ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 867

ਗੋਂਡ ਮਹਲਾ ੫ ॥ ਹਰਿ ਹਰਿ ਨਾਮੁ ਜਪਹੁ ਮੇਰੇ ਮੀਤ ॥ ਨਿਰਮਲ ਹੋਇ ਤੁਮ੍ਹ੍ਹਾਰਾ ਚੀਤ ॥ ਮਨ ਤਨ ਕੀ ਸਭ ਮਿਟੈ ਬਲਾਇ ॥ ਦੂਖੁ ਅੰਧੇਰਾ ਸਗਲਾ ਜਾਇ ॥੧॥ ਹਰਿ ਗੁਣ ਗਾਵਤ ਤਰੀਐ ਸੰਸਾਰੁ ॥ ਵਡ ਭਾਗੀ ਪਾਈਐ ਪੁਰਖੁ ਅਪਾਰੁ ॥੧॥ ਰਹਾਉ ॥ ਜੋ ਜਨੁ ਕਰੈ ਕੀਰਤਨੁ ਗੋਪਾਲ ॥ ਤਿਸ ਕਉ ਪੋਹਿ ਨ ਸਕੈ ਜਮਕਾਲੁ ॥ ਜਗ ਮਹਿ ਆਇਆ ਸੋ ਪਰਵਾਣੁ ॥ ਗੁਰਮੁਖਿ ਅਪਨਾ ਖਸਮੁ ਪਛਾਣੁ ॥੨॥ ਹਰਿ ਗੁਣ ਗਾਵੈ ਸੰਤ ਪ੍ਰਸਾਦਿ ॥ ਕਾਮ ਕ੍ਰੋਧ ਮਿਟਹਿ ਉਨਮਾਦ ॥ ਸਦਾ ਹਜੂਰਿ ਜਾਣੁ ਭਗਵੰਤ ॥ ਪੂਰੇ ਗੁਰ ਕਾ ਪੂਰਨ ਮੰਤ ॥੩॥ ਹਰਿ ਧਨੁ ਖਾਟਿ ਕੀਏ ਭੰਡਾਰ ॥ ਮਿਲਿ ਸਤਿਗੁਰ ਸਭਿ ਕਾਜ ਸਵਾਰ ॥ ਹਰਿ ਕੇ ਨਾਮ ਰੰਗ ਸੰਗਿ ਜਾਗਾ ॥ ਹਰਿ ਚਰਣੀ ਨਾਨਕ ਮਨੁ ਲਾਗਾ ॥੪॥੧੪॥੧੬॥ {ਪੰਨਾ 867}

ਪਦਅਰਥ: ਮੀਤਹੇ ਮਿੱਤਰ! ਨਿਰਮਲਪਵਿੱਤਰ। ਮਿਟੈਮਿਟ ਜਾਂਦੀ ਹੈ। ਬਲਾਇਬਿਪਤਾ। ਸਗਲਾਸਾਰਾ। ਜਾਇਦੂਰ ਹੋ ਜਾਂਦਾ ਹੈ।੧।

ਗਾਵਤਗਾਂਦਿਆਂ। ਤਰੀਐਤਰ ਜਾਈਦਾ ਹੈ। ਵਡਭਾਗੀਵੱਡੇ ਭਾਗਾਂ ਨਾਲ। ਪੁਰਖੁਸਰਬਵਿਆਪਕ ਪ੍ਰਭੂ। ਅਪਾਰੁਪਾਰੁ, ਬੇਅੰਤ।੧।ਰਹਾਉ।

ਤਿਸ ਕਉ—{ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ}ਗੁਰਮੁਖਿਗੁਰੂ ਦੀ ਸਰਨ ਪੈ ਕੇ। ਪਛਾਣੁਸਾਂਝ ਪਾ।੨।

ਸੰਤ ਪ੍ਰਸਾਦਿਗੁਰੂ ਦੀ ਕਿਰਪਾ ਨਾਲ। ਮਿਟਹਿਮਿਟ ਜਾਂਦੇ ਹਨ {ਮਿਟੈਇਕ-ਵਚਨ}ਉਨਮਾਦ—{उन्मादmadness, insanity} ਝੱਲਪੁਣਾ। ਮੰਤੳਪਦੇਸ਼।੩।

ਖਾਟਿਖੱਟ ਕੇ। ਭੰਡਾਰਖ਼ਜ਼ਾਨੇ। ਮਿਲਿ ਸਤਿਗੁਰਗੁਰੂ ਨੂੰ ਮਿਲ ਕੇ। ਸਭਿਸਾਰੇ। ਨਾਮ ਰੰਗ ਸੰਗਿਨਾਮ ਦੇ ਪ੍ਰੇਮ ਨਾਲ। ਸੰਗਿਨਾਲ।੪।

ਅਰਥ: ਹੇ ਭਾਈ! ਪਰਮਾਤਮਾ ਦੇ ਗੁਣ ਗਾਂਦਿਆਂ ਗਾਂਦਿਆਂ ਸੰਸਾਰ (-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ, (ਭਾਗ ਜਾਗ ਪੈਂਦੇ ਹਨ) ਵੱਡੇ ਭਾਗਾਂ ਨਾਲ ਸਰਬ-ਵਿਆਪਕ ਬੇਅੰਤ ਪ੍ਰਭੂ ਮਿਲ ਪੈਂਦਾ ਹੈ।੧।ਰਹਾਉ।

ਹੇ ਮੇਰੇ ਮਿੱਤਰ! ਪਰਮਾਤਮਾ ਦਾ ਨਾਮ ਸਦਾ ਜਪਿਆ ਕਰ, (ਨਾਮ ਦੀ ਬਰਕਤਿ ਨਾਲ) ਤੇਰਾ ਮਨ ਪਵਿੱਤਰ ਹੋ ਜਾਇਗਾ। (ਹੇ ਮਿੱਤਰ! ਨਾਮ ਜਪਿਆਂ) ਮਨ ਦੀ ਸਰੀਰ ਦੀ ਹਰੇਕ ਬਿਪਤਾ ਮਿਟ ਜਾਂਦੀ ਹੈ, ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਮਾਇਆ ਦੇ ਮੋਹ ਦਾ) ਸਾਰਾ ਹਨੇਰਾ ਮੁੱਕ ਜਾਂਦਾ ਹੈ।੧।

ਹੇ ਮੇਰੇ ਮਿੱਤਰ! ਜੇਹੜਾ ਮਨੁੱਖ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ, ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ, ਉਸ ਮਨੁੱਖ ਦਾ ਦੁਨੀਆ ਵਿਚ ਆਉਣਾ ਸਫਲ ਹੋ ਜਾਂਦਾ ਹੈ। (ਹੇ ਮਿੱਤਰ! ਤੂੰ ਭੀ) ਗੁਰੂ ਦੀ ਸਰਨ ਪੈ ਕੇ ਆਪਣੇ ਮਾਲਕ-ਪ੍ਰਭੂ ਨਾਲ ਜਾਣ-ਪਛਾਣ ਪਾਈ ਰੱਖ।੨।

(ਹੇ ਮਿੱਤਰ! ਜੇਹੜਾ ਮਨੁੱਖ) ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, (ਉਸ ਦੇ ਅੰਦਰੋਂ) ਕਾਮ ਕ੍ਰੋਧ (ਆਦਿਕ) ਝੱਲ-ਪੁਣੇ ਮਿਟ ਜਾਂਦੇ ਹਨ। (ਹੇ ਮਿੱਤਰ! ਤੂੰ ਭੀ) ਪੂਰੇ ਗੁਰੂ ਦਾ ਸੱਚਾ ਉਪਦੇਸ਼ ਲੈ ਕੇ ਭਗਵਾਨ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝਿਆ ਕਰ।੩।

ਹੇ ਨਾਨਕ! ਗੁਰੂ ਨੂੰ ਮਿਲ ਕੇ ਜਿਸ ਮਨੁੱਖ ਨੇ ਹਰਿ-ਨਾਮ ਧਨ ਖੱਟ ਕੇ ਖ਼ਜ਼ਾਨੇ ਭਰ ਲਏ, ਉਸ ਨੇ ਆਪਣੇ ਸਾਰੇ ਹੀ ਕੰਮ ਸੰਵਾਰ ਲਏ। ਹਰਿ-ਨਾਮ ਦੇ ਪ੍ਰੇਮ ਦੀ ਬਰਕਤਿ ਨਾਲ ਉਸ ਦਾ ਮਨ ਜਾਗ ਪੈਂਦਾ ਹੈ (ਕਾਮ ਕ੍ਰੋਧ ਆਦਿਕ ਵਿਕਾਰਾਂ ਵਲੋਂ ਉਹ ਸਦਾ ਸੁਚੇਤ ਰਹਿੰਦਾ ਹੈ) ਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ।੪।੧੪।੧੬।

ਗੋਂਡ ਮਹਲਾ ੫ ॥ ਭਵ ਸਾਗਰ ਬੋਹਿਥ ਹਰਿ ਚਰਣ ॥ ਸਿਮਰਤ ਨਾਮੁ ਨਾਹੀ ਫਿਰਿ ਮਰਣ ॥ ਹਰਿ ਗੁਣ ਰਮਤ ਨਾਹੀ ਜਮ ਪੰਥ ॥ ਮਹਾ ਬੀਚਾਰ ਪੰਚ ਦੂਤਹ ਮੰਥ ॥੧॥ ਤਉ ਸਰਣਾਈ ਪੂਰਨ ਨਾਥ ॥ ਜੰਤ ਅਪਨੇ ਕਉ ਦੀਜਹਿ ਹਾਥ ॥੧॥ ਰਹਾਉ ॥ ਸਿਮ੍ਰਿਤਿ ਸਾਸਤ੍ਰ ਬੇਦ ਪੁਰਾਣ ॥ ਪਾਰਬ੍ਰਹਮ ਕਾ ਕਰਹਿ ਵਖਿਆਣ ॥ ਜੋਗੀ ਜਤੀ ਬੈਸਨੋ ਰਾਮਦਾਸ ॥ ਮਿਤਿ ਨਾਹੀ ਬ੍ਰਹਮ ਅਬਿਨਾਸ ॥੨॥ ਕਰਣ ਪਲਾਹ ਕਰਹਿ ਸਿਵ ਦੇਵ ॥ ਤਿਲੁ ਨਹੀ ਬੂਝਹਿ ਅਲਖ ਅਭੇਵ ॥ ਪ੍ਰੇਮ ਭਗਤਿ ਜਿਸੁ ਆਪੇ ਦੇਇ ॥ ਜਗ ਮਹਿ ਵਿਰਲੇ ਕੇਈ ਕੇਇ ॥੩॥ ਮੋਹਿ ਨਿਰਗੁਣ ਗੁਣੁ ਕਿਛਹੂ ਨਾਹਿ ॥ ਸਰਬ ਨਿਧਾਨ ਤੇਰੀ ਦ੍ਰਿਸਟੀ ਮਾਹਿ ॥ ਨਾਨਕੁ ਦੀਨੁ ਜਾਚੈ ਤੇਰੀ ਸੇਵ ॥ ਕਰਿ ਕਿਰਪਾ ਦੀਜੈ ਗੁਰਦੇਵ ॥੪॥੧੫॥੧੭॥ {ਪੰਨਾ 867}

ਪਦਅਰਥ: ਭਵਸੰਸਾਰ। ਸਾਗਰਸਮੁੰਦਰ। ਬੋਹਿਥਜਹਾਜ਼। ਸਿਮਰਤਸਿਮਰਦਿਆਂ। ਮਰਣਮੌਤ, ਆਤਮਕ ਮੌਤ। ਰਮਤਜਪਦਿਆਂ। ਪੰਥਰਸਤਾ। ਮਹਾ ਬੀਚਾਰ—(ਪ੍ਰਭੂ ਦੇ ਗੁਣਾਂ ਦਾ) ਵਿਚਾਰ ਜੋ ਹੋਰ ਸਭ ਵਿਚਾਰਾਂ ਨਾਲੋਂ ਉੱਤਮ ਹੈ। ਮੰਥਨਾਸ ਕਰਨ ਵਾਲਾ।੧।

ਤਉਤੇਰੀ। ਨਾਥਹੇ ਨਾਥ! ਦੀਜਹਿਦਿੱਤੇ ਜਾਣੇ ਚਾਹੀਦੇ ਹਨ {ਬਹੁ-ਵਚਨ}੧।ਰਹਾਉ।

ਕਰਹਿਕਰਦੇ ਹਨ। ਰਾਮਦਾਸ—(ਦੱਖਣ ਵਿਚ) ਬੈਰਾਗੀਆਂ ਦੀ ਇਕ ਸੰਪ੍ਰਦਾਇ ਜੋ ਨ੍ਰਿਤਕਾਰੀ ਕਰਦੇ ਹਨ। ਮਿਤਿਅੰਦਾਜ਼ਾ, ਅੰਤ।੨।

ਕਰਣ ਪਲਾਹ—{करूणा प्रलाप} ਤਰਲੇ, ਕੀਰਨੇ। ਅਲਖਜਿਸ ਦਾ ਸਹੀ ਸਰੂਪ ਸਮਝ ਵਿਚ ਨਹੀਂ ਆ ਸਕਦਾ। ਅਭੇਵਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ। ਤਿਲੁਰਤਾ ਭਰ ਭੀ। ਦੇਇਦੇਂਦਾ ਹੈ। ਕੇਈ ਕੇਇਵਿਰਲੇ ਵਿਰਲੇ।੩।

ਮੋਹਿ ਨਿਰਗੁਣਮੈਂ ਗੁਣਹੀਣ ਵਿਚ। ਸਰਬ ਨਿਧਾਨਸਾਰੇ ਖ਼ਜ਼ਾਨੇ। ਦ੍ਰਿਸਟੀਨਜ਼ਰ, ਨਿਗਾਹ। ਨਾਨਕੁ ਜਾਚੈਨਾਨਕ ਮੰਗਦਾ ਹੈ {ਨਾਨਕਹੇ ਨਾਨਕ!}ਗੁਰਦੇਵਹੇ ਸਭ ਤੋਂ ਵੱਡੇ ਦੇਵ!੪।

ਅਰਥ: ਹੇ ਸਾਰੇ ਗੁਣਾਂ ਨਾਲ ਭਰਪੂਰ ਖਸਮ-ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ। (ਮੈਨੂੰ) ਆਪਣੇ ਪੈਦਾ ਕੀਤੇ ਗਰੀਬ ਸੇਵਕ ਨੂੰ ਕਿਰਪਾ ਕਰ ਕੇ ਆਪਣੇ ਹੱਥ ਫੜਾ।੧।ਰਹਾਉ।

ਹੇ ਭਾਈ! ਪਰਮਾਤਮਾ ਦੇ ਚਰਨ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ ਜਹਾਜ਼ ਹਨ। ਪਰਮਾਤਮਾ ਦਾ ਨਾਮ ਸਿਮਰਦਿਆਂ ਮੁੜ ਮੁੜ (ਆਤਮਕ) ਮੌਤ ਨਹੀਂ ਹੁੰਦੀ। ਪ੍ਰਭੂ ਦੇ ਗੁਣ ਗਾਂਦਿਆਂ ਜਮਾਂ ਦਾ ਰਸਤਾ ਨਹੀਂ ਫੜਨਾ ਪੈਂਦਾ। (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਜੋ ਹੋਰ ਸਾਰੀਆਂ ਵਿਚਾਰਾਂ ਤੋਂ ਉੱਤਮ ਹੈ (ਕਾਮਾਦਿਕ) ਪੰਜ ਵੈਰੀਆਂ ਦਾ ਨਾਸ ਕਰ ਦੇਂਦੀ ਹੈ।੧।

ਹੇ ਭਾਈ! ਸਿਮ੍ਰਿਤੀਆਂ, ਸ਼ਾਸਤਰ, ਵੇਦ, ਪੁਰਾਣ (ਆਦਿਕ ਸਾਰੇ ਧਰਮ-ਪੁਸਤਕ) ਪਰਮਾਤਮਾ ਦੇ ਗੁਣਾਂ ਦਾ ਬਿਆਨ ਕਰਦੇ ਹਨ। ਜੋਗੀ ਜਤੀ, ਵੈਸ਼ਨਵ ਸਾਧੂ, (ਨਿਰਤ-ਕਾਰੀ ਕਰਨ ਵਾਲੇ) ਬੈਰਾਗੀ ਭਗਤ ਭੀ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰਦੇ ਹਨ, ਪਰ ਉਸ ਅਬਿਨਾਸੀ ਪ੍ਰਭੂ ਦਾ ਕੋਈ ਭੀ ਅੰਤ ਨਹੀਂ ਪਾ ਸਕਦਾ।੨।

ਹੇ ਭਾਈ! ਸ਼ਿਵ ਜੀ ਅਤੇ ਹੋਰ ਅਨੇਕਾਂ ਦੇਵਤੇ (ਉਸ ਪ੍ਰਭੂ ਦਾ ਅੰਤ ਲੱਭਣ ਵਾਸਤੇ) ਤਰਲੇ ਲੈਂਦੇ ਹਨ, ਪਰ ਉਸ ਦੇ ਸਰੂਪ ਨੂੰ ਰਤਾ ਭਰ ਭੀ ਨਹੀਂ ਸਮਝ ਸਕਦੇ। ਉਸ ਪ੍ਰਭੂ ਦਾ ਸਰੂਪ ਸਹੀ ਤਰੀਕੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਪ੍ਰਭੂ ਦਾ ਭੇਤ ਨਹੀਂ ਪਾਇਆ ਜਾ ਸਕਦਾ।੩।

ਹੇ ਪ੍ਰਭੂ! (ਮੈਂ ਤਾਂ ਹਾਂ ਨਾ-ਚੀਜ਼। ਭਲਾ ਮੈਂ ਤੇਰਾ ਅੰਤ ਕਿਵੇਂ ਪਾ ਸਕਾਂ?) ਮੈਂ ਗੁਣ-ਹੀਣ ਵਿਚ ਕੋਈ ਭੀ ਗੁਣ ਨਹੀਂ ਹੈ। (ਹਾਂ,) ਤੇਰੀ ਮੇਹਰ ਦੀ ਨਿਗਾਹ ਵਿਚ ਸਾਰੇ ਖ਼ਜ਼ਾਨੇ ਹਨ (ਜਿਸ ਉਤੇ ਨਜ਼ਰ ਕਰਦਾ ਹੈਂ, ਉਸ ਨੂੰ ਪ੍ਰਾਪਤ ਹੋ ਜਾਂਦੇ ਹਨ)ਹੇ ਸਭ ਤੋਂ ਵੱਡੇ ਦੇਵ! (ਤੇਰਾ ਦਾਸ) ਗਰੀਬ ਨਾਨਕ (ਤੈਥੋਂ) ਤੇਰੀ ਭਗਤੀ ਮੰਗਦਾ ਹੈ। ਮੇਹਰ ਕਰ ਕੇ ਇਹ ਖ਼ੈਰ ਪਾ।੪।੧੫।੧੭।

ਗੋਂਡ ਮਹਲਾ ੫ ॥ ਸੰਤ ਕਾ ਲੀਆ ਧਰਤਿ ਬਿਦਾਰਉ ॥ ਸੰਤ ਕਾ ਨਿੰਦਕੁ ਅਕਾਸ ਤੇ ਟਾਰਉ ॥ ਸੰਤ ਕਉ ਰਾਖਉ ਅਪਨੇ ਜੀਅ ਨਾਲਿ ॥ ਸੰਤ ਉਧਾਰਉ ਤਤਖਿਣ ਤਾਲਿ ॥੧॥ ਸੋਈ ਸੰਤੁ ਜਿ ਭਾਵੈ ਰਾਮ ॥ ਸੰਤ ਗੋਬਿੰਦ ਕੈ ਏਕੈ ਕਾਮ ॥੧॥ ਰਹਾਉ ॥ਸੰਤ ਕੈ ਊਪਰਿ ਦੇਇ ਪ੍ਰਭੁ ਹਾਥ ॥ ਸੰਤ ਕੈ ਸੰਗਿ ਬਸੈ ਦਿਨੁ ਰਾਤਿ ॥ ਸਾਸਿ ਸਾਸਿ ਸੰਤਹ ਪ੍ਰਤਿਪਾਲਿ ॥ ਸੰਤ ਕਾ ਦੋਖੀ ਰਾਜ ਤੇ ਟਾਲਿ ॥੨॥ ਸੰਤ ਕੀ ਨਿੰਦਾ ਕਰਹੁ ਨ ਕੋਇ ॥ ਜੋ ਨਿੰਦੈ ਤਿਸ ਕਾ ਪਤਨੁ ਹੋਇ ॥ ਜਿਸ ਕਉ ਰਾਖੈ ਸਿਰਜਨਹਾਰੁ ॥ ਝਖ ਮਾਰਉ ਸਗਲ ਸੰਸਾਰੁ ॥੩॥ ਪ੍ਰਭ ਅਪਨੇ ਕਾ ਭਇਆ ਬਿਸਾਸੁ ॥ ਜੀਉ ਪਿੰਡੁ ਸਭੁ ਤਿਸ ਕੀ ਰਾਸਿ ॥ ਨਾਨਕ ਕਉ ਉਪਜੀ ਪਰਤੀਤਿ ॥ ਮਨਮੁਖ ਹਾਰ ਗੁਰਮੁਖ ਸਦ ਜੀਤਿ ॥੪॥੧੬॥੧੮॥ {ਪੰਨਾ 867}

ਪਦਅਰਥ: ਲੀਆ—{ਅਰਬੀ ਲਫ਼ਜ਼ 'ਲਈਨ'—ਜਿਸ ਉਤੇ ਲਾਹਨਤ ਪਾਈ ਹੋਈ ਹੋਵੇ} ਲਾਹਨਤਿਆ ਹੋਇਆ, ਫਿਟਕਾਰਿਆ ਹੋਇਆ। ਬਿਦਾਰਉਬਿਦਾਰਉਂ, ਮੈਂ ਚੀਰ ਦਿਆਂ। ਧਰਤਿ ਬਿਦਾਰਉਮੈਂ ਧਰਤੀ ਤੋਂ ਜੜ੍ਹਾਂ ਪੁੱਟ ਦਿਆਂ। ਅਕਾਸ ਤੇਆਕਾਸ਼ ਤੋਂ, ਉੱਚੇ ਮਰਾਤਬੇ ਤੋਂ। ਟਾਰਉਟਾਰਉਂ, ਮੈਂ ਸੁੱਟ ਦਿਆਂ। ਕਉਨੂੰ। ਰਾਖਉਰਾਖਉਂ, ਮੈਂ ਰੱਖਿਆ ਕਰਦਾ ਹਾਂ। ਜੀਅ ਨਾਲਿਜਿੰਦ ਨਾਲ। ਉਧਾਰਉਉਧਾਰਉਂ, ਮੈਂ ਬਚਾ ਲੈਂਦਾ ਹਾਂ। ਤਤਕਾਲਿਉਸੇ ਵੇਲੇ। ਤਾਲਿਤਾਲੀ ਵੱਜਣ ਜਿਤਨੇ ਸਮੇ ਵਿਚ।੧।

ਸੋਈਉਹੀ (ਮਨੁੱਖ)ਜਿਜਿਹੜਾ। ਭਾਵੈ ਰਾਮਰਾਮ ਨੂੰ ਚੰਗਾ ਲੱਗਦਾ ਹੈ। ਸੰਤ ਗੋਬਿੰਦ ਕੈਸੰਤ ਅਤੇ ਪਰਮਾਤਮਾ ਦੇ ਅੰਦਰ। ਏਕੈਇਕੋ ਜਿਹੇ।੧।ਰਹਾਉ।

ਕੈ ਊਪਰਿਦੇ ਉੱਤੇ। ਦੇਇਦੇਂਦੀ ਹੈ। ਕੈ ਸੰਗਿਦੇ ਨਾਲ। ਸਾਸਿ ਸਾਸਿਹਰੇਕ ਸਾਹ ਦੇ ਨਾਲ। ਪ੍ਰਤਿਪਾਲਿਪ੍ਰਤਿਪਾਲੈ, ਰਾਖੀ ਕਰਦਾ ਹੈ। ਦੋਖੀਵੈਰੀ, ਬੁਰਾ ਚਿਤਵਨ ਵਾਲਾ। ਟਾਲਿਟਾਲੈ, ਸੁੱਟ ਦੇਂਦਾ ਹੈ।੨।

ਤਿਸ ਕਾ—{ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}ਪਤਨੁਨਾਸ, ਗਿਰਾਵਟ। ਜਿਸ ਕਉ—{ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ}ਮਾਰਉ—{ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਬੇਸ਼ੱਕ ਮਾਰੇ। ਝਖ ਮਾਰਉਬੇਸ਼ੱਕ ਝਖਾਂ ਮਾਰੇ।੩।

ਬਿਸਾਸੁਭਰੋਸਾ। ਜੀਉਜਿੰਦ। ਪਿੰਡੁਸਰੀਰ। ਤਿਸ ਕੀ—{ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ}ਰਾਸਿਸਰਮਾਇਆ, ਪੂੰਜੀ। ਕਉਨੂੰ। ਪਰਤੀਤਿਯਕੀਨ, ਨਿਸ਼ਚਾ। ਮਨਮੁਖਆਪਣੇ ਮਨ ਵਲ ਮੂੰਹ ਰੱਖਣ ਵਾਲਾ, ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਗੁਰਮੁਖਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਜੀਤਿਜਿੱਤ।੪।

ਅਰਥ: ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹੀ ਹੈ ਸੰਤ। ਸੰਤ ਦੇ ਹਿਰਦੇ ਵਿਚ ਅਤੇ ਗੋਬਿੰਦ ਦੇ ਮਨ ਵਿਚ ਇਕੋ ਜਿਹਾ ਕੰਮ ਹੁੰਦਾ ਹੈ।੧।ਰਹਾਉ।

(ਹੇ ਭਾਈ! ਤਾਹੀਏਂ ਪਰਮਾਤਮਾ ਆਖਦਾ ਹੈ-) ਜਿਸ ਮਨੁੱਖ ਨੂੰ ਸੰਤ ਫਿਟਕਾਰ ਪਾਏ, ਮੈਂ ਉਸ ਦੀਆਂ ਜੜ੍ਹਾਂ ਪੁੱਟ ਦੇਂਦਾ ਹਾਂ। ਸੰਤ ਦੀ ਨਿੰਦਾ ਕਰਨ ਵਾਲੇ ਨੂੰ ਮ ੈਂ ਉੱਚੇ ਮਰਾਤਬੇ ਤੋਂ ਹੇਠਾਂ ਡੇਗ ਦੇਂਦਾ ਹਾਂ। ਸੰਤ ਨੂੰ ਮੈਂ ਸਦਾ ਆਪਣੀ ਜਿੰਦ ਦੇ ਨਾਲ ਰੱਖਦਾ ਹਾਂ। (ਕਿਸੇ ਭੀ ਬਿਪਤਾ ਤੋਂ) ਸੰਤ ਨੂੰ ਮੈਂ ਤੁਰਤ ਉਸੇ ਵੇਲੇ ਬਚਾ ਲੈਂਦਾ ਹਾਂ।੧।

ਹੇ ਭਾਈ! ਪ੍ਰਭੂ ਆਪਣਾ ਹੱਥ (ਆਪਣੇ) ਸੰਤ ਉੱਤੇ ਰੱਖਦਾ ਹੈ, ਪ੍ਰਭੂ ਆਪਣੇ ਸੰਤ ਦੇ ਨਾਲ ਦਿਨ ਰਾਤ (ਹਰ ਵੇਲੇ) ਵੱਸਦਾ ਹੈ। ਪ੍ਰਭੂ ਆਪਣੇ ਸੰਤਾਂ ਦੀ (ਉਹਨਾਂ ਦੇ) ਹਰੇਕ ਸਾਹ ਦੇ ਨਾਲ ਰਾਖੀ ਕਰਦਾ ਹੈ। ਸੰਤ ਦਾ ਬੁਰਾ ਮੰਗਣ ਵਾਲੇ ਨੂੰ ਪ੍ਰਭੂ ਰਾਜ ਤੋਂ (ਭੀ) ਹੇਠਾਂ ਡੇਗ ਦੇਂਦਾ ਹੈ।੨।

ਹੇ ਭਾਈ! ਕੋਈ ਭੀ ਮਨੁੱਖ ਕਿਸੇ ਸੰਤ ਦੀ ਨਿੰਦਾ ਨਾਹ ਕਰਿਆ ਕਰੇ। ਜੇਹੜਾ ਭੀ ਮਨੁੱਖ ਨਿੰਦਾ ਕਰਦਾ ਹੈ, ਉਹ ਆਤਮਕ ਜੀਵਨ ਤੋਂ ਡਿੱਗ ਪੈਂਦਾ ਹੈ। ਕਰਤਾਰ ਆਪ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ, ਸਾਰਾ ਸੰਸਾਰ (ਉਸ ਦਾ ਨੁਕਸਾਨ ਕਰਨ ਲਈ) ਬੇ-ਸ਼ੱਕ ਪਿਆ ਝਖਾਂ ਮਾਰੇ (ਉਸ ਦਾ ਕੋਈ ਵਿਗਾੜ ਨਹੀਂ ਕਰ ਸਕਦਾ)੩।

ਹੇ ਭਾਈ! ਜਿਸ ਮਨੁੱਖ ਨੂੰ ਆਪਣੇ ਪ੍ਰਭੂ ਉਤੇ ਭਰੋਸਾ ਬਣ ਜਾਂਦਾ ਹੈ (ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਪ੍ਰਭੂ ਦਾ ਦਿੱਤਾ ਹੋਇਆ ਹੀ ਸਰਮਾਇਆ ਹੈ। ਹੇ ਭਾਈ! ਨਾਨਕ ਦੇ ਹਿਰਦੇ ਵਿਚ ਭੀ ਇਹ ਯਕੀਨ ਬਣ ਗਿਆ ਹੈ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਜੀਵਨ-ਬਾਜ਼ੀ ਵਿਚ) ਹਾਰ ਜਾਂਦਾ ਹੈ, ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੂੰ ਸਦਾ ਜਿੱਤ ਪ੍ਰਾਪਤ ਹੁੰਦੀ ਹੈ।੪।੧੬।੧੮।

TOP OF PAGE

Sri Guru Granth Darpan, by Professor Sahib Singh