ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 846

ਸਾਹਾ ਅਟਲੁ ਗਣਿਆ ਪੂਰਨ ਸੰਜੋਗੋ ਰਾਮ ॥ ਸੁਖਹ ਸਮੂਹ ਭਇਆ ਗਇਆ ਵਿਜੋਗੋ ਰਾਮ ॥ ਮਿਲਿ ਸੰਤ ਆਏ ਪ੍ਰਭ ਧਿਆਏ ਬਣੇ ਅਚਰਜ ਜਾਞੀਆਂ ॥ ਮਿਲਿ ਇਕਤ੍ਰ ਹੋਏ ਸਹਜਿ ਢੋਏ ਮਨਿ ਪ੍ਰੀਤਿ ਉਪਜੀ ਮਾਞੀਆ ॥ ਮਿਲਿ ਜੋਤਿ ਜੋਤੀ ਓਤਿ ਪੋਤੀ ਹਰਿ ਨਾਮੁ ਸਭਿ ਰਸ ਭੋਗੋ ॥ ਬਿਨਵੰਤਿ ਨਾਨਕ ਸਭ ਸੰਤਿ ਮੇਲੀ ਪ੍ਰਭੁ ਕਰਣ ਕਾਰਣ ਜੋਗੋ ॥੩॥ {ਪੰਨਾ 846}

ਪਦਅਰਥ: ਸਾਹਾਵਿਆਹ ਦਾ ਮੁਹੂਰਤ। ਅਟਲੁਕਦੇ ਨਾਹ ਖੁੰਝਣ ਵਾਲਾ। ਪੂਰਨ ਸੰਜੋਗੋਪੂਰਨ ਪ੍ਰਭੂ ਦਾ ਮਿਲਾਪ। ਸੁਖਹ ਸਮੂਹਸੁਖਾਂ ਦਾ ਇਕੱਠ, ਸਾਰੇ ਸੁਖਾਂ ਦਾ ਮੇਲ। ਵਿਜੋਗੋਵਿਛੋੜਾ। ਮਿਲਿਮਿਲ ਕੇ। ਜਾਞੀਲਾੜੇ ਦੇ ਸਾਥੀ। ਇਕਤ੍ਰ—(ਸਤਸੰਗ ਵਿਚ) ਇਕੱਠੇ। ਸਹਜਿਆਤਮਕ ਅਡੋਲਤਾ ਵਿਚ। ਢੋਏਢੁਕੇ, ਜੰਞ ਬਣ ਕੇ ਲੜਕੀ ਵਾਲਿਆਂ ਦੇ ਘਰ ਪਹੁੰਚੇ। ਮਨਿਮਨ ਵਿਚ। ਮਾਞੀਆ ਮਨਿਲੜਕੀ ਦੇ ਸਨਬੰਧੀਆਂ ਦੇ ਮਨ ਵਿਚ, ਜਿੰਦ ਦੇ ਸਾਥੀਆਂ ਦੇ ਮਨ ਵਿਚ, ਗਿਆਨਇੰਦ੍ਰਿਆਂ ਦੇ ਅੰਦਰ। ਜੋਤਿਜੀਵ ਦੀ ਜਿੰਦ। ਜੋਤੀਪ੍ਰਭੂ ਦੀ ਜੋਤਿ। ਓਤਿ ਪੋਤੀਤਾਣੇ ਪੇਟੇ ਵਾਂਗ। ਸਭਿ ਰਸਸਾਰੇ ਸੁਆਦਲੇ ਪਦਾਰਥ। ਸੰਤਿਗੁਰੂਸੰਤ ਨੇ। ਸਭ—(ਸਰਨ ਪਈ) ਸਾਰੀ ਲੁਕਾਈ। ਕਰਣ ਕਾਰਣਸਾਰੇ ਜਗਤ ਦਾ ਮੂਲ। ਜੋਗੋਸਭ ਤਾਕਤਾਂ ਦਾ ਮਾਲਕ।੩।

ਅਰਥ: (ਕੁੜੀ ਮੁੰਡੇ ਦੇ ਵਿਆਹ ਦਾ ਮੁਹੂਰਤ ਮਿਥਿਆ ਜਾਂਦਾ ਹੈ। ਲਾੜੇ ਦੇ ਨਾਲ ਜਾਂਞੀ ਆਉਂਦੇ ਹਨ, ਲੜਕੀ ਵਾਲਿਆਂ ਦੇ ਘਰ ਢੁਕਦੇ ਹਨ, ਲੜਕੀ ਦੇ ਸਨ-ਬੰਧੀਆਂ ਦੇ ਮਨ ਵਿਚ ਉਸ ਵੇਲੇ ਖ਼ੁਸ਼ੀ ਹੁੰਦੀ ਹੈ। ਜਾਂਞੀਆਂ ਨੂੰ ਉਹ ਕਈ ਸੁਆਦਲੇ ਭੋਜਨ ਖੁਆਂਦੇ ਹਨ। ਪਾਂਧਾ ਲਾਵਾਂ ਪੜ੍ਹ ਕੇ ਲੜਕੇ ਲੜਕੀ ਦਾ ਮੇਲ ਕਰ ਦੇਂਦਾ ਹੈ)(ਇਸੇ ਤਰ੍ਹਾਂ ਸਾਧ ਸੰਗਤਿ ਦੀ ਬਰਕਤ ਨਾਲ ਜੀਵ-ਇਸਤ੍ਰੀ ਅਤੇ ਪ੍ਰਭੂ-ਪਤੀ ਦੇ ਮਿਲਾਪ ਦਾ) ਕਦੇ ਨਾਹ ਖੁੰਝਣ ਵਾਲਾ ਮੁਹੂਰਤ ਸੋਧਿਆ ਜਾਂਦਾ ਹੈ। (ਸਾਧ ਸੰਗਤਿ ਦੀ ਕਿਰਪਾ ਨਾਲ ਜੀਵ-ਇਸਤ੍ਰੀ ਦਾ) ਪੂਰਨ ਪਰਮਾਤਮਾ ਨਾਲ ਮਿਲਾਪ (ਵਿਆਹ) ਹੋ ਜਾਂਦਾ ਹੈ, (ਜੀਵ-ਇਸਤ੍ਰੀ ਦੇ ਹਿਰਦੇ ਵਿਚ) ਸਾਰੇ ਸੁਖ ਆ ਵੱਸਦੇ ਹਨ (ਪ੍ਰਭੂ-ਪਤੀ ਨਾਲੋਂ ਉਸਦਾ) ਵਿਛੋੜਾ ਮੁੱਕ ਜਾਂਦਾ ਹੈ।

ਸੰਤ ਜਨ ਮਿਲ ਕੇ (ਸਾਧ ਸੰਗਤਿ ਵਿਚ) ਆਉਂਦੇ ਹਨ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ (ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨਾਲ ਮਿਲਾਣ ਵਾਸਤੇ ਇਹ ਸਤਸੰਗੀ) ਅਸਚਰਜ ਜਾਂਞੀ ਬਣ ਜਾਂਦੇ ਹਨ। (ਸੰਤ ਜਨ) ਮਿਲ ਕੇ (ਸਾਧ ਸੰਗਤਿ ਵਿਚ) ਇਕੱਠੇ ਹੁੰਦੇ ਹਨ, ਆਤਮਕ ਅਡੋਲਤਾ ਵਿਚ (ਟਿਕਦੇ ਹਨ, ਮਾਨੋ, ਲੜਕੀ ਵਾਲਿਆਂ ਦੇ ਘਰ) ਢੁਕਾਉ ਹੋ ਰਿਹਾ ਹੈ, (ਜਿਵੇਂ,) ਲੜਕੀ ਦੇ ਸਨਬੰਧੀਆਂ ਦੇ ਮਨ ਵਿਚ ਚਾਉ ਪੈਦਾ ਹੁੰਦਾ ਹੈ (ਤਿਵੇਂ, ਜਿੰਦ ਦੇ ਸਾਥੀਆਂ ਦੇ ਮਨ ਵਿਚ, ਸਾਰੇ ਗਿਆਨ-ਇੰਦ੍ਰਿਆਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ)(ਸਾਧ ਸੰਗਤਿ ਦੇ ਪਰਤਾਪ ਨਾਲ ਜੀਵ-ਇਸਤ੍ਰੀ ਦੀ) ਜਿੰਦ ਪ੍ਰਭੂ ਦੀ ਜੋਤਿ ਵਿਚ ਮਿਲ ਕੇ ਤਾਣੇ-ਪੇਟੇ ਵਾਂਗ ਇਕ-ਮਿਕ ਹੋ ਜਾਂਦੀ ਹੈ (ਜਿਵੇਂ ਜਾਂਞੀਆਂ ਮਾਂਞੀਆਂ ਨੂੰ) ਸਾਰੇ ਸੁਆਦਲੇ ਭੋਜਨ ਛਕਾਏ ਜਾਂਦੇ ਹਨ, (ਤਿਵੇਂ ਜੀਵ-ਇਸਤ੍ਰੀ ਨੂੰ) ਪਰਮਾਤਮਾ ਦਾ ਨਾਮ-ਭੋਜਨ ਪ੍ਰਾਪਤ ਹੁੰਦਾ ਹੈ।

ਨਾਨਕ ਬੇਨਤੀ ਕਰਦਾ ਹੈ-(ਇਹ ਸਾਰੀ ਗੁਰੂ ਦੀ ਹੀ ਮਿਹਰ ਹੈ) ਗੁਰੂ-ਸੰਤ ਨੇ (ਸਰਨ ਪਈ) ਸਾਰੀ ਲੁਕਾਈ ਨੂੰ ਸਾਰੇ ਜਗਤ ਦਾ ਮੂਲ ਸਭਨਾਂ ਤਾਕਤਾਂ ਦਾ ਮਾਲਕ ਪਰਮਾਤਮਾ ਮਿਲਾਇਆ ਹੈ।੩।

ਭਵਨੁ ਸੁਹਾਵੜਾ ਧਰਤਿ ਸਭਾਗੀ ਰਾਮ ॥ ਪ੍ਰਭੁ ਘਰਿ ਆਇਅੜਾ ਗੁਰ ਚਰਣੀ ਲਾਗੀ ਰਾਮ ॥ ਗੁਰ ਚਰਣ ਲਾਗੀ ਸਹਜਿ ਜਾਗੀ ਸਗਲ ਇਛਾ ਪੁੰਨੀਆ ॥ ਮੇਰੀ ਆਸ ਪੂਰੀ ਸੰਤ ਧੂਰੀ ਹਰਿ ਮਿਲੇ ਕੰਤ ਵਿਛੁੰਨਿਆ ॥ ਆਨੰਦ ਅਨਦਿਨੁ ਵਜਹਿ ਵਾਜੇ ਅਹੰ ਮਤਿ ਮਨ ਕੀ ਤਿਆਗੀ ॥ ਬਿਨਵੰਤਿ ਨਾਨਕ ਸਰਣਿ ਸੁਆਮੀ ਸੰਤਸੰਗਿ ਲਿਵ ਲਾਗੀ ॥੪॥੧॥ {ਪੰਨਾ 846}

ਪਦਅਰਥ: ਭਵਨੁਘਰ, ਸਰੀਰ। ਸੁਹਾਵੜਾਸੋਹਣਾ। ਧਰਤਿਹਿਰਦਾ। ਸਭਾਗੀਭਾਗਾਂ ਵਾਲੀ (ਹਿਰਦਾਧਰਤੀ)ਘਰਿ—(ਹਿਰਦੇ-) ਘਰ ਵਿਚ। ਆਇਅੜਾਆ ਗਿਆ, ਪਰਗਟ ਹੋਇਆ। ਸਹਜਿਆਤਮਕ ਅਡੋਲਤਾ ਵਿਚ। ਜਾਗੀ—(ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਹੋ ਗਈ। ਮੇਰੀ ਆਸਮਮਤਾ ਵਧਾਣ ਵਾਲੀ ਆਸ। ਵਿਛੁੰਨਿਆਵਿਛੁੜਿਆ ਹੋਇਆ। ਅਨਦਿਨੁ—{अनुदिनं} ਹਰ ਰੋਜ਼, ਹਰ ਵੇਲੇ। ਵਜਹਿਵੱਜਦੇ ਹਨ। ਆਨੰਦ ਵਾਜੇਆਨੰਦਰੂਪ ਵਾਜੇ। {ਨੋਟ:ਜਦੋਂ ਕਿਤੇ ਵਾਜੇ ਵੱਜ ਰਹੇ ਹੋਣ, ਤਾਂ ਕੋਲਖਲੋਤੇ ਬੰਦੇ ਇਕ ਦੂਜੇ ਦੀ ਗੱਲ ਸੁਣ ਨਹੀਂ ਸਕਦੇ, ਕਿਉਂਕਿ ਵੱਜਦੇ ਵਾਜਿਆਂ ਦਾ ਸ਼ੋਰ ਬਹੁਤ ਪ੍ਰਬਲ ਹੁੰਦਾ ਹੈ। ਜਿਸ ਹਿਰਦੇ ਵਿਚ ਆਤਮਕ ਆਨੰਦ ਬਹੁਤ ਪ੍ਰਬਲ ਹੋ ਜਾਏ, ਉਥੇ 'ਹਉਮੈ' ਆਦਿਕ ਦੀ ਪ੍ਰੇਰਨਾ ਸੁਣੀ ਨਹੀਂ ਜਾ ਸਕਦੀ}ਸੰਤ ਸੰਗਿਗੁਰੂ ਦੀ ਸੰਗਤਿ ਵਿਚ।੪।

ਅਰਥ: (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਚਰਨੀਂ ਲੱਗਦੀ ਹੈ, ਉਸ ਦੇ (ਹਿਰਦੇ-) ਘਰ ਵਿਚ ਪ੍ਰਭੂ-ਪਤੀ ਆ ਬੈਠਦਾ ਹੈ, ਉਸ ਦਾ (ਸਰੀਰ-) ਭਵਨ ਸੋਹਣਾ ਹੋ ਜਾਂਦਾ ਹੈ, ਉਸ ਦੀ (ਹਿਰਦਾ-) ਧਰਤੀ ਭਾਗਾਂ ਵਾਲੀ ਬਣ ਜਾਂਦੀ ਹੈ। (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਚਰਨੀਂ ਲੱਗਦੀ ਹੈ, ਉਹ ਆਤਮਕ ਅਡੋਲਤਾ ਵਿਚ (ਟਿਕ ਕੇ ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੀ ਹੈ, ਉਸ ਦੀਆਂ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ। ਸਾਧ ਸੰਗਤਿ ਦੀ ਚਰਨ-ਧੂੜ ਦੇ ਪਰਤਾਪ ਨਾਲ (ਉਸ ਦੇ ਅੰਦਰੋਂ) ਮਮਤਾ ਵਧਾਣ ਵਾਲੀ ਆਸ ਖ਼ਤਮ ਹੋ ਜਾਂਦੀ ਹੈ, ਉਸ ਨੂੰ ਚਿਰਾਂ ਦੇ ਵਿਛੁੜੇ ਹੋਏ ਪ੍ਰਭੂ-ਕੰਤ ਜੀ ਮਿਲ ਪੈਂਦੇ ਹਨ।

ਨਾਨਕ ਬੇਨਤੀ ਕਰਦਾ ਹੈ-(ਗੁਰੂ ਦੀ ਚਰਨੀਂ ਲੱਗੀ ਹੋਈ ਜੀਵ-ਇਸਤ੍ਰੀ ਦੇ ਅੰਦਰ) ਹਰ ਵੇਲੇ ਆਤਮਕ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ (ਜਿਸ ਦਾ ਸਦਕਾ ਉਹ ਆਪਣੇ) ਮਨ ਦੀ ਹਉਮੈ ਵਾਲੀ ਮਤਿ ਤਿਆਗ ਦੇਂਦੀ ਹੈ ਸਾਧ ਸੰਗਤਿ ਵਿਚ ਰਹਿ ਕੇ ਉਸ ਦੀ ਸੁਰਤਿ ਮਾਲਕ-ਪ੍ਰਭੂ ਵਿਚ ਲੱਗੀ ਰਹਿੰਦੀ ਹੈ, ਉਹ ਜੀਵ-ਇਸਤ੍ਰੀ ਮਾਲਕ-ਪ੍ਰਭੂ ਦੀ ਸਰਨ ਪਈ ਰਹਿੰਦੀ ਹੈ।੪।੧।

ਬਿਲਾਵਲੁ ਮਹਲਾ ੫ ॥ ਭਾਗ ਸੁਲਖਣਾ ਹਰਿ ਕੰਤੁ ਹਮਾਰਾ ਰਾਮ ॥ ਅਨਹਦ ਬਾਜਿਤ੍ਰਾ ਤਿਸੁ ਧੁਨਿ ਦਰਬਾਰਾ ਰਾਮ ॥ ਆਨੰਦ ਅਨਦਿਨੁ ਵਜਹਿ ਵਾਜੇ ਦਿਨਸੁ ਰੈਣਿ ਉਮਾਹਾ ॥ ਤਹ ਰੋਗ ਸੋਗ ਨ ਦੂਖੁ ਬਿਆਪੈ ਜਨਮ ਮਰਣੁ ਨ ਤਾਹਾ ॥ ਰਿਧਿ ਸਿਧਿ ਸੁਧਾ ਰਸੁ ਅੰਮ੍ਰਿਤੁ ਭਗਤਿ ਭਰੇ ਭੰਡਾਰਾ ॥ ਬਿਨਵੰਤਿ ਨਾਨਕ ਬਲਿਹਾਰਿ ਵੰਞਾ ਪਾਰਬ੍ਰਹਮ ਪ੍ਰਾਨ ਅਧਾਰਾ ॥੧॥ {ਪੰਨਾ 846}

ਪਦਅਰਥ: ਸੁਲਖਣਾਸੋਹਣੇ ਲੱਛਣਾਂ ਵਾਲੇ। ਭਾਗ ਸੁਲਖਣਾਸੋਹਣੇ ਲੱਛਣਾਂ ਵਾਲੇ ਭਾਗ, ਚੰਗੇ ਭਾਗ। ਬਾਜਿਤ੍ਰਾवादित्रं {a musical instrument} ਵਾਜਾ। ਤਿਸੁ ਦਰਬਾਰਾਉਸ (ਕੰਤਪ੍ਰਭੂ) ਦੇ ਦਰਬਾਰ ਵਿਚ। ਅਨਾਹਦ—{अनाहत = Not produced by beating, ਬਿਨਾ ਵਜਾਏ ਵੱਜ ਰਹੇ} ਇਕ-ਰਸ। ਅਨਦਿਨੁਹਰ ਰੋਜ਼, ਹਰ ਵੇਲੇ। ਵਜਹਿਵੱਜਦੇ ਹਨ। ਰੈਣਿਰਾਤ। ਉਮਾਹਾਉਤਸ਼ਾਹ, ਚਾਉ। ਤਹ—'ਤਿਸੁ ਦਰਬਾਰ', ਉਥੇ, ਉਸ ਪ੍ਰਭੂ ਦੇ ਦਰਬਾਰ ਵਿਚ। ਬਿਆਪੈਜ਼ੋਰ ਪਾ ਸਕਦਾ। ਤਾਹਾਉਸ ਨੂੰ। ਰਿਧਿ ਸਿਧਿਰਿੱਧੀਆਂ ਸਿੱਧੀਆਂ, ਕਰਾਮਾਤੀ ਤਾਕਤਾਂ। ਸੁਧਾਅੰਮ੍ਰਿਤ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ। ਵੰਞਾਵੰਞਾਂ। ਬਲਿਹਾਰਿ ਵੰਞਾਮੈਂ ਸਦਕੇ ਜਾਂਦਾ ਹਾਂ। ਪ੍ਰਾਣ ਅਧਾਰਾਜਿੰਦ ਦਾ ਆਸਰਾ।੧।

ਅਰਥ: ਹੇ ਸਹੇਲੀਏ! ਸਾਡਾ ਕੰਤ-ਪ੍ਰਭੂ ਸੋਹਣੇ ਲੱਛਣਾਂ ਵਾਲੇ ਭਾਗਾਂ ਵਾਲਾ ਹੈ, ਉਸ (ਕੰਤ) ਦੇ ਦਰਬਾਰ ਵਿਚ ਇਕ-ਰਸ (ਵੱਸ ਰਹੇ) ਵਾਜਿਆਂ ਦੀ ਧੁਨ ਉਠ ਰਹੀ ਹੈ।

ਹੇ ਸਹੇਲੀਏ! (ਉਸ ਕੰਤ ਦੇ ਦਰਬਾਰ ਵਿਚ ਸਦਾ) ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ, ਦਿਨ ਰਾਤ (ਉਥੇ) ਚਾਉ (ਬਣਿਆ ਰਹਿੰਦਾ ਹੈ)ਉਥੇ ਰੋਗ ਨਹੀਂ ਹਨ, ਉਥੇ ਚਿੰਤਾ-ਫ਼ਿਕਰ ਨਹੀਂ ਹਨ, ਉਥੇ (ਕੋਈ) ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ, ਉਸ (ਕੰਤ) ਨੂੰ ਜਨਮ ਮਰਨ ਦਾ ਗੇੜ ਨਹੀਂ ਹੈ।

ਹੇ ਸਹੇਲੀਏ! (ਉਸ ਕੰਤ-ਪ੍ਰਭੂ ਦੇ ਦਰਬਾਰ ਵਿਚ) ਰਿੱਧੀਆਂ ਹਨ ਸਿੱਧੀਆਂ ਹਨ, ਆਤਮਕ ਜੀਵਨ ਦੇਣ ਵਾਲਾ ਨਾਮ ਰਸ ਹੈ, ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ। ਨਾਨਕ ਬੇਨਤੀ ਕਰਦਾ ਹੈ-(ਸਭ ਜੀਵਾਂ ਦੀ) ਜ਼ਿੰਦਗੀ ਦੇ ਆਸਰੇ ਉਸ ਪਾਰਬ੍ਰਹਮ ਤੋਂ ਮੈਂ ਸਦਕੇ ਜਾਂਦਾ ਹਾਂ।੧।

ਸੁਣਿ ਸਖੀਅ ਸਹੇਲੜੀਹੋ ਮਿਲਿ ਮੰਗਲੁ ਗਾਵਹ ਰਾਮ ॥ ਮਨਿ ਤਨਿ ਪ੍ਰੇਮੁ ਕਰੇ ਤਿਸੁ ਪ੍ਰਭ ਕਉ ਰਾਵਹ ਰਾਮ ॥ ਕਰਿ ਪ੍ਰੇਮੁ ਰਾਵਹ ਤਿਸੈ ਭਾਵਹ ਇਕ ਨਿਮਖ ਪਲਕ ਨ ਤਿਆਗੀਐ ॥ ਗਹਿ ਕੰਠਿ ਲਾਈਐ ਨਹ ਲਜਾਈਐ ਚਰਨ ਰਜ ਮਨੁ ਪਾਗੀਐ ॥ ਭਗਤਿ ਠਗਉਰੀ ਪਾਇ ਮੋਹਹ ਅਨਤ ਕਤਹੂ ਨ ਧਾਵਹ ॥ ਬਿਨਵੰਤਿ ਨਾਨਕ ਮਿਲਿ ਸੰਗਿ ਸਾਜਨ ਅਮਰ ਪਦਵੀ ਪਾਵਹ ॥੨॥ {ਪੰਨਾ 846}

ਪਦਅਰਥ: ਸਖੀਅਹੇ ਸਖੀਓ! ਮਿਲਿਮਿਲ ਕੇ। ਮੰਗਲੁਸਿਫ਼ਤਿ-ਸਾਲਾਹ ਦਾ ਗੀਤ। ਗਾਵਹਆਓ ਅਸੀ ਗਾਵੀਏ। ਮਨਿਮਨ ਵਿਚ। ਤਨਿਤਨ ਵਿਚ, ਹਿਰਦੇ ਵਿਚ। ਕਰੇਕਰਿ, ਕਰ ਕੇ। ਕਉਨੂੰ। ਰਾਵਹਆਓ ਸਿਮਰੀਏ। ਤਿਸੈ ਭਾਵਹਉਸ (ਕੰਤਪ੍ਰਭੂ ਨੂੰ) ਚੰਗੀਆਂ ਲੱਗੀਏ। ਨਿਮਖ—{निमेष} ਅੱਖ ਝਮਕਣ ਜਿਤਨਾ ਸਮਾ। ਨ ਤਿਆਗੀਐਤਿਆਗਣਾ ਨਹੀਂ ਚਾਹੀਦਾ। ਗਹਿਫੜ ਕੇ। ਕੰਠਿਗਲ ਨਾਲ। ਲਾਈਐਲਾ ਲੈਣਾ ਚਾਹੀਦਾ ਹੈ। ਨਹ ਲਜਾਈਐਸ਼ਰਮ ਨਹੀਂ ਕਰਨੀ ਚਾਹੀਦੀ। ਰਜਧੂੜ। ਪਾਗੀਐਲੇਪ ਲੈਣਾ ਚਾਹੀਦਾ ਹੈ। ਠਗਉਰੀਠਗਮੂਰੀ, ਠਗਬੂਟੀ। ਮੋਹਹਆਓ ਅਸੀ ਮੋਹ ਲਈਏ। ਅਨਤ—{अन्यत्र} ਕਿਸੇ ਹੋਰ ਥਾਂ। ਨ ਧਾਵਹਅਸੀ ਨਾਹ ਦੌੜੀਏ। ਅਮਰ ਪਦਵੀਉਹ ਆਤਮਕ ਦਰਜਾ ਜਿਸ ਨੂੰ ਕਦੇ ਮੌਤ ਨਹੀਂ ਆਉਂਦੀ। ਪਾਵਹਅਸੀ ਹਾਸਲ ਕਰੀਏ।੨।

ਅਰਥ: ਹੇ ਸਖੀਓ! ਹੇ ਸਹੇਲੀਓ! ਸੁਣੋ, ਆਓ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵੀਏ। ਹੇ ਸਹੇਲੀਓ! ਮਨ ਵਿਚ ਹਿਰਦੇ ਵਿਚ ਪਿਆਰ ਪੈਦਾ ਕਰ ਕੇ ਉਸ ਪ੍ਰਭੂ ਨੂੰ ਸਿਮਰੀਏ। (ਹਿਰਦੇ ਵਿਚ) ਪ੍ਰੇਮ ਕਰ ਕੇ (ਉਸ ਨੂੰ) ਸਿਮਰੀਏ, ਤੇ, ਉਸ ਨੂੰ ਪਿਆਰੀਆਂ ਲੱਗੀਏ। ਹੇ ਸਹੇਲੀਓ! (ਉਸ ਕੰਤ-ਪ੍ਰਭੂ ਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਵਿਸਾਰਨਾ ਨਹੀਂ ਚਾਹੀਦਾ, ਉਸ ਨੂੰ ਫੜ ਕੇ ਗਲ ਨਾਲ ਲਾ ਲੈਣਾ ਚਾਹੀਦਾ ਹੈ (ਉਸ ਦਾ ਨਾਮ ਸੁਰਤਿ ਜੋੜ ਕੇ ਗਲੇ ਵਿਚ ਪ੍ਰੋ ਲੈਣਾ ਚਾਹੀਦਾ ਹੈ, ਇਸ ਕੰਮ ਤੋਂ) ਸ਼ਰਮ ਨਹੀਂ ਕਰਨੀ ਚਾਹੀਦੀ, (ਉਸ ਦੇ) ਚਰਨਾਂ ਦੀ ਧੂੜ ਨਾਲ (ਆਪਣਾ ਇਹ) ਮਨ ਰੰਗ ਲੈਣਾ ਚਾਹੀਦਾ ਹੈ।

ਨਾਨਕ ਬੇਨਤੀ ਕਰਦਾ ਹੈ-ਹੇ ਸਹੇਲੀਓ! ਭਗਤੀ ਦੀ ਠਗਬੂਟੀ ਵਰਤ ਕੇ, ਆਓ ਉਸ ਕੰਤ-ਪ੍ਰਭੂ ਨੂੰ ਵੱਸ ਵਿਚ ਕਰ ਲਈਏ, ਤੇ, ਹੋਰ ਹੋਰ ਪਾਸੇ ਨਾਹ ਭਟਕਦੀਆਂ ਫਿਰੀਏ। ਉਸ ਸੱਜਣ ਪ੍ਰਭੂ ਨੂੰ ਮਿਲ ਕੇ ਉਹ ਦਰਜਾ ਹਾਸਲ ਕਰ ਲਈਏ, ਜਿੱਥੇ ਆਤਮਕ ਮੌਤ ਕਦੇ ਭੀ ਪੋਹ ਨਹੀਂ ਸਕਦੀ।੨।

ਬਿਸਮਨ ਬਿਸਮ ਭਈ ਪੇਖਿ ਗੁਣ ਅਬਿਨਾਸੀ ਰਾਮ ॥ ਕਰੁ ਗਹਿ ਭੁਜਾ ਗਹੀ ਕਟਿ ਜਮ ਕੀ ਫਾਸੀ ਰਾਮ ॥ ਗਹਿ ਭੁਜਾ ਲੀਨ੍ਹ੍ਹੀ ਦਾਸਿ ਕੀਨ੍ਹ੍ਹੀ ਅੰਕੁਰਿ ਉਦੋਤੁ ਜਣਾਇਆ ॥ ਮਲਨ ਮੋਹ ਬਿਕਾਰ ਨਾਠੇ ਦਿਵਸ ਨਿਰਮਲ ਆਇਆ ॥ ਦ੍ਰਿਸਟਿ ਧਾਰੀ ਮਨਿ ਪਿਆਰੀ ਮਹਾ ਦੁਰਮਤਿ ਨਾਸੀ ॥ ਬਿਨਵੰਤਿ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਬਿਨਾਸੀ ॥੩॥ {ਪੰਨਾ 846}

ਪਦਅਰਥ: ਬਿਸਮਹੈਰਾਨ। ਬਿਸਮਨ ਬਿਸਮਬਹੁਤ ਹੀ ਹੈਰਾਨ। ਪੇਖਿਵੇਖ ਕੇ। ਅਬਿਨਾਸੀਨਾਸਰਹਿਤ। ਕਰੁਹੱਥ। ਗਹਿਫੜ ਕੇ। ਭੁਜਾਬਾਂਹ। ਕਟਿਕੱਟ ਕੇ। ਗਹਿ ਲੀਨ੍ਹ੍ਹੀਫੜ ਲਈ ਹੈ। ਦਾਸਿਦਾਸੀ। ਅੰਕੁਰਿਅੰਕੁਰ ਦੇ ਕਾਰਨ, (ਭਾਗਾਂ ਦੇ ਫੁਟਰਹੇ) ਅੰਗੂਰ ਦੇ ਕਾਰਨ। ਉਦੋਤੁ—(ਆਤਮਕ ਜੀਵਨ ਦਾ) ਪਰਕਾਸ਼। ਜਣਾਇਆਜਣਾ ਦਿੱਤਾ ਹੈ, ਵਿਖਾ ਦਿੱਤਾ ਹੈ। ਮਲਨਮੈਲੇ, ਭੈੜੇ। ਨਾਠੇਨੱਸ ਗਏ ਹਨ। ਨਿਰਮਲਪਵਿੱਤਰ। ਦ੍ਰਿਸਟਿਮਿਹਰ ਦੀ ਨਿਗਾਹ। ਮਨਿਮਨ ਵਿਚ। ਦੁਰਮਤਿਖੋਟੀ ਮਤਿ।੩।

ਅਰਥ: ਹੇ ਸਹੇਲੀਓ! ਅਬਿਨਾਸੀ ਕੰਤ-ਪ੍ਰਭੂ ਦੇ ਗੁਣ (ਉਪਕਾਰ) ਵੇਖ ਵੇਖ ਕੇ ਮੈਂ ਤਾਂ ਹੈਰਾਨ ਹੀ ਹੋ ਗਈ ਹਾਂ। (ਉਸ ਨੇ ਮੇਰਾ) ਹੱਥ ਫੜ ਕੇ, (ਮੇਰੀ) ਜਮਾਂ ਵਾਲੀ ਫਾਹੀ ਕੱਟ ਕੇ, ਮੇਰੀ ਬਾਂਹ ਫੜ ਲਈ ਹੈ। ਉਸ ਨੇ ਮੇਰੀ ਬਾਂਹ ਘੁੱਟ ਕੇ ਫੜ ਲਈ ਹੈ, ਮੈਨੂੰ (ਆਪਣੀ) ਦਾਸੀ ਬਣਾ ਲਿਆ ਹੈ, (ਮੇਰੇ ਭਾਗਾਂ ਦੇ ਫੁੱਟ-ਰਹੇ) ਅੰਗੂਰ ਦੇ ਕਾਰਨ, (ਉਸ ਨੇ ਮੇਰੇ ਅੰਦਰ ਆਤਮਕ ਜੀਵਨ ਦਾ) ਪਰਕਾਸ਼ ਕਰ ਦਿੱਤਾ ਹੈ। ਮੋਹ ਆਦਿਕ ਭੈੜੈ ਵਿਕਾਰ (ਮੇਰੇ ਅੰਦਰੋਂ) ਨੱਸ ਗਏ ਹਨ, (ਮੇਰੀ ਜ਼ਿੰਦਗੀ ਦੇ) ਪਵਿੱਤਰ ਦਿਨ ਆ ਗਏ ਹਨ।

ਨਾਨਕ ਬੇਨਤੀ ਕਰਦਾ ਹੈ-(ਹੇ ਸਹੇਲੀਓ! ਉਸ ਕੰਤ ਪ੍ਰਭੂ ਨੇ ਮੇਰੇ ਉਤੇ ਪਿਆਰ ਭਰੀ) ਨਿਗਾਹ ਕੀਤੀ (ਜਿਹੜੀ ਮੇਰੇ) ਮਨ ਵਿਚ ਪਿਆਰੀ ਲੱਗੀ ਹੈ, (ਉਸ ਦੇ ਪਰਤਾਪ ਨਾਲ ਮੇਰੇ ਅੰਦਰੋਂ) ਬਹੁਤ ਹੀ ਖੋਟੀ ਮਤਿ ਨਾਸ ਹੋ ਗਈ ਹੈ, ਅਬਿਨਾਸੀ ਪ੍ਰਭੂ ਜੀ (ਮੈਨੂੰ ਮਿਲ ਪਏ ਹਨ, ਮੈਂ ਪਵਿੱਤਰ ਜੀਵਨ ਵਾਲੀ ਹੋ ਗਈ ਹਾਂ)੩।

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥ ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ ॥ ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ ॥ ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ ॥ ਬਿਨਵੰਤਿ ਨਾਨਕ ਸੇਈ ਜਾਣਹਿ ਜਿਨ੍ਹ੍ਹੀ ਹਰਿ ਰਸੁ ਪੀਆ ॥੪॥੨॥ {ਪੰਨਾ 846}

ਪਦਅਰਥ: ਮਿਲੇਮਿਲਿ, ਮਿਲ ਕੇ। ਸੂਰਜ ਕਿਰਣਿ ਮਿਲੇਸੂਰਜ ਦੀ ਕਿਰਣ ਨਾਲ ਮਿਲ ਕੇ। ਸੰਪੂਰਨੁ ਥੀਆਸਾਰੇ ਗੁਣਾਂ ਦੇ ਮਾਲਕ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਦੀਸੈਦਿੱਸਦਾ ਹੈ (ਹਰ ਪਾਸੇ)ਸੁਣੀਐ—(ਹਰੇਕ ਵਿਚ ਬੋਲਦਾ) ਉਸ ਨੂੰ ਸੁਣਿਆ ਜਾਂਦਾ ਹੈ। ਵਖਾਣੀਐਜ਼ਿਕਰ ਹੋ ਰਿਹਾ ਹੁੰਦਾ ਹੈ। ਪਸਾਰਾਖਿਲਾਰਾ, ਪਰਕਾਸ਼। ਕਾਰਣੁ ਕੀਆ—(ਜਗਤ ਦਾ) ਮੁੱਢ ਬੱਧਾ। ਸੇਈਉਹੀ ਬੰਦੇ। ਜਾਣਹਿਜਾਣਦੇ ਹਨ।੪।

ਅਰਥ: ਹੇ ਭਾਈ! (ਜਿਵੇਂ) ਸੂਰਜ ਦੀ ਕਿਰਣ ਨਾਲ ਮਿਲ ਕੇ (ਬਰਫ਼ ਤੋਂ) ਪਾਣੀ ਦਾ ਪਾਣੀ ਬਣ ਜਾਂਦਾ ਹੈ (ਸੂਰਜ ਦੇ ਨਿੱਘ ਨਾਲ ਬਰਫ਼-ਬਣੇ ਪਾਣੀ ਦੀ ਕਠੋਰਤਾ ਖ਼ਤਮ ਹੋ ਜਾਂਦੀ ਹੈ), (ਤਿਵੇਂ ਸਿਫ਼ਤਿ-ਸਾਲਾਹ ਦੀ ਬਰਕਤ ਨਾਲ ਜੀਵ ਦੇ ਅੰਦਰੋਂ ਰੁੱਖਾ-ਪਨ ਮੁੱਕ ਕੇ ਜੀਵ ਦੀ) ਜਿੰਦ ਪਰਮਾਤਮਾ ਦੀ ਜੋਤਿ ਨਾਲ ਇਕ-ਮਿਕ ਹੋ ਜਾਂਦੀ ਹੈ, ਜੀਵ ਸਾਰੇ ਗੁਣਾਂ ਦੇ ਮਾਲਕ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। (ਤਦੋਂ ਉਸ ਨੂੰ ਹਰ ਥਾਂ) ਪਰਮਾਤਮਾ ਹੀ (ਵੱਸਦਾ) ਨਜ਼ਰੀਂ ਆਉਂਦਾ ਹੈ, (ਹਰੇਕ ਵਿਚ) ਪਰਮਾਤਮਾ ਹੀ (ਬੋਲਦਾ ਉਸ ਨੂੰ) ਸੁਣੀਦਾ ਹੈ (ਉਸ ਨੂੰ ਇਉਂ ਜਾਪਦਾ ਹੈ ਕਿ ਹਰ ਥਾਂ) ਇਕ ਪਰਮਾਤਮਾ ਦਾ ਹੀ ਜ਼ਿਕਰ ਹੋ ਰਿਹਾ ਹੈ। (ਉਸ ਨੂੰ ਹਰ ਥਾਂ) ਸਿਰਜਣਹਾਰ ਦੀ ਆਤਮਾ ਦਾ ਹੀ ਖਿਲਾਰਾ ਦਿੱਸਦਾ ਹੈ, ਪ੍ਰਭੂ ਤੋਂ ਬਿਨਾ ਉਹ ਕਿਸੇ ਹੋਰ ਨੂੰ ਕਿਤੇ ਨਹੀਂ ਪਛਾਣਦਾ (ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਆਪ (ਹੀ ਸਭ ਨੂੰ) ਪੈਦਾ ਕਰਨ ਵਾਲਾ ਹੈ, (ਜੀਵਾਂ ਵਿਚ ਵਿਆਪਕ ਹੋ ਕੇ) ਆਪ (ਹੀ ਸਾਰੇ ਰੰਗ) ਮਾਣ ਰਿਹਾ ਹੈ, ਉਹ ਆਪ ਹੀ ਹਰੇਕ ਕੰਮ ਦੀ ਪ੍ਰੇਰਨਾ ਕਰ ਰਿਹਾ ਹੈ।

(ਪਰ) ਨਾਨਕ ਬੇਨਤੀ ਕਰਦਾ ਹੈ (ਕਿ ਇਸ ਅਵਸਥਾ ਨੂੰ) ਉਹੀ ਮਨੁੱਖ ਸਮਝਦੇ ਹਨ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ।੪।੨।

TOP OF PAGE

Sri Guru Granth Darpan, by Professor Sahib Singh