ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 877

ਰਾਮਕਲੀ ਮਹਲਾ ੧ ॥ ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ ਭੀਤਰਿ ਦਰੁ ਕਵਨੁ ਲਹੈ ॥ ਜਿਸੁ ਦਰ ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ ਆਇ ਕਹੈ ॥੧॥ ਕਿਨ ਬਿਧਿ ਸਾਗਰੁ ਤਰੀਐ ॥ ਜੀਵਤਿਆ ਨਹ ਮਰੀਐ ॥੧॥ ਰਹਾਉ ॥ ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ ॥ ਮਾਇਆ ਜਲੁ ਖਾਈ ਪਾਣੀ ਘਰੁ ਬਾਧਿਆ ਸਤ ਕੈ ਆਸਣਿ ਪੁਰਖੁ ਰਹੈ ॥੨॥ ਕਿੰਤੇ ਨਾਮਾ ਅੰਤੁ ਨ ਜਾਣਿਆ ਤੁਮ ਸਰਿ ਨਾਹੀ ਅਵਰੁ ਹਰੇ ॥ ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਆਪਿ ਕਰੇ ॥੩॥ ਜਬ ਆਸਾ ਅੰਦੇਸਾ ਤਬ ਹੀ ਕਿਉ ਕਰਿ ਏਕੁ ਕਹੈ ॥ ਆਸਾ ਭੀਤਰਿ ਰਹੈ ਨਿਰਾਸਾ ਤਉ ਨਾਨਕ ਏਕੁ ਮਿਲੈ ॥੪॥ ਇਨ ਬਿਧਿ ਸਾਗਰੁ ਤਰੀਐ ॥ ਜੀਵਤਿਆ ਇਉ ਮਰੀਐ ॥੧॥ ਰਹਾਉ ਦੂਜਾ ॥੩॥ {ਪੰਨਾ 877}

ਪਦਅਰਥ: ਜਿਤੁਜਿਸ ਵਿਚ। ਦਰਿਦਰ ਵਿਚ, ਥਾਂ ਵਿਚ। ਜਿਤੁ ਦਰਿਜਿਸ ਦਰ ਵਿਚ, ਜਿਸ ਥਾਂ ਵਿਚ। ਵਸਹਿ—(ਹੇ ਪ੍ਰਭੂ!) ਤੂੰ ਵੱਸਦਾ ਹੈਂ। ਕਵਨੁ ਦਰਿਕੇਹੜਾ ਥਾਂ? ਦਰਾ ਭੀਤਰਿ ਦਰੁਥਾਵਾਂ ਵਿਚ ਥਾਂ, ਗੁਪਤ ਥਾਂ। ਕਵਨੁ ਲਹੈਕੌਣ ਲੱਭ ਸਕਦਾ ਹੈ? ਕੋਈ ਵਿਰਲਾ ਲੱਭਦਾ ਹੈ। ਫਿਰਾਮੈਂ ਫਿਰਦਾ ਹਾਂ। ਆਇਆ ਕੇ। ਕਹੈਦੱਸੇ।੧।

ਕਿਨ ਬਿਧਿਕਿਨ੍ਹਾਂ ਤਰੀਕਿਆਂ ਨਾਲ? ਨਹ ਮਰੀਐਮਰਿਆ ਨਹੀਂ ਜਾ ਸਕਦਾ।੧।ਰਹਾਉ।

ਰੋਹੁਕ੍ਰੋਧ। ਰਖਵਾਲਾਦਰਬਾਨ, ਰਾਖਾ। ਅੰਦੇਸਾਫ਼ਿਕਰ, ਚਿੰਤਾ। ਪਟਭਿੱਤ, ਤਖ਼ਤੇ। ਮਾਇਆ ਜਲੁਮਾਇਆ ਦੀ ਆਬ, ਮਾਇਆ ਦੀ ਚਮਕ। ਪਾਣੀਵਿਸ਼ੇ ਵਿਕਾਰਾਂ ਦੇ ਪਾਣੀ ਵਿਚ। ਸਤਸ਼ਾਂਤੀ, ਸਹਿਜ ਅਵਸਥਾ। ਆਸਣਿਆਸਣ ਉਤੇ। ਪੁਰਖੁਵਿਆਪਕ ਪ੍ਰਭੂ।੨।

ਕਿੰਤੇਕਿਤਨੇ ਹੀ। ਸਰਿਬਰਾਬਰ। ਹਰੇਹੇ ਹਰੀ! ਉਚਾਉੱਚੀ ਬੋਲ ਕੇ। ਆਪੇਪ੍ਰਭੂ ਆਪ ਹੀ।੩।

ਅੰਦੇਸਾਸਹਿਮ, ਚਿੰਤਾ। ਕਿਉ ਕਰਿਕਿਵੇਂ? ਨਿਰਾਸਾਆਸਾਂ ਤੋਂ ਨਿਰਲੇਪ। ਤਉਤਦੋਂ।੪।

ਅਰਥ: (ਸਾਡੇ ਤੇ ਪਰਮਾਤਮਾ ਦੇ ਵਿਚਕਾਰ ਸੰਸਾਰ-ਸਮੁੰਦਰ ਵਿੱਥ ਪਾ ਰਿਹਾ ਹੈ। ਜਦ ਤਕ ਸੰਸਾਰ-ਸਮੁੰਦਰ ਤੋਂ ਪਾਰ ਨ ਲੰਘੀਏ, ਤਦ ਤਕ ਉਸ ਨੂੰ ਮਿਲਿਆ ਨਹੀਂ ਜਾ ਸਕਦਾ) ਸੰਸਾਰ-ਸਮੁੰਦਰ ਤੋਂ ਪਾਰ ਕਿਨ੍ਹਾਂ ਤਰੀਕਿਆਂ ਨਾਲ ਲੰਘੀਏ? ਜੀਊਂਦਿਆਂ ਮਰਿਆ ਨਹੀਂ ਜਾ ਸਕਦਾ (ਤੇ, ਜਦ ਤਕ ਜੀਊਂਦੇ ਮਰੀਏ ਨਾਹ, ਤਦ ਤਕ ਸਮੁੰਦਰ ਤਰਿਆ ਨਹੀਂ ਜਾ ਸਕਦਾ)੧।ਰਹਾਉ।

(ਸੰਸਾਰ-ਸਮੁੰਦਰ ਤੋਂ ਪਾਰ, ਹੇ ਪ੍ਰਭੂ!) ਜਿਸ ਥਾਂ ਤੇ ਤੂੰ ਵੱਸਦਾ ਹੈਂ (ਸੰਸਾਰ-ਸਮੁੰਦਰ ਵਿਚ ਫਸੇ ਜੀਵਾਂ ਤੋਂ) ਉਹ ਥਾਂ ਬਿਆਨ ਨਹੀਂ ਹੋ ਸਕਦਾ, (ਮਾਇਆ-ਵੇੜ੍ਹੇ ਜੀਵਾਂ ਨੂੰ ਉਸ ਥਾਂ ਦੀ ਸਮਝ ਨਹੀਂ ਪੈ ਸਕਦੀ), ਕੋਈ ਵਿਰਲਾ ਹੀ ਜੀਵ ਉਸ ਗੁਪਤ ਥਾਂ ਨੂੰ ਲੱਭ ਸਕਦਾ ਹੈ। (ਜਿਥੇ ਪ੍ਰਭੂ ਵੱਸਦਾ ਹੈ) ਉਹ ਥਾਂ ਪ੍ਰਾਪਤ ਕਰਨ ਵਾਸਤੇ ਮੈਂ (ਚਿਰਾਂ ਤੋਂ) ਭਾਲ ਕਰਦਾ ਫਿਰਦਾ ਹਾਂ, (ਮੇਰਾ ਮਨ ਲੋਚਦਾ ਹੈ ਕਿ) ਕੋਈ (ਗੁਰਮੁਖਿ) ਆ ਕੇ ਮੈਨੂੰ ਉਹ ਥਾਂ ਦੱਸੇ।੧।

ਸਰਬ-ਵਿਆਪਕ ਪ੍ਰਭੂ ਸਹਿਜ ਅਵਸਥਾ ਦੇ ਆਸਣ ਉਤੇ (ਮਨੁੱਖ ਦੇ ਹਿਰਦੇ ਵਿਚ ਇਕ ਐਸੇ ਘਰ ਵਿਚ) ਬੈਠਾ ਹੋਇਆ ਹੈ (ਜਿਸ ਦੇ ਬਾਹਰ) ਦੁੱਖ ਦਰਵਾਜ਼ਾ ਹੈ, ਕ੍ਰੋਧ ਰਾਖਾ ਹੈ, ਆਸਾ ਤੇ ਸਹਿਮ (ਉਸ ਦੁੱਖ-ਦਰਵਾਜ਼ੇ ਨੂੰ) ਦੋ ਭਿੱਤ ਲੱਗੇ ਹੋਏ ਹਨ। ਮਾਇਆ ਦੀ ਖਿੱਚ ਉਸ ਦੇ ਦੁਆਲੇ, ਮਾਨੋ, ਖਾਈ (ਪੁੱਟੀ ਹੋਈ) ਹੈ (ਜਿਸ ਵਿਚ ਵਿਸ਼ੇ ਵਿਕਾਰਾਂ ਦਾ ਪਾਣੀ ਭਰਿਆ ਹੋਇਆ ਹੈ, ਉਸ) ਪਾਣੀ ਵਿਚ (ਮਨੁੱਖ ਦਾ (ਹਿਰਦਾ-) ਘਰ ਬਣਿਆ ਹੋਇਆ ਹੈ।੨।

(ਇਕ ਪਾਸੇ ਜੀਵ ਮਾਇਆ ਵਿਚ ਘਿਰੇ ਪਏ ਹਨ, ਦੂਜੇ ਪਾਸੇ, ਹੇ ਪ੍ਰਭੂ! ਭਾਵੇਂ) ਤੇਰੇ ਕਈ ਨਾਮ ਹਨ, ਪਰ ਕਿਸੇ ਨਾਮ ਦੀ ਰਾਹੀਂ ਤੇਰੇ ਸਾਰੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ। ਹੇ ਹਰੀ! ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ। (ਮਨ ਦੇ ਅਜੇਹੇ ਭਾਵ) ਉੱਚੀ ਬੋਲ ਕੇ ਦੱਸਣ ਦੀ ਭੀ ਲੋੜ ਨਹੀਂ ਹੈ, ਅੰਤਰ ਆਤਮੇ ਹੀ ਟਿਕੇ ਰਹਿਣਾ ਚਾਹੀਦਾ ਹੈ। ਸਰਬ-ਵਿਆਪਕ ਪ੍ਰਭੂ ਸਭ ਦੇ ਦਿਲਾਂ ਦੀ ਆਪ ਹੀ ਜਾਣਦਾ ਹੈ, (ਸਭ ਦੇ ਅੰਦਰ ਪ੍ਰੇਰਕ ਹੋ ਕੇ) ਆਪ ਹੀ (ਸਭ ਕੁਝ) ਕਰ ਰਿਹਾ ਹੈ।੩।

ਜਦ ਤਕ (ਜੀਵ ਦੇ ਮਨ ਵਿਚ ਮਾਇਆ ਦੀਆਂ) ਆਸਾਂ ਹਨ, ਤਦ ਤਕ ਸਹਿਮ-ਫ਼ਿਕਰ ਹਨ (ਸਹਿਮਾਂ ਫ਼ਿਕਰਾਂ ਵਿਚ ਰਹਿ ਕੇ) ਕਿਸੇ ਤਰ੍ਹਾਂ ਭੀ ਜੀਵ ਇੱਕ ਪਰਮਾਤਮਾ ਨੂੰ ਸਿਮਰ ਨਹੀਂ ਸਕਦਾ। ਪਰ ਹੇ ਨਾਨਕ! ਜਦੋਂ ਮਨੁੱਖ ਆਸਾ ਵਿਚ ਰਹਿੰਦਾ ਹੋਇਆ ਹੀ ਆਸਾਂ ਤੋਂ ਨਿਰਲੇਪ ਹੋ ਜਾਂਦਾ ਹੈ ਤਦੋਂ (ਇਸ ਨੂੰ) ਪਰਮਾਤਮਾ ਮਿਲ ਪੈਂਦਾ ਹੈ।੪।

(ਮਾਇਆ ਵਿਚ ਰਹਿੰਦੇ ਹੋਏ ਹੀ ਮਾਇਆ ਤੋਂ ਨਿਰਲੇਪ ਰਹਿਣਾ ਹੈ, ਬੱਸ!) ਇਹਨਾਂ ਤਰੀਕਿਆਂ ਨਾਲ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਤੇ ਇਸੇ ਤਰ੍ਹਾਂ ਹੀ ਜੀਵੰਦਿਆਂ ਮਰੀਦਾ ਹੈ।੧।ਰਹਾਉ ਦੂਜਾ।੩।

ਰਾਮਕਲੀ ਮਹਲਾ ੧ ॥ ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥ ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ ॥੧॥ ਬਾਬਾ ਗੋਰਖੁ ਜਾਗੈ ॥ ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ ॥੧॥ ਰਹਾਉ ॥ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ॥ ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ॥੨॥ ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ ॥ ਜੇ ਤਿਨ ਮਿਲਾ ਤ ਕੀਰਤਿ ਆਖਾ ਤਾ ਮਨੁ ਸੇਵ ਕਰੇ ॥੩॥ ਕਾਗਦੁ ਲੂਣੁ ਰਹੈ ਘ੍ਰਿਤ ਸੰਗੇ ਪਾਣੀ ਕਮਲੁ ਰਹੈ ॥ ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮੁ ਕਿਆ ਕਰੈ ॥੪॥੪॥ {ਪੰਨਾ 877}

ਪਦਅਰਥ: ਨੋਟ:ਜੋਗੀ ਗ੍ਰਿਹਸਤੀ ਦੇ ਦਰ ਤੇ ਜਾ ਕੇ ਸਦਾਅ ਕਰਦਾ ਹੈ, ਫਿਰ ਸਿੰਙੀ ਵਜਾਂਦਾ ਹੈ ਤੇ ਝੋਲੀ ਵਿਚ ਭਿੱਛਿਆ ਪਵਾ ਲੈਂਦਾ ਹੈ।

ਸੁਰਤਿਪ੍ਰਭੂਚਰਨਾਂ ਵਿਚ ਧਿਆਨ। ਸਬਦੁਸੱਦ, ਸਦਾਅ, ਜੋਗੀ ਵਾਲੀ ਸਦਾਅ। ਸਾਖੀਸਾਖੀ ਹੋਣਾ, ਪਰਮਾਤਮਾ ਦਾ ਸਾਖਿਆਤ ਦਰਸ਼ਨ ਕਰਨਾ। ਸਿੰਙੀਸਿੰਙ ਦਾ ਵਾਜਾ ਜੋ ਜੋਗੀ ਵਜਾਂਦਾ ਹੈ। ਲੋਕੁ ਸੁਣੇ—(ਜੋ ਪ੍ਰਭੂ) ਸਾਰੇ ਜਗਤ ਨੂੰ ਸੁਣਦਾ ਹੈ, ਜੋ ਪ੍ਰਭੂ ਸਾਰੇ ਜਗਤ ਦੀ ਸਦਾਅ ਸੁਣਦਾ ਹੈ। ਪਤੁਪਾਤ੍ਰ, ਆਪਣੇ ਆਪ ਨੂੰ ਯੋਗ ਪਾਤ੍ਰ ਬਣਾਣਾ। ਕੈ ਤਾਈਵਾਸਤੇ। ਭੀਖਿਆਭਿੱਛਿਆ।੧।

ਬਾਬਾਹੇ ਜੋਗੀ! ਜਿਨਿਜਿਸ (ਗੋਰਖ) ਨੇ। ਗੋਇਸ੍ਰਿਸ਼ਟੀ, ਧਰਤੀ। ਉਠਾਲੀਪੈਦਾ ਕੀਤੀ ਹੈ। ਕਰਤੇਪੈਦਾ ਕਰਦੇ ਨੂੰ। ਬਾਰਦੇਰ, ਚਿਰ।੧।ਰਹਾਉ।

ਪਾਣੀ ਪਵਣਿਪਾਣੀ ਤੇ ਪਵਣ (ਆਦਿਕ ਤੱਤਾਂ ਦੇ ਸਮੁਦਾਇ) ਵਿਚ। ਬੰਧਿਬੰਨ੍ਹ ਕੇ। ਪ੍ਰਾਣਜਿੰਦਾਂ। ਮੁਖਿਮੁਖੀ। ਦੀਏਦੀਵੇ। ਮਰਣ ਜੀਵਣ ਕਉਵੱਸਣ ਲਈ। ਏਤੇਇਤਨੇ, ਇਹ ਸਾਰੇ।੨।

ਸਿਧ—(ਜੋਗਸਾਧਨਾਂ ਵਿਚ) ਪੁੱਗੇ ਹੋਏ ਜੋਗੀ। ਸਾਧਿਕਸਾਧਨ ਕਰਨ ਵਾਲੇ। ਜੰਗਮਸ਼ੈਵਮਤ ਦੇ ਜੋਗੀ ਜੋ ਸਿਰ ਉਤੇ ਸੱਪ ਦੀ ਸ਼ਕਲ ਦੀ ਰੱਸੀ ਅਤੇ ਧਾਤ ਦਾ ਚੰਦ੍ਰਮਾ ਪਹਿਨਦੇ ਹਨ ਤੇ ਕੰਨਾਂ ਵਿਚ ਮੁੰਦ੍ਰਾਂ ਦੀ ਥਾਂ ਪਿੱਤਲ ਦੇ ਫੁੱਲ ਮੋਰ ਦੇ ਖੰਭਾਂ ਨਾਲ ਸਜਾ ਕੇ ਪਾਂਦੇ ਹਨ। ਬਹੁਤੇਰੇਅਨੇਕਾਂ। ਤਿਨਉਹਨਾਂ ਨੂੰ। ਮਿਲਾਮੈਂ ਮਿਲਾਂ। ਕੀਰਤਿਸਿਫ਼ਤਿ-ਸਾਲਾਹ। ਆਖਾਮੈਂ ਆਖਾਂ।੩।

ਰਹੈਟਿਕਿਆ ਰਹਿੰਦਾ ਹੈ, ਗਲਦਾ ਨਹੀਂ। ਘ੍ਰਿਤਘਿਉ। ਸੰਗੇਨਾਲ। ਐਸੇਇਸ ਤਰ੍ਹਾਂ। ਕਿਆ ਕਰੈਕੁਝ ਵਿਗਾੜ ਨਹੀਂ ਸਕਦਾ।੪।

ਅਰਥ: ਹੇ ਜੋਗੀ! (ਮੈਂ ਭੀ ਗੋਰਖ ਦਾ ਚੇਲਾ ਹਾਂ, ਪਰ ਮੇਰਾ) ਗੋਰਖ (ਸਦਾ ਜੀਊਂਦਾ) ਜਾਗਦਾ ਹੈ। (ਮੇਰਾ) ਗੋਰਖ ਉਹ ਹੈ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਤੇ ਪੈਦਾ ਕਰਦਿਆਂ ਚਿਰ ਨਹੀਂ ਲੱਗਦਾ।੧।ਰਹਾਉ।

(ਜੋ ਪ੍ਰਭੂ ਸਾਰੇ) ਜਗਤ ਨੂੰ ਸੁਣਦਾ ਹੈ (ਭਾਵ, ਸਾਰੇ ਜਗਤ ਦੀ ਸਦਾਅ ਸੁਣਦਾ ਹੈ) ਉਸ ਦੇ ਚਰਨਾਂ ਵਿਚ ਸੁਰਤਿ ਜੋੜਨੀ ਮੇਰੀ ਸਦਾਅ ਹੈ, ਉਸ ਨੂੰ ਆਪਣੇ ਅੰਦਰ ਸਾਖਿਆਤ ਵੇਖਣਾ (ਉਸ ਦੇ ਦਰ ਤੇ) ਮੇਰੀ ਸਿੰਙੀ ਵੱਜ ਰਹੀ ਹੈ। (ਉਸ ਦਰ ਤੋਂ ਭਿੱਛਿਆ) ਮੰਗਣ ਲਈ ਆਪਣੇ ਆਪ ਨੂੰ ਯੋਗ ਪਾਤ੍ਰ ਬਣਾਣਾ ਮੈਂ (ਮੋਢੇ ਉਤੇ) ਝੋਲੀ ਪਾਈ ਹੋਈ ਹੈ, ਤਾ ਕਿ ਮੈਨੂੰ ਨਾਮ-ਭਿੱਛਿਆ ਮਿਲ ਜਾਏ।੧।

(ਜਿਸ ਪਰਮਾਤਮਾ ਨੇ) ਪਾਣੀ ਪਉਣ (ਆਦਿਕ ਤੱਤਾਂ) ਵਿਚ (ਜੀਵਾਂ ਦੇ) ਪ੍ਰਾਣ ਟਿਕਾ ਕੇ ਰੱਖ ਦਿੱਤੇ ਹਨ, ਸੂਰਜ ਤੇ ਚੰਦ੍ਰਮਾ ਮੁਖੀ ਦੀਵੇ ਬਣਾਏ ਹਨ, ਵੱਸਣ ਵਾਸਤੇ (ਜੀਵਾਂ ਨੂੰ) ਧਰਤੀ ਦਿੱਤੀ ਹੈ (ਜੀਵਾਂ ਨੇ ਉਸ ਨੂੰ ਭੁਲਾ ਕੇ ਉਸ ਦੇ) ਇਤਨੇ ਉਪਕਾਰ ਵਿਸਾਰ ਦਿੱਤੇ ਹਨ।੨।

ਜਗਤ ਵਿਚ ਅਨੇਕਾਂ ਜੰਗਮ ਜੋਗੀ ਪੀਰ ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਅਤੇ ਹੋਰ ਸਾਧਨ ਕਰਨ ਵਾਲੇ ਵੇਖਣ ਵਿਚ ਆਉਂਦੇ ਹਨ, ਪਰ ਮੈਂ ਤਾਂ ਜੇ ਉਹਨਾਂ ਨੂੰ ਮਿਲਾਂਗਾ ਤਾਂ (ਉਹਨਾਂ ਨਾਲ ਮਿਲ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਕਰਾਂਗਾ (ਮੇਰਾ ਜੀਵਨ-ਨਿਸ਼ਾਨਾ ਇਹੀ ਹੈ) ਮੇਰਾ ਮਨ ਪ੍ਰਭੂ ਦਾ ਸਿਮਰਨ ਹੀ ਕਰੇਗਾ।੩।

ਜਿਵੇਂ ਲੂਣ ਘਿਉ ਵਿਚ ਪਿਆ ਗਲਦਾ ਨਹੀਂ, ਜਿਵੇਂ ਕਾਗ਼ਜ਼ ਘਿਉ ਵਿਚ ਰੱਖਿਆ ਗਲਦਾ ਨਹੀਂ, ਜਿਵੇਂ ਕੌਲ ਫੁੱਲ ਪਾਣੀ ਵਿਚ ਰਿਹਾਂ ਕੁਮਲਾਂਦਾ ਨਹੀਂ, ਇਸੇ ਤਰ੍ਹਾਂ, ਹੇ ਦਾਸ ਨਾਨਕ! ਭਗਤ ਜਨ ਪਰਮਾਤਮਾ ਦੇ ਚਰਨਾਂ ਵਿਚ ਮਿਲੇ ਰਹਿੰਦੇ ਹਨ, ਜਮ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ।੪।੪।

ਰਾਮਕਲੀ ਮਹਲਾ ੧ ॥ ਸੁਣਿ ਮਾਛਿੰਦ੍ਰਾ ਨਾਨਕੁ ਬੋਲੈ ॥ ਵਸਗਤਿ ਪੰਚ ਕਰੇ ਨਹ ਡੋਲੈ ॥ ਐਸੀ ਜੁਗਤਿ ਜੋਗ ਕਉ ਪਾਲੇ ॥ ਆਪਿ ਤਰੈ ਸਗਲੇ ਕੁਲ ਤਾਰੇ ॥੧॥ ਸੋ ਅਉਧੂਤੁ ਐਸੀ ਮਤਿ ਪਾਵੈ ॥ ਅਹਿਨਿਸਿ ਸੁੰਨਿ ਸਮਾਧਿ ਸਮਾਵੈ ॥੧॥ ਰਹਾਉ ॥ ਭਿਖਿਆ ਭਾਇ ਭਗਤਿ ਭੈ ਚਲੈ ॥ ਹੋਵੈ ਸੁ ਤ੍ਰਿਪਤਿ ਸੰਤੋਖਿ ਅਮੁਲੈ ॥ ਧਿਆਨ ਰੂਪਿ ਹੋਇ ਆਸਣੁ ਪਾਵੈ ॥ ਸਚਿ ਨਾਮਿ ਤਾੜੀ ਚਿਤੁ ਲਾਵੈ ॥੨॥ ਨਾਨਕੁ ਬੋਲੈ ਅੰਮ੍ਰਿਤ ਬਾਣੀ ॥ ਸੁਣਿ ਮਾਛਿੰਦ੍ਰਾ ਅਉਧੂ ਨੀਸਾਣੀ ॥ ਆਸਾ ਮਾਹਿ ਨਿਰਾਸੁ ਵਲਾਏ ॥ ਨਿਹਚਉ ਨਾਨਕ ਕਰਤੇ ਪਾਏ ॥੩॥ ਪ੍ਰਣਵਤਿ ਨਾਨਕੁ ਅਗਮੁ ਸੁਣਾਏ ॥ ਗੁਰ ਚੇਲੇ ਕੀ ਸੰਧਿ ਮਿਲਾਏ ॥ ਦੀਖਿਆ ਦਾਰੂ ਭੋਜਨੁ ਖਾਇ ॥ ਛਿਅ ਦਰਸਨ ਕੀ ਸੋਝੀ ਪਾਇ ॥੪॥੫॥ {ਪੰਨਾ 877}

ਪਦਅਰਥ: ਮਾਛਿੰਦ੍ਰਾਹੇ ਮਾਛਿੰਦ੍ਰ ਜੋਗੀ! ਵਸਗਤਿਵੱਸ ਵਿਚ। ਪੰਚਕਾਮਾਦਿਕ ਪੰਜ ਵਿਕਾਰ। ਜੋਗ ਕਉ ਪਾਲੇਜੋਗ ਦਾ ਸਾਧਨ ਕਰੇ, ਜੋਗ ਨੂੰ ਸੰਭਾਲੇ।੧।

ਅਉਧੂਤੁਵਿਰਕਤ ਸਾਧੂ, ਜਿਸ ਨੇ ਮਾਇਆ ਦੇ ਪ੍ਰਭਾਵ ਨੂੰ ਪਰੇ ਹਟਾ ਦਿੱਤਾ ਹੈ {ਧੂਹਿਲਾਣਾ। ਅਵਧੂਹਿਲਾ ਕੇ ਪਰੇ ਸੁੱਟ ਦੇਣਾ}ਅਹਿਦਿਨ। ਨਿਸਿਰਾਤ। ਸੁੰਨਿਸੁੰਨ ਵਿਚ, ਸੁੰਞ ਵਿਚ। ਸੁੰਨਉਹ ਅਵਸਥਾ ਜਿਥੇ ਮਾਇਆ ਵਲੋਂ ਸੁੰਞ ਹੋਵੇ, ਜਿਥੇ ਮਾਇਆ ਦੇ ਫੁਰਨੇ ਨਾਹ ਉੱਠਣ।੧।ਰਹਾਉ।

ਭਿਖਿਆਭਿੱਛਿਆ। ਭਾਇਪ੍ਰੇਮ ਵਿਚ। ਭਾਉਪ੍ਰੇਮ। ਭੈਪਰਮਾਤਮਾ ਦੇ ਡਰਅਦਬ ਵਿਚ। ਚਲੈਤੁਰੈ, ਜੀਵਨ ਗੁਜ਼ਾਰੇ। ਸੰਤੋਖਿਸੰਤੋਖ ਨਾਲ। ਸੰਤੋਖਿ ਅਮੁਲੈਅਮੋਲਕ ਸੰਤੋਖ ਨਾਲ। ਰੂਪਿਰੂਪ ਵਾਲਾ। ਧਿਆਨ ਰੂਪਿ ਹੋਇਪ੍ਰਭੂ ਦੇ ਧਿਆਨ ਵਿਚ ਇਕਮਿਕ ਹੋ ਕੇ। ਆਸਣੁ ਪਾਵੈਆਸਣ ਵਿਛਾਏ। ਸਚਿਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਨਾਮਿਨਾਮ ਵਿਚ।੨।

ਅੰਮ੍ਰਿਤ ਬਾਣੀਅਮਰ ਕਰਨ ਵਾਲੀ ਬਾਣੀ, ਆਤਮਕ ਜੀਵਨ ਦੇਣ ਵਾਲੀ ਬਾਣੀ। ਅਉਧੂ ਨੀਸਾਣੀਵਿਰਕਤ ਸਾਧ ਦੇ ਲੱਛਣ। ਨਿਰਾਸੁਮਾਇਆ ਦੀਆਂ ਆਸਾਂ ਵਲੋਂ ਉਪਰਾਮ। ਵਲਾਏਜੀਵਨਸਮਾ ਲੰਘਾਏ। ਨਿਹਚਉਯਕੀਨਨ, ਇਹ ਗੱਲ ਪੱਕੀ ਸਮਝੋ।੩।

ਅਗਮੁਉਹ ਪ੍ਰਭੂ ਜਿਸ ਤਕ ਮਨੁੱਖ ਦੀ ਅਕਲ ਦੀ ਪਹੁੰਚ ਨ ਹੋ ਸਕੇ। ਸੰਧਿਮਿਲਾਪ। ਦੀਖਿਆਸਿੱਖਿਆ। ਦਰਸਨਭੇਖ। ਸੋਝੀ ਪਾਇਅਸਲੀਅਤ ਸਮਝ ਲੈਂਦਾ ਹੈ।੪।

ਅਰਥ: (ਹੇ ਮਾਛਿੰਦ੍ਰ! ਅਸਲ) ਵਿਰਕਤ ਉਹ ਹੈ ਜਿਸ ਨੂੰ ਅਜੇਹੀ ਸਮਝ ਆ ਜਾਂਦੀ ਹੈ ਕਿ ਉਹ ਦਿਨ ਰਾਤ ਐਸੇ ਆਤਮਕ ਟਿਕਾਉ ਵਿਚ ਟਿਕਿਆ ਰਹਿੰਦਾ ਹੈ ਜਿਥੇ ਮਾਇਆ ਦੇ ਫੁਰਨਿਆਂ ਵਲੋਂ ਸੁੰਞ ਹੀ ਸੁੰਞ ਹੁੰਦੀ ਹੈ।੧।ਰਹਾਉ।

ਨਾਨਕ ਆਖਦਾ ਹੈ-ਹੇ ਮਾਛਿੰਦ੍ਰ! ਸੁਣ। (ਅਸਲ ਵਿਰਕਤ ਕਾਮਾਦਿਕ) ਪੰਜੇ ਵਿਕਾਰਾਂ ਨੂੰ ਆਪਣੇ ਵੱਸ ਵਿਚ ਕਰੀ ਰੱਖਦਾ ਹੈ (ਇਹਨਾਂ ਦੇ ਸਾਹਮਣੇ) ਉਹ ਕਦੇ ਡੋਲਦਾ ਨਹੀਂ। ਉਹ ਵਿਰਕਤ ਇਸ ਤਰ੍ਹਾਂ ਦੀ ਜੀਵਨ-ਜੁਗਤਿ ਨੂੰ ਸੰਭਾਲ ਰੱਖਦਾ ਹੈ, ਇਹੀ ਹੈ ਉਸ ਦਾ ਜੋਗ-ਸਾਧਨ। (ਇਸ ਜੁਗਤਿ ਨਾਲ ਉਹ) ਆਪ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚੋਂ) ਪਾਰ ਲੰਘ ਜਾਂਦਾ ਹੈ, ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ।੧।

(ਹੇ ਮਾਛਿੰਦ੍ਰ! ਅਸਲ ਵਿਰਕਤ) ਪਰਮਾਤਮਾ ਦੇ ਪਿਆਰ ਵਿਚ ਭਗਤੀ ਵਿਚ ਅਤੇ ਡਰ-ਅਦਬ ਵਿਚ ਜੀਵਨ ਬਤੀਤ ਕਰਦਾ ਹੈ, ਇਹ ਹੈ ਉਸ ਦੀ (ਆਤਮਕ) ਭਿੱਛਿਆ (ਜੋ ਉਹ ਪ੍ਰਭੂ ਦੇ ਦਰ ਤੋਂ ਹਾਸਲ ਕਰਦਾ ਹੈ। ਇਸ ਭਿੱਛਿਆ ਨਾਲ ਉਸ ਦੇ ਅੰਦਰ ਸੰਤੋਖ ਪੈਦਾ ਹੁੰਦਾ ਹੈ, ਤੇ) ਉਸ ਅਮੋਲਕ ਸੰਤੋਖ ਨਾਲ ਉਹ ਰੱਜਿਆ ਰਹਿੰਦਾ ਹੈ (ਭਾਵ, ਉਸ ਨੂੰ ਮਾਇਆ ਦੀ ਭੁੱਖ ਨਹੀਂ ਵਿਆਪਦੀ)(ਪ੍ਰਭੂ ਦੇ ਪ੍ਰੇਮ ਤੇ ਭਗਤੀ ਦੀ ਬਰਕਤਿ ਨਾਲ ਉਹ ਵਿਰਕਤ) ਪ੍ਰਭੂ ਨਾਲ ਇੱਕ-ਰੂਪ ਹੋ ਜਾਂਦਾ ਹੈ, ਇਸ ਲਿਵ-ਲੀਨਤਾ ਦਾ ਉਹ (ਆਪਣੇ ਆਤਮਾ ਵਾਸਤੇ) ਆਸਣ ਵਿਛਾਂਦਾ ਹੈ। ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ, ਪਰਮਾਤਮਾ ਦੇ ਨਾਮ ਵਿਚ ਉਹ ਆਪਣਾ ਚਿੱਤ ਜੋੜਦਾ ਹੈ, ਇਹ (ਉਸ ਵਿਰਕਤ ਦੀ) ਤਾੜੀ ਹੈ।੨।

ਨਾਨਕ ਆਖਦਾ ਹੈ-ਹੇ ਮਾਛਿੰਦ੍ਰ! ਸੁਣ। ਵਿਰਕਤ ਦੇ ਲੱਛਣ ਇਹ ਹਨ ਕਿ ਉਸ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਸਹੈਤਾ ਨਾਲ ਦੁਨੀਆ ਦੀਆਂ ਆਸਾਂ ਵਿਚ ਰਹਿੰਦਾ ਹੋਇਆ ਭੀ ਆਸਾਂ ਤੋਂ ਨਿਰਲੇਪ ਜੀਵਨ ਗੁਜ਼ਾਰਦਾ ਹੈ, ਤੇ ਇਸ ਤਰ੍ਹਾਂ ਹੇ ਨਾਨਕ! ਉਹ ਯਕੀਨੀ ਤੌਰ ਤੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ।੩।

ਨਾਨਕ ਬੇਨਤੀ ਕਰਦਾ ਹੈ-(ਹੇ ਮਾਛਿੰਦ੍ਰ! ਅਸਲ ਵਿਰਕਤ) ਅਪਹੁੰਚ ਪ੍ਰਭੂ ਦੀ ਸਿਫ਼ਤਿ-ਸਾਲਾਹ ਆਪ ਸੁਣਦਾ ਹੈ ਤੇ ਹੋਰਨਾਂ ਨੂੰ) ਸੁਣਾਂਦਾ ਹੈ। (ਗੁਰੂ ਦੀ ਸਿੱਖਿਆ ਉਤੇ ਤੁਰ ਕੇ ਅਸਲ ਵਿਰਕਤ) ਗੁਰੂ ਵਿਚ ਆਪਣਾ ਆਪ ਮਿਲਾ ਦੇਂਦਾ ਹੈ। ਗੁਰੂ ਦੀ ਸਿੱਖਿਆ ਦੀ ਆਤਮਕ ਖ਼ੁਰਾਕ ਖਾਂਦਾ ਹੈ, ਗੁਰੂ ਦੀ ਸਿੱਖਿਆ ਦੀ ਦਵਾਈ ਖਾਂਦਾ ਹੈ (ਜੋ ਉਸ ਦੇ ਆਤਮਕ ਰੋਗਾਂ ਦਾ ਇਲਾਜ ਕਰਦੀ ਹੈ)ਇਸ ਤਰ੍ਹਾਂ ਉਸ ਵਿਰਕਤ ਨੂੰ ਛੇ ਹੀ ਭੇਖਾਂ ਦੀ ਅਸਲੀਅਤ ਦੀ ਸਮਝ ਆ ਜਾਂਦੀ ਹੈ (ਭਾਵ, ਉਸ ਨੂੰ ਛੇ ਹੀ ਭੇਖਾਂ ਦੀ ਲੋੜ ਨਹੀਂ ਰਹਿ ਜਾਂਦੀ ਹੈ।੪।੫।

TOP OF PAGE

Sri Guru Granth Darpan, by Professor Sahib Singh