ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 851

ਮਃ ੩ ॥ ਆਸਾ ਮਨਸਾ ਜਗਿ ਮੋਹਣੀ ਜਿਨਿ ਮੋਹਿਆ ਸੰਸਾਰੁ ॥ ਸਭੁ ਕੋ ਜਮ ਕੇ ਚੀਰੇ ਵਿਚਿ ਹੈ ਜੇਤਾ ਸਭੁ ਆਕਾਰੁ ॥ ਹੁਕਮੀ ਹੀ ਜਮੁ ਲਗਦਾ ਸੋ ਉਬਰੈ ਜਿਸੁ ਬਖਸੈ ਕਰਤਾਰੁ ॥ ਨਾਨਕ ਗੁਰ ਪਰਸਾਦੀ ਏਹੁ ਮਨੁ ਤਾਂ ਤਰੈ ਜਾ ਛੋਡੈ ਅਹੰਕਾਰੁ ॥ ਆਸਾ ਮਨਸਾ ਮਾਰੇ ਨਿਰਾਸੁ ਹੋਇ ਗੁਰ ਸਬਦੀ ਵੀਚਾਰੁ ॥੨॥ {ਪੰਨਾ 851}

ਪਦਅਰਥ: ਮਨਸਾਮਨ ਦਾ ਫੁਰਨਾ, (ਹਰ ਵੇਲੇ) ਮਾਇਆ ਦੀ ਹੀ ਚਿਤਵਨੀ। ਜਗਿਜਗਤ ਵਿਚ। ਜਿਨਿਜਿਸ ਨੇ। ਸਭੁ ਕੋਹਰੇਕ ਜੀਵ। ਜਮਮੌਤ, ਆਤਮਕ ਮੌਤ। ਚੀਰਾਪੱਲਾ, ਹਲਕਾ, ਘੇਰਾ। ਜੇਤਾਜਿਤਨਾ ਭੀ। ਅਕਾਰੁਦਿੱਸਦਾ ਜਗਤ। ਲਗਦਾਜ਼ੋਰ ਪਾਂਦਾ। ਉਬਰੇਬਚਦਾ ਹੈ। ਪਰਸਾਦਿਕਿਰਪਾ ਨਾਲ। ਜਾਜਦੋਂ। ਨਿਰਾਸੁ—(ਮਾਇਆ ਦੀਆਂ) ਆਸਾਂ ਤੋਂ ਨਿਰਲੇਪ।੨।

ਅਰਥ: ਹੇ ਭਾਈ! (ਹਰ ਵੇਲੇ ਮਾਇਆ ਦੀ) ਆਸ (ਹਰ ਵੇਲੇ ਮਾਇਆ ਦੀ ਹੀ) ਚਿਤਵਨੀ ਜਗਤ ਵਿਚ (ਜੀਵਾਂ ਨੂੰ) ਮੋਹ ਰਹੀ ਹੈ, ਇਸ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਜਿਤਨਾ ਭੀ ਜਗਤ ਦਿੱਸ ਰਿਹਾ ਹੈ (ਇਸ ਆਸਾ ਮਨਸਾ ਦੇ ਕਾਰਨ ਜਗਤ ਦਾ) ਹਰੇਕ ਜੀਵ ਆਤਮਕ ਮੌਤ ਦੇ ਪੰਜੇ ਵਿਚ ਹੈ। (ਪਰ) ਇਹ ਆਤਮਕ ਮੌਤ (ਪਰਮਾਤਮਾ ਦੇ) ਹੁਕਮ ਵਿਚ ਹੀ ਵਿਆਪਦੀ ਹੈ (ਇਸ ਵਾਸਤੇ ਇਸ ਤੋਂ) ਉਹੀ ਬਚਦਾ ਹੈ ਜਿਸ ਉਤੇ ਕਰਤਾਰ ਮਿਹਰ ਕਰਦਾ ਹੈ (ਤੇ, ਪਰਮਾਤਮਾ ਬਖ਼ਸ਼ਸ਼ ਕਰਦਾ ਹੈ ਗੁਰੂ ਦੀ ਰਾਹੀਂ)

ਹੇ ਨਾਨਕ! ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ (ਆਪਣੇ ਅੰਦਰੋਂ) ਅਹੰਕਾਰ ਦੂਰ ਕਰਦਾ ਹੈ, ਜਦੋਂ ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜਦਾ ਹੈ ਤਦੋਂ ਮਨੁੱਖ ਆਸਾ ਮਨਸਾ ਨੂੰ ਮੁਕਾ ਲੈਂਦਾ ਹੈ (ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ) ਆਸਾਂ ਤੋਂ ਉਤਾਂਹ ਰਹਿੰਦਾ ਹੈ, ਤਦੋਂ ਮਨੁੱਖ ਦਾ ਮਨ (ਆਸਾ ਮਨਸਾ ਦੀ ਘੁੰਮਣ-ਘੇਰੀ ਵਿਚੋਂ) ਪਾਰ ਲੰਘ ਜਾਂਦਾ ਹੈ।੨।

ਪਉੜੀ ॥ ਜਿਥੈ ਜਾਈਐ ਜਗਤ ਮਹਿ ਤਿਥੈ ਹਰਿ ਸਾਈ ॥ ਅਗੈ ਸਭੁ ਆਪੇ ਵਰਤਦਾ ਹਰਿ ਸਚਾ ਨਿਆਈ ॥ ਕੂੜਿਆਰਾ ਕੇ ਮੁਹ ਫਿਟਕੀਅਹਿ ਸਚੁ ਭਗਤਿ ਵਡਿਆਈ ॥ ਸਚੁ ਸਾਹਿਬੁ ਸਚਾ ਨਿਆਉ ਹੈ ਸਿਰਿ ਨਿੰਦਕ ਛਾਈ ॥ ਜਨ ਨਾਨਕ ਸਚੁ ਅਰਾਧਿਆ ਗੁਰਮੁਖਿ ਸੁਖੁ ਪਾਈ ॥੫॥ {ਪੰਨਾ 851}

ਪਦਅਰਥ: ਮਹਿਵਿਚ। ਤਿਥੈਉਥੇ ਹੀ। ਸਾਈਸਾਈਂ, ਖਸਮ। ਅਗੈਪਰਲੋਕ ਵਿਚ। ਸਭੁਹਰ ਥਾਂ। ਆਪੇਆਪ ਹੀ। ਵਰਤਦਾਮੌਜੂਦ ਹੈ, ਕਾਰ ਚਲਾ ਰਿਹਾ ਹੈ। ਸਚਾਸਦਾ ਕਾਇਮ ਰਹਿਣ ਵਾਲਾ। ਨਿਆਈਨਿਆਂ ਕਰਨ ਵਾਲਾ। ਕੂੜਿਆਰਕੂੜ ਦੇ ਵਪਾਰੀ, ਮਾਇਆਗ੍ਰਸੇ ਜੀਵ। ਫਿਟਕੀਅਹਿਫਿਟਕਾਰੇ ਜਾਂਦੇ ਹਨ। ਸਚੁਸਦਾ-ਥਿਰ ਰਹਿਣ ਵਾਲਾ ਹਰਿਨਾਮ। ਵਡਿਆਈਆਦਰ। ਸਿਰਿਸਿਰ ਉਤੇ। ਛਾਈਸੁਆਹ। ਗੁਰਮੁਖਿਗੁਰੂ ਦੀ ਸਰਨ ਪੈ ਕੇ।੫।

ਅਰਥ: ਹੇ ਭਾਈ! ਸੰਸਾਰ ਵਿਚ ਜਿਸ ਥਾਂ ਭੀ ਜਾਈਏ, ਉਥੇ ਹੀ ਮਾਲਕ-ਪ੍ਰਭੂ ਹਾਜ਼ਰ ਹੈ। ਪਰਲੋਕ ਵਿਚ ਭੀ ਹਰ ਥਾਂ ਸੱਚਾ ਨਿਆਂ ਕਰਨ ਵਾਲਾ ਪਰਮਾਤਮਾ ਆਪ ਹੀ ਕਾਰ ਚਲਾ ਰਿਹਾ ਹੈ। (ਉਸ ਦੀ ਹਜ਼ੂਰੀ ਵਿਚ) ਮਾਇਆ-ਗ੍ਰਸੇ ਜੀਵਾਂ ਨੂੰ ਫਿਟਕਾਰਾਂ ਪੈਂਦੀਆਂ ਹਨ। (ਪਰ ਜਿਨ੍ਹਾਂ ਦੇ ਹਿਰਦੇ ਵਿਚ) ਸਦਾ-ਥਿਰ ਹਰਿ-ਨਾਮ ਵੱਸਦਾ ਹੈ ਪ੍ਰਭੂ ਦੀ ਭਗਤੀ ਟਿਕੀ ਹੋਈ ਹੈ, ਉਹਨਾਂ ਨੂੰ ਆਦਰ ਮਿਲਦਾ ਹੈ।

ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਉਸ ਦਾ ਇਨਸਾਫ਼ ਭੀ ਅਟੱਲ ਹੈ। (ਉਸ ਦੇ ਨਿਆਂ ਅਨੁਸਾਰ ਹੀ ਗੁਰਮੁਖਾਂ ਦੀ) ਨਿੰਦਾ ਕਰਨ ਵਾਲੇ ਬੰਦਿਆਂ ਦੇ ਸਿਰ ਸੁਆਹ ਪੈਂਦੀ ਹੈ।

ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਸਦਾ-ਥਿਰ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੂੰ ਆਤਮਕ ਆਨੰਦ ਮਿਲਿਆ ਹੈ।੫।

ਸਲੋਕ ਮਃ ੩ ॥ ਪੂਰੈ ਭਾਗਿ ਸਤਿਗੁਰੁ ਪਾਈਐ ਜੇ ਹਰਿ ਪ੍ਰਭੁ ਬਖਸ ਕਰੇਇ ॥ ਓਪਾਵਾ ਸਿਰਿ ਓਪਾਉ ਹੈ ਨਾਉ ਪਰਾਪਤਿ ਹੋਇ ॥ ਅੰਦਰੁ ਸੀਤਲੁ ਸਾਂਤਿ ਹੈ ਹਿਰਦੈ ਸਦਾ ਸੁਖੁ ਹੋਇ ॥ ਅੰਮ੍ਰਿਤੁ ਖਾਣਾ ਪੈਨ੍ਹ੍ਹਣਾ ਨਾਨਕ ਨਾਇ ਵਡਿਆਈ ਹੋਇ ॥੧॥ {ਪੰਨਾ 851}

ਪਦਅਰਥ: ਪੂਰੇ ਭਾਗਿਪੂਰੀ ਕਿਸਮਤ ਨਾਲ। ਬਖਸਬਖ਼ਸ਼ਸ਼, ਮਿਹਰ। ਓਪਾਵਾ ਸਿਰਸਾਰੇ ਉਪਾਵਾਂ ਦੇ ਸਿਰ ਉਤੇ, ਸਭ ਉਪਾਵਾਂ ਨਾਲੋਂ ਵਧੀਆ। ਅੰਦਰੁਮਨ, ਹਿਰਦਾ। ਹਿਰਦੈਹਿਰਦੇ ਵਿਚ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ ਨਾਮਰਸ। ਨਾਇਨਾਮ ਦੀ ਰਾਹੀਂ।੧।

ਅਰਥ: ਹੇ ਭਾਈ! ਜੇ ਪਰਮਾਤਮਾ ਮਿਹਰ ਕਰੇ ਤਾਂ (ਮਨੁੱਖ ਨੂੰ) ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ। (ਗੁਰੂ ਦਾ ਮਿਲਣਾ ਹੀ) ਸਾਰੇ ਵਸੀਲਿਆਂ ਨਾਲੋਂ ਵਧੀਆ ਵਸੀਲਾ ਹੈ (ਜਿਸ ਦੀ ਰਾਹੀਂ ਪਰਮਾਤਮਾ ਦਾ) ਨਾਮ ਹਾਸਲ ਹੁੰਦਾ ਹੈ। (ਨਾਮ ਦੀ ਬਰਕਤ ਨਾਲ ਮਨੁੱਖ ਦਾ) ਮਨ ਠੰਢਾ-ਠਾਰ ਹੋ ਜਾਂਦਾ ਹੈ (ਮਨੁੱਖ ਦੇ) ਹਿਰਦੇ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ। ਹੇ ਨਾਨਕ! (ਸਤਿਗੁਰੂ ਦੇ ਮਿਲਣ ਨਾਲ ਜਿਸ ਮਨੁੱਖ ਦੀ) ਖ਼ੁਰਾਕ ਤੇ ਪੁਸ਼ਾਕ (ਭਾਵ, ਜ਼ਿੰਦਗੀ ਦਾ ਆਸਰਾ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਬਣ ਜਾਂਦਾ ਹੈ ਉਸ ਨੂੰ ਨਾਮ ਦੀ ਰਾਹੀਂ (ਹਰ ਥਾਂ) ਆਦਰ ਮਿਲਦਾ ਹੈ।੧।

ਮਃ ੩ ॥ ਏ ਮਨ ਗੁਰ ਕੀ ਸਿਖ ਸੁਣਿ ਪਾਇਹਿ ਗੁਣੀ ਨਿਧਾਨੁ ॥ ਸੁਖਦਾਤਾ ਤੇਰੈ ਮਨਿ ਵਸੈ ਹਉਮੈ ਜਾਇ ਅਭਿਮਾਨੁ ॥ ਨਾਨਕ ਨਦਰੀ ਪਾਈਐ ਅੰਮ੍ਰਿਤੁ ਗੁਣੀ ਨਿਧਾਨੁ ॥੨॥ {ਪੰਨਾ 851}

ਪਦਅਰਥ: ਏ ਮਨਹੇ ਮਨ। ਸਿਖਸਿੱਖ, ਸਿੱਖਿਆ। ਪਾਇਹਿਤੂੰ ਲੱਭ ਲਏਂਗਾ। ਗੁਣੀ ਨਿਧਾਨੁਗੁਣਾਂ ਦਾ ਖ਼ਜ਼ਾਨਾ ਪਰਮਾਤਮਾ। ਤੇਰੈ ਮਨਿਤੇਰੇ ਮਨ ਵਿਚ। ਵਸੈਵੱਸ ਪਏਗਾ, ਵੱਸਦਾ ਦਿੱਸ ਪਏਗਾ। ਜਾਇਦੂਰ ਹੋ ਜਾਇਗਾ। ਨਦਰੀਮਿਹਰ ਦੀ ਨਿਗਾਹ ਨਾਲ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ।੧।

ਅਰਥ: ਹੇ ਮਨ! ਗੁਰੂ ਦੀ ਸਿੱਖਿਆ ਆਪਣੇ ਅੰਦਰ ਵਸਾ (ਇਸ ਤਰ੍ਹਾਂ) ਤੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਲੱਭ ਲਏਂਗਾ। (ਸਾਰੇ) ਸੁਖ ਦੇਣ ਵਾਲਾ ਪਰਮਾਤਮਾ ਤੈਨੂੰ ਤੇਰੇ ਆਪਣੇ ਅੰਦਰ ਵੱਸਦਾ ਦਿੱਸ ਪਏਗਾ (ਤੇਰੇ ਅੰਦਰੋਂ) ਹਉਮੈ ਅਹੰਕਾਰ ਦੂਰ ਹੋ ਜਾਇਗਾ। ਹੇ ਨਾਨਕ! ਆਤਮਕ ਜੀਵਨ ਦੇਣ ਵਾਲਾ ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ (ਗੁਰੂ ਦੀ ਰਾਹੀਂ ਆਪਣੀ) ਮਿਹਰ ਦੀ ਨਿਗਾਹ ਨਾਲ (ਹੀ) ਮਿਲਦਾ ਹੈ।੨।

ਪਉੜੀ ॥ ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ ਤਿਤਨੇ ਸਭਿ ਹਰਿ ਕੇ ਕੀਏ ॥ ਜੋ ਕਿਛੁ ਹਰਿ ਕਰਾਵੈ ਸੁ ਓਇ ਕਰਹਿ ਸਭਿ ਹਰਿ ਕੇ ਅਰਥੀਏ ॥ ਸੋ ਐਸਾ ਹਰਿ ਸਭਨਾ ਕਾ ਪ੍ਰਭੁ ਸਤਿਗੁਰ ਕੈ ਵਲਿ ਹੈ ਤਿਨਿ ਸਭਿ ਵਰਨ ਚਾਰੇ ਖਾਣੀ ਸਭ ਸ੍ਰਿਸਟਿ ਗੋਲੇ ਕਰਿ ਸਤਿਗੁਰ ਅਗੈ ਕਾਰ ਕਮਾਵਣ ਕਉ ਦੀਏ ॥ ਹਰਿ ਸੇਵੇ ਕੀ ਐਸੀ ਵਡਿਆਈ ਦੇਖਹੁ ਹਰਿ ਸੰਤਹੁ ਜਿਨਿ ਵਿਚਹੁ ਕਾਇਆ ਨਗਰੀ ਦੁਸਮਨ ਦੂਤ ਸਭਿ ਮਾਰਿ ਕਢੀਏ ॥ ਹਰਿ ਹਰਿ ਕਿਰਪਾਲੁ ਹੋਆ ਭਗਤ ਜਨਾ ਉਪਰਿ ਹਰਿ ਆਪਣੀ ਕਿਰਪਾ ਕਰਿ ਹਰਿ ਆਪਿ ਰਖਿ ਲੀਏ ॥੬॥ {ਪੰਨਾ 851}

ਪਦਅਰਥ: ਸਿਕਦਾਰਚੌਧਰੀ। ਹਹਿਹਨ, ਹੈਂ। ਤਿਤਨੇ ਸਭਿਉਹ ਸਾਰੇ ਹੀ। ਕੀਏਪੈਦਾ ਕੀਤੇ ਹੋਏ। ਓਇ—{ਲਫ਼ਜ਼ 'ਓਹੁ' ਤੋਂ ਬਹੁ-ਵਚਨ}ਕਰਹਿਕਰਦੇ ਹਨ। ਅਰਥੀਏਮੰਗਤੇ। ਪ੍ਰਭੁਮਾਲਕ। ਕੈ ਵਲਿਦੇ ਪੱਖ ਵਿਚ। ਤਿਨਿਉਸ (ਪ੍ਰਭੂ) ਨੇ। ਚਾਰੇ ਖਾਣੀਚਹੁੰਆਂ ਖਾਣੀਆਂ ਦੇ ਜੀਵ। ਸਭਸਾਰੀ। ਗੋਲੇਦਾਸ। ਕਰਿਬਣਾ ਕੇ। ਦੀਏਰੱਖ ਦਿੱਤੇ ਹਨ। ਸੰਤਹੁਹੇ ਸੰਤ ਜਨੋ! ਜਿਨਿਜਿਸ (ਹਰੀ) ਨੇ। ਵਡਿਆਈਗੁਣ। ਕਾਇਆਸਰੀਰ। ਮਾਰਿਮਾਰ ਕੇ। ਕਰਿਕਰ ਕੇ।੬।

ਅਰਥ: (ਹੇ ਭਾਈ! ਜਗਤ ਵਿਚ) ਜਿਤਨੇ ਭੀ ਸ਼ਾਹ, ਪਾਤਿਸ਼ਾਹ, ਰਾਜੇ, ਖ਼ਾਨ, ਅਮੀਰ ਤੇ ਸਰਦਾਰ ਹਨ, ਉਹ ਸਾਰੇ ਪਰਮਾਤਮਾ ਦੇ (ਹੀ) ਪੈਦਾ ਕੀਤੇ ਹੋਏ ਹਨ। ਜੋ ਕੁਝ ਪਰਮਾਤਮਾ (ਉਹਨਾਂ ਪਾਸੋਂ) ਕਰਾਂਦਾ ਹੈ ਉਹੀ ਉਹ ਕਰਦੇ ਹਨ, ਉਹ ਸਾਰੇ ਪਰਮਾਤਮਾ ਦੇ (ਦਰ ਦੇ ਹੀ) ਮੰਗਤੇ ਹਨ।

ਹੇ ਭਾਈ! ਇਹੋ ਜਿਹੀ ਸਮਰਥਾ ਵਾਲਾ ਸਭਨਾਂ ਜੀਵਾਂ ਦਾ ਮਾਲਕ ਉਹ ਪਰਮਾਤਮਾ (ਸਦਾ) ਸਤਿਗੁਰੂ ਦੇ ਪੱਖ ਤੇ ਰਹਿੰਦਾ ਹੈ। ਉਸ ਪਰਮਾਤਮਾ ਨੇ ਚਹੁੰਆਂ ਵਰਨਾਂ ਚਹੁੰਆਂ ਖਾਣੀਆਂ ਦੇ ਸਾਰੇ ਜੀਵ ਸਾਰੀ ਹੀ ਸ੍ਰਿਸ਼ਟੀ (ਦੇ ਜੀਵ) (ਗੁਰੂ ਦੇ) ਸੇਵਕ ਬਣਾ ਕੇ ਗੁਰੂ ਦੇ ਦਰ ਤੇ ਸੇਵਾ ਕਰਨ ਲਈ ਖੜੇ ਕੀਤੇ ਹੋਏ ਹਨ।

ਹੇ ਸੰਤ ਜਨੋ! ਵੇਖੋ, ਪਰਮਾਤਮਾ ਦੀ ਭਗਤੀ ਕਰਨ ਦਾ ਇਹ ਗੁਣ ਹੈ ਕਿ ਉਸ (ਪਰਮਾਤਮਾ) ਨੇ (ਭਗਤੀ ਕਰਨ ਵਾਲੇ ਆਪਣੇ ਸੇਵਕ ਦੇ) ਸਰੀਰ-ਨਗਰ ਵਿਚੋਂ (ਕਾਮਾਦਿਕ) ਸਾਰੇ ਵੈਰੀ ਦੁਸ਼ਮਨ ਮਾਰ ਕੇ (ਬਾਹਰ) ਕੱਢ ਦਿੱਤੇ ਹੁੰਦੇ ਹਨ। ਹੇ ਭਾਈ! ਪਰਮਾਤਮਾ ਆਪਣੇ ਭਗਤਾਂ ਉਤੇ (ਸਦਾ) ਦਇਆਵਾਨ ਹੁੰਦਾ ਹੈ। ਪਰਮਾਤਮਾ ਮਿਹਰ ਕਰ ਕੇ (ਆਪਣੇ ਭਗਤਾਂ ਨੂੰ ਕਾਮਾਦਿਕ ਵੈਰੀਆਂ ਤੋਂ) ਆਪ ਬਚਾਂਦਾ ਹੈ।੬।

ਸਲੋਕ ਮਃ ੩ ॥ ਅੰਦਰਿ ਕਪਟੁ ਸਦਾ ਦੁਖੁ ਹੈ ਮਨਮੁਖ ਧਿਆਨੁ ਨ ਲਾਗੈ ॥ ਦੁਖ ਵਿਚਿ ਕਾਰ ਕਮਾਵਣੀ ਦੁਖੁ ਵਰਤੈ ਦੁਖੁ ਆਗੈ ॥ ਕਰਮੀ ਸਤਿਗੁਰੁ ਭੇਟੀਐ ਤਾ ਸਚਿ ਨਾਮਿ ਲਿਵ ਲਾਗੈ ॥ ਨਾਨਕ ਸਹਜੇ ਸੁਖੁ ਹੋਇ ਅੰਦਰਹੁ ਭ੍ਰਮੁ ਭਉ ਭਾਗੈ ॥੧॥ {ਪੰਨਾ 851}

ਪਦਅਰਥ: ਕਪਟੁਖੋਟ। ਮਨਮੁਖਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਧਿਆਨੁ ਨ ਲਾਗੈਸੁਰਤਿ ਨਹੀਂ ਜੁੜਦੀ। ਵਰਤੈਵਾਪਰਦਾ ਹੈ। ਆਗੈਅਗਾਂਹ, ਪਰਲੋਕ ਵਿਚ। ਕਰਮੀ—(ਪਰਮਾਤਮਾ ਦੀ) ਮਿਹਰ ਨਾਲ। ਭੇਟੀਐਮਿਲਦਾ ਹੈ। ਤਾਤਦੋਂ। ਸਚਿਸਦਾ-ਥਿਰ ਵਿਚ। ਸਚਿ ਨਾਮਿਸਦਾ-ਥਿਰ ਹਰਿਨਾਮ ਵਿਚ। ਸਹਜੇਆਤਮਕ ਅਡੋਲਤਾ ਵਿਚ। ਅੰਦਰਹੁਮਨ ਵਿਚੋਂ। ਭ੍ਰਮੁਭਟਕਣਾ। ਭਉਸਹਿਮ।੧।

ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਵਿਚ ਖੋਟ ਟਿਕਿਆ ਰਹਿੰਦਾ ਹੈ (ਇਸ ਵਾਸਤੇ ਉਸ ਨੂੰ) ਸਦਾ (ਆਤਮਕ) ਕਲੇਸ਼ ਰਹਿੰਦਾ ਹੈ, ਉਸ ਦੀ ਸੁਰਤਿ (ਪਰਮਾਤਮਾ ਵਿਚ) ਨਹੀਂ ਜੁੜਦੀ। ਉਸ ਮਨੁੱਖ ਦੀ ਸਾਰੀ ਕਿਰਤ-ਕਾਰ ਦੁੱਖ-ਕਲੇਸ਼ ਵਿਚ ਹੀ ਹੁੰਦੀ ਹੈ (ਹਰ ਵੇਲੇ ਉਸ ਨੂੰ) ਕਲੇਸ਼ ਹੀ ਵਾਪਰਦਾ ਰਹਿੰਦਾ ਹੈ, ਪਰਲੋਕ ਵਿਚ ਭੀ ਉਸ ਦੇ ਵਾਸਤੇ ਕਲੇਸ਼ ਹੀ ਹੈ।

ਹੇ ਨਾਨਕ! (ਜਦੋਂ ਪਰਮਾਤਮਾ ਦੀ) ਮਿਹਰ ਨਾਲ (ਮਨੁੱਖ ਨੂੰ) ਗੁਰੂ ਮਿਲਦਾ ਹੈ ਤਦੋਂ ਸਦਾ-ਥਿਰ ਹਰਿ-ਨਾਮ ਵਿਚ ਉਸ ਦੀ ਲਗਨ ਲੱਗ ਜਾਂਦੀ ਹੈ, ਆਤਮਕ ਅਡੋਲਤਾ ਵਿਚ (ਟਿਕਣ ਕਰਕੇ ਉਸ ਨੂੰ ਆਤਮਕ) ਆਨੰਦ ਮਿਲਿਆ ਰਹਿੰਦਾ ਹੈ ਤੇ ਉਸ ਦੇ ਮਨ ਵਿਚੋਂ ਭਟਕਣਾ ਦੂਰ ਹੋ ਜਾਂਦੀ ਹੈ ਸਹਿਮ ਦੂਰ ਹੋ ਜਾਂਦਾ ਹੈ।੧।

TOP OF PAGE

Sri Guru Granth Darpan, by Professor Sahib Singh