ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 865

ਗੋਂਡ ਮਹਲਾ ੫ ॥ ਰਾਮ ਰਾਮ ਸੰਗਿ ਕਰਿ ਬਿਉਹਾਰ ॥ ਰਾਮ ਰਾਮ ਰਾਮ ਪ੍ਰਾਨ ਅਧਾਰ ॥ ਰਾਮ ਰਾਮ ਰਾਮ ਕੀਰਤਨੁ ਗਾਇ ॥ ਰਮਤ ਰਾਮੁ ਸਭ ਰਹਿਓ ਸਮਾਇ ॥੧॥ ਸੰਤ ਜਨਾ ਮਿਲਿ ਬੋਲਹੁ ਰਾਮ ॥ ਸਭ ਤੇ ਨਿਰਮਲ ਪੂਰਨ ਕਾਮ ॥੧॥ ਰਹਾਉ ॥ਰਾਮ ਰਾਮ ਧਨੁ ਸੰਚਿ ਭੰਡਾਰ ॥ ਰਾਮ ਰਾਮ ਰਾਮ ਕਰਿ ਆਹਾਰ ॥ ਰਾਮ ਰਾਮ ਵੀਸਰਿ ਨਹੀ ਜਾਇ ॥ ਕਰਿ ਕਿਰਪਾ ਗੁਰਿ ਦੀਆ ਬਤਾਇ ॥੨॥ ਰਾਮ ਰਾਮ ਰਾਮ ਸਦਾ ਸਹਾਇ ॥ ਰਾਮ ਰਾਮ ਰਾਮ ਲਿਵ ਲਾਇ ॥ ਰਾਮ ਰਾਮ ਜਪਿ ਨਿਰਮਲ ਭਏ ॥ ਜਨਮ ਜਨਮ ਕੇ ਕਿਲਬਿਖ ਗਏ ॥੩॥ ਰਮਤ ਰਾਮ ਜਨਮ ਮਰਣੁ ਨਿਵਾਰੈ ॥ ਉਚਰਤ ਰਾਮ ਭੈ ਪਾਰਿ ਉਤਾਰੈ ॥ ਸਭ ਤੇ ਊਚ ਰਾਮ ਪਰਗਾਸ ॥ ਨਿਸਿ ਬਾਸੁਰ ਜਪਿ ਨਾਨਕ ਦਾਸ ॥੪॥੮॥੧੦॥ {ਪੰਨਾ 865}

ਪਦਅਰਥ: ਸੰਗਿਨਾਲ। ਬਿਉਹਾਰਵਣਜ, ਵਪਾਰ। ਪ੍ਰਾਨ ਅਧਾਰਜਿੰਦ ਦਾ ਆਸਰਾ। ਰਮਤਵਿਆਪਕ। ਸਭਸਾਰੀ ਸ੍ਰਿਸ਼ਟੀ ਵਿਚ।੧।

ਮਿਲਿਮਿਲ ਕੇ। ਸਭ ਤੇਸਭਨਾਂ (ਕੰਮਾਂ) ਨਾਲੋਂ। ਪੂਰਨਸਫਲ।੧।ਰਹਾਉ।

ਸੰਚਿਇਕੱਠਾ ਕਰ। ਭੰਡਾਰਖ਼ਜ਼ਾਨੇ। ਆਹਾਰ—(ਜਿੰਦ ਦੀ) ਖ਼ੁਰਾਕ। ਗੁਰਿਗੁਰੂ ਨੇ। ਕਰਿਕਰ ਕੇ।੨।

ਸਹਾਇਸਹਾਇਤਾ ਕਰਨ ਵਾਲਾ। ਲਿਵ ਲਾਇਸੁਰਤਿ ਜੋੜ। ਨਿਰਮਲਪਵਿੱਤਰ। ਕਿਲਬਿਖਪਾਪ।੩।

ਰਮਤਉਚਾਰਦਿਆਂ, ਸਿਮਰਦਿਆਂ। ਨਿਵਾਰੈਦੂਰ ਕਰ ਦੇਂਦਾ ਹੈ। ਉਚਰਤਉਚਾਰਦਿਆਂ। ਭੈ ਪਾਰਿਡਰ ਤੋਂ ਪਾਰ। ਪਰਗਾਸਚਾਨਣ। ਨਿਸਿਰਾਤ। ਬਾਸੁਰਦਿਨ।੪।

ਅਰਥ: ਹੇ ਭਾਈ! ਸੰਤ ਜਨਾਂ ਨਾਲ ਮਿਲ ਕੇ, ਪਰਮਾਤਮਾ ਦਾ ਨਾਮ ਸਿਮਰਿਆ ਕਰੋ। ਇਹ ਕੰਮ ਹੋਰ ਸਾਰੇ ਕੰਮਾਂ ਨਾਲੋਂ ਪਵਿੱਤਰ ਅਤੇ ਸਫਲ ਹੈ।੧।ਰਹਾਉ।

(ਹੇ ਭਾਈ! ਤੂੰ ਜਗਤ ਵਿਚ ਵਣਜ ਕਰਨ ਆਇਆ ਹੈਂ) ਪਰਮਾਤਮਾ ਦੇ ਨਾਮ (ਦੇ ਸਰਮਾਏ) ਨਾਲ (ਸਿਮਰਨ ਦਾ) ਵਣਜ ਕਰਿਆ ਕਰ। ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦਾ ਆਸਰਾ ਬਣਾ ਲੈ। ਜੇਹੜਾ ਪ੍ਰਭੂ ਹਰ ਥਾਂ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ, ਹੇ ਭਾਈ! ਸਦਾ ਹੀ ਉਸ ਦੀ ਸਿਫ਼ਤਿ-ਸਾਲਾਹ ਕਰਿਆ ਕਰ।੧।

ਹੇ ਭਾਈ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ, ਖ਼ਜ਼ਾਨੇ ਭਰ ਲੈ, ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦੀ ਖ਼ੁਰਾਕ ਬਣਾ ਲੈ। ਗੁਰੂ ਨੇ ਕਿਰਪਾ ਕਰ ਕੇ (ਮੈਨੂੰ ਇਹ ਗੱਲ) ਦੱਸ ਦਿੱਤੀ ਹੈ ਕਿ (ਵੇਖੀਂ,) ਕਿਤੇ ਪਰਮਾਤਮਾ ਦਾ ਨਾਮ ਤੈਨੂੰ ਭੁੱਲ ਨਾਹ ਜਾਏ।੨।

ਹੇ ਭਾਈ! ਜੇਹੜਾ ਪਰਮਾਤਮਾ ਸਦਾ ਹੀ ਸਹਾਇਤਾ ਕਰਨ ਵਾਲਾ ਹੈ, ਉਸ ਦੇ ਚਰਨਾਂ ਵਿਚ ਸਦਾ ਸੁਰਤਿ ਜੋੜੀ ਰੱਖ। ਪਰਮਾਤਮਾ ਦਾ ਨਾਮ ਜਪ ਜਪ ਕੇ ਜੀਵ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ।੩।

ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆਂ (ਪਰਮਾਤਮਾ ਮਨੁੱਖ ਦਾ) ਜਨਮ ਮਰਨ (ਦਾ ਗੇੜ) ਦੂਰ ਕਰ ਦੇਂਦਾ ਹੈ। ਪ੍ਰਭੂ ਦਾ ਨਾਮ ਉਚਾਰਦਿਆਂ (ਪ੍ਰਭੂ ਜੀਵ ਨੂੰ) ਸਹਿਮ (-ਭਰੇ ਸੰਸਾਰ-ਸਮੁੰਦਰ) ਤੋਂ ਪਾਰ ਲੰਘਾ ਦੇਂਦਾ ਹੈ। ਹੇ ਦਾਸ ਨਾਨਕ! ਸਭ ਤੋਂ ਉੱਚੇ ਪ੍ਰਭੂ (ਦੇ ਨਾਮ) ਦਾ ਚਾਨਣ (ਆਪਣੇ ਅੰਦਰ) ਪੈਦਾ ਕਰ, ਦਿਨ ਰਾਤ ਉਸ ਦਾ ਨਾਮ ਜਪਿਆ ਕਰ।੪।੮।੧੦।

ਗੋਂਡ ਮਹਲਾ ੫ ॥ ਉਨ ਕਉ ਖਸਮਿ ਕੀਨੀ ਠਾਕਹਾਰੇ ॥ ਦਾਸ ਸੰਗ ਤੇ ਮਾਰਿ ਬਿਦਾਰੇ ॥ ਗੋਬਿੰਦ ਭਗਤ ਕਾ ਮਹਲੁ ਨ ਪਾਇਆ ॥ ਰਾਮ ਜਨਾ ਮਿਲਿ ਮੰਗਲੁ ਗਾਇਆ ॥੧॥ ਸਗਲ ਸ੍ਰਿਸਟਿ ਕੇ ਪੰਚ ਸਿਕਦਾਰ ॥ ਰਾਮ ਭਗਤ ਕੇ ਪਾਨੀਹਾਰ ॥੧॥ ਰਹਾਉ ॥ ਜਗਤ ਪਾਸ ਤੇ ਲੇਤੇ ਦਾਨੁ ॥ ਗੋਬਿੰਦ ਭਗਤ ਕਉ ਕਰਹਿ ਸਲਾਮੁ ॥ ਲੂਟਿ ਲੇਹਿ ਸਾਕਤ ਪਤਿ ਖੋਵਹਿ ॥ ਸਾਧ ਜਨਾ ਪਗ ਮਲਿ ਮਲਿ ਧੋਵਹਿ ॥੨॥ ਪੰਚ ਪੂਤ ਜਣੇ ਇਕ ਮਾਇ ॥ ਉਤਭੁਜ ਖੇਲੁ ਕਰਿ ਜਗਤ ਵਿਆਇ ॥ ਤੀਨਿ ਗੁਣਾ ਕੈ ਸੰਗਿ ਰਚਿ ਰਸੇ ॥ ਇਨ ਕਉ ਛੋਡਿ ਊਪਰਿ ਜਨ ਬਸੇ ॥੩॥ ਕਰਿ ਕਿਰਪਾ ਜਨ ਲੀਏ ਛਡਾਇ ॥ ਜਿਸ ਕੇ ਸੇ ਤਿਨਿ ਰਖੇ ਹਟਾਇ ॥ ਕਹੁ ਨਾਨਕ ਭਗਤਿ ਪ੍ਰਭ ਸਾਰੁ ॥ ਬਿਨੁ ਭਗਤੀ ਸਭ ਹੋਇ ਖੁਆਰੁ ॥੪॥੯॥੧੧॥ {ਪੰਨਾ 865}

ਪਦਅਰਥ: ਉਨ ਕਉਉਹਨਾਂ (ਕਾਮਾਦਿਕ ਪੰਜਾਂ) ਨੂੰ। ਖਸਮਿਖਸਮਪ੍ਰਭੂ ਨੇ। ਠਾਕਮਨਾਹੀ। ਹਾਰੇ—(ਸੰਤ ਜਨਾਂ ਦੇ ਸਾਹਮਣੇ ਉਹ) ਹਾਰ ਗਏ ਹਨ। ਸੰਗ ਤੇਸੰਗ ਤੋਂ, ਪਾਸੋਂ। ਮਾਰਿਮਾਰ ਕੇ। ਬਿਦਾਰੇਨਾਸ ਕਰ ਦਿੱਤੇ। ਮਹਲੁਟਿਕਾਣਾ। ਮਿਲਿਮਿਲ ਕੇ। ਮੰਗਲੁਸਿਫ਼ਤਿ-ਸਾਲਾਹ ਦਾ ਗੀਤ।੧।

ਸਗਲਸਾਰੀ। ਸਿਕਦਾਰਸਰਦਾਰ, ਚੌਧਰੀ। ਪਾਨੀਹਾਰਪਾਣੀ ਭਰਨ ਵਾਲੇ ਗ਼ੁਲਾਮ।੧।ਰਹਾਉ।

ਪਾਸ ਤੇਪਾਸ ਤੋਂ, ਪਾਸੋਂ। ਦਾਨੁਡੰਨ। ਕਰਹਿਕਰਦੇ ਹਨ। ਸਾਕਤਪ੍ਰਭੂ ਨਾਲੋਂ ਟੁੱਟੇ ਹੋਏ ਬੰਦੇ। ਪਤਿਇੱਜ਼ਤ। ਖੋਵਹਿਗਵਾ ਲੈਂਦੇ ਹਨ। ਪਗਪੈਰ {ਬਹੁ-ਵਚਨ}ਮਲਿਮਲ ਕੇ।੨।

ਪੰਚ ਪੂਤ—(ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਇਹ) ਪੰਜ ਪੁੱਤਰ। ਜਣੇਜੰਮੇ ਹਨ। ਮਾਇਮਾਇਆ ਨੇ। ਉਤਭੁਜ ਖੇਲੁ—(ਅੰਡਜ, ਜੇਰਜ, ਸੇਤਜ) ਉਤਭੁਜ (ਚਾਰ ਖਾਣੀਆਂ) ਦਾ ਤਮਾਸ਼ਾ। ਕਰਿਕਰ ਕੇ, ਰਚ ਕੇ। ਵਿਆਇਪੈਦਾ ਕਰਦੀ ਹੈ। ਤੀਨਿਤਿੰਨ। ਤੀਨਿ ਗੁਣਾ—(ਰਜੋ, ਸਤੋ, ਤਮੋ) ਤਿੰਨ ਗੁਣ। ਕੈ ਸੰਗਿਦੇ ਨਾਲ। ਰਚਿਇਕਮਿਕ ਹੋ ਕੇ। ਰਸੇਮਸਤ ਹਨ। ਜਨਪ੍ਰਭੂ ਦੇ ਸੇਵਕ।੩।

ਜਿਸ ਕੇ—{ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ}ਸੇਸਨ। ਤਿਨਿਉਸ (ਪ੍ਰਭੂ) ਨੇ। ਹਟਾਇਰੋਕ ਕੇ। ਸਾਰੁਸੰਭਾਲ। ਸਭਸਾਰੀ ਸ੍ਰਿਸ਼ਟੀ।੪।

ਅਰਥ: ਹੇ ਭਾਈ! (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ-ਇਹ) ਪੰਜ ਸਾਰੀ ਸ੍ਰਿਸ਼ਟੀ ਦੇ ਚੌਧਰੀ ਹਨ। ਪਰ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਇਹ ਨੌਕਰ ਹੋ ਕੇ ਰਹਿੰਦੇ ਹਨ।੧।ਰਹਾਉ।

ਹੇ ਭਾਈ! ਜਦੋਂ ਮਾਲਕ-ਪ੍ਰਭੂ ਨੇ ਉਹਨਾਂ (ਪੰਜਾਂ ਚੌਧਰੀਆਂ) ਨੂੰ ਵਰਜਿਆ, ਤਾਂ ਉਹ (ਪ੍ਰਭੂ ਦੇ ਸੇਵਕਾਂ ਦੇ ਸਾਹਮਣੇ) ਹਾਰ ਮੰਨ ਗਏ। ਆਪਣੇ ਸੇਵਕਾਂ ਪਾਸੋਂ (ਪ੍ਰਭੂ ਨੇ ਉਹਨਾਂ ਨੂੰ) ਮਾਰ ਕੇ ਭਜਾ ਦਿੱਤਾ। ਉਹ ਚੌਧਰੀ ਪਰਮਾਤਮਾ ਦੇ ਭਗਤਾਂ ਦਾ ਟਿਕਾਣਾ ਲੱਭ ਨਾਹ ਸਕੇ, (ਕਿਉਂਕਿ) ਪਰਮਾਤਮਾ ਦੇ ਸੇਵਕਾਂ ਨੇ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵਿਆ ਹੈ।੧।

ਹੇ ਭਾਈ! ਇਹ ਪੰਜ ਚੌਧਰੀ ਦੁਨੀਆ (ਦੇ ਲੋਕਾਂ) ਪਾਸੋਂ ਡੰਨ ਲੈਂਦੇ ਹਨ, ਪਰ ਪ੍ਰਭੂ ਦੇ ਭਗਤਾਂ ਨੂੰ ਨਮਸਕਾਰ ਕਰਦੇ ਹਨ। ਪ੍ਰਭੂ ਨਾਲੋਂ ਵਿਛੁੜੇ ਬੰਦਿਆਂ ਦੀ ਆਤਮਕ ਰਾਸਿ-ਪੂੰਜੀ ਲੁੱਟ ਲੈਂਦੇ ਹਨ, (ਸਾਕਤ ਇਥੇ ਆਪਣੀ) ਇੱਜ਼ਤ ਗਵਾ ਲੈਂਦੇ ਹਨ। ਪਰ ਇਹ ਚੌਧਰੀ ਗੁਰਮੁਖਾਂ ਦੇ ਪੈਰ ਮਲ ਮਲ ਕੇ ਧੋਂਦੇ ਹਨ।੨।

(ਹੇ ਭਾਈ! ਪ੍ਰਭੂ ਦੇ ਹੁਕਮ ਵਿਚ) ਮਾਇਆ ਨੇ ਉਤਭੁਜ ਆਦਿਕ ਖੇਡ ਰਚਾ ਕੇ ਇਹ ਜਗਤ ਪੈਦਾ ਕੀਤਾ ਹੈ, (ਇਹ ਕਾਮਾਦਿਕ) ਪੰਜੇ ਪੁੱਤਰ ਭੀ ਉਸ ਨੇ ਪੈਦਾ ਕੀਤੇ ਹਨ। (ਦੁਨੀਆ ਦੇ ਲੋਕ ਮਾਇਆ ਦੇ) ਤਿੰਨ ਗੁਣਾਂ ਨਾਲ ਇੱਕ-ਮਿਕ ਹੋ ਕੇ ਰਸ ਮਾਣ ਰਹੇ ਹਨ। ਪਰਮਾਤਮਾ ਦੇ ਭਗਤ ਇਹਨਾਂ ਨੂੰ ਛੱਡ ਕੇ ਉੱਚੇ ਆਤਮਕ ਮੰਡਲ ਵਿਚ ਵੱਸਦੇ ਹਨ।੩।

(ਹੇ ਭਾਈ! ਇਹ ਕਾਮਾਦਿਕ) ਜਿਸ (ਪ੍ਰਭੂ) ਦੇ ਬਣਾਏ ਹੋਏ ਹਨ, ਉਸ ਨੇ ਇਹਨਾਂ ਨੂੰ (ਸੰਤ ਜਨਾਂ ਪਾਸੋਂ) ਪਰੇ ਰੋਕ ਰੱਖਿਆ ਹੈ, ਪ੍ਰਭੂ ਨੇ ਮੇਹਰ ਕਰ ਕੇ ਸੰਤ ਜਨਾਂ ਨੂੰ ਇਹਨਾਂ ਪਾਸੋਂ ਬਚਾ ਰੱਖਿਆ ਹੈ। ਹੇ ਨਾਨਕ! ਆਖ-(ਹੇ ਭਾਈ! ਪ੍ਰਭੂ ਦੀ ਭਗਤੀ ਕਰਿਆ ਕਰ। ਭਗਤੀ ਤੋਂ ਬਿਨਾ ਸਾਰੀ ਸ੍ਰਿਸ਼ਟੀ (ਇਹਨਾਂ ਚੌਧਰੀਆਂ ਦੇ ਵੱਸ ਪੈ ਕੇ) ਖ਼ੁਆਰ ਹੁੰਦੀ ਹੈ।੪।੯।੧੧।

ਗੋਂਡ ਮਹਲਾ ੫ ॥ ਕਲਿ ਕਲੇਸ ਮਿਟੇ ਹਰਿ ਨਾਇ ॥ ਦੁਖ ਬਿਨਸੇ ਸੁਖ ਕੀਨੋ ਠਾਉ ॥ ਜਪਿ ਜਪਿ ਅੰਮ੍ਰਿਤ ਨਾਮੁ ਅਘਾਏ ॥ ਸੰਤ ਪ੍ਰਸਾਦਿ ਸਗਲ ਫਲ ਪਾਏ ॥੧॥ ਰਾਮ ਜਪਤ ਜਨ ਪਾਰਿ ਪਰੇ ॥ ਜਨਮ ਜਨਮ ਕੇ ਪਾਪ ਹਰੇ ॥੧॥ ਰਹਾਉ ॥ ਗੁਰ ਕੇ ਚਰਨ ਰਿਦੈ ਉਰਿ ਧਾਰੇ ॥ ਅਗਨਿ ਸਾਗਰ ਤੇ ਉਤਰੇ ਪਾਰੇ ॥ ਜਨਮ ਮਰਣ ਸਭ ਮਿਟੀ ਉਪਾਧਿ ॥ ਪ੍ਰਭ ਸਿਉ ਲਾਗੀ ਸਹਜਿ ਸਮਾਧਿ ॥੨॥ ਥਾਨ ਥਨੰਤਰਿ ਏਕੋ ਸੁਆਮੀ ॥ ਸਗਲ ਘਟਾ ਕਾ ਅੰਤਰਜਾਮੀ ॥ ਕਰਿ ਕਿਰਪਾ ਜਾ ਕਉ ਮਤਿ ਦੇਇ ॥ ਆਠ ਪਹਰ ਪ੍ਰਭ ਕਾ ਨਾਉ ਲੇਇ ॥੩॥ ਜਾ ਕੈ ਅੰਤਰਿ ਵਸੈ ਪ੍ਰਭੁ ਆਪਿ ॥ ਤਾ ਕੈ ਹਿਰਦੈ ਹੋਇ ਪ੍ਰਗਾਸੁ ॥ ਭਗਤਿ ਭਾਇ ਹਰਿ ਕੀਰਤਨੁ ਕਰੀਐ ॥ ਜਪਿ ਪਾਰਬ੍ਰਹਮੁ ਨਾਨਕ ਨਿਸਤਰੀਐ ॥੪॥੧੦॥੧੨॥ {ਪੰਨਾ 865}

ਪਦਅਰਥ: ਕਲਿ ਕਲੇਸਝਗੜੇਬਖੇੜੇ। ਨਾਇਨਾਮ ਦੀ ਰਾਹੀਂ {ਲਫ਼ਜ਼ 'ਨਾਉ' ਤੋਂ ਕਰਣ ਕਾਰਕ ਇਕ-ਵਚਨ ਹੈ 'ਨਾਇ'}ਸੁਖ ਕੀਨੋ ਠਾਉਸੁਖਾਂ ਨੇ ਆਪਣਾ ਥਾਂ ਬਣਾ ਲਿਆ। ਅੰਮ੍ਰਿਤਆਤਮਕ ਜੀਵਨ ਦੇਣ ਵਾਲਾ। ਅਘਾਏਰੱਜ ਗਏ। ਸੰਤ ਪ੍ਰਸਾਦਿਗੁਰੂ ਦੀ ਕਿਰਪਾ ਨਾਲ। ਪਾਏਪ੍ਰਾਪਤ ਕਰ ਲਏ।੧।

ਜਪਤਜਪਦਿਆਂ। ਪਰੇਪਏ, ਲੰਘ ਗਏ। ਹਰੇਦੂਰ ਕਰ ਲਏ।੧।ਰਹਾਉ।

ਰਿਦੈਹਿਰਦੇ ਵਿਚ। ਉਰਿਹਿਰਦੇ ਵਿਚ। ਧਾਰੇ—(ਜਿਨ੍ਹਾਂ ਨੇ) ਟਿਕਾਏ। ਅਗਨਿਤ੍ਰਿਸ਼ਨਾ ਦੀ ਅੱਗ। ਤੇਤੋਂ। ਸਭ ਉਪਾਧਿਸਾਰੀ ਉਪਾਧੀ, ਸਾਰਾ ਬਖੇੜਾ। ਸਿਉਨਾਲ, ਵਿਚ। ਸਹਜਿਆਤਮਕ ਅਡੋਲਤਾ ਦੀ ਰਾਹੀਂ।੨।

ਥਨੰਤਰਿਥਾਨ ਅੰਤਰਿ। ਥਾਨ ਥਨੰਤਰਿਥਾਨ ਥਾਨ ਅੰਤਰਿ, ਹਰੇਕ ਥਾਂ ਵਿਚ। ਘਟਾ ਕਾਘਟਾਂ ਕਾ, ਸਰੀਰਾਂ ਦਾ। ਅੰਤਰਜਾਮੀਦਿਲ ਦੀ ਜਾਣਨ ਵਾਲਾ। ਜਾ ਕਉਜਿਸ ਮਨੁੱਖ ਨੂੰ। ਦੇਈਦੇਂਦਾ ਹੈ। ਲੇਇਲੈਂਦਾ ਹੈ।੩।

ਕੈ ਅੰਤਰਿਦੇ ਅੰਦਰ। ਤਾ ਕੈ ਹਿਰਦੈਉਸ (ਮਨੁੱਖ) ਦੇ ਹਿਰਦੇ ਵਿਚ। ਪ੍ਰਗਾਸੁ—(ਆਤਮਕ ਜੀਵਨ ਦਾ) ਚਾਨਣ। ਭਾਇਭਾਉ ਅਨੁਸਾਰ, ਪ੍ਰੇਮ ਨਾਲ। ਕਰੀਐਕਰਨਾ ਚਾਹੀਦਾ ਹੈ। ਜਪਿਜਪ ਕੇ। ਨਿਸਤਰੀਐਪਾਰ ਲੰਘ ਜਾਈਦਾ ਹੈ।੪।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਪਰਮਾਤਮਾ ਦੇ ਭਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ। ਉਹਨਾਂ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ।੧।ਰਹਾਉ।

ਹੇ ਭਾਈ! ਪ੍ਰਭੂ ਦੇ ਨਾਮ ਦੀ ਬਰਕਤ ਨਾਲ (ਸੰਤ ਜਨਾਂ ਦੇ ਅੰਦਰੋਂ) ਝਗੜੇ-ਬਖੇੜੇ ਮਿਟ ਜਾਂਦੇ ਹਨ। ਉਹਨਾਂ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ। ਸੁਖ ਉਹਨਾਂ ਦੇ ਅੰਦਰ ਆਪਣਾ ਟਿਕਾਣਾ ਬਣਾ ਲੈਂਦੇ ਹਨ। ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪ ਜਪ ਕੇ (ਸੰਤ ਜਨ ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜੇ ਰਹਿੰਦੇ ਹਨ। ਗੁਰੂ ਦੀ ਕਿਰਪਾ ਨਾਲ ਉਹ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ।੧।

ਹੇ ਭਾਈ! ਸੰਤ ਜਨ ਆਪਣੇ ਹਿਰਦੇ ਵਿਚ ਗੁਰੂ ਦੇ ਚਰਨ ਵਸਾਈ ਰੱਖਦੇ ਹਨ (ਪੂਰੀ ਸਰਧਾ ਨਾਲ ਗੁਰੂ ਦੇ ਸ਼ਬਦ ਨੂੰ ਮਨ ਵਿਚ ਟਿਕਾਈ ਰੱਖਦੇ ਹਨ), ਇਸ ਤਰ੍ਹਾਂ ਉਹ ਤ੍ਰਿਸ਼ਨਾ-ਅੱਗ ਦੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਉਹ ਜਨਮ ਮਰਨ ਦੇ ਗੇੜ ਦਾ ਸਾਰਾ ਬਖੇੜਾ ਹੀ ਮੁਕਾ ਲੈਂਦੇ ਹਨ, ਆਤਮਕ ਅਡੋਲਤਾ ਦੀ ਰਾਹੀਂ ਉਹਨਾਂ ਦੀ ਸੁਰਤਿ ਪ੍ਰਭੂ ਨਾਲ ਜੁੜੀ ਰਹਿੰਦੀ ਹੈ।੨।

ਹੇ ਭਾਈ! ਜੇਹੜਾ ਮਾਲਕ-ਪ੍ਰਭੂ ਆਪ ਹੀ ਹਰੇਕ ਥਾਂ ਵਿਚ ਵੱਸ ਰਿਹਾ ਹੈ ਅਤੇ ਸਾਰੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ, ਉਹ ਪ੍ਰਭੂ ਜਿਸ ਮਨੁੱਖ ਨੂੰ ਮੇਹਰ ਕਰ ਕੇ ਸੂਝ ਬਖ਼ਸ਼ਦਾ ਹੈ, ਉਹ ਮਨੁੱਖ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ।੩।

ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪ ਆ ਪਰਗਟ ਹੁੰਦਾ ਹੈ, ਉਸ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ। ਹੇ ਨਾਨਕ! ਭਗਤੀ ਦੀ ਭਾਵਨਾ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ। ਪਰਮਾਤਮਾ ਦਾ ਨਾਮ ਜਪ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ।੪।੧੦।੧੨।

TOP OF PAGE

Sri Guru Granth Darpan, by Professor Sahib Singh