ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 883

ਰਾਮਕਲੀ ਮਹਲਾ ੫ ॥ ਪਵਹੁ ਚਰਣਾ ਤਲਿ ਊਪਰਿ ਆਵਹੁ ਐਸੀ ਸੇਵ ਕਮਾਵਹੁ ॥ ਆਪਸ ਤੇ ਊਪਰਿ ਸਭ ਜਾਣਹੁ ਤਉ ਦਰਗਹ ਸੁਖੁ ਪਾਵਹੁ ॥੧॥ ਸੰਤਹੁ ਐਸੀ ਕਥਹੁ ਕਹਾਣੀ ॥ ਸੁਰ ਪਵਿਤ੍ਰ ਨਰ ਦੇਵ ਪਵਿਤ੍ਰਾ ਖਿਨੁ ਬੋਲਹੁ ਗੁਰਮੁਖਿ ਬਾਣੀ ॥੧॥ ਰਹਾਉ ॥ ਪਰਪੰਚੁ ਛੋਡਿ ਸਹਜ ਘਰਿ ਬੈਸਹੁ ਝੂਠਾ ਕਹਹੁ ਨ ਕੋਈ ॥ ਸਤਿਗੁਰ ਮਿਲਹੁ ਨਵੈ ਨਿਧਿ ਪਾਵਹੁ ਇਨ ਬਿਧਿ ਤਤੁ ਬਿਲੋਈ ॥੨॥ ਭਰਮੁ ਚੁਕਾਵਹੁ ਗੁਰਮੁਖਿ ਲਿਵ ਲਾਵਹੁ ਆਤਮੁ ਚੀਨਹੁ ਭਾਈ ॥ ਨਿਕਟਿ ਕਰਿ ਜਾਣਹੁ ਸਦਾ ਪ੍ਰਭੁ ਹਾਜਰੁ ਕਿਸੁ ਸਿਉ ਕਰਹੁ ਬੁਰਾਈ ॥੩॥ ਸਤਿਗੁਰਿ ਮਿਲਿਐ ਮਾਰਗੁ ਮੁਕਤਾ ਸਹਜੇ ਮਿਲੇ ਸੁਆਮੀ ॥ ਧਨੁ ਧਨੁ ਸੇ ਜਨ ਜਿਨੀ ਕਲਿ ਮਹਿ ਹਰਿ ਪਾਇਆ ਜਨ ਨਾਨਕ ਸਦ ਕੁਰਬਾਨੀ ॥੪॥੨॥ {ਪੰਨਾ 883}

ਪਦਅਰਥ: ਤਲਿਹੇਠ। ਊਪਰਿ ਆਵਹੁਉੱਚੇ ਜੀਵਨ ਵਾਲੇ ਬਣ ਜਾਉਗੇ। ਆਪਸ ਤੇਆਪਣੇ ਆਪ ਨਾਲੋਂ। ਤੇਤੋਂ। ਊਪਰਿਸ੍ਰੇਸ਼ਟ, ਉੱਚਾ। ਤਉਤਾਂ, ਤਦੋਂ।੧।ਰਹਾਉ।

ਸੰਤਹੁਹੇ ਸੰਤ ਜਨੋ! ਕਥਹੁਆਖੋ, ਉਚਾਰੋ। ਕਹਾਣੀਸਿਫ਼ਤਿ-ਸਾਲਾਹ। ਸੁਰਦੇਵਤੇ। ਨਰਮਨੁੱਖ। ਦੇਵਦੇਵਤੇ। ਖਿਨੁਖਿਨੁ ਖਿਨੁ, ਹਰ ਵੇਲੇ, ਛਿਨ ਛਿਨ।

ਗੁਰਮੁਖਿਗੁਰੂ ਦੀ ਸਰਨ ਪੈ ਕੇ।੧।ਰਹਾਉ।

ਪਰਪੰਚੁਮਾਇਆ ਦਾ ਮੋਹ। ਛੋਡਿਛੱਡ ਕੇ। ਸਹਜਆਤਮਕ ਅਡੋਲਤਾ। ਸਹਜ ਘਰਿਆਤਮਕ ਅਡੋਲਤਾ ਦੇ ਘਰ ਵਿਚ। ਬੈਸਹੁਟਿਕੇ ਰਹੋ। ਨਵੈ ਨਿਧਿਨੌ ਹੀ ਖ਼ਜ਼ਾਨੇ। ਇਨ ਬਿਧਿਇਸ ਤਰੀਕੇ ਨਾਲ। ਤਤੁ ਬਿਲੋਈਤਤੁ ਬਿਲੋਇ, ਮੱਖਣ ਰਿੜਕ ਕੇ, ਅਸਲੀਅਤ ਲੱਭ ਕੇ, ਸਹੀ ਜੀਵਨਰਾਹ ਲੱਭ ਕੇ।੨।

ਭਰਮੁਭਟਕਣਾ। ਚੁਕਾਵਹੁਦੂਰ ਕਰੋ। ਆਤਮੁਆਪਣੇ ਆਪ ਨੂੰ। ਚੀਨਹੁਪਛਾਣੋ। ਭਾਈਹੇ ਭਾਈ! ਨਿਕਟਿਨੇੜੇ। ਹਾਜਰੁਅੰਗਸੰਗ ਵੱਸਦਾ। ਬੁਰਾਈਭੈੜ।੩।

ਸਤਿਗੁਰਿ ਮਿਲਿਐਜੇ ਗੁਰੂ ਮਿਲ ਪਏ। ਮਾਰਗੁ—(ਜ਼ਿੰਦਗੀ ਦਾ) ਰਸਤਾ। ਮੁਕਤਾਖੁਲ੍ਹਾ, (ਵਿਕਾਰਾਂ ਦੀਆਂ ਰੁਕਾਵਟਾਂ ਤੋਂ ਬਚਿਆ ਹੋਇਆ)ਸਹਜੇਸਹਜਿ, ਆਤਮਕ ਅਡੋਲਤਾ ਵਿਚ। ਧਨੁ ਧਨੁਭਾਗਾਂ ਵਾਲੇ। ਸੇ ਜਨਉਹ ਬੰਦੇ। ਕਲਿ ਮਹਿ—{ਨੋਟ: ਇਥੇ ਕਿਸੇ ਖ਼ਾਸ ਜੁਗ ਦਾ ਨਿਰਨਾ ਨਹੀਂ ਹੈ} ਇਸ ਕਲਿ ਵਿਚ, ਜਗਤ ਵਿਚ, ਇਸ ਜੀਵਨ ਵਿਚ। ਸਦਸਦਾ।੪।

ਅਰਥ: ਹੇ ਸੰਤ ਜਨੋ! ਇਹੋ ਜਿਹੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਰਹੋ, ਗੁਰੂ ਦੀ ਸਰਨ ਪੈ ਕੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਰਹੋ, ਜਿਸ ਦੀ ਬਰਕਤਿ ਨਾਲ ਦੇਵਤੇ ਮਨੁੱਖ ਸਭ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ।੧।ਰਹਾਉ।

ਹੇ ਸੰਤ ਜਨੋ! ਸਭਨਾਂ ਦੇ ਚਰਨਾਂ ਹੇਠ ਪਏ ਰਹੋ। ਜੇ ਇਹੋ ਜਿਹੀ ਸੇਵਾ-ਭਗਤੀ ਦੀ ਕਮਾਈ ਕਰੋਗੇ, ਤਾਂ ਉੱਚੇ ਜੀਵਨ ਵਾਲੇ ਬਣ ਜਾਉਗੇ। ਜਦੋਂ ਤੁਸੀਂ ਸਭਨਾਂ ਨੂੰ ਆਪਣੇ ਨਾਲੋਂ ਚੰਗੇ ਸਮਝਣ ਲੱਗ ਪਵੋਗੇ, ਤਾਂ ਪਰਮਾਤਮਾ ਦੀ ਹਜ਼ੂਰੀ ਵਿਚ (ਟਿਕੇ ਰਹਿ ਕੇ) ਆਨੰਦ ਮਾਣੋਗੇ।੧।

ਹੇ ਸੰਤ ਜਨੋ! ਮਾਇਆ ਦਾ ਮੋਹ ਛੱਡ ਕੇ ਕਿਸੇ ਨੂੰ ਭੈੜਾ ਨਾਹ ਆਖਿਆ ਕਰੋ, (ਇਸ ਤਰ੍ਹਾਂ) ਆਤਮਕ ਅਡੋਲਤਾ ਵਿਚ ਟਿਕੇ ਰਹੋ। ਗੁਰੂ ਦੀ ਸਰਨ ਪਏ ਰਹੋ। ਇਸ ਤਰ੍ਹਾਂ ਸਹੀ ਜੀਵਨ-ਰਾਹ ਲੱਭ ਕੇ ਦੁਨੀਆ ਦੇ ਸਾਰੇ ਹੀ ਖ਼ਜ਼ਾਨੇ ਹਾਸਲ ਕਰ ਲਵੋਗੇ (ਭਾਵ, ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰ ਲਵੋਗੇ। ਬੇ-ਮੁਥਾਜ ਹੋ ਜਾਉਗੇ)੨।

ਹੇ ਭਾਈ! ਗੁਰੂ ਦੀ ਸਰਨ ਪੈ ਕੇ ਪ੍ਰਭੂ-ਚਰਨਾਂ ਵਿਚ ਪ੍ਰੀਤ ਜੋੜੋ, (ਮਨ ਵਿਚੋਂ) ਭਟਕਣਾ ਦੂਰ ਕਰੋ, ਆਪਣੇ ਆਪ ਦੀ ਪਛਾਣ ਕਰੋ (ਆਪਣੇ ਜੀਵਨ ਨੂੰ ਪੜਤਾਲਦੇ ਰਹੋ। ਪਰਮਾਤਮਾ ਨੂੰ ਸਦਾ ਆਪਣੇ ਨੇੜੇ ਪ੍ਰਤੱਖ ਅੰਗ-ਸੰਗ ਵੱਸਦਾ ਸਮਝੋ, (ਫਿਰ) ਕਿਸੇ ਨਾਲ ਭੀ ਕੋਈ ਭੈੜ ਨਹੀਂ ਕਰ ਸਕੋਗੇ (ਇਹੀ ਹੈ ਸਹੀ ਜੀਵਨ-ਰਾਹ)੩।

ਹੇ ਭਾਈ! ਜੇ ਗੁਰੂ ਮਿਲ ਪਏ, ਤਾਂ (ਜ਼ਿੰਦਗੀ ਦਾ) ਰਸਤਾ ਖੁਲ੍ਹਾ (ਵਿਕਾਰਾਂ ਦੀਆਂ ਰੁਕਾਵਟਾਂ ਤੋਂ ਸੁਤੰਤਰ) ਹੋ ਜਾਂਦਾ ਹੈ (ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ, ਇਸ) ਆਤਮਕ ਅਡੋਲਤਾ ਵਿਚ ਮਾਲਕ-ਪ੍ਰਭੂ ਮਿਲ ਪੈਂਦਾ ਹੈ। ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਸ ਜੀਵਨ ਵਿਚ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਲਿਆ। ਹੇ ਦਾਸ ਨਾਨਕ! (ਆਖ-ਮੈਂ ਉਹਨਾਂ ਤੋਂ) ਸਦਾ ਸਦਕੇ ਜਾਂਦਾ ਹਾਂ।੪।੨।

ਰਾਮਕਲੀ ਮਹਲਾ ੫ ॥ ਆਵਤ ਹਰਖ ਨ ਜਾਵਤ ਦੂਖਾ ਨਹ ਬਿਆਪੈ ਮਨ ਰੋਗਨੀ ॥ ਸਦਾ ਅਨੰਦੁ ਗੁਰੁ ਪੂਰਾ ਪਾਇਆ ਤਉ ਉਤਰੀ ਸਗਲ ਬਿਓਗਨੀ ॥੧॥ ਇਹ ਬਿਧਿ ਹੈ ਮਨੁ ਜੋਗਨੀ ॥ ਮੋਹੁ ਸੋਗੁ ਰੋਗੁ ਲੋਗੁ ਨ ਬਿਆਪੈ ਤਹ ਹਰਿ ਹਰਿ ਹਰਿ ਰਸ ਭੋਗਨੀ ॥੧॥ ਰਹਾਉ ॥ ਸੁਰਗ ਪਵਿਤ੍ਰਾ ਮਿਰਤ ਪਵਿਤ੍ਰਾ ਪਇਆਲ ਪਵਿਤ੍ਰ ਅਲੋਗਨੀ ॥ ਆਗਿਆਕਾਰੀ ਸਦਾ ਸੁਖੁ ਭੁੰਚੈ ਜਤ ਕਤ ਪੇਖਉ ਹਰਿ ਗੁਨੀ ॥੨॥ ਨਹ ਸਿਵ ਸਕਤੀ ਜਲੁ ਨਹੀ ਪਵਨਾ ਤਹ ਅਕਾਰੁ ਨਹੀ ਮੇਦਨੀ ॥ ਸਤਿਗੁਰ ਜੋਗ ਕਾ ਤਹਾ ਨਿਵਾਸਾ ਜਹ ਅਵਿਗਤ ਨਾਥੁ ਅਗਮ ਧਨੀ ॥੩॥ ਤਨੁ ਮਨੁ ਹਰਿ ਕਾ ਧਨੁ ਸਭੁ ਹਰਿ ਕਾ ਹਰਿ ਕੇ ਗੁਣ ਹਉ ਕਿਆ ਗਨੀ ॥ ਕਹੁ ਨਾਨਕ ਹਮ ਤੁਮ ਗੁਰਿ ਖੋਈ ਹੈ ਅੰਭੈ ਅੰਭੁ ਮਿਲੋਗਨੀ ॥੪॥੩॥ {ਪੰਨਾ 883}

ਪਦਅਰਥ: ਆਵਤਆਉਂਦਿਆਂ, ਕੋਈ ਮਾਇਕ ਲਾਭ ਹੋਇਆਂ। ਹਰਖਖ਼ੁਸ਼ੀ। ਜਾਵਤਕੋਈ ਨੁਕਸਾਨ ਹੁੰਦਿਆਂ। ਬਿਆਪੈਆਪਣਾ ਜ਼ੋਰ ਪਾ ਸਕਦਾ। ਮਨ ਰੋਗਨੀਮਨ ਦਾ ਰੋਗ, ਚਿੰਤਾ। ਤਉਤਦੋਂ। ਸਗਲਸਾਰੀ। ਬਿਓਗਨੀਵਿਛੋੜਾ।੧।

ਇਹ ਬਿਧਿਇਸ ਕਿਸਮ ਦਾ। ਜੋਗਨੀਜੁੜਿਆ ਹੋਇਆ। ਲੋਗੁਲੋਕਲਾਜ। ਤਹਉਸ ਅਵਸਥਾ ਵਿਚ।੧।ਰਹਾਉ।

ਮਿਰਤਮਾਤਲੋਕ। ਪਇਆਲਪਾਤਾਲ। ਅਲੋਗਨੀਲੋਕਲਾਜ ਤੋਂ ਰਹਿਤ। ਭੁੰਚੈਮਾਣਦਾ ਹੈ। ਜਤ ਕਤਜਿੱਥੇ ਕਿੱਥੇ, ਹਰ ਥਾਂ। ਪੇਖਉਪੇਖਉਂ, ਮੈਂ ਵੇਖਦਾ ਹਾਂ। ਗੁਨੀਗੁਣਾਂ ਦਾ ਮਾਲਕ।੨।

ਸਿਵ ਸਕਤੀਸ਼ਿਵ ਦੀ ਸ਼ਕਤੀ, ਰਿੱਧੀਆਂ ਸਿੱਧੀਆਂ। ਜਲੁਪਾਣੀ, ਤੀਰਥਇਸ਼ਨਾਨ। ਪਵਨਾਹਵਾ, ਪ੍ਰਾਣਾਯਾਮ। ਤਹਉਸ ਅਵਸਥਾ ਵਿਚ। ਅਕਾਰੁਆਕਾਰ, ਰੂਪ। ਮੇਦਨੀਧਰਤੀ (ਦੇ ਪਦਾਰਥ)ਜੋਗਮਿਲਾਪ। ਅਵਿਗਤਅਵਿਅਕਤ, ਅਦ੍ਰਿਸ਼ਟ ਪ੍ਰਭੂ। ਅਗਮਅਪਹੁੰਚ। ਧਨੀਮਾਲਕ।੩।

ਹਉਮੈਂ। ਗਨੀਗਨੀਂ, ਮੈਂ ਗਿਣਾਂ। ਹਮ ਤੁਮਮੇਰਤੇਰ। ਗੁਰਿਗੁਰੂ ਨੇ। ਅੰਭੈਪਾਣੀ ਵਿਚ। ਅੰਭੁਪਾਣੀ {अंभस्}

ਅਰਥ: (ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰਾ) ਮਨ ਇਸ ਤਰ੍ਹਾਂ (ਪ੍ਰਭੂ-ਚਰਨਾਂ ਵਿਚ) ਜੁੜਿਆ ਹੋਇਆ ਹੈ, ਕਿ ਇਸ ਉੱਤੇ ਮੋਹ, ਗ਼ਮ, ਰੋਗ, ਲੋਕ-ਲਾਜ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ। ਇਸ ਅਵਸਥਾ ਵਿਚ (ਇਹ ਮੇਰਾ ਮਨ) ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ ਰਿਹਾ ਹੈ।੧।ਰਹਾਉ।

ਹੇ ਭਾਈ! ਜਦੋਂ ਤੋਂ (ਮੈਨੂੰ) ਪੂਰਾ ਗੁਰੂ ਮਿਲਿਆ ਹੈ, ਤਦੋਂ ਤੋਂ (ਮੇਰੇ ਅੰਦਰੋਂ ਪ੍ਰਭੂ ਨਾਲੋਂ) ਸਾਰੀ ਵਿੱਥ ਮੁੱਕ ਚੁਕੀ ਹੈ, (ਮੇਰੇ ਅੰਦਰ) ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ। ਹੁਣ ਜੇ ਕੋਈ ਮਾਇਕ ਲਾਭ ਹੋਵੇ ਤਾਂ ਖ਼ੁਸ਼ੀ ਆਪਣਾ ਜ਼ੋਰ ਨਹੀਂ ਪਾਂਦੀ, ਜੇ ਕੋਈ ਨੁਕਸਾਨ ਹੋ ਜਾਏ ਤਾਂ ਦੁੱਖ ਨਹੀਂ ਵਾਪਰਦਾ, ਕੋਈ ਭੀ ਚਿੰਤਾ ਆਪਣਾ ਦਬਾਉ ਨਹੀਂ ਪਾ ਸਕਦੀ।੧।

(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰੇ ਇਸ ਮਨ ਨੂੰ) ਸੁਰਗ, ਮਾਤ-ਲੋਕ, ਪਾਤਾਲ (ਇਕੋ ਜਿਹੇ ਹੀ) ਪਵਿੱਤਰ ਦਿੱਸ ਰਹੇ ਹਨ, ਕੋਈ ਲੋਕ-ਲਾਜ ਭੀ ਨਹੀਂ ਪੋਂਹਦੀ। (ਗੁਰੂ ਦੀ) ਆਗਿਆ ਵਿਚ ਰਹਿ ਕੇ (ਮੇਰਾ ਮਨ) ਸਦਾ ਆਨੰਦ ਮਾਣ ਰਿਹਾ ਹੈ। ਹੁਣ ਮੈਂ ਜਿਧਰ ਵੇਖਦਾ ਹਾਂ ਉਧਰ ਹੀ ਸਾਰੇ ਗੁਣਾਂ ਦਾ ਮਾਲਕ-ਪ੍ਰਭੂ ਹੀ ਮੈਨੂੰ ਦਿੱਸਦਾ ਹੈ।੨।

ਹੇ ਭਾਈ! ਹੁਣ ਮੇਰੇ ਇਸ ਮਨ ਵਿਚ ਗੁਰੂ ਦੇ ਮਿਲਾਪ ਦਾ ਸਦਾ ਲਈ ਨਿਵਾਸ ਹੋ ਗਿਆ ਹੈ, ਅਦ੍ਰਿਸ਼ਟ ਅਪਹੁੰਚ ਮਾਲਕ ਖਸਮ-ਪ੍ਰਭੂ ਭੀ ਉਥੇ ਹੀ ਵੱਸਦਾ ਦਿੱਸ ਪਿਆ ਹੈ। ਹੁਣ ਇਸ ਮਨ ਵਿਚ ਰਿੱਧੀਆਂ ਸਿੱਧੀਆਂ, ਤੀਰਥ-ਇਸ਼ਨਾਨ, ਪ੍ਰਾਣਾਯਾਮ, ਸੰਸਾਰਕ ਰੂਪ, ਧਰਤੀ ਦੇ ਪਦਾਰਥ ਕੋਈ ਭੀ ਨਹੀਂ ਟਿਕ ਸਕਦੇ।੩।

ਹੇ ਨਾਨਕ! ਆਖ-(ਹੇ ਭਾਈ!) ਗੁਰੂ ਨੇ (ਮੇਰੇ ਮਨ ਵਿਚੋਂ) ਮੇਰ-ਤੇਰ ਮੁਕਾ ਦਿੱਤੀ ਹੈ (ਮੈਂ ਹੁਣ ਪ੍ਰਭੂ-ਚਰਨਾਂ ਵਿਚ ਇਉਂ ਮਿਲ ਗਿਆ ਹਾਂ, ਜਿਵੇਂ) ਪਾਣੀ ਵਿਚ ਪਾਣੀ ਮਿਲ ਜਾਂਦਾ ਹੈ। (ਹੁਣ ਮੈਨੂੰ ਸਮਝ ਆ ਗਈ ਹੈ ਕਿ) ਇਹ ਸਰੀਰ, ਇਹ ਜਿੰਦ, ਇਹ ਧਨ ਸਭ ਕੁਝ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ (ਉਹ ਬੜਾ ਬਖ਼ਸ਼ਿੰਦ ਹੈ) ਮੈਂ ਉਸ ਦੇ ਕੇਹੜੇ ਕੇਹੜੇ ਗੁਣ ਬਿਆਨ ਕਰ ਸਕਦਾ ਹਾਂ?੪।੩।

ਰਾਮਕਲੀ ਮਹਲਾ ੫ ॥ ਤ੍ਰੈ ਗੁਣ ਰਹਤ ਰਹੈ ਨਿਰਾਰੀ ਸਾਧਿਕ ਸਿਧ ਨ ਜਾਨੈ ॥ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ॥੧॥ ਅਚਰਜੁ ਕਿਛੁ ਕਹਣੁ ਨ ਜਾਈ ॥ ਬਸਤੁ ਅਗੋਚਰ ਭਾਈ ॥੧॥ ਰਹਾਉ ॥ਮੋਲੁ ਨਾਹੀ ਕਛੁ ਕਰਣੈ ਜੋਗਾ ਕਿਆ ਕੋ ਕਹੈ ਸੁਣਾਵੈ ॥ ਕਥਨ ਕਹਣ ਕਉ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਆਵੈ ॥੨॥ ਸੋਈ ਜਾਣੈ ਕਰਣੈਹਾਰਾ ਕੀਤਾ ਕਿਆ ਬੇਚਾਰਾ ॥ ਆਪਣੀ ਗਤਿ ਮਿਤਿ ਆਪੇ ਜਾਣੈ ਹਰਿ ਆਪੇ ਪੂਰ ਭੰਡਾਰਾ ॥੩॥ ਐਸਾ ਰਸੁ ਅੰਮ੍ਰਿਤੁ ਮਨਿ ਚਾਖਿਆ ਤ੍ਰਿਪਤਿ ਰਹੇ ਆਘਾਈ ॥ ਕਹੁ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ॥੪॥੪॥ {ਪੰਨਾ 883}

ਪਦਅਰਥ: ਰਹਤਨਿਰਲੇਪ। ਤ੍ਰੈ ਗੁਣ ਰਹਤਮਾਇਆ ਦੇ ਤਿੰਨ ਗੁਣਾਂ ਤੋਂ ਬਚੀ ਹੋਈ। ਨਿਰਾਰੀਨਿਰਾਲੀ, ਵੱਖਰੀ। ਸਾਧਿਕਜੋਗਸਾਧਨ ਕਰਨ ਵਾਲੇ। ਸਿਧਜੋਗਸਾਧਨਾਂ ਵਿਚ ਪੁੱਗੇ ਹੋਏ ਜੋਗੀ। ਨ ਜਾਨੈਨਹੀਂ ਜਾਣਦੀ, ਸਾਂਝ ਨਹੀਂ ਪਾਂਦੀ। ਰਤਨਪ੍ਰਭੂ ਦੇ ਗੁਣਾਂ ਦੇ ਰਤਨ। ਅੰਮ੍ਰਿਤਆਤਮਕ ਜੀਵਨ ਦੇਣ ਵਾਲਾ ਨਾਮ। ਸੰਪੂਰਨਨਕਾਨਕ ਭਰੀ ਹੋਈ। ਕੈ ਖਜਾਨੈਦੇ ਖ਼ਜ਼ਾਨੇ ਵਿਚ।੧।

ਅਚਰਜੁਅਨੋਖਾ ਤਮਾਸ਼ਾ। ਬਸਤੁ—{वस्तु} ਕੀਮਤੀ ਚੀਜ਼ {ਇਸਤ੍ਰੀ-ਲਿੰਗ}ਅਗੋਚਰ—{ਗੋਚਰ} ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਭਾਈਹੇ ਭਾਈ!੧।ਰਹਾਉ।

ਜੋਗਾਸਮਰਥ। ਕੋਕੋਈ ਮਨੁੱਖ। ਕਉਵਾਸਤੇ। ਸੋਝੀਸਮਝ, ਅਕਲ। ਜੋਜੇਹੜਾ ਮਨੁੱਖ। ਪੇਖੈਵੇਖਦਾ ਹੈ। ਤਿਸੁਉਸ (ਮਨੁੱਖ) ਦੀ (ਪ੍ਰੀਤ)ਬਣਿ ਆਵੈਬਣ ਜਾਂਦੀ ਹੈ।੨।

ਸੋਈਉਹ (ਕਰਣਹਾਰ) ਹੀ। ਕੀਤਾ—(ਪ੍ਰਭੂ ਦਾ) ਪੈਦਾ ਕੀਤਾ ਹੋਇਆ ਜੀਵ। ਕਿਆ ਬੇਚਾਰਾਕੀਹ ਪਾਂਇਆਂ ਰੱਖਦਾ ਹੈ? ਕੋਈ ਪਾਂਇਆਂ ਨਹੀਂ। ਗਤਿਹਾਲਤ। ਮਿਤਿਮਾਪ, ਅੰਦਾਜ਼ਾ। ਆਪੇਆਪ ਹੀ। ਪੂਰ ਭੰਡਾਰਾਭਰੇ ਹੋਏ ਖ਼ਜ਼ਾਨਿਆਂ ਵਾਲਾ।੩।

ਅੰਮ੍ਰਿਤੁ ਰਸੁਆਤਮਕ ਜੀਵਨ ਦੇਣ ਵਾਲਾ ਨਾਮਰਸ। ਮਨਿਮਨ ਵਿਚ। ਤ੍ਰਿਪਤਿ ਰਹੇ ਆਘਾਈਪੂਰਨ ਤੌਰ ਤੇ ਰੱਜ ਗਏ। ਨਾਨਕਹੇ ਨਾਨਕ!੪।

ਅਰਥ: ਹੇ ਭਾਈ! ਇਕ ਅਨੋਖਾ ਤਮਾਸ਼ਾ ਬਣਿਆ ਪਿਆ ਹੈ, ਜਿਸ ਦੀ ਬਾਬਤ ਕੁਝ ਦੱਸਿਆ ਨਹੀਂ ਜਾ ਸਕਦਾ। (ਅਨੋਖਾ ਤਮਾਸ਼ਾ ਇਹ ਹੈ ਕਿ ਗੁਰੂ ਦੇ ਖ਼ਜ਼ਾਨੇ ਵਿਚ ਹੀ ਪ੍ਰਭੂ ਦਾ ਨਾਮ ਇਕ) ਕੀਮਤੀ ਚੀਜ਼ ਹੈ ਜਿਸ ਤਕ (ਮਨੁੱਖ ਦੇ) ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।੧।ਰਹਾਉ।

ਹੇ ਭਾਈ! ਉਹ ਕੀਮਤੀ ਪਦਾਰਥ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਪਰੇ ਵੱਖਰਾ ਹੀ ਰਹਿੰਦਾ ਹੈ, ਉਹ ਪਦਾਰਥ ਜੋਗ-ਸਾਧਨ ਕਰਨ ਵਾਲਿਆਂ ਅਤੇ ਸਾਧਨਾਂ ਵਿਚ ਪੁੱਗੇ ਹੋਏ ਜੋਗੀਆਂ ਨਾਲ ਭੀ ਸਾਂਝ ਨਹੀਂ ਪਾਂਦਾ (ਭਾਵ, ਜੋਗ-ਸਾਧਨਾਂ ਦੀ ਰਾਹੀਂ ਉਹ ਨਾਮ-ਵਸਤੂ ਨਹੀਂ ਮਿਲਦੀ)ਹੇ ਭਾਈ! ਉਹ ਕੀਮਤੀ ਪਦਾਰਥ ਗੁਰੂ ਦੇ ਖ਼ਜ਼ਾਨੇ ਵਿਚ ਹੈ। ਉਹ ਪਦਾਰਥ ਹੈ-ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ-ਰਤਨਾਂ ਨਾਲ ਨਕਾ-ਨਕ ਭਰੀ ਹੋਈ ਹਿਰਦਾ-ਕੋਠੜੀ।੧।

ਹੇ ਭਾਈ! ਉਸ ਨਾਮ-ਵਸਤੂ ਦਾ ਮੁੱਲ ਕੋਈ ਭੀ ਜੀਵ ਨਹੀਂ ਪਾ ਸਕਦਾ। ਕੋਈ ਭੀ ਜੀਵ ਉਸ ਦਾ ਮੁੱਲ ਕਹਿ ਨਹੀਂ ਸਕਦਾ, ਦੱਸ ਨਹੀਂ ਸਕਦਾ। (ਉਸ ਕੀਮਤੀ ਪਦਾਰਥ ਦੀਆਂ ਸਿਫ਼ਤਾਂ) ਦੱਸਣ ਵਾਸਤੇ ਕਿਸੇ ਦੀ ਭੀ ਅਕਲ ਕੰਮ ਨਹੀਂ ਕਰ ਸਕਦੀ। ਹਾਂ, ਜੇਹੜਾ ਮਨੁੱਖ ਉਸ ਵਸਤ ਨੂੰ ਵੇਖ ਲੈਂਦਾ ਹੈ, ਉਸ ਦਾ ਉਸ ਨਾਲ ਪਿਆਰ ਬਣ ਜਾਂਦਾ ਹੈ।੨।

ਹੇ ਭਾਈ! ਜਿਸ ਸਿਰਜਣਹਾਰ ਨੇ ਉਹ ਪਦਾਰਥ ਬਣਾਇਆ ਹੈ, ਉਸ ਦਾ ਮੁੱਲ ਉਹ ਆਪ ਹੀ ਜਾਣਦਾ ਹੈ। ਉਸ ਦੇ ਪੈਦਾ ਕੀਤੇ ਹੋਏ ਜੀਵ ਵਿਚ ਅਜੇਹੀ ਸਮਰਥਾ ਨਹੀਂ ਹੈ। ਪ੍ਰਭੂ ਆਪ ਹੀ ਉਸ ਕੀਮਤੀ ਪਦਾਰਥ ਨਾਲ ਭਰੇ ਹੋਏ ਖ਼ਜ਼ਾਨਿਆਂ ਦਾ ਮਾਲਕ ਹੈ। ਤੇ, ਉਹ ਆਪ ਕਿਹੋ ਜਿਹਾ ਹੈ, ਕੇਡਾ ਵੱਡਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ।੩।

ਹੇ ਨਾਨਕ! ਆਖ-ਗੁਰੂ ਦੀ ਸਰਨ ਪੈ ਕੇ ਮੇਰੀ ਲਾਲਸਾ ਪੂਰੀ ਹੋ ਗਈ ਹੈ (ਮੈਨੂੰ ਉਹ ਕੀਮਤੀ ਪਦਾਰਥ ਮਿਲ ਗਿਆ ਹੈ)ਆਤਮਕ ਜੀਵਨ ਦੇਣ ਵਾਲੇ ਉਸ ਅਸਚਰਜ ਨਾਮ-ਰਸ ਨੂੰ (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਮਨ ਵਿਚ ਚੱਖਿਆ ਹੈ, ਹੁਣ ਮੈਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰੇ ਤੌਰ ਤੇ ਰੱਜ ਗਿਆ ਹਾਂ।੪।੪।

TOP OF PAGE

Sri Guru Granth Darpan, by Professor Sahib Singh