ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 840

ਦਸਮੀ ਨਾਮੁ ਦਾਨੁ ਇਸਨਾਨੁ ॥ ਅਨਦਿਨੁ ਮਜਨੁ ਸਚਾ ਗੁਣ ਗਿਆਨੁ ॥ ਸਚਿ ਮੈਲੁ ਨ ਲਾਗੈ ਭ੍ਰਮੁ ਭਉ ਭਾਗੈ ॥ ਬਿਲਮੁ ਨ ਤੂਟਸਿ ਕਾਚੈ ਤਾਗੈ ॥ ਜਿਉ ਤਾਗਾ ਜਗੁ ਏਵੈ ਜਾਣਹੁ ॥ ਅਸਥਿਰੁ ਚੀਤੁ ਸਾਚਿ ਰੰਗੁ ਮਾਣਹੁ ॥੧੨॥ {ਪੰਨਾ 840}

ਪਦਅਰਥ: ਅਨਦਿਨੁਹਰ ਰੋਜ਼, ਸਦਾ। ਮਜਨੁਇਸ਼ਨਾਨ। ਸਚਾਸਦਾ-ਥਿਰ। ਗੁਣ ਗਿਆਨੁਪਰਮਾਤਮਾ ਦੇ ਗੁਣਾਂ ਨਾਲ ਜਾਣ-ਪਛਾਣ। ਸਚਿਸਦਾ-ਥਿਰ ਪ੍ਰਭੂਨਾਮ ਵਿਚ (ਜੁੜਿਆਂ)ਭ੍ਰਮੁਭਟਕਣਾ। ਬਿਲਮੁਦੇਰ, ਢਿੱਲ। ਅਸਥਿਰੁਟਿਕਵਾਂ। ਸਾਚਿਸਦਾ-ਥਿਰ ਪ੍ਰਭੂ ਵਿਚ।

ਅਰਥ: ਪਰਮਾਤਮਾ ਦਾ ਨਾਮ ਜਪਣਾ ਹੀ ਦਸਵੀਂ ਥਿਤ ਤੇ ਦਾਨ ਕਰਨਾ ਤੇ ਇਸ਼ਨਾਨ ਕਰਨਾ ਹੈ। ਪ੍ਰਭੂ ਦੇ ਗੁਣਾਂ ਨਾਲ ਡੂੰਘੀ ਸਾਂਝ ਹੀ ਸਦਾ-ਥਿਰ ਰਹਿਣ ਵਾਲਾ ਨਿੱਤ ਦਾ ਤੀਰਥ-ਇਸ਼ਨਾਨ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ (ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ, ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਮਨ ਦਾ ਸਹਿਮ ਮੁੱਕ ਜਾਂਦਾ ਹੈ (ਇਉਂ ਤੁਰਤ ਮੁੱਕਦਾ ਹੈ, ਜਿਵੇਂ) ਕੱਚੇ ਧਾਗੇ ਨੂੰ ਟੁੱਟਦਿਆਂ ਚਿਰ ਨਹੀਂ ਲੱਗਦਾ।

(ਹੇ ਭਾਈ!) ਜਗਤ (ਦੇ ਸੰਬੰਧ) ਨੂੰ ਇਉਂ ਹੀ ਸਮਝੋ ਜਿਵੇਂ ਕੱਚਾ ਧਾਗਾ ਹੈ; ਆਪਣੇ ਮਨ ਨੂੰ ਸਦਾ-ਥਿਰ ਪ੍ਰਭੂ-ਨਾਮ ਵਿਚ ਟਿਕਾ ਕੇ ਰੱਖੋ, ਅਤੇ ਆਤਮਕ ਆਨੰਦ ਮਾਣੋ।੧੨।

ਏਕਾਦਸੀ ਇਕੁ ਰਿਦੈ ਵਸਾਵੈ ॥ ਹਿੰਸਾ ਮਮਤਾ ਮੋਹੁ ਚੁਕਾਵੈ ॥ ਫਲੁ ਪਾਵੈ ਬ੍ਰਤੁ ਆਤਮ ਚੀਨੈ ॥ ਪਾਖੰਡਿ ਰਾਚਿ ਤਤੁ ਨਹੀ ਬੀਨੈ ॥ ਨਿਰਮਲੁ ਨਿਰਾਹਾਰੁ ਨਿਹਕੇਵਲੁ ॥ ਸੂਚੈ ਸਾਚੇ ਨਾ ਲਾਗੈ ਮਲੁ ॥੧੩॥ {ਪੰਨਾ 840}

ਪਦਅਰਥ: ਇਕਇੱਕ (ਪਰਮਾਤਮਾ) ਨੂੰ। ਰਿਦੈਹਿਰਦੇ ਵਿਚ। ਵਸਾਵੈਵਸਾਂਦਾ ਹੈ। ਹਿੰਸਾਨਿਰਦਇਤਾ। ਮਮਤਾਮਲਕੀਅਤ ਦੀ ਲਾਲਸਾ। ਚੁਕਾਵੈਦੂਰ ਕਰਦਾ ਹੈ। ਆਤਮ ਚੀਨੈਆਪਣੇ ਆਪ ਨੂੰ ਪਛਾਣਦਾ ਹੈ, ਆਪਣੇ ਜੀਵਨ ਨੂੰ ਪਰਖਦਾ ਰਹਿੰਦਾ ਹੈ। ਪਾਖੰਡਿਵਿਖਾਵੇ ਵਿਚ। ਰਾਇਰਚ ਕੇ, ਰੁੱਝ ਕੇ। ਤਤੁਅਸਲੀਅਤ। ਬੀਨੈਵੇਖਦਾ, ਵੇਖ ਸਕਦਾ। ਨਿਰਾਹਾਰੁ—{ਨਿਰਆਹਾਰੁ} ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ। ਨਿਹਕੇਵਲੁ—{निष्कैवल्य} ਸੁੱਧ ਸਰੂਪ। ਸੂਚੈਪਵਿੱਤਰ ਪ੍ਰਭੂ ਵਿਚ। ਸਾਚੇਸਦਾ-ਥਿਰ ਪ੍ਰਭੂ ਦਾ ਰੂਪ। ਏਕਾਦਸੀਚੰਦ ਦੇ ਹਿਸਾਬ ਪੂਰਨਮਾਸ਼ੀ ਜਾਂ ਮੱਸਿਆ ਤੋਂ ਗਿਆਰ੍ਹਵਾਂ ਦਿਨ। ਕਰਮਕਾਂਡੀ ਲੋਕ ਉਸ ਦਿਨ ਵਰਤ ਰੱਖਦੇ ਹਨ, ਨਿਰਾਹਾਰ ਰਹਿੰਦੇ ਹਨ।੧੩।

ਅਰਥ: ਜਿਹੜਾ ਮਨੁੱਖ ਇਕ (ਪਰਮਾਤਮਾ) ਨੂੰ (ਆਪਣੇ) ਹਿਰਦੇ ਵਿਚ ਵਸਾਂਦਾ ਹੈ, (ਉਹ ਮਨੁੱਖ ਆਪਣੇ ਅੰਦਰੋਂ) ਨਿਰਦਇਤਾ, ਮਾਇਆ ਦੀ ਅਪਣੱਤ ਅਤੇ ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ। (ਜਿਹੜਾ ਮਨੁੱਖ ਹਿੰਸਾ ਮੋਹ ਆਦਿਕ ਤੋਂ ਬਚੇ ਰਹਿਣ ਵਾਲਾ ਇਹ) ਵਰਤ (ਰੱਖਦਾ ਹੈ, ਉਹ ਇਸ ਵਰਤ ਦਾ ਇਹ) ਫਲ ਪ੍ਰਾਪਤ ਕਰਦਾ ਹੈ ਕਿ (ਸਦਾ) ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ। ਪਰ ਵਿਖਾਵੇ (ਦੇ ਵਰਤ) ਵਿਚ ਪਤੀਜ ਕੇ ਮਨੁੱਖ (ਸਾਰੇ ਜਗਤ ਦੇ) ਮੂਲ (ਪਰਮਾਤਮਾ ਨੂੰ) ਨਹੀਂ ਵੇਖ ਸਕਦਾ।

ਹੇ ਭਾਈ! ਪਰਮਾਤਮਾ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਪਰਮਾਤਮਾ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ (ਉਹ ਹਰ ਵੇਲੇ ਹੀ ਬ੍ਰਤ-ਧਾਰੀ ਹੈ), ਪਰਮਾਤਮਾ ਸੁੱਧ-ਸਰੂਪ ਹੈ, (ਜਿਹੜੇ ਮਨੁੱਖ ਉਸ) ਪਵਿੱਤਰ ਪ੍ਰਭੂ ਵਿਚ (ਜੁੜ ਕੇ) ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ, ਉਹਨਾਂ ਨੂੰ (ਵੀ ਵਿਕਾਰਾਂ ਦੀ) ਮੈਲ ਨਹੀਂ ਲੱਗਦੀ।੧੩।

ਜਹ ਦੇਖਉ ਤਹ ਏਕੋ ਏਕਾ ॥ ਹੋਰਿ ਜੀਅ ਉਪਾਏ ਵੇਕੋ ਵੇਕਾ ॥ ਫਲੋਹਾਰ ਕੀਏ ਫਲੁ ਜਾਇ ॥ ਰਸ ਕਸ ਖਾਏ ਸਾਦੁ ਗਵਾਇ ॥ ਕੂੜੈ ਲਾਲਚਿ ਲਪਟੈ ਲਪਟਾਇ ॥ ਛੂਟੈ ਗੁਰਮੁਖਿ ਸਾਚੁ ਕਮਾਇ ॥੧੪॥ {ਪੰਨਾ 840}

ਪਦਅਰਥ: ਜਹਜਿੱਥੇ। ਦੇਖਉਦੇਖਉਂ, ਮੈਂ ਵੇਖਦਾ ਹਾਂ। ਤਹਉਥੇ। ਏਕੋ ਏਕਾਇਕ ਪਰਮਾਤਮਾ ਹੀ। ਹੋਰਿ—{ਲਫ਼ਜ਼ 'ਹੋਰ' ਤੋਂ ਬਹੁ-ਵਚਨ}ਹੋਰਿ ਜੀਅਬਾਕੀ ਸਾਰੇ ਜੀਵ। ਵੇਕੋ ਵੇਕਾਭਾਂਤ ਭਾਂਤ ਦੇ। ਫਲੋਹਾਰਫਲਾਂ ਦਾ ਆਹਾਰ {ਏਕਾਦਸੀ ਦੇ ਵਰਤ ਤੇ ਅੰਨ ਛੱਡ ਕੇ ਕਰਮਕਾਂਡੀ ਸਿਰਫ਼ ਫਲ ਖਾਂਦੇ ਹਨ, ਤੇ ਸਿਰਫ਼ ਇਤਨੇ ਉੱਦਮ ਨਾਲ ਹੀ ਵਰਤ ਦਾ ਫਲ ਮਿਲਦਾ ਸਮਝ ਲੈਂਦੇ ਹਨ। ਅਸਲ ਵਰਤ ਹੈ 'ਵਿਕਾਰਾਂ ਵਲੋਂ ਪਰਹੇਜ਼', ਉਸ ਦਾ ਫਲ ਹੈ 'ਉੱਚਾ ਆਤਮਕ ਜੀਵਨ'}ਰਸ ਕਸਕਈ ਸੁਆਦਾਂ ਵਾਲੇ ਫਲ ਆਦਿਕ ਪਦਾਰਥ। ਸਾਦੁਸੁਆਦ, ਮਜ਼ਾ। ਲਾਲਚਿਲਾਲਚ ਵਿਚ। ਕੂੜੈ ਲਾਲਚਝੂਠੇ ਲਾਲਚ ਵਿਚ। ਲਪਟੈਚੰਬੜਿਆ ਰਹਿੰਦਾ ਹੈ। ਛੂਟੈ—(ਲਾਲਚ ਤੋਂ) ਮੁਕਤ ਹੁੰਦਾ ਹੈ। ਗੁਰਮੁਖਿਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਸਾਚਸਦਾ-ਥਿਰ ਹਰਿਨਾਮ ਦਾ ਸਿਮਰਨ।੧੪।

ਅਰਥ: ਮੈਂ ਜਿਧਰ ਵੇਖਦਾ ਹਾਂ, ਉਧਰ ਇਕ ਪਰਮਾਤਮਾ ਹੀ ਪਰਮਾਤਮਾ ਦਿੱਸਦਾ ਹੈ। (ਉਸ ਨੇ) ਭਾਂਤ ਭਾਂਤ ਦੇ ਇਹ ਸਾਰੇ ਜੀਵ ਪੈਦਾ ਕੀਤੇ ਹੋਏ ਹਨ (ਜੋ ਵਰਤ ਆਦਿਕ ਕਈ ਭਰਮਾਂ ਵਿਚ ਪਏ ਰਹਿੰਦੇ ਹਨ)

ਹੇ ਭਾਈ! (ਏਕਾਦਸੀ ਵਾਲੇ ਦਿਨ ਅੰਨ ਛੱਡ ਕੇ) ਨਿਰੇ ਫਲ ਖਾਧਿਆਂ (ਵਰਤ ਦਾ ਅਸਲ) ਫਲ ਨਹੀਂ ਮਿਲਦਾ (ਅਸਲ ਵਰਤ ਹੈ 'ਵਿਕਾਰਾਂ ਵਲੋਂ ਪਰਹੇਜ਼', ਉਸ ਦਾ ਫਲ ਹੈ 'ਉੱਚਾ ਆਤਮਕ ਜੀਵਨ')(ਅੰਨ ਦੇ ਥਾਂ) ਕਈ ਸੁਆਦਾਂ ਵਾਲੇ ਫਲ ਆਦਿਕ ਪਦਾਰਥ (ਜੋ ਮਨੁੱਖ) ਖਾਂਦਾ ਹੈ, (ਉਹ ਤਾਂ ਉਂਞ ਹੀ ਵਰਤ ਦਾ) ਮਜ਼ਾ ਗਵਾ ਲੈਂਦਾ ਹੈ। (ਵਰਤ ਰੱਖਣ ਵਾਲਾ ਮਨੁੱਖ ਵਰਤ ਦੇ ਫਲ ਦੀ ਆਸ ਧਾਰ ਕੇ) ਮਾਇਆ ਦੇ ਲਾਲਚ ਵਿਚ ਫਸਿਆ ਹੀ ਰਹਿੰਦਾ ਹੈ। (ਇਸ ਲਾਲਚ ਤੋਂ ਉਹ ਮਨੁੱਖ) ਖ਼ਲਾਸੀ ਹਾਸਲ ਕਰਦਾ ਹੈ ਜਿਹੜਾ ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਦਾ ਹੈ।੧੪।

ਦੁਆਦਸਿ ਮੁਦ੍ਰਾ ਮਨੁ ਅਉਧੂਤਾ ॥ ਅਹਿਨਿਸਿ ਜਾਗਹਿ ਕਬਹਿ ਨ ਸੂਤਾ ॥ ਜਾਗਤੁ ਜਾਗਿ ਰਹੈ ਲਿਵ ਲਾਇ ॥ ਗੁਰ ਪਰਚੈ ਤਿਸੁ ਕਾਲੁ ਨ ਖਾਇ ॥ ਅਤੀਤ ਭਏ ਮਾਰੇ ਬੈਰਾਈ ॥ ਪ੍ਰਣਵਤਿ ਨਾਨਕ ਤਹ ਲਿਵ ਲਾਈ ॥੧੫॥ {ਪੰਨਾ 840}

ਪਦਅਰਥ: ਦੁਆਦਸਿਬਾਰ੍ਹਵੀਂ ਥਿਤਿ, ਪੂਰਨਮਾਸੀ ਜਾਂ ਮੱਸਿਆ ਤੋਂ ਬਾਰ੍ਹਵਾਂ ਦਿਨ। ਮੁਦ੍ਰਾਮੁਹਰ, ਛਾਪ, ਭੇਖ ਦਾ ਚਿੰਨ੍ਹ। ਦੁਆਦਸਿ ਮੁਦ੍ਰਾਭੇਖਾਂ ਦੇ ਬਾਰਾਂ ਚਿੰਨ੍ਹ {ਬ੍ਰਹਮਚਾਰੀ ਦੇ ਪੰਜ ਚਿੰਨ੍ਹ=ਜਨੇਊ, ਮ੍ਰਿਗਛਾਲਾ, ਮੁੰਞ ਦੀ ਤੜਾਗੀ, ਕਰਮੰਡਲ, ਸ਼ਿਖਾ। ਵੈਸ਼ਨਵ ਦੇ ਤਿੰਨ ਚਿੰਨ੍ਹ=ਤਿਲਕ, ਕੰਠੀ, ਤੁਲਸੀ ਮਾਲਾ। ਸ਼ੈਵ (ਸ਼ਿਵਉਪਾਸ਼ਕ) ਦੇ ਦੋ ਚਿੰਨ੍ਹ=ਰੁਦ੍ਰਾਖ ਦੀ ਮਾਲਾ, ਤ੍ਰਿਪੁੰਡ੍ਰ (ਗਾਂ ਦੇ ਗੋਹੇ ਦੀ ਸੁਆਹ ਨਾਲ ਮੱਥੇ ਉੱਤੇ ਪਈਆਂ ਤਿੰਨ ਲਕੀਰਾਂ)ਜੋਗੀ ਦਾ ਇਕ ਚਿੰਨ੍ਹ=ਮੁੰਦਰਾਂ। ਸੰਨਿਆਸੀ ਦਾ ਇਕ ਚਿੰਨ੍ਹ=ਤ੍ਰਿਦੰਡ। (++++=੧੨)

ਦੁਆਦਸਿ ਮੁਦ੍ਰਾ ਮਨੁਜਿਸ ਦਾ ਮਨ ਬਾਰਾਂ ਛਾਪਾਂ ਦਾ ਧਾਰਨੀ ਹੈ। ਅਉਧੂਤਾਤਿਆਗੀ। ਅਹਿਦਿਨ। ਨਿਸਿਰਾਤ। ਜਾਗਹਿਜਾਗਦੇ ਰਹਿੰਦੇ ਹਨ, ਸੁਚੇਤ ਰਹਿੰਦੇ ਹਨ। ਜਾਗਿਜਾਗ ਕੇ। ਲਿਵਸੁਰਤਿ। ਲਾਇ ਰਹੈਜੋੜੀ ਰੱਖਦਾ ਹੈ। ਗੁਰ ਪਰਚੈਗੁਰੂ ਦੇ ਉਪਦੇਸ਼ ਵਿਚ। ਕਾਲੁਆਤਮਕ ਮੌਤ। ਅਤੀਤਵਿਰਕਤ। ਬੈਰਾਈ—(ਕਾਮਾਦਿਕ) ਵੈਰੀ। ਤਹਉਥੇ, ਉਸ ਟਿਕਾਣੇ ਤੇ।੧੫।

ਅਰਥ: ਹੇ ਭਾਈ! (ਗੁਰੂ ਦੇ ਉਪਦੇਸ਼ ਵਿਚ ਜੁੜ ਕੇ ਜਿਹੜੇ ਮਨੁੱਖ) ਦਿਨ ਰਾਤ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ (ਮਾਇਆ ਦੇ ਮੋਹ ਦੀ ਨੀਂਦ ਵਿਚ) ਕਦੇ ਨਹੀਂ ਸੌਂਦੇ, (ਉਹੀ ਹਨ ਅਸਲ) ਤਿਆਗੀ, (ਉਹਨਾਂ ਦਾ) ਮਨ (ਮਾਨੋ, ਭੇਖਾਂ ਦੇ) ਬਾਰਾਂ ਹੀ ਚਿੰਨ੍ਹਾਂ ਦਾ ਧਾਰਨੀ ਹੁੰਦਾ ਹੈ। ਹੇ ਭਾਈ! ਗੁਰੂ ਦੇ ਉਪਦੇਸ਼ ਵਿਚ (ਟਿਕ ਕੇ ਜਿਹੜਾ ਮਨੁੱਖ ਮਾਇਆ ਦੇ ਹੱਲਿਆਂ ਵਲੋਂ) ਜਾਗਦਾ ਰਹਿੰਦਾ ਹੈ, ਅਤੇ ਸੁਚੇਤ ਰਹਿ ਕੇ (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜੀ ਰੱਖਦਾ ਹੈ, ਉਸ (ਦੇ ਆਤਮਕ ਜੀਵਨ) ਨੂੰ (ਆਤਮਕ) ਮੌਤ ਖਾ ਨਹੀਂ ਸਕਦੀ।

ਨਾਨਕ ਬੇਨਤੀ ਕਰਦਾ ਹੈ-(ਜਿਨ੍ਹਾਂ ਮਨੁੱਖਾਂ ਨੇ) ਉਥੇ (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜੀ ਹੋਈ ਹੈ, ਉਹਨਾਂ ਨੇ (ਕਾਮਾਦਿਕ) ਸਾਰੇ ਵੈਰੀ ਮੁਕਾ ਲਏ, ਉਹ (ਅਸਲ) ਤਿਆਗੀ ਬਣ ਗਏ।੧੫।

ਦੁਆਦਸੀ ਦਇਆ ਦਾਨੁ ਕਰਿ ਜਾਣੈ ॥ ਬਾਹਰਿ ਜਾਤੋ ਭੀਤਰਿ ਆਣੈ ॥ ਬਰਤੀ ਬਰਤ ਰਹੈ ਨਿਹਕਾਮ ॥ ਅਜਪਾ ਜਾਪੁ ਜਪੈ ਮੁਖਿ ਨਾਮ ॥ ਤੀਨਿ ਭਵਣ ਮਹਿ ਏਕੋ ਜਾਣੈ ॥ ਸਭਿ ਸੁਚਿ ਸੰਜਮ ਸਾਚੁ ਪਛਾਣੈ ॥੧੬॥ {ਪੰਨਾ 840}

ਪਦਅਰਥ: ਦੁਆਦਸੀਬਾਰ੍ਹਵੀਂ ਥਿਤਿ। ਕਰਿ ਜਾਣੈਕਰਨਾ ਜਾਣਦਾ ਹੈ। ਦਾਨੁ ਕਰਿ ਜਾਣੈਦਾਨ ਕਰਨਾ ਜਾਣਦਾ ਹੈ। ਦਇਆਪਿਆਰ। ਜਾਤੋਜਾਂਦਾ, ਭਟਕਦਾ। ਆਣੈਲਿਆਉਂਦਾ ਹੈ। ਬਰਤੀ ਬਰਤਵਰਤਾਂ ਵਿਚੋਂ ਸ੍ਰੇਸ਼ਟ ਵਰਤ। ਨਿਹਕਾਮੁਵਾਸਨਾ ਤੋਂ ਰਹਿਤ। ਅਜਪਾ ਜਾਪੁਜਪਣ ਤੋਂ ਬਿਨਾ ਕੀਤਾ ਹੋਇਆ (ਕਿਸੇ ਮੰਤ੍ਰ ਦਾ) ਜਾਪ। ਮੁਖਿਮੂੰਹ ਨਾਲ। ਜਪੈਜਪਦਾ ਹੈ। ਤੀਨਿ ਭਵਣਤਿੰਨਾਂ ਭਵਨਾਂ ਵਿਚ, ਸਾਰੇ ਜਗਤ ਵਿਚ। ਏਕੋਇਕ (ਪਰਮਾਤਮਾ) ਨੂੰ ਹੀ। ਸਭਿਸਾਰੇ। ਸੰਜਮਗਿਆਨਇੰਦ੍ਰਿਆਂ ਨੂੰ ਵੱਸ ਵਿਚ ਕਰਨ ਦੇ ਜਤਨ। ਸੁਚਿਸਰੀਰਕ ਪਵਿੱਤ੍ਰਤਾ ਦੇ ਉੱਦਮ। ਸਾਚੁਸਦਾ-ਥਿਰ ਪ੍ਰਭੂ। ਪਛਾਣੇਸਾਂਝ ਪਾਂਦਾ ਹੈ।੧੬।

ਅਰਥ: ਹੇ ਭਾਈ! (ਕਰਮ-ਕਾਂਡੀ ਮਨੁੱਖ ਕਿਸੇ ਵਰਤ ਆਦਿਕ ਸਮੇ ਮਾਇਆ ਦਾ ਦਾਨ ਕਰਦਾ ਹੈ, ਅਤੇ ਕਿਸੇ ਮੰਤ੍ਰ ਦਾ ਅਜਪਾ ਜਾਪ ਕਰਦਾ ਹੈ, ਪਰ ਜਿਹੜਾ ਮਨੁੱਖ ਬੰਦਿਆਂ ਵਿਚ) ਪਿਆਰ ਵੰਡਣਾ ਜਾਣਦਾ ਹੈ, ਬਾਹਰ ਭਟਕਦੇ ਮਨ ਨੂੰ (ਹਰਿ-ਨਾਮ ਦੀ ਸਹਾਇਤਾ ਨਾਲ ਆਪਣੇ) ਅੰਦਰ ਹੀ ਲੈ ਆਉਂਦਾ ਹੈ, ਜਿਹੜਾ ਮਨੁੱਖ ਵਾਸਨਾ-ਰਹਿਤ ਜੀਵਨ ਜੀਊਂਦਾ ਹੈ, ਅਤੇ ਮੂੰਹੋਂ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਮਨੁੱਖ (ਮਾਨੋ) ਅਜਪਾ ਜਾਪ ਕਰ ਰਿਹਾ ਹੈ। ਹੇ ਭਾਈ! ਜਿਹੜਾ ਮਨੁੱਖ ਸਾਰੇ ਸੰਸਾਰ ਵਿਚ ਇਕ ਪਰਮਾਤਮਾ ਨੂੰ ਹੀ ਵੱਸਦਾ ਸਮਝਦਾ ਹੈ, ਅਤੇ ਉਸ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਉਹ (ਮਾਨੋ) ਸਰੀਰਕ ਪਵਿਤ੍ਰੱਤਾ ਦੇ ਸਾਰੇ ਉੱਦਮ ਕਰ ਰਿਹਾ ਹੈ, ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਕਰਨ ਦੇ ਸਾਰੇ ਜਤਨ ਕਰ ਰਿਹਾ ਹੈ।੧੬।

ਤੇਰਸਿ ਤਰਵਰ ਸਮੁਦ ਕਨਾਰੈ ॥ ਅੰਮ੍ਰਿਤੁ ਮੂਲੁ ਸਿਖਰਿ ਲਿਵ ਤਾਰੈ ॥ ਡਰ ਡਰਿ ਮਰੈ ਨ ਬੂਡੈ ਕੋਇ ॥ ਨਿਡਰੁ ਬੂਡਿ ਮਰੈ ਪਤਿ ਖੋਇ ॥ ਡਰ ਮਹਿ ਘਰੁ ਘਰ ਮਹਿ ਡਰੁ ਜਾਣੈ ॥ ਤਖਤਿ ਨਿਵਾਸੁ ਸਚੁ ਮਨਿ ਭਾਣੈ ॥੧੭॥ {ਪੰਨਾ 840}

ਪਦਅਰਥ: ਤੇਰਸਿਤੇਰ੍ਹਵੀਂ ਥਿਤਿ। ਕਨਾਰੈਕੰਢੇ ਤੇ। ਤਰਵਰਰੁੱਖ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ ਨਾਮਜਲ। ਮੂਲੁਮੁੱਢ, ਜੜ੍ਹ। ਸਿਖਰਿਸਿਖਰ ਤੇ। ਲਿਵ ਤਾਰੈਲਿਵ ਦੀ ਤਾਰ ਵਿਚ। ਡਰ—(ਸੰਸਾਰਕ) ਡਰਾਂ ਨਾਲ। ਡਰਿ ਮਰੈ ਨਡਰ ਕੇ ਨਹੀਂ ਮਰਦਾ। ਨ ਬੂਡੈਨਹੀਂ ਡੁੱਬਦਾ। ਨਿਡਰੁ—(ਪਰਮਾਤਮਾ ਦਾ) ਡਰਅਦਬ ਨਾਹ ਰੱਖਣ ਵਾਲਾ। ਬੂਡਿ—(ਵਿਕਾਰਾਂ ਵਿਚ) ਡੁੱਬ ਕੇ। ਮਰੈਆਤਮਕ ਮੌਤ ਸਹੇੜਦਾ ਹੈ। ਪਤਿਇੱਜ਼ਤ। ਖੋਇਗਵਾ ਕੇ। ਘਰੁਟਿਕਾਣਾ। ਘਰ ਮਹਿਹਿਰਦੇਘਰ ਵਿਚ। ਜਾਣੈ—(ਜਿਹੜਾ ਮਨੁੱਖ) ਜਾਣਦਾ ਹੈ। ਤਖਤਿਤਖ਼ਤ ਉੱਤੇ। ਸਚੁਸਦਾ-ਥਿਰ ਰਹਿਣ ਵਾਲਾ ਪ੍ਰਭੂ। ਮਨਿਮਨ ਵਿਚ। ਭਾਵੈਪਿਆਰਾ ਲੱਗਦਾ ਹੈ।੧੭।

ਅਰਥ: ਹੇ ਭਾਈ! (ਜਿਵੇਂ) ਸਮੁੰਦਰ ਦੇ ਕੰਢੇ ਉੱਤੇ ਉੱਗੇ ਹੋਏ ਰੁੱਖ ਦੀ (ਪਾਂਇਆਂ ਹੈ, ਤਿਵੇਂ ਇਹ ਸਰੀਰ ਹੈ। ਪਰ ਜਿਹੜਾ ਮਨੁੱਖ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨੂੰ (ਆਪਣੇ ਜੀਵਨ ਦੀ) ਜੜ੍ਹ ਬਣਾਂਦਾ ਹੈ, (ਉੱਕੀ) ਸੁਰਤਿ ਦੀ ਡੋਰ ਦੀ ਬਰਕਤ ਨਾਲ ਉਹ ਸਿਖਰ ਤੇ (ਪ੍ਰਭੂ-ਚਰਨਾਂ ਵਿਚ ਜਾ ਪਹੁੰਚਦਾ ਹੈ)(ਜਿਹੜਾ ਭੀ ਮਨੁੱਖ ਇਹ ਉੱਦਮ ਕਰਦਾ ਹੈ, ਉਹ ਸੰਸਾਰਕ) ਡਰਾਂ ਨਾਲ ਡਰ ਡਰ ਕੇ ਆਤਮਕ ਮੌਤ ਨਹੀਂ ਸਹੇੜਦਾ, ਉਹ (ਵਿਕਾਰਾਂ ਦੇ ਸਮੁੰਦਰ ਵਿਚ) ਨਹੀਂ ਡੁੱਬਦਾ। (ਪਰ ਪਰਮਾਤਮਾ ਦਾ) ਡਰ-ਅਦਬ ਨਾਹ ਰੱਖਣ ਵਾਲਾ ਮਨੁੱਖ (ਲੋਕ ਪਰਲੋਕ ਦੀ) ਇੱਜ਼ਤ ਗਵਾ ਕੇ ਆਤਮਕ ਮੌਤ ਸਹੇੜ ਲੈਂਦਾ ਹੈ। ਹੇ ਭਾਈ! (ਜਿਹੜਾ ਮਨੁੱਖ ਪਰਮਾਤਮਾ ਦੇ) ਡਰ-ਅਦਬ ਵਿਚ (ਆਪਣਾ) ਟਿਕਾਣਾ ਬਣਾਈ ਰੱਖਦਾ ਹੈ, ਜਿਹੜਾ ਮਨੁੱਖ ਆਪਣੇ ਹਿਰਦੇ-ਘਰ ਵਿਚ (ਪ੍ਰਭੂ ਦਾ) ਡਰ ਅਦਬ ਵਸਾਈ ਰੱਖਣਾ ਜਾਣਦਾ ਹੈ, ਜਿਸ ਮਨੁੱਖ ਨੂੰ ਆਪਣੇ ਮਨ ਵਿਚ ਸਦਾ-ਥਿਰ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਨੂੰ (ਉੱਚੇ ਆਤਮਕ ਜੀਵਨ ਦੇ ਰੱਬੀ) ਤਖ਼ਤ ਉੱਤੇ ਨਿਵਾਸ ਮਿਲਦਾ ਹੈ।੧੭।

ਚਉਦਸਿ ਚਉਥੇ ਥਾਵਹਿ ਲਹਿ ਪਾਵੈ ॥ ਰਾਜਸ ਤਾਮਸ ਸਤ ਕਾਲ ਸਮਾਵੈ ॥ ਸਸੀਅਰ ਕੈ ਘਰਿ ਸੂਰੁ ਸਮਾਵੈ ॥ ਜੋਗ ਜੁਗਤਿ ਕੀ ਕੀਮਤਿ ਪਾਵੈ ॥ ਚਉਦਸਿ ਭਵਨ ਪਾਤਾਲ ਸਮਾਏ ॥ ਖੰਡ ਬ੍ਰਹਮੰਡ ਰਹਿਆ ਲਿਵ ਲਾਏ ॥੧੮॥ {ਪੰਨਾ 480}

ਪਦਅਰਥ: ਚਉਦਸਿਪੂਰਨਮਾਸ਼ੀ ਤੋਂ ਚੌਧਵਾਂ ਦਿਨ। ਚਉਥੇ ਥਾਵਹਿਚੌਥੇ ਥਾਂ ਨੂੰ, ਉਸ ਆਤਮਕ ਟਿਕਾਣੇ ਨੂੰ ਜਿੱਥੇ ਮਾਇਆ ਦੇ ਤਿੰਨ ਗੁਣ ਆਪਣਾ ਪ੍ਰਭਾਵ ਨਹੀਂ ਪਾ ਸਕਦੇ, ਤੁਰੀਆਵਸਥਾ। ਲਹਿ ਪਾਵੈਲੱਭ ਲੈਂਦਾ ਹੈ, ਹਾਸਲ ਕਰ ਲੈਂਦਾ ਹੈ। ਰਾਜਸ ਤਾਮਸ ਸਤਰਜੋ ਗੁਣ, ਤਮੋ ਗੁਣ, ਸਤੋ ਗੁਣ। ਕਾਲਸਮਾ। ਸਮਾਵੈਲੀਨ ਹੋ ਜਾਂਦਾ ਹੈ। ਸਸੀਅਰਚੰਦ੍ਰਮਾ। ਕੈ ਘਰਿਦੇ ਘਰ ਵਿਚ। ਸਸੀਅਰ ਕੈ ਘਰਿਸ਼ਾਂਤੀ ਦੇ ਘਰ ਵਿਚ। ਸੂਰੁਸੂਰਜ, ਤਪਸ਼, ਮਨ ਦੀ ਤਪਸ਼। ਜੋਗ ਜੁਗਤਿਪ੍ਰਭੂਮਿਲਾਪ ਦਾ ਤਰੀਕਾ। ਕੀਮਤਿਕਦਰ, ਸਾਰ। ਚਉਦਸਿ ਭਵਨਚੌਦਾਂ ਭਵਨਾਂ ਵਿਚ। ਲਿਵ ਲਾਏਸੁਰਤਿ ਜੋੜਦਾ ਹੈ।੧੮।

ਅਰਥ: (ਜਦੋਂ ਮਨੁੱਖ ਗੁਰੂ ਦੀ ਕਿਰਪਾ ਨਾਲ) ਤੁਰੀਆ ਅਵਸਥਾ ਨੂੰ ਲੱਭ ਲੈਂਦਾ ਹੈ, ਤਦੋਂ ਰਜੋ ਗੁਣ ਤਮੋ ਗੁਣ ਸਤੋ ਗੁਣ (ਮਾਇਆ ਦਾ ਇਹ ਹਰੇਕ ਗੁਣ ਉਸ ਚੌਥੇ ਪਦ ਵਿਚ) ਲੀਨ ਹੋ ਜਾਂਦਾ ਹੈ। ਸ਼ਾਂਤੀ ਦੇ ਘਰ ਵਿਚ (ਮਨੁੱਖ ਦੇ ਮਨ ਦੀ) ਤਪਸ਼ ਸਮਾ ਜਾਂਦੀ ਹੈ, (ਉਸ ਵੇਲੇ ਮਨੁੱਖ ਪਰਮਾਤਮਾ ਨਾਲ) ਮਿਲਾਪ ਦੀ ਜੁਗਤੀ ਦੀ ਕਦਰ ਸਮਝਦਾ ਹੈ। ਤਦੋਂ ਮਨੁੱਖ ਉਸ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ ਜਿਹੜਾ ਖੰਡਾਂ ਬ੍ਰਹਮੰਡਾਂ ਵਿਚ ਚੌਦਾਂ ਭਵਨਾਂ ਵਿਚ ਪਾਤਾਲਾਂ ਵਿਚ ਹਰ ਥਾਂ ਸਮਾਇਆ ਹੋਇਆ ਹੈ।੧੮।

ਅਮਾਵਸਿਆ ਚੰਦੁ ਗੁਪਤੁ ਗੈਣਾਰਿ ॥ ਬੂਝਹੁ ਗਿਆਨੀ ਸਬਦੁ ਬੀਚਾਰਿ ॥ ਸਸੀਅਰੁ ਗਗਨਿ ਜੋਤਿ ਤਿਹੁ ਲੋਈ ॥ ਕਰਿ ਕਰਿ ਵੇਖੈ ਕਰਤਾ ਸੋਈ ॥ ਗੁਰ ਤੇ ਦੀਸੈ ਸੋ ਤਿਸ ਹੀ ਮਾਹਿ ॥ ਮਨਮੁਖਿ ਭੂਲੇ ਆਵਹਿ ਜਾਹਿ ॥੧੯॥ {ਪੰਨਾ 840}

ਪਦਅਰਥ: ਗੁਪਤੁਲੁਕਿਆ ਹੋਇਆ। ਗੈਣਾਰਿਆਕਾਸ਼ ਵਿਚ। ਬੀਚਾਰਿਵਿਚਾਰ ਕੇ, ਮਨ ਵਿਚ ਵਸਾ ਕੇ। ਗਿਆਨੀਹੇ ਆਤਮਕ ਜੀਵਨ ਦੀ ਸੂਝ ਦੇ ਖੋਜੀ ਮਨੁੱਖ! ਸਸੀਅਰੁਚੰਦ੍ਰਮਾ। ਗਗਨਿਆਕਾਸ਼ ਵਿਚ। ਤਿਹੁ ਲੋਈਤਿੰਨ ਲੋਕਾਂ ਵਿਚ, ਤਿੰਨ ਭਵਨਾਂ ਵਿਚ, ਸਾਰੇ ਸੰਸਾਰ ਵਿਚ। ਕਰਿਪੈਦਾ ਕਰ ਕੇ। ਵੇਖੈਸੰਭਾਲ ਕਰਦਾ ਹੈ। ਕਰਤਾ ਸੋਈਉਹ ਕਰਤਾਰ ਹੀ। ਤੇਤੋਂ, ਪਾਸੋਂ। ਦੀਸੈਦਿੱਸ ਪੈਂਦਾ ਹੈ। ਸੋਉਹ (ਮਨੁੱਖ)ਤਿਸ ਹੀ—{ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}ਤਿਸ ਹੀ ਮਾਹਿਉਸ (ਪਰਮਾਤਮਾ) ਵਿਚ ਹੀ। ਮਨਮੁਖਿਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਆਵਹਿਜੰਮਦੇ ਹਨ। ਜਾਹਿਮਰਦੇ ਹਨ।੧੯।

ਅਰਥ: ਹੇ ਭਾਈ! (ਜਿਵੇਂ) ਮੱਸਿਆ ਨੂੰ ਚੰਦ ਆਕਾਸ਼ ਵਿਚ ਗੁਪਤ ਰਹਿੰਦਾ ਹੈ (ਤਿਵੇਂ ਪਰਮਾਤਮਾ ਹਰੇਕ ਹਿਰਦੇ ਵਿਚ ਗੁਪਤ ਵੱਸ ਰਿਹਾ ਹੈ)ਹੇ ਆਤਮਕ ਜੀਵਨ ਦੀ ਸੂਝ ਦੇ ਖੋਜੀ ਮਨੁੱਖ! ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾ ਕੇ (ਹੀ ਇਸ ਭੇਤ ਨੂੰ) ਸਮਝ ਸਕੋਗੇ। (ਜਿਵੇਂ) ਚੰਦ੍ਰਮਾ ਆਕਾਸ਼ ਵਿਚ (ਹਰ ਪਾਸੇ ਚਾਨਣ ਦੇ ਰਿਹਾ ਹੈ, ਤਿਵੇਂ ਪਰਮਾਤਮਾ ਦੀ) ਜੋਤਿ ਸਾਰੇ ਸੰਸਾਰ ਵਿਚ (ਜੀਵਨ-ਸੱਤਾ ਦੇ ਰਹੀ ਹੈ)ਉਹ ਕਰਤਾਰ ਆਪ ਹੀ (ਸਭ ਜੀਵਾਂ ਨੂੰ) ਪੈਦਾ ਕਰ ਕੇ (ਸਭ ਦੀ) ਸੰਭਾਲ ਕਰ ਰਿਹਾ ਹੈ। ਜਿਸ ਮਨੁੱਖ ਨੂੰ ਗੁਰੂ ਪਾਸੋਂ ਇਹ ਸੂਝ ਮਿਲ ਜਾਂਦੀ ਹੈ, ਉਹ ਮਨੁੱਖ ਉਸ ਪਰਮਾਤਮਾ ਵਿਚ ਹੀ ਸਦਾ ਲੀਨ ਰਹਿੰਦਾ ਹੈ।

ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪੈ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।੧੯।

ਘਰੁ ਦਰੁ ਥਾਪਿ ਥਿਰੁ ਥਾਨਿ ਸੁਹਾਵੈ ॥ ਆਪੁ ਪਛਾਣੈ ਜਾ ਸਤਿਗੁਰੁ ਪਾਵੈ ॥ ਜਹ ਆਸਾ ਤਹ ਬਿਨਸਿ ਬਿਨਾਸਾ ॥ ਫੂਟੈ ਖਪਰੁ ਦੁਬਿਧਾ ਮਨਸਾ ॥ ਮਮਤਾ ਜਾਲ ਤੇ ਰਹੈ ਉਦਾਸਾ ॥ ਪ੍ਰਣਵਤਿ ਨਾਨਕ ਹਮ ਤਾ ਕੇ ਦਾਸਾ ॥੨੦॥੧॥ {ਪੰਨਾ 840}

ਪਦਅਰਥ: ਥਾਪਿਥਾਪ ਕੇ, ਪੱਕਾ ਟਿਕਾਣਾ ਬਣਾ ਕੇ। ਘਰੁ ਦਰੁਪ੍ਰਭੂਚਰਨਾਂ ਨੂੰ, ਪ੍ਰਭੂ ਦੇ ਦਰ ਨੂੰ। ਥਿਰੁਟਿਕ ਕੇ। ਥਾਨਿ—(ਉਸ) ਥਾਂ ਵਿਚ, ਪ੍ਰਭੂਚਰਨਾਂ ਵਿਚ। ਸੁਹਾਵੈਸੋਹਣਾ ਬਣ ਜਾਂਦਾ ਹੈ, ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ। ਆਪੁਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਪਛਾਣੈਪਰਖਦਾ ਹੈ। ਜਾਜਦੋਂ। ਪਾਵੈਮਿਲਾਪ ਹਾਸਲ ਕਰਦਾ ਹੈ। ਜਹਜਿੱਥੇ, ਜਿਸ ਹਿਰਦੇ ਵਿਚ। ਤਹਉਸ ਹਿਰਦੇ ਵਿਚ। ਬਿਨਸਿਨਾਸ ਹੋ ਕੇ, ਆਸਾਂ ਦਾ ਨਾਸ ਹੋ ਕੇ। ਬਿਨਾਸਾਆਸਾਂ ਦਾ ਅਭਾਵ। ਫੂਟੈਟੁੱਟ ਜਾਂਦਾ ਹੈ। ਖਪਰੁਭਾਂਡਾ। ਦੁਬਿਧਾਮੇਰਤੇਰ। ਮਨਸਾ—{मनीषा} ਮਨ ਦਾ ਫੁਰਨਾ। ਤੇਤੋਂ। ਮਮਤਾਅਪਣੱਤ, ਮਲਕੀਅਤ ਦੀ ਤਾਂਘ। ਤਾ ਕੇਉਸ (ਮਨੁੱਖ) ਦੇ।੨੦।

ਅਰਥ: ਹੇ ਭਾਈ! ਜਦੋਂ ਮਨੁੱਖ ਗੁਰੂ (ਦਾ ਮਿਲਾਪ) ਹਾਸਲ ਕਰ ਲੈਂਦਾ ਹੈ, ਤਦੋਂ ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦੇਂਦਾ ਹੈ, ਅਤੇ ਪ੍ਰਭੂ-ਚਰਨਾਂ ਨੂੰ ਪ੍ਰਭੂ ਦੇ ਦਰ ਨੂੰ (ਆਪਣਾ) ਪੱਕਾ ਆਸਰਾ ਬਣਾ ਕੇ ਉਸ ਥਾਂ ਵਿਚ (ਪ੍ਰਭੂ-ਚਰਨਾਂ ਵਿਚ) ਟਿਕ ਕੇ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ। ਜਿਸ ਹਿਰਦੇ ਵਿਚ (ਪਹਿਲਾਂ ਦੁਨੀਆ ਵਾਲੀਆਂ) ਆਸਾਂ (ਹੀ ਆਸਾਂ ਟਿਕੀਆਂ ਰਹਿੰਦੀਆਂ ਸਨ) ਉਥੇ ਆਸਾਂ ਦਾ ਪੂਰਨ ਅਭਾਵ ਹੋ ਜਾਂਦਾ ਹੈ, (ਉਸ ਦੇ ਅੰਦਰੋਂ) ਮੇਰ-ਤੇਰ ਅਤੇ ਮਨ ਦੇ ਫੁਰਨਿਆਂ ਦਾ ਭਾਂਡਾ (ਹੀ) ਭੱਜ ਜਾਂਦਾ ਹੈ। ਉਹ ਮਨੁੱਖ (ਮਾਇਆ ਦੀ) ਮਮਤਾ ਦੇ ਜਾਲ ਤੋਂ ਵੱਖਰਾ ਰਹਿੰਦਾ ਹੈ। ਨਾਨਕ ਬੇਨਤੀ ਕਰਦਾ ਹੈ-ਮੈਂ ਇਹੋ ਜਿਹੇ ਮਨੁੱਖ ਦਾ (ਸਦਾ) ਦਾਸ ਹਾਂ।੨੦।੧।

TOP OF PAGE

Sri Guru Granth Darpan, by Professor Sahib Singh