ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 887

ਰਾਮਕਲੀ ਮਹਲਾ ੫ ॥ ਸੇਵਕੁ ਲਾਇਓ ਅਪੁਨੀ ਸੇਵ ॥ ਅੰਮ੍ਰਿਤੁ ਨਾਮੁ ਦੀਓ ਮੁਖਿ ਦੇਵ ॥ ਸਗਲੀ ਚਿੰਤਾ ਆਪਿ ਨਿਵਾਰੀ ॥ ਤਿਸੁ ਗੁਰ ਕਉ ਹਉ ਸਦ ਬਲਿਹਾਰੀ ॥੧॥ ਕਾਜ ਹਮਾਰੇ ਪੂਰੇ ਸਤਗੁਰ ॥ ਬਾਜੇ ਅਨਹਦ ਤੂਰੇ ਸਤਗੁਰ ॥੧॥ ਰਹਾਉ ॥ ਮਹਿਮਾ ਜਾ ਕੀ ਗਹਿਰ ਗੰਭੀਰ ॥ ਹੋਇ ਨਿਹਾਲੁ ਦੇਇ ਜਿਸੁ ਧੀਰ ॥ ਜਾ ਕੇ ਬੰਧਨ ਕਾਟੇ ਰਾਇ ॥ ਸੋ ਨਰੁ ਬਹੁਰਿ ਨ ਜੋਨੀ ਪਾਇ ॥੨॥ ਜਾ ਕੈ ਅੰਤਰਿ ਪ੍ਰਗਟਿਓ ਆਪ ॥ ਤਾ ਕਉ ਨਾਹੀ ਦੂਖ ਸੰਤਾਪ ॥ ਲਾਲੁ ਰਤਨੁ ਤਿਸੁ ਪਾਲੈ ਪਰਿਆ ॥ ਸਗਲ ਕੁਟੰਬ ਓਹੁ ਜਨੁ ਲੈ ਤਰਿਆ ॥੩॥ ਨਾ ਕਿਛੁ ਭਰਮੁ ਨ ਦੁਬਿਧਾ ਦੂਜਾ ॥ ਏਕੋ ਏਕੁ ਨਿਰੰਜਨ ਪੂਜਾ ॥ ਜਤ ਕਤ ਦੇਖਉ ਆਪਿ ਦਇਆਲ ॥ ਕਹੁ ਨਾਨਕ ਪ੍ਰਭ ਮਿਲੇ ਰਸਾਲ ॥੪॥੪॥੧੫॥ {ਪੰਨਾ 887}

ਪਦਅਰਥ: ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ। ਮੁਖਿਮੂੰਹ ਵਿਚ। ਵੇਦਚਾਨਣਸਰੂਪ ਪ੍ਰਭੂ ਦਾ। ਨਿਵਾਰੀਦੂਰ ਕੀਤੀ ਹੈ। ਕਉਨੂੰ, ਤੋਂ। ਹਉਹਉਂ, ਮੈਂ। ਸਦਸਦਾ। ਬਲਿਹਾਰੀਕੁਰਬਾਨ।੧।

ਸਤਿਗੁਰਹੇ ਗੁਰੂ! ਬਾਜੇਵੱਜ ਰਹੇ ਹਨ। ਅਨਹਦਇੱਕਰਸ, ਲਗਾਤਾਰ। ਤੂਰੇਵਾਜੇ।੧।ਰਹਾਉ।

ਮਹਿਮਾਵਡਿਆਈ। ਗਹਿਰਗਹਿਰੀ, ਡੂੰਘੀ। ਗੰਭੀਰਡੂੰਘੀ। ਹੋਇ ਨਿਹਾਲੁਪੂਰਨ ਤੌਰ ਤੇ ਪ੍ਰਸੰਨ ਹੋ ਜਾਂਦਾ ਹੈ। ਦੇਇਦੇਂਦਾ ਹੈ। ਧੀਰਧੀਰਜ। ਰਾਇਪ੍ਰਭੂਪਾਤਿਸ਼ਾਹ ਨੇ। ਬਹੁਰਿਮੁੜ, ਫਿਰ। ਨ ਪਾਇਨਹੀਂ ਪੈਂਦਾ।੨।

ਜਾ ਕੈ ਅੰਤਰਿਜਿਸ ਦੇ ਅੰਦਰ। ਤਾ ਕਉਉਸ (ਮਨੁੱਖ) ਨੂੰ। ਸੰਤਾਪਕਲੇਸ਼। ਤਿਸੁ ਪਾਲੈਉਸ ਦੇ ਪੱਲੇ ਵਿਚ। ਤਿਸੁ ਪਾਲੈ ਪਰਿਆਉਸ ਨੂੰ ਮਿਲ ਜਾਂਦਾ ਹੈ।੩।

ਭਰਮੁਭਟਕਣਾ। ਦੁਬਿਧਾਦੁਚਿੱਤਾਪਨ। ਦੂਜਾਮੇਰਤੇਰ। ਨਿਰੰਜਨ—{ਨਿਰਅੰਜਨ। ਅੰਜਨਮਾਇਆ ਦੇ ਮੋਹ ਦੀ ਕਾਲਖ} ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ। ਜਤ ਕਤਜਿਧਰ ਕਿਧਰ, ਹਰ ਪਾਸੇ। ਦੇਖਉਦੇਖਉਂ, ਮੈਂ ਵੇਖਦਾ ਹਾਂ। ਰਸਾਲ—{ਰਸਆਲਯ} ਆਨੰਦ ਦਾ ਸੋਮਾ।੪।

ਅਰਥ: ਹੇ ਸਤਿਗੁਰੂ! ਤੂੰ ਮੇਰੇ ਸਾਰੇ ਕੰਮ ਸਿਰੇ ਚਾੜ੍ਹ ਦਿੱਤੇ ਹਨ (ਤੇਰੀ ਮੇਹਰ ਨਾਲ ਮੈਂ ਬੇ-ਗ਼ਰਜ਼ ਹੋ ਗਿਆ ਹਾਂ)ਹੇ ਸਤਿਗੁਰੂ! (ਹੁਣ ਇਉਂ ਪ੍ਰਤੀਤ ਹੋ ਰਿਹਾ ਹੈ, ਜਿਵੇਂ ਮੇਰੇ ਅੰਦਰ) ਇੱਕ-ਰਸ (ਖ਼ੁਸ਼ੀ ਦੇ) ਵਾਜੇ ਵੱਜ ਰਹੇ ਹਨ।੧।ਰਹਾਉ।

ਹੇ ਭਾਈ! ਮੈਂ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ, ਜਿਸ ਨੇ (ਮੇਰੇ ਅੰਦਰੋਂ) ਸਾਰੀ ਚਿੰਤਾ ਆਪ (ਮੇਹਰ ਕਰ ਕੇ) ਦੂਰ ਕਰ ਦਿੱਤੀ ਹੈ, ਜਿਸ ਨੇ ਚਾਨਣ-ਰੂਪ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ (ਜਪਣ ਵਾਸਤੇ ਮੇਰੇ) ਮੂੰਹ ਵਿਚ ਦਿੱਤਾ ਹੈ, ਜਿਸ ਨੇ (ਮੈਨੂੰ ਆਪਣਾ) ਸੇਵਕ (ਬਣਾ ਕੇ) ਆਪਣੀ (ਇਸ) ਸੇਵਾ ਵਿਚ ਲਾਇਆ ਹੈ।੧।

ਹੇ ਭਾਈ! ਜਿਸ ਪਰਮਾਤਮਾ ਦੀ ਵਡਿਆਈ ਬੇਅੰਤ ਅਥਾਹ ਹੈ, ਉਹ ਜਿਸ (ਮਨੁੱਖ) ਨੂੰ ਧੀਰਜ ਬਖ਼ਸ਼ਦਾ ਹੈ, ਉਹ ਮਨੁੱਖ ਲੂੰ-ਲੂੰ ਖ਼ੁਸ਼ ਹੋ ਜਾਂਦਾ ਹੈ। ਉਹ ਪ੍ਰਭੂ-ਪਾਤਿਸ਼ਾਹ ਜਿਸ ਮਨੁੱਖ ਦੇ (ਮਾਇਆ ਦੇ) ਬੰਧਨ ਕੱਟ ਦੇਂਦਾ ਹੈ, ਉਹ ਮਨੁੱਖ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪੈਂਦਾ।੨।

ਹੇ ਭਾਈ! ਪਰਮਾਤਮਾ ਆਪ ਜਿਸ ਮਨੁੱਖ ਦੇ ਹਿਰਦੇ ਵਿਚ ਆਪਣਾ ਪ੍ਰਕਾਸ਼ ਕਰਦਾ ਹੈ, ਉਸ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ। ਉਸ ਮਨੁੱਖ ਨੂੰ ਪ੍ਰਭੂ ਦਾ ਨਾਮ-ਲਾਲ ਲੱਭ ਪੈਂਦਾ ਹੈ, ਨਾਮ-ਰਤਨ ਮਿਲ ਜਾਂਦਾ ਹੈ। ਉਹ ਮਨੁੱਖ ਆਪਣੇ ਸਾਰੇ ਪਰਵਾਰ ਨੂੰ (ਭੀ ਆਪਣੇ ਨਾਲ) ਲੈ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।੩।

ਹੇ ਭਾਈ! ਜੇਹੜਾ ਮਨੁੱਖ ਸਿਰਫ਼ ਇੱਕ ਮਾਇਆ ਤੋਂ ਨਿਰਲੇਪ ਪ੍ਰਭੂ ਦੀ ਬੰਦਗੀ ਕਰਦਾ ਹੈ, ਉਸ ਨੂੰ ਕੋਈ ਭਟਕਣਾ ਨਹੀਂ ਰਹਿੰਦੀ, ਉਸ ਦੇ ਅੰਦਰ ਦੁਚਿੱਤਾ-ਪਨ ਨਹੀਂ ਰਹਿ ਜਾਂਦਾ, ਉਸ ਦੇ ਹਿਰਦੇ ਵਿਚ ਮੇਰ-ਤੇਰ ਨਹੀਂ ਹੁੰਦੀ। ਹੇ ਨਾਨਕ! ਆਖ-(ਗੁਰੂ ਦੀ ਕਿਰਪਾ ਨਾਲ ਮੈਨੂੰ) ਆਨੰਦ ਦਾ ਸੋਮਾ ਪ੍ਰਭੂ ਜੀ ਮਿਲ ਪਏ ਹਨ, ਹੁਣ ਮੈਂ ਜਿਧਰ ਕਿਧਰ ਵੇਖਦਾ ਹਾਂ, ਮੈਨੂੰ ਉਹ ਦਇਆ ਦਾ ਘਰ ਪ੍ਰਭੂ ਹੀ ਦਿੱਸ ਰਿਹਾ ਹੈ।੪।੪।੧੫।

ਰਾਮਕਲੀ ਮਹਲਾ ੫ ॥ ਤਨ ਤੇ ਛੁਟਕੀ ਅਪਨੀ ਧਾਰੀ ॥ ਪ੍ਰਭ ਕੀ ਆਗਿਆ ਲਗੀ ਪਿਆਰੀ ॥ ਜੋ ਕਿਛੁ ਕਰੈ ਸੁ ਮਨਿ ਮੇਰੈ ਮੀਠਾ ॥ ਤਾ ਇਹੁ ਅਚਰਜੁ ਨੈਨਹੁ ਡੀਠਾ ॥੧॥ ਅਬ ਮੋਹਿ ਜਾਨੀ ਰੇ ਮੇਰੀ ਗਈ ਬਲਾਇ ॥ ਬੁਝਿ ਗਈ ਤ੍ਰਿਸਨ ਨਿਵਾਰੀ ਮਮਤਾ ਗੁਰਿ ਪੂਰੈ ਲੀਓ ਸਮਝਾਇ ॥੧॥ ਰਹਾਉ ॥ਕਰਿ ਕਿਰਪਾ ਰਾਖਿਓ ਗੁਰਿ ਸਰਨਾ ॥ ਗੁਰਿ ਪਕਰਾਏ ਹਰਿ ਕੇ ਚਰਨਾ ॥ ਬੀਸ ਬਿਸੁਏ ਜਾ ਮਨ ਠਹਰਾਨੇ ॥ ਗੁਰ ਪਾਰਬ੍ਰਹਮ ਏਕੈ ਹੀ ਜਾਨੇ ॥੨॥ ਜੋ ਜੋ ਕੀਨੋ ਹਮ ਤਿਸ ਕੇ ਦਾਸ ॥ ਪ੍ਰਭ ਮੇਰੇ ਕੋ ਸਗਲ ਨਿਵਾਸ ॥ ਨਾ ਕੋ ਦੂਤੁ ਨਹੀ ਬੈਰਾਈ ॥ ਗਲਿ ਮਿਲਿ ਚਾਲੇ ਏਕੈ ਭਾਈ ॥੩॥ ਜਾ ਕਉ ਗੁਰਿ ਹਰਿ ਦੀਏ ਸੂਖਾ ॥ ਤਾ ਕਉ ਬਹੁਰਿ ਨ ਲਾਗਹਿ ਦੂਖਾ ॥ ਆਪੇ ਆਪਿ ਸਰਬ ਪ੍ਰਤਿਪਾਲ ॥ ਨਾਨਕ ਰਾਤਉ ਰੰਗਿ ਗੋਪਾਲ ॥੪॥੫॥੧੬॥ {ਪੰਨਾ 887}

ਪਦਅਰਥ: ਤੇਤੋਂ। ਤਨ ਤੇਸਰੀਰ ਵਿਚੋਂ। ਛੁਟਕੀਮੁੱਕ ਗਈ। ਧਾਰੀਮਿਥੀ ਹੋਈ। ਅਪਨੀ ਧਾਰੀਇਹ ਮਿਥ ਕਿ ਇਹ ਸਰੀਰ ਮੇਰਾ ਬਣਿਆ ਰਹੇਗਾ। ਆਗਿਆਰਜ਼ਾ। ਕਰੈਕਰਦਾ ਹੈ। ਮਨਿ ਮੇਰੈਮੇਰੇ ਮਨ ਵਿਚ। ਤਾਂਤਦੋਂ। ਨੈਨਹੁਅੱਖਾਂ ਨਾਲ, ਪਰਤੱਖ।੧।

ਮੋਹਿਮੈਂ। ਰੇਹੇ ਭਾਈ! ਬਲਾਇਚੰਬੜੀ ਹੋਈ ਬਿਪਤਾ। ਤ੍ਰਿਸਨਮਾਇਆ ਦੇ ਲਾਲਚ ਦੀ ਅੱਗ। ਨਿਵਾਰੀਦੂਰ ਕਰ ਦਿੱਤੀ ਹੈ। ਮਮਤਾਅਪਣੱਤ, ਮਾਇਆ ਦਾ ਮੋਹ। ਗੁਰਿ ਪੂਰੈਪੂਰੇ ਗੁਰੂ ਨੇ।੧।ਰਹਾਉ।

ਕਰਿਕਰ ਕੇ। ਗੁਰਿਗੁਰੂ ਨੇ। ਬੀਸ ਬਿਸੁਏਵੀਹ ਵਿਸਵੇ, ਸੋਲਾਂ ਆਨੇ, ਪੂਰਨ ਤੌਰ ਤੇ।੨।

ਜੋ ਜੋਜੇਹੜਾ ਜੇਹੜਾ ਪ੍ਰਾਣੀ। ਤਿਸ ਕੇ—{ਲਫ਼ਜ਼ 'ਤਿਸੁ ਦਾ ੁ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ}ਸਗਲਸਾਰੇ ਜੀਵਾਂ ਵਿਚ। ਦੂਤੁਦੋਖੀ, ਦੁਸ਼ਮਨ। ਬੈਰਾਈਵੈਰੀ। ਗਲਿਗਲ ਨਾਲ। ਮਿਲਿਮਿਲ ਕੇ।੩।

ਜਾ ਕਉਜਿਸ (ਮਨੁੱਖ) ਨੂੰ। ਬਹੁਰਿਮੁੜ। ਰਾਤਉਰੱਤਾ ਹੋਇਆ {ਅੱਨ ਪੁਰਖ, ਇਕ-ਵਚਨ}ਰੰਗਿਰੰਗ ਵਿਚ।੪।

ਅਰਥ: ਹੇ ਭਾਈ! ਹੁਣ ਮੈਂ (ਆਤਮਕ ਜੀਵਨ ਦੀ ਮਰਯਾਦਾ) ਸਮਝ ਲਈ ਹੈ, ਮੇਰੇ ਅੰਦਰੋਂ (ਚਿਰਾਂ ਦੀ ਚੰਬੜੀ ਹੋਈ ਮਮਤਾ ਦੀ) ਡੈਣ ਨਿਕਲ ਗਈ ਹੈ। ਪੂਰੇ ਗੁਰੂ ਨੇ ਮੈਨੂੰ (ਜੀਵਨ ਦੀ) ਸੂਝ ਬਖ਼ਸ਼ ਦਿੱਤੀ ਹੈ। (ਮੇਰੇ ਅੰਦਰੋਂ) ਮਾਇਆ ਦੇ ਲਾਲਚ ਦੀ ਅੱਗ ਬੁੱਝ ਗਈ ਹੈ, ਗੁਰੂ ਨੇ ਮੇਰਾ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ।੧।ਰਹਾਉ।

(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੇਰੇ ਸਰੀਰ ਵਿਚੋਂ ਇਹ ਮਿੱਥ ਮੁੱਕ ਗਈ ਹੈ ਕਿ ਇਹ ਸਰੀਰ ਮੇਰਾ ਹੈ, ਇਹ ਸਰੀਰ ਮੇਰਾ ਹੈ। ਹੁਣ ਮੈਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਣ ਲੱਗ ਪਈ ਹੈ। ਜੋ ਕੁਝ ਪਰਮਾਤਮਾ ਕਰਦਾ ਹੈ, ਉਹ (ਹੁਣ) ਮੇਰੇ ਮਨ ਵਿਚ ਮਿੱਠਾ ਲੱਗ ਰਿਹਾ ਹੈ। (ਇਸ ਆਤਮਕ ਤਬਦੀਲੀ ਦਾ) ਇਹ ਅਚਰਜ ਤਮਾਸ਼ਾ ਮੈਂ ਪਰਤੱਖ ਵੇਖ ਲਿਆ ਹੈ।੧।

(ਹੇ ਭਾਈ! ਗੁਰੂ ਨੇ ਮੇਹਰ ਕਰ ਕੇ ਮੈਨੂੰ ਆਪਣੀ ਸਰਨ ਵਿਚ ਰੱਖਿਆ ਹੋਇਆ ਹੈ। ਗੁਰੂ ਨੇ ਪ੍ਰਭੂ ਦੇ ਚਰਨ ਫੜਾ ਦਿੱਤੇ ਹਨ। ਹੁਣ ਜਦੋਂ ਮੇਰਾ ਮਨ ਪੂਰੇ ਤੌਰ ਤੇ ਠਹਿਰ ਗਿਆ ਹੈ, (ਟਿਕ ਗਿਆ ਹੈ), ਮੈਨੂੰ ਗੁਰੂ ਅਤੇ ਪਰਮਾਤਮਾ ਇੱਕ-ਰੂਪ ਦਿੱਸ ਰਹੇ ਹਨ।੨।

(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੈਨੂੰ ਦਿੱਸ ਪਿਆ ਹੈ ਕਿ) ਸਾਰੇ ਹੀ ਜੀਵਾਂ ਵਿਚ ਮੇਰੇ ਪਰਮਾਤਮਾ ਦਾ ਨਿਵਾਸ ਹੈ, (ਇਸ ਵਾਸਤੇ) ਜੇਹੜਾ ਜੇਹੜਾ ਜੀਵ ਪਰਮਾਤਮਾ ਨੇ ਪੈਦਾ ਕੀਤਾ ਹੈ ਮੈਂ ਹਰੇਕ ਦਾ ਸੇਵਕ ਬਣ ਗਿਆ ਹਾਂ। ਮੈਨੂੰ ਕੋਈ ਭੀ ਜੀਵ ਆਪਣਾ ਦੁਸ਼ਮਨ ਵੈਰੀ ਨਹੀਂ ਦਿੱਸਦਾ। ਹੁਣ ਮੈਂ ਸਭਨਾਂ ਦੇ ਗਲ ਨਾਲ ਮਿਲ ਕੇ ਤੁਰਦਾ ਹਾਂ (ਜਿਵੇਂ ਅਸੀ) ਇੱਕੋ ਪਿਤਾ (ਦੇ ਪੁੱਤਰ) ਭਰਾ ਹਾਂ।੩।

ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਨੇ ਪ੍ਰਭੂ ਨੇ (ਇਹ) ਸੁਖ ਦੇ ਦਿੱਤੇ, ਉਸ ਉੱਤੇ ਦੁੱਖ ਮੁੜ ਆਪਣਾ ਜ਼ੋਰ ਨਹੀਂ ਪਾ ਸਕਦੇ। (ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਆਪ ਹੀ ਸਭਨਾਂ ਦੀ ਪਾਲਣਾ ਕਰਨ ਵਾਲਾ ਹੈ। ਉਹ ਮਨੁੱਖ ਸ੍ਰਿਸ਼ਟੀ ਦੇ ਰੱਖਿਅਕ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ।੪।੫।੧੬।

ਰਾਮਕਲੀ ਮਹਲਾ ੫ ॥ ਮੁਖ ਤੇ ਪੜਤਾ ਟੀਕਾ ਸਹਿਤ ॥ ਹਿਰਦੈ ਰਾਮੁ ਨਹੀ ਪੂਰਨ ਰਹਤ ॥ ਉਪਦੇਸੁ ਕਰੇ ਕਰਿ ਲੋਕ ਦ੍ਰਿੜਾਵੈ ॥ ਅਪਨਾ ਕਹਿਆ ਆਪਿ ਨ ਕਮਾਵੈ ॥੧॥ ਪੰਡਿਤ ਬੇਦੁ ਬੀਚਾਰਿ ਪੰਡਿਤ ॥ ਮਨ ਕਾ ਕ੍ਰੋਧੁ ਨਿਵਾਰਿ ਪੰਡਿਤ ॥੧॥ ਰਹਾਉ ॥ਆਗੈ ਰਾਖਿਓ ਸਾਲ ਗਿਰਾਮੁ ॥ ਮਨੁ ਕੀਨੋ ਦਹ ਦਿਸ ਬਿਸ੍ਰਾਮੁ ॥ ਤਿਲਕੁ ਚਰਾਵੈ ਪਾਈ ਪਾਇ ॥ ਲੋਕ ਪਚਾਰਾ ਅੰਧੁ ਕਮਾਇ ॥੨॥ ਖਟੁ ਕਰਮਾ ਅਰੁ ਆਸਣੁ ਧੋਤੀ ॥ ਭਾਗਠਿ ਗ੍ਰਿਹਿ ਪੜੈ ਨਿਤ ਪੋਥੀ ॥ ਮਾਲਾ ਫੇਰੈ ਮੰਗੈ ਬਿਭੂਤ ॥ ਇਹ ਬਿਧਿ ਕੋਇ ਨ ਤਰਿਓ ਮੀਤ ॥੩॥ ਸੋ ਪੰਡਿਤੁ ਗੁਰ ਸਬਦੁ ਕਮਾਇ ॥ ਤ੍ਰੈ ਗੁਣ ਕੀ ਓਸੁ ਉਤਰੀ ਮਾਇ ॥ ਚਤੁਰ ਬੇਦ ਪੂਰਨ ਹਰਿ ਨਾਇ ॥ ਨਾਨਕ ਤਿਸ ਕੀ ਸਰਣੀ ਪਾਇ ॥੪॥੬॥੧੭॥ {ਪੰਨਾ 887-888}

ਪਦਅਰਥ: ਤੇਤੋਂ। ਮੁਖ ਤੇਮੂੰਹੋਂ। ਟੀਕਾ ਸਹਿਤਅਰਥਾਂ ਸਮੇਤ। ਹਿਰਦੈਹਿਰਦੇ ਵਿਚ। ਰਹਤਰਹਿਣੀ, ਆਚਰਨ। ਕਰਿਕਰ ਕੇ। ਦ੍ਰਿੜਾਵੈਪੱਕਾ ਨਿਸ਼ਚਾ ਦਿਵਾਂਦਾ ਹੈ।੧।

ਪੰਡਿਤਹੇ ਪੰਡਿਤ! ਬੀਚਾਰਿਸੋਚਮੰਡਲ ਵਿਚ ਟਿਕਾਈ ਰੱਖ, ਮਨ ਵਿਚ ਵਸਾਈ ਰੱਖ। ਨਿਵਾਰਿਦੂਰ ਕਰ।੧।ਰਹਾਉ।

ਆਗੈਆਪਣੇ ਸਾਹਮਣੇ। ਰਾਖਿਓਰੱਖਿਆ ਹੋਇਆ ਹੈ। ਸਾਲਗਿਰਾਮੁਠਾਕੁਰ ਦੀ ਮੂਰਤੀ। ਦਹ ਦਿਸਦਸ ਦਿਸ਼ਾਂ ਵਿਚ, ਦਸੀਂ ਪਾਸੀਂ। ਚਰਾਵੈਮੱਥੇ ਉੱਤੇ ਲਾਂਦਾ ਹੈ। ਪਾਈਪਾਈਂ, ਪੈਰੀਂ। ਪਾਇਪੈਂਦਾ ਹੈ। ਪਚਾਰਾਪਰਚਾਉਣ ਦਾ ਕੰਮ। ਅੰਧੁਅੰਨ੍ਹਾ ਮਨੁੱਖ।੨।

ਖਟੁ ਕਰਮਾਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਧਾਰਮਿਕ ਕੰਮ {ਦਾਨ ਦੇਣਾ ਤੇ ਲੈਣਾ; ਜੱਗ ਕਰਨਾ ਤੇ ਕਰਾਣਾ; ਵਿੱਦਿਆ ਪੜ੍ਹਨੀ ਤੇ ਪੜ੍ਹਾਣੀ}ਅਰੁਅਤੇ। ਭਾਗਠਿਭਾਗਾਂ ਵਾਲਾ ਮਨੁੱਖ, ਧਨਾਢ। ਗ੍ਰਿਹਿਘਰ ਵਿਚ। ਬਿਭੂਤਧਨ। ਮੀਤਹੇ ਮਿੱਤਰ!੩।

ਸਬਦੁ ਕਮਾਇਸ਼ਬਦ ਅਨੁਸਾਰ ਜੀਵਨ ਢਾਲਦਾ ਹੈ। ਓਸੁਉਸ ਮਨੁੱਖ ਦੀ। ਉਤਰੀਲਹਿ ਜਾਂਦੀ ਹੈ। ਤ੍ਰੈ ਗੁਣ ਕੀ ਮਾਇਤਿੰਨ ਗੁਣਾਂ ਵਾਲੀ ਮਾਇਆ। ਚਤੁਰਚਾਰ। ਨਾਇਨਾਮ ਵਿਚ। ਤਿਸ ਕੀ—{ਲਫ਼ਜ਼ 'ਤਿਸੁ' ਦਾ ੁ ਸਬੰਧੰਕ 'ਕੀ' ਦੇ ਕਾਰਨ ਉੱਡ ਗਿਆ ਹੈ}ਪਾਇਪੈਂਦਾ ਹੈ।੪।

ਅਰਥ: ਹੇ ਪੰਡਿਤ! ਵੇਦ (ਆਦਿਕ ਧਰਮ-ਪੁਸਤਕ ਦੇ ਉਪਦੇਸ਼) ਨੂੰ (ਆਪਣੇ) ਮਨ ਵਿਚ ਵਸਾਈ ਰੱਖ, ਅਤੇ ਆਪਣੇ ਮਨ ਦਾ ਗੁੱਸਾ ਦੂਰ ਕਰ ਦੇ।੧। ਰਹਾਉ।

(ਜੇਹੜਾ ਮਨੁੱਖ ਧਰਮ-ਪੁਸਤਕਾਂ ਨੂੰ) ਮੂੰਹੋਂ ਤਾਂ ਅਰਥਾਂ ਸਮੇਤ ਪੜ੍ਹਦਾ ਹੈ, ਪਰ ਉਸ ਦੇ ਹਿਰਦੇ ਵਿਚ ਪਰਮਾਤਮਾ ਨਹੀਂ ਵੱਸਦਾ, ਨਾਹ ਹੀ ਉਸ ਦੀ ਰਹਿਣੀ ਬੇ-ਦਾਗ਼ ਹੈ, ਹੋਰ ਲੋਕਾਂ ਨੂੰ (ਧਰਮ-ਪੁਸਤਕਾਂ ਦਾ) ਉਪਦੇਸ਼ ਕਰਦਾ ਹੈ (ਅਤੇ ਉਪਦੇਸ਼) ਕਰ ਕੇ ਉਹਨਾਂ ਦੇ ਮਨ ਵਿਚ (ਉਹ ਉਪਦੇਸ਼) ਪੱਕੀ ਤਰ੍ਹਾਂ ਬਿਠਾਂਦਾ ਹੈ, ਪਰ ਆਪਣਾ ਇਹ ਦੱਸਿਆ ਹੋਇਆ ਉਪਦੇਸ਼ ਆਪ ਨਹੀਂ ਕਮਾਂਦਾ (ਉਸ ਨੂੰ ਪੰਡਿਤ ਨਹੀਂ ਆਖਿਆ ਜਾ ਸਕਦਾ)੧।

(ਆਤਮਕ ਜੀਵਨ ਵਲੋਂ) ਅੰਨ੍ਹਾ (ਮਨੁੱਖ) ਸਾਲਗਰਾਮ ਦੀ ਮੂਰਤੀ ਆਪਣੇ ਸਾਹਮਣੇ ਰੱਖ ਲੈਂਦਾ ਹੈ, ਪਰ ਉਸ ਦਾ ਮਨ ਦਸੀਂ ਪਾਸੀਂ ਟਿਕਿਆ ਹੋਇਆ ਹੈ। ਅੰਨ੍ਹਾ (ਮਨੁੱਖ ਆਪਣੇ ਮੱਥੇ ਉੱਤੇ) ਤਿਲਕ ਲਾਂਦਾ ਹੈ, (ਮੂਰਤੀ ਦੇ) ਪੈਰਾਂ ਉੱਤੇ (ਭੀ) ਪੈਂਦਾ ਹੈ। ਪਰ ਇਹ ਸਭ ਕੁਝ ਉਹ ਸਿਰਫ਼ ਦੁਨੀਆ ਨੂੰ ਪਤਿਆਉਣ ਦਾ ਕੰਮ ਹੀ ਕਰਦਾ ਹੈ।੨।

(ਆਤਮਕ ਜੀਵਨ ਵਲੋਂ ਅੰਨ੍ਹਾ ਮਨੁੱਖ ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਧਾਰਮਿਕ ਕੰਮ ਕਰਦਾ ਹੈ, (ਦੇਵ-ਪੂਜਾ ਕਰਨ ਵਾਸਤੇ ਉਸ ਨੇ ਉੱਨ ਆਦਿਕ ਦਾ) ਆਸਣ (ਭੀ ਰੱਖਿਆ ਹੋਇਆ ਹੈ, ਪੂਜਾ ਕਰਨ ਵੇਲੇ) ਧੋਤੀ (ਭੀ ਪਹਿਨਦਾ ਹੈ), ਕਿਸੇ ਧਨਾਢ ਦੇ ਘਰ (ਜਾ ਕੇ) ਸਦਾ (ਆਪਣੀ ਧਾਰਮਿਕ) ਪੁਸਤਕ ਭੀ ਪੜ੍ਹਦਾ ਹੈ, (ਉਸ ਦੇ ਘਰ ਬੈਠ ਕੇ) ਮਾਲਾ ਫੇਰਦਾ ਹੈ, (ਫਿਰ ਉਸ ਧਨਾਢ ਪਾਸੋਂ) ਧਨ-ਪਦਾਰਥ ਮੰਗਦਾ ਹੈ-ਹੇ ਮਿੱਤਰ! ਇਸ ਤਰੀਕੇ ਨਾਲ ਕੋਈ ਮਨੁੱਖ ਕਦੇ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ।੩।

ਉਹ ਮਨੁੱਖ (ਹੀ) ਪੰਡਿਤ ਹੈ ਜੇਹੜਾ ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਢਾਲਦਾ ਹੈ। ਤਿੰਨਾਂ ਗੁਣਾਂ ਵਾਲੀ ਇਹ ਮਾਇਆ ਉਸ ਮਨੁੱਖ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ। ਉਸ ਦੇ ਭਾ ਦੇ ਪਰਮਾਤਮਾ ਦੇ ਨਾਮ ਵਿਚ (ਹੀ) ਚਾਰੇ ਵੇਦ ਮੁਕੰਮਲ ਤੌਰ ਤੇ ਆ ਜਾਂਦੇ ਹਨ। ਹੇ ਨਾਨਕ! (ਆਖ-ਕੋਈ ਭਾਗਾਂ ਵਾਲਾ ਮਨੁੱਖ) ਉਸ (ਪੰਡਿਤ) ਦੀ ਸਰਨ ਪੈਂਦਾ ਹੈ।੪।੬।੧੭।

TOP OF PAGE

Sri Guru Granth Darpan, by Professor Sahib Singh