ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 878

ਰਾਮਕਲੀ ਮਹਲਾ ੧ ॥ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣੁ ਲਗੈ ਮਤੁ ਜਾਈ ॥ ਸਨਮੁਖ ਸਿਧ ਭੇਟਣ ਕਉ ਆਏ ਨਿਹਚਉ ਦੇਹਿ ਵਡਿਆਈ ॥੧॥ ਗੁਰ ਤਾਰਿ ਤਾਰਣਹਾਰਿਆ ॥ ਦੇਹਿ ਭਗਤਿ ਪੂਰਨ ਅਵਿਨਾਸੀ ਹਉ ਤੁਝ ਕਉ ਬਲਿਹਾਰਿਆ ॥੧॥ ਰਹਾਉ ॥ ਸਿਧ ਸਾਧਿਕ ਜੋਗੀ ਅਰੁ ਜੰਗਮ ਏਕੁ ਸਿਧੁ ਜਿਨੀ ਧਿਆਇਆ ॥ ਪਰਸਤ ਪੈਰ ਸਿਝਤ ਤੇ ਸੁਆਮੀ ਅਖਰੁ ਜਿਨ ਕਉ ਆਇਆ ॥੨॥ ਜਪ ਤਪ ਸੰਜਮ ਕਰਮ ਨ ਜਾਨਾ ਨਾਮੁ ਜਪੀ ਪ੍ਰਭ ਤੇਰਾ ॥ ਗੁਰੁ ਪਰਮੇਸਰੁ ਨਾਨਕ ਭੇਟਿਓ ਸਾਚੈ ਸਬਦਿ ਨਿਬੇਰਾ ॥੩॥੬॥ {ਪੰਨਾ 878}

ਪਦਅਰਥ: ਹਮਅਸੀ, ਮੈਂ। ਡੋਲਤਡੋਲ ਰਿਹਾ ਹਾਂ, ਡਰ ਰਿਹਾ ਹਾਂ। ਬੇੜੀਜ਼ਿੰਦਗੀ ਦੀ ਬੇੜੀ। ਪਵਣੁਹਵਾ (ਦਾ ਬੁੱਲਾ), ਮਾਇਆ ਦਾ ਝੱਖੜ। ਮਤੁ ਜਾਈਕਿਤੇ ਡੁੱਬ ਨ ਜਾਏ। ਸਨਮੁਖ ਆਏ—(ਹੇ ਗੁਰੂ!) ਤੇਰੇ ਸਾਹਮਣੇ ਆਇਆ ਹਾਂ, ਤੇਰੇ ਦਰ ਤੇ ਆਇਆ ਹਾਂ। ਸਿਧ ਭੇਟਣ ਕਉਪਰਮਾਤਮਾ ਨੂੰ ਮਿਲਣ ਵਾਸਤੇ। ਨਿਹਚਉਜ਼ਰੂਰ। ਦੇਹਿ ਵਡਿਆਈਸਿਫ਼ਤਿ-ਸਾਲਾਹ (ਦੀ ਦਾਤਿ) ਦੇਹ।੧।

ਗੁਰਹੇ ਗੁਰੂ! ਪੂਰਨਸਰਬਵਿਆਪਕ। ਹਉਮੈਂ। ਬਲਿਹਾਰਿਆਕੁਰਬਾਨ।੧।ਰਹਾਉ।

ਅਰੁਅਤੇ। ਏਕੁ ਸਿਧੁਇੱਕ ਪਰਮਾਤਮਾ। ਪਰਸਤ ਪੈਰਚਰਨ ਛੁਹ ਕੇ। ਸਿਝਤਸਫਲ ਹੋ ਜਾਂਦੇ ਹਨ, ਕਾਮਯਾਬ ਹੋ ਜਾਂਦੇ ਹਨ। ਸੁਆਮੀਮਾਲਕਪ੍ਰਭੂ ਦੇ। ਅਖਰੁਉਪਦੇਸ਼, ਸਿੱਖਿਆ।੨।

ਨਾ ਜਾਨਾਮੈਂ ਨਹੀਂ ਪਛਾਣਦਾ, ਮੈਂ ਕਾਫ਼ੀ ਨਹੀਂ ਸਮਝਦਾ। ਜਪੀਮੈਂ ਜਪਦਾ ਹਾਂ। ਭੇਟਿਓਮਿਲ ਪਿਆ। ਸਬਦਿ—(ਗੁਰੂ ਦੇ) ਸ਼ਬਦ ਦੀ ਰਾਹੀਂ। ਨਿਬੇੜਾ—(ਸਾਰੇ ਕੀਤੇ ਕਰਮਾਂ ਦਾ) ਲੇਖਾ ਨਿਬੜ ਜਾਂਦਾ ਹੈ।੩।

ਅਰਥ: (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ) ਤਾਰਨ ਵਾਲੇ ਹੇ ਗੁਰੂ! ਮੈਨੂੰ (ਇਹਨਾਂ ਲਹਿਰਾਂ ਵਿਚੋਂ) ਪਾਰ ਲੰਘਾ ਲੈ। ਸਦਾ ਕਾਇਮ ਰਹਿਣ ਵਾਲੇ ਅਤੇ ਸਰਬ-ਵਿਆਪਕ ਪਰਮਾਤਮਾ ਦੀ ਭਗਤੀ (ਦੀ ਦਾਤਿ) ਮੈਨੂੰ ਦੇਹ। ਮੈਂ ਤੈਥੋਂ ਸਦਕੇ ਜਾਂਦਾ ਹਾਂ।੧।ਰਹਾਉ।

(ਹੇ ਗੁਰੂ!) ਮੇਰੀ ਜ਼ਿੰਦਗੀ ਦੀ ਬੇੜੀ ਪਾਪਾਂ ਨਾਲ ਭਰੀ ਹੋਈ ਹੈ, ਮਾਇਆ ਦਾ ਝੱਖੜ ਝੁੱਲ ਰਿਹਾ ਹੈ, ਮੈਨੂੰ ਡਰ ਲੱਗ ਰਿਹਾ ਹੈ ਕਿ ਕਿਤੇ (ਮੇਰੀ ਬੇੜੀ) ਡੁੱਬ ਨ ਜਾਏ। (ਚੰਗਾ ਹਾਂ ਮੰਦਾ ਹਾਂ) ਪਰਮਾਤਮਾ ਨੂੰ ਮਿਲਣ ਵਾਸਤੇ (ਪ੍ਰਭੂ ਦੇ ਚਰਨਾਂ ਵਿਚ ਜੁੜਨ ਵਾਸਤੇ) ਮੈਂ ਝਾਕਾ ਲਾਹ ਕੇ ਤੇਰੇ ਦਰ ਤੇ ਆ ਗਿਆ ਹਾਂ। ਹੇ ਗੁਰੂ! ਮੈਨੂੰ ਜ਼ਰੂਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਦਾਤਿ ਦੇਹ।੧।

ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਮਿਲ ਜਾਂਦਾ ਹੈ ਉਹ ਮਾਲਿਕ-ਪ੍ਰਭੂ ਦੇ ਚਰਨ ਛੁਹ ਕੇ (ਜ਼ਿੰਦਗੀ ਦੀ ਬਾਜ਼ੀ ਵਿਚ) ਕਾਮਯਾਬ ਹੋ ਜਾਂਦੇ ਹਨ, ਉਹ ਇੱਕ ਪਰਮਾਤਮਾ ਨੂੰ ਆਪਣੇ ਚਿੱਤ ਵਿਚ ਵਸਾਂਦੇ ਹਨ, ਉਹੀ ਹਨ ਅਸਲ ਸਿੱਧ ਸਾਧਿਕ ਜੋਗੀ ਤੇ ਜੰਗਮ।੨।

ਹੇ ਪ੍ਰਭੂ! (ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ ਲੇਖਾ ਨਿਬੇੜਨ ਵਾਸਤੇ) ਮੈਂ ਕਿਸੇ ਜਪ ਤਪ ਸੰਜਮ ਆਦਿਕ ਧਾਰਮਿਕ ਕਰਮ ਨੂੰ ਕਾਫ਼ੀ ਨਹੀਂ ਸਮਝਦਾ। ਮੈਂ ਤੇਰਾ ਨਾਮ ਹੀ ਸਿਮਰਦਾ ਹਾਂ।

ਹੇ ਨਾਨਕ! ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ (ਕਿਉਂਕਿ) ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਉਸ ਦੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ ਲੇਖਾ ਨਿੱਬੜ ਜਾਂਦਾ ਹੈ।੩।੬।

ਰਾਮਕਲੀ ਮਹਲਾ ੧ ॥ ਸੁਰਤੀ ਸੁਰਤਿ ਰਲਾਈਐ ਏਤੁ ॥ ਤਨੁ ਕਰਿ ਤੁਲਹਾ ਲੰਘਹਿ ਜੇਤੁ ॥ ਅੰਤਰਿ ਭਾਹਿ ਤਿਸੈ ਤੂ ਰਖੁ ॥ ਅਹਿਨਿਸਿ ਦੀਵਾ ਬਲੈ ਅਥਕੁ ॥੧॥ ਐਸਾ ਦੀਵਾ ਨੀਰਿ ਤਰਾਇ ॥ ਜਿਤੁ ਦੀਵੈ ਸਭ ਸੋਝੀ ਪਾਇ ॥੧॥ ਰਹਾਉ ॥ ਹਛੀ ਮਿਟੀ ਸੋਝੀ ਹੋਇ ॥ ਤਾ ਕਾ ਕੀਆ ਮਾਨੈ ਸੋਇ ॥ ਕਰਣੀ ਤੇ ਕਰਿ ਚਕਹੁ ਢਾਲਿ ॥ ਐਥੈ ਓਥੈ ਨਿਬਹੀ ਨਾਲਿ ॥੨॥ ਆਪੇ ਨਦਰਿ ਕਰੇ ਜਾ ਸੋਇ ॥ ਗੁਰਮੁਖਿ ਵਿਰਲਾ ਬੂਝੈ ਕੋਇ ॥ ਤਿਤੁ ਘਟਿ ਦੀਵਾ ਨਿਹਚਲੁ ਹੋਇ ॥ ਪਾਣੀ ਮਰੈ ਨ ਬੁਝਾਇਆ ਜਾਇ ॥ ਐਸਾ ਦੀਵਾ ਨੀਰਿ ਤਰਾਇ ॥੩॥ ਡੋਲੈ ਵਾਉ ਨ ਵਡਾ ਹੋਇ ॥ ਜਾਪੈ ਜਿਉ ਸਿੰਘਾਸਣਿ ਲੋਇ ॥ ਖਤ੍ਰੀ ਬ੍ਰਾਹਮਣੁ ਸੂਦੁ ਕਿ ਵੈਸੁ ॥ ਨਿਰਤਿ ਨ ਪਾਈਆ ਗਣੀ ਸਹੰਸ ॥ ਐਸਾ ਦੀਵਾ ਬਾਲੇ ਕੋਇ ॥ ਨਾਨਕ ਸੋ ਪਾਰੰਗਤਿ ਹੋਇ ॥੪॥੭॥ {ਪੰਨਾ 878}

ਨੋਟ: ਕੱਤਕ ਪੂਰਨਮਾਸ਼ੀ ਦੀ ਰਾਤ ਨੂੰ ਇਸਤ੍ਰੀਆਂ ਆਟੇ ਦੇ ਦੀਵੇ ਬਣਾ ਕੇ ਤੁਲਹੇ ਉਤੇ ਤਾਰਦੀਆਂ ਹਨ।

ਪਦਅਰਥ: ਸੁਰਤੀਜਿਸ ਵਿਚ ਸੁਰਤਿ ਜੋੜੀਦੀ ਹੈ, ਪਰਮਾਤਮਾ। ਏਤੁਇਸ (ਮਨੁੱਖਾ ਜਨਮ) ਵਿਚ। ਕਰਿਬਣਾ। ਤੁਲਹਾਨਦੀ ਪਾਰ ਕਰਨ ਲਈ ਰੱਸਿਆਂ ਨਾਲ ਬੱਧਾ ਹੋਇਆ ਕਾਹੀ ਪਿਲਛੀ ਤੇ ਸ਼ਤੀਰੀਆਂ ਦਾ ਗੱਠਾ। ਜੇਤੁਜਿਸ (ਤੁਲਹੇ) ਨਾਲ। ਭਾਹਿਅੱਗ, ਬ੍ਰਹਮਅਗਨੀ, ਰੱਬੀ ਜੋਤਿ। ਅਹਿਦਿਨ। ਨਿਸਿਰਾਤ। ਅਥਕੁਨਾਹ ਥੱਕਣ ਵਾਲਾ, ਲਗਾਤਾਰ।੧।

ਨੀਰਿਪਾਣੀ ਉਤੇ। ਜਿਤੁ ਦੀਵੈਜਿਸ ਦੀਵੇ ਦੀ ਰਾਹੀਂ। ਸਭ ਸੋਝੀ ਪਾਇਸਭ ਕੁਝ ਦਿੱਸ ਸਕੇ।੧।ਰਹਾਉ।

ਸੋਝੀਸਮਝ, ਅਕਲ। ਤਾ ਕੀਉਸ (ਮਿੱਟੀ) ਦਾ ਬਣਾਇਆ ਹੋਇਆ (ਦੀਵਾ)ਮਾਨੈਪਰਵਾਨ ਕਰਦਾ ਹੈ। ਸੋਇਉਹ ਪਰਮਾਤਮਾ। ਕਰਣੀਉੱਚਾ ਆਚਰਨ। ਤੇਤੋਂ। ਚਕਹੁਚੱਕ ਤੋਂ। ਕਰਿ—(ਚੱਕ) ਬਣਾ ਕੇ।੨।

ਗੁਰਮੁਖਿਗੁਰੂ ਵਲ ਮੂੰਹ ਕਰ ਕੇ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ। ਤਿਤੁਉਸ ਵਿਚ। ਘਟਿਹਿਰਦੇ ਵਿਚ। ਨਿਹਚਲੁਟਿਕਵਾਂ। ਮਰੈ ਨਡੁੱਬਦਾ ਨਹੀਂ।੩।

ਵਾਉਹਵਾ। ਨ ਵਡਾ ਹੋਇਬੁੱਝਦਾ ਨਹੀਂ। ਜਾਪੈਦਿੱਸ ਪੈਂਦਾ ਹੈ। ਜਿਉਜਿਉਂ ਕਾ ਤਿਉਂ, ਪ੍ਰਤੱਖ। ਸਿੰਘਾਸਣਿਸਿੰਘਾਸਨ ਉਤੇ, ਹਿਰਦੇਤਖ਼ਤ ਉਤੇ। ਲੋਇ—(ਦੀਵੇ ਦੀ) ਲੋ ਨਾਲ। ਕਿਭਾਵੇਂ। ਨਿਰਤਿਨਿਰਨਾ, ਗਿਣਤੀ। ਗਣੀਜੇ ਮੈਂ ਗਿਣਾਂ। ਸਹੰਸਹਜ਼ਾਰਾਂ (ਜਾਤੀਆਂ)ਕੋਇਕੋਈ ਭੀ ਮਨੁੱਖ, ਕਿਸੇ ਭੀ ਜਾਤਿ ਦਾ ਮਨੁੱਖ। ਪਾਰੰਗਤਿ—(ਸੰਸਾਰਸਮੁੰਦਰ ਤੋਂ) ਪਾਰ ਲੰਘਾ ਸਕਣ ਵਾਲੀ ਆਤਮਕ ਅਵਸਥਾ ਵਾਲਾ। ਗਤਿਆਤਮਕ ਅਵਸਥਾ। ਪਾਰੰਗਤਿਉਹ ਜਿਸ ਦੀ ਆਤਮਕ ਅਵਸਥਾ ਪਾਰ ਲੰਘਾਣ ਵਾਲੀ ਹੋ ਗਈ ਹੈ।੪।

ਅਰਥ: (ਹੇ ਭਾਈ!) ਤੂੰ ਪਾਣੀ ਉਤੇ ਇਹੋ ਜੇਹਾ ਦੀਵਾ ਤਾਰ ਜਿਸ ਦੀਵੇ ਦੀ ਰਾਹੀਂ (ਜਿਸ ਦੀਵੇ ਦੇ ਚਾਨਣ ਨਾਲ) ਤੈਨੂੰ ਜੀਵਨ-ਸਫ਼ਰ ਦੀਆਂ ਸਾਰੀਆਂ ਗੁੰਝਲਾਂ ਦੀ ਸਮਝ ਪੈ ਜਾਏ।੧।ਰਹਾਉ।

(ਪਹਿਲਾਂ ਤਾਂ) ਇਸ ਮਨੁੱਖਾ ਜਨਮ ਵਿਚ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜਨੀ ਚਾਹੀਦੀ ਹੈ। ਸਰੀਰ ਨੂੰ (ਵਿਕਾਰਾਂ ਦੇ ਭਾਰ ਤੋਂ ਬਚਾ ਕੇ ਹੌਲਾ-ਫੁੱਲ ਕਰ ਲੈ, ਅਜੇਹੇ ਸਰੀਰ ਨੂੰ) ਤੁਲਹਾ ਬਣਾ, ਜਿਸ (ਸਰੀਰ) ਦੀ ਸਹੈਤਾ ਨਾਲ ਤੂੰ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਸਕੇਂਗਾ। ਤੇਰੇ (ਆਪਣੇ) ਅੰਦਰ ਬ੍ਰਹਮ-ਅਗਨੀ (ਰੱਬੀ ਜੋਤਿ) ਹੈ, ਉਸ ਨੂੰ (ਸੰਭਾਲ ਕੇ) ਰੱਖ, (ਇਸ ਤਰ੍ਹਾਂ ਤੇਰੇ ਅੰਦਰ) ਦਿਨ ਰਾਤ ਲਗਾਤਾਰ (ਗਿਆਨ ਦਾ) ਦੀਵਾ ਬਲਦਾ ਰਹੇਗਾ।੧।

(ਜੇ ਸਹੀ ਜੀਵਨ-ਜੁਗਤਿ ਨੂੰ ਸਮਝਣ ਵਾਲੀ) ਸੁਚੱਜੀ ਅਕਲ ਦੀ ਮਿੱਟੀ ਹੋਵੇ, ਉਸ ਮਿੱਟੀ ਦਾ ਬਣਿਆ ਹੋਇਆ ਦੀਵਾ ਪਰਮਾਤਮਾ ਪਰਵਾਨ ਕਰਦਾ ਹੈ। (ਹੇ ਭਾਈ!) ਉੱਚੇ ਆਚਰਨ (ਦੀ ਲੱਕੜੀ) ਤੋਂ (ਚੱਕ) ਬਣਾ ਕੇ (ਉਸ) ਚੱਕ ਤੋਂ (ਦੀਵਾ) ਘੜ। ਇਹ ਦੀਵਾ ਇਸ ਲੋਕ ਵਿਚ ਤੇ ਪਰਲੋਕ ਵਿਚ ਤੇਰਾ ਸਾਥ ਨਿਬਾਹੇਗਾ (ਜੀਵਨ-ਸਫ਼ਰ ਵਿਚ ਤੇਰੀ ਰਾਹਬਰੀ ਕਰੇਗਾ)੨।

ਜਦੋਂ ਪ੍ਰਭੂ ਆਪ ਹੀ ਮੇਹਰ ਦੀ ਨਜ਼ਰ ਕਰਦਾ ਹੈ ਤਾਂ ਮਨੁੱਖ (ਇਸ ਆਤਮਕ ਦੀਵੇ ਦੇ ਭੇਤ ਨੂੰ) ਸਮਝ ਲੈਂਦਾ ਹੈ, ਪਰ ਸਮਝਦਾ ਕੋਈ ਵਿਰਲਾ ਹੀ ਹੈ ਜੋ ਗੁਰੂ ਦੇ ਦੱਸੇ ਹੋਏ ਰਸਤੇ ਉਤੇ ਤੁਰਦਾ ਹੈ। ਅਜੇਹੇ ਮਨੁੱਖ ਦੇ ਹਿਰਦੇ ਵਿਚ (ਇਹ ਆਤਮਕ) ਦੀਵਾ ਟਿਕਵਾਂ (ਰਹਿ ਕੇ ਜਗਦਾ) ਹੈ। (ਇਹ ਆਤਮਕ ਜੀਵਨ ਦਾ ਚਾਨਣ ਦੇਣ ਵਾਲਾ ਦੀਵਾ ਨਾਹ ਪਾਣੀ ਵਿਚ ਡੁੱਬਦਾ ਹੈ ਨਾਹ ਹੀ ਇਹ ਦੀਵਾ ਬੁਝਾਇਆ ਜਾ ਸਕਦਾ ਹੈ।

ਹੇ ਭਾਈ! ਤੂੰ ਭੀ ਇਹੋ ਜਿਹਾ (ਆਤਮਕ ਜੀਵਨ-ਦਾਤਾ) ਦੀਵਾ (ਰੋਜ਼ਾਨਾ ਜੀਵਨ ਦੀ ਨਦੀ ਦੇ) ਪਾਣੀ ਵਿਚ ਤਾਰ।੩।

(ਕਿਤਨਾ ਹੀ ਵਿਕਾਰਾਂ ਦਾ) ਝੱਖੜ ਝੁੱਲੇ, ਇਹ (ਆਤਮਕ ਚਾਨਣ ਦੇਣ ਵਾਲਾ ਦੀਵਾ) ਡੋਲਦਾ ਨਹੀਂ, ਇਹ (ਆਤਮਕ ਦੀਵਾ) ਬੁੱਝਦਾ ਨਹੀਂ। (ਇਸ ਦੀਵੇ ਦੇ) (ਚਾਨਣ ਨਾਲ) ਹਿਰਦੇ-ਤਖ਼ਤ ਉਤੇ ਬੈਠਾ ਹੋਇਆ ਪਰਮਾਤਮਾ ਪ੍ਰਤੱਖ ਦਿੱਸ ਪੈਂਦਾ ਹੈ।

ਕੋਈ ਖਤ੍ਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦਰ ਹੋਵੇ, ਚਾਹੇ ਵੈਸ਼ ਹੋਵੇ, (ਨਿਰੇ ਇਹ ਚਾਰੇ ਵਰਨ ਨਹੀਂ) ਮੈਂ ਜੇ ਹਜ਼ਾਰਾਂ ਹੀ ਜਾਤੀਆਂ ਗਿਣੀ ਜਾਵਾਂ ਜਿਨ੍ਹਾਂ ਦੀ ਗਿਣਤੀ ਦਾ ਲੇਖਾ ਮੁੱਕ ਨਾਹ ਸਕੇ-(ਇਹਨਾਂ ਵਰਨਾਂ ਜਾਤੀਆਂ ਵਿਚ ਜੰਮਿਆ ਹੋਇਆ) ਜੇਹੜਾ ਭੀ ਜੀਵ ਇਹੋ ਜਿਹਾ (ਆਤਮਕ ਚਾਨਣ ਦੇਣ ਵਾਲਾ) ਦੀਵਾ ਜਗਾਏਗਾ, ਹੇ ਨਾਨਕ! ਉਸ ਦੀ ਆਤਮਕ ਅਵਸਥਾ ਅਜੇਹੀ ਬਣ ਜਾਇਗੀ ਕਿ ਉਹ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਸਹੀ-ਸਲਾਮਤ ਪਾਰ ਲੰਘ ਜਾਇਗਾ।੪।੭।

ਰਾਮਕਲੀ ਮਹਲਾ ੧ ॥ ਤੁਧਨੋ ਨਿਵਣੁ ਮੰਨਣੁ ਤੇਰਾ ਨਾਉ ॥ ਸਾਚੁ ਭੇਟ ਬੈਸਣ ਕਉ ਥਾਉ ॥ ਸਤੁ ਸੰਤੋਖੁ ਹੋਵੈ ਅਰਦਾਸਿ ॥ ਤਾ ਸੁਣਿ ਸਦਿ ਬਹਾਲੇ ਪਾਸਿ ॥੧॥ ਨਾਨਕ ਬਿਰਥਾ ਕੋਇ ਨ ਹੋਇ ॥ ਐਸੀ ਦਰਗਹ ਸਾਚਾ ਸੋਇ ॥੧॥ ਰਹਾਉ ॥ ਪ੍ਰਾਪਤਿ ਪੋਤਾ ਕਰਮੁ ਪਸਾਉ ॥ ਤੂ ਦੇਵਹਿ ਮੰਗਤ ਜਨ ਚਾਉ ॥ ਭਾਡੈ ਭਾਉ ਪਵੈ ਤਿਤੁ ਆਇ ॥ ਧੁਰਿ ਤੈ ਛੋਡੀ ਕੀਮਤਿ ਪਾਇ ॥੨॥ ਜਿਨਿ ਕਿਛੁ ਕੀਆ ਸੋ ਕਿਛੁ ਕਰੈ ॥ ਅਪਨੀ ਕੀਮਤਿ ਆਪੇ ਧਰੈ ॥ ਗੁਰਮੁਖਿ ਪਰਗਟੁ ਹੋਆ ਹਰਿ ਰਾਇ ॥ ਨਾ ਕੋ ਆਵੈ ਨਾ ਕੋ ਜਾਇ ॥੩॥ ਲੋਕੁ ਧਿਕਾਰੁ ਕਹੈ ਮੰਗਤ ਜਨ ਮਾਗਤ ਮਾਨੁ ਨ ਪਾਇਆ ॥ ਸਹ ਕੀਆ ਗਲਾ ਦਰ ਕੀਆ ਬਾਤਾ ਤੈ ਤਾ ਕਹਣੁ ਕਹਾਇਆ ॥੪॥੮॥ {ਪੰਨਾ 878}

ਨੋਟ: ਕਿਸੇ ਰਾਜੇ ਬਾਦਸ਼ਾਹ ਦੇ ਦਰਬਾਰ ਵਿਚ ਕੋਈ ਸਵਾਲੀ ਜਾਂਦਾ ਹੈ ਤਾਂ ਪਹਿਲਾਂ ਉਥੇ ਸਿਰ ਨਿਵਾਂਦਾ ਹੈ, ਫਿਰ ਕੋਈ ਭੇਟਾ ਪੇਸ਼ ਕਰਦਾ ਹੈ। ਤਦੋਂ ਰਾਜ-ਦਰਬਾਰ ਵਿਚ ਉਸ ਨੂੰ ਬੈਠਣ ਲਈ ਥਾਂ ਮਿਲਦਾ ਹੈ ਆਦਰ ਮਿਲਦਾ ਹੈ।

ਪਦਅਰਥ: ਤੁਧ ਨੋਤੈਨੂੰ, ਤੇਰੇ ਅੱਗੇ। ਨਿਵਣੁਸਿਰ ਨਿਵਾਣਾ। ਮੰਨਣੁਪਤੀਜਣਾ, ਡੂੰਘੀ ਸਾਂਝ ਪਾਣੀ। ਸਾਚੁਸਿਫ਼ਤਿ-ਸਾਲਾਹ। ਬੈਸਣ ਕਉਬੈਠਣ ਲਈ। ਸਤੁਦਾਨ, ਸੇਵਾ। ਸੁਣਿਸੁਣ ਕੇ। ਸਦਿਸੱਦ ਕੇ।੧।

ਬਿਰਥਾਖ਼ਾਲੀ।੧।ਰਹਾਉ।

ਪੋਤਾਖ਼ਜ਼ਾਨਾ। ਕਰਮੁਬਖ਼ਸ਼ਸ਼। ਪਸਾਉਪ੍ਰਸਾਦ, ਕਿਰਪਾ। ਚਾਉਤਾਂਘ। ਭਾਡੈਭਾਂਡੇ ਵਿਚ, ਹਿਰਦੇ ਵਿਚ। ਭਾਉਪ੍ਰੇਮ। ਤਿਤੁਉਸ ਵਿਚ। ਤਿਤੁ ਭਾਂਡੈਉਸ ਹਿਰਦੇ ਵਿਚ। ਧੁਰਿਧੁਰ ਤੋਂ, ਆਪਣੇ ਦਰ ਤੋਂ। ਤੈਤੂੰ। ਕੀਮਤਿਕਦਰ। ਪਾਇ ਛੋਡੀਪਾ ਦਿੱਤੀ ਹੈ।੨।

ਜਿਨਿਜਿਸ (ਪਰਮਾਤਮਾ) ਨੇ। ਸੋਉਹੀ ਪਰਮਾਤਮਾ। ਕੀਮਤਿਕਦਰ। ਧਰੈ—(ਜੀਵ ਦੇ ਹਿਰਦੇ ਵਿਚ) ਟਿਕਾਂਦਾ ਹੈ। ਗੁਰਮੁਖਿਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ।੩।

ਲੋਕੁਜਗਤ। ਧਿਕਾਰੁਫਿਟਕਾਰ। ਮਾਗਤਮੰਗਦਿਆਂ। ਮਾਨੁਇੱਜ਼ਤ। ਸਹ ਕੀਆਖਸਮਪ੍ਰਭੂ ਦੀਆਂ। ਤੈ ਤਾਤੂੰ ਆਪ ਹੀ। ਕਹਣੁਬੋਲ।੪।

ਅਰਥ: ਹੇ ਨਾਨਕ! ਪਰਮਾਤਮਾ ਦੀ ਦਰਗਾਹ ਅਜੇਹੀ ਹੈ, ਉਹੀ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਭੀ ਅਜੇਹਾ ਹੈ ਕਿ (ਉਸ ਦੀ ਹਜ਼ੂਰੀ ਵਿਚ ਪਹੁੰਚ ਕੇ) ਕੋਈ (ਸਵਾਲੀ) ਖ਼ਾਲੀ ਨਹੀਂ ਮੁੜਦਾ।੧।ਰਹਾਉ।

(ਹੇ ਪ੍ਰਭੂ!) ਤੇਰੇ ਨਾਮ ਨਾਲ ਡੂੰਘੀ ਸਾਂਝ ਪਾਣੀ ਤੇਰੇ ਅੱਗੇ ਸਿਰ ਨਿਵਾਣਾ ਹੈ, ਤੇਰੀ ਸਿਫ਼ਤਿ-ਸਾਲਾਹ (ਤੇਰੇ ਦਰ ਤੇ ਪਰਵਾਨ ਹੋਣੀ ਵਾਲੀ) ਭੇਟਾ ਹੈ (ਜਿਸ ਦੀ ਬਰਕਤਿ ਨਾਲ ਤੇਰੀ ਹਜ਼ੂਰੀ ਵਿਚ) ਬੈਠਣ ਲਈ ਥਾਂ ਮਿਲਦਾ ਹੈ।

(ਹੇ ਭਾਈ!) ਜਦੋਂ ਮਨੁੱਖ ਸੰਤੋਖ ਧਾਰਦਾ ਹੈ, (ਦੂਜਿਆਂ ਦੀ) ਸੇਵਾ ਕਰਦਾ ਹੈ (ਤੇ ਇਸ ਜੀਵਨ-ਮਰਯਾਦਾ ਵਿਚ ਰਹਿ ਕੇ ਪ੍ਰਭੂ-ਦਰ ਤੇ) ਅਰਦਾਸ ਕਰਦਾ ਹੈ, ਤਦੋਂ (ਅਰਦਾਸ) ਸੁਣ ਕੇ (ਸਵਾਲੀ ਨੂੰ) ਸੱਦ ਕੇ ਪ੍ਰਭੂ ਆਪਣੇ ਕੋਲ ਬਿਠਾਂਦਾ ਹੈ।੧।

ਹੇ ਪ੍ਰਭੂ! ਜਿਸ ਮਨੁੱਖ ਉਤੇ ਤੇਰੀ ਮੇਹਰ ਹੋਵੇ ਜਿਸ ਉਤੇ ਤੂੰ ਬਖ਼ਸ਼ਸ਼ ਕਰੇਂ ਉਸ ਨੂੰ ਤੇਰੇ ਨਾਮ ਦਾ ਖ਼ਜ਼ਾਨਾ ਮਿਲਦਾ ਹੈ। ਮੈਂ ਮੰਗਤੇ ਦੀ ਭੀ ਇਹ ਤਾਂਘ ਹੈ ਕਿ ਤੂੰ ਮੈਨੂੰ ਆਪਣੇ ਨਾਮ ਦੀ ਦਾਤਿ ਦੇਵੇਂ (ਤਾ ਕਿ ਮੇਰੇ ਹਿਰਦੇ ਵਿਚ ਤੇਰੇ ਚਰਨਾਂ ਦਾ ਪਿਆਰ ਪੈਦਾ ਹੋਵੇ)

ਹੇ ਪ੍ਰਭੂ! ਸਿਰਫ਼ ਉਸ ਹਿਰਦੇ ਵਿਚ ਤੇਰੇ ਚਰਨਾਂ ਦਾ ਪ੍ਰੇਮ ਪੈਦਾ ਹੁੰਦਾ ਹੈ ਜਿਸ ਵਿਚ ਤੂੰ ਆਪ ਹੀ ਆਪਣੇ ਦਰ ਤੋਂ ਇਸ ਪ੍ਰੇਮ ਦੀ ਕਦਰ ਪਾ ਦਿੱਤੀ ਹੈ।੨।

ਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਬਣਾਈ, ਜੀਵਾਂ ਦੇ ਹਿਰਦੇ ਵਿਚ ਪ੍ਰੇਮ ਦੀ ਖੇਡ ਭੀ ਉਹ ਆਪ ਹੀ ਖੇਡਦਾ ਹੈ। ਜੀਵਾਂ ਦੇ ਹਿਰਦੇ ਵਿਚ ਆਪਣੇ ਨਾਮ ਦੀ ਕਦਰ ਭੀ ਉਹ ਆਪ ਹੀ ਟਿਕਾਂਦਾ ਹੈ।

ਪਰਮਾਤਮਾ ਗੁਰੂ ਦੀ ਰਾਹੀਂ (ਜੀਵ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ, (ਜਿਸ ਦੇ ਅੰਦਰ ਪਰਗਟ ਹੁੰਦਾ ਹੈ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਆਪ ਹੀ ਜੀਵ-ਰੂਪ ਹੋ ਕੇ ਜਗਤ ਵਿਚ ਆਉਂਦਾ ਹੈ ਤੇ ਫਿਰ ਚਲਾ ਜਾਂਦਾ ਹੈ, ਉਸ ਤੋਂ ਬਿਨਾ) ਨਾਹ ਕੋਈ ਆਉਂਦਾ ਹੈ ਤੇ ਨਾਹ ਕੋਈ ਜਾਂਦਾ ਹੈ।੩।

(ਜਦੋਂ ਕੋਈ ਮੰਗਦਾ ਕਿਸੇ ਪਾਸੋਂ ਕੁਝ ਮੰਗਦਾ ਹੈ, ਤਾਂ ਆਮ ਤੌਰ ਤੇ) ਮੰਗਤੇ ਨੂੰ ਜਗਤ ਫਿਟਕਾਰ ਹੀ ਪਾਂਦਾ ਹੈ, ਮੰਗਦਿਆਂ ਇੱਜ਼ਤ ਨਹੀਂ ਮਿਲਿਆ ਕਰਦੀ। ਪਰ ਹੇ ਖਸਮ-ਪ੍ਰਭੂ! ਤੂੰ ਆਪਣੇ ਉਦਾਰ-ਚਿੱਤ ਹੋਣ ਦੀਆਂ ਗੱਲਾਂ ਤੇ ਆਪਣੇ ਦਰ ਦੀ ਮਰਯਾਦਾ ਦੀਆਂ ਗੱਲਾਂ ਕਿ ਤੇਰੇ ਦਰ ਤੋਂ ਕਦੇ ਕੋਈ ਖ਼ਾਲੀ ਨਹੀਂ ਜਾਂਦਾ ਤੂੰ ਆਪ ਹੀ ਮੇਰੇ ਮੂੰਹੋਂ ਅਖਵਾਈਆਂ ਹਨ (ਤੇਰੇ ਦਰ ਦੇ ਸਵਾਲੀ ਨੂੰ ਇੱਜ਼ਤ ਭੀ ਮਿਲਦੀ ਹੈ ਤੇ ਮੂੰਹ-ਮੰਗੀ ਚੀਜ਼ ਭੀ ਮਿਲਦੀ ਹੈ)੪।੮।

TOP OF PAGE

Sri Guru Granth Darpan, by Professor Sahib Singh