ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 862

ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਸਭੁ ਕਰਤਾ ਸਭੁ ਭੁਗਤਾ ॥੧॥ ਰਹਾਉ ॥ ਸੁਨਤੋ ਕਰਤਾ ਪੇਖਤ ਕਰਤਾ ॥ ਅਦ੍ਰਿਸਟੋ ਕਰਤਾ ਦ੍ਰਿਸਟੋ ਕਰਤਾ ॥ ਓਪਤਿ ਕਰਤਾ ਪਰਲਉ ਕਰਤਾ ॥ ਬਿਆਪਤ ਕਰਤਾ ਅਲਿਪਤੋ ਕਰਤਾ ॥੧॥ ਬਕਤੋ ਕਰਤਾ ਬੂਝਤ ਕਰਤਾ ॥ ਆਵਤੁ ਕਰਤਾ ਜਾਤੁ ਭੀ ਕਰਤਾ ॥ ਨਿਰਗੁਨ ਕਰਤਾ ਸਰਗੁਨ ਕਰਤਾ ॥ ਗੁਰ ਪ੍ਰਸਾਦਿ ਨਾਨਕ ਸਮਦ੍ਰਿਸਟਾ ॥੨॥੧॥ {ਪੰਨਾ 862}

ਨੋਟ: ਸਿਰਲੇਖ 'ਚਉਪਦੇ' ਹੈ। ਪਰ ਇਹ ਪਹਿਲਾ ਸ਼ਬਦ 'ਦੁਪਦਾ' ਹੈ।

ਪਦਅਰਥ: ਸਭੁਹਰੇਕ ਚੀਜ਼। ਕਰਤਾਪੈਦਾ ਕਰਨ ਵਾਲਾ। ਭੁਗਤਾਭੋਗਣ ਵਾਲਾ।੧।ਰਹਾਉ।

ਪੇਖਤਵੇਖਣ ਵਾਲਾ। ਅਦ੍ਰਿਸਟੋਨਾਹ ਦਿੱਸਦਾ ਜਗਤ। ਦ੍ਰਿਸਟੋਦਿੱਸਦਾ ਸੰਸਾਰ। ਓਪਤਿਉਤਪੱਤੀ, ਪੈਦਾਇਸ਼। ਪਰਲਉ—{प्रलय} ਨਾਸ। ਬਿਆਪਤਵਿਆਪਕ। ਅਲਿਪਤੋਨਿਰਲੇਪ।੧।

ਬਕਤੋਬੋਲਣ ਵਾਲਾ। ਆਵਤੁਜੰਮਦਾ। ਜਾਤੁਜਾਂਦਾ (ਇਹ ਸਰੀਰ ਛੱਡ ਕੇ)ਨਿਰਗੁਨਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ। ਸਰਗੁਨਤਿੰਨ ਗੁਣਾਂ ਸਮੇਤ। ਪ੍ਰਸਾਦਿਕਿਰਪਾ ਨਾਲ। ਸਮਦ੍ਰਿਸਟਾਸਭਨਾਂ ਵਿਚ ਇੱਕ ਪ੍ਰਭੂ ਨੂੰ ਵੇਖਣ ਦੀ ਸੂਝ।੨।

ਅਰਥ: ਹੇ ਭਾਈ! ਪਰਮਾਤਮਾ ਹੀ ਹਰੇਕ ਚੀਜ਼ ਪੈਦਾ ਕਰਨ ਵਾਲਾ ਹੈ, (ਤੇ ਸਭ ਵਿਚ ਵਿਆਪਕ ਹੋ ਕੇ ਉਹੀ) ਹਰੇਕ ਚੀਜ਼ ਭੋਗਣ ਵਾਲਾ ਹੈ।੧।ਰਹਾਉ।

(ਹੇ ਭਾਈ! ਹਰੇਕ ਵਿਚ ਵਿਆਪਕ ਹੋ ਕੇ) ਪਰਮਾਤਮਾ ਹੀ ਸੁਣਨ ਵਾਲਾ ਹੈ ਪਰਮਾਤਮਾ ਹੀ ਵੇਖਣ ਵਾਲਾ ਹੈ। ਜੋ ਕੁਝ ਦਿੱਸ ਰਿਹਾ ਹੈ ਇਹ ਭੀ ਪਰਮਾਤਮਾ (ਦਾ ਰੂਪ) ਹੈ, ਜੋ ਅਨਦਿੱਸਦਾ ਜਗਤ ਹੈ ਉਹ ਭੀ ਪਰਮਾਤਮਾ (ਦਾ ਹੀ ਰੂਪ) ਹੈ। (ਸਾਰੇ ਜਗਤ ਦੀ) ਪੈਦਾਇਸ਼ (ਕਰਨ ਵਾਲਾ ਭੀ) ਪ੍ਰਭੂ ਹੀ ਹੈ, (ਸਭ ਦਾ) ਨਾਸ (ਕਰਨ ਵਾਲਾ ਭੀ) ਪ੍ਰਭੂ ਹੀ ਹੈ। ਸਭਨਾਂ ਵਿਚ ਵਿਆਪਕ ਭੀ ਪ੍ਰਭੂ ਹੀ ਹੈ, (ਅਤੇ ਵਿਆਪਕ ਹੁੰਦਿਆਂ) ਨਿਰਲੇਪ ਭੀ ਪ੍ਰਭੂ ਹੀ ਹੈ।੧।

(ਹਰੇਕ ਵਿਚ) ਪ੍ਰਭੂ ਹੀ ਬੋਲਣ ਵਾਲਾ ਹੈ, ਪ੍ਰਭੂ ਹੀ ਸਮਝਣ ਵਾਲਾ ਹੈ। ਜਗਤ ਵਿਚ ਆਉਂਦਾ ਭੀ ਉਹੀ ਹੈ, ਇਥੋਂ ਜਾਂਦਾ ਭੀ ਉਹ ਪ੍ਰਭੂ ਹੀ ਹੈ। ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਭੀ ਹੈ, ਤਿੰਨ ਗੁਣਾਂ ਸਮੇਤ ਭੀ ਹੈ। ਹੇ ਨਾਨਕ! ਪਰਮਾਤਮਾ ਨੂੰ ਸਭਨਾਂ ਵਿਚ ਹੀ ਵੇਖਣ ਦੀ ਇਹ ਸੂਝ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ।੨।੧।

ਗੋਂਡ ਮਹਲਾ ੫ ॥ ਫਾਕਿਓ ਮੀਨ ਕਪਿਕ ਕੀ ਨਿਆਈ ਤੂ ਉਰਝਿ ਰਹਿਓ ਕੁਸੰਭਾਇਲੇ ॥ ਪਗ ਧਾਰਹਿ ਸਾਸੁ ਲੇਖੈ ਲੈ ਤਉ ਉਧਰਹਿ ਹਰਿ ਗੁਣ ਗਾਇਲੇ ॥੧॥ ਮਨ ਸਮਝੁ ਛੋਡਿ ਆਵਾਇਲੇ ॥ ਅਪਨੇ ਰਹਨ ਕਉ ਠਉਰੁ ਨ ਪਾਵਹਿ ਕਾਏ ਪਰ ਕੈ ਜਾਇਲੇ ॥੧॥ ਰਹਾਉ ॥ਜਿਉ ਮੈਗਲੁ ਇੰਦ੍ਰੀ ਰਸਿ ਪ੍ਰੇਰਿਓ ਤੂ ਲਾਗਿ ਪਰਿਓ ਕੁਟੰਬਾਇਲੇ ॥ ਜਿਉ ਪੰਖੀ ਇਕਤ੍ਰ ਹੋਇ ਫਿਰਿ ਬਿਛੁਰੈ ਥਿਰੁ ਸੰਗਤਿ ਹਰਿ ਹਰਿ ਧਿਆਇਲੇ ॥੨॥ ਜੈਸੇ ਮੀਨੁ ਰਸਨ ਸਾਦਿ ਬਿਨਸਿਓ ਓਹੁ ਮੂਠੌ ਮੂੜ ਲੋਭਾਇਲੇ ॥ ਤੂ ਹੋਆ ਪੰਚ ਵਾਸਿ ਵੈਰੀ ਕੈ ਛੂਟਹਿ ਪਰੁ ਸਰਨਾਇਲੇ ॥੩॥ ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਸਭਿ ਤੁਮ੍ਹ੍ਹਰੇ ਜੀਅ ਜੰਤਾਇਲੇ ॥ ਪਾਵਉ ਦਾਨੁ ਸਦਾ ਦਰਸੁ ਪੇਖਾ ਮਿਲੁ ਨਾਨਕ ਦਾਸ ਦਸਾਇਲੇ ॥੪॥੨॥ {ਪੰਨਾ 862}

ਪਦਅਰਥ: ਫਾਕਿਓਫਸਿਆ ਹੋਇਆ। ਮੀਨ ਕੀ ਨਿਆਈਮੱਛ ਵਾਂਗ। ਕਪਿਕ ਕੀ ਨਿਆਈਬਾਂਦਰ ਵਾਂਗ। ਕੀ ਨਿਆਈਵਾਂਗ। ਉਰਝਿ ਰਹਿਓਉਲਝਿਆ ਹੋਇਆ ਹੈਂ। ਕਸੁੰਭਾਇਲੇਕਸੁੰਭੇ (ਵਾਂਗ ਛੇਤੀ ਸਾਥ ਛੱਡ ਜਾਣ ਵਾਲੀ ਮਾਇਆ) ਵਿਚ। ਪਗ ਧਾਰਹਿਜੇਹੜੇ ਭੀ ਤੂੰ ਪੈਰ ਧਰਦਾ ਹੈਂ। ਸਾਸੁ ਲੈਹਰੇਕ ਸਾਹ ਜੋ ਤੂੰ ਲੈ ਰਿਹਾ ਹੈਂ। ਲੇਖੈ—(ਧਰਮ ਰਾਜ ਦੇ) ਲੇਖੇ ਵਿਚ ਹੈ। ਤਉਤਦੋਂ। ਉਧਰਹਿਤੂੰ ਬਚੇਂਗਾ।੧।

ਮਨਹੇ ਮਨ! ਸਮਝੁਹੋਸ਼ ਕਰ। ਆਵਾਇਲੇਅਵੈੜਾਪਨ। ਠਉਰੁ—(ਪੱਕਾ) ਟਿਕਾਣਾ। ਕਾਏਕਿਉਂ? ਪਰ ਕੈਪਰਾਏ ਘਰ ਵਿਚ, ਕਿਸੇ ਹੋਰ ਦੇ ਧਨ ਵਲ।੧।ਰਹਾਉ।

ਮੈਗਲੁਹਾਥੀ। ਰਸਿਰਸ ਵਿਚ। ਇੰਦ੍ਰੀ ਰਸਿਕਾਮਵਾਸਨਾ ਵਿਚ। ਪੰਖੀਪੰਛੀ। ਇਕਤ੍ਰ ਹੋਇਇਕੱਠੇ ਹੋ ਕੇ। ਬਿਛੁਰੈ—(ਹਰੇਕ ਪੰਛੀ) ਵਿਛੜ ਜਾਂਦਾ ਹੈ। ਥਿਰੁਅਡੋਲ ਆਤਮਕ ਜੀਵਨ ਵਾਲਾ।੨।

ਮੀਨੁਮੱਛ {ਪੁਲਿੰਗ}ਸਾਦਿਸੁਆਦ ਵਿਚ। ਰਸਨਜੀਭ। ਓਹੁ ਮੂੜਉਹ ਮੂਰਖ (ਮੱਛ)ਪੰਚ ਵਾਸਿ—(ਕਾਮਾਦਿਕ) ਪੰਜਾਂ ਦੇ ਵੱਸ ਵਿਚ। ਪੰਚ ਵੈਰੀ ਕੈ ਵਾਸਿਪੰਜ ਵੈਰੀਆਂ ਦੇ ਵੱਸ ਵਿਚ। ਪਰੁਪਉ।੩।

ਦੀਨ ਦੁਖ ਭੰਜਨਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਸਭਿਸਾਰੇ। ਪਾਵਉਪਾਵਉਂ, ਮੈਂ ਪ੍ਰਾਪਤ ਕਰਾਂ। ਦਾਨੁਖ਼ੈਰ। ਪੇਖਾਪੇਖਾਂ, ਮੈਂ ਵੇਖਾਂ। ਮਿਲੁ ਨਾਨਕਨਾਨਕ ਨੂੰ ਮਿਲ।੪।

ਅਰਥ: ਹੇ ਮਨ! ਹੋਸ਼ ਕਰ, ਅਵੈੜਾ-ਪਨ ਛੱਡ ਦੇ। ਆਪਣੇ ਰਹਿਣ ਵਾਸਤੇ ਤੈਨੂੰ (ਇਥੇ) ਪੱਕਾ ਟਿਕਾਣਾ ਨਹੀਂ ਮਿਲ ਸਕਦਾ। ਫਿਰ ਹੋਰਨਾਂ ਦੇ ਧਨ-ਪਦਾਰਥ ਵਲ ਕਿਉਂ ਜਾਂਦਾ ਹੈਂ?੧।ਰਹਾਉ।

ਹੇ ਮਨ! ਤੂੰ ਕਸੁੰਭੇ (ਵਾਂਗ ਨਾਸਵੰਤ ਮਾਇਆ ਦੇ ਮੋਹ) ਵਿਚ ਉਲਝਿਆ ਰਹਿੰਦਾ ਹੈਂ, ਜਿਵੇਂ (ਜੀਭ ਦੇ ਸੁਆਦ ਦੇ ਕਾਰਨ) ਮੱਛੀ ਅਤੇ (ਛੋਲਿਆਂ ਦੀ ਮੁੱਠ ਵਾਸਤੇ) ਬਾਂਦਰ। (ਮੋਹ ਵਿਚ ਫਸ ਕੇ ਜਿਤਨੇ ਭੀ) ਕਦਮ ਤੂੰ ਧਰਦਾ ਹੈਂ, ਜੇਹੜਾ ਭੀ ਸਾਹ ਲੈਂਦਾ ਹੈਂ, (ਉਹ ਸਭ ਕੁਝ ਧਰਮਰਾਜ ਦੇ) ਲੇਖੇ ਵਿਚ (ਲਿਖਿਆ ਜਾ ਰਿਹਾ ਹੈ)ਹੇ ਮਨ! ਪਰਮਾਤਮਾ ਦੇ ਗੁਣ ਗਾਇਆ ਕਰ, ਤਦੋਂ ਹੀ (ਇਸ ਮੋਹ ਵਿਚੋਂ) ਬਚ ਸਕੇਂਗਾ।੧।

ਹੇ ਮਨ! ਜਿਵੇਂ ਹਾਥੀ ਨੂੰ ਕਾਮ-ਵਾਸਨਾ ਨੇ ਪ੍ਰੇਰ ਰੱਖਿਆ ਹੁੰਦਾ ਹੈ (ਤੇ ਉਹ ਪਰਾਈ ਕੈਦ ਵਿਚ ਫਸ ਜਾਂਦਾ ਹੈ, ਤਿਵੇਂ) ਤੂੰ ਪਰਵਾਰ ਦੇ ਮੋਹ ਵਿਚ ਫਸਿਆ ਪਿਆ ਹੈਂ, (ਪਰ ਤੂੰ ਇਹ ਚੇਤੇ ਨਹੀਂ ਰੱਖਦਾ ਕਿ) ਜਿਵੇਂ ਅਨੇਕਾਂ ਪੰਛੀ (ਕਿਸੇ ਰੁੱਖ ਉਤੇ) ਇਕੱਠੇ ਹੋ ਕੇ (ਰਾਤ ਕੱਟਦੇ ਹਨ, ਦਿਨ ਚੜ੍ਹਨ ਤੇ) ਫਿਰ ਹਰੇਕ ਪੰਛੀ ਵਿਛੜ ਜਾਂਦਾ ਹੈ (ਤਿਵੇਂ ਪਰਵਾਰ ਦਾ ਹਰੇਕ ਜੀਵ ਵਿਛੜ ਜਾਣਾ ਹੈ)ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਧਿਆਨ ਧਰਿਆ ਕਰ, ਬੱਸ! ਇਹੀ ਹੈ ਅਟੱਲ ਆਤਮਕ ਟਿਕਾਣਾ।੨।

ਹੇ ਮਨ! ਜਿਵੇਂ ਮੱਛ ਜੀਭ ਦੇ ਸੁਆਦ ਦੇ ਕਾਰਨ ਨਾਸ ਹੋ ਜਾਂਦਾ ਹੈ, ਉਹ ਮੂਰਖ ਲੋਭ ਦੇ ਕਾਰਨ ਲੁੱਟਿਆ ਜਾਂਦਾ ਹੈ, ਤੂੰ ਭੀ (ਕਾਮਾਦਿਕ) ਪੰਜ ਵੈਰੀਆਂ ਦੇ ਵੱਸ ਵਿਚ ਪਿਆ ਹੋਇਆ ਹੈਂ। ਹੇ ਮਨ! ਪ੍ਰਭੂ ਦੀ ਸਰਨ ਪਉ, ਤਦੋਂ ਹੀ (ਇਹਨਾਂ ਵੈਰੀਆਂ ਦੇ ਪੰਜੇ ਵਿਚੋਂ) ਨਿਕਲੇਂਗਾ।੩।

ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! (ਅਸਾਂ ਜੀਵਾਂ ਉਤੇ) ਦਇਆਵਾਨ ਹੋ। ਇਹ ਸਾਰੇ ਜੀਅ ਜੰਤ ਤੇਰੇ ਹੀ (ਪੈਦਾ ਕੀਤੇ ਹੋਏ) ਹਨ। (ਮੈਨੂੰ) ਨਾਨਕ ਨੂੰ, ਜੋ ਤੇਰੇ ਦਾਸਾਂ ਦਾ ਦਾਸ ਹੈ, ਮਿਲ। ਮੈਂ ਸਦਾ ਤੇਰਾ ਦਰਸ਼ਨ ਕਰਦਾ ਰਹਾਂ (ਮੇਹਰ ਕਰ, ਬੱਸ!) ਮੈਂ ਇਹੀ ਖ਼ੈਰ ਹਾਸਲ ਕਰਨਾ ਚਾਹੁੰਦਾ ਹਾਂ।੪।੨।

ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਜੀਅ ਪ੍ਰਾਨ ਕੀਏ ਜਿਨਿ ਸਾਜਿ ॥ ਮਾਟੀ ਮਹਿ ਜੋਤਿ ਰਖੀ ਨਿਵਾਜਿ ॥ ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ ॥ ਸੋ ਪ੍ਰਭੁ ਤਜਿ ਮੂੜੇ ਕਤ ਜਾਇ ॥੧॥ ਪਾਰਬ੍ਰਹਮ ਕੀ ਲਾਗਉ ਸੇਵ ॥ ਗੁਰ ਤੇ ਸੁਝੈ ਨਿਰੰਜਨ ਦੇਵ ॥੧॥ ਰਹਾਉ ॥ਜਿਨਿ ਕੀਏ ਰੰਗ ਅਨਿਕ ਪਰਕਾਰ ॥ ਓਪਤਿ ਪਰਲਉ ਨਿਮਖ ਮਝਾਰ ॥ ਜਾ ਕੀ ਗਤਿ ਮਿਤਿ ਕਹੀ ਨ ਜਾਇ ॥ ਸੋ ਪ੍ਰਭੁ ਮਨ ਮੇਰੇ ਸਦਾ ਧਿਆਇ ॥੨॥ ਆਇ ਨ ਜਾਵੈ ਨਿਹਚਲੁ ਧਨੀ ॥ ਬੇਅੰਤ ਗੁਨਾ ਤਾ ਕੇ ਕੇਤਕ ਗਨੀ ॥ ਲਾਲ ਨਾਮ ਜਾ ਕੈ ਭਰੇ ਭੰਡਾਰ ॥ ਸਗਲ ਘਟਾ ਦੇਵੈ ਆਧਾਰ ॥੩॥ ਸਤਿ ਪੁਰਖੁ ਜਾ ਕੋ ਹੈ ਨਾਉ ॥ ਮਿਟਹਿ ਕੋਟਿ ਅਘ ਨਿਮਖ ਜਸੁ ਗਾਉ ॥ ਬਾਲ ਸਖਾਈ ਭਗਤਨ ਕੋ ਮੀਤ ॥ ਪ੍ਰਾਨ ਅਧਾਰ ਨਾਨਕ ਹਿਤ ਚੀਤ ॥੪॥੧॥੩॥ {ਪੰਨਾ 862}

ਪਦਅਰਥ: ਜੀਅ ਪ੍ਰਾਨਜੀਵਾਂ ਦੀਆਂ ਜਿੰਦਾਂ। ਜਿਨਿਜਿਸ (ਪ੍ਰਭੂ) ਨੇ। ਸਾਜਿਸਾਜ ਕੇ, ਪੈਦਾ ਕਰ ਕੇ। ਮਾਟੀ ਮਹਿਸਰੀਰ ਵਿਚ। ਨਿਵਾਜਿਨਿਵਾਜ ਕੇ, ਨਿਵਾਜ਼ਸ਼ ਕਰ ਕੇ, ਮੇਹਰ ਕਰ ਕੇ। ਕਉਵਾਸਤੇ। ਸਭੁ ਕਿਛੁਹਰੇਕ ਚੀਜ਼। ਭੋਗਾਇਛਕਾਂਦਾ ਹੈ। ਤਜਿਤਿਆਗ ਕੇ। ਮੂੜੇਹੇ ਮੂਰਖ! ਕਤਕਿੱਥੇ? ਜਾਇਜਾਂਦਾ ਹੈ (ਤੇਰਾ ਮਨ)੧।

ਲਾਗਉਲਾਗਉਂ, ਮੈਂ ਲੱਗਦਾ ਹਾਂ, ਮੈਂ ਲੱਗਣਾ ਚਾਹੁੰਦਾ ਹਾਂ। ਸੇਵਸੇਵਾਭਗਤੀ। ਗੁਰ ਤੇਗੁਰੂ ਤੋਂ। ਨਿਰੰਜਨ ਦੇਵਉਹ ਪ੍ਰਕਾਸ਼ਰੂਪ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।੧।ਰਹਾਉ।

ਕੀਏਬਣਾਏ। ਪ੍ਰਕਾਰਕਿਸਮ। ਓਪਤਿਉਤਪੱਤੀ। ਪਰਲਉਨਾਸ। ਨਿਮਖਅੱਖ ਝਮਕਣ ਜਿਤਨਾ ਸਮਾ। ਮਝਾਰਵਿਚ। ਗਤਿਆਤਮਕ ਅਵਸਥਾ। ਮਿਤਿਮਾਪ। ਗਤਿ ਮਿਤਿਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈਇਹ ਗੱਲ। ਜਾ ਕੀਜਿਸ (ਪ੍ਰਭੂ) ਦੀ। ਮਨਹੇ ਮਨ!੨।

ਆਇ ਨਜੰਮਦਾ ਨਹੀਂ। ਨ ਜਾਵੈਨਹੀਂ ਮਰਦਾ। ਨਿਹਚਲੁਸਦਾ ਅਟੱਲ। ਧਨੀਮਾਲਕਪ੍ਰਭੂ। ਕੇਤਕਕਿਤਨੇ ਕੁ? ਗਨੀਗਨੀਂ, ਮੈਂ ਗਿਣਾਂ। ਜਾ ਕੈਜਿਸ ਦੇ ਘਰ ਵਿਚ। ਭੰਡਾਰਖ਼ਜ਼ਾਨੇ। ਸਗਲਸਾਰੇ। ਘਟਾਘਟਾਂ, ਸਰੀਰਾਂ ਨੂੰ। ਆਧਾਰਆਸਰਾ।੩।

ਸਤਿ ਪੁਰਖੁਸਦਾ-ਥਿਰ ਸਰਬਵਿਆਪਕ। ਜਾ ਕੋਜਿਸ ਦਾ। ਕੋਟਿਕ੍ਰੋੜਾਂ। ਅਘਪਾਪ। ਜਸੁਸਿਫ਼ਤਿ-ਸਾਲਾਹ ਦਾ ਗੀਤ। ਗਾਉਗਾਇਆ ਕਰ। ਨਿਮਖਅੱਖ ਝਮਕਣ ਜਿਤਨਾ ਸਮਾ। ਨਿਮਖ ਨਿਮਖਹਰ ਵੇਲੇ। ਬਾਲ ਸਖਾਈਮੁੱਢ ਦਾ ਸਾਥੀ। ਕੋਦਾ। ਪ੍ਰਾਨ ਅਧਾਰਜਿੰਦ ਦਾ ਸਹਾਰਾ। ਹਿਤ ਚੀਤਹਿਤੁ ਚੀਤਿ, ਆਪਣੇ ਚਿੱਤ ਵਿਚ ਉਸ ਦਾ ਪਿਆਰ ਪੈਦਾ ਕਰ।੪।

ਅਰਥ: ਹੇ ਭਾਈ! ਮੈਂ ਤਾਂ ਪਰਮਾਤਮਾ ਦੀ ਭਗਤੀ ਵਿਚ ਲੱਗਣਾ ਚਾਹੁੰਦਾ ਹਾਂ। ਗੁਰੂ ਪਾਸੋਂ ਹੀ ਉਸ ਪ੍ਰਕਾਸ਼-ਰੂਪ ਮਾਇਆ-ਰਹਿਤ ਪ੍ਰਭੂ ਦੀ ਭਗਤੀ ਦੀ ਸੂਝ ਪੈ ਸਕਦੀ ਹੈ।੧।ਰਹਾਉ।

ਹੇ ਮੂਰਖ! ਜਿਸ ਪ੍ਰਭੂ ਨੇ (ਤੈਨੂੰ) ਪੈਦਾ ਕਰਕੇ ਤੈਨੂੰ ਜਿੰਦ ਦਿੱਤੀ ਤੈਨੂੰ ਪ੍ਰਾਣ ਦਿੱਤੇ, ਜਿਸ ਪ੍ਰਭੂ ਨੇ ਮੇਹਰ ਕਰ ਕੇ ਸਰੀਰ ਵਿਚ (ਆਪਣੀ) ਜੋਤਿ ਰੱਖ ਦਿੱਤੀ ਹੈ, ਵਰਤਣ ਵਾਸਤੇ ਤੈਨੂੰ ਹਰੇਕ ਚੀਜ਼ ਦਿੱਤੀ ਹੈ, ਅਤੇ ਅਨੇਕਾਂ ਕਿਸਮਾਂ ਦੇ ਭੋਜਨ ਤੈਨੂੰ ਖਵਾਂਦਾ ਹੈ, ਉਸ ਪ੍ਰਭੂ ਨੂੰ ਵਿਸਾਰ ਕੇ (ਤੇਰਾ ਮਨ) ਹੋਰ ਕਿੱਥੇ ਭਟਕਦਾ ਰਹਿੰਦਾ ਹੈ?੧।

ਹੇ ਮੇਰੇ ਮਨ! ਸਦਾ ਉਸ ਪ੍ਰਭੂ ਦਾ ਧਿਆਨ ਧਰਿਆ ਕਰ, ਜਿਸ ਨੇ (ਜਗਤ ਵਿਚ) ਅਨੇਕਾਂ ਕਿਸਮਾਂ ਦੇ ਰੰਗ (-ਰੂਪ) ਪੈਦਾ ਕੀਤੇ ਹੋਏ ਹਨ, ਜੇਹੜਾ ਆਪਣੀ ਪੈਦਾ ਕੀਤੀ ਰਚਨਾ ਨੂੰ ਅੱਖ ਦੇ ਫੋਰ ਵਿਚ ਨਾਸ ਕਰ ਸਕਦਾ ਹੈ, ਅਤੇ ਜਿਸ ਦੀ ਬਾਬਤ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ।੨।

ਹੇ ਮਨ! ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ। ਮੈਂ ਉਸ ਦੇ ਕਿਤਨੇ ਕੁ ਗੁਣ ਗਿਣਾਂ? ਉਹ ਬੇਅੰਤ ਗੁਣਾਂ ਦਾ ਮਾਲਕ ਹੈ। ਉਸ ਦੇ ਘਰ ਵਿਚ ਉਸ ਦੇ ਗੁਣਾਂ-ਰੂਪ ਲਾਲਾਂ ਦੇ ਖ਼ਜ਼ਾਨੇ ਭਰੇ ਪਏ ਹਨ। ਉਹ ਪ੍ਰਭੂ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ।੩।

ਹੇ ਮਨ! ਜਿਸ ਪ੍ਰਭੂ ਦਾ ਨਾਮ (ਹੀ ਦੱਸਦਾ ਹੈ ਕਿ ਉਹ) ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਰਬ-ਵਿਆਪਕ ਹੈ, ਉਸ ਦਾ ਜਸ ਹਰ ਵੇਲੇ ਗਾਇਆ ਕਰ, (ਉਸ ਦੀ ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਕ੍ਰੋੜਾਂ ਪਾਪ ਮਿਟ ਜਾਂਦੇ ਹਨ। ਹੇ ਨਾਨਕ! ਆਪਣੇ ਚਿੱਤ ਵਿਚ ਉਸ ਪ੍ਰਭੂ ਦਾ ਪਿਆਰ ਪੈਦਾ ਕਰ, ਉਹ (ਹਰੇਕ ਜੀਵ ਦਾ) ਮੁੱਢ ਦਾ ਸਾਥੀ ਹੈ, ਭਗਤਾਂ ਦਾ ਮਿੱਤਰ ਹੈ ਅਤੇ (ਹਰੇਕ ਦੀ) ਜਿੰਦ ਦਾ ਆਸਰਾ ਹੈ।੪।੧।੩।

TOP OF PAGE

Sri Guru Granth Darpan, by Professor Sahib Singh