ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 888

ਰਾਮਕਲੀ ਮਹਲਾ ੫ ॥ ਕੋਟਿ ਬਿਘਨ ਨਹੀ ਆਵਹਿ ਨੇਰਿ ॥ ਅਨਿਕ ਮਾਇਆ ਹੈ ਤਾ ਕੀ ਚੇਰਿ ॥ ਅਨਿਕ ਪਾਪ ਤਾ ਕੇ ਪਾਨੀਹਾਰ ॥ ਜਾ ਕਉ ਮਇਆ ਭਈ ਕਰਤਾਰ ॥੧॥ ਜਿਸਹਿ ਸਹਾਈ ਹੋਇ ਭਗਵਾਨ ॥ ਅਨਿਕ ਜਤਨ ਉਆ ਕੈ ਸਰੰਜਾਮ ॥੧॥ ਰਹਾਉ ॥ਕਰਤਾ ਰਾਖੈ ਕੀਤਾ ਕਉਨੁ ॥ ਕੀਰੀ ਜੀਤੋ ਸਗਲਾ ਭਵਨੁ ॥ ਬੇਅੰਤ ਮਹਿਮਾ ਤਾ ਕੀ ਕੇਤਕ ਬਰਨ ॥ ਬਲਿ ਬਲਿ ਜਾਈਐ ਤਾ ਕੇ ਚਰਨ ॥੨॥ ਤਿਨ ਹੀ ਕੀਆ ਜਪੁ ਤਪੁ ਧਿਆਨੁ ॥ ਅਨਿਕ ਪ੍ਰਕਾਰ ਕੀਆ ਤਿਨਿ ਦਾਨੁ ॥ ਭਗਤੁ ਸੋਈ ਕਲਿ ਮਹਿ ਪਰਵਾਨੁ ॥ ਜਾ ਕਉ ਠਾਕੁਰਿ ਦੀਆ ਮਾਨੁ ॥੩॥ ਸਾਧਸੰਗਿ ਮਿਲਿ ਭਏ ਪ੍ਰਗਾਸ ॥ ਸਹਜ ਸੂਖ ਆਸ ਨਿਵਾਸ ॥ ਪੂਰੈ ਸਤਿਗੁਰਿ ਦੀਆ ਬਿਸਾਸ ॥ ਨਾਨਕ ਹੋਏ ਦਾਸਨਿ ਦਾਸ ॥੪॥੭॥੧੮॥ {ਪੰਨਾ 888}

ਪਦਅਰਥ: ਕੋਟਿਕ੍ਰੋੜਾਂ। ਬਿਘਨਰੁਕਾਵਟਾਂ। ਨੇਰਿਨੇੜੇ। ਤਾ ਕੀਉਸ ਦੀ। ਚੇਰਿਚੇਰੀ, ਦਾਸੀ। ਪਾਨੀਹਾਰਪਾਣੀ ਭਰਨ ਵਾਲੇ। ਮਇਆ ਕਰਤਾਰਕਰਤਾਰ ਦੀ ਦਇਆ।੧।

ਸਹਾਈਮਦਦਗਾਰ। ਉਆ ਕੈਉਸ ਦੇ ਘਰ ਵਿਚ। ਸਰੰਜਾਮਸਫਲ {ਫ਼: }੧।ਰਹਾਉ।

ਕੀਤਾਪੈਦਾ ਕੀਤਾ ਹੋਇਆ ਜੀਵ। ਕਉਨੁਕੀਹ ਵਿਚਾਰਾ? ਕੀਰੀਕੀੜੀ। ਭਵਨੁਜਗਤ। ਮਹਿਮਾਵਡਿਆਈ। ਕੇਤਕਕਿਤਨੀ ਕੁ? ਬਰਨਬਿਆਨ ਕੀਤੀ ਜਾਏ। ਬਲਿ ਬਲਿਸਦਕੇ, ਕੁਰਬਾਨ।੨।

ਤਿਨ ਹੀਤਿਨਿ ਹੀ, ਉਸ ਮਨੁੱਖ ਨੇ ਹੀ {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}ਤਿਨਿਉਸ ਨੇ। ਕਲਿ ਮਹਿ—(ਭਾਵ) ਜਗਤ ਵਿਚ। ਠਾਕੁਰਿਠਾਕੁਰ ਨੇ। ਮਾਨੁਆਦਰ।੩।

ਸਾਧ ਸੰਗਿਗੁਰੂ ਦੀ ਸੰਗਤਿ ਵਿਚ। ਮਿਲਿਮਿਲ ਕੇ। ਪ੍ਰਗਾਸ—(ਆਤਮਕ ਜੀਵਨ ਦਾ) ਚਾਨਣ। ਸਹਜ ਨਿਵਾਸਆਤਮਕ ਅਡੋਲਤਾ ਦਾ ਟਿਕਾਣਾ। ਸੂਖ ਨਿਵਾਸਸੁਖਾਂ ਦਾ ਸੋਮਾ। ਆਸ ਨਿਵਾਸਆਸਾਂ ਦਾ ਪੂਰਕ। ਸਤਿਗੁਰਿਸਤਿਗੁਰੂ ਨੇ। ਬਿਸਾਸ—{विश्वास} ਭਰੋਸਾ, ਨਿਸ਼ਚਾ। ਦਾਸਨਿ ਦਾਸਦਾਸਾਂ ਦੇ ਦਾਸ।੪।

ਅਰਥ: ਹੇ ਭਾਈ! ਜਿਸ ਮਨੁੱਖ ਦਾ ਮਦਦਗਾਰ ਪਰਮਾਤਮਾ (ਆਪ) ਬਣਦਾ ਹੈ, ਉਸ ਦੇ ਘਰ ਵਿਚ (ਉਸ ਦੇ) ਅਨੇਕਾਂ ਉੱਦਮ ਸਫਲ ਹੋ ਜਾਂਦੇ ਹਨ।੧।ਰਹਾਉ।

ਹੇ ਭਾਈ! ਜਿਸ ਮਨੁੱਖ ਉੱਤੇ ਕਰਤਾਰ ਦੀ ਮੇਹਰ ਹੁੰਦੀ ਹੈ, (ਜਗਤ ਦੇ) ਅਨੇਕਾਂ ਵਿਕਾਰ ਉਸ ਦਾ ਪਾਣੀ ਭਰਨ ਵਾਲੇ ਬਣ ਜਾਂਦੇ ਹਨ (ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦੇ), ਅਨੇਕਾਂ (ਤਰੀਕਿਆਂ ਨਾਲ ਮੋਹਣ ਵਾਲੀ) ਮਾਇਆ ਉਸ ਦੀ ਦਾਸੀ ਬਣੀ ਰਹਿੰਦੀ ਹੈ, (ਜੀਵਾਂ ਦੀ ਜ਼ਿੰਦਗੀ ਦੇ ਰਾਹ ਵਿਚ ਆਉਣ ਵਾਲੀਆਂ) ਕ੍ਰੋੜਾਂ ਰੁਕਾਵਟਾਂ ਉਸ ਦੇ ਨੇੜੇ ਨਹੀਂ ਆਉਂਦੀਆਂ।੧।

ਹੇ ਭਾਈ! ਕਰਤਾਰ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ, ਉਸ ਦਾ ਪੈਦਾ ਕੀਤਾ ਹੋਇਆ ਜੀਵ ਉਸ ਮਨੁੱਖ ਦਾ ਕੁਝ ਭੀ ਨਹੀਂ ਵਿਗਾੜ ਸਕਦਾ। (ਜੇ ਕਰਤਾਰ ਦੀ ਮੇਹਰ ਹੋਵੇ, ਤਾਂ) ਕੀੜੀ (ਭੀ) ਸਾਰੇ ਜਗਤ ਨੂੰ ਜਿੱਤ ਲੈਂਦੀ ਹੈ। ਹੇ ਭਾਈ! ਉਸ ਕਰਤਾਰ ਦੀ ਬੇਅੰਤ ਵਡਿਆਈ ਹੈ। ਕਿਤਨੀ ਕੁ ਬਿਆਨ ਕੀਤੀ ਜਾਏ? ਉਸ ਦੇ ਚਰਨਾਂ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ।੨।

ਹੇ ਭਾਈ! ਜਿਸ ਮਨੁੱਖ ਨੂੰ ਮਾਲਕ-ਪ੍ਰਭੂ ਨੇ ਆਦਰ ਬਖ਼ਸ਼ਿਆ, ਉਹੀ ਅਸਲ ਭਗਤ ਹੈ, ਉਹੀ ਜਗਤ ਵਿਚ ਮੰਨਿਆ-ਪ੍ਰਮੰਨਿਆ ਜਾਂਦਾ ਹੈ। ਉਸੇ ਮਨੁੱਖ ਨੇ ਜਪ ਕੀਤਾ ਸਮਝੋ, ਉਸੇ ਮਨੁੱਖ ਨੇ ਤਪ ਸਾਧਿਆ ਜਾਣੋ, ਉਸੇ ਮਨੁੱਖ ਨੇ ਸਮਾਧੀ ਲਾਈ ਸਮਝੋ, ਉਸੇ ਮਨੁੱਖ ਨੇ ਹੀ ਅਨੇਕਾਂ ਕਿਸਮਾਂ ਦਾ ਦਾਨ ਦਿੱਤਾ ਜਾਣੋ (ਉਹੀ ਅਸਲ ਜਪੀ ਹੈ ਉਹੀ ਅਸਲ ਤਪੀ ਹੈ, ਉਹੀ ਅਸਲ ਜੋਗੀ ਹੈ, ਉਹੀ ਅਸਲ ਦਾਨੀ ਹੈ)੩।

ਹੇ ਨਾਨਕ! ਪੂਰੇ ਗੁਰੂ ਨੇ ਜਿਨ੍ਹਾਂ ਮਨੁੱਖਾਂ ਨੂੰ ਇਹ ਨਿਸ਼ਚਾ ਕਰਾ ਦਿੱਤਾ ਕਿ ਪਰਮਾਤਮਾ ਆਤਮਕ ਅਡੋਲਤਾ ਅਤੇ ਸੁਖਾਂ ਦਾ ਸੋਮਾ ਹੈ, ਪਰਮਾਤਮਾ ਹੀ ਸਭ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ, ਗੁਰੂ ਦੀ ਸੰਗਤਿ ਵਿਚ ਮਿਲ ਕੇ ਉਹਨਾਂ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ, ਉਹ ਮਨੁੱਖ ਪ੍ਰਭੂ ਦੇ ਦਾਸਾਂ ਦੇ ਦਾਸ ਬਣੇ ਰਹਿੰਦੇ ਹਨ।੪।੭।੧੮।

ਰਾਮਕਲੀ ਮਹਲਾ ੫ ॥ ਦੋਸੁ ਨ ਦੀਜੈ ਕਾਹੂ ਲੋਗ ॥ ਜੋ ਕਮਾਵਨੁ ਸੋਈ ਭੋਗ ॥ ਆਪਨ ਕਰਮ ਆਪੇ ਹੀ ਬੰਧ ॥ ਆਵਨੁ ਜਾਵਨੁ ਮਾਇਆ ਧੰਧ ॥੧॥ ਐਸੀ ਜਾਨੀ ਸੰਤ ਜਨੀ ॥ ਪਰਗਾਸੁ ਭਇਆ ਪੂਰੇ ਗੁਰ ਬਚਨੀ ॥੧॥ ਰਹਾਉ ॥ ਤਨੁ ਧਨੁ ਕਲਤੁ ਮਿਥਿਆ ਬਿਸਥਾਰ ॥ ਹੈਵਰ ਗੈਵਰ ਚਾਲਨਹਾਰ ॥ ਰਾਜ ਰੰਗ ਰੂਪ ਸਭਿ ਕੂਰ ॥ ਨਾਮ ਬਿਨਾ ਹੋਇ ਜਾਸੀ ਧੂਰ ॥੨॥ ਭਰਮਿ ਭੂਲੇ ਬਾਦਿ ਅਹੰਕਾਰੀ ॥ ਸੰਗਿ ਨਾਹੀ ਰੇ ਸਗਲ ਪਸਾਰੀ ॥ ਸੋਗ ਹਰਖ ਮਹਿ ਦੇਹ ਬਿਰਧਾਨੀ ॥ ਸਾਕਤ ਇਵ ਹੀ ਕਰਤ ਬਿਹਾਨੀ ॥੩॥ ਹਰਿ ਕਾ ਨਾਮੁ ਅੰਮ੍ਰਿਤੁ ਕਲਿ ਮਾਹਿ ॥ ਏਹੁ ਨਿਧਾਨਾ ਸਾਧੂ ਪਾਹਿ ॥ ਨਾਨਕ ਗੁਰੁ ਗੋਵਿਦੁ ਜਿਸੁ ਤੂਠਾ ॥ ਘਟਿ ਘਟਿ ਰਮਈਆ ਤਿਨ ਹੀ ਡੀਠਾ ॥੪॥੮॥੧੯॥ {ਪੰਨਾ 888}

ਪਦਅਰਥ: ਕਾਹੂ ਲੋਗਕਿਸੇ ਪ੍ਰਾਣੀ ਨੂੰ। ਭੋਗਫਲ ਮਿਲਦਾ ਹੈ। ਬੰਧਬੰਧਨ। ਆਵਨੁ ਜਾਵਨੁਜਨਮ ਮਰਨ ਦਾ ਗੇੜ। ਧੰਧਧੰਧੇ।੧।

ਐਸੀਇਹੋ ਜਿਹੀ (ਜੀਵਨਜੁਗਤਿ)ਜਨੀਜਨਾਂ ਨੇ। ਪਰਗਾਸੁ—(ਆਤਮਕ ਜੀਵਨ ਦਾ) ਚਾਨਣ। ਬਚਨੀਬਚਨਾਂ ਦੀ ਰਾਹੀਂ।੧।ਰਹਾਉ।

ਕਲਤੁ—{कलत्र} ਇਸਤ੍ਰੀ। ਮਿਥਿਆਨਾਸਵੰਤ। ਬਿਸਥਾਰ—(ਮੋਹ ਦਾ) ਖਿਲਾਰਾ। ਹੈਵਰ—{हयवर} ਵਧੀਆ ਘੋੜੇ। ਗੈਵਰ—{गजवर} ਵਧੀਆ ਹਾਥੀ। ਸਭਿਸਾਰੇ। ਕੂਰਕੂੜ, ਨਾਸਵੰਤ। ਹੋਇ ਜਾਸੀਹੋ ਜਾਇਗਾ। ਧੂਰਮਿੱਟੀ।੨।

ਭਰਮਿਭਟਕਣਾ ਵਿਚ। ਭੂਲੇਕੁਰਾਹੇ ਪਏ ਹੋਏ। ਬਾਦਿਵਿਅਰਥ। ਰੇਹੇ ਭਾਈ! ਹਰਖਖ਼ੁਸ਼ੀ। ਦੇਹਸਰੀਰ। ਸਾਕਤਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਇਵ ਹੀਇਸੇ ਤਰ੍ਹਾਂ। ਬਿਹਾਨੀਬੀਤ ਜਾਂਦੀ ਹੈ।੩।

ਅੰਮਿਤੁਆਤਮਕ ਜੀਵਨ ਦੇਣ ਵਾਲਾ। ਕਲਿ ਮਾਹਿਜਗਤ ਵਿਚ। ਨਿਧਾਨਾਖ਼ਜ਼ਾਨਾ। ਸਾਧੂਗੁਰੂ। ਪਾਸਿਪਾਸ, ਕੋਲ। ਤੂਠਾਪ੍ਰਸੰਨ ਹੋਇਆ। ਘਟਿ ਘਟਿਹਰੇਕ ਸਰੀਰ ਵਿਚ। ਤਿਨ ਹੀਤਿਨਿ ਹੀ, ਉਸ ਨੇ ਹੀ {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}੪।

ਅਰਥ: ਹੇ ਭਾਈ! ਪੂਰੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ (ਜਿਨ੍ਹਾਂ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋ ਗਿਆ, ਉਹਨਾਂ ਸੰਤ ਜਨਾਂ ਨੇ (ਜੀਵਨ-ਜੁਗਤਿ ਨੂੰ) ਇਉਂ ਸਮਝਿਆ ਹੈ।੧।ਰਹਾਉ।

(ਹੇ ਭਾਈ! ਉਹਨਾਂ ਸੰਤ ਜਨਾਂ ਨੇ ਇਉਂ ਸਮਝਿਆ ਹੈ ਕਿ ਆਪਣੀ ਕਿਸੇ ਔਖਿਆਈ ਬਾਰੇ) ਕਿਸੇ ਹੋਰ ਪ੍ਰਾਣੀਆਂ ਨੂੰ ਦੋਸ ਨਹੀਂ ਦੇਣਾ ਚਾਹੀਦਾ। ਮਨੁੱਖ ਜੋ ਕਰਮ ਕਮਾਂਦਾ ਹੈ, ਉਸੇ ਦਾ ਹੀ ਫਲ ਭੋਗਦਾ ਹੈ। ਆਪਣੇ ਕੀਤੇ ਕਰਮਾਂ (ਦੇ ਸੰਸਕਾਰਾਂ) ਅਨੁਸਾਰ ਮਨੁੱਖ ਆਪ ਹੀ (ਮਾਇਆ ਦੇ) ਬੰਧਨਾਂ ਵਿਚ (ਜਕੜਿਆ ਰਹਿੰਦਾ ਹੈ), ਮਾਇਆ ਦੇ ਧੰਧਿਆਂ ਦੇ ਕਾਰਨ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ।੧।

ਹੇ ਭਾਈ! ਸਰੀਰ, ਧਨ, ਵਹੁਟੀ-(ਮੋਹ ਦੇ ਇਹ ਸਾਰੇ) ਖਿਲਾਰੇ ਨਾਸਵੰਤ ਹਨ। ਵਧੀਆ ਘੋੜੇ, ਵਧੀਆ ਹਾਥੀ-ਇਹ ਭੀ ਨਾਸਵੰਤ ਹਨ। ਦੁਨੀਆ ਦੀਆਂ ਬਾਦਸ਼ਾਹੀਆਂ, ਰੰਗ-ਤਮਾਸ਼ੇ ਅਤੇ ਸੁੰਦਰ ਨੁਹਾਰਾਂ-ਇਹ ਭੀ ਸਾਰੇ ਕੂੜੇ ਪਸਾਰੇ ਹਨ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਸ਼ੈ ਮਿੱਟੀ ਹੋ ਜਾਇਗੀ।੨।

ਹੇ ਭਾਈ! ਜਿਨ੍ਹਾਂ ਪਦਾਰਥਾਂ ਦੀ ਖ਼ਾਤਰ ਮਨੁੱਖ ਭਟਕਣਾ ਵਿਚ ਪੈ ਕੇ ਜੀਵਨ ਦੇ ਗ਼ਲਤ ਰਸਤੇ ਪੈ ਜਾਂਦੇ ਹਨ ਅਤੇ ਵਿਅਰਥ ਮਾਣ ਕਰਦੇ ਹਨ, ਉਹ ਸਾਰੇ ਖਿਲਾਰੇ ਕਿਸੇ ਦੇ ਨਾਲ ਨਹੀਂ ਜਾ ਸਕਦੇ। ਕਦੇ ਖ਼ੁਸ਼ੀ ਵਿਚ, ਗ਼ਮੀ ਵਿਚ, (ਇਉਂ ਹੀ) ਸਰੀਰ ਬੁੱਢਾ ਹੋ ਜਾਂਦਾ ਹੈ। ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਉਮਰ ਇਸੇ ਤਰ੍ਹਾਂ ਹੀ ਬੀਤ ਜਾਂਦੀ ਹੈ।੩।

ਹੇ ਭਾਈ! ਜਗਤ ਵਿਚ ਪਰਮਾਤਮਾ ਦਾ ਨਾਮ ਹੀ ਆਤਮਕ ਜੀਵਨ ਦੇਣ ਵਾਲਾ (ਪਦਾਰਥ) ਹੈ। ਇਹ ਖ਼ਜ਼ਾਨਾ ਗੁਰੂ ਦੇ ਪਾਸ ਹੈ। ਹੇ ਨਾਨਕ! ਜਿਸ ਮਨੁੱਖ ਉੱਤੇ ਗੁਰੂ ਪ੍ਰਸੰਨ ਹੁੰਦਾ ਹੈ, ਪਰਮਾਤਮਾ ਪ੍ਰਸੰਨ ਹੁੰਦਾ ਹੈ, ਉਸੇ ਮਨੁੱਖ ਨੇ ਸੋਹਣੇ ਪ੍ਰਭੂ ਨੂੰ ਹਰੇਕ ਸਰੀਰ ਵਿਚ ਵੇਖਿਆ ਹੈ।੪।੮।੧੯।

ਰਾਮਕਲੀ ਮਹਲਾ ੫ ॥ ਪੰਚ ਸਬਦ ਤਹ ਪੂਰਨ ਨਾਦ ॥ ਅਨਹਦ ਬਾਜੇ ਅਚਰਜ ਬਿਸਮਾਦ ॥ ਕੇਲ ਕਰਹਿ ਸੰਤ ਹਰਿ ਲੋਗ ॥ ਪਾਰਬ੍ਰਹਮ ਪੂਰਨ ਨਿਰਜੋਗ ॥੧॥ ਸੂਖ ਸਹਜ ਆਨੰਦ ਭਵਨ ॥ ਸਾਧਸੰਗਿ ਬੈਸਿ ਗੁਣ ਗਾਵਹਿ ਤਹ ਰੋਗ ਸੋਗ ਨਹੀ ਜਨਮ ਮਰਨ ॥੧॥ ਰਹਾਉ ॥ ਊਹਾ ਸਿਮਰਹਿ ਕੇਵਲ ਨਾਮੁ ॥ ਬਿਰਲੇ ਪਾਵਹਿ ਓਹੁ ਬਿਸ੍ਰਾਮੁ ॥ ਭੋਜਨੁ ਭਾਉ ਕੀਰਤਨ ਆਧਾਰੁ ॥ ਨਿਹਚਲ ਆਸਨੁ ਬੇਸੁਮਾਰੁ ॥੨॥ ਡਿਗਿ ਨ ਡੋਲੈ ਕਤਹੂ ਨ ਧਾਵੈ ॥ ਗੁਰ ਪ੍ਰਸਾਦਿ ਕੋ ਇਹੁ ਮਹਲੁ ਪਾਵੈ ॥ ਭ੍ਰਮ ਭੈ ਮੋਹ ਨ ਮਾਇਆ ਜਾਲ ॥ ਸੁੰਨ ਸਮਾਧਿ ਪ੍ਰਭੂ ਕਿਰਪਾਲ ॥੩॥ ਤਾ ਕਾ ਅੰਤੁ ਨ ਪਾਰਾਵਾਰੁ ॥ ਆਪੇ ਗੁਪਤੁ ਆਪੇ ਪਾਸਾਰੁ ॥ ਜਾ ਕੈ ਅੰਤਰਿ ਹਰਿ ਹਰਿ ਸੁਆਦੁ ॥ ਕਹਨੁ ਨ ਜਾਈ ਨਾਨਕ ਬਿਸਮਾਦੁ ॥੪॥੯॥੨੦॥ {ਪੰਨਾ 888-889}

ਪਦਅਰਥ: ਪੰਚ ਸਬਦ—(ਤੰਤੀ, ਚੰਮ, ਧਾਤ, ਘੜਾ, ਫੂਕ ਮਾਰ ਕੇ ਵਜਾਣ ਵਾਲੇਇਹ) ਪੰਜ ਕਿਸਮਾਂ ਦੇ ਸਾਜ਼। ਤਹਉਸ ਆਤਮਕ ਅਵਸਥਾ ਵਿਚ। ਨਾਦਆਵਾਜ਼। ਪੂਰਨ ਨਾਦਘਨਘੋਰ ਆਵਾਜ਼। ਅਨਹਦ—{अनहत} ਬਿਨਾ ਵਜਾਏ ਵੱਜ ਰਹੇ। ਬਿਸਮਾਦਹੈਰਾਨੀ ਪੈਦਾ ਕਰਨ ਵਾਲੀ ਅਵਸਥਾ। ਕੇਲਆਤਮਕ ਆਨੰਦ, ਕਲੋਲ। ਕੇਲ ਕਰਹਿਆਤਮਕ ਆਨੰਦ ਮਾਣਦੇ ਹਨ। ਨਿਰਜੋਗਨਿਰਲੇਪ।੧।

ਸਹਜਆਤਮਕ ਅਡੋਲਤਾ। ਭਵਨਅਸਥਾਨ। ਸਾਧ ਸੰਗਿਗੁਰੂ ਦੀ ਸੰਗਤਿ ਵਿਚ। ਬੈਸਿਬੈਠ ਕੇ। ਤਹਉਸ ਅਵਸਥਾ ਵਿਚ। ਸੋਗਗ਼ਮ।੧।ਰਹਾਉ।

ਊਹਾਉਥੇ, ਉਸ ਆਤਮਕ ਅਵਸਥਾ ਵਿਚ। ਕੇਵਲਸਿਰਫ਼। ਓਹੁ ਬਿਸ੍ਰਾਮਉਹ ਆਤਮਕ ਟਿਕਾਣਾ। ਭਾਉਪ੍ਰੇਮ। ਆਧਾਰੁਆਸਰਾ। ਨਿਹਚਲਨਾਹ ਡੋਲਣ ਵਾਲਾ। ਬੇਸੁਮਾਰੁਅੰਦਾਜ਼ੇ ਤੋਂ ਪਰੇ।੨।

ਡਿਗਿਡਿੱਗ ਕੇ। ਕਤਹੁਕਿਸੇ ਭੀ ਪਾਸੇ। ਧਾਵੈਦੌੜਦਾ, ਭਟਕਦਾ। ਗੁਰ ਪ੍ਰਸਾਦਿਗੁਰੂ ਦੀ ਕਿਰਪਾ ਨਾਲ। ਮਹਲੁਉੱਚਾ ਆਤਮਕ ਟਿਕਾਣਾ। ਭੈ—{ਲਫ਼ਜ਼ 'ਭਉ' ਤੋਂ ਬਹੁ-ਵਚਨ}ਸੁੰਨਸੁੰਞ {शुन्य}ਸਮਾਧਿਜੁੜੀ ਹੋਈ ਸੁਰਤਿ। ਸੁੰਨ ਸਮਾਧਿਉਹ ਜੁੜੀ ਹੋਈ ਸੁਰਤਿ ਜਿਸ ਵਿਚ ਮਾਇਕ ਫੁਰਨਿਆਂ ਵਲੋਂ ਸੁੰਞ ਹੈ।੩।

ਪਾਰਾਵਾਰੁਪਾਰਅਵਾਰੁ, ਪਾਰਲਾ ਉਰਲਾ ਬੰਨਾ। ਆਪੇਆਪ ਹੀ। ਗੁਪਤੁਸਭ ਵਿਚ ਲੁਕਿਆ ਹੋਇਆ। ਪਾਸਾਰੁ—(ਜਗਤਰੂਪ) ਖਿਲਾਰਾ। ਜਾ ਕੈ ਅੰਤਰਿਜਿਸ ਮਨੁੱਖ ਦੇ ਹਿਰਦੇ ਵਿਚ। ਨਾਨਕਹੇ ਨਾਨਕ! ਬਿਸਮਾਦੁਅਸਚਰਜ।੪।

ਅਰਥ: ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸੰਗਤਿ ਵਿਚ ਬੈਠ ਕੇ (ਪਰਮਾਤਮਾ ਦੇ) ਗੁਣ ਗਾਂਦੇ ਰਹਿੰਦੇ ਹਨ, ਉਹ ਮਨੁੱਖ ਆਤਮਕ ਅਡੋਲਤਾ, ਆਤਮਕ ਸੁਖ-ਆਨੰਦ ਦੀ ਅਵਸਥਾ ਹਾਸਲ ਕਰ ਲੈਂਦੇ ਹਨ। ਉਸ ਆਤਮਕ ਅਵਸਥਾ ਵਿਚ ਕੋਈ ਰੋਗ ਕੋਈ ਗ਼ਮ ਕੋਈ ਜਨਮ-ਮਰਨ ਦਾ ਗੇੜ ਨਹੀਂ ਵਿਆਪਦਾ।੧।ਰਹਾਉ।

ਹੇ ਭਾਈ! ਉਸ ਆਤਮਕ ਅਵਸਥਾ ਵਿਚ (ਇਉਂ ਪ੍ਰਤੀਤ ਹੁੰਦਾ ਹੈ ਜਿਵੇਂ) ਪੰਜ ਕਿਸਮਾਂ ਦੇ ਸਾਜ਼ਾਂ ਦੀ ਘਨਘੋਰ ਆਵਾਜ਼ ਹੋ ਰਹੀ ਹੈ, (ਜਿਵੇਂ ਮਨੁੱਖ ਦੇ ਅੰਦਰ) ਇੱਕ-ਰਸ ਵਾਜੇ ਵੱਜ ਰਹੇ ਹਨ। ਉਹ ਅਵਸਥਾ ਅਚਰਜ ਤੇ ਹੈਰਾਨੀ ਪੈਦਾ ਕਰਨ ਵਾਲੀ ਹੁੰਦੀ ਹੈ। (ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਨਿਰਲੇਪ ਤੇ ਸਰਬ-ਵਿਆਪਕ ਪ੍ਰਭੂ ਦੇ ਸੰਤ-ਜਨ (ਉਸ ਅਵਸਥਾ ਵਿਚ ਪਹੁੰਚ ਕੇ) ਆਤਮਕ ਆਨੰਦ ਮਾਣਦੇ ਰਹਿੰਦੇ ਹਨ।੧।

ਹੇ ਭਾਈ! ਉਸ ਆਤਮਕ ਅਵਸਥਾ ਵਿਚ (ਪਹੁੰਚੇ ਹੋਏ ਸੰਤ-ਜਨ) ਸਿਰਫ਼ (ਹਰਿ-) ਨਾਮ ਸਿਮਰਦੇ ਰਹਿੰਦੇ ਹਨ। ਪਰ ਉਹ ਉੱਚੀ ਆਤਮਕ ਅਵਸਥਾ ਵਿਰਲੇ ਮਨੁੱਖਾਂ ਨੂੰ ਹਾਸਲ ਹੁੰਦੀ ਹੈ। ਹੇ ਭਾਈ! ਉਸ ਅਵਸਥਾ ਵਿਚ ਪ੍ਰਭੂ-ਪ੍ਰੇਮ ਹੀ ਮਨੁੱਖ ਦੀ ਆਤਮਕ ਖ਼ੁਰਾਕ ਹੋ ਜਾਂਦੀ ਹੈ, ਆਤਮਕ ਜੀਵਨ ਵਾਸਤੇ ਮਨੁੱਖ ਨੂੰ ਸਿਫ਼ਤਿ-ਸਾਲਾਹ ਦਾ ਹੀ ਸਹਾਰਾ ਹੁੰਦਾ ਹੈ। ਹੇ ਭਾਈ! ਉਸ ਆਤਮਕ ਅਵਸਥਾ ਦਾ ਆਸਣ (ਮਾਇਆ ਦੇ ਅੱਗੇ) ਕਦੇ ਡੋਲਦਾ ਨਹੀਂ। ਉਹ ਅਵਸਥਾ ਕੈਸੀ ਹੈ-ਇਸਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।੨।

ਹੇ ਭਾਈ! ਉਸ ਅਵਸਥਾ ਵਿਚ ਪਹੁੰਚਿਆ ਹੋਇਆ ਮਨੁੱਖ (ਮਾਇਆ ਦੇ ਮੋਹ ਵਿਚ) ਡਿੱਗ ਕੇ ਡੋਲਦਾ ਨਹੀਂ ਹੈ, (ਉਸ ਟਿਕਾਣੇ ਨੂੰ ਛੱਡ ਕੇ) ਕਿਸੇ ਹੋਰ ਪਾਸੇ ਨਹੀਂ ਭਟਕਦਾ। ਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ ਉਹ ਟਿਕਾਣਾ ਹਾਸਲ ਕਰਦਾ ਹੈ। ਉਥੇ ਦੁਨੀਆ ਦੀਆਂ ਭਟਕਣਾਂ, ਦੁਨੀਆ ਦੇ ਡਰ, ਮਾਇਆ ਦਾ ਮੋਹ, ਮਾਇਆ ਦੇ ਜਾਲ-ਇਹ ਕੋਈ ਭੀ ਪੋਹ ਨਹੀਂ ਸਕਦੇ। ਕਿਰਪਾ ਦੇ ਸੋਮੇ ਪ੍ਰਭੂ ਵਿਚ ਮਨੁੱਖ ਦੀ ਐਸੀ ਸੁਰਤਿ ਜੁੜਦੀ ਹੈ ਕਿ ਕੋਈ ਭੀ ਮਾਇਕ ਫੁਰਨਾ ਨੇੜੇ ਨਹੀਂ ਢੁਕਦਾ।੩।

ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਸੁਆਦ ਟਿਕ ਜਾਂਦਾ ਹੈ, ਉਸ ਨੂੰ ਇਹ ਜਗਤ-ਖਿਲਾਰਾ ਉਸ ਪ੍ਰਭੂ ਦਾ ਆਪਣਾ ਹੀ ਰੂਪ ਦਿੱਸਦਾ ਹੈ, ਇਸ ਜਗਤ-ਖਿਲਾਰੇ ਵਿਚ ਉਹ ਪ੍ਰਭੂ ਆਪ ਹੀ ਲੁਕਿਆ ਦਿੱਸਦਾ ਹੈ, ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੇ ਸਰੂਪ ਦਾ ਪਾਰਲਾ ਉਰਲਾ ਬੰਨਾ ਨਹੀਂ ਦਿੱਸ ਸਕਦਾ। ਹੇ ਨਾਨਕ! ਹਰਿ-ਨਾਮ ਦਾ ਸੁਆਦ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਸੁਆਦ ਅਸਚਰਜ ਹੀ ਹੁੰਦਾ ਹੈ।੪।੯।੨੦।

TOP OF PAGE

Sri Guru Granth Darpan, by Professor Sahib Singh