ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 853

ਸਲੋਕ ਮਃ ੩ ॥ ਗੁਰਮੁਖਿ ਸੰਸਾ ਮੂਲਿ ਨ ਹੋਵਈ ਚਿੰਤਾ ਵਿਚਹੁ ਜਾਇ ॥ ਜੋ ਕਿਛੁ ਹੋਇ ਸੁ ਸਹਜੇ ਹੋਇ ਕਹਣਾ ਕਿਛੂ ਨ ਜਾਇ ॥ ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ ॥੧॥ {ਪੰਨਾ 853}

ਪਦਅਰਥ: ਸੰਸਾਤੌਖ਼ਲਾ। ਮੂਲਿ ਨਬਿਲਕੁਲ ਨਹੀਂ। ਸਹਜੇਸੁਤੇ ਹੀ, ਪਰਮਾਤਮਾ ਦੀ ਰਜ਼ਾ ਵਿਚ। ਲਇਅਨੁਲਏ ਹਨ ਉਸ ਨੇ। ਪੰਨੈਪੱਲੇ ਵਿਚ। ਪੰਨੈ ਪਾਇ ਲਇਅਨੁਉਸ ਨੇ ਆਪਣੇ ਪੱਲੇ ਪਾ ਲਿਆ ਹੈ।

ਅਰਥ: ਹੇ ਭਾਈ! ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਨੂੰ (ਕਿਸੇ ਕਿਸਮ ਦਾ) ਤੌਖ਼ਲਾ ਉੱਕਾ ਹੀ ਨਹੀਂ ਹੁੰਦਾ, ਉਹਨਾਂ ਦੇ ਅੰਦਰੋਂ ਚਿੰਤਾ ਦੂਰ ਹੋ ਜਾਂਦੀ ਹੈ। (ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਸੰਸਾਰ ਵਿਚ) ਜੋ ਕੁਝ ਹੋ ਰਿਹਾ ਹੈ ਉਹ ਪਰਮਾਤਮਾ ਦੀ ਰਜ਼ਾ ਵਿਚ ਹੋ ਰਿਹਾ ਹੈ, ਉਸ ਉਤੇ ਕੋਈ ਇਤਰਾਜ਼ ਨਹੀਂ ਕੀਤਾ ਜਾ ਸਕਦਾ। ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਆਪਣੇ ਲੜ ਲਾ ਲੈਂਦਾ ਹੈ ਉਹਨਾਂ ਦੀ ਅਰਜ਼ੋਈ (ਪਰਮਾਤਮਾ ਸਦਾ) ਆਪ ਸੁਣਦਾ ਹੈ।੧।

ਮਃ ੩ ॥ ਕਾਲੁ ਮਾਰਿ ਮਨਸਾ ਮਨਹਿ ਸਮਾਣੀ ਅੰਤਰਿ ਨਿਰਮਲੁ ਨਾਉ ॥ ਅਨਦਿਨੁ ਜਾਗੈ ਕਦੇ ਨ ਸੋਵੈ ਸਹਜੇ ਅੰਮ੍ਰਿਤੁ ਪਿਆਉ ॥ ਮੀਠਾ ਬੋਲੇ ਅੰਮ੍ਰਿਤ ਬਾਣੀ ਅਨਦਿਨੁ ਹਰਿ ਗੁਣ ਗਾਉ ॥ ਨਿਜ ਘਰਿ ਵਾਸਾ ਸਦਾ ਸੋਹਦੇ ਨਾਨਕ ਤਿਨ ਮਿਲਿਆ ਸੁਖੁ ਪਾਉ ॥੨॥ {ਪੰਨਾ 853}

ਪਦਅਰਥ: ਕਾਲੁਮੌਤ, ਮੌਤ ਦਾ ਡਰ, ਆਤਮਕ ਮੌਤ। ਮਾਰਿਮੁਕਾ ਕੇ। ਮਨਸਾਮਨ ਦਾ ਮਾਇਕ ਫੁਰਨਾ। ਮਨਹਿਮਨ ਵਿਚ ਹੀ। ਸਮਾਣੀਲੀਨ ਕਰ ਲੈਂਦਾ ਹੈ। ਅਨਦਿਨੁਹਰ ਰੋਜ਼, ਹਰ ਵੇਲੇ। ਸਹਜੇਆਤਮਕ ਅਡੋਲਤਾ ਵਿਚ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ ਨਾਮਰਸ। ਪਿਆਉਖ਼ੁਰਾਕ। ਅੰਮ੍ਰਿਤ ਬਾਣੀਆਤਮਕ ਜੀਵਨ ਦੇਣ ਵਾਲੀ (ਗੁਰੂ ਦੀ) ਬਾਣੀ ਦੀ ਰਾਹੀਂ। ਨਿਜ ਘਰਿਆਪਣੇ ਘਰ ਵਿਚ, ਪ੍ਰਭੂ ਦੀ ਯਾਦ ਵਿਚ। ਸੋਹਦੇਸੋਭਦੇ ਹਨ, ਸੋਹਣੇ ਜੀਵਨ ਵਾਲੇ ਹੁੰਦੇ ਹਨ। ਪਾਉਪਾਉਂ, ਮੈਂ ਹਾਸਲ ਕਰਦਾ ਹਾਂ।੨।

ਅਰਥ: ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਵਿੱਤਰ ਨਾਮ ਵੱਸਦਾ ਹੈ ਉਹ ਆਤਮਕ ਮੌਤ ਨੂੰ ਮੁਕਾ ਕੇ ਮਨ ਦੇ ਮਾਇਕ ਫੁਰਨੇ ਨੂੰ ਮਨ ਵਿਚ ਹੀ ਦੱਬ ਦੇਂਦਾ ਹੈ। ਉਹ ਮਨੁੱਖ (ਮਾਇਆ ਦੇ ਹੱਲਿਆਂ ਵਲੋਂ) ਹਰ ਵੇਲੇ ਸੁਚੇਤ ਰਹਿੰਦਾ ਹੈ, ਕਦੇ ਉਹ (ਗ਼ਫ਼ਲਤ ਦੀ ਨੀਂਦ ਵਿਚ) ਨਹੀਂ ਸੌਂਦਾ। ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਨਾਮ-ਅੰਮ੍ਰਿਤ (ਉਸ ਦੀ) ਖ਼ੁਰਾਕ ਹੁੰਦਾ ਹੈ। ਉਹ ਮਨੁੱਖ (ਸਦਾ) ਮਿੱਠਾ ਬੋਲਦਾ ਹੈ, (ਸਤਿਗੁਰੂ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਹੈ।

ਇਹੋ ਜਿਹੇ ਮਨੁੱਖ ਸਦਾ ਪਰਮਾਤਮਾ ਦੇ ਚਰਨਾਂ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ। ਹੇ ਨਾਨਕ! (ਆਖ-ਹੇ ਭਾਈ!) ਇਹੋ ਜਿਹੇ ਮਨੁੱਖਾਂ ਨੂੰ ਮਿਲ ਕੇ ਮੈਂ ਭੀ ਆਤਮਕ ਆਨੰਦ ਮਾਣਦਾ ਹਾਂ।੨।

ਪਉੜੀ ॥ ਹਰਿ ਧਨੁ ਰਤਨ ਜਵੇਹਰੀ ਸੋ ਗੁਰਿ ਹਰਿ ਧਨੁ ਹਰਿ ਪਾਸਹੁ ਦੇਵਾਇਆ ॥ ਜੇ ਕਿਸੈ ਕਿਹੁ ਦਿਸਿ ਆਵੈ ਤਾ ਕੋਈ ਕਿਹੁ ਮੰਗਿ ਲਏ ਅਕੈ ਕੋਈ ਕਿਹੁ ਦੇਵਾਏ ਏਹੁ ਹਰਿ ਧਨੁ ਜੋਰਿ ਕੀਤੈ ਕਿਸੈ ਨਾਲਿ ਨ ਜਾਇ ਵੰਡਾਇਆ ॥ ਜਿਸ ਨੋ ਸਤਿਗੁਰ ਨਾਲਿ ਹਰਿ ਸਰਧਾ ਲਾਏ ਤਿਸੁ ਹਰਿ ਧਨ ਕੀ ਵੰਡ ਹਥਿ ਆਵੈ ਜਿਸ ਨੋ ਕਰਤੈ ਧੁਰਿ ਲਿਖਿ ਪਾਇਆ ॥ ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਕਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ ਰੋਲੁ ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚਿ ਕਾਲਾ ਕਰਾਇਆ ॥ ਹਰਿ ਕੇ ਦਿਤੇ ਨਾਲਿ ਕਿਸੈ ਜੋਰੁ ਬਖੀਲੀ ਨ ਚਲਈ ਦਿਹੁ ਦਿਹੁ ਨਿਤ ਨਿਤ ਚੜੈ ਸਵਾਇਆ ॥੯॥ {ਪੰਨਾ 853}

ਪਦਅਰਥ: ਜਵੇਹਰੀਜਵਾਹਰਾਤ, ਹੀਰੇ। ਗੁਰਿਗੁਰੂ ਨੇ। ਪਾਸਹੁਕੋਲੋਂ, ਤੋਂ। ਕਿਹੁਕੁਝ। ਅਕੈਜਾਂ। ਜੋਰਿ ਕੀਤੈਜੇ ਧੱਕਾ ਕੀਤਾ ਜਾਏ, ਬਦੋਬਦੀ। ਸਰਧਾਪਰਤੀਤ। ਹਥਿਹੱਥ ਵਿਚ। ਹਥਿ ਆਵੈਮਿਲਦੀ ਹੈ। ਵੰਡਹਿੱਸਾ। ਧੁਰਿਧੁਰ ਤੋਂ, ਮੁੱਢ ਤੋਂ, ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ। ਖਤੁਪਟਾ, ਮਲਕੀਅਤ ਦਾ ਪਟਾ, ਲਿਖਤ। ਸੀਵ ਬੰਨੈਵੱਟਬੰਨੇ ਦਾ। ਰੋਲੁਰੌਲਾ, ਝਗੜਾ। ਬਖੀਲੀਚੁਗ਼ਲੀ, ਈਰਖਾ। ਦਿਹੁ ਦਿਹੁਹਰ ਰੋਜ਼। ਚੜੈ ਸਵਾਇਆਵਧਦਾ ਹੈ।੯।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ-ਧਨ ਰਤਨ ਹੀਰੇ ਹਨ। ਇਹ ਹਰਿ-ਨਾਮ-ਧਨ (ਜਿਸ ਨੂੰ) ਪਰਮਾਤਮਾ ਪਾਸੋਂ ਦਿਵਾਇਆ ਹੈ ਗੁਰੂ ਨੇ (ਹੀ) ਦਿਵਾਇਆ ਹੈ। ਜੇ ਕਿਸੇ ਮਨੁੱਖ ਨੂੰ (ਗੁਰੂ ਤੋਂ ਬਿਨਾ ਕਿਸੇ ਹੋਰ ਕੋਲ) ਕੁਝ ਦਿੱਸ ਪਏ ਤਾਂ (ਉਸ ਪਾਸੋਂ ਕੋਈ) ਕੁਝ ਮੰਗ ਭੀ ਲਏ, ਜਾਂ, ਕੋਈ ਕੁਝ ਦਿਵਾ ਦੇਵੇ। ਪਰ ਇਹ ਨਾਮ-ਧਨ ਧੱਕਾ ਕਰ ਕੇ (ਭੀ) ਕਿਸੇ ਨਾਲ ਵੰਡਾਇਆ ਨਹੀਂ ਜਾ ਸਕਦਾ (ਇਹ ਤਾਂ ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਰਾਹੀਂ ਹੀ ਮਿਲਦਾ ਹੈ)ਹੇ ਭਾਈ! ਪਰਮਾਤਮਾ ਨੇ ਧੁਰੋਂ ਜਿਸ ਮਨੁੱਖ ਦੇ ਮੱਥੇ ਤੇ ਲੇਖ ਲਿਖ ਦਿੱਤਾ ਹੈ, ਪਰਮਾਤਮਾ ਉਸ ਮਨੁੱਖ ਦੀ ਗੁਰੂ ਵਿਚ ਸਰਧਾ ਬਣਾਂਦਾ ਹੈ, ਤੇ (ਗੁਰੂ ਦੀ ਰਾਹੀਂ) ਉਸ ਮਨੁੱਖ ਨੂੰ ਨਾਮ-ਧਨ ਦਾ ਹਿੱਸਾ ਮਿਲਦਾ ਹੈ।

ਹੇ ਭਾਈ! ਇਹ ਨਾਮ-ਧਨ (ਐਸੀ ਜਾਇਦਾਦ ਹੈ ਕਿ) ਇਸ ਦਾ ਕੋਈ ਸ਼ਰੀਕ ਨਹੀਂ ਬਣ ਸਕਦਾ (ਇਸ ਉਤੇ) ਕੋਈ ਜੱਦੀ ਹੱਕ ਨਹੀਂ ਬਣਾ ਸਕਦਾ, ਕਿਸੇ ਕੋਲ ਇਸ ਦੀ ਮਲਕੀਅਤ ਦਾ ਪਟਾ ਭੀ ਨਹੀਂ ਹੋ ਸਕਦਾ। (ਜਿਵੇਂ ਜ਼ਿਮੀਂਦਾਰਾਂ ਦਾ ਜ਼ਮੀਨ ਦੇ) ਵੱਟੇ-ਬੰਨੇ ਦਾ ਰੌਲਾ (ਪੈ ਸਕਦਾ ਹੈ), ਇਸ ਹਰਿ-ਧਨ ਦਾ ਕੋਈ ਅਜਿਹਾ ਰੌਲਾ ਭੀ ਨਹੀਂ ਹੋ ਸਕਦਾ। (ਕਿਸੇ ਗੁਰਮੁਖ ਨੂੰ ਵੇਖ ਕੇ) ਜੇ ਕੋਈ ਮਨੁੱਖ ਇਸ ਨਾਮ-ਧਨ ਦੀ (ਖ਼ਾਤਰ) ਈਰਖਾ ਕਰਦਾ ਹੈ, ਉਸ ਨੂੰ ਸਗੋਂ ਹਰ ਪਾਸੇ ਫਿਟਕਾਰ ਹੀ ਪੈਂਦੀ ਹੈ।

(ਹੇ ਭਾਈ! ਇਹ ਨਾਮ-ਧਨ ਪਰਮਾਤਮਾ ਆਪ ਹੀ ਗੁਰੂ ਦੀ ਰਾਹੀਂ ਦੇਂਦਾ ਹੈ, ਤੇ) ਜੇ ਪਰਮਾਤਮਾ ਕਿਸੇ ਨੂੰ ਇਹ ਨਾਮ-ਧਨ ਦੇਵੇ ਤਾਂ ਕਿਸੇ ਹੋਰ ਦਾ ਜ਼ੋਰ ਨਹੀਂ ਚੜ੍ਹ ਸਕਦਾ, ਕਿਸੇ ਦੀ ਈਰਖਾ ਕੁਝ ਵਿਗਾੜ ਨਹੀਂ ਸਕਦੀ (ਇਹ ਐਸੀ ਦਾਤਿ ਹੈ ਕਿ) ਇਹ ਹਰ ਰੋਜ਼ ਸਦਾ ਵਧਦੀ ਹੀ ਜਾਂਦੀ ਹੈ।੯।

ਸਲੋਕ ਮਃ ੩ ॥ ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥ ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥ ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ ॥ ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ ॥੧॥ {ਪੰਨਾ 853}

ਪਦਅਰਥ: ਜਲੰਦਾ—(ਵਿਕਾਰਾਂ ਵਿਚ) ਸੜਦਾ। ਰਖਿ ਲੈਬਚਾ ਲੈ। ਧਾਰਿਧਾਰ ਕੇ, ਕਰ ਕੇ। ਜਿਤੁ ਦੁਆਰੈਜਿਸ ਦਰ ਤੇ, ਜਿਸ ਤਰੀਕੇ ਨਾਲ। ਉਬਰੈਬਚ ਸਕੇ। ਤਿਤੈਉਸੇ ਤਰ੍ਹਾਂ ਹੀ। ਸਤਿਗੁਰਿਗੁਰੂ ਨੇ। ਸੁਖੁਆਤਮਕ ਆਨੰਦ। ਸਚਾ ਸਬਦੁਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਬੀਚਾਰਿਵਿਚਾਰ ਕੇ, ਮਨ ਵਿਚ ਟਿਕਾ ਕੇ। ਅਵਰੁਕੋਈ ਹੋਰ।੧।

ਅਰਥ: ਹੇ ਪ੍ਰਭੂ! (ਵਿਕਾਰਾਂ ਵਿਚ) ਸੜ ਰਹੇ ਸੰਸਾਰ ਨੂੰ ਆਪਣੀ ਮਿਹਰ ਕਰ ਕੇ ਬਚਾ ਲੈ, ਜਿਸ ਭੀ ਤਰੀਕੇ ਨਾਲ ਇਹ ਬਚ ਸਕਦਾ ਹੋਵੇ ਉਸੇ ਤਰ੍ਹਾਂ ਬਚਾ ਲੈ।

ਹੇ ਨਾਨਕ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਮਨ ਵਿਚ ਵਸਾ ਕੇ (ਜਿਸ ਮਨੁੱਖ ਨੂੰ) ਸਤਿਗੁਰੂ ਨੇ (ਸਿਮਰਨ ਦਾ) ਆਤਮਕ ਆਨੰਦ ਵਿਖਾਲ ਦਿੱਤਾ, ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਇਹ ਬਖ਼ਸ਼ਸ਼ ਕਰਨ ਵਾਲਾ ਨਹੀਂ ਹੈ।੧।

ਮਃ ੩ ॥ ਹਉਮੈ ਮਾਇਆ ਮੋਹਣੀ ਦੂਜੈ ਲਗੈ ਜਾਇ ॥ ਨਾ ਇਹ ਮਾਰੀ ਨ ਮਰੈ ਨਾ ਇਹ ਹਟਿ ਵਿਕਾਇ ॥ ਗੁਰ ਕੈ ਸਬਦਿ ਪਰਜਾਲੀਐ ਤਾ ਇਹ ਵਿਚਹੁ ਜਾਇ ॥ ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥ ਨਾਨਕ ਮਾਇਆ ਕਾ ਮਾਰਣੁ ਸਬਦੁ ਹੈ ਗੁਰਮੁਖਿ ਪਾਇਆ ਜਾਇ ॥੨॥ {ਪੰਨਾ 853}

ਪਦਅਰਥ: ਹਉਮੈ—'ਮੈਂ, ਮੈਂ' ਦਾ ਪ੍ਰਭਾਵ। ਹਉਮੈ ਮਾਇਆਮਾਇਆ ਦੀ ਹਉਮੈ, ਮਾਇਆ ਦੀ ਤਾਂਘ। ਦੂਜੈ—(ਪ੍ਰਭੂ ਤੋਂ ਬਿਨਾ) ਹੋਰ (ਦੇ ਮੋਹ) ਵਿਚ। ਹਟਿਹੱਟੀ ਵਿਚ। ਕੈ ਸਬਦਿਦੇ ਸ਼ਬਦ ਦੀ ਰਾਹੀਂ। ਪਰਜਾਲੀਐਚੰਗੀ ਤਰ੍ਹਾਂ ਸਾੜ ਦਿੱਤੀ ਜਾਏ। ਉਜਲਾਪਵਿੱਤਰ। ਮਨਿਮਨ ਵਿਚ। ਮਾਰਣੁਪ੍ਰਭਾਵ ਮੁਕਾਣ ਦਾ ਵਸੀਲਾ।੨।

ਅਰਥ: ਹੇ ਭਾਈ! ਮਾਇਆ ਦੀ ਹਉਮੈ (ਸਾਰੇ ਸੰਸਾਰ ਨੂੰ) ਆਪਣੇ ਵੱਸ ਵਿਚ ਕਰਨ ਦੀ ਸਮਰਥਾ ਵਾਲੀ ਹੈ, (ਇਸ ਦੇ ਅਸਰ ਹੇਠ ਜੀਵ ਪਰਮਾਤਮਾ ਨੂੰ ਵਿਸਾਰ ਕੇ) ਹੋਰ (ਦੇ ਮੋਹ) ਵਿਚ ਜਾ ਫਸਦਾ ਹੈ। ਇਹ ਹਉਮੈ ਨਾਹ (ਕਿਸੇ ਪਾਸੋਂ) ਮਾਰੀ ਜਾ ਸਕਦੀ ਹੈ, ਨਾਹ ਹੀ ਇਹ ਆਪ ਮਰਦੀ ਹੈ, ਨਾਹ ਹੀ ਇਹ ਕਿਸੇ ਹੱਟੀ ਤੇ ਵੇਚੀ ਜਾ ਸਕਦੀ ਹੈ। ਜਦੋਂ ਇਸ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਚੰਗੀ ਤਰ੍ਹਾਂ ਸਾੜ ਦੇਈਏ, ਤਦੋਂ ਹੀ ਇਹ (ਜੀਵ ਦੇ) ਅੰਦਰੋਂ ਮੁੱਕਦੀ ਹੈ। (ਹੇ ਭਾਈ! ਜਿਸ ਮਨੁੱਖ ਦੇ ਅੰਦਰੋਂ ਮਾਇਆ ਦੀ ਹਉਮੈ ਮੁੱਕਦੀ ਹੈ ਉਸ ਦਾ) ਤਨ (ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।

ਹੇ ਨਾਨਕ! ਗੁਰੂ ਦਾ ਸ਼ਬਦ ਹੀ ਮਾਇਆ ਦਾ ਪ੍ਰਭਾਵ ਮੁਕਾਣ ਦਾ ਵਸੀਲਾ ਹੈ, ਤੇ, ਇਹ ਸ਼ਬਦ ਗੁਰੂ ਦੀ ਸਰਨ ਪਿਆਂ ਮਿਲਦਾ ਹੈ।੨।

ਪਉੜੀ ॥ ਸਤਿਗੁਰ ਕੀ ਵਡਿਆਈ ਸਤਿਗੁਰਿ ਦਿਤੀ ਧੁਰਹੁ ਹੁਕਮੁ ਬੁਝਿ ਨੀਸਾਣੁ ॥ ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ ਅਭਿਮਾਨੁ ॥ ਜਿਥੈ ਕੋ ਵੇਖੈ ਤਿਥੈ ਮੇਰਾ ਸਤਿਗੁਰੂ ਹਰਿ ਬਖਸਿਓਸੁ ਸਭੁ ਜਹਾਨੁ ॥ ਜਿ ਸਤਿਗੁਰ ਨੋ ਮਿਲਿ ਮੰਨੇ ਸੁ ਹਲਤਿ ਪਲਤਿ ਸਿਝੈ ਜਿ ਵੇਮੁਖੁ ਹੋਵੈ ਸੁ ਫਿਰੈ ਭਰਿਸਟ ਥਾਨੁ ॥ ਜਨ ਨਾਨਕ ਕੈ ਵਲਿ ਹੋਆ ਮੇਰਾ ਸੁਆਮੀ ਹਰਿ ਸਜਣ ਪੁਰਖੁ ਸੁਜਾਨੁ ॥ ਪਉਦੀ ਭਿਤਿ ਦੇਖਿ ਕੈ ਸਭਿ ਆਇ ਪਏ ਸਤਿਗੁਰ ਕੀ ਪੈਰੀ ਲਾਹਿਓਨੁ ਸਭਨਾ ਕਿਅਹੁ ਮਨਹੁ ਗੁਮਾਨੁ ॥੧੦॥ {ਪੰਨਾ 853}

ਪਦਅਰਥ: ਵਡਿਆਈਬਜ਼ੁਰਗੀ, ਇੱਜ਼ਤ। ਸਤਿਗੁਰਿਸਤਿਗੁਰੂ ਨੇ। ਧੁਰਹੁਧੁਰ ਤੋਂ, ਹਜ਼ੂਰੀ ਤੋਂ। ਹੁਕਮੁਰਜ਼ਾ। ਬੁਝਿਸਮਝ ਕੇ। ਨੀਸਾਣੁਨਿਸ਼ਾਨ, ਪਰਵਾਨਾ, ਰਾਹਦਾਰੀ। ਪੁਤੀਪੁੱਤਰਾਂ ਨੇ। ਭਾਤੀਈਭਤੀਜਿਆਂ ਨੇ। ਸਕੀਸੱਕਿਆਂ ਨੇ, ਸਾਕਸੰਬੰਧੀਆਂ ਨੇ। ਅਗਹੁ ਪਿਛਹੁਚੰਗੀ ਤਰ੍ਹਾਂ। ਟੋਲਿਖੋਜ ਕੇ। ਲਾਹਿਓਨੁਲਾਹ ਦਿੱਤਾ ਉਸ ਨੇ। ਕੋਕੋਈ ਮਨੁੱਖ। ਬਖਸਿਓਸੁਉਸ ਨੇ ਬਖ਼ਸ਼ਿਆ। ਜਿਜਿਹੜਾ ਮਨੁੱਖ। ਮਿਲਿਮਿਲ ਕੇ। ਮੰਨੇਪਤੀਜਦਾ ਹੈ। ਸੁਉਹ ਮਨੁੱਖ। ਹਲਤਿਇਸ ਲੋਕ ਵਿਚ। ਪਲਤਿਪਰਲੋਕ ਵਿਚ। ਸਿਝੈਕਾਮਯਾਬ ਹੁੰਦਾ ਹੈ। ਫਿਰੈਭਟਕਦਾ ਫਿਰਦਾ ਹੈ। ਥਾਨੁਹਿਰਦਾਥਾਂ। ਭਰਿਆ—(ਵਿਕਾਰਾਂ ਨਾਲ) ਗੰਦਾ। ਜਨ ਕੈ ਵਲਿ—(ਆਪਣੇ) ਸੇਵਕ ਦੇ ਪੱਖ ਤੇ। ਸੁਜਾਨੁਸਿਆਣਾ, ਸਭ ਦੇ ਦਿਲ ਦੀ ਜਾਣਨ ਵਾਲਾ। ਭਿਤਿਚੋਗ, ਖ਼ੁਰਾਕ, ਆਤਮਕ ਭੋਜਨ। ਸਭਿ ਆਇਸਾਰੇ ਆਏ। ਲਾਹਿਓਨੁਉਸ ਨੇ ਲਾਹ ਦਿੱਤਾ। ਕਿਅਹੁ ਮਨਹੁਦਿਆਂ ਮਨਾਂ ਤੋਂ।੧੦।

ਅਰਥ: (ਜਿਹੜੀ) ਇੱਜ਼ਤ ਗੁਰੂ (ਅਮਰਦਾਸ ਜੀ) ਦੀ (ਹੋਈ, ਉਹ) ਗੁਰੂ (ਅੰਗਦ ਸਾਹਿਬ) ਨੇ ਪਰਮਾਤਮਾ ਦੀ ਹਜ਼ੂਰੀ ਤੋਂ (ਮਿਲਿਆ) ਹੁਕਮ ਸਮਝ ਕੇ ਪਰਵਾਨਾ ਸਮਝ ਕੇ (ਉਹਨਾਂ ਨੂੰ) ਦਿੱਤੀ। ਪੁੱਤਰਾਂ ਨੇ, ਭਤੀਜਿਆਂ ਨੇ, ਜਵਾਈਆਂ ਨੇ, ਹੋਰ ਸੱਕੇ ਸਾਕ ਅੰਗਾਂ ਨੇ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਸੀ (ਗੁਰੂ ਨੇ) ਸਭਨਾਂ ਦਾ ਮਾਣ ਦੂਰ ਕਰ ਦਿੱਤਾ।

ਹੇ ਭਾਈ! ਪਰਮਾਤਮਾ ਨੇ (ਗੁਰੂ ਦੀ ਰਾਹੀਂ) ਸਾਰੇ ਸੰਸਾਰ ਨੂੰ (ਨਾਮ ਦੀ) ਬਖ਼ਸ਼ਸ਼ ਕੀਤੀ ਹੈ; ਜਿੱਥੇ ਭੀ ਕੋਈ ਵੇਖਦਾ ਹੈ ਉਥੇ ਹੀ ਪਿਆਰਾ ਗੁਰੂ (ਨਾਮ ਦੀ ਦਾਤਿ ਦੇਣ ਲਈ ਮੌਜੂਦ) ਹੈ। ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਤੀਜਦਾ ਹੈ ਉਹ ਇਸ ਲੋਕ ਵਿਚ ਤੇ ਪਰਲੋਕ ਵਿਚ ਕਾਮਯਾਬ ਹੋ ਜਾਂਦਾ ਹੈ, ਪਰ ਜਿਹੜਾ ਮਨੁੱਖ ਗੁਰੂ ਵਲੋਂ ਮੂੰਹ ਮੋੜਦਾ ਹੈ, ਉਹ ਭਟਕਦਾ ਫਿਰਦਾ ਹੈ, ਉਸ ਦਾ ਹਿਰਦਾ-ਥਾਂ (ਵਿਕਾਰਾਂ ਨਾਲ) ਗੰਦਾ ਟਿਕਿਆ ਰਹਿੰਦਾ ਹੈ। ਹੇ ਨਾਨਕ! (ਆਖ-) ਸਭ ਦੇ ਦਿਲ ਦੀ ਜਾਣਨ ਵਾਲਾ ਸਭ ਦਾ ਮਿੱਤਰ ਸਭ ਵਿਚ ਵਿਆਪਕ ਪ੍ਰਭੂ ਆਪਣੇ ਸੇਵਕ ਦੇ ਪੱਖ ਤੇ ਰਹਿੰਦਾ ਹੈ।

ਹੇ ਭਾਈ! (ਗੁਰੂ ਦੇ ਦਰ ਤੋਂ) ਆਤਮਕ ਖ਼ੁਰਾਕ ਮਿਲਦੀ ਵੇਖ ਕੇ ਸਾਰੇ ਲੋਕ ਗੁਰੂ ਦੀ ਚਰਨੀਂ ਆ ਲੱਗੇ। ਗੁਰੂ ਨੇ ਸਭਨਾਂ ਦੇ ਮਨ ਤੋਂ ਅਹੰਕਾਰ ਦੂਰ ਕਰ ਦਿੱਤਾ।੧੦।

TOP OF PAGE

Sri Guru Granth Darpan, by Professor Sahib Singh