ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 876 ਰਾਮਕਲੀ ਮਹਲਾ ੧ ਘਰੁ ੧ ਚਉਪਦੇ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ ॥ ਕੋਈ ਨਾਮੁ ਜਪੈ ਜਪਮਾਲੀ ਲਾਗੈ ਤਿਸੈ ਧਿਆਨਾ ॥ ਅਬ ਹੀ ਕਬ ਹੀ ਕਿਛੂ ਨ ਜਾਨਾ ਤੇਰਾ ਏਕੋ ਨਾਮੁ ਪਛਾਨਾ ॥੧॥ ਨ ਜਾਣਾ ਹਰੇ ਮੇਰੀ ਕਵਨ ਗਤੇ ॥ ਹਮ ਮੂਰਖ ਅਗਿਆਨ ਸਰਨਿ ਪ੍ਰਭ ਤੇਰੀ ਕਰਿ ਕਿਰਪਾ ਰਾਖਹੁ ਮੇਰੀ ਲਾਜ ਪਤੇ ॥੧॥ ਰਹਾਉ ॥ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ ॥ ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ ॥੨॥ ਮਰਣੁ ਲਿਖਾਇ ਮੰਡਲ ਮਹਿ ਆਏ ਜੀਵਣੁ ਸਾਜਹਿ ਮਾਈ ॥ ਏਕਿ ਚਲੇ ਹਮ ਦੇਖਹ ਸੁਆਮੀ ਭਾਹਿ ਬਲੰਤੀ ਆਈ ॥੩॥ ਨ ਕਿਸੀ ਕਾ ਮੀਤੁ ਨ ਕਿਸੀ ਕਾ ਭਾਈ ਨਾ ਕਿਸੈ ਬਾਪੁ ਨ ਮਾਈ ॥ ਪ੍ਰਣਵਤਿ ਨਾਨਕ ਜੇ ਤੂ ਦੇਵਹਿ ਅੰਤੇ ਹੋਇ ਸਖਾਈ ॥੪॥੧॥ {ਪੰਨਾ 876} ਪਦਅਰਥ: ਸਹਸਾ ਕਿਰਤਾ—{ਨੋਟ:ਲਫ਼ਜ਼ (संस्कृत) ਸੰਸਕ੍ਰਿਤ ਤੋਂ 'ਸਹਸਾ ਕਿਰਤਾ' ਪ੍ਰਾਕ੍ਰਿਤ—ਰੂਪ ਹੈ} ਮਾਗਧੀ ਪ੍ਰਾਕ੍ਰਿਤ ਭਾਸ਼ਾ ਵਿਚ ਬੌਧ ਤੇ ਜੈਨ ਗ੍ਰੰਥ। ਜਪਮਾਲੀ—ਮਾਲਾ। ਧਿਆਨਾ—ਸਮਾਧੀ। ਅਬ ਹੀ ਕਬ ਹੀ—ਹੁਣ ਭੀ ਤੇ ਕਦੇ ਭੀ।੧। ਨ ਜਾਣਾ—ਮੈਂ ਨਹੀਂ ਜਾਣਦਾ, ਮੈਨੂੰ ਸਮਝ ਨਹੀਂ। ਹਰੇ—ਹੇ ਹਰੀ! ਗਤੇ—ਗਤੀ, ਆਤਮਕ ਹਾਲਤ। ਕਵਨ ਗਤੇ—ਕੇਹੜੀ ਆਤਮਕ ਹਾਲਤ? (ਭਾਵ,) ਨੀਵੀਂ ਆਤਮਕ ਅਵਸਥਾ। ਪਤੇ—ਹੇ ਪਤੀ!।੧।ਰਹਾਉ। ਊਭਿ—ਉੱਚਾ, ਆਕਾਸ਼ ਵਿਚ। ਜਾਇ—ਜਾਂਦਾ ਹੈ। ਪਇਆਲੇ—ਪਾਤਾਲ ਵਿਚ। ਥਿਰੁ—ਟਿਕਿਆ ਹੋਇਆ। ਕੁੰਡਾ—ਪਾਸੇ। ਭਾਲੇ—ਭਾਲਦਾ ਹੈ।੨। ਮੰਡਲ—ਜਗਤ, ਦੁਨੀਆ। ਸਾਜਹਿ—ਸਾਜਦੇ ਹਨ, ਬਣਾਂਦੇ ਹਨ। ਮਾਈ—ਹੇ ਮਾਂ! ਏਕਿ—ਅਨੇਕਾਂ ਜੀਵ। ਚਲੇ—ਤੁਰੇ ਜਾ ਰਹੇ ਹਨ। ਦੇਖਹ—ਅਸੀ ਵੇਖਦੇ ਹਾਂ, ਸਾਡੀਆਂ ਅੱਖਾਂ ਦੇ ਸਾਹਮਣੇ। ਸੁਆਮੀ—ਹੇ ਪ੍ਰਭੂ! ਭਾਹਿ—ਅੱਗ। ਬਲੰਤੀ ਆਈ—ਬਲੰਤੀ ਆਹੀ, ਬਲ ਰਹੀ ਹੈ।੩। ਕਿਸੈ—ਕਿਸੇ ਦਾ। ਪ੍ਰਣਵਤਿ—ਬੇਨਤੀ ਕਰਦਾ ਹੈ। ਦੇਵਹਿ—(ਨਾਮ ਦੀ ਦਾਤਿ) ਦੇਵੇਂ। ਸਖਾਈ—ਮਿਤ੍ਰ, ਸਹਾਇਕ।੪। ਅਰਥ: ਹੇ ਹਰੀ! ਮੈਨੂੰ ਇਹ ਸਮਝ ਨਹੀਂ ਸੀ ਕਿ (ਤੇਰੇ ਨਾਮ ਤੋਂ ਬਿਨਾ) ਮੇਰੀ ਆਤਮਕ ਅਵਸਥਾ ਨੀਵੀਂ ਹੋ ਜਾਇਗੀ। ਹੇ ਪ੍ਰਭੂ! ਮੈਂ ਮੂਰਖ ਹਾਂ, ਅਗਿਆਨੀ ਹਾਂ, (ਪਰ) ਤੇਰੀ ਸਰਨ ਆਇਆ ਹਾਂ। ਹੇ ਪ੍ਰਭੂ-ਪਤੀ! ਮੇਹਰ ਕਰ (ਮੈਨੂੰ ਆਪਣਾ ਨਾਮ ਬਖ਼ਸ਼, ਤੇ) ਮੇਰੀ ਇੱਜ਼ਤ ਰੱਖ ਲੈ।੧।ਰਹਾਉ। ਹੇ ਪ੍ਰਭੂ! (ਤੇਰਾ ਨਾਮ ਵਿਸਾਰ ਕੇ) ਕੋਈ ਮਨੁੱਖ ਮਾਗਧੀ ਪ੍ਰਾਕ੍ਰਿਤ ਵਿਚ ਲਿਖੇ ਹੋਏ ਬੌਧ ਤੇ ਜੈਨ ਗ੍ਰੰਥ ਪੜ੍ਹ ਰਿਹਾ ਹੈ, ਕੋਈ (ਤੈਨੂੰ ਭੁਲਾ ਕੇ) ਪੁਰਾਣ ਆਦਿਕ ਪੜ੍ਹਦਾ ਹੈ, ਕੋਈ (ਕਿਸੇ ਦੇਵੀ ਦੇਵਤੇ ਨੂੰ ਸਿੱਧ ਕਰਨ ਲਈ) ਮਾਲਾ ਨਾਲ (ਦੇਵਤੇ ਦੇ) ਨਾਮ ਦਾ ਜਾਪ ਕਰਦਾ ਹੈ, ਕੋਈ ਸਮਾਧੀ ਲਾਈ ਬੈਠਾ ਹੈ। ਪਰ ਹੇ ਪ੍ਰਭੂ! ਮੈਂ ਸਿਰਫ਼ ਤੇਰੇ ਨਾਮ ਨੂੰ ਪਛਾਣਦਾ ਹਾਂ (ਤੇਰੇ ਨਾਮ ਨਾਲ ਹੀ ਸਾਂਝ ਪਾਂਦਾ ਹਾਂ), ਮੈਂ ਕਦੇ ਭੀ (ਤੇਰੇ ਨਾਮ ਤੋਂ ਬਿਨਾ) ਕੋਈ ਹੋਰ ਉੱਦਮ (ਐਸਾ) ਨਹੀਂ ਸਮਝਦਾ (ਜੋ ਆਤਮਕ ਜੀਵਨ ਨੂੰ ਉੱਚਾ ਕਰ ਸਕੇ)।੧। (ਤੇਰੇ ਨਾਮ ਨੂੰ ਵਿਸਾਰ ਕੇ ਜੀਵ ਲੋਭ ਵਿਚ ਫਸ ਜਾਂਦਾ ਹੈ) ਕਦੇ (ਜਦੋਂ ਮਾਇਆ ਮਿਲਦੀ ਹੈ) ਜੀਵ (ਬੜਾ ਹੀ ਖ਼ੁਸ਼ ਹੁੰਦਾ, ਮਾਨੋ) ਆਕਾਸ਼ ਵਿਚ ਜਾ ਚੜ੍ਹਦਾ ਹੈ, ਕਦੇ (ਜਦੋਂ ਮਾਇਆ ਦੀ ਥੁੜ ਹੋ ਜਾਂਦੀ ਹੈ, ਤਾਂ ਬਹੁਤ ਡਾਵਾਂ-ਡੋਲ ਹੋ ਜਾਂਦਾ ਹੈ, ਮਾਨੋ) ਪਾਤਾਲ ਵਿਚ ਜਾ ਡਿੱਗਦਾ ਹੈ। ਲੋਭ-ਵੱਸ ਹੋਇਆ ਜੀਵ ਅਡੋਲ-ਚਿੱਤ ਨਹੀਂ ਰਹਿ ਸਕਦਾ, ਚੌਹੀਂ ਪਾਸੀਂ (ਮਾਇਆ ਦੀ) ਭਾਲ ਕਰਦਾ ਫਿਰਦਾ ਹੈ।੨। ਹੇ ਮਾਂ! ਜੀਵ ਜਗਤ ਵਿਚ (ਇਹ ਲੇਖ ਮੱਥੇ ਤੇ) ਲਿਖਾ ਕੇ ਆਉਂਦੇ ਹਨ (ਕਿ) ਮੌਤ (ਜ਼ਰੂਰ ਆਵੇਗੀ; ਪਰ ਤੈਨੂੰ ਵਿਸਾਰ ਕੇ ਇਥੇ ਸਦਾ) ਜੀਊਂਦੇ ਰਹਿਣ ਦਾ ਬਾਨ੍ਹਣੂ ਬੰਨ੍ਹਦੇ ਹਨ। ਹੇ ਮਾਲਿਕ-ਪ੍ਰਭੂ! ਸਾਡੀਆਂ ਅੱਖਾਂ ਦੇ ਸਾਹਮਣੇ ਹੀ ਅਨੇਕਾਂ ਜੀਵ (ਇਥੋਂ) ਤੁਰੇ ਜਾ ਰਹੇ ਹਨ, (ਮੌਤ ਦੀ) ਅੱਗ ਬਲ ਰਹੀ ਹੈ (ਇਸ ਵਿਚ ਸਭ ਦੇ ਸਰੀਰ ਭਸਮ ਹੋ ਜਾਣੇ ਹਨ, ਪਰ ਤੇਰੇ ਨਾਮ ਤੋਂ ਖੁੰਝ ਕੇ ਜੀਵ ਸਦਾ ਜੀਊਣਾ ਹੀ ਲੋਚਦੇ ਹਨ)।੩। ਹੇ ਪ੍ਰਭੂ! ਨਾਹ ਕਿਸੇ ਦਾ ਕੋਈ ਮਿਤ੍ਰ, ਨਾਹ ਕਿਸੇ ਦਾ ਕੋਈ ਭਰਾ, ਨਾਹ ਕਿਸੇ ਦਾ ਪਿਉ ਅਤੇ ਨਾਹ ਕਿਸੇ ਦੀ ਮਾਂ (ਅੰਤ ਵੇਲੇ ਕੋਈ ਕਿਸੇ ਨਾਲ ਸਾਥ ਨਹੀਂ ਨਿਬਾਹ ਸਕਦਾ)। ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ-ਜੇ ਤੂੰ (ਆਪਣੇ ਨਾਮ ਦੀ ਦਾਤਿ) ਦੇਵੇਂ, ਤਾਂ (ਸਿਰਫ਼ ਇਹੀ) ਅੰਤ ਵੇਲੇ ਸਹਾਈ ਹੋ ਸਕਦਾ ਹੈ।੪।੧। ਰਾਮਕਲੀ ਮਹਲਾ ੧ ॥ ਸਰਬ ਜੋਤਿ ਤੇਰੀ ਪਸਰਿ ਰਹੀ ॥ ਜਹ ਜਹ ਦੇਖਾ ਤਹ ਨਰਹਰੀ ॥੧॥ ਜੀਵਨ ਤਲਬ ਨਿਵਾਰਿ ਸੁਆਮੀ ॥ ਅੰਧ ਕੂਪਿ ਮਾਇਆ ਮਨੁ ਗਾਡਿਆ ਕਿਉ ਕਰਿ ਉਤਰਉ ਪਾਰਿ ਸੁਆਮੀ ॥੧॥ ਰਹਾਉ ॥ਜਹ ਭੀਤਰਿ ਘਟ ਭੀਤਰਿ ਬਸਿਆ ਬਾਹਰਿ ਕਾਹੇ ਨਾਹੀ ॥ ਤਿਨ ਕੀ ਸਾਰ ਕਰੇ ਨਿਤ ਸਾਹਿਬੁ ਸਦਾ ਚਿੰਤ ਮਨ ਮਾਹੀ ॥੨॥ ਆਪੇ ਨੇੜੈ ਆਪੇ ਦੂਰਿ ॥ ਆਪੇ ਸਰਬ ਰਹਿਆ ਭਰਪੂਰਿ ॥ ਸਤਗੁਰੁ ਮਿਲੈ ਅੰਧੇਰਾ ਜਾਇ ॥ ਜਹ ਦੇਖਾ ਤਹ ਰਹਿਆ ਸਮਾਇ ॥੩॥ ਅੰਤਰਿ ਸਹਸਾ ਬਾਹਰਿ ਮਾਇਆ ਨੈਣੀ ਲਾਗਸਿ ਬਾਣੀ ॥ ਪ੍ਰਣਵਤਿ ਨਾਨਕੁ ਦਾਸਨਿ ਦਾਸਾ ਪਰਤਾਪਹਿਗਾ ਪ੍ਰਾਣੀ ॥੪॥੨॥ {ਪੰਨਾ 876} ਪਦਅਰਥ: ਸਰਬ—ਸਭ ਜੀਵਾਂ ਵਿਚ। ਪਸਰਿ ਰਹੀ—ਵਿਆਪਕ ਹੈ। ਦੇਖਾ—ਮੈਂ ਵੇਖਾਂ। ਜਹ ਜਹ—ਜਿੱਥੇ ਜਿੱਥੇ। ਨਰਹਰੀ—ਹੇ ਪਰਮਾਤਮਾ!।੧। ਤਲਬ—ਖ਼ਾਹਸ਼ਾਂ, ਵਧੀਆਂ ਲੋੜਾਂ। ਸੁਆਮੀ—ਹੇ ਮਾਲਿਕ—ਪ੍ਰਭੂ! ਕੂਪਿ—ਖੂਹ ਵਿਚ! ਗਾਡਿਆ—ਫਸਿਆ ਹੋਇਆ, ਡਿੱਗਾ ਹੋਇਆ। ਕਿਉ ਕਰਿ—ਕਿਸ ਤਰੀਕੇ ਨਾਲ? ਕਿਸੇ ਤਰ੍ਹਾਂ ਭੀ ਨਹੀਂ।੧।ਰਹਾਉ। ਘਟ—ਹਿਰਦਾ। ਭੀਤਰਿ—ਅੰਦਰ। ਕਾਹੇ ਨਾਹੀ—ਕਿਉਂ ਨਹੀਂ? ਜ਼ਰੂਰ। ਸਾਰ—ਸੰਭਾਲ। ਚਿੰਤ—ਫ਼ਿਕਰ, ਧਿਆਨ। ਮਾਹੀ—ਵਿਚ।੨। ਅੰਧੇਰਾ—ਮਾਇਆ ਦੇ ਅੰਨ੍ਹੇ ਖੂਹ ਦਾ ਹਨੇਰਾ।੩। ਸਹਸਾ—ਸਹਿਮ। ਨੈਣੀ—ਅੱਖਾਂ ਵਿਚ। ਲਾਗਸਿ—ਜੇ ਲੱਗਦੀ ਰਹੀ। ਬਾਣੀ—ਸੁੰਦਰਤਾ ਦੀ ਖਿੱਚ। ਪ੍ਰਾਣੀ—ਹੇ ਜੀਵ! ਪਰਤਾਪਹਿਗਾ—ਦੁਖੀ ਹੋਵੇਂਗਾ।੪। ਅਰਥ: ਹੇ ਮਾਲਿਕ-ਪ੍ਰਭੂ! ਮੇਰੀਆਂ ਜ਼ਿੰਦਗੀ ਦੀਆਂ ਵਧਦੀਆਂ ਖ਼ਾਹਸ਼ਾਂ ਦੂਰ ਕਰ। ਮੇਰਾ ਮਨ ਮਾਇਆ ਦੇ ਅੰਨ੍ਹੇ ਖੂਹ ਵਿਚ ਫਸਿਆ ਹੈ, (ਤੇਰੀ ਸਹਾਇਤਾ ਤੋਂ ਬਿਨਾ) ਮੈਂ ਇਸ ਵਿਚੋਂ ਕਿਸੇ ਤਰ੍ਹਾਂ ਭੀ ਪਾਰ ਨਹੀਂ ਲੰਘ ਸਕਦਾ।੧।ਰਹਾਉ। ਹੇ ਪਰਮਾਤਮਾ! ਸਭ ਜੀਵਾਂ ਵਿਚ ਤੇਰੀ ਜੋਤਿ ਰੁਮਕ ਰਹੀ ਹੈ (ਪਰ ਮੈਨੂੰ ਨਹੀਂ ਦਿੱਸਦੀ ਕਿਉਂਕਿ ਮੈਂ ਮਾਇਆ ਦੇ ਅੰਨ੍ਹੇ ਖੂਹ ਵਿਚ ਡਿੱਗ ਪਿਆ ਹਾਂ। ਮੇਹਰ ਕਰ, ਮੈਨੂੰ ਇਸ ਖੂਹ ਵਿਚੋਂ ਕੱਢ ਤਾ ਕਿ) ਜਿਧਰ ਜਿਧਰ ਮੈਂ ਵੇਖਾਂ ਉਧਰ ਉਧਰ (ਮੈਨੂੰ ਤੂੰ ਹੀ ਦਿੱਸੇਂ)।੧। ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਦੀ ਜੋਤਿ ਪਰਗਟ ਹੋ ਜਾਂਦੀ ਹੈ, ਉਹਨਾਂ ਨੂੰ ਬਾਹਰ ਭੀ (ਹਰ ਥਾਂ) ਜ਼ਰੂਰ ਉਹੀ ਦਿੱਸਦਾ ਹੈ (ਉਹਨਾਂ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ) ਮਾਲਿਕ-ਪ੍ਰਭੂ ਉਹਨਾਂ ਦੀ ਸਦਾ ਸੰਭਾਲ ਕਰਦਾ ਹੈ, ਉਸ ਦੇ ਮਨ ਵਿਚ ਸਦਾ (ਉਹਨਾਂ ਦੀ ਸੰਭਾਲ ਦਾ) ਫ਼ਿਕਰ ਹੈ।੨। ਪਰਮਾਤਮਾ ਆਪ ਹੀ ਸਭ ਜੀਵਾਂ ਦੇ ਨੇੜੇ ਵੱਸ ਰਿਹਾ ਹੈ ਆਪ ਹੀ (ਇਹਨਾਂ ਤੋਂ ਵੱਖ) ਦੂਰ ਭੀ ਹੈ। ਪ੍ਰਭੂ ਆਪ ਸਭ ਜੀਵਾਂ ਵਿਚ ਵਿਆਪਕ ਹੈ। ਜੇ ਮੈਨੂੰ ਗੁਰੂ ਮਿਲ ਪਏ ਤਾਂ ਮੇਰਾ ਮਾਇਆ ਦੇ ਅੰਨ੍ਹੇ ਖੂਹ ਵਾਲਾ ਹਨੇਰਾ ਦੂਰ ਹੋ ਜਾਏ। ਫਿਰ ਮੈਂ ਜਿਧਰ ਜਿਧਰ ਵੇਖਾਂ ਉਧਰ ਉਧਰ ਹੀ ਪਰਮਾਤਮਾ ਵਿਆਪਕ ਦਿੱਸ ਪਏ।੩। ਪ੍ਰਭੂ ਦੇ ਸੇਵਕਾਂ ਦਾ ਸੇਵਕ ਨਾਨਕ ਬੇਨਤੀ ਕਰਦਾ ਹੈ-ਹੇ ਜੀਵ! ਜਿਤਨਾ ਚਿਰ ਤੇਰੀਆਂ ਅੱਖਾਂ ਵਿਚ ਬਾਹਰਲੀ (ਦਿੱਸਦੀ) ਮਾਇਆ ਦੀ ਸੁੰਦਰਤਾ ਖਿੱਚ ਪਾ ਰਹੀ ਹੈ, ਤੇਰੇ ਅੰਦਰ ਸਹਜ ਬਣਿਆ ਰਹੇਗਾ ਤੇ ਤੂੰ ਸਦਾ ਦੁਖੀ ਰਹੇਂਗਾ।੪।੨। |
![]() |
![]() |
![]() |
![]() |
Sri Guru Granth Darpan, by Professor Sahib Singh |