ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 855

ਪਉੜੀ ॥ ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ ॥ ਪਿਛਲੇ ਗੁਨਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ ॥ ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤ੍ਰੁ ਪਾਵਨੁ ਹੋਇ ਜਾਵੈ ॥ ਏਹ ਵਡਿਆਈ ਸਤਿਗੁਰ ਨਿਰਵੈਰ ਵਿਚਿ ਜਿਤੁ ਮਿਲਿਐ ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ ॥ ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ ਜਿ ਸਤਿਗੁਰੂ ਨੋ ਮੰਨੈ ਸੁ ਸਭਨਾਂ ਭਾਵੈ ॥੧੩॥੧॥ ਸੁਧੁ ॥ {ਪੰਨਾ 855}

ਪਦਅਰਥ: ਗੁਨਹਗੁਨਾਹ, ਔਗੁਣ। ਮੀਹਿ ਵੁਠੈ—{ਪੂਰਬ ਪੂਰਨ ਕਾਰਦੰਤਕ Locative Absolute} ਮੀਂਹ ਪਿਆਂ। ਸੁਰਸਰੀਗੰਗਾ। ਪਾਵਨੁਪਵਿੱਤਰ। ਜਿਤੁ ਮਿਲਿਐਜਿਸ ਦੇ ਮਿਲਿਆਂ, ਜੇ ਉਹ ਮਿਲ ਪਏ। ਹਰਿ ਸਾਂਤਿਪਰਮਾਤਮਾ (ਦੇ ਮਿਲਾਪ) ਦੀ ਠੰਢ। ਤੜਤੁਰਤ। ਸਚੇ ਸਾਹ ਕਾਸਦਾ ਕਾਇਮ ਰਹਿਣ ਵਾਲੇ ਸ਼ਾਹ ਦਾ। ਮੰਨੈਸਰਧਾ ਲਿਆਵੇ। ਭਾਵੈਚੰਗਾ ਲੱਗਦਾ ਹੈ।੧੩।

ਅਰਥ: (ਜੇ) ਕੋਈ ਮਨੁੱਖ (ਪਹਿਲਾਂ) ਗੁਰੂ ਦੀ ਨਿੰਦਾ ਕਰਨ ਵਾਲਾ ਹੋਵੇ (ਪਰ) ਫਿਰ ਗੁਰੂ ਦੀ ਸਰਨ ਆ ਜਾਏ, ਤਾਂ ਸਤਿਗੁਰੂ (ਉਸ ਦੇ) ਪਿਛਲੇ ਔਗੁਣ ਬਖ਼ਸ਼ ਲੈਂਦਾ ਹੈ (ਤੇ ਉਸ ਨੂੰ) ਸਾਧ ਸੰਗਤਿ ਵਿਚ ਰਲਾ ਦੇਂਦਾ ਹੈ।

ਹੇ ਭਾਈ! ਜਿਵੇਂ ਮੀਂਹ ਪਿਆਂ ਗਲੀਆਂ ਨਾਲਿਆਂ ਟੋਭਿਆਂ ਦਾ ਪਾਣੀ (ਜਦੋਂ) ਗੰਗਾ ਵਿਚ ਜਾ ਪੈਂਦਾ ਹੈ (ਤਾਂ) ਗੰਗਾ ਵਿਚ ਮਿਲਦਿਆਂ (ਹੀ ਉਹ ਪਾਣੀ) ਪੂਰਨ ਤੌਰ ਤੇ ਪਵਿੱਤਰ ਹੋ ਜਾਂਦਾ ਹੈ, (ਤਿਵੇਂ) ਨਿਰਵੈਰ ਸਤਿਗੁਰੂ ਵਿਚ (ਭੀ) ਇਹ ਗੁਣ ਹੈ ਕਿ ਉਸ (ਗੁਰੂ) ਨੂੰ ਮਿਲਿਆਂ (ਮਨੁੱਖ ਦੀ ਮਾਇਆ ਦੀ) ਤ੍ਰਿਹ (ਮਾਇਆ ਦੀ) ਭੁੱਖ ਦੂਰ ਹੋ ਜਾਂਦੀ ਹੈ (ਤੇ ਉਸ ਦੇ ਅੰਦਰ) ਪਰਮਾਤਮਾ (ਦੇ ਮਿਲਾਪ) ਦੀ ਠੰਢ ਤੁਰਤ ਪੈ ਜਾਂਦੀ ਹੈ।

ਹੇ ਨਾਨਕ! (ਆਖ-ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਸ਼ਾਹ ਪਰਮਾਤਮਾ ਦਾ ਇਹ ਅਚਰਜ ਤਮਾਸ਼ਾ ਵੇਖੋ ਕਿ ਜਿਹੜਾ ਮਨੁੱਖ ਗੁਰੂ ਉਤੇ ਸਰਧਾ ਲਿਆਉਂਦਾ ਹੈ ਉਹ ਮਨੁੱਖ ਸਭਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।੧੩।੧।ਸੁਧੁ।

ਬਿਲਾਵਲੁ ਬਾਣੀ ਭਗਤਾ ਕੀ ॥ ਕਬੀਰ ਜੀਉ ਕੀ    ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ ਐਸੋ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਊ ਪਈਹੈ ਰੇ ॥ ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈਹੈ ਰੇ ॥੧॥ ਰਹਾਉ ॥ ਬਾਰੇ ਬੂਢੇ ਤਰੁਨੇ ਭਈਆ ਸਭਹੂ ਜਮੁ ਲੈ ਜਈਹੈ ਰੇ ॥ ਮਾਨਸੁ ਬਪੁਰਾ ਮੂਸਾ ਕੀਨੋ ਮੀਚੁ ਬਿਲਈਆ ਖਈਹੈ ਰੇ ॥੧॥ ਧਨਵੰਤਾ ਅਰੁ ਨਿਰਧਨ ਮਨਈ ਤਾ ਕੀ ਕਛੂ ਨ ਕਾਨੀ ਰੇ ॥ ਰਾਜਾ ਪਰਜਾ ਸਮ ਕਰਿ ਮਾਰੈ ਐਸੋ ਕਾਲੁ ਬਡਾਨੀ ਰੇ ॥੨॥ ਹਰਿ ਕੇ ਸੇਵਕ ਜੋ ਹਰਿ ਭਾਏ ਤਿਨ੍ਹ੍ਹ ਕੀ ਕਥਾ ਨਿਰਾਰੀ ਰੇ ॥ ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰਬ੍ਰਹਮ ਸੰਗਾਰੀ ਰੇ ॥੩॥ ਪੁਤ੍ਰ ਕਲਤ੍ਰ ਲਛਿਮੀ ਮਾਇਆ ਇਹੈ ਤਜਹੁ ਜੀਅ ਜਾਨੀ ਰੇ ॥ ਕਹਤ ਕਬੀਰੁ ਸੁਨਹੁ ਰੇ ਸੰਤਹੁ ਮਿਲਿਹੈ ਸਾਰਿਗਪਾਨੀ ਰੇ ॥੪॥੧॥ {ਪੰਨਾ 855}

ਪਦਅਰਥ: ਪੇਖਨਾਵੇਖਣ ਵਿਚ ਆ ਰਿਹਾ ਹੈ। ਰਹਨੁ ਪਈ ਹੈਰਹਿਣਾ ਪਏਗਾ, ਰਹਿ ਸਕੇਗਾ, ਸਦਾ ਰਹਿ ਸਕੇਗਾ। ਰੇਹੇ ਭਾਈ! ਸੂਧੇਸਿੱਧੇ। ਰੇਗਿਰਾਹ ਉੱਤੇ। ਨਤਰਨਹੀਂ ਤਾਂ। ਕੁਧਕੁਕੁਧੱਕਾ, ਡਾਢਾ ਧੱਕਾ। ਦਿਵਈ ਹੈਮਿਲੇਗਾ।੧।ਰਹਾਉ।

ਬਾਰੇਬਾਲਕ। ਤਰੁਨੇਜੁਆਨ। ਭਈਆਹੇ ਭਾਈ! ਭ ਹੂਸਾਰਿਆਂ ਨੂੰ ਹੀ। ਲੈ ਜਈ ਹੈਲੈ ਜਾਇਗਾ। ਬਪੁਰਾਵਿਚਾਰਾ। ਮੂਸਾਚੂਹਾ। ਮੀਚੁਮੌਤ। ਬਿਲਈਆਬਿੱਲਾ।੧।

ਮਨਈਮਨੁੱਖ (ਪੂਰਬ ਦੇਸ ਦੀ ਬੋਲੀ)ਕਾਨੀਕਾਣ, ਮੁਥਾਜੀ, ਲਿਹਾਜ਼। ਸਮਸਾਵਾਂ। ਬਡਾਨੀਡਾਢਾ, ਬਲੀ।੨।

ਭਾਏਭਾਉਂਦੇ ਹਨ, ਪਿਆਰੇ ਲੱਗਦੇ ਹਨ। ਕਥਾਗੱਲ। ਨਿਰਾਰੀਵੱਖਰੀ, ਨਿਰਾਲੀ। ਸੰਗਾਰੀਸੰਗੀ, ਸਾਥੀ।੩।

ਕਲਤ੍ਰਵਹੁਟੀ। ਇਹੈਇਹ ਹੀ, ਇਹਨਾਂ ਦਾ ਮੋਹ ਹੀ। ਤਜਹੁਛੱਡ ਦੇਹੁ। ਜੀਅ ਰੇਹੇ ਜਿੰਦੇ! ਜੀਅ ਜਾਨੀ ਰੇਹੇ ਜਾਨੀ ਜੀਅ! ਹੇ ਪਿਆਰੀ ਜਿੰਦੇ! ਸਾਰਿਗਪਾਨ—{ਸਾਰਿਗਵਿਸ਼ਨੂੰ ਦਾ ਧਨਖ। ਪਾਨੀਹੱਥ} ਜਿਸ ਦੇ ਹੱਥ ਵਿਚ ਸਾਰਿਗ ਧਨਖ ਹੈ ਜੋ ਸਭ ਦਾ ਨਾਸ ਕਰਨ ਵਾਲਾ ਹੈ, ਪਰਮਾਤਮਾ।੪।

ਅਰਥ: ਹੇ ਜਿੰਦੇ! ਇਹ ਜਗਤ ਅਜਿਹਾ ਵੇਖਣ ਵਿਚ ਆ ਰਿਹਾ ਹੈ, ਕਿ ਇੱਥੇ ਕੋਈ ਭੀ ਜੀਵ ਸਦਾ-ਥਿਰ ਨਹੀਂ ਰਹੇਗਾ। ਸੋ, ਤੂੰ ਸਿੱਧੇ ਰਾਹੇ ਤੁਰੀਂ, ਨਹੀਂ ਤਾਂ ਬੁਰਾ ਧੱਕਾ ਵੱਜਣ ਦਾ ਡਰ ਹੈ (ਭਾਵ, ਇਸ ਭੁਲੇਖੇ ਵਿਚ ਕਿ ਇੱਥੇ ਸਦਾ ਬਹਿ ਰਹਿਣਾ ਹੈ, ਕੁਰਾਹੇ ਪੈਣ ਦਾ ਬੜਾ ਖ਼ਤਰਾ ਹੁੰਦਾ ਹੈ)੧।

ਹੇ ਜਿੰਦੇ! ਬਾਲਕ ਹੋਵੇ, ਬੁੱਢਾ ਹੋਵੇ, ਚਾਹੇ ਜੁਆਨ ਹੋਵੇ, ਮੌਤ ਸਭਨਾਂ ਨੂੰ ਹੀ ਇੱਥੋਂ ਲੈ ਜਾਂਦੀ ਹੈ। ਮਨੁੱਖ ਵਿਚਾਰਾ ਤਾਂ, ਮਾਨੋ, ਚੂਹਾ ਬਣਾਇਆ ਗਿਆ ਹੈ ਜਿਸ ਨੂੰ ਮੌਤ-ਰੂਪ ਬਿੱਲਾ ਖਾ ਜਾਂਦਾ ਹੈ।੨।

ਹੇ ਜਿੰਦੇ! ਮਨੁੱਖ ਧਨਵਾਨ ਹੋਵੇ ਭਾਵੇਂ ਕੰਗਾਲ, ਮੌਤ ਨੂੰ ਕਿਸੇ ਦਾ ਲਿਹਾਜ਼ ਨਹੀਂ ਹੈ। ਮੌਤ ਰਾਜੇ ਤੇ ਪਰਜਾ ਨੂੰ ਇੱਕ-ਸਮਾਨ ਮਾਰ ਲੈਂਦੀ ਹੈ, ਇਹ ਮੌਤ ਹੈ ਹੀ ਐਸੀ ਡਾਢੀ।੩।

ਪਰ ਜੋ ਬੰਦੇ ਪ੍ਰਭੂ ਦੀ ਭਗਤੀ ਕਰਦੇ ਹਨ ਤੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਦੀ ਗੱਲ (ਸਾਰੇ ਜਹਾਨ ਨਾਲੋਂ) ਨਿਰਾਲੀ ਹੈ। ਉਹ ਨਾਹ ਜੰਮਦੇ ਹਨ ਨਾਹ ਮਰਦੇ ਹਨ, ਕਿਉਂਕਿ, ਹੇ ਜਿੰਦੇ! ਉਹ ਪਰਮਾਤਮਾ ਨੂੰ ਸਦਾ ਆਪਣਾ ਸੰਗੀ-ਸਾਥੀ ਜਾਣਦੇ ਹਨ।

ਸੋ, ਹੇ ਪਿਆਰੀ ਜਿੰਦ! ਪੁੱਤਰ, ਵਹੁਟੀ, ਧਨ-ਪਦਾਰਥ-ਇਹਨਾਂ ਦਾ ਮੋਹ ਛੱਡ ਦੇਹ। ਕਬੀਰ ਆਖਦਾ ਹੈ-ਹੇ ਸੰਤ ਜਨੋ! ਮੋਹ ਛੱਡਿਆਂ ਪਰਮਾਤਮਾ ਮਿਲ ਪੈਂਦਾ ਹੈ (ਤੇ ਮੌਤ ਦਾ ਡਰ ਮੁੱਕ ਜਾਂਦਾ ਹੈ)੪।੧।

ਸ਼ਬਦ ਦਾ ਭਾਵ: ਮੌਤ ਹਰੇਕ ਜੀਵ ਨੂੰ ਇੱਥੋਂ ਲੈ ਜਾਂਦੀ ਹੈ। ਸਦਾ ਕਿਸੇ ਨੇ ਭੀ ਇੱਥੇ ਬੈਠ ਨਹੀਂ ਰਹਿਣਾ। ਜੀਵਨ ਦੇ ਠੀਕ ਰਾਹੇ ਤੁਰੋ, ਪ੍ਰਭੂ ਦਾ ਸਿਮਰਨ ਕਰੋ, ਮੌਤ ਦਾ ਡਰ ਮੁੱਕ ਜਾਇਗਾ।

ਬਿਲਾਵਲੁ ॥ ਬਿਦਿਆ ਨ ਪਰਉ ਬਾਦੁ ਨਹੀ ਜਾਨਉ ॥ ਹਰਿ ਗੁਨ ਕਥਤ ਸੁਨਤ ਬਉਰਾਨੋ ॥੧॥ ਮੇਰੇ ਬਾਬਾ ਮੈ ਬਉਰਾ ਸਭ ਖਲਕ ਸੈਆਨੀ ਮੈ ਬਉਰਾ ॥ ਮੈ ਬਿਗਰਿਓ ਬਿਗਰੈ ਮਤਿ ਅਉਰਾ ॥੧॥ ਰਹਾਉ ॥ ਆਪਿ ਨ ਬਉਰਾ ਰਾਮ ਕੀਓ ਬਉਰਾ ॥ ਸਤਿਗੁਰੁ ਜਾਰਿ ਗਇਓ ਭ੍ਰਮੁ ਮੋਰਾ ॥੨॥ ਮੈ ਬਿਗਰੇ ਅਪਨੀ ਮਤਿ ਖੋਈ ॥ ਮੇਰੇ ਭਰਮਿ ਭੂਲਉ ਮਤਿ ਕੋਈ ॥੩॥ ਸੋ ਬਉਰਾ ਜੋ ਆਪੁ ਨ ਪਛਾਨੈ ॥ ਆਪੁ ਪਛਾਨੈ ਤ ਏਕੈ ਜਾਨੈ ॥੪॥ ਅਬਹਿ ਨ ਮਾਤਾ ਸੁ ਕਬਹੁ ਨ ਮਾਤਾ ॥ ਕਹਿ ਕਬੀਰ ਰਾਮੈ ਰੰਗਿ ਰਾਤਾ ॥੫॥੨॥ {ਪੰਨਾ 855}

ਪਦਅਰਥ: ਨ ਪਰਉਨ ਪਰਉਂ, ਮੈਂ ਨਹੀਂ ਪੜ੍ਹਦਾ। ਬਾਦੁਝਗੜਾ, ਬਹਿਸ। ਜਾਨਉਜਾਨਉਂ, ਮੈਂ ਜਾਣਦਾ। ਬਉਰਾਨੋਕਮਲਾ ਜਿਹਾ।੧।

ਸੈਆਨੀਸਿਆਣੀ। ਬਿਗਰਿਓਵਿਗੜ ਗਿਆ ਹਾਂ। ਮਤਿਮਤਾਂ। ਅਉਰਾਕੋਈ ਹੋਰ।੧।ਰਹਾਉ।

ਜਾਰਿ ਗਇਓਸਾੜ ਗਿਆ ਹੈ। ਭ੍ਰਮੁਭਰਮ, ਭੁਲੇਖਾ।੨।

ਮਤਿਅਕਲ। ਖੋਈਗੁਆ ਲਈ ਹੈ। ਮਤਿ ਭੂਲਉਕੋਈ ਨਾਹ ਭੁੱਲੇ (ਨੋਟ: ਲਫ਼ਜ਼ 'ਭੂਲਉ' ਵਿਆਕਰਣ ਅਨੁਸਾਰ 'ਹੁਕਮੀ ਭਵਿੱਖਤ, ਅੱਨਪੁਰਖ, ਇਕ-ਵਚਨ' ਹੈ)੩।

ਆਪੁਆਪਣੇ ਆਪ ਨੂੰ, ਆਪਣੇ ਅਸਲੇ ਨੂੰ। ਏਕੈਇੱਕ ਪ੍ਰਭੂ ਨੂੰ ਹੀ।੪।

ਅਬਹਿਹੁਣ ਹੀ, ਇਸ ਜਨਮ ਵਿਚ ਹੀ। ਮਾਤਾਮਸਤ। ਰਾਮੈ ਰੰਗਿਰਾਮ ਦੇ ਹੀ ਰੰਗ ਵਿਚ। ਰਾਤਾਰੱਤਾ ਹੋਇਆ, ਰੰਗਿਆ ਹੋਇਆ।੫।

ਅਰਥ: (ਬਹਿਸਾਂ ਦੀ ਖ਼ਾਤਰ) ਮੈਂ (ਤੁਹਾਡੀ ਬਹਿਸਾਂ ਵਾਲੀ) ਵਿੱਦਿਆ ਨਹੀਂ ਪੜ੍ਹਦਾ, ਨਾਹ ਹੀ ਮੈਂ (ਧਾਰਮਿਕ) ਬਹਿਸਾਂ ਕਰਨੀਆਂ ਜਾਣਦਾ ਹਾਂ (ਭਾਵ, ਆਤਮਕ ਜੀਵਨ ਵਾਸਤੇ ਮੈਂ ਕਿਸੇ ਵਿਦਵਤਾ-ਭਰੀ ਧਾਰਮਿਕ ਚਰਚਾ ਦੀ ਲੋੜ ਨਹੀਂ ਸਮਝਦਾ)ਮੈਂ ਤਾਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਸੁਣਨ ਵਿਚ ਮਸਤ ਰਹਿੰਦਾ ਹਾਂ।੧।

ਹੇ ਪਿਆਰੇ ਸੱਜਣ! (ਲੋਕਾਂ ਦੇ ਭਾਣੇ) ਮੈਂ ਕਮਲਾ ਹਾਂ। ਲੋਕ ਸਿਆਣੇ ਹਨ ਤੇ ਮੈਂ ਕਮਲਾ ਹਾਂ। (ਲੋਕਾਂ ਦੇ ਖ਼ਿਆਲ ਵਿਚ) ਮੈਂ ਕੁਰਾਹੇ ਪੈ ਗਿਆ ਹਾਂ (ਕਿਉਂਕਿ ਮੈਂ ਆਪਣੇ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦਾ ਭਜਨ ਕਰਦਾ ਹਾਂ), (ਪਰ ਲੋਕ ਆਪਣਾ ਧਿਆਨ ਰੱਖਣ, ਇਸ) ਕੁਰਾਹੇ ਹੋਰ ਕੋਈ ਨਾਹ ਪਏ।੧।ਰਹਾਉ।

ਮੈਂ ਆਪਣੇ ਆਪ (ਇਸ ਤਰ੍ਹਾਂ ਦਾ) ਕਮਲਾ ਨਹੀਂ ਬਣਿਆ, ਇਹ ਤਾਂ ਮੈਨੂੰ ਮੇਰੇ ਪ੍ਰਭੂ ਨੇ (ਆਪਣੀ ਭਗਤੀ ਵਿਚ ਜੋੜ ਕੇ) ਕਮਲਾ ਕਰ ਦਿੱਤਾ ਹੈ, ਤੇ ਮੇਰੇ ਗੁਰੂ ਨੇ ਮੇਰਾ ਭਰਮ-ਵਹਿਮ ਸਭ ਸਾੜ ਦਿੱਤਾ ਹੈ।੨।

(ਜੇ) ਮੈਂ ਕੁਰਾਹੇ ਪਏ ਹੋਏ ਨੇ ਆਪਣੀ ਅਕਲ ਗੁਆ ਲਈ ਹੈ (ਤਾਂ ਲੋਕਾਂ ਨੂੰ ਭਲਾ ਕਿਉਂ ਮੇਰਾ ਇਤਨਾ ਫ਼ਿਕਰ ਹੈ?) ਕੋਈ ਹੋਰ ਧਿਰ ਮੇਰੇ ਵਾਲੇ ਇਸ ਭੁਲੇਖੇ ਵਿਚ ਬੇਸ਼ਕ ਨਾਹ ਪਏ।੩।

(ਪਰ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਪ੍ਰਭੂ ਦੀ ਭਗਤੀ ਕਰਨ ਵਾਲਾ ਬੰਦਾ ਝੱਲਾ ਹੁੰਦਾ ਹੈ) ਝੱਲਾ ਉਹ ਬੰਦਾ ਹੈ ਜੋ ਆਪਣੇ ਅਸਲੇ ਦੀ ਪਛਾਣ ਨਹੀਂ ਕਰਦਾ। ਜੋ ਆਪਣੇ ਆਪ ਨੂੰ ਪਛਾਣਦਾ ਹੈ ਉਹ ਹਰ ਥਾਂ ਇੱਕ ਪਰਮਾਤਮਾ ਨੂੰ ਵੱਸਦਾ ਜਾਣਦਾ ਹੈ।੪।

ਕਬੀਰ ਆਖਦਾ ਹੈ-ਪਰਮਾਤਮਾ ਦੇ ਪਿਆਰ ਵਿਚ ਰੰਗੀਜ ਕੇ ਜੋ ਮਨੁੱਖ ਇਸ ਜੀਵਨ ਵਿਚ ਮਤਵਾਲਾ ਨਹੀਂ ਬਣਦਾ, ਉਸ ਨੇ ਕਦੇ ਭੀ ਨਹੀਂ ਬਣਨਾ (ਤੇ, ਉਹ ਜੀਵਨ ਅਜਾਈਂ ਗੰਵਾ ਜਾਇਗਾ)੫।੨।

ਸ਼ਬਦ ਦਾ ਭਾਵ: ਆਤਮਕ ਜੀਵਨ ਵਾਸਤੇ ਕਿਸੇ ਚੁੰਚ-ਗਿਆਨਤਾ ਦੀ ਲੋੜ ਨਹੀਂ ਪੈਂਦੀ। ਅਸਲੀ ਲੋੜ ਇਹ ਹੈ ਕਿ ਮਨੁੱਖ ਆਪਣੇ ਅਸਲੇ ਨੂੰ ਪਛਾਣ ਕੇ ਪਰਮਾਤਮਾ ਦੀ ਭਗਤੀ ਵਿਚ ਰੱਤਾ ਰਹੇ।

ਬਿਲਾਵਲੁ ॥ ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ ॥ ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ॥੧॥ ਕਿਉ ਛੂਟਉ ਕੈਸੇ ਤਰਉ ਭਵਜਲ ਨਿਧਿ ਭਾਰੀ ॥ ਰਾਖੁ ਰਾਖੁ ਮੇਰੇ ਬੀਠੁਲਾ ਜਨੁ ਸਰਨਿ ਤੁਮ੍ਹ੍ਹਾਰੀ ॥੧॥ ਰਹਾਉ ॥ ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ ॥ ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ ॥੨॥ ਜਰਾ ਜੀਵਨ ਜੋਬਨੁ ਗਇਆ ਕਿਛੁ ਕੀਆ ਨ ਨੀਕਾ ॥ ਇਹੁ ਜੀਅਰਾ ਨਿਰਮੋਲਕੋ ਕਉਡੀ ਲਗਿ ਮੀਕਾ ॥੩॥ ਕਹੁ ਕਬੀਰ ਮੇਰੇ ਮਾਧਵਾ ਤੂ ਸਰਬ ਬਿਆਪੀ ॥ ਤੁਮ ਸਮਸਰਿ ਨਾਹੀ ਦਇਆਲੁ ਮੋਹਿ ਸਮਸਰਿ ਪਾਪੀ ॥੪॥੩॥ {ਪੰਨਾ 855-856}

ਪਦਅਰਥ: ਗ੍ਰਿਹੁਘਰ, ਗ੍ਰਿਹਸਤ। ਤਜਿਤਿਆਗ ਕੇ। ਬਨਖੰਡਜੰਗਲਾਂ ਵਿਚ। ਕੰਦਾਗਾਜਰ ਆਦਿਕ ਧਰਤੀ ਵਿਚ ਉੱਗਣ ਵਾਲੀਆਂ ਚੀਜ਼ਾਂ। ਅਜਹੁਅਜੇ ਭੀ, ਫਿਰ ਭੀ।੧।

ਕਿਉ ਛੂਟਉਮੈਂ ਕਿਵੇਂ (ਇਹਨਾਂ ਵਿਕਾਰਾਂ ਤੋਂ) ਬਚ ਸਕਦਾ ਹਾਂ? ਭਵਸੰਸਾਰ। ਜਲ ਨਿਧਿਸਮੁੰਦਰ। ਬੀਠੁਲਾਹੇ ਬੀਠਲ! ਹੇ ਪ੍ਰਭੂ! {Skt. विष्ठलone that is far away. ਉਹ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਵਿਪਰੇ ਹੈ। ਸਥਲਟਿਕਿਆ ਹੋਇਆ। ਵਿਸਥਲ, ਵਿਸ਼ਠਲ, ਬੀਠਲਜੋ ਮਾਇਆ ਤੋਂ ਦੂਰ ਪਰੇ ਹੈ}ਨੋਟ: ਇਹ ਲਫ਼ਜ਼ ਸਿਰਫ਼ ਨਾਮਦੇਵ ਜੀ ਨੇ ਹੀ ਨਹੀਂ ਵਰਤਿਆ, ਕਬੀਰ ਜੀ ਭੀ ਵਰਤਦੇ ਹਨ ਤੇ ਸਤਿਗੁਰੂ ਜੀ ਨੇ ਭੀ ਕਈ ਥਾਂ ਵਰਤਿਆ ਹੈ। ਇਸ ਦੇ ਅਧਾਰ ਤੇ ਨਾਮਦੇਵ ਜੀ ਨੂੰ ਬੀਠਲ ਦੀ ਕਿਸੇ ਮੂਰਤੀ ਦਾ ਪੁਜਾਰੀ ਸਮਝਣਾ ਭੁੱਲ ਹੈ।੧।ਰਹਾਉ।

ਬਿਖੈ ਬਿਖੈ ਕੀਕਈ ਕਿਸਮਾਂ ਦੇ ਵਿਸ਼ਿਆਂ ਦੀ। ਬਾਸਨਾਵਾਸ਼ਨਾ, ਖਿੱਚ, ਚਸਕਾ। ਲਪਟਾਈਚੰਬੜਦਾ ਹੈ।੨।

ਜਰਾਬੁਢੇਪਾ। ਜੀਵਨ ਜੋਬਨੁਜ਼ਿੰਦਗੀ ਦਾ ਜੋਬਨ, ਜੁਆਨੀ ਦੀ ਉਮਰ। ਨੀਕਾਭਲਾ ਕੰਮ। ਜੀਅਰਾਇਹ ਸੁਹਣੀ ਜਿਹੀ ਜਿੰਦ। ਮੀਕਾਬਰਾਬਰ।੩।

ਮਾਧਵਾਹੇ ਪ੍ਰਭੂ! ਸਮਸਰਿਬਰਾਬਰ। ਮੋਹਿ ਸਮਸਰਿਮੇਰੇ ਵਰਗਾ।੪।

ਅਰਥ: ਜੇ ਗ੍ਰਿਹਸਤ ਤਿਆਗ ਕੇ ਜੰਗਲਾਂ ਵਿਚ ਚਲੇ ਜਾਈਏ, ਤੇ ਗਾਜਰ ਮੂਲੀ ਆਦਿਕ ਖਾ ਕੇ ਗੁਜ਼ਾਰਾ ਕਰੀਏ, ਤਾਂ ਭੀ ਇਹ ਪਾਪੀ ਚੰਦਰਾ ਮਨ ਵਿਕਾਰ ਨਹੀਂ ਛੱਡਦਾ।੧।

ਹੇ ਮੇਰੇ ਪ੍ਰਭੂ! ਮੈਂ ਤੇਰਾ ਦਾਸ ਤੇਰੀ ਸ਼ਰਨ ਆਇਆ ਹਾਂ, ਮੈਨੂੰ (ਇਹਨਾਂ ਵਿਕਾਰਾਂ ਤੋਂ) ਬਚਾ। ਮੈਂ ਕਿਵੇਂ ਇਹਨਾਂ ਤੋਂ ਖ਼ਲਾਸੀ ਕਰਾਵਾਂ? ਇਹ ਸੰਸਾਰ ਬੜਾ ਵੱਡਾ ਸਮੁੰਦਰ ਹੈ, ਮੈਂ ਕਿਵੇਂ ਇਸ ਤੋਂ ਪਾਰ ਲੰਘਾਂ?੧।ਰਹਾਉ।

ਹੇ ਮੇਰੇ ਬੀਠਲ! ਮੈਥੋਂ ਇਹਨਾਂ ਅਨੇਕਾਂ ਕਿਸਮਾਂ ਦੇ ਵਿਸ਼ਿਆਂ ਦੇ ਚਸਕੇ ਛੱਡੇ ਨਹੀਂ ਜਾ ਸਕਦੇ। ਕਈ ਜਤਨ ਕਰ ਕੇ ਇਸ ਮਨ ਨੂੰ ਰੋਕੀਦਾ ਹੈ, ਪਰ ਇਹ ਮੁੜ ਮੁੜ ਵਿਸ਼ਿਆਂ ਦੀਆਂ ਵਾਸ਼ਨਾਂ ਨੂੰ ਜਾ ਚੰਬੜਦਾ ਹੈ।੨।

ਬੁਢੇਪਾ ਆ ਗਿਆ ਹੈ, ਜੁਆਨੀ ਦੀ ਉਮਰ ਲੰਘ ਗਈ ਹੈ, ਪਰ ਮੈਂ ਹੁਣ ਤਕ ਕੋਈ ਚੰਗਾ ਕੰਮ ਨਹੀਂ ਕੀਤਾ। ਮੇਰੀ ਇਹ ਜਿੰਦ ਅਮੋਲਕ ਸੀ, ਪਰ ਮੈਂ ਇਸ ਨੂੰ ਕੌਡੀ ਦੇ ਬਰਾਬਰ ਕਰ ਦਿੱਤਾ ਹੈ।੩।

ਹੇ ਕਬੀਰ! (ਆਪਣੇ ਪ੍ਰਭੂ ਅੱਗੇ ਇਉਂ) ਬੇਨਤੀ ਕਰ-ਹੇ ਪਿਆਰੇ ਪ੍ਰਭੂ! ਤੂੰ ਸਭ ਜੀਆਂ ਵਿਚ ਵਿਆਪਕ ਹੈਂ (ਤੇ ਸਭ ਦੇ ਦਿਲ ਦੀ ਜਾਣਦਾ ਹੈਂ, ਮੇਰਾ ਅੰਦਰਲਾ ਹਾਲ ਭੀ ਤੂੰ ਜਾਣਦਾ ਹੈਂ) ਤੇਰੇ ਜੇਡਾ ਕੋਈ ਦਇਆ ਕਰਨ ਵਾਲਾ ਨਹੀਂ, ਤੇ ਮੇਰੇ ਵਰਗਾ ਕੋਈ ਪਾਪੀ ਨਹੀਂ (ਸੋ, ਮੈਨੂੰ ਤੂੰ ਆਪ ਹੀ ਇਹਨਾਂ ਵਿਕਾਰਾਂ ਤੋਂ ਬਚਾ)੪।੩।

TOP OF PAGE

Sri Guru Granth Darpan, by Professor Sahib Singh