ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 882

ਰਾਮਕਲੀ ਮਹਲਾ ੪ ॥ ਸਤਗੁਰ ਦਇਆ ਕਰਹੁ ਹਰਿ ਮੇਲਹੁ ਮੇਰੇ ਪ੍ਰੀਤਮ ਪ੍ਰਾਣ ਹਰਿ ਰਾਇਆ ॥ ਹਮ ਚੇਰੀ ਹੋਇ ਲਗਹ ਗੁਰ ਚਰਣੀ ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਾਇਆ ॥੧॥ ਰਾਮ ਮੈ ਹਰਿ ਹਰਿ ਨਾਮੁ ਮਨਿ ਭਾਇਆ ॥ ਮੈ ਹਰਿ ਬਿਨੁ ਅਵਰੁ ਨ ਕੋਈ ਬੇਲੀ ਮੇਰਾ ਪਿਤਾ ਮਾਤਾ ਹਰਿ ਸਖਾਇਆ ॥੧॥ ਰਹਾਉ ॥ਮੇਰੇ ਇਕੁ ਖਿਨੁ ਪ੍ਰਾਨ ਨ ਰਹਹਿ ਬਿਨੁ ਪ੍ਰੀਤਮ ਬਿਨੁ ਦੇਖੇ ਮਰਹਿ ਮੇਰੀ ਮਾਇਆ ॥ ਧਨੁ ਧਨੁ ਵਡ ਭਾਗ ਗੁਰ ਸਰਣੀ ਆਏ ਹਰਿ ਗੁਰ ਮਿਲਿ ਦਰਸਨੁ ਪਾਇਆ ॥੨॥ ਮੈ ਅਵਰੁ ਨ ਕੋਈ ਸੂਝੈ ਬੂਝੈ ਮਨਿ ਹਰਿ ਜਪੁ ਜਪਉ ਜਪਾਇਆ ॥ ਨਾਮਹੀਣ ਫਿਰਹਿ ਸੇ ਨਕਟੇ ਤਿਨ ਘਸਿ ਘਸਿ ਨਕ ਵਢਾਇਆ ॥੩॥ ਮੋ ਕਉ ਜਗਜੀਵਨ ਜੀਵਾਲਿ ਲੈ ਸੁਆਮੀ ਰਿਦ ਅੰਤਰਿ ਨਾਮੁ ਵਸਾਇਆ ॥ ਨਾਨਕ ਗੁਰੂ ਗੁਰੂ ਹੈ ਪੂਰਾ ਮਿਲਿ ਸਤਿਗੁਰ ਨਾਮੁ ਧਿਆਇਆ ॥੪॥੫॥ {ਪੰਨਾ 882}

ਪਦਅਰਥ: ਹਰਿਹੇ ਹਰੀ! ਸਤਗੁਰ ਮੇਲਹੁਗੁਰੂ ਮਿਲਾ। ਹਰਿ ਰਾਇਆਹੇ ਪ੍ਰਭੂ ਪਾਤਿਸ਼ਾਹ! ਚੇਰੀਦਾਸੀ। ਹੋਇਬਣ ਕੇ। ਲਗਹ—{ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ} ਅਸੀ ਲੱਗੀਏ, ਮੈਂ ਲੱਗਾਂ। ਜਿਨਿਜਿਸ (ਗੁਰੂ) ਨੇ। ਮਾਰਗੁਰਸਤਾ। ਪੰਥੁਰਸਤਾ।੧।

ਰਾਮਹੇ ਰਾਮ! ਮੈ ਮਨਿ ਭਾਇਆਮੇਰੇ ਮਨ ਵਿਚ ਚੰਗਾ ਲੱਗਦਾ ਹੈ। ਬੇਲੀਮਦਦਗਾਰ। ਸਖਾਇਆਸਾਥੀ।੧।ਰਹਾਉ।

ਨ ਰਹਹਿਨਹੀਂ ਰਹਿ ਸਕਦੇ {ਬਹੁ-ਵਚਨ}ਪ੍ਰਾਨਜਿੰਦ। ਮਰਹਿ—(ਮੇਰੇ ਪ੍ਰਾਨ) ਮਰ ਜਾਂਦੇ ਹਨ। ਮਾਇਆਹੇ ਮਾਂ! ਮਿਲਿ—(ਗੁਰੂ ਨੂੰ) ਮਿਲ ਕੇ। ਹਰਿ ਦਰਸਨੁਪ੍ਰਭੂ ਦਾ ਦਰਸ਼ਨ।੨।

ਮੈਮੈਨੂੰ। ਅਵਰੁਕੋਈ ਹੋਰ (ਬਚਨ)ਮਨਿਮਨ ਵਿਚ। ਜਪਉਜਪਉਂ, ਮੈਂ ਜਪਦਾ ਹਾਂ। ਫਿਰਹਿਫਿਰਦੇ ਹਨ। ਸੇਉਸ {ਬਹੁ-ਵਚਨ}ਨਕਟੇਨਿਲੱਜ, ਬੇਸ਼ਰਮ। ਘਸਿ ਘਸਿਮੁੜ ਮੁੜ ਘਸ ਕੇ, ਬਹੁਤ ਬੇਇੱਜ਼ਤੀ ਕਰਾ ਕੇ।੩।

ਮੋ ਕਉਮੈਨੂੰ। ਜੀਵਾਲਿ ਲੈਆਤਮਕ ਜੀਵਨ ਬਖ਼ਸ਼। ਸੁਆਮੀਹੇ ਸੁਆਮੀ! ਰਿਦਹਿਰਦਾ। ਮਿਲਿਮਿਲ ਕੇ।੪।

ਅਰਥ: ਹੇ (ਮੇਰੇ) ਰਾਮ! ਹੇ ਹਰੀ! ਮੇਰੇ ਮਨ ਵਿਚ ਤੇਰਾ ਨਾਮ ਪਿਆਰਾ ਲੱਗਦਾ ਹੈ। ਹੇ ਭਾਈ! ਪਰਮਾਤਮਾ ਤੋਂ ਬਿਨਾ ਮੈਨੂੰ ਕੋਈ ਹੋਰ ਮਦਦਗਾਰ ਨਹੀਂ ਦਿੱਸਦਾ। ਪਰਮਾਤਮਾ ਹੀ ਮੇਰੀ ਮਾਂ ਹੈ, ਪਰਮਾਤਮਾ ਹੀ ਮੇਰਾ ਪਿਉ ਹੈ, ਪਰਮਾਤਮਾ ਹੀ ਮੇਰਾ ਸਾਥੀ ਹੈ।੧।ਰਹਾਉ।

ਹੇ ਹਰੀ! ਹੇ ਮੇਰੇ ਪ੍ਰੀਤਮ! ਹੇ ਮੇਰੀ ਜਿੰਦ ਦੇ ਪਾਤਿਸ਼ਾਹ! ਮੇਹਰ ਕਰ, ਮੈਨੂੰ ਗੁਰੂ ਮਿਲਾ। ਹੇ ਭਾਈ! ਜਿਸ ਗੁਰੂ ਨੇ (ਸਦਾ) ਪਰਮਾਤਮਾ ਦੇ ਮਿਲਾਪ ਦਾ ਰਸਤਾ ਵਿਖਾਇਆ ਹੈ, ਮੈਂ ਉਸ ਦਾ ਦਾਸ ਬਣ ਕੇ ਉਸ ਦੇ ਚਰਨਾਂ ਉੱਤੇ ਡਿੱਗਾ ਰਹਾਂ।੧।

ਹੇ ਮੇਰੀ ਮਾਂ! ਪ੍ਰੀਤਮ (ਗੁਰੂ ਦੇ ਮਿਲਾਪ) ਤੋਂ ਬਿਨਾ ਮੇਰੀ ਜਿੰਦ ਇਕ ਖਿਨ ਵਾਸਤੇ ਭੀ ਨਹੀਂ ਰਹਿ ਸਕਦੀ, ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਮੇਰੀ (ਆਤਮਕ) ਮੌਤ ਹੁੰਦੀ ਹੈ। ਉਹ ਮਨੁੱਖ ਧੰਨ ਹਨ ਧੰਨ ਹਨ, ਵੱਡੇ ਭਾਗਾਂ ਵਾਲੇ ਹਨ, ਜੇਹੜੇ ਗੁਰੂ ਦੀ ਸਰਨ ਆ ਪੈਂਦੇ ਹਨ। ਗੁਰੂ ਨੂੰ ਮਿਲ ਕੇ ਉਹਨਾਂ ਨੇ ਪਰਮਾਤਮਾ ਦਾ ਦਰਸ਼ਨ ਕਰ ਲਿਆ ਹੈ।੨।

(ਹੇ ਮੇਰੀ ਮਾਂ! ਪ੍ਰਭੂ ਦੇ ਨਾਮ ਦੇ ਜਾਪ ਤੋਂ ਬਿਨਾ) ਮੈਨੂੰ ਕੋਈ ਭੀ ਹੋਰ ਕੰਮ ਨਹੀਂ ਸੁੱਝਦਾ (ਚੰਗਾ ਨਹੀਂ ਲੱਗਦਾ)ਜਿਵੇਂ ਗੁਰੂ ਜਪਣ ਲਈ ਪ੍ਰੇਰਦਾ ਹੈ, ਮੈਂ ਆਪਣੇ ਮਨ ਵਿਚ ਪ੍ਰਭੂ ਦਾ ਨਾਮ ਦਾ ਜਾਪ ਹੀ ਜਪਦਾ ਹਾਂ। ਹੇ ਭਾਈ! ਜੇਹੜੇ ਮਨੁੱਖ ਨਾਮ ਤੋਂ ਵਾਂਜੇ ਰਹਿੰਦੇ ਹਨ, ਉਹ ਬੇਸ਼ਰਮਾਂ ਵਾਂਗ (ਦੁਨੀਆ ਵਿਚ) ਤੁਰੇ ਫਿਰਦੇ ਹਨ, ਉਹ ਅਨੇਕਾਂ ਵਾਰੀ ਬੇ-ਇੱਜ਼ਤੀ ਕਰਾ ਕੇ ਖ਼ੁਆਰ ਹੁੰਦੇ ਹਨ।੩।

ਹੇ ਜਗਤ ਦੇ ਜੀਵਨ-ਪ੍ਰਭੂ! ਹੇ ਮੇਰੇ ਮਾਲਕ-ਪ੍ਰਭੂ! ਮੇਰੇ ਹਿਰਦੇ ਵਿਚ ਆਪਣਾ ਨਾਮ ਵਸਾਈ ਰੱਖ, ਤੇ, ਮੈਨੂੰ ਆਤਮਕ ਜੀਵਨ ਬਖ਼ਸ਼ੀ ਰੱਖ। ਹੇ ਨਾਨਕ! (ਇਹ ਨਾਮ ਦੀ ਦਾਤਿ ਦੇਣ-ਜੋਗਾ) ਗੁਰੂ ਪੂਰਾ ਹੀ ਹੈ ਗੁਰੂ ਪੂਰਾ ਹੀ ਹੈ। ਗੁਰੂ ਨੂੰ ਮਿਲ ਕੇ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ।੪।੫।

ਰਾਮਕਲੀ ਮਹਲਾ ੪ ॥ ਸਤਗੁਰੁ ਦਾਤਾ ਵਡਾ ਵਡ ਪੁਰਖੁ ਹੈ ਜਿਤੁ ਮਿਲਿਐ ਹਰਿ ਉਰ ਧਾਰੇ ॥ ਜੀਅ ਦਾਨੁ ਗੁਰਿ ਪੂਰੈ ਦੀਆ ਹਰਿ ਅੰਮ੍ਰਿਤ ਨਾਮੁ ਸਮਾਰੇ ॥੧॥ ਰਾਮ ਗੁਰਿ ਹਰਿ ਹਰਿ ਨਾਮੁ ਕੰਠਿ ਧਾਰੇ ॥ ਗੁਰਮੁਖਿ ਕਥਾ ਸੁਣੀ ਮਨਿ ਭਾਈ ਧਨੁ ਧਨੁ ਵਡ ਭਾਗ ਹਮਾਰੇ ॥੧॥ ਰਹਾਉ ॥ਕੋਟਿ ਕੋਟਿ ਤੇਤੀਸ ਧਿਆਵਹਿ ਤਾ ਕਾ ਅੰਤੁ ਨ ਪਾਵਹਿ ਪਾਰੇ ॥ ਹਿਰਦੈ ਕਾਮ ਕਾਮਨੀ ਮਾਗਹਿ ਰਿਧਿ ਮਾਗਹਿ ਹਾਥੁ ਪਸਾਰੇ ॥੨॥ ਹਰਿ ਜਸੁ ਜਪਿ ਜਪੁ ਵਡਾ ਵਡੇਰਾ ਗੁਰਮੁਖਿ ਰਖਉ ਉਰਿ ਧਾਰੇ ॥ ਜੇ ਵਡ ਭਾਗ ਹੋਵਹਿ ਤਾ ਜਪੀਐ ਹਰਿ ਭਉਜਲੁ ਪਾਰਿ ਉਤਾਰੇ ॥੩॥ ਹਰਿ ਜਨ ਨਿਕਟਿ ਨਿਕਟਿ ਹਰਿ ਜਨ ਹੈ ਹਰਿ ਰਾਖੈ ਕੰਠਿ ਜਨ ਧਾਰੇ ॥ ਨਾਨਕ ਪਿਤਾ ਮਾਤਾ ਹੈ ਹਰਿ ਪ੍ਰਭੁ ਹਮ ਬਾਰਿਕ ਹਰਿ ਪ੍ਰਤਿਪਾਰੇ ॥੪॥੬॥੧੮॥ {ਪੰਨਾ 882}

ਪਦਅਰਥ: ਦਾਤਾ—(ਨਾਮ ਦੀ) ਦਾਤਿ ਦੇਣ ਵਾਲਾ। ਜਿਤੁਜਿਸ ਦੀ ਰਾਹੀਂ। ਜਿਤੁ ਮਿਲਿਐਜਿਸ ਨੂੰ ਮਿਲਣ ਨਾਲ। ਉਰਹਿਰਦਾ। ਜੀਅ ਦਾਨੁਆਤਮਕ ਜੀਵਨ ਦੀ ਦਾਤਿ। ਗੁਰਿਗੁਰੂ ਨੇ। ਅੰਮ੍ਰਿਤਆਤਮਕ ਜੀਵਨ ਦੇਣ ਵਾਲਾ। ਸਮਾਰੇਸੰਭਾਲਦਾ ਹੈ।੧।

ਰਾਮਹੇ ਰਾਮ! ਗੁਰਿਗੁਰੂ ਦੀ ਰਾਹੀਂ। ਕੰਠਿਗਲੇ ਵਿਚ। ਗੁਰਮੁਖਿਗੁਰੂ ਦੀ ਸਰਨ ਪੈ ਕੇ। ਕਥਾਸਿਫ਼ਤਿ-ਸਾਲਾਹ। ਮਨਿ ਭਾਈਮਨ ਵਿਚ ਪਿਆਰੀ ਲੱਗੀ ਹੈ।੧।ਰਹਾਉ।

ਕੋਟਿਕ੍ਰੋੜ। ਨ ਪਾਵਹਿਨਹੀਂ ਲੱਭ ਸਕਦੇ। ਪਾਰੇਪਾਰੁ, ਪਾਰਲਾ ਬੰਨਾ। ਹਿਰਦੈਹਿਰਦੇ ਵਿਚ। ਕਾਮਨੀਇਸਤ੍ਰੀ। ਮਾਗਹਿਮੰਗਦੇ ਹਨ। ਰਿਧਿਧਨਪਦਾਰਥ। ਪਸਾਰੇਪਸਾਰਿ, ਖਿਲਾਰ ਕੇ।੨।

ਜਸੁਸਿਫ਼ਤਿ-ਸਾਲਾਹ। ਜਪਿਜਪਿਆ ਕਰ। ਗੁਰਮੁਖਿਗੁਰੂ ਦੀ ਰਾਹੀਂ। ਰਖਉਰਾਖਉਂ, ਮੈਂ ਰੱਖਦਾ ਹਾਂ। ਉਰਿਹਿਰਦੇ ਵਿਚ। ਧਾਰੇਧਾਰਿ, ਟਿਕਾ ਕੇ। ਭਉਜਲੁਸੰਸਾਰਸਮੁੰਦਰ।੩।

ਨਿਕਟਿਨੇੜੇ। ਕੰਠਿ ਧਾਰੇਕੰਠਿ ਧਾਰਿ, ਗਲ ਨਾਲ ਲਾ ਕੇ। ਬਾਰਿਕਬਾਲਕ, ਬੱਚੇ।੧।

ਅਰਥ: ਹੇ ਮੇਰੇ ਰਾਮ! ਮੇਰੇ ਵੱਡੇ ਭਾਗ ਹੋ ਗਏ ਹਨ, ਗੁਰੂ ਦੀ ਰਾਹੀਂ, ਹੇ ਹਰੀ! ਤੇਰਾ ਨਾਮ ਮੈਂ ਆਪਣੇ ਗਲ ਵਿਚ ਪ੍ਰੋ ਲਿਆ ਹੈ। ਗੁਰੂ ਦੀ ਸਰਨ ਪੈ ਕੇ ਮੈਂ ਤੇਰੀ ਸਿਫ਼ਤਿ-ਸਾਲਾਹ ਸੁਣੀ ਹੈ, ਤੇ, ਉਹ ਮੇਰੇ ਮਨ ਵਿਚ ਪਿਆਰੀ ਲੱਗ ਰਹੀ ਹੈ।੧।ਰਹਾਉ।

ਹੇ ਭਾਈ! ਪ੍ਰਭੂ ਦੇ ਨਾਮ ਦੀ ਦਾਤਿ ਦੇਣ ਵਾਲਾ ਗੁਰੂ (ਹੀ) ਸਭ ਤੋਂ ਵੱਡਾ ਵਿਅਕਤੀ ਹੈ। ਗੁਰੂ ਨੂੰ ਮਿਲਣ ਨਾਲ ਮਨੁੱਖ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ। ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਆਤਮਕ ਜੀਵਨ ਦੀ ਦਾਤਿ ਦੇ ਦਿੱਤੀ, ਉਹ ਮਨੁੱਖ ਪ੍ਰਭੂ ਦੇ ਜੀਵਨ ਦੇਣ ਵਾਲੇ ਨਾਮ ਨੂੰ (ਹਿਰਦੇ ਵਿਚ) ਸੰਭਾਲ ਰੱਖਦਾ ਹੈ।੧।

ਹੇ ਭਾਈ! ਤੇਤੀ ਕ੍ਰੋੜ (ਦੇਵਤੇ) ਪਰਮਾਤਮਾ ਦਾ ਧਿਆਨ ਧਰਦੇ ਰਹਿੰਦੇ ਹਨ, ਪਰ ਉਸ ਦੇ ਗੁਣਾਂ ਦਾ ਅੰਤ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦੇ। (ਅਨੇਕਾਂ ਐਸੇ ਭੀ ਹਨ ਜੋ ਆਪਣੇ) ਹਿਰਦੇ ਵਿਚ ਕਾਮ-ਵਾਸਨਾ ਧਾਰ ਕੇ (ਪਰਮਾਤਮਾ ਦੇ ਦਰ ਤੋਂ) ਇਸਤ੍ਰੀ (ਹੀ) ਮੰਗਦੇ ਹਨ, (ਉਸ ਦੇ ਅੱਗੇ) ਹੱਥ ਪਸਾਰ ਕੇ (ਦੁਨੀਆ ਦੇ) ਧਨ-ਪਦਾਰਥ (ਹੀ) ਮੰਗਦੇ ਹਨ।੨।

ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਪਰਮਾਤਮਾ ਦੇ ਨਾਮ ਦਾ ਜਾਪ ਹੀ ਸਭ ਤੋਂ ਵੱਡਾ ਕੰਮ ਹੈ। ਮੈਂ ਤਾਂ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਹੀ ਆਪਣੇ ਹਿਰਦੇ ਵਿਚ ਵਸਾਂਦਾ ਹਾਂ। ਹੇ ਭਾਈ! ਜੇ ਵੱਡੀ ਕਿਸਮਤ ਹੋਵੇ ਤਾਂ ਹੀ ਹਰਿ-ਨਾਮ ਜਪਿਆ ਜਾ ਸਕਦਾ ਹੈ (ਜੇਹੜਾ ਮਨੁੱਖ ਜਪਦਾ ਹੈ ਉਸ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।੩।

ਹੇ ਭਾਈ! ਸੰਤ ਜਨ ਪਰਮਾਤਮਾ ਦੇ ਨੇੜੇ ਵੱਸਦੇ ਹਨ, ਪਰਮਾਤਮਾ ਸੰਤ ਜਨਾਂ ਦੇ ਨੇੜੇ ਵੱਸਦਾ ਹੈ। ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ। ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਸਾਡਾ ਪਿਉ ਹੈ, ਪਰਮਾਤਮਾ ਸਾਡੀ ਮਾਂ ਹੈ। ਸਾਨੂੰ ਬੱਚਿਆਂ ਨੂੰ ਪਰਮਾਤਮਾ ਹੀ ਪਾਲਦਾ ਹੈ।੪।੬।੧੮।

ਰਾਗੁ ਰਾਮਕਲੀ ਮਹਲਾ ੫ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ ॥ ਮਾਟੀ ਕਾ ਕਿਆ ਧੋਪੈ ਸੁਆਮੀ ਮਾਣਸ ਕੀ ਗਤਿ ਏਹੀ ॥੧॥ ਮੇਰੇ ਮਨ ਸਤਿਗੁਰੁ ਸੇਵਿ ਸੁਖੁ ਹੋਈ ॥ ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਦੂਖੁ ਨ ਵਿਆਪੈ ਕੋਈ ॥੧॥ ਰਹਾਉ ॥ ਕਾਚੇ ਭਾਡੇ ਸਾਜਿ ਨਿਵਾਜੇ ਅੰਤਰਿ ਜੋਤਿ ਸਮਾਈ ॥ ਜੈਸਾ ਲਿਖਤੁ ਲਿਖਿਆ ਧੁਰਿ ਕਰਤੈ ਹਮ ਤੈਸੀ ਕਿਰਤਿ ਕਮਾਈ ॥੨॥ ਮਨੁ ਤਨੁ ਥਾਪਿ ਕੀਆ ਸਭੁ ਅਪਨਾ ਏਹੋ ਆਵਣ ਜਾਣਾ ॥ ਜਿਨਿ ਦੀਆ ਸੋ ਚਿਤਿ ਨ ਆਵੈ ਮੋਹਿ ਅੰਧੁ ਲਪਟਾਣਾ ॥੩॥ ਜਿਨਿ ਕੀਆ ਸੋਈ ਪ੍ਰਭੁ ਜਾਣੈ ਹਰਿ ਕਾ ਮਹਲੁ ਅਪਾਰਾ ॥ ਭਗਤਿ ਕਰੀ ਹਰਿ ਕੇ ਗੁਣ ਗਾਵਾ ਨਾਨਕ ਦਾਸੁ ਤੁਮਾਰਾ ॥੪॥੧॥ {ਪੰਨਾ 882}

ਪਦਅਰਥ: ਦੀਨਗ਼ਰੀਬ, ਕੰਗਾਲ। ਦਾਤੇਹੇ ਦਾਤਾਂ ਦੇਣ ਵਾਲੇ! ਕਿਆ ਧੋਪੈਕੀਹ ਧੁਪ ਸਕਦਾ ਹੈ? (ਮਿੱਟੀ ਦਾ ਮੈਲਾਪਨ) ਕਦੇ ਨਹੀਂ ਧੁਪ ਸਕਦਾ। ਸੁਆਮੀਹੇ ਮਾਲਕ! ਗਤਿਹਾਲਤ, ਦਸ਼ਾ।੧।

ਮਨਹੇ ਮਨ! ਸੇਵਿਸਰਨ ਪਿਆ ਰਹੁ। ਇਛਹੁਮੰਗੇਂਗਾ। ਨ ਵਿਆਪੈਜ਼ੋਰ ਨਹੀਂ ਪਾ ਸਕਦਾ।੧।ਰਹਾਉ।

ਕਾਚੇ ਭਾਂਡੇਨਾਸਵੰਤ ਸਰੀਰ। ਸਾਜਿਬਣਾ ਕੇ। ਨਿਵਾਜੇਵਡਿਆਈ ਦਿੱਤੀ ਹੈ। ਸਮਾਈਟਿਕੀ ਹੋਈ ਹੈ। ਲਿਖਤੁਲੇਖ। ਧੁਰਿਧੁਰ ਦਰਗਾਹ ਤੋਂ। ਕਰਤੈਕਰਤਾਰ ਨੇ। ਕਿਰਤਿਕਾਰ।੨।

ਥਾਪਿ ਕੀਆਮਿਥ ਲਿਆ, ਸਮਝ ਲਿਆ। ਏਹੋਇਹ ਮਿਥ ਹੀ, ਇਹ ਅਪਣੱਤ ਹੀ। ਜਿਨਿਜਿਸ (ਪਰਮਾਤਮਾ) ਨੇ। ਚਿਤਿਚਿੱਤ ਵਿਚ। ਮੋਹ—(ਇਸ ਜਿੰਦ ਤੇ ਸਰੀਰ ਦੇ) ਮੋਹ ਵਿਚ। ਮਨੁਜਿੰਦ। ਅੰਧੁਅੰਨ੍ਹਾ ਮਨੁੱਖ।੩।

ਜਿਨਿਜਿਸ (ਪ੍ਰਭੂ) ਨੇ। ਸੇਈਉਹ (ਪ੍ਰਭੂ) ਹੀ। ਮਹਲੁਟਿਕਾਣਾ, ਉੱਚਾ ਆਸਣ। ਅਪਾਰਾਬੇਅੰਤ, ਜਿਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਕਰੀਕਰੀਂ, ਮੈਂ ਕਰਾਂ। ਗਾਵਾਗਾਵਾਂ, ਮੈਂ ਗਾਂਦਾ ਰਹਾਂ।੪।

ਅਰਥ: ਹੇ ਮੇਰੇ ਮਨ! ਗੁਰੂ ਦੀ ਸਰਨ ਪਿਆ ਰਹੁ (ਗੁਰੂ ਦੇ ਦਰ ਤੇ ਰਿਹਾਂ ਹੀ) ਆਨੰਦ ਮਿਲਦਾ ਹੈ। (ਗੁਰੂ ਦੇ ਦਰ ਤੇ ਰਹਿ ਕੇ) ਜੇਹੜੀ ਕਾਮਨਾ ਚਿਤਵੇਂਗਾ, ਉਹੀ ਫਲ ਹਾਸਲ ਕਰ ਲਏਂਗਾ। (ਇਸ ਤਰ੍ਹਾਂ) ਕੋਈ ਦੁੱਖ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ।੧।ਰਹਾਉ।

ਹੇ ਗ਼ਰੀਬਾਂ ਉਤੇ ਬਖ਼ਸ਼ਸ਼ਾਂ ਕਰਨ ਵਾਲੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੇਰਾ ਕੋਈ ਗੁਣ ਨਾਹ ਵਿਚਾਰੀਂ, ਮੇਰਾ ਕੋਈ ਔਗੁਣ ਨਾਹ ਵਿਚਾਰੀਂ (ਮੇਰੇ ਅੰਦਰ ਤਾਂ ਔਗੁਣ ਹੀ ਔਗੁਣ ਹਨ)(ਜਿਵੇਂ ਪਾਣੀ ਨਾਲ ਧੋਤਿਆਂ) ਮਿੱਟੀ ਦਾ ਮੈਲਾ-ਪਨ ਕਦੇ ਧੁਪ ਨਹੀਂ ਸਕਦਾ, ਹੇ ਮਾਲਕ-ਪ੍ਰਭੂ! ਅਸਾਂ ਜੀਵਾਂ ਦੀ ਭੀ ਇਹੀ ਹਾਲਤ ਹੈ।੧।

ਹੇ ਭਾਈ! (ਸਾਡੇ ਇਹ) ਨਾਸਵੰਤ ਸਰੀਰ ਬਣਾ ਕੇ (ਪਰਮਾਤਮਾ ਨੇ ਹੀ ਇਹਨਾਂ ਨੂੰ) ਵਡਿਆਈ ਦਿੱਤੀ ਹੋਈ ਹੈ (ਕਿਉਂਕਿ ਇਹਨਾਂ ਨਾਸਵੰਤ ਸਰੀਰਾਂ ਦੇ) ਅੰਦਰ ਉਸ ਦੀ ਜੋਤ ਟਿਕੀ ਹੋਈ ਹੈ। ਹੇ ਭਾਈ! (ਸਾਡੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਧੁਰ ਦਰਗਾਹ ਤੋਂ ਜਿਹੋ ਜਿਹਾ (ਸੰਸਕਾਰਾਂ ਦਾ) ਲੇਖ (ਸਾਡੇ ਅੰਦਰ) ਲਿਖ ਦਿੱਤਾ ਹੈ, ਅਸੀ ਜੀਵ (ਹੁਣ ਭੀ) ਉਹੋ ਜਿਹੇ ਕਰਮਾਂ ਦੀ ਕਮਾਈ ਕਰੀ ਜਾਂਦੇ ਹਾਂ।੨।

ਹੇ ਭਾਈ! ਮਨੁੱਖ ਇਸ ਜਿੰਦ ਨੂੰ ਇਸ ਸਰੀਰ ਨੂੰ ਸਦਾ ਆਪਣਾ ਮਿਥੀ ਰੱਖਦਾ ਹੈ, ਇਹ ਅਪਣੱਤ ਹੀ (ਮਨੁੱਖ ਵਾਸਤੇ) ਜਨਮ ਮਰਨ (ਦੇ ਗੇੜ ਦਾ ਕਾਰਨ ਬਣੀ ਰਹਿੰਦੀ) ਹੈ। ਜਿਸ ਪਰਮਾਤਮਾ ਨੇ ਇਹ ਜਿੰਦ ਦਿੱਤੀ ਹੈ ਇਹ ਸਰੀਰ ਦਿੱਤਾ ਹੈ ਉਹ ਇਸ ਦੇ ਚਿੱਤ ਵਿਚ (ਕਦੇ) ਨਹੀਂ ਵੱਸਦਾ, ਅੰਨ੍ਹਾ ਮਨੁੱਖ (ਜਿੰਦ ਤੇ ਸਰੀਰ ਦੇ) ਮੋਹ ਵਿਚ ਫਸਿਆ ਰਹਿੰਦਾ ਹੈ।੩।

ਹੇ ਭਾਈ! ਜਿਸ ਪਰਮਾਤਮਾ ਨੇ (ਇਹ ਖੇਲ) ਬਣਾਇਆ ਹੈ ਉਹੀ (ਇਸ ਨੂੰ ਚਲਾਣਾ) ਜਾਣਦਾ ਹੈ, ਉਸ ਪਰਮਾਤਮਾ ਦਾ ਟਿਕਾਣਾ ਅਪਹੁੰਚ ਹੈ (ਜੀਵ ਉਸ ਪਰਮਾਤਮਾ ਦੀ ਰਜ਼ਾ ਨੂੰ ਸਮਝ ਨਹੀਂ ਸਕਦਾ)ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਤੇਰਾ ਦਾਸ ਹਾਂ (ਮੇਹਰ ਕਰ) ਮੈਂ ਤੇਰੀ ਭਗਤੀ ਕਰਦਾ ਰਹਾਂ, ਮੈਂ ਤੇਰੇ ਗੁਣ ਗਾਂਦਾ ਰਹਾਂ।੪।੧।

TOP OF PAGE

Sri Guru Granth Darpan, by Professor Sahib Singh