ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 886

ਰਾਗੁ ਰਾਮਕਲੀ ਮਹਲਾ ੫ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਚਾਰਿ ਪੁਕਾਰਹਿ ਨਾ ਤੂ ਮਾਨਹਿ ॥ ਖਟੁ ਭੀ ਏਕਾ ਬਾਤ ਵਖਾਨਹਿ ॥ ਦਸ ਅਸਟੀ ਮਿਲਿ ਏਕੋ ਕਹਿਆ ॥ ਤਾ ਭੀ ਜੋਗੀ ਭੇਦੁ ਨ ਲਹਿਆ ॥੧॥ ਕਿੰਕੁਰੀ ਅਨੂਪ ਵਾਜੈ ॥ ਜੋਗੀਆ ਮਤਵਾਰੋ ਰੇ ॥੧॥ ਰਹਾਉ ॥ ਪ੍ਰਥਮੇ ਵਸਿਆ ਸਤ ਕਾ ਖੇੜਾ ॥ ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ ॥ ਦੁਤੀਆ ਅਰਧੋ ਅਰਧਿ ਸਮਾਇਆ ॥ ਏਕੁ ਰਹਿਆ ਤਾ ਏਕੁ ਦਿਖਾਇਆ ॥੨॥ ਏਕੈ ਸੂਤਿ ਪਰੋਏ ਮਣੀਏ ॥ ਗਾਠੀ ਭਿਨਿ ਭਿਨਿ ਭਿਨਿ ਭਿਨਿ ਤਣੀਏ ॥ ਫਿਰਤੀ ਮਾਲਾ ਬਹੁ ਬਿਧਿ ਭਾਇ ॥ ਖਿੰਚਿਆ ਸੂਤੁ ਤ ਆਈ ਥਾਇ ॥੩॥ ਚਹੁ ਮਹਿ ਏਕੈ ਮਟੁ ਹੈ ਕੀਆ ॥ ਤਹ ਬਿਖੜੇ ਥਾਨ ਅਨਿਕ ਖਿੜਕੀਆ ॥ ਖੋਜਤ ਖੋਜਤ ਦੁਆਰੇ ਆਇਆ ॥ ਤਾ ਨਾਨਕ ਜੋਗੀ ਮਹਲੁ ਘਰੁ ਪਾਇਆ ॥੪॥ ਇਉ ਕਿੰਕੁਰੀ ਆਨੂਪ ਵਾਜੈ ॥ ਸੁਣਿ ਜੋਗੀ ਕੈ ਮਨਿ ਮੀਠੀ ਲਾਗੈ ॥੧॥ ਰਹਾਉ ਦੂਜਾ ॥੧॥੧੨॥ {ਪੰਨਾ 886}

ਪਦਅਰਥ: ਚਾਰਿਚਾਰ ਵੇਦ {ਨੋਟ:ਗਿਣਤੀ ਦੱਸਣ ਵਾਲਾ ਲਫ਼ਜ਼ 'ਚਾਰਿ' ਸਦਾ 'ਿ ' ਨਾਲ ਹੋਇਆ ਕਰਦਾ ਹੈ}ਪੁਕਾਰਹਿਜ਼ੋਰ ਦੇ ਕੇ ਆਖਦੇ ਹਨ। ਖਟੁਛੇ ਸ਼ਾਸਤਰ। ਏਕਾ ਬਾਤ—(ਇਹੀ) ਇਕੋ ਗੱਲ। ਵਖਾਨਹਿਬਿਆਨ ਕਰਦੇ ਹਨ। ਦਸ ਅਸਟੀਅਠਾਰਾਂ ਪੁਰਾਨ {ਅਸਟੀਅੱਠ}ਮਿਲਿਮਿਲ ਕੇ। ਏਕੋਇਕ ਬਚਨ। ਜੋਗੀਹੇ ਜੋਗੀ! ਭੇਦੁ—(ਹਰੇਕ ਹਿਰਦੇ ਵਿਚ ਵੱਸ ਰਹੀ ਸੋਹਣੀ ਕਿੰਗੁਰੀ ਦਾ) ਭੇਤ। ਲਹਿਆਲੱਭਾ।੧।

ਕਿੰਕੁਰੀਕਿੰਗਰੀ, ਸੋਹਣੇ ਕਿੰਗ। ਅਨੂਪਉਪਮਾਰਹਿਤ, ਬੇਮਿਸਾਲ, ਬਹੁਤ ਸੋਹਣੀ। ਵਾਜੈ—(ਅੱਗੇ ਹੀ) ਵੱਜ ਰਹੀ ਹੈ। ਰੇ ਜੋਗੀਆਹੇ ਜੋਗੀ! ਮਤਵਾਰੋਮਤਵਾਲਾ, (ਆਪਣੀ ਕਿੰਗ ਵਜਾਣ ਵਿਚ) ਮਸਤ।੧।ਰਹਾਉ।

ਪ੍ਰਥਮੇਪਹਿਲੇ (ਜੁਗ ਵਿਚ) ਸਤਜੁਗ ਵਿਚ। ਖੇੜਾਨਗਰ। ਸਤਦਾਨ। ਤ੍ਰਿਤੀਏ ਮਹਿਤ੍ਰੇਤੇ ਜੁਗ ਵਿਚ। ਦੁਤੇੜਾਦੁਫੇੜਾ, ਕਮੀ, ਘਾਟ। ਅਰਧੋ ਅਰਧਿਅੱਧ ਅੱਧ ਵਿਚ। ਏਕੁ ਰਹਿਆ—(ਧਰਮ ਦਾ ਸਿਰਫ਼) ਇੱਕ (ਪੈਰ) ਰਹਿ ਗਿਆ। ਏਕੁਇੱਕ ਪਰਮਾਤਮਾ। ਦੁਤੀਆਦੁਆਪਰ ਜੁਗ।

ਏਕੈ ਸੂਤਿਇਕੋ ਧਾਗੇ ਵਿਚ, ਇਕੋ ਪਰਮਾਤਮਾ ਦੀ ਚੇਤਨਸੱਤਾ ਵਿਚ। ਸੂਤਿਸੂਤਰ ਵਿਚ। ਗਾਠੀਗੰਢਾਂ, ਸ਼ਕਲਾਂ, ਸ਼ਖ਼ਸੀਅਤਾਂ। ਭਿਨਿ ਭਿਨਿਵੱਖ ਵੱਖ। ਤਣੀਏਤਾਣੀਆਂ ਹੋਈਆਂ ਹਨ। ਮਾਲਾਸੰਸਾਰਚੱਕਰ। ਬਹੁ ਬਿਧਿਕਈ ਤਰੀਕਿਆਂ ਨਾਲ। ਬਹੁ ਭਾਇਕਈ ਜੁਗਤੀਆਂ ਨਾਲ। ਸੂਤ—(ਮਾਲਾ ਦਾ) ਧਾਗਾ, (ਜੀਵਾਂ ਵਿਚ ਪਰਮਾਤਮਾ ਦੀ ਚੇਤਨਸੱਤਾ)ਆਈ ਥਾਇ—(ਸਾਰੀ ਮਾਲਾ) ਇਕੋ ਥਾਂ ਵਿਚ ਆ ਜਾਂਦੀ ਹੈ (ਸਾਰੀ ਸ੍ਰਿਸ਼ਟੀ ਇਕੋ ਪਰਮਾਤਮਾ ਵਿਚ ਹੀ ਲੀਨ ਹੋ ਜਾਂਦੀ ਹੈ)੩।

ਚਹੁ ਮਹਿਚਹੁੰਆਂ (ਜੁਗਾਂ) ਵਿਚ। ਏਕੈ ਮਟੁਇਕੋ (ਪਰਮਾਤਮਾ) ਦਾ ਹੀ (ਜਗਤ-) ਮਠ {ਨੋਟ: ਜੋਗੀਆਂ ਦਾ ਨਿਵਾਸਅਸਥਾਨ 'ਮਠ' ਅਖਵਾਂਦਾ ਹੈ। ਇਹ ਜਗਤ ਸਾਰੇ ਜੀਵਜੋਗੀਆਂ ਦਾ ਨਿਵਾਸਅਸਥਾਨ ਹੈ}ਤਹਇਸ (ਜਗਤਮਠ) ਵਿਚ। ਬਿਖੜੇਔਖੇ। ਅਨਿਕ ਖਿੜਕੀਆਅਨੇਕਾਂ ਜੂਨਾਂ। ਦੁਆਰੇ—(ਗੁਰੂ ਦੇ) ਦਰ ਤੇ। ਨਾਨਕਹੇ ਨਾਨਕ! ਜੋਗੀਜੋਗੀ ਨੇ, ਪ੍ਰਭੂਚਰਨਾਂ ਵਿਚ ਜੁੜੇ ਮਨੁੱਖ ਨੇ। ਮਹਲੁਪ੍ਰਭੂ ਦਾ ਮਹਲ। ਘਰੁਪ੍ਰਭੂ ਦਾ ਘਰ। ਮਹਲੁ ਘਰੁਪ੍ਰਭੂ ਦੇ ਚਰਨਾਂ ਵਿਚ ਨਿਵਾਸ।੪।

ਇਉਇਉਂ, ਇਸ ਤਰ੍ਹਾਂ, (ਭਾਵ, ਖੋਜ ਕਰਦਿਆਂ ਗੁਰੂ ਦੇ ਦਰ ਤੇ ਪਹੁੰਚ ਕੇ)ਸੁਣਿਸੁਣ ਕੇ। ਕੈ ਮਨਿਦੇ ਮਨ ਵਿਚ। ਜੋਗੀ ਕੈ ਮਨਿਪ੍ਰਭੂਚਰਨਾਂ ਵਿਚ ਜੁੜੇ ਮਨੁੱਖ ਦੇ ਮਨ ਵਿਚ।੧।ਰਹਾਉ ਦੂਜਾ।

ਨੋਟ: ਪਹਿਲੇ 'ਰਹਾਉ' ਦੀਆਂ ਤੁਕਾਂ ਵਿਚ 'ਅਨੂਪ ਕਿੰਕੁਰੀ' ਦਾ ਜ਼ਿਕਰ ਕੀਤਾ ਗਿਆ ਸੀ। ਬੰਦ ਨੰ: ੪ ਵਿਚ ਗੁਰੂ ਦੇ ਦਰ ਤੇ ਪਹੁੰਚਣ ਦੀ ਤਾਕੀਦ ਕੀਤੀ ਗਈ ਹੈ। 'ਦੂਜੇ ਰਹਾਉ' ਵਿਚ ਇਹ ਦੱਸਿਆ ਹੈ ਕਿ ਗੁਰੂ ਦੇ ਦਰ ਤੇ ਪਹੁੰਚਿਆਂ ਆਪਣੇ ਅੰਦਰ ਰੁਮਕ ਰਹੀ ਰੱਬੀ ਰੌ ਦਾ ਆਨੰਦ ਆਉਣ ਲੱਗ ਪੈਂਦਾ ਹੈ।

ਅਰਥ: (ਆਪਣੀ ਨਿੱਕੀ ਜਿਹੀ ਕਿੰਗ ਵਜਾਣ ਵਿਚ) ਮਸਤ ਹੇ ਜੋਗੀ! (ਵੇਖ, ਅੱਗੇ ਹੀ) ਸੁੰਦਰ ਕਿੰਗ ਬੜੀ ਸੋਹਣੀ ਵੱਜ ਰਹੀ ਹੈ (ਹਰੇਕ ਜੀਵ ਦੇ ਹਿਰਦੇ ਵਿਚ ਰੱਬੀ ਰੌ ਚੱਲ ਰਹੀ ਹੈ-ਇਹੀ ਹੈ ਸੋਹਣੀ ਕਿੰਗ)੧।ਰਹਾਉ।

ਹੇ ਜੋਗੀ! ਚਾਰ ਵੇਦ ਪੁਕਾਰ ਪੁਕਾਰ ਕੇ ਆਖ ਰਹੇ ਹਨ (ਕਿ ਸਭ ਜੀਵਾਂ ਵਿਚ (ਰੱਬੀ ਜੋਤਿ-ਰੂਪ ਸੁੰਦਰ ਕਿੰਗਰੀ ਹਰ ਥਾਂ ਵੱਜ ਰਹੀ ਹੈ) ਪਰ ਤੂੰ ਯਕੀਨ ਨਹੀਂ ਕਰਦਾ। ਹੇ ਜੋਗੀ! ਛੇ ਸ਼ਾਸਤਰ ਭੀ ਇਹੀ ਗੱਲ ਬਿਆਨ ਕਰ ਰਹੇ ਹਨ। ਅਠਾਰਾਂ ਪੁਰਾਣਾਂ ਨੇ ਮਿਲ ਕੇ ਭੀ ਇਹੋ ਬਚਨ ਆਖਿਆ ਹੈ। ਪਰ ਹੇ ਜੋਗੀ! (ਹਰੇਕ ਹਿਰਦੇ ਵਿਚ ਵੱਜ ਰਹੀ ਸੋਹਣੀ ਕਿੰਗ ਦਾ) ਭੇਤ ਤੂੰ ਨਹੀਂ ਸਮਝਿਆ।੧।

(ਹੇ ਜੋਗੀ! ਤੂੰ ਇਹੀ ਸਮਝਦਾ ਆ ਰਿਹਾ ਹੈਂ ਕਿ) ਪਹਿਲੇ ਜੁਗ (ਸਤਜੁਗ) ਵਿਚ ਦਾਨ ਦਾ ਨਗਰ ਵੱਸਦਾ ਸੀ (ਭਾਵ, ਦਾਨ ਕਰਨ ਦਾ ਕਰਮ ਪ੍ਰਧਾਨ ਸੀ) ਅਤੇ ਤ੍ਰੇਤੇ ਜੁਗ ਵਿਚ (ਧਰਮ ਦੇ ਅੰਦਰ) ਕੁਝ ਤ੍ਰੇੜ ਆ ਗਈ (ਧਰਮ-ਬਲਦ ਦੀਆਂ ਤਿੰਨ ਲੱਤਾਂ ਰਹਿ ਗਈਆਂ)(ਹੇ ਜੋਗੀ! ਤੂੰ ਇਹੀ ਨਿਸਚਾ ਬਣਾਇਆ ਹੋਇਆ ਹੈ ਕਿ) ਦੁਆਪਰ ਜੁਗ ਅੱਧ ਵਿਚ ਟਿਕ ਗਿਆ (ਭਾਵ, ਦੁਆਪਰ ਜੁਗ ਵਿਚ ਧਰਮ-ਬਲਦ ਦੀਆਂ ਦੋ ਲੱਤਾਂ ਰਹਿ ਗਈਆਂ) ਅਤੇ (ਹੁਣ ਜਦੋਂ ਕਲਜੁਗ ਵਿਚ ਧਰਮ-ਬਲਦ ਸਿਰਫ਼) ਇੱਕ (ਲੱਤ ਵਾਲਾ) ਰਹਿ ਗਿਆ ਹੈ, ਤਦੋਂ (ਦਾਨ, ਤਪ, ਜੱਗ ਆਦਿਕ ਦੇ ਥਾਂ ਹਰਿ-ਨਾਮ-ਸਿਮਰਨ ਦਾ) ਇੱਕੋ (ਰਸਤਾ ਮੂਰਤੀ-ਪੂਜਾ ਨੇ ਜੀਵਾਂ ਨੂੰ) ਵਿਖਾਇਆ ਹੈ (ਪਰ ਤੈਨੂੰ ਇਹ ਭੁਲੇਖਾ ਹੈ ਕਿ ਇਕੋ ਪਰਮਾਤਮਾ ਦੇ ਰਚੇ ਜਗਤ ਵਿਚ ਵਖ ਵਖ ਜੁਗਾਂ ਵਿਚ ਵਖ ਵਖ ਧਰਮ-ਆਦਰਸ਼ ਹੋ ਗਏ। ਪਰਮਾਤਮਾ ਦੀ ਬਣਾਈ ਮਰਯਾਦਾ ਸਦਾ ਇਕ-ਸਾਰ ਰਹਿੰਦੀ ਹੈ, ਉਸ ਵਿਚ ਤਬਦੀਲੀ ਨਹੀਂ ਆਉਂਦੀ)੨।

(ਵੇਖ, ਹੇ ਜੋਗੀ! ਜਿਵੇਂ ਮਾਲਾ ਦੇ ਇਕੋ ਧਾਗੇ ਵਿਚ ਕਈ ਮਣਕੇ ਪ੍ਰੋਤੇ ਹੋਏ ਹੁੰਦੇ ਹਨ, ਤੇ, ਉਸ ਮਾਲਾ ਨੂੰ ਮਨੁੱਖ ਫੇਰਦਾ ਰਹਿੰਦਾ ਹੈ, ਤਿਵੇਂ) ਜਗਤ ਦੇ ਸਾਰੇ ਹੀ ਜੀਵ-ਮਣਕੇ ਪਰਮਾਤਮਾ ਦੀ ਸੱਤਾ-ਰੂਪ ਧਾਗੇ ਵਿਚ ਪ੍ਰੋਤੇ ਹੋਏ ਹਨ (ਸੰਸਾਰ-ਚੱਕਰ ਦੀ) ਇਹ ਮਾਲਾ ਕਈ ਤਰੀਕਿਆਂ ਨਾਲ ਕਈ ਜੁਗਤੀਆਂ ਨਾਲ ਫਿਰਦੀ ਰਹਿੰਦੀ ਹੈ। (ਜਦੋਂ ਪਰਮਾਤਮਾ ਆਪਣੀ) ਸੱਤਾ-ਰੂਪ ਧਾਗਾ (ਇਸ ਜਗਤ-ਮਾਲਾ ਵਿਚੋਂ) ਖਿੱਚ ਲੈਂਦਾ ਹੈ, ਤਾਂ (ਸਾਰੀ ਮਾਲਾ ਇਕੋ) ਥਾਂ ਵਿਚ ਆ ਜਾਂਦੀ ਹੈ (ਸਾਰੀ ਸ੍ਰਿਸ਼ਟੀ ਇਕੋ ਪਰਮਾਤਮਾ ਵਿਚ ਹੀ ਲੀਨ ਹੋ ਜਾਂਦੀ ਹੈ)੩।

(ਵੇਖ, ਹੇ ਜੋਗੀ! ਜੋਗੀਆਂ ਦੇ ਮਠ ਵਾਂਗ ਇਹ ਜਗਤ ਇਕ ਮਠ ਹੈ) ਚਹੁੰਆਂ ਹੀ ਜੁਗਾਂ ਵਿਚ (ਸਦਾ ਤੋਂ ਹੀ) ਇਹ ਜਗਤ-ਮਠ ਇਕ (ਪਰਮਾਤਮਾ) ਦਾ ਹੀ ਬਣਾਇਆ ਹੋਇਆ ਹੈ। ਇਸ ਜਗਤ-ਮਠ ਵਿਚ ਜੀਵ ਨੂੰ ਖ਼ੁਆਰ ਕਰਨ ਲਈ ਅਨੇਕਾਂ (ਵਿਕਾਰ-ਰੂਪ) ਔਖੇ ਥਾਂ ਹਨ (ਅਤੇ ਵਿਕਾਰਾਂ ਵਿਚ ਫਸੇ ਜੀਵਾਂ ਵਾਸਤੇ) ਅਨੇਕਾਂ ਹੀ ਜੂਨਾਂ ਹਨ (ਜਿਨ੍ਹਾਂ ਵਿਚੋਂ ਦੀ ਜੀਵਾਂ ਨੂੰ ਲੰਘਣਾ ਪੈਂਦਾ ਹੈ, ਜਿਵੇਂ ਕਿਸੇ ਘਰ ਦੀ ਖਿੜਕੀ ਵਿਚੋਂ ਦੀ ਲੰਘੀਦਾ ਹੈ)ਹੇ ਨਾਨਕ! (ਆਖ-ਹੇ ਜੋਗੀ!) ਜਦੋਂ ਕੋਈ ਮਨੁੱਖ (ਪਰਮਾਤਮਾ ਦੇ ਦੇਸ ਦੀ) ਭਾਲ ਕਰਦਾ ਕਰਦਾ (ਗੁਰੂ ਦੇ) ਦਰ ਤੇ ਆ ਪਹੁੰਚਦਾ ਹੈ, ਤਦੋਂ ਪ੍ਰਭੂ-ਚਰਨਾਂ ਵਿਚ ਜੁੜੇ ਉਸ ਮਨੁੱਖ ਨੂੰ ਪਰਮਾਤਮਾ ਦਾ ਮਹਲ ਪਰਮਾਤਮਾ ਦਾ ਘਰ ਲੱਭ ਪੈਂਦਾ ਹੈ।੪।

(ਹੇ ਜੋਗੀ!) ਇਸ ਤਰ੍ਹਾਂ ਖੋਜ ਕਰਦਿਆਂ ਕਰਦਿਆਂ ਗੁਰੂ ਦੇ ਦਰ ਤੇ ਪਹੁੰਚ ਕੇ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਹਰੇਕ ਹਿਰਦੇ ਵਿਚ ਪਰਮਾਤਮਾ ਦੀ ਚੇਤਨ-ਸੱਤਾ ਦੀ) ਸੁੰਦਰ ਕਿੰਗਰੀ ਵੱਜ ਰਹੀ ਹੈ। (ਇਹ ਸੁੰਦਰ ਕਿੰਗਰੀ ਵੱਜਦੀ) ਸੁਣ ਸੁਣ ਕੇ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਹੋਏ ਮਨੁੱਖ ਦੇ ਮਨ ਵਿਚ (ਇਹ ਕਿੰਗਰੀ) ਮਿੱਠੀ ਲੱਗਣ ਲੱਗ ਪੈਂਦੀ ਹੈ।੧।ਰਹਾਉ ਦੂਜਾ।

ਜ਼ਰੂਰੀ ਨੋਟ: 'ਰਹਾਉ' ਦੀ ਤੁਕ ਵਿਚ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੈ। ਪਹਿਲੇ ਦੋ ਬੰਦਾਂ ਵਿਚ ਕਿਸੇ ਜੋਗੀ ਦਾ ਧਿਆਨ ਉਸ ਦੇ ਆਪਣੇ ਹੀ ਧਾਰਮਿਕ ਭੁਲੇਖਿਆਂ ਵਲ ਦਿਵਾਇਆ ਗਿਆ ਹੈ। ਤੀਜੇ ਅਤੇ ਚੌਥੇ ਬੰਦ ਵਿਚ ਸਤਿਗੁਰੂ ਜੀ ਆਪਣਾ ਮਤ ਬਿਆਨ ਕਰ ਰਹੇ ਹਨ।

ਰਾਮਕਲੀ ਮਹਲਾ ੫ ॥ ਤਾਗਾ ਕਰਿ ਕੈ ਲਾਈ ਥਿਗਲੀ ॥ ਲਉ ਨਾੜੀ ਸੂਆ ਹੈ ਅਸਤੀ ॥ ਅੰਭੈ ਕਾ ਕਰਿ ਡੰਡਾ ਧਰਿਆ ॥ ਕਿਆ ਤੂ ਜੋਗੀ ਗਰਬਹਿ ਪਰਿਆ ॥੧॥ ਜਪਿ ਨਾਥੁ ਦਿਨੁ ਰੈਨਾਈ ॥ ਤੇਰੀ ਖਿੰਥਾ ਦੋ ਦਿਹਾਈ ॥੧॥ ਰਹਾਉ ॥ਗਹਰੀ ਬਿਭੂਤ ਲਾਇ ਬੈਠਾ ਤਾੜੀ ॥ ਮੇਰੀ ਤੇਰੀ ਮੁੰਦ੍ਰਾ ਧਾਰੀ ॥ ਮਾਗਹਿ ਟੂਕਾ ਤ੍ਰਿਪਤਿ ਨ ਪਾਵੈ ॥ ਨਾਥੁ ਛੋਡਿ ਜਾਚਹਿ ਲਾਜ ਨ ਆਵੈ ॥੨॥ ਚਲ ਚਿਤ ਜੋਗੀ ਆਸਣੁ ਤੇਰਾ ॥ ਸਿੰਙੀ ਵਾਜੈ ਨਿਤ ਉਦਾਸੇਰਾ ॥ ਗੁਰ ਗੋਰਖ ਕੀ ਤੈ ਬੂਝ ਨ ਪਾਈ ॥ ਫਿਰਿ ਫਿਰਿ ਜੋਗੀ ਆਵੈ ਜਾਈ ॥੩॥ ਜਿਸ ਨੋ ਹੋਆ ਨਾਥੁ ਕ੍ਰਿਪਾਲਾ ॥ ਰਹਰਾਸਿ ਹਮਾਰੀ ਗੁਰ ਗੋਪਾਲਾ ॥ ਨਾਮੈ ਖਿੰਥਾ ਨਾਮੈ ਬਸਤਰੁ ॥ ਜਨ ਨਾਨਕ ਜੋਗੀ ਹੋਆ ਅਸਥਿਰੁ ॥੪॥ ਇਉ ਜਪਿਆ ਨਾਥੁ ਦਿਨੁ ਰੈਨਾਈ ॥ ਹੁਣਿ ਪਾਇਆ ਗੁਰੁ ਗੋਸਾਈ ॥੧॥ ਰਹਾਉ ਦੂਜਾ ॥੨॥੧੩॥ {ਪੰਨਾ 886}

ਪਦਅਰਥ: ਤਾਗਾਧਾਗਾ (ਨਾੜੀਆਂ)ਕਰਿ ਕੈਬਣਾ ਕੇ। ਥਿਗਲੀਟਾਕੀ (ਸਰੀਰ ਦੇ ਵਖ ਵਖ ਅੰਗ)ਲਉਨਗੰਦੇ, ਤਰੋਪੇ। ਸੂਆਸੂਈ। ਅਸਤੀਹੱਡੀ। ਅੰਭੈ ਕਾਪਾਣੀ ਦਾ (ਰਕਤ ਬੂੰਦ ਦਾ)ਡੰਡਾ—(ਭਾਵ) ਸਰੀਰ। ਗਰਬਹਿਅਹੰਕਾਰ ਵਿਚ।੧।

ਨਾਥੁ—(ਸਾਰੇ ਸੰਸਾਰ ਦਾ) ਖਸਮ। ਰੈਨਾਈਰਾਤ। ਖਿੰਥਾਗੋਦੜੀ (ਸਰੀਰ)ਦੋ ਦਿਹਾਈਦੋ ਦਿਨ ਕਾਇਮ ਰਹਿਣ ਵਾਲੀ, ਨਾਸਵੰਤ।੧।ਰਹਾਉ।

ਗਹਰੀਸੰਘਣੀ। ਬਿਭੂਤਸੁਆਹ। ਲਾਇਲਾ ਕੇ। ਮੇਰੀ ਤੇਰੀਮੇਰਤੇਰ ਵਿਚ। ਮਾਗਹਿਤੂੰ ਮੰਗਦਾ ਹੈਂ। ਟੂਕਾਟੁੱਕਰ, ਰੋਟੀਆਂ। ਤ੍ਰਿਪਤਿਰਜੇਵਾਂ। ਛੋਡਿਛੱਡ ਕੇ। ਜਾਚਹਿਤੂੰ ਮੰਗਦਾ ਹੈਂ। ਲਾਜਸ਼ਰਮ।੨।

ਚਲਚਿਤ ਜੋਗੀਹੇ ਡੋਲਦੇ ਮਨ ਵਾਲੇ ਜੋਗੀ! ਵਾਜੈਵੱਜ ਰਹੀ ਹੈ। ਉਦਾਸੇਰਾਉਪਰਾਮ, ਭਟਕਦਾ। ਗੋਰਖਗੋਪਾਲ {ਗੋਧਰਤੀ। ਰਖਰੱਖਿਆ ਕਰਨ ਵਾਲਾ}ਤੈਤੂੰ, ਤੈਂ। ਬੂਝਸੋਝੀ। ਫਿਰਿਮੁੜ ਮੁੜ।੩।

ਜਿਸ ਨੋ—{ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}ਰਹਰਾਸਿਅਰਦਾਸ, ਅਰਜ਼ੋਈ। ਗੁਰਹੇ ਸਭ ਤੋਂ ਵੱਡੇ! ਗੋਪਾਲਾਹੇ ਸ੍ਰਿਸ਼ਟੀ ਦੇ ਰੱਖਿਅਕ! ਨਾਮੈ—(ਤੇਰਾ) ਨਾਮ ਹੀ। ਖਿੰਥਾਗੋਦੜੀ। ਅਸਥਿਰੁਅਡੋਲ।੪।

ਇਉਇਉਂ, ਇਸ ਤਰ੍ਹਾਂ। ਹੁਣਿਇਸੇ ਜਨਮ ਵਿਚ।ਰਹਾਉ ਦੂਜਾ।

ਨੋਟ: ਪਹਿਲੇ 'ਰਹਾਉ' ਦੇ ਲਫ਼ਜ਼ਾਂ 'ਜਪਿ ਨਾਥੁ' ਦੀ ਵਿਆਖਿਆ ਅਗਲੇ ਸਾਰੇ ਬੰਦਾਂ ਵਿਚ ਕਰ ਕੇ 'ਦੂਜੇ ਰਹਾਉ' ਵਿਚ ਆਖਦੇ ਹਨ 'ਇਉ ਜਪਿਆ'

ਅਰਥ: ਹੇ ਜੋਗੀ! ਤੇਰਾ ਇਹ ਸਰੀਰ ਦੋ ਦਿਨਾਂ ਦਾ ਹੀ ਪਰਾਹੁਣਾ ਹੈ। ਦਿਨ ਰਾਤ (ਜਗਤ ਦੇ) ਨਾਥ-ਪ੍ਰਭੂ ਦਾ ਨਾਮ ਜਪਿਆ ਕਰ।੧।ਰਹਾਉ।

(ਹੇ ਜੋਗੀ! ਉਸ ਜਗਤ-ਨਾਥ ਨੇ ਨਾੜੀਆਂ ਨੂੰ) ਧਾਗਾ ਬਣਾ ਕੇ (ਸਾਰੇ ਸਰੀਰਕ ਅੰਗਾਂ ਦੀਆਂ) ਟਾਕੀਆਂ ਜੋੜ ਦਿੱਤੀਆਂ ਹਨ। (ਇਸ ਸਰੀਰ-ਗੋਦੜੀ ਦੀਆਂ) ਨਾੜੀਆਂ ਤਰੋਪਿਆਂ ਦਾ ਕੰਮ ਕਰ ਰਹੀਆਂ ਹਨ, (ਅਤੇ ਸਰੀਰ ਦੀ ਹਰੇਕ) ਹੱਡੀ ਸੂਈ ਦਾ ਕੰਮ ਕਰਦੀ ਹੈ। (ਉਸ ਨਾਥ ਨੇ ਮਾਤਾ ਪਿਤਾ ਦੀ) ਰਕਤ-ਬੂੰਦ ਨਾਲ (ਸਰੀਰ-) ਡੰਡਾ ਖੜਾ ਕਰ ਦਿੱਤਾ ਹੈ। ਹੇ ਜੋਗੀ! ਤੂੰ (ਆਪਣੀ ਗੋਦੜੀ ਦਾ) ਕੀਹ ਪਿਆ ਮਾਣ ਕਰਦਾ ਹੈਂ?੧।

(ਹੇ ਜੋਗੀ! ਆਪਣੇ ਸਰੀਰ ਉੱਤੇ) ਸੰਘਣੀ ਸੁਆਹ ਮਲ ਕੇ ਤੂੰ ਸਮਾਧੀ ਲਾ ਕੇ ਬੈਠਾ ਹੋਇਆ ਹੈਂ, ਤੂੰ (ਕੰਨਾਂ ਵਿਚ) ਮੁੰਦ੍ਰਾਂ (ਭੀ) ਪਾਈਆਂ ਹੋਈਆਂ ਹਨ (ਪਰ ਤੇਰੇ ਅੰਦਰ) ਮੇਰ-ਤੇਰ ਵੱਸ ਰਹੀ ਹੈ। ਹੇ ਜੋਗੀ! ਘਰ ਘਰ ਤੋਂ ਤੂੰ ਟੁੱਕਰ ਮੰਗਦਾ ਫਿਰਦਾ ਹੈਂ, ਤੇਰੇ ਅੰਦਰ ਸ਼ਾਂਤੀ ਨਹੀਂ ਹੈ। (ਸਾਰੇ ਜਗਤ ਦੇ) ਨਾਥ ਨੂੰ ਛੱਡ ਕੇ ਤੂੰ (ਲੋਕਾਂ ਦੇ ਦਰ ਤੋਂ) ਮੰਗਦਾ ਹੈਂ। ਹੇ ਜੋਗੀ! ਤੈਨੂੰ (ਇਸ ਦੀ) ਸ਼ਰਮ ਨਹੀਂ ਆ ਰਹੀ।੨।

ਹੇ ਡੋਲਦੇ ਮਨ ਵਾਲੇ ਜੋਗੀ! ਤੇਰਾ ਆਸਣ (ਜਮਾਣਾ ਕਿਸੇ ਅਰਥ ਨਹੀਂ)(ਲੋਕਾਂ ਨੂੰ ਵਿਖਾਣ ਲਈ ਤੇਰੀ) ਸਿੰਙੀ ਵੱਜ ਰਹੀ ਹੈ, ਪਰ ਤੇਰਾ ਮਨ ਸਦਾ ਭਟਕਦਾ ਫਿਰਦਾ ਹੈ (ਇਹ ਸਿੰਙੀ ਤਾਂ ਇਕਾਗ੍ਰਤਾ ਦੀ ਖ਼ਾਤਰ ਸੀ) ਹੇ ਜੋਗੀ! (ਇਸ ਤਰ੍ਹਾਂ) ਉਸ ਸਭ ਤੋਂ ਵੱਡੇ ਗੋਰਖ (ਜਗਤ-ਰੱਖਿਅਕ ਪ੍ਰਭੂ) ਦੀ ਤੈਨੂੰ ਸੋਝੀ ਨਹੀਂ ਪਈ। (ਇਹੋ ਜਿਹਾ) ਜੋਗੀ ਤਾਂ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।੩।

ਹੇ ਜੋਗੀ! ਜਿਸ ਮਨੁੱਖ ਉੱਤੇ (ਸਾਰੇ ਜਗਤ ਦਾ) ਨਾਥ ਦਇਆਵਾਨ ਹੁੰਦਾ ਹੈ (ਉਹ ਮਨੁੱਖ ਪਰਮਾਤਮਾ ਅੱਗੇ ਹੀ ਬੇਨਤੀ ਕਰਦਾ ਹੈ, ਤੇ ਆਖਦਾ ਹੈ-) ਹੇ ਗੁਰ ਗੋਪਾਲ! ਸਾਡੀ ਅਰਜ਼ੋਈ ਤੇਰੇ ਦਰ ਤੇ ਹੀ ਹੈ। ਤੇਰਾ ਨਾਮ ਹੀ ਮੇਰੀ ਗੋਦੜੀ ਹੈ, ਤੇਰਾ ਨਾਮ ਹੀ ਮੇਰਾ (ਭਗਵਾ) ਕੱਪੜਾ ਹੈ। ਹੇ ਦਾਸ ਨਾਨਕ! (ਇਹੋ ਜਿਹਾ ਮਨੁੱਖ ਅਸਲ) ਜੋਗੀ ਹੈ, ਅਤੇ ਉਹ ਕਦੇ ਡੋਲਦਾ ਨਹੀਂ ਹੈ।੪।

ਹੇ ਜੋਗੀ! ਜਿਸ ਮਨੁੱਖ ਨੇ ਦਿਨ ਰਾਤ ਇਸ ਤਰ੍ਹਾਂ (ਜਗਤ ਦੇ) ਨਾਥ ਨੂੰ ਸਿਮਰਿਆ ਹੈ, ਉਸ ਨੇ ਇਸੇ ਜਨਮ ਵਿਚ ਉਸ ਸਭ ਤੋਂ ਵੱਡੇ ਜਗਤ-ਨਾਥ ਦਾ ਮਿਲਾਪ ਹਾਸਲ ਕਰ ਲਿਆ ਹੈ।੧।ਰਹਾਉ ਦੂਜਾ।੨।੧੩।

ਰਾਮਕਲੀ ਮਹਲਾ ੫ ॥ ਕਰਨ ਕਰਾਵਨ ਸੋਈ ॥ਆਨ ਨ ਦੀਸੈ ਕੋਈ ॥ ਠਾਕੁਰੁ ਮੇਰਾ ਸੁਘੜੁ ਸੁਜਾਨਾ ॥ ਗੁਰਮੁਖਿ ਮਿਲਿਆ ਰੰਗੁ ਮਾਨਾ ॥੧॥ ਐਸੋ ਰੇ ਹਰਿ ਰਸੁ ਮੀਠਾ ॥ ਗੁਰਮੁਖਿ ਕਿਨੈ ਵਿਰਲੈ ਡੀਠਾ ॥੧॥ ਰਹਾਉ ॥ ਨਿਰਮਲ ਜੋਤਿ ਅੰਮ੍ਰਿਤੁ ਹਰਿ ਨਾਮ ॥ ਪੀਵਤ ਅਮਰ ਭਏ ਨਿਹਕਾਮ ॥ ਤਨੁ ਮਨੁ ਸੀਤਲੁ ਅਗਨਿ ਨਿਵਾਰੀ ॥ ਅਨਦ ਰੂਪ ਪ੍ਰਗਟੇ ਸੰਸਾਰੀ ॥੨॥ ਕਿਆ ਦੇਵਉ ਜਾ ਸਭੁ ਕਿਛੁ ਤੇਰਾ ॥ ਸਦ ਬਲਿਹਾਰਿ ਜਾਉ ਲਖ ਬੇਰਾ ॥ ਤਨੁ ਮਨੁ ਜੀਉ ਪਿੰਡੁ ਦੇ ਸਾਜਿਆ ॥ ਗੁਰ ਕਿਰਪਾ ਤੇ ਨੀਚੁ ਨਿਵਾਜਿਆ ॥੩॥ ਖੋਲਿ ਕਿਵਾਰਾ ਮਹਲਿ ਬੁਲਾਇਆ ॥ ਜੈਸਾ ਸਾ ਤੈਸਾ ਦਿਖਲਾਇਆ ॥ ਕਹੁ ਨਾਨਕ ਸਭੁ ਪੜਦਾ ਤੂਟਾ ॥ ਹਉ ਤੇਰਾ ਤੂ ਮੈ ਮਨਿ ਵੂਠਾ ॥੪॥੩॥੧੪॥ {ਪੰਨਾ 886-887}

ਪਦਅਰਥ: ਸੋਈਉਹ (ਪਰਮਾਤਮਾ) ਹੀ। ਆਨ—{अन्य} ਦੂਜਾ ਹੋਰ। ਸੁਘੜੁਗੰਭੀਰ। ਸੁਜਾਨਾਸਿਆਣਾ। ਗੁਰਮੁਖਿਗੁਰੂ ਦੀ ਰਾਹੀਂ। ਰੰਗੁਆਤਮਕ ਆਨੰਦ। ਮਾਨਾਮਾਣਿਆ।੧।

ਰੇਹੇ ਭਾਈ! ਐਸੋ—(ਭਾਵ) ਅਸਚਰਜ। ਕਿਨੈ ਵਿਰਲੈਕਿਸੇ ਵਿਰਲੇ ਨੇ।੧।ਰਹਾਉ।

ਨਿਰਮਲਮਲਰਹਿਤ। ਜੋਤਿਨੂਰ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ ਜਲ। ਅਮਰਮਰ, ਜਿਸ ਉਤੇ ਆਤਮਕ ਮੌਤ ਆਪਣਾ ਜ਼ੋਰ ਨ ਪਾ ਸਕੇ। ਨਿਹਕਾਮਵਾਸਨਾਰਹਿਤ। ਅਗਨਿ—(ਤ੍ਰਿਸ਼ਨਾ ਦੀ) ਅੱਗ। ਨਿਵਾਰੀਦੂਰ ਕਰ ਦਿੱਤੀ। ਸੰਸਾਰੀਸੰਸਾਰਿ, ਸੰਸਾਰ ਵਿਚ।੨।

ਦੇਵਉਦੇਵਉਂ, ਮੈਂ ਦਿਆਂ। ਸਦਸਦਾ। ਬਲਿਹਾਰਿਕੁਰਬਾਨ। ਜਾਉਜਾਉਂ, ਮੈਂ ਜਾਵਾਂ। ਬੇਰਾਵਾਰੀ। ਜੀਉਜਿੰਦ। ਦੇਦੇ ਕੇ। ਸਾਜਿਆਪੈਦਾ ਕੀਤਾ। ਤੇਤੋਂ, ਨਾਲ। ਨੀਚੁਨੀਵਾਂ, ਮੰਦਾ, ਨਕਾਰਾ। ਨਿਵਾਜਿਆਵਡਿਆਈ ਦਿੱਤੀ।੩।

ਖੋਲਿਖੋਲ੍ਹ ਕੇ। ਕਿਵਾਰਾਕਿਵਾੜ, ਭਿੱਤ। ਮਹਲਿਮਹਲ ਵਿਚ। ਸਾਸੀ। ਸਭੁਸਾਰਾ। ਹਉਹਉਂ, ਮੈਂ। ਮੈ ਮਨਿਮੇਰੇ ਮਨ ਵਿਚ। ਵੂਠਾਆ ਵੱਸਿਆ।੪।

ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਦਾ ਸੁਆਦ ਅਸਚਰਜ ਹੈ ਮਿੱਠਾ ਹੈ। ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਉਸ ਦਾ ਦਰਸਨ ਕੀਤਾ ਹੈ।੧।ਰਹਾਉ।

ਹੇ ਭਾਈ! ਉਹ ਪਰਮਾਤਮਾ ਹੀ ਸਭ ਕੁਝ ਕਰਨ-ਜੋਗ ਹੈ ਅਤੇ (ਸਭ ਵਿਚ ਵਿਆਪਕ ਹੋ ਕੇ ਸਭ ਜੀਵਾਂ ਪਾਸੋਂ) ਕਰਾਵਣ ਵਾਲਾ ਹੈ। (ਕਿਤੇ ਭੀ) ਉਸ ਤੋਂ ਬਿਨਾ ਕੋਈ ਦੂਜਾ ਨਹੀਂ ਦਿੱਸਦਾ। ਹੇ ਭਾਈ! ਮੇਰਾ ਉਹ ਮਾਲਕ-ਪ੍ਰਭੂ ਗੰਭੀਰ ਸੁਭਾਉ ਵਾਲਾ ਹੈ ਤੇ ਸਭ ਦੇ ਦਿਲ ਦੀ ਜਾਣਨ ਵਾਲਾ ਹੈ। ਗੁਰੂ ਦੀ ਰਾਹੀਂ, ਜਿਸ ਨੂੰ ਉਹ ਮਿਲ ਪੈਂਦਾ ਹੈ, ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ।੧।

ਹੇ ਭਾਈ! ਉਸ ਪਰਮਾਤਮਾ ਦਾ ਨੂਰ ਮੈਲ-ਰਹਿਤ ਹੈ, ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਸਮਝੋ। ਉਸ ਨਾਮ-ਅੰਮ੍ਰਿਤ ਨੂੰ ਪੀਂਦਿਆਂ ਹੀ ਮਨੁੱਖ ਅਟੱਲ ਆਤਮਕ ਜੀਵਨ ਵਾਲੇ ਅਤੇ ਵਾਸਨਾ-ਰਹਿਤ ਹੋ ਜਾਂਦੇ ਹਨ। ਉਹਨਾਂ ਦਾ ਤਨ ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ ਹੈ। ਪਰਮਾਤਮਾ (ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ) ਅੱਗ ਬੁਝਾ ਦੇਂਦਾ ਹੈ। ਉਹ ਹਰ ਵੇਲੇ ਆਨੰਦ-ਭਰਪੂਰ ਰਹਿੰਦੇ ਹਨ, ਅਤੇ ਜਗਤ ਵਿਚ ਨਾਮਣੇ ਵਾਲੇ ਹੋ ਜਾਂਦੇ ਹਨ।੨।

(ਹੇ ਪ੍ਰਭੂ! ਤੇਰਾ ਉਹ ਨਾਮ-ਅੰਮ੍ਰਿਤ ਪ੍ਰਾਪਤ ਕਰਨ ਵਾਸਤੇ) ਮੈਂ ਤੇਰੇ ਅੱਗੇ ਕੀਹ ਲਿਆ ਧਰਾਂ, ਕਿਉਂਕਿ (ਮੇਰੇ ਪਾਸ ਤਾਂ) ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ। ਹੇ ਪ੍ਰਭੂ! ਮੈਂ ਤੈਥੋਂ ਸਦਾ ਹੀ ਲੱਖਾਂ ਵਾਰੀ ਸਦਕੇ ਜਾਂਦਾ ਹਾਂ। ਇਹ ਤਨ ਇਹ ਮਨ, ਇਹ ਜਿੰਦ ਇਹ ਸਰੀਰ ਦੇ ਕੇ ਤੂੰ ਮੈਨੂੰ ਪੈਦਾ ਕੀਤਾ ਹੈ, ਅਤੇ ਗੁਰੂ ਦੀ ਮੇਹਰ ਨਾਲ ਤੂੰ ਮੈਨੂੰ ਨਕਾਰੇ ਨੂੰ ਵਡਿਆਈ ਦਿੱਤੀ ਹੈ।੩।

ਹੇ ਨਾਨਕ! ਆਖ-(ਹੇ ਪ੍ਰਭੂ! ਮੇਰੇ ਮਨ ਦੇ) ਕਿਵਾੜ ਖੋਲ੍ਹ ਕੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਹੈ, ਤੂੰ ਮੈਨੂੰ ਸਾਖਿਆਤ ਆਪਣਾ ਦੀਦਾਰ ਬਖ਼ਸ਼ਿਆ ਹੈ। (ਤੇਰੇ ਨਾਲੋਂ ਵਿੱਥ ਪਾਣ ਵਾਲਾ ਮੇਰੇ ਅੰਦਰੋਂ) ਸਾਰਾ ਪਰਦਾ ਹੁਣ ਟੁੱਟ ਗਿਆ ਹੈ, ਹੁਣ ਤੂੰ ਮੇਰੇ ਮਨ ਵਿਚ ਆ ਵੱਸਿਆ ਹੈਂ, ਮੈਂ ਤੇਰਾ ਹੋ ਚੁਕਾ ਹਾਂ।੪।੩।੧੪।

ਨੋਟ: 'ਘਰੁ ੨' ਦਾ ਇਹ ਤੀਜਾ ਸ਼ਬਦ ਹੈ। 'ਮਹਲਾ ੫' ਦੇ ਹੁਣ ਤਕ ੧੪ ਸ਼ਬਦ ਆ ਚੁਕੇ ਹਨ।

TOP OF PAGE

Sri Guru Granth Darpan, by Professor Sahib Singh