ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 889

ਰਾਮਕਲੀ ਮਹਲਾ ੫ ॥ ਭੇਟਤ ਸੰਗਿ ਪਾਰਬ੍ਰਹਮੁ ਚਿਤਿ ਆਇਆ ॥ ਸੰਗਤਿ ਕਰਤ ਸੰਤੋਖੁ ਮਨਿ ਪਾਇਆ ॥ ਸੰਤਹ ਚਰਨ ਮਾਥਾ ਮੇਰੋ ਪਉਤ ॥ ਅਨਿਕ ਬਾਰ ਸੰਤਹ ਡੰਡਉਤ ॥੧॥ ਇਹੁ ਮਨੁ ਸੰਤਨ ਕੈ ਬਲਿਹਾਰੀ ॥ ਜਾ ਕੀ ਓਟ ਗਹੀ ਸੁਖੁ ਪਾਇਆ ਰਾਖੇ ਕਿਰਪਾ ਧਾਰੀ ॥੧॥ ਰਹਾਉ ॥ਸੰਤਹ ਚਰਣ ਧੋਇ ਧੋਇ ਪੀਵਾ ॥ ਸੰਤਹ ਦਰਸੁ ਪੇਖਿ ਪੇਖਿ ਜੀਵਾ ॥ ਸੰਤਹ ਕੀ ਮੇਰੈ ਮਨਿ ਆਸ ॥ ਸੰਤ ਹਮਾਰੀ ਨਿਰਮਲ ਰਾਸਿ ॥੨॥ ਸੰਤ ਹਮਾਰਾ ਰਾਖਿਆ ਪੜਦਾ ॥ ਸੰਤ ਪ੍ਰਸਾਦਿ ਮੋਹਿ ਕਬਹੂ ਨ ਕੜਦਾ ॥ ਸੰਤਹ ਸੰਗੁ ਦੀਆ ਕਿਰਪਾਲ ॥ ਸੰਤ ਸਹਾਈ ਭਏ ਦਇਆਲ ॥੩॥ ਸੁਰਤਿ ਮਤਿ ਬੁਧਿ ਪਰਗਾਸੁ ॥ ਗਹਿਰ ਗੰਭੀਰ ਅਪਾਰ ਗੁਣਤਾਸੁ ॥ ਜੀਅ ਜੰਤ ਸਗਲੇ ਪ੍ਰਤਿਪਾਲ ॥ ਨਾਨਕ ਸੰਤਹ ਦੇਖਿ ਨਿਹਾਲ ॥੪॥੧੦॥੨੧॥ {ਪੰਨਾ 889}

ਪਦਅਰਥ: ਭੇਟਤਮਿਲਦਿਆਂ। ਸੰਗਿਨਾਲ। ਚਿਤਿਚਿੱਤ ਵਿਚ। ਕਰਤਕਰਦਿਆਂ। ਮਨਿਮਨ ਵਿਚ। ਪਉਤਪਿਆ ਰਹੇ। ਡੰਡਉਤਨਮਸਕਾਰ।੧।

ਕੈਤੋਂ। ਬਲਿਹਾਰੀਕੁਰਬਾਨ। ਜਾ ਕੀਜਿਨ੍ਹਾਂ ਦੀ। ਗਹੀਫੜਿਆਂ। ਧਾਰੀਧਾਰਿ, ਧਾਰ ਕੇ।੧।ਰਹਾਉ।

ਧੋਇਧੋ ਕੇ। ਪੀਵਾਪੀਵਾਂ, ਮੈਂ ਪੀਆਂ। ਪੇਖਿਵੇਖ ਕੇ। ਜੀਵਾਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। ਰਾਸਿਪੂੰਜੀ, ਸਰਮਾਇਆ।੨।

ਪੜਦਾਲਾਜ, ਇੱਜ਼ਤ। ਪ੍ਰਸਾਦਿਕਿਰਪਾ ਨਾਲ। ਮੋਹਿਮੈਨੂੰ। ਕੜਦਾਝੋਰਾ, ਚਿੰਤਾਫ਼ਿਕਰ। ਸੰਗੁਸਾਥ। ਸਹਾਈਮਦਦਗਾਰ।੩।

ਪਰਗਾਸੁਚਾਨਣ। ਗਹਿਰਡੂੰਘਾ। ਗੰਭੀਰਜਿਗਰੇ ਵਾਲਾ। ਗੁਣ ਤਾਸੁਗੁਣਾਂ ਦਾ ਖ਼ਜ਼ਾਨਾ। ਨਿਹਾਲਪ੍ਰਸੰਨ, ਖ਼ੁਸ਼।੪।

ਅਰਥ: ਹੇ ਭਾਈ! ਮੇਰਾ ਇਹ ਮਨ ਸੰਤ-ਜਨਾਂ ਤੋਂ ਸਦਕੇ ਜਾਂਦਾ ਹੈ, ਜਿਨ੍ਹਾਂ ਦਾ ਆਸਰਾ ਲੈ ਕੇ ਮੈਂ (ਆਤਮਕ) ਆਨੰਦ ਹਾਸਲ ਕੀਤਾ ਹੈ। ਸੰਤ ਜਨ ਕਿਰਪਾ ਕਰ ਕੇ (ਵਿਕਾਰ ਆਦਿਕਾਂ ਤੋਂ) ਰੱਖਿਆ ਕਰਦੇ ਹਨ।੧।ਰਹਾਉ।

ਹੇ ਭਾਈ! ਸੰਤ ਜਨਾਂ ਨਾਲ ਮਿਲਦਿਆਂ ਪਰਮਾਤਮਾ (ਮੇਰੇ) ਚਿਤ ਵਿਚ ਆ ਵੱਸਿਆ ਹੈ, ਸੰਤ ਜਨਾਂ ਦੀ ਸੰਗਤਿ ਕਰਦਿਆਂ ਮੈਂ ਮਨ ਵਿਚ ਸੰਤੋਖ ਪ੍ਰਾਪਤ ਕਰ ਲਿਆ ਹੈ। (ਪ੍ਰਭੂ ਮੇਹਰ ਕਰੇ) ਮੇਰਾ ਮੱਥਾ ਸੰਤ ਜਨਾਂ ਦੇ ਚਰਨਾਂ ਤੇ ਪਿਆ ਰਹੇ, ਮੈਂ ਅਨੇਕਾਂ ਵਾਰੀ ਸੰਤ ਜਨਾਂ ਨੂੰ ਨਮਸਕਾਰ ਕਰਦਾ ਹਾਂ।੧।

ਹੇ ਭਾਈ! (ਜੇ ਪ੍ਰਭੂ ਕਿਰਪਾ ਕਰੇ, ਤਾਂ) ਮੈਂ ਸੰਤ ਜਨਾਂ ਦੇ ਚਰਨ ਧੋ ਧੋ ਕੇ ਪੀਂਦਾ ਰਹਾਂ, ਸੰਤ ਜਨਾਂ ਦਾ ਦਰਸਨ ਕਰ ਕਰ ਕੇ ਮੈਨੂੰ ਆਤਮਕ ਜੀਵਨ ਮਿਲਦਾ ਰਹਿੰਦਾ ਹੈ। ਮੇਰੇ ਮਨ ਵਿਚ ਸੰਤ ਜਨਾਂ ਦੀ ਸਹਾਇਤਾ ਦਾ ਧਰਵਾਸ ਬਣਿਆ ਰਹਿੰਦਾ ਹੈ, ਸੰਤ ਜਨਾਂ ਦੀ ਸੰਗਤਿ ਹੀ ਮੇਰੇ ਵਾਸਤੇ ਪਵਿੱਤ੍ਰ ਸਰਮਾਇਆ ਹੈ।੨।

ਹੇ ਭਾਈ! ਸੰਤ ਜਨਾਂ ਨੇ (ਵਿਕਾਰ ਆਦਿਕਾਂ ਤੋਂ) ਮੇਰੀ ਇੱਜ਼ਤ ਬਚਾ ਲਈ ਹੈ, ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ ਕਦੇ ਭੀ ਕੋਈ ਚਿੰਤਾ-ਫ਼ਿਕਰ ਨਹੀਂ ਵਿਆਪਦਾ। ਕਿਰਪਾ ਦੇ ਸੋਮੇ ਪਰਮਾਤਮਾ ਨੇ ਆਪ ਹੀ ਮੈਨੂੰ ਸੰਤ ਜਨਾਂ ਦਾ ਸਾਥ ਬਖ਼ਸ਼ਿਆ ਹੈ। ਜਦੋਂ ਸੰਤ ਜਨ ਮਦਦਗਾਰ ਬਣਦੇ ਹਨ, ਤਾਂ ਪ੍ਰਭੂ ਦਇਆਵਾਨ ਹੋ ਜਾਂਦਾ ਹੈ।੩।

(ਹੇ ਭਾਈ! ਸੰਤ ਜਨਾਂ ਦੀ ਸੰਗਤਿ ਦੀ ਬਰਕਤਿ ਨਾਲ ਮੇਰੀ) ਸੁਰਤਿ ਵਿਚ ਮਤਿ ਵਿਚ ਬੁੱਧਿ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ। ਹੇ ਨਾਨਕ! ਅਥਾਹ, ਬੇਅੰਤ, ਗੁਣਾਂ ਦਾ ਖ਼ਜ਼ਾਨਾ, ਅਤੇ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਪਰਮਾਤਮਾ (ਆਪਣੇ) ਸੰਤ ਜਨਾਂ ਨੂੰ ਵੇਖ ਕੇ ਲੂੰ-ਲੂੰ ਖ਼ੁਸ਼ ਹੋ ਜਾਂਦਾ ਹੈ।੪।੧੦।੨੧।

ਰਾਮਕਲੀ ਮਹਲਾ ੫ ॥ ਤੇਰੈ ਕਾਜਿ ਨ ਗ੍ਰਿਹੁ ਰਾਜੁ ਮਾਲੁ ॥ ਤੇਰੈ ਕਾਜਿ ਨ ਬਿਖੈ ਜੰਜਾਲੁ ॥ ਇਸਟ ਮੀਤ ਜਾਣੁ ਸਭ ਛਲੈ ॥ ਹਰਿ ਹਰਿ ਨਾਮੁ ਸੰਗਿ ਤੇਰੈ ਚਲੈ ॥੧॥ ਰਾਮ ਨਾਮ ਗੁਣ ਗਾਇ ਲੇ ਮੀਤਾ ਹਰਿ ਸਿਮਰਤ ਤੇਰੀ ਲਾਜ ਰਹੈ ॥ ਹਰਿ ਸਿਮਰਤ ਜਮੁ ਕਛੁ ਨ ਕਹੈ ॥੧॥ ਰਹਾਉ ॥ਬਿਨੁ ਹਰਿ ਸਗਲ ਨਿਰਾਰਥ ਕਾਮ ॥ ਸੁਇਨਾ ਰੁਪਾ ਮਾਟੀ ਦਾਮ ॥ ਗੁਰ ਕਾ ਸਬਦੁ ਜਾਪਿ ਮਨ ਸੁਖਾ ॥ ਈਹਾ ਊਹਾ ਤੇਰੋ ਊਜਲ ਮੁਖਾ ॥੨॥ ਕਰਿ ਕਰਿ ਥਾਕੇ ਵਡੇ ਵਡੇਰੇ ॥ ਕਿਨ ਹੀ ਨ ਕੀਏ ਕਾਜ ਮਾਇਆ ਪੂਰੇ ॥ ਹਰਿ ਹਰਿ ਨਾਮੁ ਜਪੈ ਜਨੁ ਕੋਇ ॥ ਤਾ ਕੀ ਆਸਾ ਪੂਰਨ ਹੋਇ ॥੩॥ ਹਰਿ ਭਗਤਨ ਕੋ ਨਾਮੁ ਅਧਾਰੁ ॥ ਸੰਤੀ ਜੀਤਾ ਜਨਮੁ ਅਪਾਰੁ ॥ ਹਰਿ ਸੰਤੁ ਕਰੇ ਸੋਈ ਪਰਵਾਣੁ ॥ ਨਾਨਕ ਦਾਸੁ ਤਾ ਕੈ ਕੁਰਬਾਣੁ ॥੪॥੧੧॥੨੨॥ {ਪੰਨਾ 889}

ਪਦਅਰਥ: ਤੇਰੈ ਕਾਜਿਤੇਰੇ ਕੰਮ ਵਿਚ। ਗ੍ਰਿਹੁਘਰ। ਬਿਖੈ ਜੰਜਾਲੁਮਾਇਕ ਪਦਾਰਥਾਂ ਦਾ ਝੰਬੇਲਾ। ਇਸਟਪਿਆਰੇ। ਜਾਣੁਚੇਤੇ ਰੱਖ, ਸਮਝ ਲੈ। ਛਲੈਛਲ ਹੀ। ਸੰਗਿ ਤੇਰੈਤੇਰੇ ਨਾਲ।੧।

ਮੀਤਾਹੇ ਮਿੱਤਰ! ਲਾਜਇੱਜ਼ਤ।੧।ਰਹਾਉ।

ਸਗਲਸਾਰੇ। ਨਿਰਾਰਥਵਿਅਰਥ। ਰੁਪਾਚਾਂਦੀ। ਦਾਮਰੁਪਏਪੈਸੇ। ਈਹਾ ਊਹਾਇਸ ਲੋਕ ਅਤੇ ਪਰਲੋਕ ਵਿਚ। ਊਜਲਰੌਸ਼ਨ।੨।

ਕਰਿਕਰ ਕੇ। ਕਿਨ ਹੀਕਿਨਿ ਹੀ, ਕਿਸੇ ਨੇ ਹੀ {ਲਫ਼ਜ਼ 'ਕਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}੩।

ਅਧਾਰੁਆਸਰਾ। ਸੰਤੀਸੰਤੀਂ, ਸੰਤਾਂ ਨੇ। ਅਪਾਰੁਅਮੋਲਕ। ਹਰਿ ਸੰਤੁਹਰੀ ਦਾ ਸੰਤ। ਤਾ ਕੈਉਸ ਤੋਂ।੪।

ਅਰਥ: ਹੇ ਮਿੱਤਰ! ਪਰਮਾਤਮਾ ਦੇ ਨਾਮ ਦੇ ਗੁਣ (ਇਸ ਵੇਲੇ) ਗਾ ਲੈ। ਪਰਮਾਤਮਾ ਦਾ ਨਾਮ ਸਿਮਰਿਆਂ ਹੀ (ਲੋਕ ਪਰਲੋਕ ਵਿਚ) ਤੇਰੀ ਇੱਜ਼ਤ ਰਹਿ ਸਕਦੀ ਹੈ। ਪਰਮਾਤਮਾ ਦਾ ਨਾਮ ਸਿਮਰਿਆਂ ਜਮਰਾਜ ਭੀ ਕੁਝ ਨਹੀਂ ਆਖਦਾ।੧।ਰਹਾਉ।

ਹੇ ਮਿੱਤਰ! ਇਹ ਘਰ, ਇਹ ਹਕੂਮਤ, ਇਹ ਧਨ (ਇਹਨਾਂ ਵਿਚੋਂ ਕੋਈ ਭੀ) ਤੇਰੇ (ਆਤਮਕ ਜੀਵਨ ਦੇ) ਕੰਮ ਨਹੀਂ ਆ ਸਕਦਾ। ਮਾਇਕ ਪਦਾਰਥਾਂ ਦਾ ਝੰਬੇਲਾ ਭੀ ਤੈਨੂੰ ਆਤਮਕ ਜੀਵਨ ਵਿਚ ਲਾਭ ਨਹੀਂ ਦੇ ਸਕਦਾ। ਚੇਤਾ ਰੱਖ ਕਿ ਇਹ ਸਾਰੇ ਪਿਆਰੇ ਮਿੱਤਰ (ਤੇਰੇ ਵਾਸਤੇ) ਛਲ-ਰੂਪ ਹੀ ਹਨ। ਸਿਰਫ਼ ਪਰਮਾਤਮਾ ਦਾ ਨਾਮ ਹੀ ਤੇਰੇ ਨਾਲ ਸਾਥ ਕਰ ਸਕਦਾ ਹੈ।੧।

ਹੇ ਮਿੱਤਰ! ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੇ ਹੀ ਕੰਮ ਵਿਅਰਥ (ਹੋ ਜਾਂਦੇ ਹਨ)(ਜੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਤਾਂ) ਸੋਨਾ, ਚਾਂਦੀ, ਰੁਪਇਆ-ਪੈਸੇ (ਤੇਰੇ ਵਾਸਤੇ) ਮਿੱਟੀ (-ਸਮਾਨ) ਹੈ। ਹੇ ਮਿੱਤਰ! ਗੁਰੂ ਦਾ ਸ਼ਬਦ ਚੇਤੇ ਕਰਦਾ ਰਿਹਾ ਕਰ, ਤੇਰੇ ਮਨ ਨੂੰ ਆਨੰਦ ਮਿਲੇਗਾ; ਇਸ ਲੋਕ ਵਿਚ ਅਤੇ ਪਰਲੋਕ ਵਿਚ ਤੂੰ ਸੁਰਖ਼ਰੂ ਹੋਵੇਂਗਾ।੨।

ਹੇ ਮਿੱਤਰ! ਤੈਥੋਂ ਪਹਿਲਾਂ ਹੋ ਚੁਕੇ ਸਭ ਬੰਦੇ ਮਾਇਆ ਦੇ ਧੰਧੇ ਕਰ ਕਰ ਕੇ ਥੱਕਦੇ ਰਹੇ, ਕਿਸੇ ਨੇ ਭੀ ਇਹ ਧੰਧੇ ਸਿਰੇ ਨਾਹ ਚਾੜ੍ਹੇ (ਕਿਸੇ ਦੀ ਭੀ ਤ੍ਰਿਸ਼ਨਾ ਨਾਹ ਮੁੱਕੀ)ਜੇਹੜਾ ਕੋਈ ਵਿਰਲਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਉਸ ਦੀ ਆਸ ਪੂਰੀ ਹੋ ਜਾਂਦੀ ਹੈ (ਉਸ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ)੩।

ਹੇ ਮਿੱਤਰ! ਪਰਮਾਤਮਾ ਦੇ ਭਗਤਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਜੀਵਨ ਦਾ ਆਸਰਾ ਹੁੰਦਾ ਹੈ, ਤਾਹੀਏਂ ਸੰਤ ਜਨਾਂ ਨੇ ਹੀ ਅਮੋਲਕ ਮਨੁੱਖਾ ਜੀਵਨ ਦੀ ਬਾਜ਼ੀ ਜਿੱਤੀ ਹੈ। ਪਰਮਾਤਮਾ ਦਾ ਸੰਤ ਜੋ ਕੁਝ ਕਰਦਾ ਹੈ, ਉਹ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੁੰਦਾ ਹੈ। ਹੇ ਨਾਨਕ! (ਆਖ-ਮੈਂ) ਦਾਸ ਉਸ ਤੋਂ ਸਦਕੇ ਜਾਂਦਾ ਹਾਂ।੪।੧੧।੨੨।

ਰਾਮਕਲੀ ਮਹਲਾ ੫ ॥ ਸਿੰਚਹਿ ਦਰਬੁ ਦੇਹਿ ਦੁਖੁ ਲੋਗ ॥ ਤੇਰੈ ਕਾਜਿ ਨ ਅਵਰਾ ਜੋਗ ॥ ਕਰਿ ਅਹੰਕਾਰੁ ਹੋਇ ਵਰਤਹਿ ਅੰਧ ॥ ਜਮ ਕੀ ਜੇਵੜੀ ਤੂ ਆਗੈ ਬੰਧ ॥੧॥ ਛਾਡਿ ਵਿਡਾਣੀ ਤਾਤਿ ਮੂੜੇ ॥ ਈਹਾ ਬਸਨਾ ਰਾਤਿ ਮੂੜੇ ॥ ਮਾਇਆ ਕੇ ਮਾਤੇ ਤੈ ਉਠਿ ਚਲਨਾ ॥ ਰਾਚਿ ਰਹਿਓ ਤੂ ਸੰਗਿ ਸੁਪਨਾ ॥੧॥ ਰਹਾਉ ॥ ਬਾਲ ਬਿਵਸਥਾ ਬਾਰਿਕੁ ਅੰਧ ॥ ਭਰਿ ਜੋਬਨਿ ਲਾਗਾ ਦੁਰਗੰਧ ॥ ਤ੍ਰਿਤੀਅ ਬਿਵਸਥਾ ਸਿੰਚੇ ਮਾਇ ॥ ਬਿਰਧਿ ਭਇਆ ਛੋਡਿ ਚਲਿਓ ਪਛੁਤਾਇ ॥੨॥ ਚਿਰੰਕਾਲ ਪਾਈ ਦ੍ਰੁਲਭ ਦੇਹ ॥ ਨਾਮ ਬਿਹੂਣੀ ਹੋਈ ਖੇਹ ॥ ਪਸੂ ਪਰੇਤ ਮੁਗਧ ਤੇ ਬੁਰੀ ॥ ਤਿਸਹਿ ਨ ਬੂਝੈ ਜਿਨਿ ਏਹ ਸਿਰੀ ॥੩॥ ਸੁਣਿ ਕਰਤਾਰ ਗੋਵਿੰਦ ਗੋਪਾਲ ॥ ਦੀਨ ਦਇਆਲ ਸਦਾ ਕਿਰਪਾਲ ॥ ਤੁਮਹਿ ਛਡਾਵਹੁ ਛੁਟਕਹਿ ਬੰਧ ॥ ਬਖਸਿ ਮਿਲਾਵਹੁ ਨਾਨਕ ਜਗ ਅੰਧ ॥੪॥੧੨॥੨੩॥ {ਪੰਨਾ 889-890}

ਪਦਅਰਥ: ਸਿੰਚਹਿਤੂੰ ਇਕੱਠਾ ਕਰਦਾ ਹੈਂ, ਤੂੰ ਜੋੜਦਾ ਜਾਂਦਾ ਹੈਂ। ਦਰਬੁ {द्रव्य} ਧਨ। ਦੇਹਿਤੂੰ ਦੇਂਦਾ ਹੈਂ। ਲੋਗਲੋਕਾਂ ਨੂੰ। ਤੇਰੈ ਕਾਜਿਤੇਰੇ ਕੰਮ ਵਿਚ। ਅਵਰਾ ਜੋਗਹੋਰਨਾਂ ਜੋਗਾ। ਕਰਿਕਰ ਕੇ। ਹੋਇ ਅੰਧਅੰਨ੍ਹਾ ਹੋ ਕੇ। ਵਰਤਹਿਤੂੰ ਵਰਤਦਾ ਹੈਂ, ਤੂੰ ਵਰਤਾਰਾ ਕਰਦਾ ਹੈਂ। ਜੇਵੜੀਰੱਸੀ, ਫਾਹੀ। ਤੂਤੈਨੂੰ। ਆਗੈਪਰਲੋਕ ਵਿਚ। ਬੰਧਬੱਝਾ ਹੋਇਆ।੧।

ਤਾਤਿਈਰਖਾ, ਸਾੜਾ। ਮੂੜੇਹੇ ਮੂਰਖ! ਈਹਾਇਸ ਲੋਕ ਵਿਚ। ਮਾਤੇਮਸਤੇ ਹੋਏ। ਉਠਿਉੱਠ ਕੇ। ਸੰਗਿਨਾਲ। ਰਾਚਿ ਰਹਿਓ ਤੂਤੂੰ ਮਸਤ ਹੋ ਰਿਹਾ ਹੈਂ। ਵਿਡਾਣੀਬਿਗਾਨੀ।੧।ਰਹਾਉ।

ਬਿਵਸਥਾਉਮਰ (ਵਿਚ)ਅੰਧਅੰਞਾਣ, ਬੇਸਮਝ। ਭਰਿ ਜੋਬਨਿਭਰੇ ਜੋਬਨ ਵਿਚ, ਭਰੀ ਜਵਾਨੀ ਵਿਚ। ਦੁਰਗੰਧਗੰਦੇ ਕੰਮਾਂ ਵਿਚ, ਵਿਕਾਰਾਂ ਵਿਚ। ਤ੍ਰਿਤੀਆ ਬਿਵਸਥਾਤੀਜੀ ਉਮਰੇ, ਜਵਾਨੀ ਲੰਘ ਜਾਣ ਤੇ। ਸਿੰਚੇਇਕੱਠੀ ਕਰਦਾ ਹੈ। ਮਾਇਮਾਇਆ। ਪਛੁਤਾਇਪਛਤਾ ਕੇ।੨।

ਚਿਰੰਕਾਲਚਿਰਾਂ ਪਿੱਛੋਂ। ਦ੍ਰੁਲਭਮੁਸ਼ਕਿਲ ਨਾਲ ਮਿਲਣ ਵਾਲੀ। ਦੇਹਸਰੀਰ। ਬਿਹੂਣੀਬਿਨਾ, ਖ਼ਾਲੀ, ਸੱਖਣੀ। ਖੇਹਸੁਆਹ। ਤੇਤੋਂ। ਬੁਰੀਭੈੜੀ। ਮੁਗਧ—{मुग्ध} ਮੂਰਖ। ਤਿਸਹਿਉਸ (ਪ੍ਰਭੂ) ਨੂੰ। ਜਿਨਿਜਿਸ ਪ੍ਰਭੂ ਨੇ। ਸਿਰੀਪੈਦਾ ਕੀਤੀ।੩।

ਕਰਤਾਰਹੇ ਕਰਤਾਰ! ਦਇਆਲਹੇ ਦਇਆ ਦੇ ਘਰ! ਤੁਮਹਿਤੂੰ (ਆਪ) ਹੀ। ਛੁਟਕਹਿਛੁੱਟਦੇ ਹਨ, ਟੁੱਟਦੇ ਹਨ। ਬੰਧਬੰਧਨ। ਬਖਸਿਮਿਹਰ ਕਰ ਕੇ।੪।

ਅਰਥ: (ਹੇ ਮੂਰਖ!) ਤੂੰ ਧਨ ਇਕੱਠਾ ਕਰੀ ਜਾਂਦਾ ਹੈਂ, (ਅਤੇ ਧਨ ਜੋੜਨ ਦੇ ਉੱਦਮ ਵਿਚ) ਲੋਕਾਂ ਨੂੰ ਦੁੱਖ ਦੇਂਦਾ ਹੈਂ। (ਮੌਤ ਆਉਣ ਤੇ ਇਹ ਧਨ) ਤੇਰੇ ਕੰਮ ਨਹੀਂ ਆਵੇਗਾ, ਹੋਰਨਾਂ (ਦੇ ਵਰਤਣ) ਜੋਗਾ ਰਹਿ ਜਾਇਗਾ। (ਹੇ ਮੂਰਖ! ਇਸ ਧਨ ਦਾ) ਮਾਣ ਕਰ ਕੇ (ਇਸ ਧਨ ਦੇ ਨਸ਼ੇ ਵਿਚ) ਅੰਨ੍ਹਾ ਹੋ ਕੇ ਤੂੰ (ਲੋਕਾਂ ਨਾਲ) ਵਰਤਾਰਾ ਕਰਦਾ ਹੈਂ। (ਜਦੋਂ) ਮੌਤ ਦੀ ਫਾਹੀ (ਤੇਰੇ ਗਲ ਵਿਚ ਪਈ, ਉਸ ਫਾਹੀ ਵਿਚ) ਬੱਝੇ ਹੋਏ ਨੂੰ ਤੈਨੂੰ ਪਰਲੋਕ ਵਿਚ (ਲੈ ਜਾਣਗੇ, ਤੇ ਧਨ ਇਥੇ ਹੀ ਰਹਿ ਜਾਇਗਾ)੧।

ਹੇ ਮੂਰਖ! ਦੂਜਿਆਂ ਨਾਲ ਈਰਖਾ ਕਰਨੀ ਛੱਡ ਦੇ। ਹੇ ਮੂਰਖ! ਇਸ ਦੁਨੀਆ ਵਿਚ (ਪੰਛੀਆਂ ਵਾਂਗ) ਰਾਤ-ਮਾਤ੍ਰ ਹੀ ਵੱਸਣਾ ਹੈ। ਮਾਇਆ ਵਿਚ ਮਸਤ ਹੋਏ ਹੇ ਮੂਰਖ! (ਇਥੋਂ ਆਖ਼ਰ) ਉੱਠ ਕੇ ਤੂੰ ਚਲੇ ਜਾਣਾ ਹੈ, (ਪਰ) ਤੂੰ (ਇਸ ਜਗਤ-) ਸੁਪਨੇ ਨਾਲ ਰੁੱਝਾ ਪਿਆ ਹੈਂ।੧।ਰਹਾਉ।

ਬਾਲ ਉਮਰੇ ਜੀਵ ਬੇ-ਸਮਝ ਬਾਲਕ ਬਣਿਆ ਰਹਿੰਦਾ ਹੈ, ਭਰ-ਜਵਾਨੀ ਵੇਲੇ ਵਿਕਾਰਾਂ ਵਿਚ ਲੱਗਾ ਰਹਿੰਦਾ ਹੈ, (ਜਵਾਨੀ ਲੰਘ ਜਾਣ ਤੇ) ਤੀਜੀ ਉਮਰੇ ਮਾਇਆ ਜੋੜਨ ਲੱਗ ਪੈਂਦਾ ਹੈ, (ਆਖ਼ਰ ਜਦੋਂ) ਬੁੱਢਾ ਹੋ ਜਾਂਦਾ ਹੈ ਤਾਂ ਅਫ਼ਸੋਸ ਕਰਦਾ (ਜੋੜੀ ਹੋਈ ਮਾਇਆ) ਛੱਡ ਕੇ (ਇਥੋਂ) ਤੁਰ ਪੈਂਦਾ ਹੈ।੨।

(ਹੇ ਭਾਈ!) ਬੜੇ ਚਿਰਾਂ ਪਿੱਛੋਂ ਜੀਵ ਨੂੰ ਇਹ ਦੁਰਲੱਭ ਮਨੁੱਖਾ ਸਰੀਰ ਮਿਲਦਾ ਹੈ, ਪਰ ਨਾਮ ਤੋਂ ਵਾਂਜੇ ਰਹਿ ਕੇ ਇਹ ਸਰੀਰ ਮਿੱਟੀ ਹੋ ਜਾਂਦਾ ਹੈ। (ਨਾਮ ਤੋਂ ਬਿਨਾ, ਵਿਕਾਰਾਂ ਦੇ ਕਾਰਨ) ਮੂਰਖ ਜੀਵ ਦੀ ਇਹ ਦੇਹੀ ਪਸ਼ੂਆਂ ਤੇ ਪਰੇਤਾਂ ਨਾਲੋਂ ਭੀ ਭੈੜੀ (ਸਮਝੋ)ਜਿਸ ਪਰਮਾਤਮਾ ਨੇ (ਇਸ ਦੀ) ਇਹ ਮਨੁੱਖਾ ਦੇਹੀ ਬਣਾਈ ਉਸ ਨੂੰ ਕਦੇ ਚੇਤੇ ਨਹੀਂ ਕਰਦਾ।੩।

ਹੇ ਨਾਨਕ! (ਆਖ-ਜੀਵ ਵਿਚਾਰੇ ਕੀਹ ਕਰਨ? ਹੇ ਕਰਤਾਰ! ਹੇ ਗੋਬਿੰਦ! ਹੋ ਗੋਪਾਲ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸਦਾ ਹੀ ਕਿਰਪਾ ਦੇ ਸੋਮੇ! ਤੂੰ ਆਪ ਹੀ ਜੀਵਾਂ ਦੇ ਮਾਇਆ ਦੇ ਬੰਧਨ ਤੋੜੇਂ ਤਾਂ ਹੀ ਟੁੱਟ ਸਕਦੇ ਹਨ। ਹੇ ਕਰਤਾਰ! (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਇਸ ਜਗਤ ਨੂੰ ਤੂੰ ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜੀ ਰੱਖ।੪।੧੨।੨੩।

TOP OF PAGE

Sri Guru Granth Darpan, by Professor Sahib Singh