਕਤੇਬ ਤੇ ਪਾਕੁ ॥੩॥ ਨਾਰਾਇਣ ਨਰਹਰ ਦਇਆਲ ॥ ਰਮਤ ਰਾਮ ਘਟ ਘਟ ਆਧਾਰ ॥ ਬਾਸੁਦੇਵ ਬਸਤ ਸਭ ਠਾਇ ॥ ਲੀਲਾ ਕਿਛੁ ਲਖੀ ਨ ਜਾਇ ॥੪॥ ਮਿਹਰ ਦਇਆ ਕਰਿ ਕਰਨੈਹਾਰ ॥ ਭਗਤਿ ਬੰਦਗੀ ਦੇਹਿ ਸਿਰਜਣਹਾਰ ॥ ਕਹੁ ਨਾਨਕ ਗੁਰਿ ਖੋਏ ਭਰਮ ॥ ਏਕੋ ਅਲਹੁ ਪਾਰਬ੍ਰਹਮ ॥੫॥੩੪॥੪੫॥ {ਪੰਨਾ 896-897}

ਪਦਅਰਥ: ਕਾਰਨਸਬੱਬ, ਮੂਲ। ਕਰਨਕੀਤਾ ਹੋਇਆ ਜਗਤ। ਕਾਰਨ ਕਰਨਜਗਤ ਦਾ ਪੈਦਾ ਕਰਨ ਵਾਲਾ। ਕਰਮੁਬਖ਼ਸ਼ਸ਼। ਕਰੀਮਬਖ਼ਸ਼ਸ਼ ਕਰਨ ਵਾਲਾ। ਪ੍ਰਤਿਪਾਲਪਾਲਣ ਵਾਲਾ। ਰਹੀਮਰਹਿਮ ਕਰਨ ਵਾਲਾ। ਅਲਹਰੱਬ {ਪ੍ਰਭੂ ਦਾ ਮੁਸਲਮਾਨੀ ਨਾਮ}ਅਲਖਅਲੱਖ, ਜਿਸ ਦਾ ਸਹੀ ਸਰੂਪ ਬਿਆਨ ਨ ਹੋ ਸਕੇ। ਖੁਦਿਖ਼ੁਦਿ, ਆਪ ਹੀ। ਖੁਦਾਇਮਾਲਕ। ਬੇਸੁਮਾਰਗਿਣਤੀਮਿਣਤੀ ਤੋਂ ਬਾਹਰਾ।੧।

ਓ‍ੁਂ ਨਮੋ—{ਅੱਖਰ '' ਨੂੰ ਦੋ ਲਗਾਂ ਹਨ ੋ ਅਤੇ ੁ। ਅਸਲ ਹੈ 'ਓਂ', ਇਥੇ ਪੜ੍ਹਨਾ ਹੈ ''}, ਓਂਨਮੋ, ਸਰਬਵਿਆਪਕ ਨੂੰ ਨਮਸਕਾਰ। ਨਮੋਨਮਸਕਾਰ। ਗੁਸਾਈਗੋਸਾਈਂ, ਧਰਤੀ ਦਾ ਮਾਲਕ। ਖਾਲਕੁਖ਼ਲਕਤ ਦਾ ਪੈਦਾ ਕਰਨ ਵਾਲਾ। ਰਵਿ ਰਹਿਆਵਿਆਪਕ ਹੈ, ਮੌਜੂਦ ਹੈ। ਸਰਬਸਾਰੇ। ਠਾਈਠਾਈਂ, ਥਾਵਾਂ ਵਿਚ।੧।ਰਹਾਉ।

ਮਾਧੋ—{ਮਾਧਵ} ਮਾਇਆ ਦਾ ਪਤੀ। ਅਰਾਧੋਅਰਾਧੁ, ਸਿਮਰਨਜੋਗ। ਰਿਦਹਿਰਦਾ। ਰਿਖੀਕੇਸ—{हृषीकईश} ਇੰਦ੍ਰਿਆਂ ਦਾ ਮਾਲਕ। ਗਵਿੰਦ—{ਅੱਖਰ '' ਦੇ ਨਾਲ ਲਗਾਂ ਹਨ ੋ ਅਤੇ ੁ। ਅਸਲ ਲਫ਼ਜ਼ 'ਗੋਵਿੰਦ' ਹੈ, ਇਥੇ 'ਗੁਵਿੰਦ' ਪੜ੍ਹਨਾ ਹੈ}ਸਰਬਤ੍ਰਸਭ ਥਾਈਂ {सर्वत्र}ਮੁਕੰਦਮੁਕਤੀਦਾਤਾ।੨।

ਮਉਲਾ—{ਅਰਬੀ ਲਫ਼ਜ਼} ਨਜਾਤ (ਮੁਕਤੀ) ਦੇਣ ਵਾਲਾ। ਪੈਕਾਂਬਰਪੈਗ਼ੰਬਰ {ਪੈਗ਼ਾਮਬਰ} ਰੱਬ ਦਾ ਸੁਨੇਹਾ ਲਿਆਉਣ ਵਾਲਾ। ਸੇਖਸ਼ੇਖ। ਹਾਕੁਹੱਕ, ਨਿਆਂ, ਇਨਸਾਫ਼। ਕਰੇ ਹਾਕੁਹੱਕੋਹੱਕ ਕਰਦਾ ਹੈ, ਨਿਆਂ ਕਰਦਾ ਹੈ। ਤੇਤੋਂ। ਪਾਕੁ—(ਭਾਵ, ਵੱਖਰਾ)੩।

{ਨੋਟ: ਲਫ਼ਜ਼ 'ਹਾਕੁ' ਪੁਲਿੰਗ ਇਕ-ਵਚਨ ਹੈ। ਲਫ਼ਜ਼ 'ਹਾਕ' ਇਸਤ੍ਰੀ-ਲਿੰਗ, ਜਿਸ ਦਾ ਅਰਥ ਹੈ 'ਆਵਾਜ਼'ਜਿਵੇਂ 'ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ ਮਾਇਆ'}

ਨਾਰਾਇਣਜਲ ਵਿਚ ਨਿਵਾਸ ਰੱਖਣ ਵਾਲਾ, ਵਿਸ਼ਨੂ, ਪਰਮਾਤਮਾ। ਨਰਹਰਨਰਸਿੰਘ। ਰਮਤਸਭ ਵਿਚ ਰਮਿਆ ਹੋਇਆ। ਘਟ ਘਟ ਆਧਾਰਹਰੇਕ ਹਿਰਦੇ ਦਾ ਆਸਰਾ। ਬਾਸੁਦੇਵ—{ਸ੍ਰੀ ਕ੍ਰਿਸ਼ਨ} ਪਰਮਾਤਮਾ। ਠਾਇਥਾਂ ਵਿਚ। ਲੀਲਾਇਕ ਚੋਜ, ਕੌਤਕ, ਖੇਡ। ਲਖੀ ਨ ਜਾਇਬਿਆਨ ਨਹੀਂ ਹੋ ਸਕਦੀ।੪।

ਕਰਨੈਹਾਰਹੇ ਪੈਦਾ ਕਰਨ ਵਾਲੇ! ਸਿਰਜਣਹਾਰਹੇ ਸਿਰਜਣਹਾਰ! ਨਾਨਕਹੇ ਨਾਨਕ! ਗੁਰਿਗੁਰੂ ਨੇ। ਖੋਏਨਾਸ ਕੀਤੇ। ਭਰਮਭੁਲੇਖੇ।੫।

ਅਰਥ: ਹੇ ਭਗਵਾਨ! ਹੇ ਧਰਤੀ ਦੇ ਖਸਮ! ਤੈਨੂੰ ਸਰਬ-ਵਿਆਪਕ ਨੂੰ ਨਮਸਕਾਰ ਹੈ। ਤੂੰ (ਸਾਰੀ) ਖ਼ਲਕਤ ਦਾ ਪੈਦਾ ਕਰਨ ਵਾਲਾ ਸਭਨੀਂ ਥਾਈਂ ਮੌਜੂਦ ਹੈਂ।੧।ਰਹਾਉ।

ਹੇ ਜਗਤ ਦੇ ਮੂਲ! ਹੇ ਬਖ਼ਸ਼ਸ਼ ਕਰਨ ਵਾਲੇ! ਹੇ ਸਭ ਜੀਵਾਂ ਨੂੰ ਪਾਲਣ ਵਾਲੇ! ਹੇ (ਸਭਨਾਂ ਉਤੇ) ਰਹਿਮ ਕਰਨ ਵਾਲੇ! ਹੇ ਅੱਲਾਹ! ਹੇ ਅਲੱਖ! ਹੇ ਅਪਾਰ! ਤੂੰ ਆਪ ਹੀ ਸਭਨਾਂ ਦਾ ਖਸਮ ਹੈਂ, ਤੂੰ ਬੜਾ ਬੇਅੰਤ ਹੈਂ।੧।

ਹੇ ਜਗਤ ਦੇ ਨਾਥ! ਹੇ ਜਗਤ ਦੇ ਜੀਵਨ! ਹੇ ਮਾਇਆ ਦੇ ਪਤੀ! ਹੇ (ਜੀਵਾਂ ਦਾ ਹਰੇਕ) ਡਰ ਨਾਸ ਕਰਨ ਵਾਲੇ! ਹੇ ਹਿਰਦੇ ਵਿਚ ਆਰਾਧਨ-ਜੋਗ! ਹੇ ਇੰਦ੍ਰਿਆਂ ਦੇ ਮਾਲਕ! ਹੇ ਗੋਪਾਲ! ਹੇ ਗੋਵਿੰਦ! ਹੇ ਮੁਕਤੀ-ਦਾਤੇ! ਸਭਨੀਂ ਥਾਈਂ ਵਿਆਪਕ ਹੈਂ।੨।

ਹੇ ਮਿਹਰਵਾਨ! ਸਿਰਫ਼ ਤੂੰ ਹੀ ਪੀਰਾਂ ਪੈਗ਼ੰਬਰਾਂ ਸ਼ੇਖਾਂ (ਸਭ ਨੂੰ) ਨਜਾਤ ਦੇਣ ਵਾਲਾ ਹੈਂ। (ਹੇ ਭਾਈ! ਉਹੀ ਮੌਲਾ ਸਭਨਾਂ ਦੇ) ਦਿਲਾਂ ਦਾ ਮਾਲਕ ਹੈ, (ਸਭ ਦੇ ਦਿਲ ਦੀ ਜਾਣਨ ਵਾਲਾ ਉਹ ਸਦਾ) ਹੱਕੋ-ਹੱਕ ਕਰਦਾ ਹੈ। ਉਹ ਮੌਲਾ ਕੁਰਾਨ ਅਤੇ ਹੋਰ ਪੱਛਮੀ ਧਾਰਮਿਕ ਪੁਸਤਕਾਂ ਦੇ ਦੱਸੇ ਸਰੂਪ ਤੋਂ ਵੱਖਰਾ ਹੈ।੩।

ਹੇ ਭਾਈ! ਉਹ ਦਇਆ ਦਾ ਸੋਮਾ ਪਰਮਾਤਮਾ ਆਪ ਹੀ ਨਾਰਾਇਣ ਹੈ ਆਪ ਹੀ ਨਰਸਿੰਘ ਹੈ। ਉਹ ਰਾਮ ਸਭਨਾਂ ਵਿਚ ਰਮਿਆ ਹੋਇਆ ਹੈ, ਹਰੇਕ ਹਿਰਦੇ ਦਾ ਆਸਰਾ ਹੈ। ਉਹੀ ਬਾਸੁਦੇਵ ਹੈ ਜੋ ਸਭਨੀਂ ਥਾਈਂ ਵੱਸ ਰਿਹਾ ਹੈ। ਉਸ ਦੀ ਖੇਡ ਕੁਝ ਭੀ ਬਿਆਨ ਨਹੀਂ ਕੀਤੀ ਜਾ ਸਕਦੀ।੪।

ਹੇ ਸਭ ਜੀਵਾਂ ਦੇ ਰਚਨਹਾਰ! ਹੇ ਸਿਰਜਣਹਾਰ! ਮਿਹਰ ਕਰ ਕੇ ਦਇਆ ਕਰ ਕੇ ਤੂੰ ਆਪ ਹੀ ਜੀਵਾਂ ਨੂੰ ਆਪਣੀ ਭਗਤੀ ਦੇਂਦਾ ਹੈਂ ਆਪਣੀ ਬੰਦਗੀ ਦੇਂਦਾ ਹੈਂ। ਹੇ ਨਾਨਕ! ਆਖ-ਗੁਰੂ ਨੇ (ਜਿਸ ਮਨੁੱਖ ਦੇ) ਭੁਲੇਖੇ ਦੂਰ ਕਰ ਦਿੱਤੇ, ਉਸ ਨੂੰ (ਮੁਸਲਮਾਨਾਂ ਦਾ) ਅੱਲਾਹ ਅਤੇ (ਹਿੰਦੂਆਂ ਦਾ) ਪਾਰਬ੍ਰਹਮ ਇੱਕੋ ਹੀ ਦਿੱਸ ਪੈਂਦੇ ਹਨ।੫।੩੪।੪੫।

TOP OF PAGE

Sri Guru Granth Darpan, by Professor Sahib Singh