ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 839

ਕਿਆ ਜਪੁ ਜਾਪਉ ਬਿਨੁ ਜਗਦੀਸੈ ॥ ਗੁਰ ਕੈ ਸਬਦਿ ਮਹਲੁ ਘਰੁ ਦੀਸੈ ॥੧॥ ਰਹਾਉ ॥ {ਪੰਨਾ 839}

ਪਦਅਰਥ: ਕਿਆ ਜਪੁਹੋਰ ਕੇਹੜਾ ਜਪ? ਜਾਪਉਜਾਪਉਂ, ਮੈਂ ਜਪਾਂ। ਜਗਦੀਸ—{ਜਗਤਈਸ} ਜਗਤ ਦਾ ਮਾਲਕ। ਸਬਦਿਸ਼ਬਦ ਦੀ ਰਾਹੀਂ, ਸ਼ਬਦ ਵਿਚ ਜੁੜਿਆਂ। ਮਹਲੁਪਰਮਾਤਮਾ ਦਾ ਟਿਕਾਣਾ। ਦੀਸੈਦਿੱਸ ਸਕਦਾ ਹੈ।੧।ਰਹਾਉ।

ਅਰਥ: ਗੁਰੂ ਦੇ ਸ਼ਬਦ ਵਿਚ ਜੁੜ ਕੇ (ਪਰਮਾਤਮਾ ਦਾ ਸਿਮਰਨ ਕੀਤਿਆਂ ਪਰਮਾਤਮਾ ਦਾ) ਦਰ-ਘਰ ਦਿੱਸ ਸਕਦਾ ਹੈ (ਪਰਮਾਤਮਾ ਦੇ ਚਰਨਾਂ ਵਿਚ ਟਿਕ ਸਕੀਦਾ ਹੈ, ਇਸ ਵਾਸਤੇ) ਜਗਤ ਦੇ ਮਾਲਕ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਮੈਂ ਹੋਰ ਕੋਈ ਭੀ ਜਾਪ ਨਹੀਂ ਜਪਦਾ।੧।ਰਹਾਉ।

ਦੂਜੈ ਭਾਇ ਲਗੇ ਪਛੁਤਾਣੇ ॥ ਜਮ ਦਰਿ ਬਾਧੇ ਆਵਣ ਜਾਣੇ ॥ ਕਿਆ ਲੈ ਆਵਹਿ ਕਿਆ ਲੇ ਜਾਹਿ ॥ ਸਿਰਿ ਜਮਕਾਲੁ ਸਿ ਚੋਟਾ ਖਾਹਿ ॥ ਬਿਨੁ ਗੁਰ ਸਬਦ ਨ ਛੂਟਸਿ ਕੋਇ ॥ ਪਾਖੰਡਿ ਕੀਨ੍ਹ੍ਹੈ ਮੁਕਤਿ ਨ ਹੋਇ ॥੨॥ {ਪੰਨਾ 839}

ਪਦਅਰਥ: ਭਾਇਪ੍ਰੇਮ ਵਿਚ। ਭਾਉਪ੍ਰੇਮ। ਦੂਜੈ ਭਾਇ—(ਪ੍ਰਭੂ ਨੂੰ ਭੁਲਾ ਕੇ) ਕਿਸੇ ਹੋਰ ਪ੍ਰੇਮ ਵਿਚ। ਜਮ ਦਰਿਜਮ ਦੇ ਦਰ ਤੇ। ਬਾਧੇਬੱਝੇ ਹੋਏ। ਆਵਣ ਜਾਣੇਜਨਮ ਮਰਨ ਦੇ ਗੇੜ। ਕਿਆ ਲੈਕੀਹ ਲੈ ਕੇ? ਖ਼ਾਲੀਹੱਥ। ਜਾਹਿਚਲੇ ਜਾਂਦੇ ਹਨ। ਸਿਰਿਸਿਰ ਉਤੇ। ਜਮਕਾਲੁਮੌਤ, ਜਮਰਾਜ, ਮੌਤ ਦਾ ਡਰ, ਆਤਮਕ ਮੌਤ। ਸਿਅਜਿਹੇ ਬੰਦੇ। ਖਾਹਿਖਾਂਦੇ ਹਨ। ਨ ਛੂਟਸਿਖ਼ਲਾਸੀ ਪ੍ਰਾਪਤ ਨਹੀਂ ਕਰੇਗਾ। ਕੋਇਕੋਈ ਜੀਵ। ਪਾਖੰਡਿਪਖੰਡ ਦੀ ਰਾਹੀਂ। ਪਾਖੰਡਿ ਕੀਨ੍ਹ੍ਹੈਕੀਤੇ ਹੋਏ ਪਖੰਡ ਦੀ ਰਾਹੀਂ, ਪਖੰਡ ਕੀਤਿਆਂ। ਮੁਕਤਿ—(ਆਤਮਕ ਮੌਤ ਤੋਂ) ਖ਼ਲਾਸੀ।੨।

ਅਰਥ: ਜਿਹੜੇ ਜੀਵ (ਪਰਮਾਤਮਾ ਨੂੰ ਵਿਸਾਰ ਕੇ) ਕਿਸੇ ਹੋਰ ਮੋਹ ਵਿਚ ਫਸੇ ਰਹਿੰਦੇ ਹਨ ਉਹ (ਆਖ਼ਰ) ਪਛੁਤਾਂਦੇ ਹਨ। ਉਹ ਜਮਰਾਜ ਦੇ ਦਰ ਤੇ ਬੱਝੇ ਰਹਿੰਦੇ ਹਨ, ਉਹਨਾਂ ਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ। ਜਗਤ ਵਿਚ ਖ਼ਾਲੀ-ਹੱਥ ਆਉਂਦੇ ਹਨ, ਇਥੋਂ ਖ਼ਾਲੀ-ਹੱਥ ਹੀ ਜਾਂਦੇ ਹਨ (ਭਾਵ, ਸਿਮਰਨ ਸੇਵਾ ਆਦਿਕ ਦੀ ਆਤਮਕ ਰਾਸਿ-ਪੂੰਜੀ ਤਾਂ ਇਕੱਠੀ ਨਾਹ ਕੀਤੀ, ਤੇ ਹੋਰ ਜੋੜਿਆ ਕਮਾਇਆ ਧਨ-ਪਦਾਰਥ ਜਗਤ ਵਿਚ ਹੀ ਰਹਿ ਗਿਆ। ਉਹਨਾਂ ਦੇ ਸਿਰ ਉਤੇ ਆਤਮਕ ਮੌਤ (ਹਰ ਵੇਲੇ ਖੜੀ ਰਹਿੰਦੀ ਹੈ) ਤੇ ਉਹ (ਨਿੱਤ ਇਸ ਆਤਮਕ ਮੌਤ ਦੀਆਂ) ਸੱਟਾਂ ਸਹਾਰਦੇ ਰਹਿੰਦੇ ਹਨ।

ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਆਤਮਕ ਮੌਤ ਤੋਂ ਬਚ ਨਹੀਂ ਸਕਦਾ। ਪਖੰਡ ਕੀਤਿਆਂ (ਬਾਹਰੋਂ ਧਾਰਮਿਕ ਭੇਖ ਬਣਾਇਆਂ) ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲ ਸਕਦੀ।੨।

ਆਪੇ ਸਚੁ ਕੀਆ ਕਰ ਜੋੜਿ ॥ ਅੰਡਜ ਫੋੜਿ ਜੋੜਿ ਵਿਛੋੜਿ ॥ ਧਰਤਿ ਅਕਾਸੁ ਕੀਏ ਬੈਸਣ ਕਉ ਥਾਉ ॥ ਰਾਤਿ ਦਿਨੰਤੁ ਕੀਏ ਭਉ ਭਾਉ ॥ ਜਿਨਿ ਕੀਏ ਕਰਿ ਵੇਖਣਹਾਰਾ ॥ ਅਵਰੁ ਨ ਦੂਜਾ ਸਿਰਜਣਹਾਰਾ ॥੩॥ {ਪੰਨਾ 839}

ਪਦਅਰਥ: ਆਪੇ—(ਪਰਮਾਤਮਾ) ਆਪ ਹੀ। ਸਚੁਸਦਾ ਕਾਇਮ ਰਹਿਣ ਵਾਲਾ। ਕੀਆ—(ਇਹ ਬ੍ਰਹਮੰਡ ਸਦਾ-ਥਿਰ ਪ੍ਰਭੂ ਨੇ ਆਪ ਹੀ) ਬਣਾਇਆ ਹੈ। ਕਰਹੱਥ {ਬਹੁ-ਵਚਨ}ਜੋੜਿਜੋੜ ਕੇ। ਕਰ ਜੋੜਿਹੱਥ ਜੋੜ ਕੇ, ਹੱਥ ਹਿਲਾ ਕੇ, ਉੱਦਮ ਕਰ ਕੇ, ਹੁਕਮ ਕਰ ਕੇ। ਅੰਡਜਬ੍ਰਹਮਾਂਡ। ਫੋੜਿਤੋੜ ਕੇ, ਨਾਸ ਕਰ ਕੇ। ਜੋੜਿਜੋੜ ਕੇ, (ਫਿਰ) ਪੈਦਾ ਕਰ ਕੇ। ਵਿਛੋੜਿਵਿਛੋੜ ਕੇ, ਤੋੜ ਕੇ, ਨਾਸ ਕਰ ਕੇ। ਕੀਏਬਣਾਏ ਹਨ। ਬੈਸਣ ਕਉਬੈਠਣ ਲਈ, (ਜੀਵਾਂ ਦੇ) ਵੱਸਣ ਲਈ। ਦਿਨੰਤੁਦਿਨ। ਭਉਡਰ। ਭਾਉਪਿਆਰ। ਜਿਨਿਜਿਸ (ਪਰਮਾਤਮਾ) ਨੇ। ਕਰਿ—(ਪੈਦਾ) ਕਰ ਕੇ। ਅਵਰੁ—(ਕੋਈ) ਹੋਰ।੩।

ਅਰਥ: ਹੇ ਭਾਈ! (ਪਰਮਾਤਮਾ) ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, (ਇਹ ਬ੍ਰਹਮਾਂਡ ਉਸ ਸਦਾ-ਥਿਰ ਪ੍ਰਭੂ ਨੇ) ਹੁਕਮ ਕਰ ਕੇ (ਆਪ ਹੀ) ਪੈਦਾ ਕੀਤਾ ਹੈ। ਇਸ ਬ੍ਰਹਮਾਂਡ ਨੂੰ ਨਾਸ ਕਰ ਕੇ, (ਫਿਰ) ਪੈਦਾ ਕਰ ਕੇ, (ਫਿਰ) ਨਾਸ ਕਰ ਕੇ (ਫਿਰ ਆਪ ਹੀ ਪੈਦਾ ਕਰ ਦੇਂਦਾ ਹੈ)

ਹੇ ਭਾਈ! (ਇਹ) ਧਰਤੀ (ਅਤੇ) ਆਕਾਸ਼ (ਪਰਮਾਤਮਾ ਨੇ ਜੀਵਾਂ ਦੇ) ਵੱਸਣ ਵਾਸਤੇ ਥਾਂ ਬਣਾਈ ਹੈ। (ਪਰਮਾਤਮਾ ਨੇ ਆਪ ਹੀ) ਦਿਨ ਅਤੇ ਰਾਤ ਬਣਾਏ ਹਨ, (ਜੀਵਾਂ ਦੇ ਅੰਦਰ) ਡਰ ਅਤੇ ਪਿਆਰ (ਭੀ ਪਰਮਾਤਮਾ ਨੇ ਆਪ ਹੀ ਪੈਦਾ ਕੀਤੇ ਹਨ)

ਹੇ ਭਾਈ! ਜਿਸ (ਪਰਮਾਤਮਾ) ਨੇ (ਸਾਰੇ ਜੀਵ) ਪੈਦਾ ਕੀਤੇ ਹਨ, (ਇਹਨਾਂ ਨੂੰ) ਪੈਦਾ ਕਰ ਕੇ (ਆਪ ਹੀ ਇਹਨਾਂ ਦੀ) ਸੰਭਾਲ ਕਰਨ ਵਾਲਾ ਹੈ। ਹੇ ਭਾਈ! (ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜਾ (ਇਸ ਬ੍ਰਹਮਾਂਡ ਨੂੰ) ਪੈਦਾ ਕਰਨ ਵਾਲਾ ਨਹੀਂ ਹੈ।੩।

ਤ੍ਰਿਤੀਆ ਬ੍ਰਹਮਾ ਬਿਸਨੁ ਮਹੇਸਾ ॥ ਦੇਵੀ ਦੇਵ ਉਪਾਏ ਵੇਸਾ ॥ ਜੋਤੀ ਜਾਤੀ ਗਣਤ ਨ ਆਵੈ ॥ ਜਿਨਿ ਸਾਜੀ ਸੋ ਕੀਮਤਿ ਪਾਵੈ ॥ ਕੀਮਤਿ ਪਾਇ ਰਹਿਆ ਭਰਪੂਰਿ ॥ ਕਿਸੁ ਨੇੜੈ ਕਿਸੁ ਆਖਾ ਦੂਰਿ ॥੪॥ {ਪੰਨਾ 839}

ਪਦਅਰਥ: ਤ੍ਰਿਤੀਆਪੂਰਨਮਾਸ਼ੀ ਤੋਂ ਪਿਛੋਂ ਤੀਜਾ ਦਿਨ। ਮਹੇਸਾਸ਼ਿਵ। ਉਪਾਏਪੈਦਾ ਕੀਤੇ। ਵੇਸਾਵੇਸ, ਸਰੂਪ। ਜੋਤਿਪ੍ਰਕਾਸ਼, ਚਾਨਣ। ਜਾਤੀਜਾਤਿ, ਹਸਤੀ। ਜਿਨਿਜਿਸ (ਕਰਤਾਰ) ਨੇ। ਸੋਉਹ ਪਰਮਾਤਮਾ। ਕੀਮਤਿਕਦਰ, ਮੁੱਲ। ਆਖਾਆਖਾਂ, ਮੈਂ ਆਖਾਂ।੪।

ਅਰਥ: ਪਰਮਾਤਮਾ ਨੇ ਹੀ ਬ੍ਰਹਮਾ ਵਿਸ਼ਨੂ ਤੇ ਸ਼ਿਵ ਪੈਦਾ ਕੀਤੇ, ਪਰਮਾਤਮਾ ਨੇ ਹੀ ਦੇਵੀਆਂ ਦੇਵਤੇ ਆਦਿਕ ਅਨੇਕਾਂ ਹਸਤੀਆਂ ਪੈਦਾ ਕੀਤੀਆਂ। ਦੁਨੀਆ ਨੂੰ ਚਾਨਣ ਦੇਣ ਵਾਲੀਆਂ ਇਤਨੀਆਂ ਹਸਤੀਆਂ ਉਸ ਨੇ ਪੈਦਾ ਕੀਤੀਆਂ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ।

ਜਿਸ ਪਰਮਾਤਮਾ ਨੇ (ਇਹ ਸਾਰੀ ਸ੍ਰਿਸ਼ਟੀ) ਪੈਦਾ ਕੀਤੀ ਹੈ ਉਹ (ਹੀ) ਇਸ ਦੀ ਕਦਰ ਜਾਣਦਾ ਹੈ (ਭਾਵ, ਇਸ ਨਾਲ ਪਿਆਰ ਕਰਦਾ ਹੈ, ਤੇ) ਇਸ ਵਿਚ ਹਰ ਥਾਂ ਮੌਜੂਦ (ਇਸ ਦੀ ਸੰਭਾਲ ਕਰਦਾ) ਹੈ। ਮੈਂ ਕੀਹ ਦੱਸਾਂ ਕਿ ਕਿਸ ਤੋਂ ਉਹ ਪਰਮਾਤਮਾ ਨੇੜੇ ਹੈ ਤੇ ਕਿਸ ਤੋਂ ਦੂਰ ਹੈ? (ਭਾਵ, ਪਰਮਾਤਮਾ ਨਾਹ ਕਿਸੇ ਤੋਂ ਨੇੜੇ ਤੇ ਨਾਹ ਕਿਸੇ ਤੋਂ ਦੂਰ ਹੈ, ਹਰੇਕ ਵਿਚ ਇਕ-ਸਮਾਨ ਵਿਆਪਕ ਹੈ)੪।

ਚਉਥਿ ਉਪਾਏ ਚਾਰੇ ਬੇਦਾ ॥ ਖਾਣੀ ਚਾਰੇ ਬਾਣੀ ਭੇਦਾ ॥ ਅਸਟ ਦਸਾ ਖਟੁ ਤੀਨਿ ਉਪਾਏ ॥ ਸੋ ਬੂਝੈ ਜਿਸੁ ਆਪਿ ਬੁਝਾਏ ॥ ਤੀਨਿ ਸਮਾਵੈ ਚਉਥੈ ਵਾਸਾ ॥ ਪ੍ਰਣਵਤਿ ਨਾਨਕ ਹਮ ਤਾ ਕੇ ਦਾਸਾ ॥੫॥ {ਪੰਨਾ 839}

ਪਦਅਰਥ: ਚਉਥਿਪੂਰਨਮਾਸ਼ੀ ਤੋਂ ਪਿਛੋਂ ਚੌਥੇ ਦਿਨ। ਚਾਰੇ ਬੇਦਰਿਗ, ਜਜੁਰ, ਸਾਮ, ਅਥਰਬਨ। ਖਾਣੀ ਚਾਰੇਜਗਤਉਤਪੱਤੀ ਦੀਆਂ ਚਾਰ ਖਾਣਾਂ (ਅੰਡਜ, ਜੇਰਜ, ਉਤਭੁਜ, ਸੇਤਜ)ਬਾਣੀ ਭੇਦਾਵਖ ਵਖ ਬੋਲੀਆਂ। ਅਸਟਅੱਠ। ਅਸਟ ਦਸਾ—(ਅੱਠ ਤੇ ਦਸ) ਅਠਾਰਾਂ ਪੁਰਾਣ। ਖਟੁਛੇ (ਸ਼ਾਸਤ੍ਰ) {ਸਾਂਖ, ਜੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ}ਤੀਨਿ—(ਮਾਇਆ ਦੇ) ਤਿੰਨ ਗੁਣ (ਰਜੋ, ਸਤੋ, ਤਮੋ)ਸਮਾਵੈਮੁਕਾ ਲਏ। ਚਉਥੈਚੌਥੇ (ਪਦ) ਵਿਚ, ਆਤਮਕ ਅਡੋਲਤਾ ਵਿਚ। ਤਾ ਕੇਉਸ (ਗੁਰਮੁਖ) ਦੇ।੫।

ਅਰਥ: ਪਰਮਾਤਮਾ ਨੇ ਆਪ ਹੀ ਚਾਰ ਵੇਦ ਪੈਦਾ ਕੀਤੇ ਹਨ, ਆਪ ਹੀ (ਜਗਤ-ਉਤਪੱਤੀ ਦੀਆਂ) ਚਾਰ ਖਾਣਾਂ ਪੈਦਾ ਕੀਤੀਆਂ ਹਨ ਤੇ ਆਪ ਹੀ ਜੀਵਾਂ ਦੀਆਂ ਵਖ ਵਖ ਬੋਲੀਆਂ ਬਣਾ ਦਿੱਤੀਆਂ ਹਨ। ਅਕਾਲ ਪੁਰਖ ਨੇ ਆਪ ਹੀ ਅਠਾਰਾਂ ਪੁਰਾਣ ਛੇ ਸ਼ਾਸਤ੍ਰ ਤੇ (ਮਾਇਆ ਦੇ) ਤਿੰਨ (ਗੁਣ) ਪੈਦਾ ਕੀਤੇ ਹਨ। ਇਸ ਭੇਤ ਨੂੰ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸੂਝ ਬਖ਼ਸ਼ੇ।

ਨਾਨਕ ਬੇਨਤੀ ਕਰਦਾ ਹੈ-ਮੈਂ ਉਸ ਮਨੁੱਖ ਦਾ ਦਾਸ ਹਾਂ ਜੋ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਮੁਕਾ ਕੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।੫।

ਪੰਚਮੀ ਪੰਚ ਭੂਤ ਬੇਤਾਲਾ ॥ ਆਪਿ ਅਗੋਚਰੁ ਪੁਰਖੁ ਨਿਰਾਲਾ ॥ ਇਕਿ ਭ੍ਰਮਿ ਭੂਖੇ ਮੋਹ ਪਿਆਸੇ ॥ ਇਕਿ ਰਸੁ ਚਾਖਿ ਸਬਦਿ ਤ੍ਰਿਪਤਾਸੇ ॥ ਇਕਿ ਰੰਗਿ ਰਾਤੇ ਇਕਿ ਮਰਿ ਧੂਰਿ ॥ ਇਕਿ ਦਰਿ ਘਰਿ ਸਾਚੈ ਦੇਖਿ ਹਦੂਰਿ ॥੬॥ {ਪੰਨਾ 839}

ਪਦਅਰਥ: ਪੰਚ ਭੂਤਪੰਜ ਤੱਤਾਂ ਵਿਚ ਹੀ ਪ੍ਰਵਿਰਤ ਜੀਵ। ਬੇਤਾਲਾਜੀਵਨਜਾਚ ਤੋਂ, ਤਾਲ ਤੋਂ ਖੁੰਝੇ ਹੋਏ ਜੀਵ, ਭੂਤਨੇ। ਅਗੋਚਰੁ—{ਗੋਚਰੁ। ਗੋਗਿਆਨਇੰਦ੍ਰੇ। ਚਰੁਪਹੁੰਚਣਾ} ਜਿਸ ਤਕ ਗਿਆਨਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ। ਨਿਰਾਲਾ—{ਨਿਰਆਲਯ} ਜਿਸ ਦਾ ਕੋਈ ਖ਼ਾਸ ਘਰ ਨਹੀਂ, ਜੋ ਕਿਸੇ ਖ਼ਾਸ ਇੱਕ ਸਰੀਰਘਰ ਵਿਚ ਹੀ ਨਹੀਂ, ਨਿਰਲੇਪ। ਇਕਿ—{ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ, ਅਨੇਕਾਂ ਜੀਵ। ਭ੍ਰਮਿਭਟਕਣਾ ਵਿਚ ਪੈ ਕੇ। ਭੂਖੇਮਾਇਆ ਦੀ ਭੁੱਖ ਦੇ ਅਧੀਨ, ਤ੍ਰਿਸ਼ਨਾਮਾਰੇ। ਰਸੁਨਾਮਰਸ। ਤ੍ਰਿਪਤਾਸੇਮਾਇਆ ਵਲੋਂ ਰੱਜੇ ਹੋਏ। ਰਾਤੇਰੱਤੇ ਹੋਏ, ਰੰਗੇ ਹੋਏ। ਮਰਿ—(ਆਤਮਕ ਮੌਤੇ) ਮਰ ਕੇ, ਆਤਮਕ ਜੀਵਨ ਗਵਾ ਕੇ। ਧੂਰਿਮਿੱਟੀ। ਦਰਿਪ੍ਰਭੂ ਦੇ ਦਰ ਤੇ। ਘਰਿ ਸਾਚੈਸਦਾ-ਥਿਰ ਪ੍ਰਭੂ ਦੇ ਘਰ ਵਿਚ। ਦੇਖਿਵੇਖ ਕੇ।੬।

ਅਰਥ: ਸਰਬ-ਵਿਆਪਕ (-ਪੁਰਖ) ਪਰਮਾਤਮਾ ਆਪ ਤਾਂ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ ਤੇ ਨਿਰਲੇਪ ਹੈ, ਪਰ ਉਸ ਦੇ ਪੈਦਾ ਕੀਤੇ ਹੋਏ ਜਿਹੜੇ ਜੀਵ ਪੰਜ ਤੱਤਾਂ ਵਿਚ ਹੀ ਪਰਵਿਰਤ ਹਨ ਉਹ ਜੀਵਨ-ਜਾਚ ਤੋਂ ਖੁੰਝੇ ਹੋਏ ਹਨ। (ਅਜਿਹੇ) ਅਨੇਕਾਂ ਜੀਵ ਭਟਕਣਾ ਦੇ ਕਾਰਨ ਤ੍ਰਿਸ਼ਨਾ-ਅਧੀਨ ਹਨ, ਮਾਇਆ ਦੇ ਮੋਹ ਵਿਚ ਫਸੇ ਹੋਏ ਹਨ। ਪਰ ਕਈ ਐਸੇ (ਭਾਗਾਂ ਵਾਲੇ) ਹਨ ਜੋ (ਪਰਮਾਤਮਾ ਦੇ ਨਾਮ ਦਾ) ਸੁਆਦ ਚੱਖ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਵਲੋਂ ਰੱਜੇ ਹੋਏ ਹਨ, ਤੇ ਪਰਮਾਤਮਾ ਦੇ ਨਾਮ ਦੇ ਰੰਗ ਵਿਚ ਰੰਗੇ ਹੋਏ ਹਨ। ਪਰ ਇਕ ਐਸੇ ਹਨ ਜੋ ਆਤਮਕ ਮੌਤ ਸਹੇੜ ਕੇ ਮਿੱਟੀ ਹੋਏ ਪਏ ਹਨ (ਜੀਵਨ ਉੱਕਾ ਹੀ ਗਵਾ ਚੁਕੇ ਹਨ)ਇਕ ਐਸੇ ਹਨ ਜੋ ਪ੍ਰਭੂ ਨੂੰ ਆਪਣੇ ਅੰਗ-ਸੰਗ ਵੇਖ ਕੇ ਉਸ ਸਦਾ-ਥਿਰ ਪ੍ਰਭੂ ਦੇ ਦਰ ਤੇ ਟਿਕੇ ਰਹਿੰਦੇ ਹਨ ਉਸ ਦੇ ਚਰਨਾਂ ਵਿਚ ਜੁੜੇ ਰਹਿੰਦੇ ਹਨ।੬।

ਝੂਠੇ ਕਉ ਨਾਹੀ ਪਤਿ ਨਾਉ ॥ ਕਬਹੁ ਨ ਸੂਚਾ ਕਾਲਾ ਕਾਉ ॥ ਪਿੰਜਰਿ ਪੰਖੀ ਬੰਧਿਆ ਕੋਇ ॥ ਛੇਰੀਂ ਭਰਮੈ ਮੁਕਤਿ ਨ ਹੋਇ ॥ ਤਉ ਛੂਟੈ ਜਾ ਖਸਮੁ ਛਡਾਏ ॥ ਗੁਰਮਤਿ ਮੇਲੇ ਭਗਤਿ ਦ੍ਰਿੜਾਏ ॥੭॥ {ਪੰਨਾ 839}

ਪਦਅਰਥ: ਝੂਠਾਕੂੜ ਦਾ ਵਪਾਰੀ ਜੀਵ। ਪਤਿਇੱਜ਼ਤ। ਨਾਉਨਾਮਣਾ, ਇੱਜ਼ਤ। ਸੂਚਾਪਵਿਤ੍ਰ। ਪਿੰਜਰਿਪਿੰਜਰੇ ਵਿਚ। ਬੰਧਿਆਕੈਦ ਕੀਤਾ ਹੋਇਆ। ਛੇਰੀਂਪਿੰਜਰੇ ਦੀਆਂ ਵਿਰਲਾਂ ਵਿਚ। ਭਰਮੈਭਟਕਦਾ ਹੈ। ਮੁਕਤਿਪਿੰਜਰੇ ਵਿਚੋਂ ਖ਼ਲਾਸੀ। ਤਉਤਦੋਂ ਹੀ। ਖਸਮੁਮਾਲਕ। ਦ੍ਰਿੜਾਏਹਿਰਦੇ ਵਿਚ ਪੱਕੀ ਕਰ ਦੇਂਦਾ ਹੈ।੭।

ਅਰਥ: ਜਿਹੜਾ ਮਨੁੱਖ ਦੁਨੀਆ ਦੇ ਪਦਾਰਥਾਂ ਦਾ ਹੀ ਪ੍ਰੇਮੀ ਬਣਿਆ ਰਹਿੰਦਾ ਹੈ, ਉਸ ਨੂੰ (ਲੋਕ ਪਰਲੋਕ ਵਿਚ ਕਿਤੇ ਭੀ) ਇੱਜ਼ਤ-ਆਦਰ ਨਸੀਬ ਨਹੀਂ ਹੁੰਦਾ। ਜਿਸ ਮਨੁੱਖ ਦਾ ਮਨ ਵਿਕਾਰਾਂ ਨਾਲ ਕਾਂ ਵਾਂਗ ਕਾਲਾ ਹੋ ਜਾਏ ਉਹ (ਮਾਇਆ ਵਿਚ ਫਸਿਆ ਰਹਿ ਕੇ) ਕਦੇ ਭੀ ਪਵਿੱਤ੍ਰ ਨਹੀਂ ਹੋ ਸਕਦਾ।

ਕੋਈ ਪੰਛੀ ਪਿੰਜਰੇ ਵਿਚ ਕੈਦ ਹੋ ਜਾਏ, ਉਹ ਪਿੰਜਰੇ ਦੀਆਂ ਵਿਰਲਾਂ ਵਿਚ (ਬੇਸ਼ੱਕ) ਪਿਆ ਭਟਕੇ, (ਇਸ ਤਰ੍ਹਾਂ ਪਿੰਜਰੇ ਦੀ) ਕੈਦ ਵਿਚੋਂ ਨਿਕਲ ਨਹੀਂ ਸਕਦਾ, ਤਦੋਂ ਹੀ ਪਿੰਜਰੇ ਵਿਚੋਂ ਆਜ਼ਾਦ ਹੋਵੇਗਾ ਜੇ ਉਸ ਦਾ ਮਾਲਕ ਉਸ ਨੂੰ ਆਜ਼ਾਦੀ ਦੇਵੇ (ਤਿਵੇਂ ਹੀ ਮਾਇਆ ਦੇ ਮੋਹ ਵਿਚ ਕੈਦ ਹੋਏ ਜੀਵ ਨੂੰ ਮਾਲਕ-ਪ੍ਰਭੂ ਆਪ ਹੀ ਖ਼ਲਾਸੀ ਦੇਂਦਾ ਹੈ)ਪ੍ਰਭੂ ਉਸ ਨੂੰ ਗੁਰੂ ਦੀ ਮਤਿ ਵਿਚ ਜੋੜਦਾ ਹੈ, ਆਪਣੀ ਭਗਤੀ ਉਸ ਦੇ ਹਿਰਦੇ ਵਿਚ ਪੱਕੀ ਕਰ ਦੇਂਦਾ ਹੈ।੭।

ਖਸਟੀ ਖਟੁ ਦਰਸਨ ਪ੍ਰਭ ਸਾਜੇ ॥ ਅਨਹਦ ਸਬਦੁ ਨਿਰਾਲਾ ਵਾਜੇ ॥ ਜੇ ਪ੍ਰਭ ਭਾਵੈ ਤਾ ਮਹਲਿ ਬੁਲਾਵੈ ॥ ਸਬਦੇ ਭੇਦੇ ਤਉ ਪਤਿ ਪਾਵੈ ॥ ਕਰਿ ਕਰਿ ਵੇਸ ਖਪਹਿ ਜਲਿ ਜਾਵਹਿ ॥ ਸਾਚੈ ਸਾਚੇ ਸਾਚਿ ਸਮਾਵਹਿ ॥੮॥ {ਪੰਨਾ 839}

ਪਦਅਰਥ: ਖਸਟੀਖਸਟਮੀ, ਛੇਵੀਂ ਥਿਤ। ਖਟੁ ਦਰਸਨਛੇ ਭੇਖ (ਜੋਗੀ, ਸੰਨਿਆਸੀ, ਜੰਗਮ, ਬੋਧੀ, ਸਰੇਵੜੇ, ਬੈਰਾਗੀ)ਪ੍ਰਭਪ੍ਰਭੂ ਦੀ ਖ਼ਾਤਰ, ਪ੍ਰਭੂ ਨੂੰ ਮਿਲਣ ਵਾਸਤੇ। ਅਨਹਦਇਕ-ਰਸ, ਬਿਨਾ ਵਜਾਏ ਵੱਜਣ ਵਾਲਾ। ਸਬਦੁਸਿਫ਼ਤਿ-ਸਾਲਾਹ ਦੀ ਧੁਨਿ। ਨਿਰਾਲਾਵੱਖਰਾ ਹੀ, (ਭੇਖਾਂ ਦੇ ਅਡੰਬਰ ਤੋਂ) ਵੱਖਰਾ ਹੀ। ਪ੍ਰਭ ਭਾਵੈਪ੍ਰਭੂ ਨੂੰ ਪਸੰਦ ਆ ਜਾਏ। ਮਹਲਿਆਪਣੀ ਹਜ਼ੂਰੀ ਵਿਚ। ਸਬਦੇਸਬਦਿ, ਸਿਫ਼ਤਿ-ਸਾਲਾਹ ਦੀ ਬਾਣੀ ਨਾਲ। ਭੇਦੇਵਿੰਨ੍ਹ ਲਏ, ਮੋਹਿਤ ਕਰ ਲਏ। ਤਉਤਦੋਂ। ਪਤਿਇੱਜ਼ਤ। ਵੇਸਧਾਰਮਿਕ ਪਹਿਰਾਵੇ। ਜਲਿ ਜਾਵਹਿਸੜ ਜਾਂਦੇ ਹਨ। ਸਾਚੈਸਦਾ-ਥਿਰ ਪ੍ਰਭੂ ਵਿਚ। ਸਾਚੇਸਦਾ-ਥਿਰ ਪ੍ਰਭੂ ਦਾ ਰੂਪ ਹੋ ਕੇ। ਸਾਚਿਸਦਾ-ਥਿਰ ਪ੍ਰਭੂ ਦੇ ਨਾਮ ਸਿਮਰਨ ਦੀ ਰਾਹੀਂ।੮।

ਅਰਥ: ਪ੍ਰਭੂ ਨੂੰ ਮਿਲਣ ਵਾਸਤੇ (ਜੋਗੀ ਸੰਨਿਆਸੀ ਆਦਿਕ) ਛੇ ਭੇਖ ਬਣਾਏ ਗਏ, ਪਰ ਇਕ-ਰਸ ਸਿਫ਼ਤਿ-ਸਾਲਾਹ ਦਾ ਸ਼ਬਦ (-ਵਾਜਾ ਇਹਨਾਂ ਭੇਖਾਂ ਤੋਂ) ਵੱਖਰਾ ਹੀ ਵੱਜਦਾ ਹੈ (ਪ੍ਰਭਾਵ ਪਾਂਦਾ ਹੈ)ਜੇ ਪ੍ਰਭੂ ਨੂੰ (ਕੋਈ ਵਡ-ਭਾਗੀ) ਚੰਗਾ ਲੱਗ ਪਏ, ਤਾਂ ਉਸ ਨੂੰ ਪ੍ਰਭੂ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ। ਜਦੋਂ ਕੋਈ ਮਨੁੱਖ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ (ਆਪਣੇ ਮਨ ਨੂੰ ਪ੍ਰਭੂ ਦੀ ਯਾਦ ਵਿਚ) ਪ੍ਰੋ ਲਏ, ਤਦੋਂ ਉਹ (ਪ੍ਰਭੂ ਦੀ ਹਜ਼ੂਰੀ ਵਿਚ) ਇੱਜ਼ਤ ਪਾਂਦਾ ਹੈ।

ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ-ਨਾਮ ਦੇ ਸਿਮਰਨ ਦੀ ਰਾਹੀਂ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ, ਪਰ (ਭੇਖੀ ਸਾਧ) ਧਾਰਮਿਕ ਭੇਖ ਕਰ ਕਰ ਕੇ ਹੀ ਖਪਦੇ ਹਨ ਤੇ (ਤ੍ਰਿਸ਼ਨਾ-ਅੱਗ ਵਿਚ) ਸੜਦੇ ਰਹਿੰਦੇ ਹਨ।੮।

ਸਪਤਮੀ ਸਤੁ ਸੰਤੋਖੁ ਸਰੀਰਿ ॥ ਸਾਤ ਸਮੁੰਦ ਭਰੇ ਨਿਰਮਲ ਨੀਰਿ ॥ ਮਜਨੁ ਸੀਲੁ ਸਚੁ ਰਿਦੈ ਵੀਚਾਰਿ ॥ ਗੁਰ ਕੈ ਸਬਦਿ ਪਾਵੈ ਸਭਿ ਪਾਰਿ ॥ ਮਨਿ ਸਾਚਾ ਮੁਖਿ ਸਾਚਉ ਭਾਇ ॥ ਸਚੁ ਨੀਸਾਣੈ ਠਾਕ ਨ ਪਾਇ ॥੯॥ {ਪੰਨਾ 839}

ਪਦਅਰਥ: ਸਰੀਰਿ—(ਜਿਸ ਦੇ) ਸਰੀਰ ਵਿਚ। ਸਚੁਦਾਨ, ਸੇਵਾ। ਸਾਤ ਸਮੁੰਦੁਪੰਜ ਗਿਆਨ ਇੰਦ੍ਰੇ, ਮਨ ਤੇ ਬੁਧਿ। ਨੀਰਿ—(ਨਾਮ-) ਜਲ ਨਾਲ। ਸੀਲੁਪਵਿਤ੍ਰ ਆਚਰਨ। ਮਜਨੁਇਸ਼ਨਾਨ। ਸਚੁਸਦਾ-ਥਿਰ ਪ੍ਰਭੂ। ਵੀਚਾਰਿਵਿਚਾਰ ਕੇ, ਟਿਕਾ ਕੇ। ਸਬਦਿਸ਼ਬਦ ਦੀ ਰਾਹੀਂ। ਪਾਵੈ ਪਾਰਿਪਾਰ ਲੰਘਾ ਲੈਂਦਾ ਹੈ। ਸਭਿਸਾਰੇ ਸੱਤ ਸਮੁੰਦਰਾਂ ਨੂੰ। ਮਨਿਮਨ ਵਿਚ। ਮੁਖਿਮੂੰਹ ਵਿਚ। ਸਾਚਉਸਦਾ-ਥਿਰ ਪ੍ਰਭੂ। ਭਾਇਪ੍ਰੇਮ ਵਿਚ। ਸਚੁਸਦਾ-ਥਿਰ ਪ੍ਰਭੂਨਾਮ। ਨੀਸਾਣੈਨੀਸਾਣ ਦੇ ਕਾਰਨ, ਰਾਹਦਾਰੀ ਦੇ ਕਾਰਨ।੯।

ਅਰਥ: ਜਿਸ ਮਨੁੱਖ ਦੇ ਅੰਦਰ ਦੂਜਿਆਂ ਦੀ ਸੇਵਾ ਤੇ ਸੰਤੋਖ (ਪਲ੍ਹਰਦੇ) ਹਨ, ਜਿਸ ਮਨੁੱਖ ਦੇ ਪੰਜੇ ਗਿਆਨ-ਇੰਦ੍ਰੇ, ਮਨ ਅਤੇ ਬੁੱਧੀ ਪਰਮਾਤਮਾ ਦੇ ਪਵਿੱਤ੍ਰ ਨਾਮ-ਜਲ ਨਾਲ ਭਰਪੂਰ ਹੋ ਜਾਂਦੇ ਹਨ, ਜੋ ਮਨੁੱਖ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾ ਕੇ (ਅੰਤਰ ਆਤਮੇ) ਪਵਿਤ੍ਰ-ਆਚਰਨ-ਰੂਪ ਇਸ਼ਨਾਨ ਕਰਦਾ ਰਹਿੰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸਾਰਿਆਂ ਨੂੰ (ਭਾਵ, ਪੰਜੇ ਗਿਆਨ-ਇੰਦ੍ਰਿਆਂ, ਮਨ ਤੇ ਬੁੱਧੀ ਨੂੰ ਵਿਕਾਰਾਂ ਦੇ ਪ੍ਰਭਾਵ ਤੋਂ) ਪਾਰ ਲੰਘਾ ਲੈਂਦਾ ਹੈ।

ਜਿਸ ਮਨੁੱਖ ਦੇ ਮਨ ਵਿਚ ਸਦਾ-ਥਿਰ ਪ੍ਰਭੂ ਵੱਸਦਾ ਹੈ, ਜਿਸ ਮਨੁੱਖ ਦੀ ਜੀਭ ਉਤੇ ਸਦਾ-ਥਿਰ ਪ੍ਰਭੂ ਹੀ ਵੱਸਦਾ ਹੈ, ਜੋ ਸਦਾ ਪ੍ਰਭੂ ਦੇ ਪ੍ਰੇਮ ਵਿਚ ਲੀਨ ਰਹਿੰਦਾ ਹੈ, ਸਦਾ-ਥਿਰ ਨਾਮ ਉਸ ਦੇ ਪਾਸ (ਜੀਵਨ-ਸਫ਼ਰ ਵਿਚ) ਰਾਹਦਾਰੀ ਹੈ, ਇਸ ਰਾਹਦਾਰੀ ਦੇ ਕਾਰਨ (ਉਸ ਦੇ ਰਾਹ ਵਿਚ ਵਿਕਾਰ ਆਦਿਕਾਂ ਦੀ ਕੋਈ) ਰੋਕ ਨਹੀਂ ਪੈਂਦੀ।੯।

ਅਸਟਮੀ ਅਸਟ ਸਿਧਿ ਬੁਧਿ ਸਾਧੈ ॥ ਸਚੁ ਨਿਹਕੇਵਲੁ ਕਰਮਿ ਅਰਾਧੈ ॥ ਪਉਣ ਪਾਣੀ ਅਗਨੀ ਬਿਸਰਾਉ ॥ ਤਹੀ ਨਿਰੰਜਨੁ ਸਾਚੋ ਨਾਉ ॥ ਤਿਸੁ ਮਹਿ ਮਨੂਆ ਰਹਿਆ ਲਿਵ ਲਾਇ ॥ ਪ੍ਰਣਵਤਿ ਨਾਨਕੁ ਕਾਲੁ ਨ ਖਾਇ ॥੧੦॥ {ਪੰਨਾ 839}

ਪਦਅਰਥ: ਅਸਟਅੱਠ। ਅਸਟਮੀਅੱਠਵੀਂ। ਅਸਟ ਸਿਧਿਅੱਠ ਸਿੱਧੀਆਂ {ਅਣਿਮਾ, ਮਹਿਮਾ, ਲਘਿਮਾ, ਗਰਿਮਾ, ਪ੍ਰਾਪਤੀ, ਪ੍ਰਾਕਾਮ੍ਯ, ਈਸ਼ਿਤਾ, ਵਸ਼ਿਤਾ}ਬੁਧਿਅਕਲ। ਸਾਧੈਕਾਬੂ ਵਿਚ ਰੱਖਦਾ ਹੈ। ਸਚੁਸਦਾ-ਥਿਰ ਪ੍ਰਭੂ। ਨਿਹਕੇਵਲੁ—{निष्कैवल्य} ਪਵਿਤ੍ਰ। ਕਰਮਿ—(ਪ੍ਰਭੂ ਦੀ) ਮੇਹਰ ਨਾਲ। ਅਰਾਧੈਸਿਮਰਦਾ ਹੈ। ਪਉਣਰਜੋ ਗੁਣ। ਪਾਣੀਸਤੋ ਗੁਣ। ਅਗਨੀਤਮੋ ਗੁਣ। ਬਿਸਰਾਉਅਭਾਵ। ਤਹੀਉਸ ਥਾਂ, ਉਸੇ ਹਿਰਦੇ ਵਿਚ। ਨਿਰੰਜਨੁਮਾਇਆ ਦੇ ਪ੍ਰਭਾਵ ਤੋਂ ਉਤਾਂਹ। ਸਾਚੋਸਦਾ-ਥਿਰ। ਤਿਸੁ ਮਹਿਉਸ ਪਰਮਾਤਮਾ ਵਿਚ। ਪ੍ਰਣਵਤਿਬੇਨਤੀ ਕਰਦਾ ਹੈ। ਕਾਲੁਆਤਮਕ ਮੌਤ।੧੦।

ਅਰਥ: ਜਿਹੜਾ ਮਨੁੱਖ (ਜੋਗੀਆਂ ਵਾਲੀਆਂ) ਅੱਠ ਸਿੱਧੀਆਂ ਹਾਸਲ ਕਰਨ ਦੀ ਤਾਂਘ ਰੱਖਣ ਵਾਲੀ ਬੁੱਧੀ ਨੂੰ ਆਪਣੇ ਕਾਬੂ ਵਿਚ ਰੱਖਦਾ ਹੈ (ਭਾਵ, ਜੋ ਮਨੁੱਖ ਸਿੱਧੀਆਂ ਪ੍ਰਾਪਤ ਕਰਨ ਦੀ ਲਾਲਸਾ ਤੋਂ ਉਤਾਂਹ ਰਹਿੰਦਾ ਹੈ), ਜੋ ਪਵਿਤ੍ਰ-ਸਰੂਪ ਸਦਾ-ਥਿਰ ਪ੍ਰਭੂ ਨੂੰ ਉਸ ਦੀ ਮਿਹਰ ਨਾਲ (ਸਦਾ) ਸਿਮਰਦਾ ਹੈ, ਜਿਸ ਦੇ ਹਿਰਦੇ ਵਿਚ ਰਜੋ ਸਤੋ ਅਤੇ ਤਮੋ ਗੁਣ ਦਾ ਅਭਾਵ ਰਹਿੰਦਾ ਹੈ, ਉਸੇ ਹਿਰਦੇ ਵਿਚ ਨਿਰਲੇਪ ਪਰਮਾਤਮਾ ਵੱਸਦਾ ਹੈ, ਸਦਾ-ਥਿਰ ਪ੍ਰਭੂ-ਨਾਮ ਵੱਸਦਾ ਹੈ।

ਜਿਸ ਮਨੁੱਖ ਦਾ ਮਨ ਉਸ ਅਕਾਲ ਪੁਰਖ ਵਿਚ ਸਦਾ ਲੀਨ ਰਹਿੰਦਾ ਹੈ, ਨਾਨਕ ਆਖਦਾ ਹੈ, ਉਸ ਨੂੰ ਆਤਮਕ ਮੌਤ ਨਹੀਂ ਖਾਂਦੀ (ਆਤਮਕ ਮੌਤ ਉਸ ਦੇ ਆਤਮਕ ਜੀਵਨ ਨੂੰ ਤਬਾਹ ਨਹੀਂ ਕਰਦੀ)੧੦।

ਨਾਉ ਨਉਮੀ ਨਵੇ ਨਾਥ ਨਵ ਖੰਡਾ ॥ ਘਟਿ ਘਟਿ ਨਾਥੁ ਮਹਾ ਬਲਵੰਡਾ ॥ ਆਈ ਪੂਤਾ ਇਹੁ ਜਗੁ ਸਾਰਾ ॥ ਪ੍ਰਭ ਆਦੇਸੁ ਆਦਿ ਰਖਵਾਰਾ ॥ ਆਦਿ ਜੁਗਾਦੀ ਹੈ ਭੀ ਹੋਗੁ ॥ ਓਹੁ ਅਪਰੰਪਰੁ ਕਰਣੈ ਜੋਗੁ ॥੧੧॥ {ਪੰਨਾ 839-840}

ਪਦਅਰਥ: ਨਵੇ ਨਾਥਨੌਂਹੀ ਨਾਥ, ਸਾਰੇ ਨੌ ਨਾਥ (ਆਦਿ ਨਾਥ, ਮਛੇਂਦਰ ਨਾਥ, ਉਦਯ ਨਾਥ, ਸੰਤੋਖ ਨਾਥ, ਕੰਥੜ ਨਾਥ, ਸਤ੍ਯ ਨਾਥ, ਅਚੰਭ ਨਾਥ, ਚੌਰੰਗੀ ਨਾਥ, ਗੋਰਖ ਨਾਥ)ਨਾਥਜੋਗੀਆਂ ਦੇ ਮਹੰਤ। ਨਵ ਖੰਡਧਰਤੀ ਦੇ ਸਾਰੇ ਨੌ ਹਿੱਸੇ, ਸਾਰੀ ਧਰਤੀ ਦੇ ਜੀਵ। ਘਟਿ ਘਟਿਹਰੇਕ ਸਰੀਰ ਵਿਚ (ਵਿਆਪਕ)ਬਲਵੰਡਬਲੀ। ਮਾਈਮਾਇਆ, ਮਾਂ। ਆਦੇਸੁਨਮਸਕਾਰ। ਪ੍ਰਭ ਆਦੇਸੁਪ੍ਰਭੂ ਨੂੰ ਨਮਸਕਾਰ। ਜੁਗਾਦੀਜੁਗਾਂ ਦੇ ਮੁੱਢ ਤੋਂ। ਅਪਰੰਪਰੁਪਰੇ ਤੋਂ ਪਰੇ, ਜਿਸ ਦਾ ਪਾਰ ਨ ਪਾਇਆ ਜਾ ਸਕੇ। ਜੋਗੁਸਮਰੱਥ।੧੧।

ਅਰਥ: (ਅਸਲ) ਨਾਥ (ਉਹ ਪ੍ਰਭੂ ਹੈ ਜੋ) ਹਰੇਕ ਸਰੀਰ ਵਿਚ ਵਿਆਪਕ ਹੈ, ਜੋ ਮਹਾ ਬਲੀ ਹੈ, ਜੋਗੀਆਂ ਦੇ ਨੌ ਹੀ ਨਾਥ ਤੇ ਧਰਤੀ ਦੇ ਸਾਰੇ ਜੀਵ ਜਿਸ ਦਾ ਨਾਮ ਜਪਦੇ ਹਨ।

(ਉਹ ਨਾਥ-ਪ੍ਰਭੂ ਸਾਰੇ ਜਗਤ ਦੀ ਮਾਂ ਹੈ) ਇਹ ਸਾਰਾ ਜਗਤ ਉਸ ਮਾਂ (-ਨਾਥ-ਪ੍ਰਭੂ) ਦਾ ਪੁੱਤਰ ਹੈ (ਪੈਦਾ ਕੀਤਾ ਹੋਇਆ ਹੈ)ਉਸ ਪ੍ਰਭੂ ਨੂੰ ਹੀ ਨਮਸਕਾਰ ਕਰਨੀ ਚਾਹੀਦੀ ਹੈ, ਉਹ ਸਭ ਦਾ ਮੁੱਢ ਹੈ, ਸਭ ਦਾ ਰਾਖਾ ਹੈ। ਉਹ ਪ੍ਰਭੂ ਮੁੱਢ ਤੋਂ ਹੈ, ਜੁਗਾਂ ਦੇ ਸ਼ੁਰੂ ਤੋਂ ਹੀ ਹੈ, ਹੁਣ ਭੀ ਹੈ ਤੇ ਸਦਾ ਲਈ ਮੌਜੂਦ ਰਹੇਗਾ। ਉਹ ਪ੍ਰਭੂ-ਨਾਥ ਪਰੇ ਤੋਂ ਪਰੇ ਹੈ (ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾ) ਉਹ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ।੧੧।

TOP OF PAGE

Sri Guru Granth Darpan, by Professor Sahib Singh