ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 861

ਗੋਂਡ ਮਹਲਾ ੪ ॥ ਜਿਤਨੇ ਸਾਹ ਪਾਤਿਸਾਹ ਉਮਰਾਵ ਸਿਕਦਾਰ ਚਉਧਰੀ ਸਭਿ ਮਿਥਿਆ ਝੂਠੁ ਭਾਉ ਦੂਜਾ ਜਾਣੁ ॥ ਹਰਿ ਅਬਿਨਾਸੀ ਸਦਾ ਥਿਰੁ ਨਿਹਚਲੁ ਤਿਸੁ ਮੇਰੇ ਮਨ ਭਜੁ ਪਰਵਾਣੁ ॥੧॥ ਮੇਰੇ ਮਨ ਨਾਮੁ ਹਰੀ ਭਜੁ ਸਦਾ ਦੀਬਾਣੁ ॥ ਜੋ ਹਰਿ ਮਹਲੁ ਪਾਵੈ ਗੁਰ ਬਚਨੀ ਤਿਸੁ ਜੇਵਡੁ ਅਵਰੁ ਨਾਹੀ ਕਿਸੈ ਦਾ ਤਾਣੁ ॥੧॥ ਰਹਾਉ ॥ ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ ਸਭਿ ਬਿਨਸਿ ਜਾਹਿ ਜਿਉ ਰੰਗੁ ਕਸੁੰਭ ਕਚਾਣੁ ॥ ਹਰਿ ਸਤਿ ਨਿਰੰਜਨੁ ਸਦਾ ਸੇਵਿ ਮਨ ਮੇਰੇ ਜਿਤੁ ਹਰਿ ਦਰਗਹ ਪਾਵਹਿ ਤੂ ਮਾਣੁ ॥੨॥ ਬ੍ਰਾਹਮਣੁ ਖਤ੍ਰੀ ਸੂਦ ਵੈਸ ਚਾਰਿ ਵਰਨ ਚਾਰਿ ਆਸ੍ਰਮ ਹਹਿ ਜੋ ਹਰਿ ਧਿਆਵੈ ਸੋ ਪਰਧਾਨੁ ॥ ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ ॥੩॥ ਓਹੁ ਸਭ ਤੇ ਊਚਾ ਸਭ ਤੇ ਸੂਚਾ ਜਾ ਕੈ ਹਿਰਦੈ ਵਸਿਆ ਭਗਵਾਨੁ ॥ ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ ॥੪॥੪॥ {ਪੰਨਾ 861}

ਪਦਅਰਥ: ਉਪਰਾਵਅਮੀਰ ਲੋਕ। ਸਿਕਦਾਰਸਰਦਾਰ। ਸਭਿਸਾਰੇ। ਮਿਥਿਆਨਾਸਵੰਤ। ਭਾਉ ਦੂਜਾਪ੍ਰਭੂ ਤੋਂ ਬਿਨਾ ਹੋਰ ਪਿਆਰ। ਜਾਣੁਸਮਝ ਲੈ। ਥਿਰੁਕਾਇਮ ਰਹਿਣ ਵਾਲਾ। ਨਿਹਚਲੁਅਟੱਲ। ਪਰਵਾਣੁਕਬੂਲ।੧।

ਦੀਬਾਣੁਆਸਰਾ। ਭਜੁਸਿਮਰ, ਉਚਾਰ। ਜੋਜੇਹੜਾ ਮਨੁੱਖ। ਤਾਣੁਤਾਕਤ।੧।ਰਹਾਉ।

ਕੁਲਵੰਤਉੱਚੀ ਕੁਲ ਵਾਲੇ। ਮਿਲਖਵੰਤਜ਼ਮੀਨਾਂ ਦੇ ਮਾਲਕ। ਦੀਸਹਿਦਿੱਸਦੇ ਹਨ। ਕਚਾਣੁਕੱਚਾ। ਸਤਿਸਦਾ ਕਾਇਮ ਰਹਿਣ ਵਾਲਾ। ਨਿਰੰਜਨੁ—{ਨਿਰਅੰਜਨੁ} ਮਾਇਆ ਦੇ ਪ੍ਰਭਾਵ ਤੋਂ ਪਰੇ। ਜਿਤੁਜਿਸ ਦੀ ਰਾਹੀਂ।੨।

ਸੂਦਸ਼ੂਦਰ। ਚਾਰਿ ਆਸ੍ਰਮਬ੍ਰਹਮਚਰਜ, ਗ੍ਰਿਹਸਤ, ਵਾਨਪ੍ਰਸਤ, ਸੰਨਿਆਸ। ਪਰਧਾਨੁਸ੍ਰੇਸ਼ਟ। ਨਿਕਟਿਨੇੜੇ। ਹਿਰਡੁ ਬਪੁੜਾਵਿਚਾਰਾ ਅਰਿੰਡ। ਮਿਲਿਮਿਲ ਕੇ। ਪਤਿਤਵਿਕਾਰੀ।੩।

ਤੇਤੋਂ। ਸੂਚਾਪਵਿੱਤਰ। ਜਾ ਕੈ ਹਿਰਦੈਜਿਸ ਦੇ ਹਿਰਦੇ ਵਿਚ। ਨਾਨਕੁ ਪਖਾਲੈਨਾਨਕ ਧੋਂਦਾ ਹੈ। ਸੇਵਕਾਣੁਸੇਵਕ। ਨੀਚ ਜਾਤਿਜਾਤਿ ਵਲੋਂ ਨੀਚ।੪।

ਅਰਥ: ਹੇ ਮੇਰੇ ਮਨ! ਸਦਾ ਪ੍ਰਭੂ ਦਾ ਨਾਮ ਸਿਮਰਿਆ ਕਰ, ਇਹੀ ਅਟੱਲ ਆਸਰਾ ਹੈ। ਜੇਹੜਾ ਮਨੁੱਖ ਗੁਰੂ ਦੇ ਬਚਨਾਂ ਉਤੇ ਤੁਰ ਕੇ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਹਾਸਲ ਕਰ ਲੈਂਦਾ ਹੈ, ਉਸ ਮਨੁੱਖ ਦੇ ਆਤਮਕ ਬਲ ਜਿਤਨਾ ਹੋਰ ਕਿਸੇ ਦਾ ਬਲ ਨਹੀਂ।੧।ਰਹਾਉ।

ਹੇ ਮਨ! (ਜਗਤ ਵਿਚ) ਜਿਤਨੇ ਭੀ ਸ਼ਾਹ ਬਾਦਸ਼ਾਹ ਅਮੀਰ ਸਰਦਾਰ ਚੌਧਰੀ (ਦਿੱਸਦੇ ਹਨ) ਇਹ ਸਾਰੇ ਨਾਸਵੰਤ ਹਨ, (ਇਹੋ ਜਿਹੇ) ਮਾਇਆ ਦੇ ਪਿਆਰ ਨੂੰ ਝੂਠਾ ਸਮਝ। ਸਿਰਫ਼ ਪਰਮਾਤਮਾ ਹੀ ਨਾਸ-ਰਹਿਤ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ। ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਤਾਹੀਏਂ ਕਬੂਲ ਹੋਵੇਂਗਾ।੧।

ਹੇ ਮੇਰੇ ਮਨ! (ਦੁਨੀਆ ਵਿਚ) ਜਿਤਨੇ ਭੀ ਧਨ ਵਾਲੇ, ਉੱਚੀ ਕੁਲ ਵਾਲੇ, ਜ਼ਮੀਨਾਂ ਦੇ ਮਾਲਕ ਦਿੱਸ ਰਹੇ ਹਨ, ਇਹ ਸਾਰੇ ਨਾਸ ਹੋ ਜਾਣਗੇ, (ਇਹਨਾਂ ਦਾ ਵਡੱਪਣ ਇਉਂ ਹੀ ਕੱਚਾ ਹੈ) ਜਿਵੇਂ ਕਸੁੰਭੇ ਦਾ ਰੰਗ ਕੱਚਾ ਹੈ। ਹੇ ਮੇਰੇ ਮਨ! ਉਸ ਪਰਮਾਤਮਾ ਨੂੰ ਸਦਾ ਸਿਮਰ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਅਤੇ ਜਿਸ ਦੀ ਰਾਹੀਂ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ।੨।

(ਹੇ ਮਨ! ਸਾਡੇ ਦੇਸ ਵਿਚ) ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ-ਇਹ ਚਾਰ (ਪ੍ਰਸਿੱਧ) ਵਰਨ ਹਨ, (ਬ੍ਰਹਮਚਰਜ, ਗ੍ਰਿਹਸਤ, ਵਾਨਪ੍ਰਸਤ, ਸੰਨਿਆਸ-ਇਹ) ਚਾਰ ਆਸ਼੍ਰਮ (ਪ੍ਰਸਿੱਧ) ਹਨ। ਇਹਨਾਂ ਵਿਚੋਂ ਜੇਹੜਾ ਭੀ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹੀ (ਸਭ ਤੋਂ) ਸ੍ਰੇਸ਼ਟ ਹੈ (ਜਾਤੀ ਆਦਿਕ ਕਰਕੇ ਨਹੀਂ)ਜਿਵੇਂ ਚੰਦਨ ਦੇ ਨੇੜੇ ਵਿਚਾਰਾ ਅਰਿੰਡ ਵੱਸਦਾ ਹੈ (ਤੇ ਸੁਗੰਧਿਤ ਹੋ ਜਾਂਦਾ ਹੈ) ਤਿਵੇਂ ਸਾਧ ਸੰਗਤਿ ਵਿਚ ਮਿਲ ਕੇ ਵਿਕਾਰੀ ਭੀ (ਪਵਿਤੱਰ ਹੋ ਕੇ) ਕਬੂਲ ਹੋ ਜਾਂਦਾ ਹੈ।੩।

ਹੇ ਮਨ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਹ ਮਨੁੱਖ ਹੋਰ ਸਭਨਾਂ ਮਨੁੱਖਾਂ ਨਾਲੋਂ ਉੱਚਾ ਹੋ ਜਾਂਦਾ ਹੈ, ਸੁੱਚਾ ਹੋ ਜਾਂਦਾ ਹੈ। (ਹੇ ਭਾਈ!) ਦਾਸ ਨਾਨਕ ਉਸ ਮਨੁੱਖਾਂ ਦੇ ਚਰਨ ਧੋਂਦਾ ਹੈ, ਜੇਹੜਾ ਪ੍ਰਭੂ ਦਾ ਸੇਵਕ ਹੈ ਪ੍ਰਭੂ ਦਾ ਭਗਤ ਹੈ, ਭਾਵੇਂ ਉਹ ਜਾਤੀ ਵਲੋਂ ਨੀਚ ਹੀ (ਗਿਣਿਆ ਜਾਂਦਾ) ਹੈ।੪।੪।

ਗੋਂਡ ਮਹਲਾ ੪ ॥ ਹਰਿ ਅੰਤਰਜਾਮੀ ਸਭਤੈ ਵਰਤੈ ਜੇਹਾ ਹਰਿ ਕਰਾਏ ਤੇਹਾ ਕੋ ਕਰਈਐ ॥ ਸੋ ਐਸਾ ਹਰਿ ਸੇਵਿ ਸਦਾ ਮਨ ਮੇਰੇ ਜੋ ਤੁਧਨੋ ਸਭ ਦੂ ਰਖਿ ਲਈਐ ॥੧॥ ਮੇਰੇ ਮਨ ਹਰਿ ਜਪਿ ਹਰਿ ਨਿਤ ਪੜਈਐ ॥ ਹਰਿ ਬਿਨੁ ਕੋ ਮਾਰਿ ਜੀਵਾਲਿ ਨ ਸਾਕੈ ਤਾ ਮੇਰੇ ਮਨ ਕਾਇਤੁ ਕੜਈਐ ॥੧॥ ਰਹਾਉ ॥ਹਰਿ ਪਰਪੰਚੁ ਕੀਆ ਸਭੁ ਕਰਤੈ ਵਿਚਿ ਆਪੇ ਆਪਣੀ ਜੋਤਿ ਧਰਈਐ ॥ ਹਰਿ ਏਕੋ ਬੋਲੈ ਹਰਿ ਏਕੁ ਬੁਲਾਏ ਗੁਰਿ ਪੂਰੈ ਹਰਿ ਏਕੁ ਦਿਖਈਐ ॥੨॥ ਹਰਿ ਅੰਤਰਿ ਨਾਲੇ ਬਾਹਰਿ ਨਾਲੇ ਕਹੁ ਤਿਸੁ ਪਾਸਹੁ ਮਨ ਕਿਆ ਚੋਰਈਐ ॥ ਨਿਹਕਪਟ ਸੇਵਾ ਕੀਜੈ ਹਰਿ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਐ ॥੩॥ ਜਿਸ ਦੈ ਵਸਿ ਸਭੁ ਕਿਛੁ ਸੋ ਸਭ ਦੂ ਵਡਾ ਸੋ ਮੇਰੇ ਮਨ ਸਦਾ ਧਿਅਈਐ ॥ ਜਨ ਨਾਨਕ ਸੋ ਹਰਿ ਨਾਲਿ ਹੈ ਤੇਰੈ ਹਰਿ ਸਦਾ ਧਿਆਇ ਤੂ ਤੁਧੁ ਲਏ ਛਡਈਐ ॥੪॥੫॥ {ਪੰਨਾ 861}

ਪਦਅਰਥ: ਅੰਤਰਜਾਮੀਹਰੇਕ ਦੇ ਦਿਲ ਦੀ ਜਾਣਨ ਵਾਲਾ। ਸਭਤੈਹਰ ਥਾਂ। ਵਰਤੈਮੌਜੂਦ ਹੈ। ਕੋਕੋਈ ਮਨੁੱਖ। ਕਰਈਐਕਰਦਾ ਹੈ। ਸੇਵਿਸਿਮਰ। ਮਨਹੇ ਮਨ! ਸਭਦੂਸਭ (ਦੁੱਖਾਂ) ਤੋਂ। ਰਖਿ ਲਈਐਬਚਾ ਲੈਂਦਾ ਹੈ।੧।

ਪੜਈਐਪੜ੍ਹਨਾ ਚਾਹੀਦਾ ਹੈ, ਜਪਣਾ ਚਾਹੀਦਾ ਹੈ। ਕਾਇਤੁਕਿਉਂ? ਕਿਸ ਵਾਸਤੇ? ਕੜਈਐਝੁਰਨਾ ਚਾਹੀਦਾ ਹੈ, ਚਿੰਤਾਫ਼ਿਕਰ ਕਰਨਾ ਚਾਹੀਦਾ ਹੈ।੧।ਰਹਾਉ।

ਪਰਪੰਚੁਇਹ ਦਿੱਸਦਾ ਸੰਸਾਰ। ਸਭੁਸਾਰਾ। ਕਰਤੈਕਰਤਾਰ ਨੇ। ਧਰਈਐਧਰੀ ਹੋਈ ਹੈ। ਗੁਰਿਗੁਰੂ ਨੇ। ਦਿਖਈਐਵਿਖਾਇਆ ਹੈ।੨।

ਅੰਤਰਿ—(ਸਾਡੇ) ਅੰਦਰ। ਨਾਲੇਅੰਗਸੰਗ। ਕਹੁਦੱਸੋ। ਪਾਸਹੁਕੋਲੋਂ। ਕਿਆ ਚੋਰਈਐਕੀਹ ਲੁਕਾਇਆ ਜਾ ਸਕਦਾ ਹੈ? ਨਿਹ ਕਪਟਨਿਰਛਲ (ਹੋ ਕੇ)ਸੇਵਾਭਗਤੀ। ਕੀਜੈਕਰਨੀ ਚਾਹੀਦੀ ਹੈ। ਕੇਰੀਦੀ। ਸਰਬਸਾਰੇ।੩।

ਦੈ ਵਸਿਦੇ ਵੱਸ ਵਿਚ। ਜਿਸ ਦੈ—{ਲਫ਼ਜ਼ 'ਜਿਸ' ਦਾ ੁ ਸੰਬੰਧਕ 'ਦੈ' ਦੇ ਕਾਰਨ ਉੱਡ ਗਿਆ ਹੈ}ਸਬਦੂਸਭਨਾਂ ਨਾਲੋਂ। ਤੁਧੁਤੈਨੂੰ।੪।

ਅਰਥ: ਹੇ ਮੇਰੇ ਮਨ! ਸਦਾ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ, ਉਚਾਰਨਾ ਚਾਹੀਦਾ ਹੈ। (ਜਦੋਂ) ਪਰਮਾਤਮਾ ਤੋਂ ਬਿਨਾ (ਹੋਰ) ਕੋਈ ਨਾਹ ਮਾਰ ਸਕਦਾ ਹੈ ਨਾਹ ਜਿਵਾਲ ਸਕਦਾ ਹੈ, ਤਾਂ ਫਿਰ, ਹੇ ਮੇਰੇ ਮਨ! (ਕਿਸੇ ਤਰ੍ਹਾਂ ਦਾ) ਚਿੰਤਾ-ਫ਼ਿਕਰ ਨਹੀਂ ਕਰਨਾ ਚਾਹੀਦਾ।੧।ਰਹਾਉ।

ਹੇ ਮੇਰੇ ਮਨ! ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਹਰੇਕ ਥਾਂ ਵਿਚ ਮੌਜੂਦ ਹੈ, (ਹਰੇਕ ਜੀਵ ਦੇ ਅੰਦਰ ਵਿਆਪਕ ਹੋ ਕੇ) ਜਿਹੋ ਜਿਹਾ ਕੰਮ (ਕਿਸੇ ਜੀਵ ਪਾਸੋਂ) ਕਰਾਂਦਾ ਹੈ, ਉਹੋ ਜਿਹਾ ਕੰਮ ਹੀ ਜੀਵ ਕਰਦਾ ਹੈ। ਹੇ ਮਨ! ਇਹੋ ਜਿਹੀ ਤਾਕਤ ਵਾਲੇ ਪ੍ਰਭੂ ਨੂੰ ਸਦਾ ਸਿਮਰਦਾ ਰਹੁ, ਉਹ ਤੈਨੂੰ ਹਰੇਕ (ਦੁੱਖ-ਕਲੇਸ਼) ਤੋਂ ਬਚਾ ਸਕਦਾ ਹੈ।੧।

ਹੇ ਮਨ! ਇਹ ਸਾਰਾ ਦਿੱਸਦਾ ਜਗਤ ਕਰਤਾਰ ਨੇ ਆਪ ਬਣਾਇਆ ਹੈ, ਇਸ ਜਗਤ ਵਿਚ ਉਸ ਨੇ ਆਪ ਹੀ ਆਪਣੀ ਜੋਤੀ ਰੱਖੀ ਹੋਈ ਹੈ। (ਸਭ ਜੀਵਾਂ ਵਿਚ ਉਹ) ਕਰਤਾਰ ਆਪ ਹੀ ਬੋਲ ਰਿਹਾ ਹੈ। (ਹਰੇਕ ਜੀਵ ਨੂੰ) ਉਹ ਪ੍ਰਭੂ ਆਪ ਹੀ ਬੋਲਣ ਦੀ ਸੱਤਿਆ ਦੇ ਰਿਹਾ ਹੈ। ਪੂਰੇ ਗੁਰੂ ਨੇ (ਮੈਨੂੰ ਹਰ ਥਾਂ) ਉਹ ਇੱਕ ਪ੍ਰਭੂ ਹੀ ਵਿਖਾ ਦਿੱਤਾ ਹੈ।੨।

ਹੇ ਮਨ! (ਹਰੇਕ ਜੀਵ ਦੇ) ਅੰਦਰ ਪ੍ਰਭੂ ਆਪ ਹੀ ਅੰਗ-ਸੰਗ ਵੱਸਦਾ ਹੈ, ਬਾਹਰ ਸਾਰੇ ਜਗਤ ਵਿਚ ਭੀ ਪ੍ਰਭੂ ਹੀ ਹਰ ਥਾਂ ਵੱਸਦਾ ਹੈ। ਦੱਸ! ਹੇ ਮਨ! ਉਸ (ਸਰਬ-ਵਿਆਪਕ) ਪਾਸੋਂ ਕੇਹੜਾ ਲੁਕਾਉ ਕੀਤਾ ਜਾ ਸਕਦਾ ਹੈ? ਮੇਰੇ ਮਨ! ਉਸ ਪ੍ਰਭੂ ਦੀ ਸੇਵਾ ਭਗਤੀ ਨਿਰਛਲ ਹੋ ਕੇ ਕਰਨੀ ਚਾਹੀਦੀ ਹੈ, ਤਾਂ ਹੀ (ਉਸ ਪਾਸੋਂ) ਸਾਰੇ ਸੁਖ ਹਾਸਲ ਕਰ ਸਕੀਦੇ ਹਨ।੩।

ਹੇ ਮੇਰੇ ਮਨ! ਜਿਸ ਪਰਮਾਤਮਾ ਦੇ ਵੱਸ ਵਿਚ ਹਰੇਕ ਚੀਜ਼ ਹੈ, ਉਹ ਸਭਨਾਂ ਵਾਲੋਂ ਵੱਡਾ ਹੈ, ਸਦਾ ਹੀ ਉਸ ਦਾ ਧਿਆਨ ਧਰਨਾ ਚਾਹੀਦਾ ਹੈ। ਹੇ ਦਾਸ ਨਾਨਕ! (ਆਖ-ਹੇ ਮਨ!) ਉਹ ਪਰਮਾਤਮਾ ਸਦਾ ਤੇਰੇ ਨਾਲ ਵੱਸਦਾ ਹੈ, ਉਸ ਦਾ ਸਦਾ ਧਿਆਨ ਧਰਿਆ ਕਰ, ਤੈਨੂੰ ਉਹ (ਹਰੇਕ ਦੁੱਖ-ਕਲੇਸ਼ ਤੋਂ) ਬਚਾਣ ਵਾਲਾ ਹੈ।੪।੫।

ਗੋਂਡ ਮਹਲਾ ੪ ॥ ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ ਜਿਉ ਤ੍ਰਿਖਾਵੰਤੁ ਬਿਨੁ ਨੀਰ ॥੧॥ ਮੇਰੈ ਮਨਿ ਪ੍ਰੇਮੁ ਲਗੋ ਹਰਿ ਤੀਰ ॥ ਹਮਰੀ ਬੇਦਨ ਹਰਿ ਪ੍ਰਭੁ ਜਾਨੈ ਮੇਰੇ ਮਨ ਅੰਤਰ ਕੀ ਪੀਰ ॥੧॥ ਰਹਾਉ ॥ ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ ਸੋ ਭਾਈ ਸੋ ਮੇਰਾ ਬੀਰ ॥੨॥ ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ ॥੩॥ ਜਨ ਨਾਨਕ ਕੀ ਹਰਿ ਆਸ ਪੁਜਾਵਹੁ ਹਰਿ ਦਰਸਨਿ ਸਾਂਤਿ ਸਰੀਰ ॥੪॥੬॥ ਛਕਾ ੧॥ {ਪੰਨਾ 861-862}

ਪਦਅਰਥ: ਕਉਨੂੰ, ਵਾਸਤੇ। ਤਪਤੈਤਪ ਰਿਹਾ ਹੈ, ਲੁੱਛ ਰਿਹਾ ਹੈ, ਤੜਫ ਰਿਹਾ ਹੈ। ਤ੍ਰਿਖਾਵੰਤੁਤਿਹਾਇਆ ਮਨੁੱਖ। ਨੀਰਪਾਣੀ।੧।

ਮੇਰੈ ਮਨਿਮੇਰੇ ਮਨ ਵਿਚ। ਬੇਦਨ—{वेदना} ਪੀੜਾ। ਅੰਤਰ ਕੀਅੰਦਰ ਦੀ, ਅੰਦਰਲੀ। ਪੀਰਪੀੜ।੧।ਰਹਾਉ।

ਬਾਤਗੱਲ। ਬੀਰਵੀਰ।੨।

ਮਿਲੁ—{ਹੁਕਮੀ ਭਵਿੱਖਤ}ਸਖੀਹੇ ਸਹੇਲੀਏ! ਕਹੁਦੱਸ, ਸੁਣ। ਲੇਲੈ ਕੇ। ਧੀਰ—{Adj.} ਕੋਮਲਤਾ ਪੈਦਾ ਕਰਨ ਵਾਲੀ, ਸ਼ਾਂਤੀ ਦੇਣ ਵਾਲੀ।੩।

ਹਰਿਹੇ ਹਰੀ! ਪੁਜਾਵਹੁਪੂਰੀ ਕਰੋ। ਦਰਸਨਿਦਰਸ਼ਨ ਨਾਲ। ਸਾਂਤਿ ਸਰੀਰਸਰੀਰ ਨੂੰ ਸ਼ਾਂਤੀ, ਹਿਰਦੇ ਨੂੰ ਠੰਢ।੪।

ਅਰਥ: ਹੇ ਭਾਈ! ਪਰਮਾਤਮਾ ਦਾ ਪਿਆਰ ਮੇਰੇ ਮਨ ਵਿਚ ਤੀਰ ਵਾਂਗ ਲੱਗਾ ਹੋਇਆ ਹੈ। (ਉਸ ਪ੍ਰੇਮ-ਤੀਰ ਦੇ ਕਾਰਨ ਪੈਦਾ ਹੋਈ) ਮੇਰੇ ਮਨ ਦੀ ਅੰਦਰਲੀ ਪੀੜ-ਵੇਦਨਾ ਮੇਰਾ ਹਰੀ ਮੇਰਾ ਪ੍ਰਭੂ ਹੀ ਜਾਣਦਾ ਹੈ।੧।ਰਹਾਉ।

(ਹੇ ਸਹੇਲੀਏ! ਉਸ ਪ੍ਰੇਮ ਦੇ ਤੀਰ ਦੇ ਕਾਰਨ ਹੁਣ) ਮੇਰਾ ਮਨ ਪਰਮਾਤਮਾ ਦੇ ਦਰਸ਼ਨ ਵਾਸਤੇ (ਇਉਂ) ਲੁਛ ਰਿਹਾ ਹੈ ਜਿਵੇਂ ਪਾਣੀ ਤੋਂ ਬਿਨਾ ਤਿਹਾਇਆ ਮਨੁੱਖ।੧।

ਹੇ ਸਹੇਲੀਏ! ਹੁਣ ਜੇ ਕੋਈ ਮਨੁੱਖ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀ ਕੋਈ ਗੱਲ ਸੁਣਾਵੇ (ਤਾਂ ਮੈਨੂੰ ਇਉਂ ਲੱਗਦਾ ਹੈ ਕਿ) ਉਹ ਮਨੁੱਖ ਮੇਰਾ ਭਰਾ ਹੈ ਮੇਰਾ ਵੀਰ ਹੈ।੨।

ਹੇ ਸਹੇਲੀਏ! ਗੁਰੂ ਦੀ ਸ਼ਾਂਤੀ ਦੇਣ ਵਾਲੀ ਮਤਿ ਲੈ ਕੇ ਮੈਨੂੰ ਭੀ ਮਿਲਿਆ ਕਰ, ਤੇ, ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਾਇਆ ਕਰ।੩।

ਹੇ ਪ੍ਰਭੂ! (ਆਪਣੇ) ਦਾਸ ਨਾਨਕ ਦੀ (ਦਰਸ਼ਨ ਦੀ) ਆਸ ਪੂਰੀ ਕਰ। ਹੇ ਹਰੀ! ਤੇਰੇ ਦਰਸ਼ਨ ਨਾਲ ਮੇਰੇ ਹਿਰਦੇ ਨੂੰ ਠੰਢ ਪੈਂਦੀ ਹੈ।੪।੬।ਛਕਾ।

ਛਕਾ-ਛੱਕਾ, ਛੇ ਸ਼ਬਦਾਂ ਦਾ ਸੰਗ੍ਰਹ।

TOP OF PAGE

Sri Guru Granth Darpan, by Professor Sahib Singh