ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 868

ਗੋਂਡ ਮਹਲਾ ੫ ॥ ਨਾਮੁ ਨਿਰੰਜਨੁ ਨੀਰਿ ਨਰਾਇਣ ॥ ਰਸਨਾ ਸਿਮਰਤ ਪਾਪ ਬਿਲਾਇਣ ॥੧॥ ਰਹਾਉ ॥ਨਾਰਾਇਣ ਸਭ ਮਾਹਿ ਨਿਵਾਸ ॥ ਨਾਰਾਇਣ ਘਟਿ ਘਟਿ ਪਰਗਾਸ ॥ ਨਾਰਾਇਣ ਕਹਤੇ ਨਰਕਿ ਨ ਜਾਹਿ ॥ ਨਾਰਾਇਣ ਸੇਵਿ ਸਗਲ ਫਲ ਪਾਹਿ ॥੧॥ ਨਾਰਾਇਣ ਮਨ ਮਾਹਿ ਅਧਾਰ ॥ ਨਾਰਾਇਣ ਬੋਹਿਥ ਸੰਸਾਰ ॥ ਨਾਰਾਇਣ ਕਹਤ ਜਮੁ ਭਾਗਿ ਪਲਾਇਣ ॥ ਨਾਰਾਇਣ ਦੰਤ ਭਾਨੇ ਡਾਇਣ ॥੨॥ ਨਾਰਾਇਣ ਸਦ ਸਦ ਬਖਸਿੰਦ ॥ ਨਾਰਾਇਣ ਕੀਨੇ ਸੂਖ ਅਨੰਦ ॥ ਨਾਰਾਇਣ ਪ੍ਰਗਟ ਕੀਨੋ ਪਰਤਾਪ ॥ ਨਾਰਾਇਣ ਸੰਤ ਕੋ ਮਾਈ ਬਾਪ ॥੩॥ ਨਾਰਾਇਣ ਸਾਧਸੰਗਿ ਨਰਾਇਣ ॥ ਬਾਰੰ ਬਾਰ ਨਰਾਇਣ ਗਾਇਣ ॥ ਬਸਤੁ ਅਗੋਚਰ ਗੁਰ ਮਿਲਿ ਲਹੀ ॥ ਨਾਰਾਇਣ ਓਟ ਨਾਨਕ ਦਾਸ ਗਹੀ ॥੪॥੧੭॥੧੯॥ {ਪੰਨਾ 868}

ਪਦਅਰਥ: ਨਿਰੰਜਨੁ—{ਨਿਰਅੰਜਨੁ} ਮਾਇਆ ਦੀ ਕਾਲਖ ਤੋਂ ਪਰੇ ਰੱਖਣ ਵਾਲਾ। ਨਾਮੁ ਨਰਾਇਣਪਰਮਾਤਮਾ ਦਾ ਨਾਮ। ਨੀਰਿ—{ਕ੍ਰਿਆ} (ਆਪਣੇ ਹਿਰਦੇ ਵਿਚ) ਸਿੰਜ। ਰਸਨਾਜੀਭ (ਨਾਲ)ਬਿਲਾਇਣਦੂਰ ਹੋ ਜਾਂਦੇ ਹਨ।੧।ਰਹਾਉ।

ਘਟਿ ਘਟਿਹਰੇਕ ਘਟ ਵਿਚ, ਹਰੇਕ ਸਰੀਰ ਵਿਚ। ਨਰਕਿਨਰਕ ਵਿਚ। ਨ ਜਾਹਿਨਹੀਂ ਜਾਂਦੇ। ਸੇਵਿਸਿਮਰ ਕੇ।੧।

ਅਧਾਰਆਸਰਾ। ਬੋਹਿਥਜਹਾਜ਼। ਭਾਗਿਭੱਜ ਕੇ। ਪਲਾਇਣਦੌੜ (ਲਾ ਦੇਂਦਾ ਹੈ)ਭਾਨੇਭੰਨ ਦੇਂਦਾ ਹੈ। ਦੰਤ ਡਾਇਣ—(ਮਾਇਆ) ਡੈਣ ਦੇ ਦੰਦ।੨।

ਸਦ ਸਦਸਦਾ ਸਦਾ। ਬਖਸਿੰਦਬਖ਼ਸ਼ਣ ਵਾਲਾ। ਕੀਨੇਪੈਦਾ ਕਰ ਦਿੱਤੇ। ਕੋਦਾ।੩।

ਸਾਧ ਸੰਗਿਗੁਰੂ ਦੀ ਸੰਗਤਿ ਵਿਚ। ਬਾਰੰਬਾਰਮੁੜ ਮੁੜ। ਬਸਤੁਚੀਜ਼। ਅਗੋਚਰ—{ਗੋਚਰ। ਗੋਇੰਦਰੇ। ਚਰਪਹੁੰਚ} ਇੰਦਰਿਆਂ ਦੀ ਪਹੁੰਚ ਤੋਂ ਪਰੇ। ਗੁਰ ਮਿਲਿਗੁਰੂ ਨੂੰ ਮਿਲ ਕੇ। ਲਹੀਲੱਭ ਲਈ। ਦਾਸਦਾਸਾਂ ਨੇ। ਗਹੀਪਕੜੀ, ਫੜੀ। ਓਟਆਸਰਾ।੪।

ਅਰਥ: ਹੇ ਭਾਈ! ਨਾਰਾਇਣ ਦਾ ਨਾਮ ਮਾਇਆ ਦੀ ਕਾਲਖ ਤੋਂ ਬਚਾਣ ਵਾਲਾ (ਹੈ, ਇਸ ਨੂੰ ਆਪਣੇ ਹਿਰਦੇ ਵਿਚ) ਸਿੰਜ। (ਇਹ ਨਾਮ) ਜੀਭ ਨਾਲ ਜਪਦਿਆਂ (ਸਾਰੇ) ਪਾਪ ਦੂਰ ਹੋ ਜਾਂਦੇ ਹਨ।੧।ਰਹਾਉ।

ਹੇ ਭਾਈ! ਸਭ ਜੀਵਾਂ ਵਿਚ ਨਾਰਾਇਣ ਦਾ ਨਿਵਾਸ ਹੈ, ਹਰੇਕ ਸਰੀਰ ਵਿਚ ਨਾਰਾਇਣ (ਦੀ ਜੋਤਿ) ਦਾ ਹੀ ਚਾਨਣ ਹੈ। ਨਾਰਾਇਣ (ਦਾ ਨਾਮ) ਜਪਣ ਵਾਲੇ ਜੀਵ ਨਰਕ ਵਿਚ ਨਹੀਂ ਪੈਂਦੇ। ਨਾਰਾਇਣ ਦੀ ਭਗਤੀ ਕਰ ਕੇ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ।੧।

ਹੇ ਭਾਈ! ਨਾਰਾਇਣ (ਦੇ ਨਾਮ) ਨੂੰ (ਆਪਣੇ) ਮਨ ਵਿਚ ਆਸਰਾ ਬਣਾ ਲੈ, ਨਾਰਾਇਣ (ਦਾ ਨਾਮ) ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਲਈ ਜਹਾਜ਼ ਹੈ। ਨਾਰਾਇਣ ਦਾ ਨਾਮ ਜਪਦਿਆਂ ਜਮ ਭੱਜ ਕੇ ਪਰੇ ਚਲਾ ਜਾਂਦਾ ਹੈ। ਨਾਰਾਇਣ (ਦਾ ਨਾਮ ਮਾਇਆ) ਡੈਣ ਦੇ ਦੰਦ ਭੰਨ ਦੇਂਦਾ ਹੈ।੨।

ਹੇ ਭਾਈ! ਨਾਰਾਇਣ ਸਦਾ ਹੀ ਬਖ਼ਸ਼ਣਹਾਰ ਹੈ। ਨਾਰਾਇਣ (ਆਪਣੇ ਸੇਵਕਾਂ ਦੇ ਹਿਰਦੇ ਵਿਚ) ਸੁਖ ਆਨੰਦ ਪੈਦਾ ਕਰਦਾ ਹੈ, (ਉਹਨਾਂ ਦੇ ਅੰਦਰ ਆਪਣਾ) ਤੇਜ-ਪਰਤਾਪ ਪਰਗਟ ਕਰਦਾ ਹੈ। ਹੇ ਭਾਈ! ਨਾਰਾਇਣ ਆਪਣੇ ਸੇਵਕਾਂ ਸੰਤਾਂ ਦਾ ਮਾਂ ਪਿਉ (ਵਾਂਗ ਰਾਖਾ) ਹੈ।੩।

ਹੇ ਭਾਈ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ ਸਦਾ ਨਾਰਾਇਣ ਦਾ ਨਾਮ ਜਪਦੇ ਹਨ, ਮੁੜ ਮੁੜ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ, ਉਹ ਮਨੁੱਖ ਗੁਰੂ ਨੂੰ ਮਿਲ ਕੇ (ਉਹ ਮਿਲਾਪ-ਰੂਪ ਕੀਮਤੀ) ਚੀਜ਼ ਲੱਭ ਲੈਂਦੇ ਹਨ ਜੇਹੜੀ ਇਹਨਾਂ ਇੰਦਰਿਆਂ ਦੀ ਪਹੁੰਚ ਤੋਂ ਪਰੇ ਹੈ। ਹੇ ਨਾਨਕ! ਨਾਰਾਇਣ ਦੇ ਦਾਸ ਸਦਾ ਨਾਰਾਇਣ ਦਾ ਆਸਰਾ ਲਈ ਰੱਖਦੇ ਹਨ।੪।੧੭।੧੯।

ਗੋਂਡ ਮਹਲਾ ੫ ॥ ਜਾ ਕਉ ਰਾਖੈ ਰਾਖਣਹਾਰੁ ॥ ਤਿਸ ਕਾ ਅੰਗੁ ਕਰੇ ਨਿਰੰਕਾਰੁ ॥੧॥ ਰਹਾਉ ॥ਮਾਤ ਗਰਭ ਮਹਿ ਅਗਨਿ ਨ ਜੋਹੈ ॥ ਕਾਮੁ ਕ੍ਰੋਧੁ ਲੋਭੁ ਮੋਹੁ ਨ ਪੋਹੈ ॥ ਸਾਧਸੰਗਿ ਜਪੈ ਨਿਰੰਕਾਰੁ ॥ ਨਿੰਦਕ ਕੈ ਮੁਹਿ ਲਾਗੈ ਛਾਰੁ ॥੧॥ ਰਾਮ ਕਵਚੁ ਦਾਸ ਕਾ ਸੰਨਾਹੁ ॥ ਦੂਤ ਦੁਸਟ ਤਿਸੁ ਪੋਹਤ ਨਾਹਿ ॥ ਜੋ ਜੋ ਗਰਬੁ ਕਰੇ ਸੋ ਜਾਇ ॥ ਗਰੀਬ ਦਾਸ ਕੀ ਪ੍ਰਭੁ ਸਰਣਾਇ ॥੨॥ ਜੋ ਜੋ ਸਰਣਿ ਪਇਆ ਹਰਿ ਰਾਇ ॥ ਸੋ ਦਾਸੁ ਰਖਿਆ ਅਪਣੈ ਕੰਠਿ ਲਾਇ ॥ ਜੇ ਕੋ ਬਹੁਤੁ ਕਰੇ ਅਹੰਕਾਰੁ ॥ ਓਹੁ ਖਿਨ ਮਹਿ ਰੁਲਤਾ ਖਾਕੂ ਨਾਲਿ ॥੩॥ ਹੈ ਭੀ ਸਾਚਾ ਹੋਵਣਹਾਰੁ ॥ ਸਦਾ ਸਦਾ ਜਾਈ ਬਲਿਹਾਰ ॥ ਅਪਣੇ ਦਾਸ ਰਖੇ ਕਿਰਪਾ ਧਾਰਿ ॥ ਨਾਨਕ ਕੇ ਪ੍ਰਭ ਪ੍ਰਾਣ ਅਧਾਰ ॥੪॥੧੮॥੨੦॥ {ਪੰਨਾ 868}

ਪਦਅਰਥ: ਜਾ ਕਉਜਿਸ (ਮਨੁੱਖ) ਨੂੰ। ਰਾਖੈਬਚਾਂਦਾ ਹੈ। ਰਾਖਣਹਾਰੁਬਚਾਣ ਦੀ ਸਮਰਥਾ ਵਾਲਾ ਪ੍ਰਭੂ। ਤਿਸ ਕਾ—{ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}ਅੰਗੁਪੱਖ। ਨਿਰੰਕਾਰੁਆਕਾਰਰਹਿਤ ਪ੍ਰਭੂ।੧।ਰਹਾਉ।

ਜੋਹੈਤੱਕਦੀ, ਦੁੱਖ ਦੇਂਦੀ। ਨ ਪੋਹੈਆਪਣਾ ਪ੍ਰਭਾਵ ਨਹੀਂ ਪਾ ਸਕਦਾ। ਸਾਧ ਸੰਗਿਗੁਰੂ ਦੀ ਸੰਗਤਿ ਵਿਚ। ਕੈ ਮੁਹਿਦੇ ਮੂੰਹ ਵਿਚ, ਦੇ ਸਿਰ ਉਤੇ। ਛਾਰੁਸੁਆਹ।੧।

ਕਵਚੁ—{कवच} . ਲੋਹੇ ਦਾ ਕੋਟ, ਜ਼ਿਰਹ ਬਕਤਰ ੨. ਤੰਤਰ ਜੋ ਸ਼ਸਤ੍ਰਾਂ ਦੀ ਮਾਰ ਤੋਂ ਬਚਾ ਸਕੇ। ਸੰਨਾਹੁਸੰਜੋਅ। ਦੂਤ—(ਕਾਮਾਦਿਕ) ਵੈਰੀ। ਦੁਸਟਭੈੜੇ ਚੰਦਰੇ। ਗਰਬੁਅਹੰਕਾਰ। ਜਾਇਨਾਸ ਹੋ ਜਾਂਦਾ ਹੈ। ਸਰਣਾਇਆਸਰਾ।੨।

ਰਾਇਰਾਜਾ, ਪਾਤਿਸ਼ਾਹ। ਕੰਠਿਗਲ ਨਾਲ। ਲਾਇਲਾ ਕੇ। ਖਾਕੂ ਨਾਲਿਮਿੱਟੀ ਵਿਚ।੩।

ਹੈ ਭੀਹੁਣ ਭੀ ਮੌਜੂਦ ਹੈ। ਸਾਚਾਸਦਾ ਕਾਇਮ ਰਹਿਣ ਵਾਲਾ। ਹੋਵਣਹਾਰੁਅਗਾਂਹ ਨੂੰ ਭੀ ਕਾਇਮ ਰਹਿਣ ਵਾਲਾ। ਜਾਈਮੈਂ ਜਾਂਦਾ ਹਾਂ। ਬਲਿਹਾਰਕੁਰਬਾਨ। ਧਾਰਿਧਾਰ ਕੇ, ਕਰ ਕੇ। ਅਧਾਰਆਸਰਾ।੪।

ਅਰਥ: ਹੇ ਭਾਈ! ਜਿਸ ਮਨੁੱਖ ਨੂੰ ਰੱਖਣ-ਜੋਗ ਪ੍ਰਭੂ (ਕਾਮਾਦਿਕ ਵਿਕਾਰਾਂ ਤੋਂ) ਬਚਾਣਾ ਚਾਹੁੰਦਾ ਹੈ, ਪ੍ਰਭੂ ਉਸ ਮਨੁੱਖ ਦਾ ਪੱਖ ਕਰਦਾ ਹੈ (ਉਸ ਦੀ ਮਦਦ ਕਰਦਾ ਹੈ)੧।ਰਹਾਉ।

ਹੇ ਭਾਈ! (ਜਿਵੇਂ ਜੀਵ ਨੂੰ) ਮਾਂ ਦੇ ਪੇਟ ਵਿਚ ਅੱਗ ਦੁੱਖ ਨਹੀਂ ਦੇਂਦੀ, (ਤਿਵੇਂ ਪ੍ਰਭੂ ਜਿਸ ਮਨੁੱਖ ਦਾ ਪੱਖ ਕਰਦਾ ਹੈ, ਉਸ ਨੂੰ) ਕਾਮ, ਕ੍ਰੋਧ, ਲੋਭ, ਮੋਹ (ਕੋਈ ਭੀ) ਆਪਣੇ ਦਬਾਉ ਵਿਚ ਨਹੀਂ ਲਿਆ ਸਕਦਾ। ਉਹ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਦਾ ਹੈ, (ਪਰ ਉਸ) ਦੀ ਨਿੰਦਾ ਕਰਨ ਵਾਲੇ ਮਨੁੱਖ ਦੇ ਸਿਰ ਉਤੇ ਸੁਆਹ ਪੈਂਦੀ ਹੈ (ਨਿੰਦਕ ਬਦਨਾਮੀ ਹੀ ਖੱਟਦਾ ਹੈ)੧।

ਹੇ ਭਾਈ! ਪਰਮਾਤਮਾ (ਦਾ ਨਾਮ) ਸੇਵਕ ਵਾਸਤੇ (ਸ਼ਸਤ੍ਰਾਂ ਦੀ ਮਾਰ ਤੋਂ ਬਚਾਣ ਵਾਲਾ) ਤੰਤ੍ਰ ਹੈ, ਸੰਜੋਅ ਹੈ (ਜਿਸ ਮਨੁੱਖ ਦੇ ਪਾਸ ਰਾਮ-ਨਾਮ ਦਾ ਕਵਚ ਹੈ ਸੰਜੋਅ ਹੈ) ਉਸ ਨੂੰ (ਕਾਮਾਦਿਕ) ਚੰਦਰੇ ਵੈਰੀ ਪੋਹ ਨਹੀਂ ਸਕਦੇ। (ਪਰ) ਜੇਹੜਾ ਜੇਹੜਾ ਮਨੁੱਖ (ਆਪਣੀ ਤਾਕਤ ਦਾ) ਮਾਣ ਕਰਦਾ ਹੈ, ਉਹ (ਆਤਮਕ ਜੀਵਨ ਵਲੋਂ) ਤਬਾਹ ਹੋ ਜਾਂਦਾ ਹੈ। ਗ਼ਰੀਬ ਦਾ ਆਸਰਾ ਸੇਵਕ ਦਾ ਆਸਰਾ ਪ੍ਰਭੂ ਆਪ ਹੈ।੨।

ਹੇ ਭਾਈ! ਜੇਹੜਾ ਜੇਹੜਾ ਮਨੁੱਖ ਪ੍ਰਭੂ ਪਾਤਿਸ਼ਾਹ ਦੀ ਸਰਨੀ ਪੈ ਜਾਂਦਾ ਹੈ, ਉਸ ਸੇਵਕ ਨੂੰ ਪ੍ਰਭੂ ਆਪਣੇ ਗਲ ਨਾਲ ਲਾ ਕੇ (ਦੁਸਟ ਦੂਤਾਂ ਤੋਂ) ਬਚਾ ਲੈਂਦਾ ਹੈ। ਪਰ ਜੇਹੜਾ ਮਨੁੱਖ (ਆਪਣੀ ਹੀ ਤਾਕਤ ਉਤੇ) ਬੜਾ ਮਾਣ ਕਰਦਾ ਹੈ, ਉਹ ਮਨੁੱਖਾਂ (ਇਹਨਾਂ ਦੂਤਾਂ ਦੇ ਟਾਕਰੇ ਤੇ) ਇਕ ਖਿਨ ਵਿਚ ਹੀ ਮਿੱਟੀ ਵਿਚ ਮਿਲ ਜਾਂਦਾ ਹੈ।੩।

ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੁਣ ਭੀ ਮੌਜੂਦ ਹੈ, ਸਦਾ ਲਈ ਮੌਜੂਦ ਰਹੇਗਾ। ਮੈਂ ਸਦਾ ਉਸੇ ਉਤੋਂ ਸਦਕੇ ਜਾਂਦਾ ਹਾਂ। ਹੇ ਭਾਈ! ਨਾਨਕ ਦੇ ਪ੍ਰਭੂ ਜੀ ਆਪਣੇ ਦਾਸਾਂ ਦੀ ਜਿੰਦ ਦਾ ਆਸਰਾ ਹਨ। ਪ੍ਰਭੂ ਆਪਣੇ ਦਾਸ ਨੂੰ ਕਿਰਪਾ ਕਰ ਕੇ (ਵਿਕਾਰਾਂ ਤੋਂ ਸਦਾ) ਬਚਾਂਦਾ ਹੈ।੪।੧੮।੨੦।

ਗੋਂਡ ਮਹਲਾ ੫ ॥ ਅਚਰਜ ਕਥਾ ਮਹਾ ਅਨੂਪ ॥ ਪ੍ਰਾਤਮਾ ਪਾਰਬ੍ਰਹਮ ਕਾ ਰੂਪੁ ॥ ਰਹਾਉ ॥ਨਾ ਇਹੁ ਬੂਢਾ ਨਾ ਇਹੁ ਬਾਲਾ ॥ ਨਾ ਇਸੁ ਦੂਖੁ ਨਹੀ ਜਮ ਜਾਲਾ ॥ ਨਾ ਇਹੁ ਬਿਨਸੈ ਨਾ ਇਹੁ ਜਾਇ ॥ ਆਦਿ ਜੁਗਾਦੀ ਰਹਿਆ ਸਮਾਇ ॥੧॥ ਨਾ ਇਸੁ ਉਸਨੁ ਨਹੀ ਇਸੁ ਸੀਤੁ ॥ ਨਾ ਇਸੁ ਦੁਸਮਨੁ ਨਾ ਇਸੁ ਮੀਤੁ ॥ ਨਾ ਇਸੁ ਹਰਖੁ ਨਹੀ ਇਸੁ ਸੋਗੁ ॥ ਸਭੁ ਕਿਛੁ ਇਸ ਕਾ ਇਹੁ ਕਰਨੈ ਜੋਗੁ ॥੨॥ ਨਾ ਇਸੁ ਬਾਪੁ ਨਹੀ ਇਸੁ ਮਾਇਆ ॥ ਇਹੁ ਅਪਰੰਪਰੁ ਹੋਤਾ ਆਇਆ ॥ ਪਾਪ ਪੁੰਨ ਕਾ ਇਸੁ ਲੇਪੁ ਨ ਲਾਗੈ ॥ ਘਟ ਘਟ ਅੰਤਰਿ ਸਦ ਹੀ ਜਾਗੈ ॥੩॥ ਤੀਨਿ ਗੁਣਾ ਇਕ ਸਕਤਿ ਉਪਾਇਆ ॥ ਮਹਾ ਮਾਇਆ ਤਾ ਕੀ ਹੈ ਛਾਇਆ ॥ ਅਛਲ ਅਛੇਦ ਅਭੇਦ ਦਇਆਲ ॥ ਦੀਨ ਦਇਆਲ ਸਦਾ ਕਿਰਪਾਲ ॥ ਤਾ ਕੀ ਗਤਿ ਮਿਤਿ ਕਛੂ ਨ ਪਾਇ ॥ ਨਾਨਕ ਤਾ ਕੈ ਬਲਿ ਬਲਿ ਜਾਇ ॥੪॥੧੯॥੨੧॥ {ਪੰਨਾ 868}

ਪਦਅਰਥ: ਅਚਰਜਹੈਰਾਨ ਕਰਨ ਵਾਲੀ। ਅਨੂਪਉਪਮਾਰਹਿਤ, ਅਦੁਤੀ, ਜਿਸ ਵਰਗੀ ਹੋਰ ਕੋਈ ਸ਼ੈ ਨਾਹ ਹੋਵੇ। ਪ੍ਰਾਤਮਾਜੀਵਾਤਮਾ।ਰਹਾਉ।

ਬਾਲਾਬਾਲਕ। ਜਮ ਜਾਲਾਜਮਾਂ ਦਾ ਜਾਲ। ਜਾਇਜੰਮਦਾ। ਆਦਿਮੁੱਢ ਤੋਂ। ਜੁਗਾਦੀਜੁਗਾਦਿ, ਜੁਗਾਂ ਦੇ ਮੁੱਢ ਤੋਂ।੧।

ਉਸਨੁ—(ਵਿਕਾਰਾਂ ਦੀ) ਗਰਮੀ। ਸੀਤੁਠੰਢ। ਹਰਖੁਖ਼ੁਸ਼ੀ। ਸੋਗੁਫ਼ਿਕਰ। ਇਸ ਕਾ—{ਲਫ਼ਜ਼ 'ਇਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}ਕਰਨੈ ਜੋਗੁਕਰਨ ਦੀ ਤਾਕਤ ਰੱਖਣ ਵਾਲਾ।੨।

ਮਾਇਆਮਾਂ। ਅਪਰੰਪਰੁਪਰੇ ਤੋਂ ਪਰੇ। ਲੇਪੁਅਸਰ। ਘਟ ਘਟ ਅੰਤਰਿਹਰੇਕ ਸਰੀਰ ਵਿਚ। ਸਦਸਦਾ। ਜਾਗੈ—(ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ।੩।

ਸਕਤਿਮਾਇਆ। ਤਾ ਕੀਉਸ (ਪ੍ਰਭੂ) ਦੀ। ਛਾਇਆਛਾਂ, ਪਰਛਾਵਾਂ। ਗਤਿਆਤਮਕ ਅਵਸਥਾ। ਮਿਤਿਮਰਯਾਦਾ, ਵਿਤ। ਬਲਿਸਦਕੇ।੪।

ਅਰਥ: ਹੇ ਭਾਈ! ਜੀਵਾਤਮਾ ਉਸ ਪਰਮਾਤਮਾ ਦਾ ਰੂਪ ਹੈ ਜਿਸ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਹੈਰਾਨ ਕਰਨ ਵਾਲੀਆਂ ਹਨ ਤੇ ਬੜੀਆਂ ਅਦੁਤੀ ਹਨ।ਰਹਾਉ।

(ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ ਉਹ ਐਸਾ ਹੈ ਕਿ) ਨਾਹ ਇਹ ਕਦੇ ਬੁੱਢਾ ਹੁੰਦਾ ਹੈ, ਨਾਹ ਹੀ ਇਹ ਕਦੇ ਬਾਲਕ (ਅਵਸਥਾ ਵਿਚ ਪਰ-ਅਧੀਨ) ਹੁੰਦਾ ਹੈ। ਇਸ ਨੂੰ ਕੋਈ ਦੁੱਖ ਨਹੀਂ ਪੋਹ ਸਕਦਾ, ਜਮਾਂ ਦਾ ਜਾਲ ਫਸਾ ਨਹੀਂ ਸਕਦਾ। (ਪਰਮਾਤਮਾ ਐਸਾ ਹੈ ਕਿ) ਨਾਹ ਇਹ ਕਦੇ ਮਰਦਾ ਹੈ ਨਾਹ ਜੰਮਦਾ ਹੈ, ਇਹ ਤਾਂ ਸ਼ੁਰੂ ਤੋਂ ਹੀ, ਜੁਗਾਂ ਦੇ ਸ਼ੁਰੂ ਤੋਂ ਹੀ (ਹਰ ਥਾਂ) ਵਿਆਪਕ ਚਲਿਆ ਆ ਰਿਹਾ ਹੈ।੧।

(ਹੇ ਭਾਈ! ਜੀਵਾਤਮਾ ਜਿਸ ਪ੍ਰਭੂ ਦਾ ਰੂਪ ਹੈ ਉਹ ਐਸਾ ਹੈ ਕਿ) ਇਸ ਨੂੰ (ਵਿਕਾਰਾਂ ਦੀ) ਤਪਸ਼ ਨਹੀਂ ਪੋਹ ਸਕਦੀ (ਚਿੰਤਾ-ਫ਼ਿਕਰ ਦਾ) ਪਾਲਾ ਨਹੀਂ ਵਿਆਪ ਸਕਦਾ। ਨਾਹ ਇਸ ਦਾ ਕੋਈ ਵੈਰੀ ਹੈ ਨਾਹ ਮਿੱਤਰ ਹੈ (ਕਿਉਂਕਿ ਇਸ ਦੇ ਬਰਾਬਰ ਦਾ ਕੋਈ ਨਹੀਂ। ਕੋਈ ਖ਼ੁਸ਼ੀ ਜਾਂ ਗ਼ਮੀ ਭੀ ਇਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ। (ਜਗਤ ਦੀ) ਹਰੇਕ ਸ਼ੈ ਇਸੇ ਦੀ ਹੀ ਪੈਦਾ ਕੀਤੀ ਹੋਈ ਹੈ, ਇਹ ਸਭ ਕੁਝ ਕਰਨ ਦੇ ਸਮਰੱਥ ਹੈ।੨।

(ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ ਉਹ ਐਸਾ ਹੈ ਕਿ) ਇਸ ਦਾ ਨਾਹ ਕੋਈ ਪਿਉ ਹੈ, ਨਾਹ ਇਸ ਦੀ ਮਾਂ ਹੈ। ਇਹ ਤਾਂ ਪਰੇ ਤੋਂ ਪਰੇ ਹੈ, ਤੇ ਸਦਾ ਹੀ ਹੋਂਦ ਵਾਲਾ ਹੈ। ਪਾਪਾਂ ਅਤੇ ਪੁੰਨਾਂ ਦਾ ਭੀ ਇਸ ਉਤੇ ਕੋਈ ਅਸਰ ਨਹੀਂ ਪੈਂਦਾ। ਇਹ ਪ੍ਰਭੂ ਹਰੇਕ ਸਰੀਰ ਦੇ ਅੰਦਰ ਮੌਜੂਦ ਹੈ, ਅਤੇ ਸਦਾ ਹੀ ਸੁਚੇਤ ਰਹਿੰਦਾ ਹੈ।੩।

(ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ) ਇਹ ਬੜੀ ਡਾਢੀ ਮਾਇਆ ਉਸੇ ਦਾ ਹੀ ਪਰਛਾਵਾਂ ਹੈ, ਇਹ ਤਿੰਨਾਂ ਗੁਣਾਂ ਵਾਲੀ ਮਾਇਆ ਉਸੇ ਨੇ ਹੀ ਪੈਦਾ ਕੀਤੀ ਹੈ। ਉਸ ਪ੍ਰਭੂ ਨੂੰ (ਕੋਈ ਵਿਕਾਰ) ਛਲ ਨਹੀਂ ਸਕਦਾ, ਵਿੰਨ੍ਹ ਨਹੀਂ ਸਕਦਾ, ਉਸ ਦਾ ਭੇਤ ਨਹੀਂ ਪਾਇਆ ਜਾ ਸਕਦਾ, ਉਹ ਦਇਆ ਦਾ ਘਰ ਹੈ, ਉਹ ਦੀਨਾਂ ਉਤੇ ਸਦਾ ਦਇਆ ਕਰਨ ਵਾਲਾ ਹੈ, ਤੇ, ਦਇਆ ਦਾ ਸੋਮਾ ਹੈ। ਉਹ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਇਹ ਭੇਤ ਲੱਭਿਆ ਨਹੀਂ ਜਾ ਸਕਦਾ। ਨਾਨਕ ਉਸ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹੈ।੪।੧੯।੨੧।

TOP OF PAGE

Sri Guru Granth Darpan, by Professor Sahib Singh