ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 892

ਰਾਮਕਲੀ ਮਹਲਾ ੫ ॥ ਆਤਮ ਰਾਮੁ ਸਰਬ ਮਹਿ ਪੇਖੁ ॥ ਪੂਰਨ ਪੂਰਿ ਰਹਿਆ ਪ੍ਰਭ ਏਕੁ ॥ ਰਤਨੁ ਅਮੋਲੁ ਰਿਦੇ ਮਹਿ ਜਾਨੁ ॥ ਅਪਨੀ ਵਸਤੁ ਤੂ ਆਪਿ ਪਛਾਨੁ ॥੧॥ ਪੀ ਅੰਮ੍ਰਿਤੁ ਸੰਤਨ ਪਰਸਾਦਿ ॥ ਵਡੇ ਭਾਗ ਹੋਵਹਿ ਤਉ ਪਾਈਐ ਬਿਨੁ ਜਿਹਵਾ ਕਿਆ ਜਾਣੈ ਸੁਆਦੁ ॥੧॥ ਰਹਾਉ ॥ ਅਠ ਦਸ ਬੇਦ ਸੁਨੇ ਕਹ ਡੋਰਾ ॥ ਕੋਟਿ ਪ੍ਰਗਾਸ ਨ ਦਿਸੈ ਅੰਧੇਰਾ ॥ ਪਸੂ ਪਰੀਤਿ ਘਾਸ ਸੰਗਿ ਰਚੈ ॥ ਜਿਸੁ ਨਹੀ ਬੁਝਾਵੈ ਸੋ ਕਿਤੁ ਬਿਧਿ ਬੁਝੈ ॥੨॥ ਜਾਨਣਹਾਰੁ ਰਹਿਆ ਪ੍ਰਭੁ ਜਾਨਿ ॥ ਓਤਿ ਪੋਤਿ ਭਗਤਨ ਸੰਗਾਨਿ ॥ ਬਿਗਸਿ ਬਿਗਸਿ ਅਪੁਨਾ ਪ੍ਰਭੁ ਗਾਵਹਿ ॥ ਨਾਨਕ ਤਿਨ ਜਮ ਨੇੜਿ ਨ ਆਵਹਿ ॥੩॥੧੯॥੩੦॥ {ਪੰਨਾ 892}

ਪਦਅਰਥ: ਆਤਮਰਾਮੁਸਰਬਵਿਆਪਕ ਆਤਮਾ। ਰਾਮੁਸਭ ਵਿਚ ਰਮਿਆ ਹੋਇਆ। ਸਰਬ ਮਹਿਸਭਨਾਂ ਵਿਚ। ਪੇਖੁਵੇਖ। ਪੂਰਨਪੂਰੇ ਤੌਰ ਤੇ। ਪੂਰਿ ਰਹਿਆਵਿਆਪਕ ਹੈ। ਅਮੋਲੁਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ।੧।

ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ ਨਾਮਜਲ। ਪਰਸਾਦਿਕਿਰਪਾ ਨਾਲ। ਹੋਵਹਿ—(ਜੇ) ਹੋਣ। ਤਉਤਾਂ, ਤਦੋਂ। ਪਾਈਐਪ੍ਰਾਪਤ ਕਰੀਦਾ ਹੈ। ਬਿਨੁ ਜਿਹਵਾਜੀਭ (ਨਾਮ ਜਪਣ) ਤੋਂ ਬਿਨਾ। ਕਿਆਕੀਹ?੧।ਰਹਾਉ।

ਅਠ ਦਸਅੱਠ ਤੇ ਦਸ, ਅਠਾਰਾਂ (ਪੁਰਾਣ। ਬੇਦਚਾਰ ਵੇਦ। ਸੁਨੇ ਕਹਕਿੱਥੇ ਸੁਣ ਸਕਦਾ ਹੈ? ਕੋਟਿਕ੍ਰੋੜਾਂ (ਸੂਰਜ)ਅੰਧੇਰਾ—(ਜਿਸ ਦੀਆਂ ਅੱਖਾਂ ਅੱਗੇ) ਹਨੇਰਾ ਹੈ, ਅੰਨ੍ਹਾ। ਸੰਗਿਨਾਲ। ਰਚੈਮਸਤ ਰਹਿੰਦਾ ਹੈ। ਬੁਝਾਵੈਸਮਝ ਦੇਂਦਾ। ਕਿਤੁ ਬਿਧਿਕਿਸ ਤਰੀਕੇ ਨਾਲ? ਬੁਝੈਸਮਝ ਸਕੇ।੨।

ਜਾਨਣਹਾਰੁਜਾਣ ਸਕਣ ਵਾਲਾ। ਜਾਨਿ ਰਹਿਆਹਰ ਵੇਲੇ ਜਾਣਦਾ ਹੈ। ਓਤਉਣਿਆ ਹੋਇਆ। ਪ੍ਰੋਤਪ੍ਰੋਤਾ ਹੋਇਆ। ਓਤਿ ਪੋਤਿਜਿਵੇਂ ਉਣਿਆ ਹੋਇਆ ਪ੍ਰੋਤਾ ਹੋਇਆ ਹੋਵੇ, ਤਾਣੇ ਪੇਟੇ ਵਾਂਗ। ਸੰਗਾਨਿਸੰਗਿ, ਨਾਲ। ਬਿਗਸਿਖਿੜ ਕੇ, ਖ਼ੁਸ਼ ਹੋ ਕੇ। ਗਾਵਹਿਜੋ ਬੰਦੇ ਗਾਂਦੇ ਹਨ। ਤਿਨ ਨੇੜਿਉਹਨਾਂ ਦੇ ਨੇੜੇ। ਜਮਧਰਮਰਾਜ ਦੇ ਦੂਤ {ਬਹੁ-ਵਚਨ}੩।

ਅਰਥ: (ਹੇ ਭਾਈ! ਸੰਤ ਜਨਾਂ ਦੀ ਸੰਗਤਿ ਵਿਚ ਟਿਕਿਆ ਰਹੁ, ਤੇ) ਸੰਤ-ਜਨਾਂ ਦੀ ਮਿਹਰ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਆ ਕਰ। ਪਰ ਇਹ ਅੰਮ੍ਰਿਤ ਤਦੋਂ ਹੀ ਮਿਲਦਾ ਹੈ ਜੇ (ਮਨੁੱਖ ਦੇ) ਵੱਡੇ ਭਾਗ ਹੋਣ। ਇਸ ਨਾਮ ਨੂੰ ਜੀਭ ਨਾਲ ਜਪਣ ਤੋਂ ਬਿਨਾ ਕੋਈ (ਇਸ ਨਾਮ-ਅੰਮ੍ਰਿਤ ਦਾ) ਕੀਹ ਸੁਆਦ ਜਾਣ ਸਕਦਾ ਹੈ?੧।ਰਹਾਉ।

(ਹੇ ਭਾਈ!) ਸਰਬ-ਵਿਆਪਕ ਪਰਮਾਤਮਾ ਨੂੰ ਸਭ ਜੀਵਾਂ ਵਿਚ (ਵੱਸਦਾ) ਵੇਖ। ਇਕ ਪਰਮਾਤਮਾ ਹੀ ਪੂਰਨ ਤੌਰ ਤੇ ਸਭ ਵਿਚ ਮੌਜੂਦ ਹੈ। ਹੇ ਭਾਈ! ਹਰਿ-ਨਾਮ ਇਕ ਐਸਾ ਰਤਨ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਉਹ ਰਤਨ ਤੇਰੇ ਹਿਰਦੇ ਵਿਚ ਵੱਸ ਰਿਹਾ ਹੈ, ਉਸ ਨਾਲ ਸਾਂਝ ਪਾ। (ਦੁਨੀਆ ਦੇ ਸਾਰੇ ਪਦਾਰਥ ਬਿਗਾਨੇ ਹੋ ਜਾਂਦੇ ਹਨ, ਇਹ ਹਰਿ-ਨਾਮ ਹੀ) ਤੇਰੀ ਆਪਣੀ ਚੀਜ਼ ਹੈ, ਤੂੰ ਆਪ ਇਸ ਚੀਜ਼ ਨੂੰ ਪਛਾਣ।੧।

(ਪਰ ਹੇ ਭਾਈ!) ਬੋਲਾ ਮਨੁੱਖ ਅਠਾਰਾਂ ਪੁਰਾਣ ਤੇ ਚਾਰ ਵੇਦ ਕਿਵੇਂ ਸੁਣ ਸਕਦਾ ਹੈ? ਅੰਨ੍ਹੇ ਮਨੁੱਖ ਨੂੰ ਕ੍ਰੋੜਾਂ ਸੂਰਜਾਂ ਦਾ ਭੀ ਚਾਨਣ ਨਹੀਂ ਦਿੱਸਦਾ। ਪਸ਼ੂ ਦਾ ਪਿਆਰ ਘਾਹ ਨਾਲ ਹੀ ਹੁੰਦਾ ਹੈ, ਪਸ਼ੂ ਘਾਹ ਨਾਲ ਹੀ ਖ਼ੁਸ਼ ਰਹਿੰਦਾ ਹੈ। (ਜੀਵ ਮਾਇਆ ਦੇ ਮੋਹ ਵਿਚ ਪੈ ਕੇ ਬੋਲਾ ਅੰਨ੍ਹਾ ਹੋਇਆ ਰਹਿੰਦਾ ਹੈ, ਪਸ਼ੂ ਸਮਾਨ ਹੋ ਜਾਂਦਾ ਹੈ, ਇਸ ਨੂੰ ਆਪਣੇ ਆਪ ਹਰਿ-ਨਾਮ ਅੰਮ੍ਰਿਤ ਦੀ ਸੂਝ ਨਹੀਂ ਪੈ ਸਕਦੀ, ਤੇ) ਜਿਸ ਮਨੁੱਖ ਨੂੰ ਪਰਮਾਤਮਾ ਆਪ ਸਮਝ ਨਾਹ ਬਖ਼ਸ਼ੇ, ਉਹ ਕਿਸੇ ਤਰ੍ਹਾਂ ਭੀ ਸਮਝ ਨਹੀਂ ਸਕਦਾ।੨।

ਹੇ ਭਾਈ! ਸਭ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਸਦਾ ਹਰੇਕ ਦੇ ਦਿਲ ਦੀ ਜਾਣਦਾ ਹੈ। ਉਹ ਆਪਣੇ ਭਗਤਾਂ ਨਾਲ ਇਉਂ ਮਿਲਿਆ ਰਹਿੰਦਾ ਹੈ ਜਿਵੇਂ ਤਾਣਾ ਪੇਟਾ। ਹੇ ਨਾਨਕ! ਜਿਹੜੇ ਮਨੁੱਖ ਖ਼ੁਸ਼ ਹੋ ਹੋ ਕੇ ਆਪਣੇ ਪ੍ਰਭੂ (ਦੇ ਗੁਣਾਂ) ਨੂੰ ਗਾਂਦੇ ਰਹਿੰਦੇ ਹਨ, ਜਮ-ਦੂਤ ਉਹਨਾਂ ਦੇ ਨੇੜੇ ਨਹੀਂ ਆਉਂਦੇ।੩।੧੯।੩੦।

ਰਾਮਕਲੀ ਮਹਲਾ ੫ ॥ ਦੀਨੋ ਨਾਮੁ ਕੀਓ ਪਵਿਤੁ ॥ ਹਰਿ ਧਨੁ ਰਾਸਿ ਨਿਰਾਸ ਇਹ ਬਿਤੁ ॥ ਕਾਟੀ ਬੰਧਿ ਹਰਿ ਸੇਵਾ ਲਾਏ ॥ ਹਰਿ ਹਰਿ ਭਗਤਿ ਰਾਮ ਗੁਣ ਗਾਏ ॥੧॥ ਬਾਜੇ ਅਨਹਦ ਬਾਜਾ ॥ਰਸਕਿ ਰਸਕਿ ਗੁਣ ਗਾਵਹਿ ਹਰਿ ਜਨ ਅਪਨੈ ਗੁਰਦੇਵਿ ਨਿਵਾਜਾ ॥੧॥ ਰਹਾਉ ॥ ਆਇ ਬਨਿਓ ਪੂਰਬਲਾ ਭਾਗੁ ॥ ਜਨਮ ਜਨਮ ਕਾ ਸੋਇਆ ਜਾਗੁ ॥ ਗਈ ਗਿਲਾਨਿ ਸਾਧ ਕੈ ਸੰਗਿ ॥ ਮਨੁ ਤਨੁ ਰਾਤੋ ਹਰਿ ਕੈ ਰੰਗਿ ॥੨॥ ਰਾਖੇ ਰਾਖਨਹਾਰ ਦਇਆਲ ॥ ਨਾ ਕਿਛੁ ਸੇਵਾ ਨਾ ਕਿਛੁ ਘਾਲ ॥ ਕਰਿ ਕਿਰਪਾ ਪ੍ਰਭਿ ਕੀਨੀ ਦਇਆ ॥ ਬੂਡਤ ਦੁਖ ਮਹਿ ਕਾਢਿ ਲਇਆ ॥੩॥ ਸੁਣਿ ਸੁਣਿ ਉਪਜਿਓ ਮਨ ਮਹਿ ਚਾਉ ॥ ਆਠ ਪਹਰ ਹਰਿ ਕੇ ਗੁਣ ਗਾਉ ॥ ਗਾਵਤ ਗਾਵਤ ਪਰਮ ਗਤਿ ਪਾਈ ॥ ਗੁਰ ਪ੍ਰਸਾਦਿ ਨਾਨਕ ਲਿਵ ਲਾਈ ॥੪॥੨੦॥੩੧॥ {ਪੰਨਾ 892}

ਪਦਅਰਥ: ਦੀਨੋਦਿੱਤਾ। ਰਾਸਿਪੂੰਜੀ, ਸਰਮਾਇਆ। ਨਿਰਾਸਨਿਰਆਸ, ਆਸਾਂ ਤੋਂ ਬਿਨਾ, ਉਪਰਾਮਚਿੱਤ। ਬਿਤੁਧਨ। ਬੰਧਿਰੁਕਾਵਟ। ਗਾਏਗਾਂਦਾ ਹੈ।੧।

ਬਾਜੇਵੱਜਦੇ ਹਨ, ਵੱਜ ਪਏ। ਅਨਹਦ—{अनहत} ਬਿਨਾ ਵਜਾਏ, ਇੱਕਰਸ। ਰਸਕਿਆਨੰਦ ਨਾਲ। ਗਾਵਹਿਗਾਂਦੇ ਹਨ। ਗੁਰਦੇਵਿਗੁਰਦੇਵ ਨੇ। ਨਿਵਾਜਾਨਿਵਾਜ਼ਸ਼ ਕੀਤੀ, ਮਿਹਰ ਕੀਤੀ।੧।ਰਹਾਉ।

ਪੂਰਬਲਾਪਹਿਲੇ ਜਨਮਾਂ ਦਾ। ਭਾਗਚੰਗੀ ਕਿਸਮਤ। ਸੋਇਆਸੁੱਤਾ ਹੋਇਆ। ਗਿਲਾਨਿਨਫ਼ਰਤ। ਕੈ ਸੰਗਿਦੀ ਸੰਗਤਿ ਵਿਚ। ਰਾਤੋਰਾਤਾ, ਰੰਗਿਆ ਗਿਆ। ਕੈ ਰੰਗਿਦੇ ਪ੍ਰੇਮਰੰਗ ਵਿਚ।੨।

ਘਾਲਮਿਹਨਤ। ਕਰਿਕਰ ਕੇ। ਪ੍ਰਭਿਪ੍ਰਭੂ ਨੇ। ਬੂਡਤਡੁੱਬ ਰਿਹਾ।੩।

ਸੁਣਿਸੁਣ ਕੇ। ਸੁਣਿ ਸੁਣਿਮੁੜ ਮੁੜ ਸੁਣ ਕੇ। ਉਪਜਿਓਪੈਦਾ ਹੋਇਆ। ਪਰਮ ਗਤਿਸਭ ਤੋਂ ਉੱਚੀ ਆਤਮਕ ਅਵਸਥਾ। ਗੁਰ ਪ੍ਰਸਾਦਿਗੁਰੂ ਦੀ ਕਿਰਪਾ ਨਾਲ। ਨਾਨਕਹੇ ਨਾਨਕ!੪।

ਅਰਥ: (ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ) ਆਪਣੇ (ਪਿਆਰੇ) ਗੁਰਦੇਵ ਨੇ ਮਿਹਰ ਕੀਤੀ, ਹਰੀ ਦੇ ਉਹ ਸੇਵਕ ਬੜੇ ਆਨੰਦ ਨਾਲ ਹਰੀ ਦੇ ਗੁਣ ਗਾਂਦੇ ਰਹਿੰਦੇ ਹਨ। ਉਹਨਾਂ ਦੇ ਅੰਦਰ (ਇਉਂ ਖਿੜਾਉ ਬਣਿਆ ਰਹਿੰਦਾ ਹੈ, ਮਾਨੋ, ਉਹਨਾਂ ਦੇ ਅੰਦਰ) ਇੱਕ-ਰਸ ਵਾਜੇ ਵੱਜ ਰਹੇ ਹਨ।੧।ਰਹਾਉ।

(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ) ਨਾਮ ਦੇ ਦਿੱਤਾ, (ਉਸ ਦਾ ਜੀਵਨ) ਪਵਿੱਤਰ ਬਣਾ ਦਿੱਤਾ। (ਜਿਸ ਨੂੰ ਗੁਰੂ ਨੇ) ਹਰਿ-ਨਾਮ ਧਨ ਸਰਮਾਇਆ (ਬਖ਼ਸ਼ਿਆ, ਦੁਨੀਆ ਵਾਲਾ) ਇਹ ਧਨ (ਵੇਖ ਕੇ), ਉਹ (ਇਸ ਵਲੋਂ) ਉਪਰਾਮ-ਚਿੱਤ ਹੀ ਰਹਿੰਦਾ ਹੈ। (ਗੁਰੂ ਨੇ ਜਿਸ ਮਨੁੱਖ ਦੇ ਜੀਵਨ-ਰਾਹ ਵਿਚੋਂ ਮਾਇਆ ਦੇ ਮੋਹ ਦੀ) ਰੁਕਾਵਟ ਕੱਟ ਦਿੱਤੀ, ਉਸ ਨੂੰ ਉਸ ਨੇ ਪਰਮਾਤਮਾ ਦੀ ਭਗਤੀ ਵਿਚ ਜੋੜ ਦਿੱਤਾ, ਉਹ ਮਨੁੱਖ (ਸਦਾ) ਪਰਮਾਤਮਾ ਦੀ ਭਗਤੀ ਕਰਦਾ ਹੈ, (ਸਦਾ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।

(ਹੇ ਭਾਈ!) ਗੁਰੂ ਦੀ ਸੰਗਤਿ ਵਿਚ (ਰਿਹਾਂ ਮਨੁੱਖ ਦੇ ਅੰਦਰੋਂ ਦੂਜਿਆਂ ਵਾਸਤੇ) ਨਫ਼ਰਤ ਦੂਰ ਹੋ ਜਾਂਦੀ ਹੈ, ਮਨੁੱਖ ਦਾ ਮਨ ਤੇ ਤਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ। (ਗੁਰੂ ਦੀ ਸੰਗਤਿ ਦੀ ਬਰਕਤਿ ਨਾਲ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਕਈ ਜਨਮਾਂ ਦਾ ਸੁੱਤਾ ਹੋਇਆ ਜਾਗ ਪੈਂਦਾ ਹੈ, (ਸੰਗਤਿ ਦਾ ਸਦਕਾ) ਉਸ ਦਾ ਪਹਿਲੇ ਜਨਮਾਂ ਦਾ ਚੰਗਾ ਭਾਗ ਮਿਲਣ ਦਾ ਸਬੱਬ ਆ ਬਣਦਾ ਹੈ।੨।

(ਹੇ ਭਾਈ! ਗੁਰੂ ਦੀ ਸੰਗਤਿ ਵਿਚ ਰਿਹਾਂ ਜਿਸ ਮਨੁੱਖ ਉੱਤੇ) ਪ੍ਰਭੂ ਨੇ ਕਿਰਪਾ ਕੀਤੀ, ਦਇਆ ਕੀਤੀ, ਉਸ ਨੂੰ ਦੁੱਖਾਂ ਵਿਚ ਡੁੱਬਦੇ ਨੂੰ (ਪ੍ਰਭੂ ਨੇ ਬਾਹੋਂ ਫੜ ਕੇ) ਬਚਾ ਲਿਆ, ਪ੍ਰਭੂ ਨੇ ਉਸ ਦੀ ਕੀਤੀ ਕੋਈ ਸੇਵਾ ਨਹੀਂ ਵੇਖੀ ਕੋਈ ਮਿਹਨਤ ਨਹੀਂ ਵੇਖੀ, (ਦੁੱਖਾਂ ਤੋਂ) ਬਚਾਣ ਦੀ ਸਮਰੱਥਾ ਵਾਲੇ ਨੇ ਦਇਆ ਦੇ ਸੋਮੇ ਨੇ ਉਸ ਦੀ ਰੱਖਿਆ ਕਰ ਦਿੱਤੀ।੩।

ਹੇ ਨਾਨਕ! (ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ) ਮੁੜ ਮੁੜ ਸੁਣ ਕੇ (ਜਿਸ ਮਨੁੱਖ ਦੇ) ਮਨ ਵਿਚ (ਸਿਫ਼ਤਿ-ਸਾਲਾਹ ਕਰਨ ਦਾ) ਚਾਉ ਪੈਦਾ ਹੋ ਗਿਆ, ਉਹ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਣ ਲੱਗ ਪਿਆ। (ਗੁਣ) ਗਾਂਦਿਆਂ ਗਾਂਦਿਆਂ ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ। ਗੁਰੂ ਦੀ ਕਿਰਪਾ ਨਾਲ ਉਸ ਨੇ (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜ ਲਈ।੪।੨੦।੩੧।

ਰਾਮਕਲੀ ਮਹਲਾ ੫ ॥ ਕਉਡੀ ਬਦਲੈ ਤਿਆਗੈ ਰਤਨੁ ॥ ਛੋਡਿ ਜਾਇ ਤਾਹੂ ਕਾ ਜਤਨੁ ॥ ਸੋ ਸੰਚੈ ਜੋ ਹੋਛੀ ਬਾਤ ॥ ਮਾਇਆ ਮੋਹਿਆ ਟੇਢਉ ਜਾਤ ॥੧॥ ਅਭਾਗੇ ਤੈ ਲਾਜ ਨਾਹੀ ॥ ਸੁਖ ਸਾਗਰ ਪੂਰਨ ਪਰਮੇਸਰੁ ਹਰਿ ਨ ਚੇਤਿਓ ਮਨ ਮਾਹੀ ॥੧॥ ਰਹਾਉ ॥ਅੰਮ੍ਰਿਤੁ ਕਉਰਾ ਬਿਖਿਆ ਮੀਠੀ ॥ ਸਾਕਤ ਕੀ ਬਿਧਿ ਨੈਨਹੁ ਡੀਠੀ ॥ ਕੂੜਿ ਕਪਟਿ ਅਹੰਕਾਰਿ ਰੀਝਾਨਾ ॥ ਨਾਮੁ ਸੁਨਤ ਜਨੁ ਬਿਛੂਅ ਡਸਾਨਾ ॥੨॥ ਮਾਇਆ ਕਾਰਣਿ ਸਦ ਹੀ ਝੂਰੈ ॥ ਮਨਿ ਮੁਖਿ ਕਬਹਿ ਨ ਉਸਤਤਿ ਕਰੈ ॥ ਨਿਰਭਉ ਨਿਰੰਕਾਰ ਦਾਤਾਰੁ ॥ ਤਿਸੁ ਸਿਉ ਪ੍ਰੀਤਿ ਨ ਕਰੈ ਗਵਾਰੁ ॥੩॥ ਸਭ ਸਾਹਾ ਸਿਰਿ ਸਾਚਾ ਸਾਹੁ ॥ ਵੇਮੁਹਤਾਜੁ ਪੂਰਾ ਪਾਤਿਸਾਹੁ ॥ ਮੋਹ ਮਗਨ ਲਪਟਿਓ ਭ੍ਰਮ ਗਿਰਹ ॥ ਨਾਨਕ ਤਰੀਐ ਤੇਰੀ ਮਿਹਰ ॥੪॥੨੧॥੩੨॥ {ਪੰਨਾ 892-893}

ਪਦਅਰਥ: ਕਉਡੀਤੁੱਛ ਜਿਹੀ ਚੀਜ਼। ਬਦਲੈਦੇ ਵੱਟੇ ਵਿਚ, ਦੀ ਖ਼ਾਤਰ। ਛੋਡਿ ਜਾਇਜੋ ਸਾਥ ਛੱਡ ਜਾਂਦੀ ਹੈ। ਤਾਹੂ ਕਾਉਸੇ (ਮਾਇਆ) ਦਾ ਹੀ। ਸੰਚੈਇੱਕਠੀ ਕਰਦਾ ਹੈ। ਹੋਛੀਥੋੜ੍ਹਵਿਤੀ, ਥੋੜ੍ਹੇ ਵਿਤ ਵਾਲੀ। ਟੇਢਉਵਿੰਗਾ, ਆਕੜ ਆਕੜ ਕੇ।੧।

ਅਭਾਗੇਹੇ ਭਾਗਹੀਣ! ਤੈਤੈਨੂੰ। ਲਾਜਸ਼ਰਮ। ਸੁਖ ਸਾਗਰਸੁਖਾਂ ਦਾ ਸਮੁੰਦਰ। ਮਾਹੀਵਿਚ।੧।ਰਹਾਉ।

ਕਉਰਾਕੌੜਾ। ਬਿਖਿਆਮਾਇਆ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ ਨਾਮਜਲ। ਸਾਕਤਰੱਬ ਨਾਲੋਂ ਟੁੱਟਾ ਹੋਇਆ ਮਨੁੱਖ। ਬਿਧਿਹਾਲਤ। ਨੈਨਹੁਅੱਖਾਂ ਨਾਲ। ਕੂੜੀਕੂੜ ਵਿਚ, ਨਾਸਵੰਤ ਪਦਾਰਥ ਵਿਚ। ਕਪਟਿਕਪਟ ਵਿਚ। ਰੀਝਾਨਾਰੀਝਦਾ ਹੈ, ਖ਼ੁਸ਼ ਹੁੰਦਾ ਹੈ। ਜਨੁਜਾਨੋਂ, ਮਾਣੋਂ, ਜਿਵੇਂ ਕਿ। ਬਿਛੂਅਠੂੰਹਾਂ। ਡਸਾਨਾਡੰਗ ਮਾਰ ਗਿਆ।੨।

ਸਦ ਹੀਸਦਾ ਹੀ। ਕਾਰਣਿਦੀ ਖ਼ਾਤਰ। ਝੂਰੈਚਿੰਤਾ ਕਰਦਾ ਰਹਿੰਦਾ ਹੈ। ਮਨਿਮਨ ਵਿਚ। ਮੁਖਿਮੂੰਹ ਨਾਲ। ਤਿਸੁ ਸਿਉਉਸ ਨਾਲ। ਗਵਾਰੁਮੂਰਖ।੩।

ਸਿਰਿਸਿਰ ਉਤੇ। ਸਾਚਾਸਦਾ ਕਾਇਮ ਰਹਿਣ ਵਾਲਾ। ਵੇਮੁਹਤਾਜੁਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ, ਕਿਸੇ ਗੋਚਰੀ ਗ਼ਰਜ਼ ਨਹੀਂ। ਮਗਨਮਸਤ, ਡੁੱਬਾ ਹੋਇਆ। ਲਪਟਿਓਚੰਬੜਿਆ ਹੋਇਆ। ਗਿਰਹਗੰਢ। ਨਾਨਕਹੇ ਨਾਨਕ!੪।

ਅਰਥ: ਹੇ ਬਦ-ਨਸੀਬ (ਸਾਕਤ)! ਤੈਨੂੰ (ਕਦੇ ਇਹ) ਸ਼ਰਮ ਨਹੀਂ ਆਉਂਦੀ ਕਿ ਜਿਹੜਾ ਸਰਬ-ਵਿਆਪਕ ਪਰਮਾਤਮਾ ਸਾਰੇ ਸੁਖਾਂ ਦਾ ਸਮੁੰਦਰ ਹੈ ਉਸ ਨੂੰ ਤੂੰ ਆਪਣੇ ਮਨ ਵਿਚ ਚੇਤੇ ਨਹੀਂ ਕਰਦਾ।੧।ਰਹਾਉ।

(ਪਰਮਾਤਮਾ ਦਾ ਨਾਮ ਅਮੋਲਕ ਰਤਨ ਹੈ, ਇਸ ਦੇ ਟਾਕਰੇ ਤੇ ਮਾਇਆ ਕੌਡੀ ਦੇ ਤੁੱਲ ਹੈ; ਪਰ ਸਾਕਤ ਮਨੁੱਖ) ਕੌਡੀ ਦੀ ਖ਼ਾਤਰ (ਕੀਮਤੀ) ਰਤਨ ਨੂੰ ਛੱਡ ਦੇਂਦਾ ਹੈ, ਉਸੇ ਦੀ ਹੀ ਪ੍ਰਾਪਤੀ ਦਾ ਜਤਨ ਕਰਦਾ ਹੈ ਜੋ ਸਾਥ ਛੱਡ ਜਾਂਦੀ ਹੈ, ਉਸੇ (ਮਾਇਆ) ਨੂੰ ਹੀ ਇਕੱਠੀ ਕਰਦਾ ਰਹਿੰਦਾ ਹੈ ਜਿਸ ਦੀ ਪੁੱਛ-ਪ੍ਰਤੀਤ ਥੋੜ੍ਹੀ ਕੁ ਹੀ ਹੈ; ਮਾਇਆ ਦੇ ਮੋਹ ਵਿਚ ਫਸਿਆ ਹੋਇਆ (ਸਾਕਤ) ਆਕੜ ਆਕੜ ਕੇ ਤੁਰਦਾ ਹੈ।੧।

(ਹੇ ਭਾਈ!) ਰੱਬ ਨਾਲੋਂ ਟੁੱਟੇ ਮਨੁੱਖ ਦੀ (ਭੈੜੀ) ਹਾਲਤ (ਅਸਾਂ) ਅੱਖੀਂ ਵੇਖੀ ਹੈ, ਇਸ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਕੌੜਾ ਲੱਗਦਾ ਹੈ ਤੇ ਮਾਇਆ ਮਿੱਠੀ ਲੱਗਦੀ ਹੈ। (ਸਾਕਤ ਸਦਾ) ਨਾਸਵੰਤ ਪਦਾਰਥ ਵਿਚ, ਠੱਗੀ (ਕਰਨ) ਵਿਚ ਅਤੇ ਅਹੰਕਾਰ ਵਿਚ ਖ਼ੁਸ਼ ਰਹਿੰਦਾ ਹੈ। ਪਰਮਾਤਮਾ ਦਾ ਨਾਮ ਸੁਣਦਿਆਂ ਤਾਂ ਇਉਂ ਹੁੰਦਾ ਹੈ ਜਿਵੇਂ ਇਸ ਨੂੰ ਠੂੰਹਾਂ ਡੰਗ ਮਾਰ ਜਾਂਦਾ ਹੈ।੨।

(ਹੇ ਭਾਈ! ਸਾਕਤ ਮਨੁੱਖ) ਸਦਾ ਹੀ ਮਾਇਆ ਦੀ ਖ਼ਾਤਰ ਚਿੰਤਾ-ਫ਼ਿਕਰ ਕਰਦਾ ਰਹਿੰਦਾ ਹੈ, ਇਹ ਕਦੇ ਭੀ ਆਪਣੇ ਮਨ ਵਿਚ ਆਪਣੇ ਮੂੰਹ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਕਰਦਾ। ਜਿਹੜਾ ਪਰਮਾਤਮਾ ਸਭ ਦਾਤਾਂ ਦੇਣ ਵਾਲਾ ਹੈ, ਜਿਸ ਨੂੰ ਕਿਸੇ ਦਾ ਡਰ-ਭਉ ਨਹੀਂ ਹੈ, ਜੋ ਸਰੀਰਾਂ ਦੀ ਕੈਦ ਤੋਂ ਪਰੇ ਹੈ, ਉਸ ਨਾਲ ਇਹ ਮੂਰਖ ਸਾਕਤ ਕਦੇ ਪਿਆਰ ਨਹੀਂ ਪਾਂਦਾ।੩।

ਹੇ ਨਾਨਕ! (ਆਖ-ਹੇ ਪ੍ਰਭੂ!) ਤੂੰ ਸਭ ਸਭ ਸ਼ਾਹਾਂ ਤੋਂ ਵੱਡਾ ਅਤੇ ਸਦਾ ਕਾਇਮ ਰਹਿਣ ਵਾਲਾ ਸ਼ਾਹ ਹੈਂ, ਤੈਨੂੰ ਕਿਸੇ ਦੀ ਮੁਥਾਜੀ ਨਹੀਂ, ਤੂੰ ਸਭ ਤਾਕਤਾਂ ਦਾ ਮਾਲਕ ਪਾਤਿਸ਼ਾਹ ਹੈਂ। (ਤੇਰਾ ਪੈਦਾ ਕੀਤਾ ਜੀਵ ਸਦਾ ਮਾਇਆ ਦੇ) ਮੋਹ ਵਿਚ ਡੁੱਬਾ ਹੋਇਆ (ਮਾਇਆ ਨਾਲ ਹੀ) ਚੰਬੜਿਆ ਰਹਿੰਦਾ ਹੈ, (ਇਸ ਦੇ ਮਨ ਵਿਚ) ਭਟਕਣਾ ਦੀ ਗੰਢ ਬੱਝੀ ਰਹਿੰਦੀ ਹੈ। (ਹੇ ਪ੍ਰਭੂ! ਇਸ ਸੰਸਾਰ-ਸਮੁੰਦਰ ਵਿਚੋਂ) ਤੇਰੀ ਮਿਹਰ ਨਾਲ ਹੀ ਤਰ ਸਕੀਦਾ ਹੈ।੪।੨੧।੩੨।

TOP OF PAGE

Sri Guru Granth Darpan, by Professor Sahib Singh