ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 847

ਬਿਲਾਵਲੁ ਮਹਲਾ ੫ ਛੰਤ    ੴ ਸਤਿਗੁਰ ਪ੍ਰਸਾਦਿ ॥ ਸਖੀ ਆਉ ਸਖੀ ਵਸਿ ਆਉ ਸਖੀ ਅਸੀ ਪਿਰ ਕਾ ਮੰਗਲੁ ਗਾਵਹ ॥ ਤਜਿ ਮਾਨੁ ਸਖੀ ਤਜਿ ਮਾਨੁ ਸਖੀ ਮਤੁ ਆਪਣੇ ਪ੍ਰੀਤਮ ਭਾਵਹ ॥ ਤਜਿ ਮਾਨੁ ਮੋਹੁ ਬਿਕਾਰੁ ਦੂਜਾ ਸੇਵਿ ਏਕੁ ਨਿਰੰਜਨੋ ॥ ਲਗੁ ਚਰਣ ਸਰਣ ਦਇਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ ॥ ਹੋਇ ਦਾਸ ਦਾਸੀ ਤਜਿ ਉਦਾਸੀ ਬਹੁੜਿ ਬਿਧੀ ਨ ਧਾਵਾ ॥ ਨਾਨਕੁ ਪਇਅੰਪੈ ਕਰਹੁ ਕਿਰਪਾ ਤਾਮਿ ਮੰਗਲੁ ਗਾਵਾ ॥੧॥ {ਪੰਨਾ 847}

ਪਦਅਰਥ: ਸਖੀਹੇ ਸਹੇਲੀਏ! ਵਸਿਰਜ਼ਾ ਵਿਚ (ਤੁਰੀਏ)ਮੰਗਲੁਸਿਫ਼ਤਿ-ਸਾਲਾਹ ਦਾ ਗੀਤ। ਗਾਵਹਆਓ ਅਸੀ ਗਾਵੀਏ। ਤਜਿਤਿਆਗ ਦੇਹ। ਮਾਨੁਅਹੰਕਾਰ। ਮਤੁਸ਼ਾਇਦ। ਪ੍ਰੀਤਮ ਭਾਵਹਪ੍ਰੀਤਮ ਨੂੰ ਚੰਗਿਆਂ ਲੱਗੀਏ। ਬਿਕਾਰੁ ਦੂਜਾਮਾਇਆ ਦੇ ਪਿਆਰ ਵਾਲਾ ਵਿਕਾਰ। ਸੇਵਿਸਰਨੀ ਪਵੋ। ਨਿਰੰਜਨੋਨਿਰੰਜਨੁ, {ਨਿਰਅੰਜਨ} ਜਿਸ ਨੂੰ ਮਾਇਆ ਦੇ ਮੋਹ ਦੀ ਕਾਲਖ ਨਹੀਂ ਲੱਗ ਸਕਦੀ। ਦੁਰਤਪਾਪ। ਦੁਰਤ ਬਿਖੰਡਨੋਪਾਪਾਂ ਦਾ ਨਾਸ ਕਰਨ ਵਾਲਾ। ਸਗਲਸਾਰੇ। ਹੋਇਬਣ ਕੇ। ਦਾਸ ਦਾਸੀਦਾਸਾਂ ਦੀ ਦਾਸੀ। ਤਜਿਤਿਆਗ ਕੇ। ਉਦਾਸੀ—(ਸਿਫ਼ਤਿ-ਸਾਲਾਹ ਵਲੋਂ) ਉਪਰਾਮਤਾ। ਬਹੁੜਿਫਿਰ, ਮੁੜ। ਬਿਧਿ—(ਅਨੇਕਾਂ) ਤਰੀਕਿਆਂ ਨਾਲ। ਨ ਧਾਵਾਨ ਧਾਵਾਂ, ਮੈਂ ਨਾਹ ਭਟਕਾਂ। ਪਇਅੰਪੈਬੇਨਤੀ ਕਰਦਾ ਹੈ। ਤਾਮਿਤਦੋਂ। ਗਾਵਾਗਾਵਾਂ, ਮੈਂ ਗਾ ਸਕਾਂ।੧।

ਅਰਥ: ਹੇ ਸਹੇਲੀਏ! ਆਓ (ਰਲ ਕੇ ਬੈਠੀਏ) ਹੇ ਸਹੇਲੀਏ! ਆਓ ਪ੍ਰਭੂ ਦੀ ਰਜ਼ਾ ਵਿਚ ਤੁਰੀਏ, ਅਤੇ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵੀਏ। ਹੇ ਸਹੇਲੀਏ! (ਆਪਣੇ ਅੰਦਰੋਂ) ਅਹੰਕਾਰ ਦੂਰ ਕਰ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ, ਸ਼ਾਇਦ (ਇਸ ਤਰ੍ਹਾਂ) ਅਸੀ ਆਪਣੇ ਪ੍ਰੀਤਮ ਪ੍ਰਭੂ-ਪਤੀ ਨੂੰ ਚੰਗੀਆਂ ਲੱਗ ਸਕੀਏ।

ਹੇ ਸਹੇਲੀਏ! (ਆਪਣੇ ਅੰਦਰੋਂ) ਅਹੰਕਾਰ ਦੂਰ ਕਰ, ਮੋਹ ਦੂਰ ਕਰ, ਮਾਇਆ ਦੇ ਪਿਆਰ ਵਾਲਾ ਵਿਕਾਰ ਦੂਰ ਕਰ, ਸਿਰਫ਼ ਨਿਰਲੇਪ ਪ੍ਰਭੂ ਦੀ ਸਰਨ ਪਈ ਰਹੁ, ਸਾਰੇ ਪਾਪਾਂ ਦੇ ਨਾਸ ਕਰਨ ਵਾਲੇ ਦਇਆ ਦੇ ਸੋਮੇ ਪ੍ਰੀਤਮ ਪ੍ਰਭੂ ਦੇ ਚਰਨਾਂ ਦੀ ਓਟ ਪਕੜੀ ਰੱਖ।

ਨਾਨਕ ਬੇਨਤੀ ਕਰਦਾ ਹੈ-ਹੇ ਸਹੇਲੀਏ! (ਮੇਰੇ ਉੱਤੇ ਭੀ) ਮਿਹਰ ਕਰ, ਮੈਂ (ਪ੍ਰਭੂ ਦੇ) ਦਾਸਾਂ ਦੀ ਦਾਸੀ ਬਣ ਕੇ (ਸਿਫ਼ਤਿ-ਸਾਲਾਹ ਵਲੋਂ) ਉਪਰਾਮਤਾ ਛੱਡ ਕੇ ਮੁੜ ਹੋਰ ਹੋਰ ਪਾਸੇ ਨਾਹ ਭਟਕਦਾ ਫਿਰਾਂ। (ਤੂੰ ਮਿਹਰ ਕਰੇਂ), ਤਦੋਂ ਹੀ ਮੈਂ (ਭੀ) ਸਿਫ਼ਤਿ-ਸਾਲਾਹ ਦਾ ਗੀਤ ਗਾ ਸਕਾਂਗਾ।੧।

ਅੰਮ੍ਰਿਤੁ ਪ੍ਰਿਅ ਕਾ ਨਾਮੁ ਮੈ ਅੰਧੁਲੇ ਟੋਹਨੀ ॥ ਓਹ ਜੋਹੈ ਬਹੁ ਪਰਕਾਰ ਸੁੰਦਰਿ ਮੋਹਨੀ ॥ ਮੋਹਨੀ ਮਹਾ ਬਚਿਤ੍ਰਿ ਚੰਚਲਿ ਅਨਿਕ ਭਾਵ ਦਿਖਾਵਏ ॥ ਹੋਇ ਢੀਠ ਮੀਠੀ ਮਨਹਿ ਲਾਗੈ ਨਾਮੁ ਲੈਣ ਨ ਆਵਏ ॥ ਗ੍ਰਿਹ ਬਨਹਿ ਤੀਰੈ ਬਰਤ ਪੂਜਾ ਬਾਟ ਘਾਟੈ ਜੋਹਨੀ ॥ ਨਾਨਕੁ ਪਇਅੰਪੈ ਦਇਆ ਧਾਰਹੁ ਮੈ ਨਾਮੁ ਅੰਧੁਲੇ ਟੋਹਨੀ ॥੨॥ {ਪੰਨਾ 847}

ਪਦਅਰਥ: ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ। ਟੋਹਨੀਡੰਗੋਰੀ, ਆਸਰਾ। ਅੰਧੁਲੇ—(ਮਾਇਆ ਦੇ ਮੋਹ ਵਿਚ) ਅੰਨ੍ਹੇ (ਹੋ ਚੁੱਕੇ) ਨੂੰ। ਓਹ—{ਇਸਤ੍ਰੀ-ਲਿੰਗ} ਉਹ ਮੋਹਨੀ ਮਾਇਆ। ਜੋਹੈਤੱਕਦੀ ਹੈ। ਸੁੰਦਰਿਸੁੰਦਰੀ। ਮੋਹਨੀਮਨ ਨੂੰ ਫਸਾਣ ਵਾਲੀ। ਬਚਿਤ੍ਰਿ—{ਇਸਤ੍ਰੀ-ਲਿੰਗ} ਕਈ ਰੰਗਾਂ ਵਾਲੀ। ਭਾਵਨਖ਼ਰੇ। ਦਿਖਾਵਏ—{ਵਰਤਮਾਨ ਕਾਲ} ਵਿਖਾਂਦੀ ਹੈ। ਹੋਇਹੋ ਕੇ। ਮਨਹਿਮਨ ਵਿਚ। ਲੈਣ ਨ ਆਵਏਲਿਆ ਨਹੀਂ ਜਾ ਸਕਦਾ। ਗ੍ਰਿਹਘਰ, ਗ੍ਰਿਹਸਤ। ਬਨਹਿਜੰਗਲ ਵਿਚ। ਤੀਰੈ—(ਦਰਿਆ ਦੇ) ਕੰਢੇ ਉੱਤੇ, (ਕਿਸੇ ਤੀਰਥ ਆਦਿਕ ਤੇ)ਬਾਟਰਸਤਾ। ਘਾਟੈਪੱਤਣ ਤੇ। ਜੋਹਨੀਤੱਕਣ ਵਾਲੀ। ਨਾਨਕੁ ਪਇਅੰਪੈਨਾਨਕ ਬੇਨਤੀ ਕਰਦਾ ਹੈ।੨।

ਅਰਥ: ਹੇ ਭਾਈ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੇਰੇ ਜੀਵਨ ਵਾਸਤੇ ਸਹਾਰਾ ਹੈ ਜਿਵੇਂ ਅੰਨ੍ਹੇ ਨੂੰ ਡੰਗੋਰੀ ਦਾ ਸਹਾਰਾ ਹੁੰਦਾ ਹੈ, (ਕਿਉਂਕਿ) ਉਹ ਮਨ ਨੂੰ ਫਸਾਣ ਵਾਲੀ ਸੁੰਦਰੀ ਮਾਇਆ ਕਈ ਤਰੀਕਿਆਂ ਨਾਲ (ਜੀਵਾਂ ਨੂੰ) ਤਾੜਦੀ ਰਹਿੰਦੀ ਹੈ (ਤੇ ਆਪਣੇ ਮੋਹ ਵਿਚ ਅੰਨ੍ਹਾ ਕਰ ਲੈਂਦੀ ਹੈ)

ਹੇ ਭਾਈ! ਕਈ ਰੰਗਾਂ ਵਾਲੀ ਅਤੇ ਮਨ ਨੂੰ ਮੋਹਣ ਵਾਲੀ ਚੰਚਲ ਮਾਇਆ (ਜੀਵਾਂ ਨੂੰ) ਅਨੇਕਾਂ ਨਖ਼ਰੇ ਵਿਖਾਂਦੀ ਰਹਿੰਦੀ ਹੈ, ਢੀਠ ਬਣ ਕੇ (ਭਾਵ, ਮੁੜ ਮੁੜ ਆਪਣੇ ਹਾਵ-ਭਾਵ ਵਿਖਾ ਕੇ, ਆਖ਼ਰ ਜੀਵਾਂ ਦੇ) ਮਨ ਵਿਚ ਪਿਆਰੀ ਲੱਗਣ ਲੱਗ ਪੈਂਦੀ ਹੈ, (ਇਸ ਮੋਹਣੀ ਮਾਇਆ ਦੇ ਅਸਰ ਹੇਠ ਪਰਮਾਤਮਾ ਦਾ) ਨਾਮ ਜਪਿਆ ਨਹੀਂ ਜਾ ਸਕਦਾ।

ਹੇ ਭਾਈ! ਗ੍ਰਿਹਸਤ ਵਿਚ (ਗ੍ਰਿਹਸਤੀਆਂ ਨੂੰ) ਜੰਗਲਾਂ ਵਿਚ (ਤਿਆਗੀਆਂ ਨੂੰ), ਤੀਰਥਾਂ ਦੇ ਕੰਢੇ (ਤੀਰਥ-ਇਸ਼ਨਾਨੀਆਂ ਨੂੰ), ਵਰਤ (ਰੱਖਣ ਵਾਲਿਆਂ ਨੂੰ) ਦੇਵ-ਪੂਜਾ (ਕਰਨ ਵਾਲਿਆਂ ਨੂੰ), ਰਾਹਾਂ ਵਿਚ, ਪੱਤਣਾਂ ਤੇ (ਹਰ ਥਾਂ ਇਹ ਮਾਇਆ ਆਪਣੀ) ਤਾੜ ਵਿਚ ਰੱਖਦੀ ਹੈ।

ਨਾਨਕ ਬੇਨਤੀ ਕਰਦਾ ਹੈ-(ਹੇ ਪ੍ਰਭੂ! ਮੇਰੇ ਉੱਤੇ) ਮਿਹਰ ਕਰ (ਇਸ ਮਾਇਆ ਦੀ ਤੱਕ ਤੋਂ ਬਚਣ ਲਈ) ਮੈਨੂੰ ਆਪਣਾ ਨਾਮ (ਦਾ ਸਹਾਰਾ ਦੇਈ ਰੱਖ, ਜਿਵੇਂ) ਅੰਨ੍ਹੇ ਨੂੰ ਡੰਗੋਰੀ ਦਾ ਸਹਾਰਾ ਹੁੰਦਾ ਹੈ।੨।

ਮੋਹਿ ਅਨਾਥ ਪ੍ਰਿਅ ਨਾਥ ਜਿਉ ਜਾਨਹੁ ਤਿਉ ਰਖਹੁ ॥ ਚਤੁਰਾਈ ਮੋਹਿ ਨਾਹਿ ਰੀਝਾਵਉ ਕਹਿ ਮੁਖਹੁ ॥ ਨਹ ਚਤੁਰਿ ਸੁਘਰਿ ਸੁਜਾਨ ਬੇਤੀ ਮੋਹਿ ਨਿਰਗੁਨਿ ਗੁਨੁ ਨਹੀ ॥ ਨਹ ਰੂਪ ਧੂਪ ਨ ਨੈਣ ਬੰਕੇ ਜਹ ਭਾਵੈ ਤਹ ਰਖੁ ਤੁਹੀ ॥ ਜੈ ਜੈ ਜਇਅੰਪਹਿ ਸਗਲ ਜਾ ਕਉ ਕਰੁਣਾਪਤਿ ਗਤਿ ਕਿਨਿ ਲਖਹੁ ॥ ਨਾਨਕੁ ਪਇਅੰਪੈ ਸੇਵ ਸੇਵਕੁ ਜਿਉ ਜਾਨਹੁ ਤਿਉ ਮੋਹਿ ਰਖਹੁ ॥੩॥ {ਪੰਨਾ 847}

ਪਦਅਰਥ: ਮੋਹਿਮੈਨੂੰ। ਅਨਾਥਨਿਮਾਣੇ ਨੂੰ। ਪ੍ਰਿਅ ਨਾਥਹੇ ਪਿਆਰੇ ਖਸਮਪ੍ਰਭੂ! ਮੋਹਿਮੈਂ ਵਿਚ। ਰੀਝਾਵਉਰੀਝਾਵਉਂ, ਮੈਂ (ਤੈਨੂੰ) ਪ੍ਰਸੰਨ ਕਰ ਸਕਾਂ। ਕਹਿ—(ਕੁਝ) ਆਖ ਕੇ। ਮੁਖਹੁਮੂੰਹ ਤੋਂ। ਚਤੁਰਿਸਿਆਣੀ {ਇਸਤ੍ਰੀ-ਲਿੰਗ}ਸੁਘਰਿਸੁਘੜ, ਚੰਗੀ ਮਾਨਸਕ ਘਾੜਤ ਵਾਲੀ। ਬੇਤੀਜਾਣਨ ਵਾਲੀ, ਚੰਗੀ ਸੂਝ ਵਾਲੀ। ਮੋਹਿ ਨਿਰਗੁਨਿਮੈਂ ਗੁਣ-ਹੀਨ ਵਿਚ। ਧੂਪਸੁਗੰਧੀ, (ਚੰਗੇ ਗੁਣਾਂ ਵਾਲੀ) ਸੁਗੰਧੀ। ਬੰਕੇਸੋਹਣੇ, ਬਾਂਕੇ। ਨੈਣਅੱਖਾਂ। ਜਹਜਿੱਥੇ। ਭਾਵੈਤੈਨੂੰ ਚੰਗਾ ਲੱਗੇ। ਜੈ ਜੈਜੈਕਾਰ, ਸਿਫ਼ਤਿ-ਸਾਲਾਹ। ਜਇਅੰਪਹਿਉਚਾਰਦੇ ਹਨ। ਜਾ ਕਉਜਿਸ ਨੂੰ। ਕਰੁਣਾਪਤਿ—{ਕਰੁਣਾਤਰਸ, ਦਇਆ। ਪਤਿਮਾਲਕ} ਹੇ ਦਇਆ ਦੇ ਮਾਲਕ! ਗਤਿਉੱਚੀ ਆਤਮਕ ਅਵਸਥਾ। ਕਿਨਿਕਿਸ ਨੇ? ਮੋਹਿਮੈਨੂੰ। ਰਖਹੁਰੱਖਿਆ ਕਰ।੩।

ਅਰਥ: ਹੇ ਪਿਆਰੇ ਖਸਮ-ਪ੍ਰਭੂ! ਜਿਵੇਂ ਹੋ ਸਕੇ, (ਇਸ ਮੋਹਣੀ ਮਾਇਆ ਦੇ ਪੰਜੇ ਤੋਂ) ਮੈਨੂੰ ਨਿਮਾਣੇ ਨੂੰ (ਬਚਾ ਕੇ) ਰੱਖ। ਮੇਰੇ ਅੰਦਰ ਕੋਈ ਸਿਆਣਪ ਨਹੀਂ ਕਿ ਮੈਂ (ਕੁਝ) ਮੂੰਹੋਂ ਆਖ ਕੇ ਤੈਨੂੰ ਪ੍ਰਸੰਨ ਕਰ ਸਕਾਂ।

ਹੇ ਪਿਆਰੇ ਨਾਥ! ਮੈਂ ਚਤੁਰ ਨਹੀਂ, ਮੈਂ ਚੰਗੀ ਮਾਨਸਕ ਘਾੜਤ ਵਾਲੀ ਨਹੀਂ, ਮੈਂ ਸਿਆਣੀ ਨਹੀਂ, ਮੈਂ ਚੰਗੀ ਸੂਝ ਵਾਲੀ ਨਹੀਂ, ਮੈਂ ਗੁਣ-ਹੀਨ ਵਿਚ (ਕੋਈ ਭੀ) ਗੁਣ ਨਹੀਂ। ਨਾਹ ਮੇਰਾ ਸੋਹਣਾ ਰੂਪ ਹੈ, ਨਾਹ (ਮੇਰੇ ਅੰਦਰ ਚੰਗੇ ਗੁਣਾਂ ਵਾਲੀ) ਸੁਗੰਧੀ ਹੈ ਨਾਹ ਮੇਰੇ ਬਾਂਕੇ ਨੈਣ ਹਨ-ਜਿੱਥੇ ਤੇਰੀ ਰਜ਼ਾ ਹੈ ਉਥੇ ਹੀ ਮੈਨੂੰ (ਇਸ ਮੋਹਣੀ ਮਾਇਆ ਤੋਂ) ਬਚਾ ਲੈ।

ਹੇ ਤਰਸ ਦੇ ਮਾਲਕ ਪ੍ਰਭੂ! (ਤੂੰ ਐਸਾ ਹੈਂ) ਜਿਸ ਦੀ ਸਾਰੇ ਜੀਵ ਜੈ ਜੈਕਾਰ ਉਚਾਰਦੇ ਹਨ। ਤੂੰ ਕਿਹੋ ਜਿਹਾ ਹੈਂ-ਕਿਸੇ ਨੇ ਭੀ ਇਹ ਭੇਤ ਨਹੀਂ ਸਮਝਿਆ। ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! (ਮੈਂ ਤੇਰਾ) ਸੇਵਕ ਹਾਂ (ਮੈਨੂੰ ਆਪਣੀ) ਸੇਵਾ-ਭਗਤੀ (ਬਖ਼ਸ਼) ਜਿਵੇਂ ਹੋ ਸਕੇ, ਤਿਵੇਂ ਮੈਨੂੰ (ਇਸ ਮੋਹਣੀ ਮਾਇਆ ਤੋਂ) ਬਚਾਈ ਰੱਖ।੩।

ਮੋਹਿ ਮਛੁਲੀ ਤੁਮ ਨੀਰ ਤੁਝ ਬਿਨੁ ਕਿਉ ਸਰੈ ॥ ਮੋਹਿ ਚਾਤ੍ਰਿਕ ਤੁਮ੍ਹ੍ਹ ਬੂੰਦ ਤ੍ਰਿਪਤਉ ਮੁਖਿ ਪਰੈ ॥ ਮੁਖਿ ਪਰੈ ਹਰੈ ਪਿਆਸ ਮੇਰੀ ਜੀਅ ਹੀਆ ਪ੍ਰਾਨਪਤੇ ॥ ਲਾਡਿਲੇ ਲਾਡ ਲਡਾਇ ਸਭ ਮਹਿ ਮਿਲੁ ਹਮਾਰੀ ਹੋਇ ਗਤੇ ॥ ਚੀਤਿ ਚਿਤਵਉ ਮਿਟੁ ਅੰਧਾਰੇ ਜਿਉ ਆਸ ਚਕਵੀ ਦਿਨੁ ਚਰੈ ॥ ਨਾਨਕੁ ਪਇਅੰਪੈ ਪ੍ਰਿਅ ਸੰਗਿ ਮੇਲੀ ਮਛੁਲੀ ਨੀਰੁ ਨ ਵੀਸਰੈ ॥੪॥ {ਪੰਨਾ 847}

ਪਦਅਰਥ: ਮੋਹਿਮੈਂ। ਮਛੁਲੀਮੱਛੀ। ਤੁਮ ਨੀਰਤੇਰਾ ਨਾਮ ਪਾਣੀ ਹੈ। ਕਿਉ ਸਰੈਨਿਭ ਨਹੀਂ ਸਕਦੀ, ਮੇਰਾ ਜੀਊਣ ਨਹੀਂ ਹੋ ਸਕਦਾ। ਚਾਤ੍ਰਿਕਪਪੀਹਾ। ਤ੍ਰਿਪਤਉਤ੍ਰਿਪਤਉਂ, ਮੈਂ ਰੱਖਦਾ ਹਾਂ। ਮੁਖਿ—(ਮੇਰੇ) ਮੂੰਹ ਵਿਚ। ਪਰੈ—(ਨਾਮਬੂੰਦ) ਪੈਂਦੀ ਹੈ। ਹਰੈਦੂਰ ਕਰ ਦੇਂਦੀ ਹੈ। ਜੀਅ ਪਤੇਹੇ ਮੇਰੇ ਜਿੰਦ ਦੇ ਮਾਲਕ! ਹੀਆ ਪਤੇਹੇ ਮੇਰੇ ਹਿਰਦੇ ਦੇ ਮਾਲਕ! ਪ੍ਰਾਨ ਪਤੇਹੇ ਮੇਰੇ ਪ੍ਰਾਣਾਂ ਦੇ ਮਾਲਕ! ਲਾਡਿਲੇਹੇ ਪਿਆਰੇ! ਲਾਡ ਲਡਾਇਪਿਆਰਭਰੇ ਕੌਤਕ ਕਰ ਕੇ। ਸਭ ਮਹਿਸਾਰੀ ਸ੍ਰਿਸ਼ਟੀ ਵਿਚ। ਗਤੇਗਤਿ, ਉੱਚੀ ਆਤਮਕ ਅਵਸਥਾ। ਚੀਤਿਚਿੱਤ ਵਿਚ। ਚਿਤਵਉਚਿਤਵਉਂ, ਮੈਂ ਚਿਤਾਰਦੀ ਹਾਂ। ਮਿਟੁਦੂਰ ਹੋ ਜਾ। ਅੰਧਾਰੇਹੇ ਹਨੇਰੇ! ਚਰੈਚੜ੍ਹ ਰਿਹਾ ਹੈ। ਪ੍ਰਿਅਹੇ ਪਿਆਰੇ! ਸੰਗਿ—(ਆਪਣੇ) ਨਾਲ। ਮੇਲੀਮੇਲਿ, ਮਿਲਾ ਲੈ।੪।

ਅਰਥ: ਹੇ ਪ੍ਰਭੂ! ਮੈਂ ਮੱਛੀ (ਵਾਸਤੇ) ਤੂੰ (ਤੇਰਾ ਨਾਮ) ਪਾਣੀ ਹੈ, ਤੈਥੋਂ ਬਿਨਾ (ਤੇਰੀ ਯਾਦ ਤੋਂ ਬਿਨਾ) ਮੇਰਾ ਜੀਊਣ ਨਹੀਂ ਹੋ ਸਕਦਾ। ਹੇ ਪ੍ਰਭੂ! ਮੈਂ ਪਪੀਹੇ (ਵਾਸਤੇ) ਤੂੰ (ਤੇਰਾ ਨਾਮ) ਵਰਖਾ ਦੀ ਬੂੰਦ ਹੈ, ਮੈਨੂੰ (ਤਦੋਂ) ਸ਼ਾਂਤੀ ਆਉਂਦੀ ਹੈ (ਜਦੋਂ ਨਾਮ-ਬੂੰਦ ਮੇਰੇ) ਮੂੰਹ ਵਿਚ ਪੈਂਦੀ ਹੈ। (ਜਿਵੇਂ ਵਰਖਾ ਦੀ ਬੂੰਦ ਪਪੀਹੇ ਦੇ ਮੂੰਹ ਵਿਚ ਪੈਂਦੀ ਹੈ ਤਾਂ ਉਹ ਬੂੰਦ ਉਸ ਦੀ ਪਿਆਸ ਦੂਰ ਕਰ ਦੇਂਦੀ ਹੈ, ਤਿਵੇਂ ਜਦੋਂ ਤੇਰਾ ਨਾਮ-ਬੂੰਦ ਮੇਰੇ) ਮੂੰਹ ਵਿਚ ਪੈਂਦੀ ਹੈ ਤਾਂ ਉਹ (ਮੇਰੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਦੂਰ ਕਰ ਦੇਂਦੀ ਹੈ। ਹੇ ਮੇਰੀ ਜਿੰਦ ਦੇ ਮਾਲਕ! ਹੇ ਮੇਰੇ ਹਿਰਦੇ ਦੇ ਸਾਈਂ! ਹੇ ਮੇਰੇ ਪ੍ਰਾਣਾਂ ਦੇ ਨਾਥ! ਹੇ ਪਿਆਰੇ! ਪਿਆਰ-ਭਰੇ ਕੌਤਕ ਕਰ ਕੇ ਤੂੰ ਸਾਰੀ ਸ੍ਰਿਸ਼ਟੀ ਵਿਚ (ਵੱਸ ਰਿਹਾ ਹੈਂ। ਹੇ ਪਿਆਰੇ! ਮੈਨੂੰ) ਮਿਲ, (ਤਾਕਿ) ਮੇਰੀ ਉੱਚੀ ਆਤਮਕ ਅਵਸਥਾ ਬਣ ਸਕੇ।

ਹੇ ਪ੍ਰਭੂ! ਜਿਵੇਂ ਚਕਵੀ ਆਸ ਬਣਾਈ ਰੱਖਦੀ ਹੈ ਕਿ ਦਿਨ ਚੜ੍ਹ ਰਿਹਾ ਹੈ, ਤਿਵੇਂ ਮੈਂ ਭੀ (ਤੇਰਾ ਮਿਲਾਪ ਹੀ) ਚਿਤਾਰਦੀ ਰਹਿੰਦੀ ਹਾਂ (ਤੇ, ਆਖਦੀ ਰਹਿੰਦੀ ਹਾਂ-) ਹੇ ਹਨੇਰੇ! (ਮਾਇਆ ਦੇ ਮੋਹ ਦੇ ਹਨੇਰੇ! ਮੇਰੇ ਅੰਦਰੋਂ) ਦੂਰ ਹੋ ਜਾ। ਨਾਨਕ ਬੇਨਤੀ ਕਰਦਾ ਹੈ-ਹੇ ਪਿਆਰੇ (ਮੈਨੂੰ ਆਪਣੇ) ਨਾਲ ਮਿਲਾ ਲੈ, (ਮੈਂ) ਮੱਛੀ ਨੂੰ (ਤੇਰਾ ਨਾਮ-) ਪਾਣੀ ਭੁੱਲ ਨਹੀਂ ਸਕਦਾ।੪।

ਧਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ ॥ ਸੋਹੇ ਬੰਕ ਦੁਆਰ ਸਗਲਾ ਬਨੁ ਹਰਾ ॥ ਹਰ ਹਰਾ ਸੁਆਮੀ ਸੁਖਹ ਗਾਮੀ ਅਨਦ ਮੰਗਲ ਰਸੁ ਘਣਾ ॥ ਨਵਲ ਨਵਤਨ ਨਾਹੁ ਬਾਲਾ ਕਵਨ ਰਸਨਾ ਗੁਨ ਭਣਾ ॥ ਮੇਰੀ ਸੇਜ ਸੋਹੀ ਦੇਖਿ ਮੋਹੀ ਸਗਲ ਸਹਸਾ ਦੁਖੁ ਹਰਾ ॥ ਨਾਨਕੁ ਪਇਅੰਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ॥੫॥੧॥੩॥ {ਪੰਨਾ 847}

ਪਦਅਰਥ: ਧਨਿ ਧੰਨਿ—{धन्य धन्य} ਬਹੁਤ ਚੰਗੇ, ਬਹੁਤ ਸਲਾਹਣਜੋਗ। ਘਰਿਘਰ ਵਿਚ। ਪਿਰੁਪ੍ਰਭੂਪਤੀ। ਸੋਹੇਸੋਹਣੇ ਬਣ ਗਏ ਹਨ। ਬੰਕਸੋਹਣੇ, ਬਾਂਕੇ। ਦੁਆਰ—(ਇਸ ਸਰੀਰਘਰ ਦੇ) ਦਰਵਾਜ਼ੇ, ਸਾਰੇ ਗਿਆਨਇੰਦ੍ਰੇ। ਬਨੁਜੰਗਲ, ਜੂਹ, ਹਿਰਦਾਜੂਹ। ਹਰਾਆਤਮਕ ਜੀਵਨ ਵਾਲਾ। ਹਰ ਹਰਾਹਰਾ ਹਰਾ, ਆਤਮਕ ਜੀਵਨ ਨਾਲ ਭਰਪੂਰ। ਸੁਖਹਗਾਮੀਸੁਖਾਂ ਤਕ ਅਪੜਾਣ ਵਾਲਾ। ਮੰਗਲਖ਼ੁਸ਼ੀ। ਰਸੁਸੁਆਦ, ਆਨੰਦ। ਘਣਾਬਹੁਤ। ਨਵਲਨਵਾਂ। ਨਵਤਨਨਵਾਂ, ਨਵੇਂ ਪਿਆਰ ਵਾਲਾ। ਨਾਹੁਨਾਥੁ, ਖਸਮਪ੍ਰਭੂ। ਰਸਨਾਜੀਭ ਨਾਲ। ਕਵਨ ਗੁਨਕਿਹੜੇ ਕਿਹੜੇ ਗੁਣ? ਭਣਾਭਣਾਂ, ਮੈਂ ਬਿਆਨ ਕਰਾਂ। ਸੇਜਹਿਰਦਾਸੇਜ। ਸੋਹੀਸਜ ਗਈ ਹੈ। ਦੇਖਿਵੇਖ ਕੇ। ਸਹਸਾਸਹਿਮ। ਹਰਾਦੂਰ ਕਰ ਦਿੱਤਾ ਹੈ। ਅਪਰੰਪਰਾਪਰੇ ਤੋਂ ਪਰੇ, ਬੇਅੰਤ।੫।

ਅਰਥ: ਹੇ ਸਹੇਲੀਏ! (ਮੇਰੇ ਹਿਰਦੇ-) ਘਰ ਵਿਚ ਮੇਰਾ (ਪ੍ਰਭੂ) ਪਤੀ ਆ ਵੱਸਿਆ ਹੈ, ਮੇਰੇ ਭਾਗ ਜਾਗ ਪਏ ਹਨ। (ਮੇਰੇ ਇਸ ਸਰੀਰ-ਘਰ ਦੇ) ਦਰਵਾਜ਼ੇ (ਸਾਰੇ ਗਿਆਨ-ਇੰਦ੍ਰੇ) ਸੋਹਣੇ ਬਣ ਗਏ ਹਨ (ਭਾਵ, ਹੁਣ ਇਹ ਗਿਆਨ-ਇੰਦ੍ਰੇ ਵਿਕਾਰਾਂ ਵਲ ਖਿੱਚ ਨਹੀਂ ਪਾਂਦੇ, ਮੇਰਾ) ਸਾਰਾ ਹਿਰਦੇ-ਜੂਹ ਆਤਮਕ ਜੀਵਨ ਵਾਲਾ ਹੋ ਗਿਆ ਹੈ।

ਹੇ ਸਹੇਲੀਏ! ਆਤਮਕ ਜੀਵਨ ਨਾਲ ਭਰਪੂਰ ਅਤੇ ਸੁਖਾਂ ਦੀ ਦਾਤਿ ਦੇਣ ਵਾਲਾ ਮਾਲਕ-ਪ੍ਰਭੂ (ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ, ਜਿਸ ਦਾ ਸਦਕਾ ਮੇਰੇ ਅੰਦਰ) ਆਨੰਦ ਬਣ ਗਏ ਹਨ, ਖ਼ੁਸ਼ੀਆਂ ਹੋ ਗਈਆਂ ਹਨ, ਬਹੁਤ ਸੁਆਦ ਬਣ ਗਿਆ ਹੈ। ਹੇ ਸਹੇਲੀਏ! ਮੇਰਾ ਖਸਮ-ਪ੍ਰਭੂ ਹਰ ਵੇਲੇ ਨਵਾਂ ਹੈ ਜੁਆਨ ਹੈ (ਭਾਵ, ਉਸ ਦਾ ਪਿਆਰ ਕਦੇ ਕਮਜ਼ੋਰ ਨਹੀਂ ਪੈਂਦਾ)ਮੈਂ (ਆਪਣੀ) ਜੀਭ ਨਾਲ (ਉਸ ਦੇ) ਕਿਹੜੇ ਕਿਹੜੇ ਗੁਣ ਦੱਸਾਂ?

ਨਾਨਕ ਬੇਨਤੀ ਕਰਦਾ ਹੈ-(ਹੇ ਸਹੇਲੀਏ! ਖਸਮ-ਪ੍ਰਭੂ ਦੇ ਮੇਰੇ ਹਿਰਦੇ ਵਿਚ ਆ ਵੱਸਣ ਨਾਲ) ਮੇਰੀ ਹਿਰਦਾ-ਸੇਜ ਸਜ ਗਈ ਹੈ, (ਉਸ ਪ੍ਰਭੂ-ਪਤੀ ਦਾ) ਦਰਸਨ ਕਰ ਕੇ ਮੈਂ ਮਸਤ ਹੋ ਰਹੀ ਹਾਂ (ਉਸ ਨੇ ਮੇਰੇ ਅੰਦਰੋਂ) ਹਰੇਕ ਸਹਿਮ ਤੇ ਦੁੱਖ ਦੂਰ ਕਰ ਦਿੱਤਾ ਹੈ। ਮੈਨੂੰ ਬੇਅੰਤ ਮਾਲਕ-ਪ੍ਰਭੂ ਮਿਲ ਪਿਆ ਹੈ, ਮੇਰੀ ਹਰੇਕ ਆਸ ਪੂਰੀ ਹੋ ਗਈ ਹੈ।੫।੩।

ਬਿਲਾਵਲੁ ਮਹਲਾ ੫ ਛੰਤ ਮੰਗਲ    ੴ ਸਤਿਗੁਰ ਪ੍ਰਸਾਦਿ ॥ ਸਲੋਕੁ ॥ਸੁੰਦਰ ਸਾਂਤਿ ਦਇਆਲ ਪ੍ਰਭ ਸਰਬ ਸੁਖਾ ਨਿਧਿ ਪੀਉ ॥ ਸੁਖ ਸਾਗਰ ਪ੍ਰਭ ਭੇਟਿਐ ਨਾਨਕ ਸੁਖੀ ਹੋਤ ਇਹੁ ਜੀਉ ॥੧॥ ਛੰਤ ॥ ਸੁਖ ਸਾਗਰ ਪ੍ਰਭੁ ਪਾਈਐ ਜਬ ਹੋਵੈ ਭਾਗੋ ਰਾਮ ॥ ਮਾਨਨਿ ਮਾਨੁ ਵਞਾਈਐ ਹਰਿ ਚਰਣੀ ਲਾਗੋ ਰਾਮ ॥ ਛੋਡਿ ਸਿਆਨਪ ਚਾਤੁਰੀ ਦੁਰਮਤਿ ਬੁਧਿ ਤਿਆਗੋ ਰਾਮ ॥ ਨਾਨਕ ਪਉ ਸਰਣਾਈ ਰਾਮ ਰਾਇ ਥਿਰੁ ਹੋਇ ਸੁਹਾਗੋ ਰਾਮ ॥੧॥ {ਪੰਨਾ 847-848}

ਪਦਅਰਥ: {ਦਇਆਲ—{ਦਇਆਆਲਯ} ਦਇਆ ਦਾ ਘਰ। ਸਰਬ ਸੁਖਾ ਨਿਧਿਸਾਰੇ ਸੁਖਾਂ ਦਾ ਖ਼ਜ਼ਾਨਾ। ਪੀਉਪ੍ਰਭੂਪਤੀ। ਸਾਗਰਸਮੁੰਦਰ। ਪ੍ਰਭ ਭੇਟਿਐਜੇ ਪ੍ਰਭੂ ਮਿਲ ਪਏ। ਜੀਉਜੀਊੜਾ, ਜਿੰਦ।੧।

ਛੰਤ। ਪਾਈਐਮਿਲਦਾ ਹੈ। ਭਾਗੋਭਾਗੁ, ਕਿਸਮਤ। ਮਾਨਨਿਹੇ ਮਾਣ ਵਾਲੀਏ! ਹੇ ਮਾਣਮੱਤੀ ਜੀਵਇਸਤ੍ਰੀਏ! ਵਞਾਈਐਦੂਰ ਕਰਨਾ ਚਾਹੀਦਾ ਹੈ। ਲਾਗੋਲਾਗੁ, ਲੱਗੀ ਰਹੁ। ਚਾਤੁਰੀਚਤੁਰਾਈ। ਦੁਰਮਤਿਖੋਟੀ ਮਤਿ। ਤਿਆਗੋਤਿਆਗ, ਦੂਰ ਕਰ। ਥਿਰੁਅਟੱਲ। ਸੁਹਾਗੋਸੁਹਾਗ, ਸਿਰ ਦਾ ਸਾਈਂ, ਖਸਮ।੧।

ਅਰਥ: ਸਲੋਕ-ਹੇ ਨਾਨਕ! ਪ੍ਰਭੂ-ਪਤੀ ਸੋਹਣਾ ਹੈ ਸ਼ਾਂਤੀ-ਰੂਪ ਹੈ, ਦਇਆ ਦਾ ਸੋਮਾ ਹੈ ਅਤੇ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ। ਜੇ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪਏ, ਤਾਂ ਇਹ ਜਿੰਦ ਸੁਖੀ ਹੋ ਜਾਂਦੀ ਹੈ।੧।

ਛੰਤ-ਹੇ ਮਾਣ ਮੱਤੀ ਜੀਵ-ਇਸਤ੍ਰੀਏ! ਜਦੋਂ (ਮੱਥੇ ਦਾ) ਭਾਗ ਜਾਗਦਾ ਹੈ ਤਦੋਂ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪੈਂਦਾ ਹੈ (ਪਰ ਉਸ ਨੂੰ ਮਿਲਣ ਲਈ ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਦੇਣਾ ਚਾਹੀਦਾ ਹੈ। ਹੇ ਜੀਵ-ਇਸਤ੍ਰੀ! (ਮਾਣ ਤਿਆਗ ਕੇ) ਪ੍ਰਭੂ ਦੇ ਚਰਨਾਂ ਵਿਚ ਜੁੜੀ ਰਹੁ, ਸਿਆਣਪ ਚਤੁਰਾਈ ਛੱਡ ਦੇਹ, ਖੋਟੀ ਮਤਿ-ਬੁਧਿ (ਆਪਣੇ ਅੰਦਰੋਂ) ਦੂਰ ਕਰ। ਹੇ ਨਾਨਕ! (ਆਖ-ਹੇ ਜੀਵ-ਇਸਤ੍ਰੀ!) ਪ੍ਰਭੂ-ਪਾਤਿਸ਼ਾਹ ਦੀ ਸਰਨ ਪਈ ਰਹੁ, (ਤਾਂ ਹੀ ਤੇਰੇ ਸਿਰ ਉੱਤੇ ਤੇਰੇ ਸਿਰ ਦਾ) ਖਸਮ ਸਦਾ ਲਈ ਟਿਕਿਆ ਰਹੇਗਾ।੧।

TOP OF PAGE

Sri Guru Granth Darpan, by Professor Sahib Singh