ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 895

ਰਾਮਕਲੀ ਮਹਲਾ ੫ ॥ ਸਗਲ ਸਿਆਨਪ ਛਾਡਿ ॥ਕਰਿ ਸੇਵਾ ਸੇਵਕ ਸਾਜਿ ॥ ਅਪਨਾ ਆਪੁ ਸਗਲ ਮਿਟਾਇ ॥ ਮਨ ਚਿੰਦੇ ਸੇਈ ਫਲ ਪਾਇ ॥੧॥ ਹੋਹੁ ਸਾਵਧਾਨ ਅਪੁਨੇ ਗੁਰ ਸਿਉ ॥ ਆਸਾ ਮਨਸਾ ਪੂਰਨ ਹੋਵੈ ਪਾਵਹਿ ਸਗਲ ਨਿਧਾਨ ਗੁਰ ਸਿਉ ॥੧॥ ਰਹਾਉ ॥ ਦੂਜਾ ਨਹੀ ਜਾਨੈ ਕੋਇ ॥ ਸਤਗੁਰੁ ਨਿਰੰਜਨੁ ਸੋਇ ॥ ਮਾਨੁਖ ਕਾ ਕਰਿ ਰੂਪੁ ਨ ਜਾਨੁ ॥ ਮਿਲੀ ਨਿਮਾਨੇ ਮਾਨੁ ॥੨॥ ਗੁਰ ਕੀ ਹਰਿ ਟੇਕ ਟਿਕਾਇ ॥ ਅਵਰ ਆਸਾ ਸਭ ਲਾਹਿ ॥ ਹਰਿ ਕਾ ਨਾਮੁ ਮਾਗੁ ਨਿਧਾਨੁ ॥ ਤਾ ਦਰਗਹ ਪਾਵਹਿ ਮਾਨੁ ॥੩॥ ਗੁਰ ਕਾ ਬਚਨੁ ਜਪਿ ਮੰਤੁ ॥ ਏਹਾ ਭਗਤਿ ਸਾਰ ਤਤੁ ॥ ਸਤਿਗੁਰ ਭਏ ਦਇਆਲ ॥ਨਾਨਕ ਦਾਸ ਨਿਹਾਲ ॥੪॥੨੮॥੩੯॥ {ਪੰਨਾ 895}

ਪਦਅਰਥ: ਸਗਲ ਸਿਆਨਪਸਾਰੀਆਂ ਚਤੁਰਾਈਆਂ, ਇਹੋ ਜਿਹੇ ਖ਼ਿਆਲ ਕਿ ਤੂੰ ਬੜਾ ਸਿਆਣਾ ਹੈਂ। ਸੇਵਕ ਸਾਜਿਸੇਵਕ ਦੀ ਮਰਯਾਦਾ ਨਾਲ, ਸੇਵਕ ਬਣ ਕੇ। ਆਪੁਆਪਾਭਾਵ। ਮਨ ਚਿੰਦੇਮਨ ਦੇ ਚਿਤਵੇ ਹੋਏ। ਪਾਇਪਾਂਦਾ ਹੈ।੧।

ਸਾਵਧਾਨਅਵਧਾਨ, ਅਵਧਾਨ ਸਹਿਤ, ਧਿਆਨ ਸਹਿਤ। ਗੁਰ ਸਿਉਗੁਰੂ ਨਾਲ। ਮਨਸਾਮਨ ਦਾ ਫੁਰਨਾ। ਪਾਵਹਿਤੂੰ ਪ੍ਰਾਪਤ ਕਰੇਂਗਾ। ਨਿਧਾਨਖ਼ਜ਼ਾਨੇ।੧।ਰਹਾਉ।

ਜਾਨੈਜਾਣਦਾ। ਨਿਰੰਜਨੁ—{ਨਿਰਅੰਜਨੁ} ਮਾਇਆਰਹਿਤ ਪ੍ਰਭੂ ਨੂੰ। ਨ ਜਾਨੁਨਾਹ ਸਮਝ। ਮਿਲੀਮਿਲਦਾ ਹੈ। ਮਾਨੁਆਦਰ।੨।

ਟੇਕਆਸਰਾ। ਟੇਕ ਟਿਕਾਇਆਸਰਾ ਲੈ। ਲਾਹਿਦੂਰ ਕਰ ਦੇ। ਮਾਗੁਮੰਗ। ਨਿਧਾਨੁਖ਼ਜ਼ਾਨਾ।੩।

ਮੰਤੁਮੰਤਰ, ਉਪਦੇਸ਼। ਜਪਿਜਪਿਆ ਕਰ। ਸਾਰਸ੍ਰੇਸ਼ਟ। ਤਤੁਅਸਲੀਅਤ। ਨਿਹਾਲਪ੍ਰਸੰਨ, ਚੜ੍ਹਦੀ ਕਲਾ ਵਾਲੇ।

ਅਰਥ: ਹੇ ਭਾਈ! ਆਪਣੇ ਗੁਰੂ ਦੇ ਉਪਦੇਸ਼ ਵਲ, ਪੂਰਾ ਧਿਆਨ ਰੱਖਿਆ ਕਰ, ਤੇਰੀ (ਹਰੇਕ) ਆਸ ਪੂਰੀ ਹੋ ਜਾਇਗੀ, ਤੇਰਾ (ਹਰੇਕ) ਮਨ ਦਾ ਫੁਰਨਾ ਪੂਰਾ ਹੋ ਜਾਇਗਾ। ਆਪਣੇ ਗੁਰੂ ਪਾਸੋਂ ਤੂੰ ਸਾਰੇ ਖ਼ਜ਼ਾਨੇ ਹਾਸਲ ਕਰ ਲਏਂਗਾ।੧।ਰਹਾਉ।

ਹੇ ਭਾਈ! ਇਹੋ ਜਿਹੇ ਸਾਰੇ ਖ਼ਿਆਲ ਛੱਡ ਦੇਹ ਕਿ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਤੂੰ ਬੜਾ ਸਿਆਣਾ ਹੈਂ, ਸੇਵਕ ਵਾਲੀ ਭਾਵਨਾ ਨਾਲ (ਗੁਰੂ ਦੇ ਦਰ ਤੇ) ਸੇਵਾ ਕਰਿਆ ਕਰ। (ਜਿਹੜਾ ਮਨੁੱਖ ਗੁਰੂ ਦੇ ਦਰ ਤੇ) ਆਪਣਾ ਸਾਰਾ ਆਪਾ-ਭਾਵ ਮਿਟਾ ਦੇਂਦਾ ਹੈ, ਉਹੀ ਮਨ ਦੇ ਚਿਤਵੇ ਹੋਏ ਫਲ ਪ੍ਰਾਪਤ ਕਰਦਾ ਹੈ।੧।

ਹੇ ਭਾਈ! ਗੁਰੂ ਉਸ ਮਾਇਆ-ਰਹਿਤ ਨਿਰਲੇਪ ਪ੍ਰਭੂ ਨੂੰ ਹੀ (ਹਰ ਥਾਂ) ਜਾਣਦਾ ਹੈ, ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਵੱਖਰੀ ਹਸਤੀ) ਨਹੀਂ ਜਾਣਦਾ, (ਇਸ ਵਾਸਤੇ ਗੁਰੂ ਨੂੰ) ਨਿਰਾ ਮਨੁੱਖ ਦਾ ਰੂਪ ਹੀ ਨਾਹ ਸਮਝ ਰੱਖ। (ਗੁਰੂ ਦੇ ਦਰ ਤੋਂ ਉਸੇ ਮਨੁੱਖ ਨੂੰ) ਆਦਰ ਮਿਲਦਾ ਹੈ ਜੋ (ਆਪਣੀ ਸਿਆਣਪ ਦਾ) ਅਹੰਕਾਰ ਛੱਡ ਦੇਂਦਾ ਹੈ।੨।

ਹੇ ਭਾਈ! ਪ੍ਰਭੂ ਦੇ ਰੂਪ ਗੁਰੂ ਦਾ ਹੀ ਆਸਰਾ-ਪਰਨਾ ਫੜ, ਹੋਰ (ਆਸਰਿਆਂ ਦੀਆਂ) ਸਭ ਆਸਾਂ (ਮਨ ਵਿਚੋਂ) ਦੂਰ ਕਰ ਦੇਹ। (ਗੁਰੂ ਦੇ ਦਰ ਤੋਂ ਹੀ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਮੰਗਿਆ ਕਰ, ਤਦੋਂ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ-ਸਤਕਾਰ ਪ੍ਰਾਪਤ ਕਰੇਂਗਾ।੩।

ਹੇ ਭਾਈ! ਗੁਰੂ ਦਾ ਬਚਨ ਗੁਰੂ ਦਾ ਸ਼ਬਦ-ਮੰਤ੍ਰ (ਸਦਾ) ਜਪਿਆ ਕਰ, ਇਹੀ ਵਧੀਆ ਭਗਤੀ ਹੈ, ਇਹੀ ਹੈ ਭਗਤੀ ਦੀ ਅਸਲੀਅਤ। ਹੇ ਨਾਨਕ! ਜਿਨ੍ਹਾਂ ਮਨੁੱਖਾਂ ਉਤੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਉਹ ਦਾਸ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ।੪।੨੮।੩੯।

ਰਾਮਕਲੀ ਮਹਲਾ ੫ ॥ ਹੋਵੈ ਸੋਈ ਭਲ ਮਾਨੁ ॥ ਆਪਨਾ ਤਜਿ ਅਭਿਮਾਨੁ ॥ ਦਿਨੁ ਰੈਨਿ ਸਦਾ ਗੁਨ ਗਾਉ ॥ ਪੂਰਨ ਏਹੀ ਸੁਆਉ ॥੧॥ ਆਨੰਦ ਕਰਿ ਸੰਤ ਹਰਿ ਜਪਿ ॥ ਛਾਡਿ ਸਿਆਨਪ ਬਹੁ ਚਤੁਰਾਈ ਗੁਰ ਕਾ ਜਪਿ ਮੰਤੁ ਨਿਰਮਲ ॥੧॥ ਰਹਾਉ ॥ ਏਕ ਕੀ ਕਰਿ ਆਸ ਭੀਤਰਿ ॥ ਨਿਰਮਲ ਜਪਿ ਨਾਮੁ ਹਰਿ ਹਰਿ ॥ ਗੁਰ ਕੇ ਚਰਨ ਨਮਸਕਾਰਿ ॥ ਭਵਜਲੁ ਉਤਰਹਿ ਪਾਰਿ ॥੨॥ ਦੇਵਨਹਾਰ ਦਾਤਾਰ ॥ਅੰਤੁ ਨ ਪਾਰਾਵਾਰ ॥ ਜਾ ਕੈ ਘਰਿ ਸਰਬ ਨਿਧਾਨ ॥ ਰਾਖਨਹਾਰ ਨਿਦਾਨ ॥੩॥ ਨਾਨਕ ਪਾਇਆ ਏਹੁ ਨਿਧਾਨ ॥ ਹਰੇ ਹਰਿ ਨਿਰਮਲ ਨਾਮ ॥ ਜੋ ਜਪੈ ਤਿਸ ਕੀ ਗਤਿ ਹੋਇ ॥ ਨਾਨਕ ਕਰਮਿ ਪਰਾਪਤਿ ਹੋਇ ॥੪॥੨੯॥੪੦॥ {ਪੰਨਾ 895}

ਪਦਅਰਥ: ਹੋਵੈਜੋ ਕੁਝ ਪ੍ਰਭੂ ਦੀ ਰਜ਼ਾ ਅਨੁਸਾਰ ਹੋ ਰਿਹਾ ਹੈ। ਸੋਈਉਸੇ ਨੂੰ। ਭਲਭਲਾ, ਚੰਗਾ। ਮਾਨੁਮੰਨ। ਤਜਿਛੱਡ। ਰੈਨਿਰਾਤ। ਗਾਉਗਾਂਦਾ ਰਹੁ। ਸੁਆਉਜੀਵਨਮਨੋਰਥ। ਪੂਰਨਮੁਕੰਮਲ, ਠੀਕ।੧।

ਸੰਤ ਹਰਿ ਜਪਿਸੰਤਪ੍ਰਭੂ ਦਾ ਨਾਮ ਜਪਦਾ ਰਹੁ। ਮੰਤੁਮੰਤਰ, ਸ਼ਬਦ। ਨਿਰਮਲਪਵਿੱਤਰ।੧।ਰਹਾਉ।

ਭੀਤਰਿਆਪਣੇ ਅੰਦਰ। ਨਮਸਕਾਰਿਸਿਰ ਨਿਵਾਇਆ ਕਰ। ਭਵਜਲੁਸੰਸਾਰਸਮੁੰਦਰ।੨।

ਦੇਵਨਹਾਰਸਭ ਕੁਝ ਦੇਣ ਦੀ ਤਾਕਤ ਵਾਲਾ। ਪਾਰਾਵਾਰਪਾਰਅਵਾਰ, ਪਾਰਲਾ ਉਰਲਾ ਬੰਨਾ। ਜਾ ਕੈ ਘਰਿਜਿਸ (ਪ੍ਰਭੂ) ਦੇ ਘਰ ਵਿਚ। ਸਰਬਸਾਰੇ। ਨਿਦਾਨਆਖ਼ਰ ਨੂੰ, ਜਦੋਂ ਹੋਰ ਸਾਰੀਆਂ ਆਸਾਂ ਮੁੱਕ ਜਾਣ।੩।

ਜੋਜਿਹੜਾ ਮਨੁੱਖ। ਤਿਸ ਕੀ—{ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}ਗਤਿਉੱਚੀ ਆਤਮਕ ਅਵਸਥਾ। ਕਰਮਿ—(ਪ੍ਰਭੂ ਦੀ) ਬਖ਼ਸ਼ਸ਼ ਦੀ ਰਾਹੀਂ।੪।

ਅਰਥ: ਹੇ ਭਾਈ! ਇਹ ਖ਼ਿਆਲ ਛੱਡ ਦੇਹ ਕਿ ਗੁਰੂ ਦੀ ਅਗਵਾਈ ਤੋਂ ਬਿਨਾ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਤੂੰ ਬੜਾ ਸਿਆਣਾ ਤੇ ਚਤੁਰ ਹੈਂ। ਗੁਰੂ ਦਾ ਪਵਿੱਤਰ ਸ਼ਬਦ-ਮੰਤ੍ਰ ਜਪਿਆ ਕਰ, (ਸ਼ਾਂਤੀ ਦੇ ਸੋਮੇ) ਸੰਤ-ਹਰੀ ਦਾ ਨਾਮ ਜਪਿਆ ਕਰ ਤੇ (ਇਸ ਤਰ੍ਹਾਂ) ਆਤਮਕ ਆਨੰਦ (ਸਦਾ) ਮਾਣ।੧।ਰਹਾਉ।

ਹੇ ਭਾਈ! ਜੋ ਕੁਝ ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ ਉਸੇ ਨੂੰ ਭਲਾ ਮੰਨ, ਆਪਣਾ (ਸਿਆਣਪ ਦਾ) ਮਾਣ ਛੱਡ ਦੇਹ। ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹੁ; ਬੱਸ! ਇਹੀ ਹੈ ਠੀਕ ਜੀਵਨ-ਮਨੋਰਥ।੧।

ਹੇ ਭਾਈ! ਇਕ ਪਰਮਾਤਮਾ ਦੀ (ਸਹਾਇਤਾ ਦੀ) ਆਸ ਆਪਣੇ ਮਨ ਵਿਚ ਟਿਕਾਈ ਰੱਖ, ਪਰਮਾਤਮਾ ਦਾ ਪਵਿੱਤਰ ਨਾਮ ਸਦਾ ਜਪਦਾ ਰਹੁ; ਗੁਰੂ ਦੇ ਚਰਨਾਂ ਉਤੇ ਆਪਣਾ ਸਿਰ ਨਿਵਾਈ ਰੱਖ, (ਇਸ ਤਰ੍ਹਾਂ) ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ।੨।

(ਹੇ ਭਾਈ! ਇਹ ਯਾਦ ਰੱਖ ਕਿ) ਦਾਤਾਂ ਦੇਣ ਵਾਲਾ ਪ੍ਰਭੂ (ਸਭ ਕੁਝ) ਦੇਣ ਦੇ ਸਮਰੱਥ ਹੈ, ਉਸ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਹੇ ਭਾਈ! ਜਿਸ ਪ੍ਰਭੂ ਦੇ ਘਰ ਵਿਚ ਸਾਰੇ ਖ਼ਜ਼ਾਨੇ ਮੌਜੂਦ ਹਨ, ਉਹੀ ਆਖ਼ਰ ਰੱਖਿਆ ਕਰਨ ਜੋਗਾ ਹੈ।੩।

ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦੇ ਪਵਿੱਤਰ ਨਾਮ ਦਾ ਇਹ ਖ਼ਜ਼ਾਨਾ ਲੱਭ ਲਿਆ, ਜੋ ਮਨੁੱਖ ਇਸ ਨਾਮ ਨੂੰ (ਸਦਾ) ਜਪਦਾ ਹੈ ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ। ਪਰ, ਹੇ ਨਾਨਕ! ਇਹ ਨਾਮ-ਖ਼ਜ਼ਾਨਾ ਪਰਮਾਤਮਾ ਦੀ ਮਿਹਰ ਨਾਲ ਹੀ ਮਿਲਦਾ ਹੈ।੪।੨੯।੪੦।

ਰਾਮਕਲੀ ਮਹਲਾ ੫ ॥ ਦੁਲਭ ਦੇਹ ਸਵਾਰਿ ॥ਜਾਹਿ ਨ ਦਰਗਹ ਹਾਰਿ ॥ ਹਲਤਿ ਪਲਤਿ ਤੁਧੁ ਹੋਇ ਵਡਿਆਈ ॥ ਅੰਤ ਕੀ ਬੇਲਾ ਲਏ ਛਡਾਈ ॥੧॥ ਰਾਮ ਕੇ ਗੁਨ ਗਾਉ ॥ਹਲਤੁ ਪਲਤੁ ਹੋਹਿ ਦੋਵੈ ਸੁਹੇਲੇ ਅਚਰਜ ਪੁਰਖੁ ਧਿਆਉ ॥੧॥ ਰਹਾਉ ॥ਊਠਤ ਬੈਠਤ ਹਰਿ ਜਾਪੁ ॥ ਬਿਨਸੈ ਸਗਲ ਸੰਤਾਪੁ ॥ ਬੈਰੀ ਸਭਿ ਹੋਵਹਿ ਮੀਤ ॥ ਨਿਰਮਲੁ ਤੇਰਾ ਹੋਵੈ ਚੀਤ ॥੨॥ ਸਭ ਤੇ ਊਤਮ ਇਹੁ ਕਰਮੁ ॥ ਸਗਲ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਸਿਮਰਨਿ ਤੇਰਾ ਹੋਇ ਉਧਾਰੁ ॥ ਜਨਮ ਜਨਮ ਕਾ ਉਤਰੈ ਭਾਰੁ ॥੩॥ ਪੂਰਨ ਤੇਰੀ ਹੋਵੈ ਆਸ ॥ ਜਮ ਕੀ ਕਟੀਐ ਤੇਰੀ ਫਾਸ ॥ ਗੁਰ ਕਾ ਉਪਦੇਸੁ ਸੁਨੀਜੈ ॥ ਨਾਨਕ ਸੁਖਿ ਸਹਜਿ ਸਮੀਜੈ ॥੪॥੩੦॥੪੧॥ {ਪੰਨਾ 895}

ਪਦਅਰਥ: ਦੁਲਭਦੁਰਲੱਭ, ਜੋ ਮੁਸ਼ਕਿਲ ਨਾਲ ਮਿਲੀ ਹੈ। ਦੇਹਦੇਹੀ, ਸਰੀਰ। ਸਵਾਰਿਸਵਾਰ ਲੈ, ਸਫਲ ਕਰ ਲੈ। ਹਾਰਿਹਾਰ ਕੇ। ਹਲਤਿਇਸ ਲੋਕ ਵਿਚ। ਪਲਤਿਪਰਲੋਕ ਵਿਚ। ਬੇਲਾਵੇਲੇ।੧।

ਗਾਉਗਾਂਦਾ ਰਹੁ। ਹਲਤੁਇਹ ਲੋਕ। ਪਲਤੁਪਰਲੋਕ। ਹੋਹਿਹੋ ਜਾਣ। ਸੁਹੇਲੇਸੌਖੇ। ਧਿਆਉਧਿਆਇਆ ਕਰ, ਧਿਆਨ ਧਰਿਆ ਕਰ।੧।ਰਹਾਉ।

ਜਾਪੁਭਜਨ ਕਰ। ਸਗਲਸਾਰਾ। ਸੰਤਾਪੁਦੁੱਖਕਲੇਸ਼। ਸਭਿਸਾਰੇ। ਚੀਤਚਿੱਤ।੨।

ਤੇਤੋਂ। ਸਿਮਰਨਿਸਿਮਰਨ ਦੀ ਰਾਹੀਂ। ਉਧਾਰੁਪਾਰਉਤਾਰਾ।੩।

ਕਟੀਐਕੱਟੀ ਜਾਂਦੀ ਹੈ, ਕੱਟੀ ਜਾਇਗੀ। ਸੁਨੀਜੈਸੁਣਨਾ ਚਾਹੀਦਾ ਹੈ। ਸੁਖਿਸੁਖ ਵਿਚ। ਸਹਜਿਆਤਮਕ ਅਡੋਲਤਾ ਵਿਚ। ਸਮੀਜੈਟਿਕ ਜਾਈਦਾ ਹੈ।੪।

ਅਰਥ: (ਹੇ ਭਾਈ!) ਪਰਮਾਤਮਾ ਦੇ ਗੁਣ ਗਾਇਆ ਕਰ, ਅਚਰਜ-ਰੂਪ ਅਕਾਲ ਪੁਰਖ ਦਾ ਧਿਆਨ ਧਰਿਆ ਕਰ, (ਇਸ ਤਰ੍ਹਾਂ ਤੇਰਾ) ਇਹ ਲੋਕ (ਅਤੇ ਤੇਰਾ) ਪਰਲੋਕ ਦੋਵੇਂ ਸੁਖੀ ਹੋ ਜਾਣਗੇ।੧।ਰਹਾਉ।

(ਹੇ ਭਾਈ! ਪਰਮਾਤਮਾ ਦੇ ਗੁਣ ਗਾ ਕੇ) ਇਸ ਮਨੁੱਖਾ ਸਰੀਰ ਨੂੰ ਸਫਲ ਕਰ ਲੈ ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ, (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਤੂੰ ਇਥੋਂ ਮਨੁੱਖਾ ਜਨਮ ਦੀ ਬਾਜੀ) ਹਾਰ ਕੇ ਦਰਗਾਹ ਵਿਚ ਨਹੀਂ ਜਾਏਂਗਾ; ਤੈਨੂੰ ਇਸ ਲੋਕ ਵਿਚ ਅਤੇ ਪਰਲੋਕ ਵਿਚ ਸੋਭਾ ਮਿਲੇਗੀ। (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਤੈਨੂੰ ਅਖ਼ੀਰ ਵੇਲੇ ਭੀ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਛਡਾ ਲਏਗੀ।੧।

(ਹੇ ਭਾਈ!) ਉਠਦਿਆਂ ਬੈਠਦਿਆਂ (ਹਰ ਵੇਲੇ) ਪਰਮਾਤਮਾ ਦਾ ਨਾਮ ਜਪਿਆ ਕਰ, (ਨਾਮ ਦੀ ਬਰਕਤਿ ਨਾਲ) ਸਾਰਾ ਦੁੱਖ-ਕਲੇਸ਼ ਮਿਟ ਜਾਂਦਾ ਹੈ। (ਨਾਮ ਜਪਿਆਂ ਤੇਰੇ) ਸਾਰੇ ਵੈਰੀ (ਤੇਰੇ) ਮਿੱਤਰ ਬਣ ਜਾਣਗੇ, ਤੇਰਾ ਆਪਣਾ ਮਨ (ਵੈਰ ਆਦਿਕ ਤੋਂ) ਪਵਿੱਤਰ ਹੋ ਜਾਏਗਾ।੨।

(ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨਾ ਹੀ) ਸਾਰੇ ਕੰਮਾਂ ਤੋਂ ਚੰਗਾ ਕੰਮ ਹੈ, ਸਾਰੇ ਧਰਮਾਂ ਵਿਚੋਂ ਇਹੀ ਵਧੀਆ ਧਰਮ ਹੈ। ਹੇ ਭਾਈ! ਪਰਮਾਤਮਾ ਦਾ ਸਿਮਰਨ ਕਰਨ ਨਾਲ ਤੇਰਾ ਪਾਰ-ਉਤਾਰਾ ਹੋ ਜਾਏਗਾ। (ਸਿਮਰਨ ਦੀ ਬਰਕਤਿ ਨਾਲ) ਅਨੇਕਾਂ ਜਨਮਾਂ (ਦੇ ਵਿਕਾਰਾਂ ਦੀ ਮੈਲ) ਦਾ ਭਾਰ ਲਹਿ ਜਾਂਦਾ ਹੈ।੩।

(ਹੇ ਭਾਈ! ਸਿਮਰਨ ਕਰਦਿਆਂ) ਤੇਰੀ (ਹਰੇਕ) ਆਸ ਪੂਰੀ ਹੋ ਜਾਏਗੀ, ਤੇਰੀ ਜਮਾਂ ਵਾਲੀ ਫਾਹੀ (ਭੀ) ਕੱਟੀ ਜਾਏਗੀ। ਹੇ ਨਾਨਕ! (ਆਖ-ਹੇ ਭਾਈ!) ਗੁਰੂ ਦਾ (ਇਹ ਨਾਮ ਸਿਮਰਨ ਦਾ) ਉਪਦੇਸ਼ (ਸਦਾ) ਸੁਣਨਾ ਚਾਹੀਦਾ ਹੈ, (ਇਸ ਦੀ ਬਰਕਤਿ ਨਾਲ) ਆਤਮਕ ਸੁਖ ਵਿਚ ਆਤਮਕ ਅਡੋਲਤਾ ਵਿਚ ਟਿਕ ਜਾਈਦਾ ਹੈ।੪।੩੦।੪੧।

TOP OF PAGE

Sri Guru Granth Darpan, by Professor Sahib Singh