ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 871

ਗੋਂਡ ॥ ਨਾ ਇਹੁ ਮਾਨਸੁ ਨਾ ਇਹੁ ਦੇਉ ॥ ਨਾ ਇਹੁ ਜਤੀ ਕਹਾਵੈ ਸੇਉ ॥ ਨਾ ਇਹੁ ਜੋਗੀ ਨਾ ਅਵਧੂਤਾ ॥ ਨਾ ਇਸੁ ਮਾਇ ਨ ਕਾਹੂ ਪੂਤਾ ॥੧॥ ਇਆ ਮੰਦਰ ਮਹਿ ਕੌਨ ਬਸਾਈ ॥ ਤਾ ਕਾ ਅੰਤੁ ਨ ਕੋਊ ਪਾਈ ॥੧॥ ਰਹਾਉ ॥ ਨਾ ਇਹੁ ਗਿਰਹੀ ਨਾ ਓਦਾਸੀ ॥ ਨਾ ਇਹੁ ਰਾਜ ਨ ਭੀਖ ਮੰਗਾਸੀ ॥ ਨਾ ਇਸੁ ਪਿੰਡੁ ਨ ਰਕਤੂ ਰਾਤੀ ॥ ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ ॥੨॥ ਨਾ ਇਹੁ ਤਪਾ ਕਹਾਵੈ ਸੇਖੁ ॥ ਨਾ ਇਹੁ ਜੀਵੈ ਨ ਮਰਤਾ ਦੇਖੁ ॥ ਇਸੁ ਮਰਤੇ ਕਉ ਜੇ ਕੋਊ ਰੋਵੈ ॥ ਜੋ ਰੋਵੈ ਸੋਈ ਪਤਿ ਖੋਵੈ ॥੩॥ ਗੁਰ ਪ੍ਰਸਾਦਿ ਮੈ ਡਗਰੋ ਪਾਇਆ ॥ ਜੀਵਨ ਮਰਨੁ ਦੋਊ ਮਿਟਵਾਇਆ ॥ ਕਹੁ ਕਬੀਰ ਇਹੁ ਰਾਮ ਕੀ ਅੰਸੁ ॥ ਜਸ ਕਾਗਦ ਪਰ ਮਿਟੈ ਨ ਮੰਸੁ ॥੪॥੨॥੫॥ {ਪੰਨਾ 871}

ਪਦਅਰਥ: ਇਹੁਇਹ ਜੋ ਸਰੀਰਮੰਦਰ ਵਿਚ ਵੱਸਣ ਵਾਲਾ ਹੈ। ਮਾਨਸੁਮਨੁੱਖ। ਦੇਉਦੇਵਤਾ। ਸੇਉਸ਼ਿਵ ਦਾ ਉਪਾਸ਼ਕ। ਅਵਧੂਤਾਤਿਆਗੀ। ਮਾਇਮਾਂ। ਇਸੁਇਸ ਦੀ। ਕਾਹੂਕਿਸੇ ਦਾ।੧।

ਇਆ ਮੰਦਰਿ ਮਹਿਇਸ ਸਰੀਰਘਰ ਵਿਚ। ਬਸਾਈਵੱਸਦਾ ਹੈ। ਤਾ ਕਾਉਸ ਵੱਸਣ ਵਾਲੇ ਦਾ।੧।ਰਹਾਉ।

ਗਿਰਹੀਗ੍ਰਿਹਸਤੀ, ਟੱਬਰਦਾਰ। ਭੀਖ ਮੰਗਾਸੀਮੰਗਤਾ। ਪਿੰਡੁਸਰੀਰ। ਰਕਤੂਲਹੂ। ਰਾਤੀਰਤਾ ਭਰ ਭੀ। ਖਾਤੀਖਤ੍ਰੀ।੨।

ਪਤਿ ਖੋਵੈਇੱਜ਼ਤ ਗਵਾਉਂਦਾ ਹੈ, ਖ਼ੁਆਰ ਹੁੰਦਾ ਹੈ।੩।

ਪ੍ਰਸਾਦਿਕਿਰਪਾ ਨਾਲ। ਡਗਰੋ—(ਜ਼ਿੰਦਗੀ ਦਾ ਸਹੀ) ਰਸਤਾ। ਅੰਸੁਹਿੱਸਾ, ਜੋਤ। ਜਸਜਿਵੇਂ। ਕਾਗਦ ਪਰਕਾਗ਼ਜ਼ ਉੱਤੇ ਲਿਖੀ ਹੋਈ। ਮੰਸੁਸਿਆਹੀ।੪।

ਅਰਥ: (ਸਾਡੇ) ਇਸ ਸਰੀਰ-ਰੂਪ ਘਰ ਵਿਚ ਕੌਣ ਵੱਸਦਾ ਹੈ? ਉਸ ਦਾ ਕੀਹ ਅਸਲਾ ਹੈ?-ਇਸ ਗੱਲ ਦੀ ਤਹਿ ਵਿਚ ਕੋਈ ਨਹੀਂ ਅੱਪੜਿਆ।੧।ਰਹਾਉ।

(ਕੀਹ ਮਨੁੱਖ, ਕੀਹ ਦੇਵਤਾ; ਕੀਹ ਜਤੀ, ਤੇ ਕੀਹ ਸ਼ਿਵ-ਉਪਾਸ਼ਕ; ਕੀਹ ਜੋਗੀ, ਤੇ ਕੀਹ ਤਿਆਗੀ; ਹਰੇਕ ਵਿਚ ਇੱਕ ਉਹੀ ਵੱਸਦਾ ਹੈ; ਪਰ ਫਿਰ ਭੀ ਸਦਾ ਲਈ) ਨਾਹ ਇਹ ਮਨੁੱਖ ਹੈ ਨਾਹ ਦੇਵਤਾ; ਨਾਹ ਜਤੀ ਹੈ ਨਾਹ ਸ਼ਿਵ-ਉਪਾਸ਼ਕ, ਨਾਹ ਜੋਗੀ ਹੈ, ਨਾਹ ਤਿਆਗੀ; ਨਾਹ ਇਸ ਦੀ ਕੋਈ ਮਾਂ ਹੈ ਨਾਹ ਇਹ ਕਿਸੇ ਦਾ ਪੁੱਤਰ।੧।

(ਗ੍ਰਿਹਸਤੀ, ਉਦਾਸੀ; ਰਾਜਾ, ਕੰਗਾਲ; ਬ੍ਰਾਹਮਣ, ਖੱਤ੍ਰੀ; ਸਭ ਵਿਚ ਇਹੀ ਵੱਸਦਾ ਹੈ; ਫਿਰ ਭੀ ਇਹਨਾਂ ਵਿਚ ਰਹਿਣ ਕਰ ਕੇ ਸਦਾ ਲਈ) ਨਾਹ ਇਹ ਗ੍ਰਿਹਸਤੀ ਹੈ ਨਾਹ ਉਦਾਸੀ, ਨਾਹ ਇਹ ਰਾਜਾ ਹੈ ਨਾਹ ਮੰਗਤਾ; ਨਾਹ ਇਹ ਬ੍ਰਾਹਮਣ ਹੈ ਨਾਹ ਖੱਤ੍ਰੀ; ਨਾਹ ਇਸ ਦਾ ਕੋਈ ਸਰੀਰ ਹੈ ਨਾਹ ਇਸ ਵਿਚ ਰਤਾ ਭਰ ਭੀ ਲਹੂ ਹੈ।੨।

(ਤਪੇ, ਸ਼ੇਖ਼, ਸਭ ਵਿਚ ਇਹੀ ਹੈ; ਸਭ ਸਰੀਰਾਂ ਵਿਚ ਆ ਕੇ ਜੰਮਦਾ ਮਰਦਾ ਭੀ ਜਾਪਦਾ ਹੈ, ਫਿਰ ਭੀ ਸਦਾ ਲਈ) ਨਾਹ ਇਹ ਕੋਈ ਤਪਸ੍ਵੀ ਹੈ ਨਾਹ ਕੋਈ ਸ਼ੇਖ਼ ਹੈ; ਨਾਹ ਇਹ ਜੰਮਦਾ ਹੈ ਨਾਹ ਮਰਦਾ ਹੈ। ਜਿਹੜਾ ਕੋਈ ਜੀਵ ਇਸ (ਅੰਦਰ-ਵੱਸਦੇ) ਨੂੰ ਮਰਦਾ ਸਮਝ ਕੇ ਰੋਂਦਾ ਹੈ ਉਹ ਖ਼ੁਆਰ ਹੀ ਹੁੰਦਾ ਹੈ।੩।

ਹੇ ਕਬੀਰ! ਆਖ-(ਜਦੋਂ ਦਾ) ਮੈਂ ਆਪਣੇ ਗੁਰੂ ਦੀ ਕਿਰਪਾ ਨਾਲ (ਜ਼ਿੰਦਗੀ ਦਾ ਸਹੀ) ਰਸਤਾ ਲੱਭਾ ਹੈ, ਮੈਂ ਆਪਣਾ ਜਨਮ ਮਰਨ ਦੋਵੇਂ ਖ਼ਤਮ ਕਰਾ ਲਏ ਹਨ (ਭਾਵ, ਮੇਰਾ ਜਨਮ-ਮਰਨ ਦਾ ਗੇੜ ਮੁੱਕ ਗਿਆ ਹੈ; ਹੁਣ ਮੈਨੂੰ ਸਮਝ ਆ ਗਈ ਹੈ ਕਿ) ਸਾਡੇ ਅੰਦਰ ਵੱਸਣ ਵਾਲਾ ਇਹ ਪਰਮਾਤਮਾ ਦੀ ਅੰਸ ਹੈ, ਤੇ ਇਹ ਦੋਵੇਂ ਆਪੋ ਵਿਚ ਇਉਂ ਜੁੜੇ ਹੋਏ ਹਨ ਜਿਵੇਂ ਕਾਗ਼ਜ਼ ਅਤੇ (ਕਾਗ਼ਜ਼ ਉੱਤੇ ਲਿਖੇ ਅੱਖਰਾਂ ਦੀ) ਸਿਆਹੀ।੪।੨।੫।

ਸ਼ਬਦ ਦਾ ਭਾਵ: ਪਰਮਾਤਮਾ ਹਰੇਕ ਜੀਵ ਵਿਚ ਵਿਆਪਕ ਭੀ ਹੈ, ਤੇ ਸਭ ਤੋਂ ਵੱਖਰਾ ਭੀ ਹੈ। ਜੀਵਾਂ ਵਾਂਗ ਉਸ ਨੂੰ ਜਨਮ-ਮਰਨ ਦਾ ਗੇੜ ਨਹੀਂ ਹੈ।

ਗੋਂਡ ॥ ਤੂਟੇ ਤਾਗੇ ਨਿਖੁਟੀ ਪਾਨਿ ॥ ਦੁਆਰ ਊਪਰਿ ਝਿਲਕਾਵਹਿ ਕਾਨ ॥ ਕੂਚ ਬਿਚਾਰੇ ਫੂਏ ਫਾਲ ॥ ਇਆ ਮੁੰਡੀਆ ਸਿਰਿ ਚਢਿਬੋ ਕਾਲ ॥੧॥ ਇਹੁ ਮੁੰਡੀਆ ਸਗਲੋ ਦ੍ਰਬੁ ਖੋਈ ॥ ਆਵਤ ਜਾਤ ਨਾਕ ਸਰ ਹੋਈ ॥੧॥ ਰਹਾਉ ॥ ਤੁਰੀ ਨਾਰਿ ਕੀ ਛੋਡੀ ਬਾਤਾ ॥ ਰਾਮ ਨਾਮ ਵਾ ਕਾ ਮਨੁ ਰਾਤਾ ॥ ਲਰਿਕੀ ਲਰਿਕਨ ਖੈਬੋ ਨਾਹਿ ॥ ਮੁੰਡੀਆ ਅਨਦਿਨੁ ਧਾਪੇ ਜਾਹਿ ॥੨॥ ਇਕ ਦੁਇ ਮੰਦਰਿ ਇਕ ਦੁਇ ਬਾਟ ॥ ਹਮ ਕਉ ਸਾਥਰੁ ਉਨ ਕਉ ਖਾਟ ॥ ਮੂਡ ਪਲੋਸਿ ਕਮਰ ਬਧਿ ਪੋਥੀ ॥ ਹਮ ਕਉ ਚਾਬਨੁ ਉਨ ਕਉ ਰੋਟੀ ॥੩॥ ਮੁੰਡੀਆ ਮੁੰਡੀਆ ਹੂਏ ਏਕ ॥ ਏ ਮੁੰਡੀਆ ਬੂਡਤ ਕੀ ਟੇਕ ॥ ਸੁਨਿ ਅੰਧਲੀ ਲੋਈ ਬੇਪੀਰਿ ॥ ਇਨ੍ਹ੍ਹ ਮੁੰਡੀਅਨ ਭਜਿ ਸਰਨਿ ਕਬੀਰ ॥੪॥੩॥੬॥ {ਪੰਨਾ 871}

ਨੋਟ: ਰਾਗ ਆਸਾ ਵਿਚ ਸ਼ਬਦ "ਕਰਵਤ ਭਲਾ" ਅਤੇ ਬਿਲਾਵਲ ਵਿਚ ਸ਼ਬਦ "ਨਿਤ ਉਠਿ ਕੋਰੀ" ਦੇ ਅਰਥ ਕਰਨ ਵੇਲੇ ਦੱਸਿਆ ਜਾ ਚੁੱਕਾ ਹੈ ਕਿ ਸ਼ਬਦ ਦਾ ਕੋਈ ਭੀ ਹਿੱਸਾ ਕਬੀਰ ਜੀ ਦੀ ਵਹੁਟੀ ਜਾਂ ਮਾਂ ਦਾ ਉਚਾਰਿਆ ਹੋਇਆ ਨਹੀਂ ਹੋ ਸਕਦਾ। ਇਹ ਬਚਨ ਕਬੀਰ ਜੀ ਦੇ ਆਪਣੇ ਹਨ। ਇਹਨਾਂ ਵਿਚ ਦੱਸਿਆ ਇਹ ਗਿਆ ਹੈ ਕਿ ਬੰਦਗੀ ਕਰਨ ਵਾਲੇ ਮਨੁੱਖ ਤੇ ਦੁਨੀਆਦਾਰ ਦਾ ਜ਼ਿੰਦਗੀ ਦਾ ਨਿਸ਼ਾਨਾ ਵੱਖੋ ਵੱਖ ਹੋਣ ਕਰ ਕੇ ਦੋਹਾਂ ਦਾ ਮੇਲ ਮੁਸ਼ਕਿਲ ਹੈ। ਇਹ ਗੱਲ ਭੀ ਗਲਤ ਹੈ ਕਿ ਕਬੀਰ ਜੀ ਕੰਮ ਕਰਨਾ ਛੱਡ ਬੈਠੇ ਸਨ। ਆਖ਼ਰ, ਪਰਵਾਰ ਦੇ ਨਿਰਬਾਹ ਲਈ ਹੋਰ ਕਿਹੜੀ ਧਿਰ ਕਮਾਈ ਕਰਦੀ ਸੀ? ਘਰ ਵਿਚ ਇਤਨੇ ਸਤਸੰਗੀ ਭੀ ਆਏ ਰਹਿੰਦੇ ਸਨ, ਪਰਵਾਰ ਭੀ ਸੀ, ਇਹਨਾਂ ਸਭਨਾਂ ਵਾਸਤੇ ਕਬੀਰ ਜੀ ਹੀ ਮਿਹਨਤ ਕਰਦੇ ਸਨ। ਪਰ ਅਸਲ ਗੱਲ ਇਹ ਹੈ ਕਿ ਕਬੀਰ ਜੀ ਦੀ ਵਹੁਟੀ ਨੂੰ ਇਹਨਾਂ ਸਤਸੰਗੀਆਂ ਦਾ ਨਿੱਤ ਆਉਣਾ ਪਸੰਦ ਨਹੀਂ ਸੀ। ਇਸ ਵਾਸਤੇ ਇਨਸਾਨੀ ਸੁਭਾਵ ਅਨੁਸਾਰ ਗਿਲਾ ਵਧਾ ਕੇ ਕੀਤਾ ਗਿਆ ਹੈ। ਹਰ ਕੋਈ ਇਉਂ ਹੀ ਕਰਦਾ ਹੈ।

ਪਦਅਰਥ: ਨਿਖੁਟੀਮੁੱਕ ਗਈ ਹੈ। ਪਾਨਿਪਾਣ, ਆਟੇ ਦੀ ਮਾਇਆ ਜੋ ਸੂਤਰ ਨੂੰ ਕੱਪੜਾ ਉਣਨ ਤੋਂ ਪਹਿਲਾਂ ਲਾਈ ਜਾਂਦੀ ਹੈ। ਕਾਨਕਾਨੇ। ਫੂਏ ਫਾਲਤੀਲਾ ਤੀਲਾ ਹੋ ਗਏ ਹਨ, ਖਿਲਰੇ ਰਹਿੰਦੇ ਹਨ। ਇਆ ਮੁੰਡੀਆ ਸਿਰਿ—(ਮੇਰੇ) ਇਸ (ਖਸਮ) ਸਾਧੂ ਦੇ ਸਿਰ ਉੱਤੇ। ਚਢਿਬੋਚੜ੍ਹਿਆ ਹੋਇਆ ਹੈ, ਸਵਾਰ ਹੈ।੧।

ਦ੍ਰਬੁਧਨ। ਖੋਈਗਵਾ ਰਿਹਾ ਹੈ। ਨੋਟ: ਔਖਿਆਈ ਇਹ ਨਹੀਂ ਸੀ ਕਿ ਕਬੀਰ ਜੀ ਕਮਾਂਦੇ ਨਹੀਂ ਸਨ, ਸਗੋਂ ਇਹ ਕਿ ਸਤਸੰਗੀਆਂ ਨੂੰ ਖੁਆ ਦੇਂਦੇ ਸਨ। ਨਾਕ ਸਰਨੱਕਦਮ।੧।ਰਹਾਉ।

ਤੁਰੀਖੱਡੀ ਦੀ ਉਹ ਲੱਠ ਜਿਸ ਦੇ ਦੁਆਲੇ ਉਣਿਆ ਹੋਇਆ ਕੱਪੜਾ ਵਲ੍ਹੇਟਦੇ ਜਾਂਦੇ ਹਨ। ਨਾਰਿਨਾਲ, ਜਿਸ ਵਿਚ ਧਾਗੇ ਦੀ ਨਲੀ ਪਾਈ ਜਾਂਦੀ ਹੈ। ਵਾ ਕਾ—(ਉਸ ਕਬੀਰ) ਦਾ। ਖੈਬੋਖਾਣ ਜੋਗਾ। ਅਨਦਿਨੁਹਰ ਰੋਜ਼। ਧਾਪੇਰੱਜੇ ਹੋਏ।੨।

ਮੰਦਰਿਘਰ ਵਿਚ। ਬਾਟਰਾਹ ਤੇ, (ਭਾਵ, ਤੁਰੇ ਆ ਰਹੇ ਹਨ, ਆਵਾਜਾਈ ਲੱਗੀ ਹੀ ਰਹਿੰਦੀ ਹੈ। ਸਾਥਰੁਭੁੰਞੇ, ਸੱਥਰ। ਖਾਟਮੰਜੀ। ਪਲੋਸਿਹੱਥ ਫੇਰ ਕੇ। ਕਮਰਲੱਕ। ਚਾਬਨੁਭੁੱਜੇ ਦਾਣੇ।੩।

ਨੋਟ: ਇੱਥੋਂ ਤਕ ਤਾਂ ਦੁਨੀਆਦਾਰ ਦਾ ਗਿਲਾ ਹੈ। ਅਗਲੇ ਬੰਦ ਵਿਚ ਬੰਦਗੀ ਵਾਲੇ ਦਾ ਦ੍ਰਿਸ਼ਟੀਕੋਣ ਹੈ।

ਮੁੰਡੀਆਸਤਸੰਗੀ। ਬੂਡਤ ਕੀ ਟੇਕ—(ਸੰਸਾਰਸਮੁੰਦਰ ਵਿਚ) ਡੁੱਬਦਿਆਂ ਦਾ ਸਹਾਰਾ। ਬੇਪੀਰਿਨਿਗੁਰੀ।੪।

ਅਰਥ: (ਮੇਰਾ) ਇਹ (ਖਸਮ) ਸਾਧੂ ਸਾਰਾ (ਕਮਾਇਆ) ਧਨ ਗਵਾਈ ਜਾਂਦਾ ਹੈ (ਇਸ ਦੇ ਸਤਸੰਗੀਆਂ ਦੀ) ਆਵਾਜਾਈ ਨਾਲ ਮੇਰੀ ਨੱਕ-ਜਿੰਦ ਆਈ ਪਈ ਹੈ।੧।ਰਹਾਉ।

(ਇਸ ਨੂੰ ਘਰ ਦੇ ਕੰਮ-ਕਾਜ ਦਾ ਕੋਈ ਫ਼ਿਕਰ ਹੀ ਨਹੀਂ, ਜੇ) ਤਾਣੀ ਦੇ ਧਾਗੇ ਟੁੱਟੇ ਪਏ ਹਨ (ਤਾਂ ਟੁੱਟੇ ਹੀ ਰਹਿੰਦੇ ਹਨ), ਜੇ ਪਾਣ ਮੁੱਕ ਗਈ ਹੈ (ਤਾਂ ਮੁੱਕੀ ਹੀ ਪਈ ਹੈ)ਬੂਹੇ ਤੇ (ਸੱਖਣੇ) ਕਾਨੀ ਪਏ ਲਿਸ਼ਕਦੇ ਹਨ (ਵਰਤਣ ਖੁਣੋਂ ਪਏ ਹਨ); ਵਿਚਾਰੇ ਕੁੱਚ ਤੀਲਾ ਤੀਲਾ ਹੋ ਰਹੇ ਹਨ; (ਪਤਾ ਨਹੀਂ ਇਸ ਸਾਧੂ ਦਾ ਕੀਹ ਬਣੇਗਾ), ਇਸ ਸਾਧੂ ਦੇ ਸਿਰ ਮੌਤ ਸਵਾਰ ਹੋਈ ਜਾਪਦੀ ਹੈ।੧।

ਤੁਰੀ ਤੇ ਨਾਲਾਂ (ਦੇ ਵਰਤਣ) ਦਾ ਇਸ ਨੂੰ ਚੇਤਾ ਹੀ ਨਹੀਂ (ਭਾਵ, ਕੱਪੜਾ ਉਣਨ ਦਾ ਇਸ ਨੂੰ ਕੋਈ ਖ਼ਿਆਲ ਹੀ ਨਹੀਂ ਹੈ), ਇਸ ਦਾ ਮਨ ਸਦਾ ਰਾਮ-ਨਾਮ ਵਿਚ ਰੰਗਿਆ ਰਹਿੰਦਾ ਹੈ, (ਘਰ ਵਿਚ) ਕੁੜੀ ਮੁੰਡਿਆਂ ਦੇ ਖਾਣ ਜੋਗਾ ਕੁਝ ਨਹੀਂ (ਰਹਿੰਦਾ) ਪਰ ਇਸ ਦੇ ਸਤਸੰਗੀ ਹਰ ਰੋਜ਼ ਰੱਜ ਕੇ ਜਾਂਦੇ ਹਨ।੨।

(ਨੋਟ: ਸ਼ਿਕਾਇਤ ਇਹੀ ਹੈ ਕਿ ਸਾਂਭ ਕੇ ਨਹੀਂ ਰੱਖਦਾ। ਕੰਮ ਕਰਨਾ ਨਹੀਂ ਛੱਡਿਆ)

ਜੇ ਇੱਕ ਦੋ ਸਾਧੂ (ਸਾਡੇ) ਘਰ ਬੈਠੇ ਹਨ ਤਾਂ ਇਕ ਦੋ ਤੁਰੇ ਭੀ ਆ ਰਹੇ ਹਨ, (ਹਰ ਵੇਲੇ ਆਵਾਜਾਈ ਲੱਗੀ ਰਹਿੰਦੀ ਹੈ), ਸਾਨੂੰ ਭੁੰਞੇ ਸੌਣਾ ਪੈਂਦਾ ਹੈ, ਉਹਨਾਂ ਨੂੰ ਮੰਜੇ ਦਿੱਤੇ ਜਾਂਦੇ ਹਨ। ਉਹ ਸਾਧੂ ਲੱਕਾਂ ਨਾਲ ਪੋਥੀਆਂ ਲਮਕਾਈਆਂ ਹੋਈਆਂ ਸਿਰਾਂ ਤੇ ਹੱਥ ਫੇਰਦੇ ਤੁਰੇ ਆਉਂਦੇ ਹਨ। (ਕਈ ਵਾਰ ਉਹਨਾਂ ਦੇ ਕੁਵੇਲੇ ਆ ਜਾਣ ਤੇ) ਸਾਨੂੰ ਤਾਂ ਭੁੱਜੇ ਦਾਣੇ ਚੱਬਣੇ ਪੈਂਦੇ ਹਨ, ਉਹਨਾਂ ਨੂੰ ਰੋਟੀਆਂ ਮਿਲਦੀਆਂ ਹਨ।੩।

ਹੇ ਕਬੀਰ! (ਆਖ-ਇਹਨਾਂ ਸਤ-ਸੰਗੀਆਂ ਨਾਲ ਇਹ ਪਿਆਰ ਇਸ ਵਾਸਤੇ ਹੈ ਕਿ) ਸਤ ਸੰਗੀਆਂ ਦੇ ਦਿਲ ਆਪੋ ਵਿਚ ਮਿਲੇ ਹੋਏ ਹਨ, ਤੇ ਇਹ ਸਤ-ਸੰਗੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ) ਡੁੱਬਦਿਆਂ ਦਾ ਸਹਾਰਾ ਹਨ। ਹੇ ਅੰਨ੍ਹੀ ਨਿਗੁਰੀ ਲੋਈ! ਸੁਣ, ਤੂੰ ਭੀ ਇਹਨਾਂ ਸਤ-ਸੰਗੀਆਂ ਦੀ ਸ਼ਰਨ ਪਉ।੪।੩।੬।

ਨੋਟ: ਇਸੇ ਹੀ ਰਾਗ ਦੇ ਸ਼ਬਦ ਨੰ: ੮ ਨੂੰ ਗਹੁ ਨਾਲ ਪੜ੍ਹੋ। ਕਬੀਰ ਜੀ ਜਾਣਦੇ ਹਨ ਕਿ ਗ੍ਰਿਹਸਤੀ ਵਾਸਤੇ ਧਨ ਕਮਾਉਣਾ ਜ਼ਰੂਰੀ ਹੈ, ਤਾਕਿ ਆਪਣੀ ਤੇ ਘਰ ਆਏ ਸੱਜਣਾਂ ਦੀ ਉਦਰ-ਪੂਰਨਾ ਕਰ ਸਕੇ। ਆਪਣੀ ਰੋਜ਼ੀ ਦਾ ਭਾਰ ਹੋਰਨਾਂ ਉੱਤੇ ਪਾ ਦੇਣਾ-ਨਾਹ ਇਹ ਸਿੱਖਿਆ ਗੁਰੂ ਨਾਨਕ ਦੇਵ ਜੀ ਦੀ ਹੈ, ਤੇ ਨਾਹ ਹੀ ਕਬੀਰ ਜੀ ਦੀ, ਜਿਨ੍ਹਾਂ ਦੀ ਇਹ ਬਾਣੀ ਸਤਿਗੁਰੂ ਜੀ ਇਤਨੇ ਪਿਆਰ ਨਾਲ ਸਾਂਭ ਕੇ ਲਿਆਏ ਸਨ। ਹਾਂ, ਇਕ ਗੱਲ ਅਗਲੇ ਹੀ ਸ਼ਬਦ ਨੰ: ੭ ਵਿਚ ਕਬੀਰ ਜੀ ਨੇ ਸਾਫ਼ ਦੱਸੀ ਹੈ ਕਿ ਉਹ ਮਾਇਆ ਨੂੰ ਆਪਣੀ ਜਿੰਦ-ਜਾਨ ਬਣਾਉਣ ਨੂੰ ਤਿਆਰ ਨਹੀਂ ਸਨ।

ਗੋਂਡ ॥ ਖਸਮੁ ਮਰੈ ਤਉ ਨਾਰਿ ਨ ਰੋਵੈ ॥ ਉਸੁ ਰਖਵਾਰਾ ਅਉਰੋ ਹੋਵੈ ॥ ਰਖਵਾਰੇ ਕਾ ਹੋਇ ਬਿਨਾਸ ॥ ਆਗੈ ਨਰਕੁ ਈਹਾ ਭੋਗ ਬਿਲਾਸ ॥੧॥ ਏਕ ਸੁਹਾਗਨਿ ਜਗਤ ਪਿਆਰੀ ॥ ਸਗਲੇ ਜੀਅ ਜੰਤ ਕੀ ਨਾਰੀ ॥੧॥ ਰਹਾਉ ॥ ਸੋਹਾਗਨਿ ਗਲਿ ਸੋਹੈ ਹਾਰੁ ॥ ਸੰਤ ਕਉ ਬਿਖੁ ਬਿਗਸੈ ਸੰਸਾਰੁ ॥ ਕਰਿ ਸੀਗਾਰੁ ਬਹੈ ਪਖਿਆਰੀ ॥ ਸੰਤ ਕੀ ਠਿਠਕੀ ਫਿਰੈ ਬਿਚਾਰੀ ॥੨॥ ਸੰਤ ਭਾਗਿ ਓਹ ਪਾਛੈ ਪਰੈ ॥ ਗੁਰ ਪਰਸਾਦੀ ਮਾਰਹੁ ਡਰੈ ॥ ਸਾਕਤ ਕੀ ਓਹ ਪਿੰਡ ਪਰਾਇਣਿ ॥ ਹਮ ਕਉ ਦ੍ਰਿਸਟਿ ਪਰੈ ਤ੍ਰਖਿ ਡਾਇਣਿ ॥੩॥ ਹਮ ਤਿਸ ਕਾ ਬਹੁ ਜਾਨਿਆ ਭੇਉ ॥ ਜਬ ਹੂਏ ਕ੍ਰਿਪਾਲ ਮਿਲੇ ਗੁਰਦੇਉ ॥ ਕਹੁ ਕਬੀਰ ਅਬ ਬਾਹਰਿ ਪਰੀ ॥ ਸੰਸਾਰੈ ਕੈ ਅੰਚਲਿ ਲਰੀ ॥੪॥੪॥੭॥ {ਪੰਨਾ 871}

ਪਦਅਰਥ: ਖਸਮਮਾਲਕ, ਮਨੁੱਖ। ਨਾਰਿਮਾਇਆ। ਈਹਾਇੱਥੇ, ਇਸ ਜੀਵਨ ਵਿਚ।੧।

ਗਲਿਗਲ ਵਿਚ। ਸੋਹੈਸੁਹਣਾ ਲੱਗਦਾ ਹੈ। ਬਿਖੁਜ਼ਹਿਰ। ਬਿਗਸੈਖ਼ੁਸ਼ ਹੁੰਦਾ ਹੈ। ਪਖਿਆਰੀਵੇਸਵਾ। ਠਿਠਕੀਫਿਟਕਾਰੀ ਹੋਈ।੨।

ਓਹਉਹ ਮਾਇਆ। ਮਾਰਹੁ—(ਸੰਤਾਂ ਦੀ) ਮਾਰ ਤੋਂ। ਪਿੰਡ ਪਰਾਇਣਿਸਰੀਰ ਦਾ ਆਸਰਾ, ਜਿੰਦਜਾਨ। ਦ੍ਰਿਸਟਿ ਪਰੈਦਿੱਸਦੀ ਹੈ। ਤ੍ਰਖਿਤ੍ਰਿਖੀ, ਭਿਆਨਕ।੩।

ਭੇਉਭੇਤ। ਬਾਹਰਿ ਪਰੀਮਨ ਵਿਚੋਂ ਨਿਕਲ ਗਈ ਹੈ। ਅੰਚਲਿਪੱਲੇ। ਲਰੀਲੱਗੀ।੪

ਅਰਥ: (ਇਹ ਮਾਇਆ) ਇਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ, ਸਾਰੇ ਜੀਆ ਜੰਤ ਇਸ ਨੂੰ ਆਪਣੀ ਇਸਤ੍ਰੀ ਬਣਾ ਕੇ ਰੱਖਣਾ ਚਾਹੁੰਦੇ ਹਨ (ਆਪਣੇ ਵੱਸ ਵਿਚ ਰੱਖਣਾ ਚਾਹੁੰਦੇ ਹਨ)੧।ਰਹਾਉ।

(ਪਰ ਇਸ ਮਾਇਆ ਨੂੰ ਇਸਤ੍ਰੀ ਬਣਾ ਕੇ ਰੱਖਣ ਵਾਲਾ) ਮਨੁੱਖ (ਆਖ਼ਰ) ਮਰ ਜਾਂਦਾ ਹੈ, ਇਹ (ਮਾਇਆ) ਵਹੁਟੀ (ਉਸ ਦੇ ਮਰਨ ਤੇ) ਰੋਂਦੀ ਭੀ ਨਹੀਂ, ਕਿਉਂਕਿ ਇਸ ਦਾ ਰਾਖਾ (ਖਸਮ) ਕੋਈ ਧਿਰ ਹੋਰ ਬਣ ਜਾਂਦਾ ਹੈ (ਸੋ, ਇਹ ਕਦੇ ਭੀ ਰੰਡੀ ਨਹੀਂ ਹੁੰਦੀ)(ਇਸ ਮਾਇਆ ਦਾ) ਰਾਖਾ ਮਰ ਜਾਂਦਾ ਹੈ, ਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ (ਵਿਚ ਮਸਤ ਰਹਿਣ) ਕਰਕੇ ਅਗਾਂਹ (ਆਪਣੇ ਲਈ) ਨਰਕ ਸਹੇੜਦਾ ਹੈ।੧।

ਇਸ ਸੋਹਾਗਣ ਨਾਰ ਦੇ ਗਲ ਵਿਚ ਹਾਰ ਸੋਭਦਾ ਹੈ, (ਭਾਵ, ਜੀਵਾਂ ਦੇ ਮਨ ਮੋਹਣ ਨੂੰ ਸਦਾ ਸੁਹਣੀ ਬਣੀ ਰਹਿੰਦੀ ਹੈ)(ਇਸ ਨੂੰ ਵੇਖ ਵੇਖ ਕੇ) ਜਗਤ ਖ਼ੁਸ਼ ਹੁੰਦਾ ਹੈ, ਪਰ ਸੰਤਾਂ ਨੂੰ ਇਹ ਜ਼ਹਿਰ (ਵਾਂਗ) ਦਿੱਸਦੀ ਹੈ। ਵੇਸਵਾ (ਵਾਂਗ) ਸਦਾ ਸ਼ਿੰਗਾਰ ਕਰੀ ਰੱਖਦੀ ਹੈ, ਪਰ ਸੰਤਾਂ ਦੀ ਫਿਟਕਾਰੀ ਹੋਈ ਵਿਚਾਰੀ (ਸੰਤਾਂ ਤੋਂ) ਪਰੇ ਪਰੇ ਹੀ ਫਿਰਦੀ ਹੈ।੨।

(ਇਹ ਮਾਇਆ) ਭੱਜ ਕੇ ਸੰਤਾਂ ਦੇ ਲੜ ਲੱਗਣ ਦੀ ਕੋਸ਼ਸ਼ ਕਰਦੀ ਹੈ, ਪਰ (ਸੰਤਾਂ ਉੱਤੇ) ਗੁਰੂ ਦੀ ਮਿਹਰ ਹੋਣ ਕਰ ਕੇ (ਇਹ ਸੰਤਾਂ ਦੀ) ਮਾਰ ਤੋਂ ਭੀ ਡਰਦੀ ਹੈ (ਇਸ ਵਾਸਤੇ ਨੇੜੇ ਨਹੀਂ ਢੁੱਕਦੀ)ਇਹ ਮਾਇਆ ਪ੍ਰਭੂ ਨਾਲੋਂ ਟੁੱਟੇ ਹੋਏ ਬੰਦਿਆਂ ਦੀ ਜਿੰਦ-ਜਾਨ ਬਣੀ ਰਹਿੰਦੀ ਹੈ, ਪਰ ਮੈਨੂੰ ਤਾਂ ਇਹ ਭਿਆਨਕ ਡੈਣ ਦਿੱਸਦੀ ਹੈ।੩।

ਜਦੋਂ ਮੇਰੇ ਸਤਿਗੁਰੂ ਜੀ ਮੇਰੇ ਉੱਤੇ ਦਿਆਲ ਹੋਏ ਤੇ ਮੈਨੂੰ ਮਿਲ ਪਏ, ਤਦੋਂ ਤੋਂ ਮੈਂ ਇਸ ਮਾਇਆ ਦਾ ਭੇਤ ਪਾ ਲਿਆ ਹੈ। ਹੇ ਕਬੀਰ! ਹੁਣ ਤੂੰ ਬੇਸ਼ੱਕ ਆਖ-ਮੈਥੋਂ ਤਾਂ ਇਹ ਮਾਇਆ ਪਰੇ ਹਟ ਗਈ ਹੈ, ਤੇ ਸੰਸਾਰੀ ਜੀਵਾਂ ਦੇ ਪੱਲੇ ਜਾ ਲੱਗੀ ਹੈ।੪।੪।੭।

TOP OF PAGE

Sri Guru Granth Darpan, by Professor Sahib Singh