ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 852

ਮਃ ੩ ॥ ਗੁਰਮੁਖਿ ਸਦਾ ਹਰਿ ਰੰਗੁ ਹੈ ਹਰਿ ਕਾ ਨਾਉ ਮਨਿ ਭਾਇਆ ॥ ਗੁਰਮੁਖਿ ਵੇਖਣੁ ਬੋਲਣਾ ਨਾਮੁ ਜਪਤ ਸੁਖੁ ਪਾਇਆ ॥ ਨਾਨਕ ਗੁਰਮੁਖਿ ਗਿਆਨੁ ਪ੍ਰਗਾਸਿਆ ਤਿਮਰ ਅਗਿਆਨੁ ਅੰਧੇਰੁ ਚੁਕਾਇਆ ॥੨॥ {ਪੰਨਾ 852}

ਪਦਅਰਥ: ਗੁਰਮੁਖਿਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਮਨਿਮਨ ਵਿਚ। ਭਾਇਆਪਿਆਰਾ ਲੱਗਦਾ ਹੈ। ਗਿਆਨੁਆਤਮਕ ਜੀਵਨ ਦੀ ਸੂਝ। ਤਿਮਰਹਨੇਰਾ। ਅਗਿਆਨੁਆਤਮਕ ਜੀਵਨ ਵਲੋਂ ਬੇਸਮਝੀ। ਚੁਕਾਇਆਮੁੱਕ ਜਾਂਦਾ ਹੈ।੨।

ਅਰਥ: ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ (ਉਸ ਦੇ ਅੰਦਰ) ਸਦਾ ਪਰਮਾਤਮਾ ਦੇ ਨਾਮ ਦੀ ਰੰਗਣ ਚੜ੍ਹੀ ਰਹਿੰਦੀ ਹੈ, ਉਸ ਨੂੰ ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਪਿਆਰਾ ਲੱਗਦਾ ਹੈ। (ਉਹ ਮਨੁੱਖ ਹਰ ਥਾਂ ਪਰਮਾਤਮਾ ਨੂੰ ਹੀ) ਵੇਖਦਾ ਹੈ (ਸਦਾ ਪਰਮਾਤਮਾ ਦਾ) ਨਾਮ ਹੀ ਉਚਾਰਦਾ ਹੈ, ਨਾਮ ਜਪਦਿਆਂ ਉਸ ਨੂੰ ਆਤਮਕ ਆਨੰਦ ਮਿਲਿਆ ਰਹਿੰਦਾ ਹੈ।

ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ (ਜਿਸ ਦੀ ਬਰਕਤ ਨਾਲ ਉਸ ਦੇ ਅੰਦਰੋਂ) ਸਹੀ ਜੀਵਨ ਦੀ ਸੂਝ ਵਜੋਂ ਬੇ-ਸਮਝੀ ਦਾ ਘੁੱਪ ਹਨੇਰਾ ਮੁੱਕ ਜਾਂਦਾ ਹੈ।੨।

ਮਃ ੩ ॥ ਮਨਮੁਖ ਮੈਲੇ ਮਰਹਿ ਗਵਾਰ ॥ ਗੁਰਮੁਖਿ ਨਿਰਮਲ ਹਰਿ ਰਾਖਿਆ ਉਰ ਧਾਰਿ ॥ ਭਨਤਿ ਨਾਨਕੁ ਸੁਣਹੁ ਜਨ ਭਾਈ ॥ ਸਤਿਗੁਰੁ ਸੇਵਿਹੁ ਹਉਮੈ ਮਲੁ ਜਾਈ ॥ ਅੰਦਰਿ ਸੰਸਾ ਦੂਖੁ ਵਿਆਪੇ ਸਿਰਿ ਧੰਧਾ ਨਿਤ ਮਾਰ ॥ ਦੂਜੈ ਭਾਇ ਸੂਤੇ ਕਬਹੁ ਨ ਜਾਗਹਿ ਮਾਇਆ ਮੋਹ ਪਿਆਰ ॥ ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਬੀਚਾਰ ॥ ਹਰਿ ਨਾਮੁ ਨ ਭਾਇਆ ਬਿਰਥਾ ਜਨਮੁ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੩॥ {ਪੰਨਾ 852}

ਪਦਅਰਥ: ਮੈਲੇਵਿਕਾਰੀ ਮਨ ਵਾਲੇ। ਮਰਹਿਆਤਮਕ ਮੌਤ ਸਹੇੜਦੇ ਹਨ। ਗਵਾਰਮੂਰਖ। ਨਿਰਮਲਪਵਿੱਤਰ ਜੀਵਨ ਵਾਲੇ। ਉਰਹਿਰਦਾ। ਧਾਰਿਟਿਕਾ ਕੇ। ਭਨਤਿਆਖਦਾ ਹੈ। ਜਨ ਭਾਈਹੇ ਜਨੋ! ਹੇ ਭਾਈ! ਸੇਵਿਹੁਕਾਰ ਕਰਦੇ ਰਹੋ। ਸੰਸਾਸਹਿਮ, ਚਿੰਤਾ। ਵਿਆਪੇਜ਼ੋਰ ਪਾਈ ਰੱਖਦਾ ਹੈ। ਸਿਰਿਸਿਰ ਉਤੇ। ਧੰਧਾਕਜ਼ੀਆ। ਮਾਰਖਪਾਣਾ। ਦੂਜੈ ਭਾਇਮਾਇਆ ਦੇ ਪਿਆਰ ਵਿਚ। ਨ ਚੇਤਹਿਨਹੀਂ ਸਿਮਰਦੇ। ਬੀਚਾਰਸੋਚਣ ਦਾ ਢੰਗ। ਭਾਇਆਚੰਗਾ ਲੱਗਾ। ਜਮੁ—(ਆਤਮਕ) ਮੌਤ। ਮਾਰਿਮਾਰ ਕੇ, ਸਹੀ ਆਤਮਕ ਜੀਵਨ ਮੁਕਾ ਕੇ।੩।

ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਵਿਕਾਰੀ ਮਨ ਵਾਲੇ ਰਹਿੰਦੇ ਹਨ ਤੇ ਆਤਮਕ ਮੌਤ ਸਹੇੜ ਲੈਂਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਵਿੱਤਰ ਜੀਵਨ ਵਾਲੇ ਹੁੰਦੇ ਹਨ (ਕਿਉਂਕਿ ਉਹਨਾਂ ਨੇ) ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਿਆ ਹੁੰਦਾ ਹੈ। ਨਾਨਕ ਆਖਦਾ ਹੈ-ਹੇ ਭਾਈ ਜਨੋ! ਸੁਣੋ, ਗੁਰੂ ਦੇ ਦੱਸੇ ਰਾਹ ਉਤੇ ਤੁਰਿਆ ਕਰੋ (ਇਸ ਤਰ੍ਹਾਂ ਅੰਦਰੋਂ) ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ।

ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਅੰਦਰ ਸਹਿਮ ਤੇ ਕਲੇਸ਼ ਜ਼ੋਰ ਪਾਈ ਰੱਖਦਾ ਹੈ, ਉਹਨਾਂ ਦੇ ਸਿਰ ਉਤੇ (ਇਹੋ ਜਿਹਾ) ਕਜ਼ੀਆ ਖਪਾਣਾ ਬਣਿਆ ਹੀ ਰਹਿੰਦਾ ਹੈ। ਮਾਇਆ ਦੇ ਪਿਆਰ ਵਿਚ (ਫਸ ਕੇ ਉਹ ਸਹੀ ਜੀਵਨ ਵਲੋਂ) ਸੁੱਤੇ ਰਹਿੰਦੇ ਹਨ, ਕਦੇ ਹੋਸ਼ ਨਹੀਂ ਕਰਦੇ। ਮਾਇਆ ਦਾ ਮੋਹ ਮਾਇਆ ਦਾ ਪਿਆਰ (ਇਤਨਾ ਪ੍ਰਬਲ ਹੁੰਦਾ ਹੈ ਕਿ) ਉਹ ਕਦੇ ਹਰਿ-ਨਾਮ ਨਹੀਂ ਸਿਮਰਦੇ, ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਨਹੀਂ ਵਿਚਾਰਦੇ-ਬੱਸ! ਮਨ ਦੇ ਮੁਰੀਦ ਬੰਦਿਆਂ ਦਾ ਸੋਚਣ ਦਾ ਢੰਗ ਹੀ ਇਹ ਬਣ ਜਾਂਦਾ ਹੈ। ਉਹਨਾਂ ਨੂੰ ਪਰਮਾਤਮਾ ਦਾ ਨਾਮ ਚੰਗਾ ਨਹੀਂ ਲੱਗਦਾ, ਉਹ ਆਪਣੀ ਜ਼ਿੰਦਗੀ ਵਿਅਰਥ ਗਵਾ ਲੈਂਦੇ ਹਨ, ਆਤਮਕ ਮੌਤ ਉਹਨਾਂ ਦੇ ਸਹੀ ਜੀਵਨ ਨੂੰ ਮਾਰ-ਮੁਕਾ ਕੇ ਉਹਨਾਂ ਨੂੰ ਖ਼ੁਆਰ ਕਰਦੀ ਹੈ।੩।

ਪਉੜੀ ॥ ਜਿਸ ਨੋ ਹਰਿ ਭਗਤਿ ਸਚੁ ਬਖਸੀਅਨੁ ਸੋ ਸਚਾ ਸਾਹੁ ॥ ਤਿਸ ਕੀ ਮੁਹਤਾਜੀ ਲੋਕੁ ਕਢਦਾ ਹੋਰਤੁ ਹਟਿ ਨ ਵਥੁ ਨ ਵੇਸਾਹੁ ॥ ਭਗਤ ਜਨਾ ਕਉ ਸਨਮੁਖੁ ਹੋਵੈ ਸੁ ਹਰਿ ਰਾਸਿ ਲਏ ਵੇਮੁਖ ਭਸੁ ਪਾਹੁ ॥ ਹਰਿ ਕੇ ਨਾਮ ਕੇ ਵਾਪਾਰੀ ਹਰਿ ਭਗਤ ਹਹਿ ਜਮੁ ਜਾਗਾਤੀ ਤਿਨਾ ਨੇੜਿ ਨ ਜਾਹੁ ॥ ਜਨ ਨਾਨਕਿ ਹਰਿ ਨਾਮ ਧਨੁ ਲਦਿਆ ਸਦਾ ਵੇਪਰਵਾਹੁ ॥੭॥ {ਪੰਨਾ 852}

ਪਦਅਰਥ: ਜਿਸ ਨੋ—{ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}ਸਚੁਸਦਾ-ਥਿਰ ਨਾਮਧਨ। ਬਖਸੀਅਨੁਬਖ਼ਸ਼ੀ ਹੈ ਉਸ (ਪ੍ਰਭੂ) ਨੇ। ਸਚਾ ਸਾਹੁਉਹ ਸ਼ਾਹੂਕਾਰ ਜਿਸ ਪਾਸੋਂ ਧਨ ਕਦੇ ਮੁੱਕਦਾ ਨਹੀਂ। ਤਿਸ ਕੀ—{ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ}ਮੁਹਤਾਜੀਮੁਥਾਜੀ, ਖ਼ੁਸ਼ਾਮਦ। ਹੋਰਤੁ ਹਟਿਕਿਸੇ ਹੋਰ ਹੱਟ ਵਿਚ। ਵਥੁਸੌਦਾ। ਵੇਸਾਹੁਵਣਜ, ਵਪਾਰ। ਕਉਨੂੰ, ਵਲ। ਸਨਮੁਖਸਾਹਮਣੇ ਮੂੰਹ ਰੱਖਣ ਵਾਲਾ। ਰਾਸਿਸਰਮਾਇਆ। ਵੇਮੁਖਪਰੇ ਮੂੰਹ ਰੱਖਣ ਵਾਲਾ, ਪਿੱਠ ਦੇਣ ਵਾਲਾ। ਭਸੁਸੁਆਹ, ਖ਼ਜ਼ਾਲਤ, ਖ਼ੁਆਰੀ। ਪਾਹੁਪੈਂਦੀ ਹੈ। ਹਹਿਹਨ। ਜਾਗਾਤੀਮਸੂਲੀਆ। ਨਾਨਕਿਨਾਨਕ ਨੇ। ਵੇਪਰਵਾਹੁਬੇਮੁਥਾਜ।੭।

ਅਰਥ: ਹੇ ਭਾਈ! ਪਰਮਾਤਮਾ ਦੀ ਭਗਤੀ ਸਦਾ ਕਾਇਮ ਰਹਿਣ ਵਾਲਾ ਧਨ ਹੈ। ਜਿਸ ਮਨੁੱਖ ਨੂੰ ਪਰਮਾਤਮਾ ਨੇ ਭਗਤੀ (ਦੀ ਦਾਤਿ) ਬਖ਼ਸ਼ੀ, ਉਹ ਸਦਾ ਲਈ ਸ਼ਾਹੂਕਾਰ ਬਣ ਗਿਆ। ਸਾਰਾ ਜਗਤ ਉਸ ਦੇ ਦਰ ਦਾ ਅਰਥੀਆ ਬਣਦਾ ਹੈ (ਕਿਉਂਕਿ) ਕਿਸੇ ਹੋਰ ਹੱਟ ਵਿਚ ਨਾਹ ਇਹ ਸੌਦਾ ਹੁੰਦਾ ਹੈ ਨਾਹ ਇਸ ਦਾ ਵਣਜ ਹੁੰਦਾ ਹੈ। ਜਿਹੜਾ ਮਨੁੱਖ ਭਗਤ ਜਨਾਂ ਵਲ ਆਪਣਾ ਮੂੰਹ ਰੱਖਦਾ ਹੈ, ਉਸ ਨੂੰ ਇਹ ਸਰਮਾਇਆ ਮਿਲ ਜਾਂਦਾ ਹੈ, ਪਰ ਭਗਤ ਜਨਾਂ ਵਲੋਂ ਮੂੰਹ ਮੋੜਨ ਵਾਲੇ ਦੇ ਸਿਰ ਸੁਆਹ ਹੀ ਪੈਂਦੀ ਹੈ।

ਹੇ ਭਾਈ! ਪਰਮਾਤਮਾ ਦੇ ਭਗਤ ਪਰਮਾਤਮਾ ਦੇ ਨਾਮ ਦਾ ਵਣਜ ਕਰਦੇ ਹਨ, ਜਮ ਮਸੂਲੀਆ ਉਹਨਾਂ ਦੇ ਨੇੜੇ ਨਹੀਂ ਢੁਕਦਾ। ਦਾਸ ਨਾਨਕ ਨੇ (ਭੀ) ਪਰਮਾਤਮਾ ਦੇ ਨਾਮ-ਧਨ ਦਾ ਸੌਦਾ ਲੱਦਿਆ ਹੈ (ਇਸ ਵਾਸਤੇ ਦੁਨੀਆ ਦੇ ਧਨ ਵਲੋਂ) ਬੇ-ਮੁਥਾਜ ਰਹਿੰਦਾ ਹੈ।੭।

ਸਲੋਕ ਮਃ ੩ ॥ ਇਸੁ ਜੁਗ ਮਹਿ ਭਗਤੀ ਹਰਿ ਧਨੁ ਖਟਿਆ ਹੋਰੁ ਸਭੁ ਜਗਤੁ ਭਰਮਿ ਭੁਲਾਇਆ ॥ ਗੁਰ ਪਰਸਾਦੀ ਨਾਮੁ ਮਨਿ ਵਸਿਆ ਅਨਦਿਨੁ ਨਾਮੁ ਧਿਆਇਆ ॥ ਬਿਖਿਆ ਮਾਹਿ ਉਦਾਸ ਹੈ ਹਉਮੈ ਸਬਦਿ ਜਲਾਇਆ ॥ ਆਪਿ ਤਰਿਆ ਕੁਲ ਉਧਰੇ ਧੰਨੁ ਜਣੇਦੀ ਮਾਇਆ ॥ ਸਦਾ ਸਹਜੁ ਸੁਖੁ ਮਨਿ ਵਸਿਆ ਸਚੇ ਸਿਉ ਲਿਵ ਲਾਇਆ ॥ ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਭੁਲੇ ਹਉਮੈ ਮੋਹੁ ਵਧਾਇਆ ॥ ਪੰਡਿਤ ਪੜਿ ਪੜਿ ਮੋਨੀ ਭੁਲੇ ਦੂਜੈ ਭਾਇ ਚਿਤੁ ਲਾਇਆ ॥ ਜੋਗੀ ਜੰਗਮ ਸੰਨਿਆਸੀ ਭੁਲੇ ਵਿਣੁ ਗੁਰ ਤਤੁ ਨ ਪਾਇਆ ॥ ਮਨਮੁਖ ਦੁਖੀਏ ਸਦਾ ਭ੍ਰਮਿ ਭੁਲੇ ਤਿਨ੍ਹ੍ਹੀ ਬਿਰਥਾ ਜਨਮੁ ਗਵਾਇਆ ॥ ਨਾਨਕ ਨਾਮਿ ਰਤੇ ਸੇਈ ਜਨ ਸਮਧੇ ਜਿ ਆਪੇ ਬਖਸਿ ਮਿਲਾਇਆ ॥੧॥ {ਪੰਨਾ 852}

ਪਰ ਅਰਥ: ਇਸੁ ਜੁਗ ਮਹਿ-ਇਸ ਮਨੁੱਖਾ ਜੀਵਨ ਵਿਚ। ਭਗਤੀ-ਭਗਤੀਂ, ਭਗਤਾਂ ਨੇ। ਸਭੁ-ਸਾਰਾ। ਭਰਮਿ-ਭਟਕਣਾ ਵਿਚ (ਪੈ ਕੇ। ਭੁਲਾਇਆ-ਕੁਰਾਹੇ ਪਿਆ ਹੋਇਆ ਹੈ। ਪਰਸਾਦੀ-ਪਰਸਾਦਿ, ਕਿਰਪਾ ਨਾਲ। ਮਨਿ-ਮਨ ਵਿਚ। ਅਨਦਿਨੁ-ਹਰ ਰੋਜ਼, ਹਰ ਵੇਲੇ। ਬਿਖਿਆ-ਮਾਇਆ। ਉਦਾਸ-ਉਪਰਾਮ, ਨਿਰਲੇਪ। ਸਬਦਿ-ਸ਼ਬਦ ਦੀ ਰਾਹੀਂ। ਉਧਰੇ-ਬਚ ਗਏ। ਜਣੇਦੀ ਮਾਇਆ-ਜੰਮਣ ਵਾਲੀ ਮਾਂ। ਸਹਜ ਸੁਖੁ-ਆਤਮਕ ਅਡੋਲਤਾ ਦਾ ਆਨੰਦ। ਸਚੇ ਸਿਉ-ਸਦਾ-ਥਿਰ ਪ੍ਰਭੂ ਨਾਲ। ਲਿਵ-ਲਗਨ। ਮਹਾਦੇਉ-ਸ਼ਿਵ ਜੀ। ਭੁਲੇ-ਗ਼ਲਤੀ ਖਾ ਗਏ। ਪੜਿ-ਪੜ੍ਹ ਕੇ। ਮੋਨੀ-ਸਮਾਧੀਆਂ ਲਾਣ ਵਾਲੇ। ਦੂਜੈ ਭਾਇ-ਮਾਇਆ ਦੇ ਮੋਹ ਵਿਚ। ਜੰਗਮ-ਸ਼ੈਵ ਮਤ ਦੇ ਰਮਤੇ। ਤਤੁ-ਅਸਲ ਚੀਜ਼। ਮਨਮੁਖ-ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭ੍ਰਮਿ-ਭਟਕਣਾ ਵਿਚ (ਪੈ ਕੇ)ਨਾਮਿ-ਨਾਮ ਵਿਚ। ਰਤੇ-ਰੱਤੇ, ਰੰਗੇ ਹੋਏ। ਸਮਧੇ-ਸਮਾਧੀ ਵਾਲੇ ਹੋਏ, ਪੂਰਨ ਅਵਸਥਾ ਵਾਲੇ ਬਣੇ। ਜਿ-ਜਿਨ੍ਹਾਂ ਨੂੰ। ਬਖਸਿ-ਬਖ਼ਸ਼ਸ਼ ਕਰ ਕੇ, ਮਿਹਰ ਕਰ ਕੇ।੧।

ਅਰਥ: ਹੇ ਭਾਈ! ਇਸ ਮਨੁੱਖਾ ਜਨਮ ਵਿਚ (ਸਿਰਫ਼) ਭਗਤਾਂ ਨੇ (ਹੀ) ਪਰਮਾਤਮਾ ਦਾ ਨਾਮ-ਧਨ ਖੱਟਿਆ ਹੈ, ਹੋਰ ਸਾਰਾ ਜਗਤ (ਮਾਇਆ ਦੀ) ਭਟਕਣਾ ਵਿਚ (ਪੈ ਕੇ, ਸਹੀ ਜੀਵਨ-ਰਾਹ ਤੋਂ) ਖੁੰਝਿਆ ਰਹਿੰਦਾ ਹੈ। (ਜਿਸ ਮਨੁੱਖ ਦੇ) ਮਨ ਵਿਚ ਗੁਰੂ ਦੀ ਮਿਹਰ ਨਾਲ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਹਰ ਵੇਲੇ ਨਾਮ ਸਿਮਰਦਾ ਹੈ। ਉਹ ਮਾਇਆ ਵਿਚ (ਵਿਚਰਦਾ ਹੋਇਆ ਭੀ ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤ ਨਾਲ (ਉਹ ਆਪਣੇ ਅੰਦਰੋਂ) ਹਉਮੈ ਸਾੜ ਦੇਂਦਾ ਹੈ। ਧੰਨ ਹੈ ਉਸ ਦੀ ਜੰਮਣ ਵਾਲੀ ਮਾਂ! ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ (ਉਸ ਦਾ ਸਦਕਾ ਉਸ ਦੀਆਂ) ਕੁਲਾਂ ਭੀ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੀਆਂ ਹਨ।

(ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ) ਬ੍ਰਹਮਾ, ਵਿਸ਼ਨੂ, ਸ਼ਿਵ ਜੀ (ਵਰਗੇ ਵੱਡੇ ਵੱਡੇ ਦੇਵਤੇ ਭੀ) ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਸਹੀ ਜੀਵਨ-ਰਾਹ ਤੋਂ ਖੁੰਝਦੇ ਰਹੇ (ਉਹਨਾਂ ਦੇ ਅੰਦਰ) ਹਉਮੈ ਵਧਦੀ ਰਹੀ (ਮਾਇਆ ਦਾ) ਮੋਹ ਵਧਦਾ ਰਿਹਾ। (ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ) ਪੰਡਿਤ (ਵੇਦ ਆਦਿਕ ਧਰਮ-ਪੁਸਤਕ) ਪੜ੍ਹ ਪੜ੍ਹ ਕੇ (ਭੀ) ਖੁੰਝਦੇ ਰਹੇ, ਮੁਨੀ ਲੋਕ (ਮੋਨ ਧਾਰ ਕੇ) ਖੁੰਝਦੇ ਰਹੇ, (ਉਹਨਾਂ ਨੇ ਭੀ) ਮਾਇਆ ਦੇ ਮੋਹ ਵਿਚ ਹੀ ਆਪਣਾ ਚਿੱਤ ਜੋੜੀ ਰੱਖਿਆ। ਹੇ ਭਾਈ! ਗੁਰੂ ਤੋਂ ਬਿਨਾ ਜੋਗੀ ਜੰਗਮ ਸੰਨਿਆਸੀ ਭੀ ਕੁਰਾਹੇ ਪਏ ਰਹੇ, ਉਹਨਾਂ ਨੇ ਭੀ ਅਸਲੀ ਵਸਤ ਨਾਹ ਲੱਭੀ।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਸਦਾ ਦੁਖੀ ਹੀ ਰਹੇ, ਭਟਕਣਾ ਵਿਚ ਪੈ ਕੇ ਸਹੀ ਜੀਵਨ-ਰਾਹ ਤੋਂ ਖੁੰਝੇ ਹੀ ਰਹੇ, ਉਹਨਾਂ ਆਪਣਾ ਜਨਮ ਵਿਅਰਥ ਹੀ ਗਵਾਇਆ।

ਪਰ, ਹੇ ਨਾਨਕ! (ਜੀਵਾਂ ਦੇ ਕੀਹ ਵੱਸ?) ਜਿਨ੍ਹਾਂ ਮਨੁੱਖ ਨੂੰ (ਪਰਮਾਤਮਾ) ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ, ਉਹ (ਉਸ ਦੇ) ਨਾਮ ਵਿਚ ਰੰਗੇ ਰਹਿੰਦੇ ਹਨ ਤੇ ਉਹੀ ਕਾਮਯਾਬ ਜੀਵਨ ਵਾਲੇ ਹੁੰਦੇ ਹਨ।੧।

ਮਃ ੩ ॥ ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ ॥ ਤਿਸਹਿ ਸਰੇਵਹੁ ਪ੍ਰਾਣੀਹੋ ਤਿਸੁ ਬਿਨੁ ਅਵਰੁ ਨ ਕੋਇ ॥ ਗੁਰਮੁਖਿ ਅੰਤਰਿ ਮਨਿ ਵਸੈ ਸਦਾ ਸਦਾ ਸੁਖੁ ਹੋਇ ॥੨॥ {ਪੰਨਾ 852}

ਪਦਅਰਥ: ਨਾਨਕਹੇ ਨਾਨਕ! ਸਾਲਾਹੀਐਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਜਿਸੁ ਵਸਿਜਿਸ (ਪਰਮਾਤਮਾ) ਦੇ ਵੱਸ ਵਿਚ। ਸਭੁ ਕਿਛੁਹਰੇਕ ਚੀਜ਼। ਸਰੇਵਹੁਸਿਮਰੋ। ਪ੍ਰਾਣੀਹੋਹੇ ਪ੍ਰਾਣੀਓ! ਗੁਰਮੁਖਿਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਅੰਤਰਿਅੰਦਰ, ਹਿਰਦੇ ਵਿਚ। ਮਨਿਮਨ ਵਿਚ।੨।

ਅਰਥ: ਹੇ ਨਾਨਕ! (ਆਖ-ਹੇ ਭਾਈ!) ਜਿਸ ਪਰਮਾਤਮਾ ਦੇ ਇਖ਼ਤਿਆਰ ਵਿਚ ਹਰੇਕ ਚੀਜ਼ ਹੈ ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਹੇ ਪ੍ਰਾਣੀਓ! ਉਸ ਪ੍ਰਭੂ ਨੂੰ (ਸਦਾ) ਸਿਮਰਦੇ ਰਹੋ, ਉਸ ਤੋਂ ਬਿਨਾ ਕੋਈ ਹੋਰ (ਉਸ ਵਰਗਾ) ਨਹੀਂ ਹੈ। ਪਰ, ਹੇ ਭਾਈ! ਗੁਰੂ ਦੀ ਸਰਨ ਪਿਆਂ ਹੀ (ਉਹ ਪਰਮਾਤਮਾ ਮਨੁੱਖ ਦੇ) ਹਿਰਦੇ ਵਿਚ ਮਨ ਵਿਚ ਵੱਸਦਾ ਹੈ (ਜਿਸ ਦੇ ਅੰਦਰ ਆ ਵੱਸਦਾ ਹੈ, ਉਸ ਦੇ ਅੰਦਰ) ਸਦਾ ਹੀ ਆਤਮਕ ਆਨੰਦ ਬਣਿਆ ਰਹਿੰਦਾ ਹੈ।੨।

ਪਉੜੀ ॥ ਜਿਨੀ ਗੁਰਮੁਖਿ ਹਰਿ ਨਾਮ ਧਨੁ ਨ ਖਟਿਓ ਸੇ ਦੇਵਾਲੀਏ ਜੁਗ ਮਾਹਿ ॥ ਓਇ ਮੰਗਦੇ ਫਿਰਹਿ ਸਭ ਜਗਤ ਮਹਿ ਕੋਈ ਮੁਹਿ ਥੁਕ ਨ ਤਿਨ ਕਉ ਪਾਹਿ ॥ ਪਰਾਈ ਬਖੀਲੀ ਕਰਹਿ ਆਪਣੀ ਪਰਤੀਤਿ ਖੋਵਨਿ ਸਗਵਾ ਭੀ ਆਪੁ ਲਖਾਹਿ ॥ ਜਿਸੁ ਧਨ ਕਾਰਣਿ ਚੁਗਲੀ ਕਰਹਿ ਸੋ ਧਨੁ ਚੁਗਲੀ ਹਥਿ ਨ ਆਵੈ ਓਇ ਭਾਵੈ ਤਿਥੈ ਜਾਹਿ ॥ ਗੁਰਮੁਖਿ ਸੇਵਕ ਭਾਇ ਹਰਿ ਧਨੁ ਮਿਲੈ ਤਿਥਹੁ ਕਰਮਹੀਣ ਲੈ ਨ ਸਕਹਿ ਹੋਰ ਥੈ ਦੇਸ ਦਿਸੰਤਰਿ ਹਰਿ ਧਨੁ ਨਾਹਿ ॥੮॥ {ਪੰਨਾ 852-853}

ਪਦਅਰਥ: ਗੁਰਮੁਖਿਗੁਰੂ ਦੀ ਸਰਨ ਪੈ ਕੇ। ਦੇਵਾਲੀਏਮਨੁੱਖਾ ਜੀਵਨ ਦੀ ਬਾਜ਼ੀ ਹਾਰੇ ਹੋਏ। ਜੁਗ ਮਾਹਿਜਗਤ ਵਿਚ। ਓਇ—{ਲਫ਼ਜ਼ 'ਓਹੁ' ਤੋਂ ਬਹੁ-ਵਚਨ}ਮੁਹਿਮੂੰਹ ਉਤੇ। ਨ ਪਾਹਿਨਹੀਂ ਪਾਂਦੇ। ਬਖੀਲੀਨਿੰਦਾ, ਚੁਗ਼ਲੀ। ਪਰਤੀਤਿਇਤਬਾਰ। ਖੋਵਨਿਗਵਾ ਲੈਂਦੇ ਹਨ। ਸਗਵਾਸਗੋਂ ਚੰਗੀ ਤਰ੍ਹਾਂ। ਆਪੁਆਪਣਾ (ਭੈੜਾ) ਅਸਲਾ। ਲਖਾਹਿਨਸ਼ਰ ਕਰਦੇ ਹਨ। ਕਾਰਣਿਵਾਸਤੇ। ਹਥਿਹੱਥ ਵਿਚ। ਜਾਹਿਜਾਣ। ਸੇਵਕ ਭਾਇਸੇਵਕਭਾਵਨਾ ਨਾਲ। ਕਰਮਹੀਣਅਭਾਗੇ ਬੰਦੇ। ਹੋਰਥੈਕਿਸੇ ਹੋਰ ਥਾਂ। ਦਿਸੰਤਰਿਹੋਰ ਦੇਸ ਵਿਚ।੮।

ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਧਨ ਨਹੀਂ ਕਮਾਇਆ, ਉਹ ਜਗਤ ਵਿਚ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਚੁਕੇ ਸਮਝੋ (ਜਿਵੇਂ ਜੁਆਰੀਆ ਜੂਏ ਵਿਚ ਹਾਰ ਕੇ ਕੰਗਾਲ ਹੋ ਜਾਂਦਾ ਹੈ)ਇਹੋ ਜਿਹੇ ਮਨੁੱਖ (ਉਹਨਾਂ ਮੰਗਤਿਆਂ ਵਰਗੇ ਹਨ ਜੋ) ਸਾਰੇ ਸੰਸਾਰ ਵਿਚ ਮੰਗਦੇ ਫਿਰਦੇ ਹਨ, ਪਰ ਉਹਨਾਂ ਦੇ ਮੂੰਹ ਉਤੇ ਕੋਈ ਥੁੱਕਦਾ ਭੀ ਨਹੀਂ। ਹੇ ਭਾਈ! ਇਹੋ ਜਿਹੇ ਬੰਦੇ ਦੂਜਿਆਂ ਦੀ ਨਿੰਦਾ ਕਰਦੇ ਹਨ (ਤੇ ਇਸ ਤਰ੍ਹਾਂ) ਆਪਣਾ ਇਤਬਾਰ ਗਵਾ ਲੈਂਦੇ ਹਨ, ਸਗੋਂ ਚੰਗੀ ਤਰ੍ਹਾਂ ਆਪਣਾ (ਭੈੜਾ) ਅਸਲਾ ਨਸ਼ਰ ਕਰਦੇ ਹਨ। ਅਜੇਹੇ ਮਨੁੱਖ ਜਿਥੇ ਜੀ ਚਾਹੇ ਜਾਣ, ਜਿਸ ਧਨ ਦੀ ਖ਼ਾਤਰ (ਲਾਲਚ ਵਿਚ ਆ ਕੇ) ਚੁਗ਼ਲੀ ਕਰਦੇ ਹਨ, ਚੁਗਲੀ ਨਾਲ ਉਹ ਧਨ ਉਹਨਾਂ ਨੂੰ ਲੱਭਦਾ ਨਹੀਂ। ਹੇ ਭਾਈ! ਸੇਵਕ-ਭਾਵਨਾ ਨਾਲ ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਨਾਮ-ਧਨ ਮਿਲਦਾ ਹੈ; ਪਰ ਉਹ (ਨਿੰਦਕ) ਅਭਾਗੇ ਉਥੋਂ (ਗੁਰੂ-ਦਰ ਤੋਂ) ਇਹ ਧਨ ਲੈ ਨਹੀਂ ਸਕਦੇ (ਤੇ, ਗੁਰੂ-ਦਰ ਤੋਂ ਬਿਨਾ) ਕਿਸੇ ਹੋਰ ਥਾਂ ਕਿਸੇ ਹੋਰ ਦੇਸ ਵਿਚ ਇਹ ਨਾਮ-ਧਨ ਹੈ ਹੀ ਨਹੀਂ।੮।

TOP OF PAGE

Sri Guru Granth Darpan, by Professor Sahib Singh