ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 835

ਇਹੁ ਮਨੁ ਨਾਚੈ ਸਤਿਗੁਰ ਆਗੈ ਅਨਹਦ ਸਬਦ ਧੁਨਿ ਤੂਰ ਵਜਈਆ ॥ ਹਰਿ ਹਰਿ ਉਸਤਤਿ ਕਰੈ ਦਿਨੁ ਰਾਤੀ ਰਖਿ ਰਖਿ ਚਰਣ ਹਰਿ ਤਾਲ ਪੂਰਈਆ ॥੫॥ ਹਰਿ ਕੈ ਰੰਗਿ ਰਤਾ ਮਨੁ ਗਾਵੈ ਰਸਿ ਰਸਾਲ ਰਸਿ ਸਬਦੁ ਰਵਈਆ ॥ ਨਿਜ ਘਰਿ ਧਾਰ ਚੁਐ ਅਤਿ ਨਿਰਮਲ ਜਿਨਿ ਪੀਆ ਤਿਨ ਹੀ ਸੁਖੁ ਲਹੀਆ ॥੬॥ {ਪੰਨਾ 835}

ਪਦਅਰਥ: ਨਾਚੈਨੱਚਦਾ ਹੈ। ਨਾਚੈ ਸਤਿਗੁਰ ਆਗੈਗੁਰੂ ਦੇ ਅੱਗੇ ਨੱਚਦਾ ਹੈ, ਜਿਧਰ ਗੁਰੂ ਤੋਰੇ ਉਧਰ ਤੁਰਦਾ ਹੈ {ਆਮ ਤੌਰ ਤੇ ਮਨੁੱਖ ਮਾਇਆ ਦੇ ਹੱਥਾਂ ਤੇ ਨੱਚਦਾ ਰਹਿੰਦਾ ਹੈ)ਅਨਹਦ—{अन्हद} ਬਿਨਾ ਵਜਾਏ ਵੱਜਣ ਵਾਲਾ, ਇਕ ਰਸ, ਲਗਾਤਾਰ। ਧੁਨਿਰੌ। ਤੂਰਵਾਜੇ। ਉਸਤਤਿਸਿਫ਼ਤਿ-ਸਾਲਾਹ। ਚਰਣ ਹਰਿਹਰੀ ਦੇ ਚਰਨ। ਰਖਿ ਰਖਿਮੁੜ ਮੁੜ ਰੱਖ ਕੇ, ਹਰ ਵੇਲੇ ਰੱਖ ਕੇ। {ਨੋਟ:ਤਾਲਸਿਰ ਨੱਚਣ ਵਾਲੇ ਦੇ ਨਾਲ ਰਾਗ ਦੇ ਸਾਜ਼ ਭੀ ਵਜਾਏ ਜਾਂਦੇ ਹਨ। ਗੁਰੂ ਦੀ ਰਜ਼ਾ ਵਿਚ ਤੁਰਨਾਇਹ ਹੈ ਨੱਚਣਾ। ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਦੀ ਲਗਨਇਹ ਹਨ ਵਾਜੇ। ਪ੍ਰਭੂ ਦੀ ਯਾਦ ਹਰ ਵੇਲੇ ਮਨ ਵਿਚ ਵਸਾਈ ਰੱਖਣੀਇਹ ਹੈ ਤਾਲਸਿਰ ਕਦਮ ਚੁੱਕਣੇ}੫।

ਕੈ ਰੰਗਿਦੇ (ਪ੍ਰੇਮ-) ਰੰਗ ਵਿਚ। ਰਤਾਰੰਗਿਆ ਹੋਇਆ। ਰਸਿਸੁਆਦ ਨਾਲ। ਰਸਾਲ—{ਰਸਆਲਯ} ਰਸਾਂ ਦਾ ਸੋਮਾ ਪ੍ਰਭੂ। ਰਸਾਲ ਰਸਿਪਰਮਾਤਮਾ ਦੇ ਪ੍ਰੇਮ ਵਿਚ। ਰਵਿਆਹਿਰਦੇ ਵਿਚ ਵਸਾਈ ਰੱਖਦਾ ਹੈ। ਨਿਜ ਘਰਿਆਪਣੇ (ਹਿਰਦੇ-) ਘਰ ਵਿਚ। ਚੁਐਚੋਂਦੀ ਰਹਿੰਦੀ ਹੈ। ਅਤਿਬਹੁਤ। ਜਿਨਿਜਿਸ (ਮਨੁੱਖ) ਨੇ। ਤਿਨ ਹੀ—{ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਨਿ' ਦੀ 'ਿ' ਉੱਡ ਗਈ ਹੈ} ਉਸ ਨੇ ਹੀ।੬।

ਅਰਥ: ਹੇ ਭਾਈ! (ਜਿਸ ਮਨੁੱਖ ਦਾ) ਇਹ ਮਨ ਜਿਧਰ ਗੁਰੂ ਤੋਰਦਾ ਹੈ ਉਧਰ ਤੁਰਦਾ ਰਹਿੰਦਾ ਹੈ, (ਉਸ ਦੇ ਅੰਦਰ) ਸਿਫ਼ਤਿ-ਸਾਲਾਹ ਦੀ ਬਾਣੀ ਦੀ ਰੌ ਦੇ ਇਕ-ਰਸ (ਮਾਨੋ) ਵਾਜੇ ਵੱਜਦੇ ਰਹਿੰਦੇ ਹਨ। ਉਹ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਪ੍ਰਭੂ-ਚਰਨਾਂ ਨੂੰ ਹਰ ਵੇਲੇ (ਹਿਰਦੇ ਵਿਚ) ਵਸਾ ਕੇ (ਉਹ ਮਨੁੱਖ ਜੀਵਨ-ਤੋਰ) ਤਾਲ-ਸਿਰ ਤੁਰਦਾ ਰਹਿੰਦਾ ਹੈ।੫।

ਹੇ ਭਾਈ! ਪ੍ਰਭੂ ਦੇ (ਪ੍ਰੇਮ-) ਰੰਗ ਵਿਚ ਰੰਗਿਆ ਹੋਇਆ (ਜਿਸ ਮਨੁੱਖ ਦਾ) ਮਨ (ਸਿਫ਼ਤਿ-ਸਾਲਾਹ ਦੇ ਗੀਤ) ਗਾਂਦਾ ਰਹਿੰਦਾ ਹੈ, ਰਸਾਂ ਦੇ ਸੋਮੇ ਪ੍ਰਭੂ ਦੇ ਪਿਆਰ ਵਿਚ ਸੁਆਦ ਨਾਲ (ਜੋ ਮਨੁੱਖ) ਗੁਰੂ ਦੇ ਸ਼ਬਦ ਨੂੰ ਜਪਦਾ ਰਹਿੰਦਾ ਹੈ, ਉਸ ਮਨੁੱਖ ਦੇ ਹਿਰਦੇ ਵਿਚ (ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ) ਬੜੀ ਸਾਫ਼-ਸੁਥਰੀ ਧਾਰ ਚੋਂਦੀ ਰਹਿੰਦੀ ਹੈ। ਜਿਸ ਮਨੁੱਖ ਨੇ (ਇਹ ਨਾਮ-ਜਲ) ਪੀਤਾ ਉਸ ਨੇ ਹੀ ਆਤਮਕ ਆਨੰਦ ਪ੍ਰਾਪਤ ਕੀਤਾ।੬।

ਮਨਹਠਿ ਕਰਮ ਕਰੈ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ ॥ ਆਵੈ ਲਹਰਿ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਢਹਿ ਪਈਆ ॥੭॥ ਹਰਿ ਸਰੁ ਸਾਗਰੁ ਹਰਿ ਹੈ ਆਪੇ ਇਹੁ ਜਗੁ ਹੈ ਸਭੁ ਖੇਲੁ ਖੇਲਈਆ ॥ ਜਿਉ ਜਲ ਤਰੰਗ ਜਲੁ ਜਲਹਿ ਸਮਾਵਹਿ ਨਾਨਕ ਆਪੇ ਆਪਿ ਰਮਈਆ ॥੮॥੩॥੬॥ {ਪੰਨਾ 835}

ਪਦਅਰਥ: ਮਨ ਹਠਿ—(ਆਪਣੇ) ਮਨ ਦੇ ਹਠ ਨਾਲ। ਕਰਮ—(ਮਿਥੇ ਹੋਏ ਧਾਰਮਿਕ) ਕੰਮ। ਅਭਿਮਾਨੀਅਹੰਕਾਰੀ (ਹੋ ਜਾਂਦਾ ਹੈ। ਬਾਲੂਰੇਤ।੭।

ਸਰੁਸਰੋਵਰ, ਤਾਲਾਬ। ਸਾਗਰੁਸਮੁੰਦਰ। ਆਪੇਆਪ ਹੀ। ਸਭੁਸਾਰਾ। ਤਰੰਗਲਹਿਰਾਂ। ਜਲਹਿਪਾਣੀ ਵਿਚ ਹੀ {ਜਲਹਿਜਲਿ ਹੀ। ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਲਿ' ਦੀ 'ਿ' ਉੱਡ ਗਈ ਹੈ}ਸਮਾਵਹਿਲੀਨ ਹੋ ਜਾਂਦੀਆਂ ਹਨ।੮।

ਅਰਥ: (ਜਿਹੜਾ ਮਨੁੱਖ ਆਪਣੇ) ਮਨ ਦੇ ਹਠ ਨਾਲ (ਮਿੱਥੇ ਹੋਏ ਧਾਰਮਿਕ) ਕਰਮ ਕਰਦਾ ਰਹਿੰਦਾ ਹੈ, ਉਸ ਨੂੰ (ਆਪਣੇ ਧਰਮੀ ਹੋਣ ਦਾ) ਮਾਣ ਹੋ ਜਾਂਦਾ ਹੈ, (ਉਸ ਦੇ ਇਹ ਉੱਦਮ ਫਿਰ ਇਉਂ ਹੀ ਹਨ) ਜਿਵੇਂ ਬੱਚੇ ਰੇਤ ਦੇ ਘਰ ਉਸਾਰਦੇ ਹਨ, ਸਮੁੰਦਰ ਦੇ ਪਾਣੀ ਦੀ ਲਹਿਰ ਆਉਂਦੀ ਹੈ, ਤੇ, ਉਹ ਘਰ ਇਕ ਖਿਨ ਵਿਚ ਕਿਣਕਾ ਕਿਣਕਾ ਹੋ ਕੇ ਢਹਿ ਜਾਂਦੇ ਹਨ।੭।

ਹੇ ਭਾਈ! ਇਹ ਸਾਰਾ ਜਗਤ (ਪਰਮਾਤਮਾ ਨੇ) ਇਕ ਤਮਾਸ਼ਾ ਰਚਿਆ ਹੋਇਆ ਹੈ, ਉਹ ਆਪ ਹੀ (ਜੀਵਨ ਦਾ) ਸਰੋਵਰ ਹੈ, ਸਮੁੰਦਰ ਹੈ (ਸਾਰੇ ਜੀਵ ਉਸ ਸਮੁੰਦਰ ਦੀਆਂ ਲਹਿਰਾਂ ਹਨ)ਹੇ ਨਾਨਕ! ਜਿਵੇਂ (ਸਮੁੰਦਰ ਦੇ) ਪਾਣੀ ਦੀਆਂ ਲਹਿਰਾਂ (ਸਮੁੰਦਰ ਦਾ) ਪਾਣੀ (ਹੀ ਹਨ) ਪਾਣੀ ਵਿਚ ਹੀ ਮਿਲ ਜਾਂਦੀਆਂ ਹਨ (ਇਸੇ ਤਰ੍ਹਾਂ) ਉਹ ਸੋਹਣਾ ਰਾਮ (ਹਰ ਥਾਂ) ਆਪ ਹੀ ਆਪ ਹੈ।੮।੩।

ਬਿਲਾਵਲੁ ਮਹਲਾ ੪ ॥ ਸਤਿਗੁਰੁ ਪਰਚੈ ਮਨਿ ਮੁੰਦ੍ਰਾ ਪਾਈ ਗੁਰ ਕਾ ਸਬਦੁ ਤਨਿ ਭਸਮ ਦ੍ਰਿੜਈਆ ॥ ਅਮਰ ਪਿੰਡ ਭਏ ਸਾਧੂ ਸੰਗਿ ਜਨਮ ਮਰਣ ਦੋਊ ਮਿਟਿ ਗਈਆ ॥੧॥ ਮੇਰੇ ਮਨ ਸਾਧਸੰਗਤਿ ਮਿਲਿ ਰਹੀਆ ॥ ਕ੍ਰਿਪਾ ਕਰਹੁ ਮਧਸੂਦਨ ਮਾਧਉ ਮੈ ਖਿਨੁ ਖਿਨੁ ਸਾਧੂ ਚਰਣ ਪਖਈਆ ॥੧॥ ਰਹਾਉ ॥ਤਜੈ ਗਿਰਸਤੁ ਭਇਆ ਬਨ ਵਾਸੀ ਇਕੁ ਖਿਨੁ ਮਨੂਆ ਟਿਕੈ ਨ ਟਿਕਈਆ ॥ ਧਾਵਤੁ ਧਾਇ ਤਦੇ ਘਰਿ ਆਵੈ ਹਰਿ ਹਰਿ ਸਾਧੂ ਸਰਣਿ ਪਵਈਆ ॥੨॥ {ਪੰਨਾ 835}

ਪਦਅਰਥ: ਪਰਚੈਪ੍ਰਸੰਨ ਹੋ ਜਾਂਦਾ ਹੈ (ਜਿਨ੍ਹਾਂ ਮਨੁੱਖਾਂ ਉਤੇ। ਮਨਿਮਨ ਵਿਚ। ਤਨਿਸਰੀਰ ਉਤੇ। ਭਸਮਸੁਆਹ। ਦ੍ਰਿੜਈਆਹਿਰਦੇ ਵਿਚ ਪੱਕੇ ਤੌਰ ਤੇ ਵਸਾ ਲਿਆ। ਅਮਰਮਰ, ਨਾਹ ਮਰਨ ਵਾਲੇ। ਪਿੰਡਸਰੀਰ। ਅਮਰ ਪਿੰਡਮੌਤਰਹਿਤ ਸਰੀਰਾਂ ਵਾਲੇ, ਜਨਮ ਮਰਨ ਦੇ ਗੇੜ ਤੋਂ ਬਚੇ ਹੋਏ। ਸਾਧੂ ਸੰਗਿਗੁਰੂ ਦੀ ਸੰਗਤਿ ਵਿਚ। ਦੋਊਦੋਵੇਂ ਹੀ।੧।

ਮਨਹੇ ਮਨ! ਮਿਲਿਮਿਲ ਕੇ। ਮਧ ਸੂਦਨਹੇ ਮਧ ਸੂਦਨ! ਹੇ ਮਧੂਰਾਖਸ਼ ਨੂੰ ਮਾਰਨ ਵਾਲੇ! ਮਾਧਉਹੇ ਮਾਇਆ ਦੇ ਪਤੀ! (ਧਵਪਤੀ)ਪਖਈਆਮੈਂ ਧੋਂਦਾ ਰਹਾਂ।੧।ਰਹਾਉ।

ਤਜੈਤਿਆਗਦਾ ਹੈ, ਛੱਡ ਜਾਂਦਾ ਹੈ। ਬਨਵਾਸੀਜੰਗਲ ਦਾ ਵਾਸੀ। ਧਾਵਤੁਭਟਕਦਾ ਮਨ। ਧਾਇਭਟਕ ਕੇ, ਦੌੜ ਕੇ। ਤਦੇਤਦੋਂ ਹੀ। ਘਰਿਘਰ ਵਿਚ। ਸਾਧੂਗੁਰੂ।੨।

ਅਰਥ: ਹੇ ਮੇਰੇ ਮਨ! ਗੁਰੂ ਦੀ ਸੰਗਤਿ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ (ਅਤੇ ਅਰਜ਼ੋਈ ਕਰਦੇ ਰਹਿਣਾ ਚਾਹੀਦਾ ਹੈ ਕਿ) ਹੇ ਮਧਸੂਦਨ! ਹੇ ਮਾਧੋ! (ਮੇਰੇ ਉਤੇ) ਮਿਹਰ ਕਰ, ਮੈਂ ਹਰ ਵੇਲੇ ਗੁਰੂ ਦੇ ਚਰਨ ਧੋਂਦਾ ਰਹਾਂ (ਹਰ ਵੇਲੇ ਗੁਰੂ ਦੀ ਸਰਨ ਪਿਆ ਰਹਾਂ)੧।ਰਹਾਉ।

ਹੇ ਭਾਈ! (ਜਿਨ੍ਹਾਂ ਮਨੁੱਖਾਂ ਉਤੇ) ਗੁਰੂ ਪ੍ਰਸੰਨ ਹੋ ਜਾਂਦਾ ਹੈ (ਗੁਰੂ ਦੀ ਇਹ ਪ੍ਰਸੰਨਤਾ ਉਹਨਾਂ ਨੇ ਆਪਣੇ) ਮਨ ਵਿਚ (ਜੋਗੀਆਂ ਵਾਲੀ) ਮੁੰਦ੍ਰਾ ਪਾਈ ਹੋਈ ਹੈ, ਗੁਰੂ ਦਾ ਸ਼ਬਦ (ਉਹਨਾਂ ਨੇ ਆਪਣੇ ਹਿਰਦੇ ਵਿਚ) ਪੱਕਾ ਟਿਕਾਇਆ ਹੋਇਆ ਹੈ (ਇਹ ਉਹਨਾਂ ਆਪਣੇ) ਸਰੀਰ ਉੱਤੇ ਸੁਆਹ ਮਲੀ ਹੋਈ ਹੈ। (ਇਸ ਤਰ੍ਹਾਂ) ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ ਜਨਮ ਮਰਨ ਦੇ ਗੇੜ ਤੋਂ ਬਚ ਗਏ ਹਨ, ਉਹਨਾਂ ਦਾ ਜਨਮ ਅਤੇ ਮੌਤ ਦੋਵੇਂ ਹੀ ਮੁੱਕ ਗਏ ਹਨ।੧।

ਪਰ, ਹੇ ਭਾਈ! (ਜਿਹੜਾ ਮਨੁੱਖ) ਗ੍ਰਿਹਸਤ ਛੱਡ ਜਾਂਦਾ ਹੈ ਅਤੇ ਜੰਗਲ ਦਾ ਵਾਸੀ ਜਾ ਬਣਦਾ ਹੈ (ਇਸ ਤਰ੍ਹਾਂ ਉਸ ਦਾ) ਮਨ (ਤਾਂ) ਟਿਕਾਇਆਂ ਇਕ ਖਿਨ ਵਾਸਤੇ ਭੀ ਨਹੀਂ ਟਿਕਦਾ। ਹੇ ਭਾਈ! ਇਹ ਭਟਕਦਾ ਮਨ ਭਟਕ ਭਟਕ ਕੇ ਤਦੋਂ ਹੀ ਟਿਕਾਉ ਵਿਚ ਆਉਂਦਾ ਹੈ, ਜਦੋਂ ਮਨੁੱਖ ਪਰਮਾਤਮਾ ਦੀ ਗੁਰੂ ਦੀ ਸਰਨ ਪੈਂਦਾ ਹੈ।੨।

ਧੀਆ ਪੂਤ ਛੋਡਿ ਸੰਨਿਆਸੀ ਆਸਾ ਆਸ ਮਨਿ ਬਹੁਤੁ ਕਰਈਆ ॥ ਆਸਾ ਆਸ ਕਰੈ ਨਹੀ ਬੂਝੈ ਗੁਰ ਕੈ ਸਬਦਿ ਨਿਰਾਸ ਸੁਖੁ ਲਹੀਆ ॥੩॥ ਉਪਜੀ ਤਰਕ ਦਿਗੰਬਰੁ ਹੋਆ ਮਨੁ ਦਹ ਦਿਸ ਚਲਿ ਚਲਿ ਗਵਨੁ ਕਰਈਆ ॥ ਪ੍ਰਭਵਨੁ ਕਰੈ ਬੂਝੈ ਨਹੀ ਤ੍ਰਿਸਨਾ ਮਿਲਿ ਸੰਗਿ ਸਾਧ ਦਇਆ ਘਰੁ ਲਹੀਆ ॥੪॥ {ਪੰਨਾ 835}

ਪਦਅਰਥ: ਛੋਡਿਛੱਡ ਕੇ। ਮਨਿਮਨ ਵਿਚ। ਕਰੈਕਰਦਾ ਹੈ। ਬੂਝੈਸਮਝਦਾ। ਕੈ ਸਬਦਿਦੇ ਸ਼ਬਦ ਦੀ ਰਾਹੀਂ। ਨਿਰਾਸਆਸਾਰਹਿਤ ਹੋ ਕੇ।੩।

ਤਰਕਨਫ਼ਰਤ। ਦਿਗੰਬਰ—{ਦਿਗਅੰਬਰੁ। ਦਿਗਦਿਸ਼ਾ। ਅੰਬਰੁਕੱਪੜਾ} ਜਿਸ ਨੇ ਚੌਂਹਾਂ ਤਰਫ਼ਾਂ ਨੂੰ ਹੀ ਕੱਪੜਾ ਬਣਾਇਆ ਹੈ, ਨਾਂਗਾ, ਜੈਨੀ। ਦਹਦਿਸਦਸੀਂ ਪਾਸੀਂ। ਚਲਿ ਚਲਿਜਾ ਜਾ ਕੇ, ਭਟਕ ਭਟਕ ਕੇ। ਗਵਨੁਰਟਨ, ਦੌੜਭੱਜ। ਪ੍ਰਭਵਨੁ—(ਸਾਰੇ ਦੇਸ ਦਾ) ਰਟਨ। ਮਿਲਿਮਿਲ ਕੇ। ਦਇਆ ਘਰੁਦਇਆ ਦਾ ਘਰ, ਦਇਆ ਦਾ ਸੋਮਾ ਹਰੀ।੪।

ਅਰਥ: ਹੇ ਭਾਈ! (ਜਿਹੜਾ ਮਨੁੱਖ) ਧੀਆਂ ਪੁੱਤਰ (ਪਰਵਾਰ) ਛੱਡ ਕੇ ਸੰਨਿਆਸੀ ਜਾ ਬਣਦਾ ਹੈ (ਉਹ ਤਾਂ ਫਿਰ ਭੀ ਆਪਣੇ) ਮਨ ਵਿਚ ਅਨੇਕਾਂ ਹੀ ਆਸਾਂ ਬਣਾਂਦਾ ਰਹਿੰਦਾ ਹੈ, ਨਿੱਤ ਆਸਾਂ ਬਣਾਂਦਾ ਹੈ (ਇਸ ਤਰ੍ਹਾਂ ਸਹੀ ਆਤਮਕ ਜੀਵਨ ਨੂੰ) ਨਹੀਂ ਸਮਝਦਾ। ਪਰ, ਹਾਂ! ਗੁਰੂ ਦੇ ਸ਼ਬਦ ਦੀ ਰਾਹੀਂ ਦੁਨੀਆ ਦੀਆਂ ਆਸਾਂ ਤੋਂ ਉਤਾਂਹ ਹੋ ਕੇ ਮਨੁੱਖ ਆਤਮਕ ਆਨੰਦ ਮਾਣ ਸਕਦਾ ਹੈ।੩।

ਹੇ ਭਾਈ! (ਕੋਈ ਮਨੁੱਖ ਅਜਿਹਾ ਹੈ ਜਿਸ ਦੇ ਮਨ ਵਿਚ ਦੁਨੀਆ ਵਲੋਂ) ਨਫ਼ਰਤ ਪੈਦਾ ਹੁੰਦੀ ਹੈ, ਉਹ ਨਾਂਗਾ ਸਾਧੂ ਬਣ ਜਾਂਦਾ ਹੈ, (ਫਿਰ ਭੀ ਉਸ ਦਾ) ਮਨ ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਫਿਰਦਾ ਹੈ, (ਉਹ ਮਨੁੱਖ ਧਰਤੀ ਉੱਤੇ) ਰਟਨ ਕਰਦਾ ਫਿਰਦਾ ਹੈ, (ਉਸ ਦੀ ਮਾਇਆ ਦੀ) ਤ੍ਰਿਸ਼ਨਾ (ਫਿਰ ਭੀ) ਨਹੀਂ ਮਿਟਦੀ। ਹਾਂ, ਗੁਰੂ ਦੀ ਸੰਗਤਿ ਵਿਚ ਮਿਲ ਕੇ ਮਨੁੱਖ ਦਇਆ ਦੇ ਸੋਮੇ ਪਰਮਾਤਮਾ ਨੂੰ ਲੱਭ ਲੈਂਦਾ ਹੈ।੪।

ਆਸਣ ਸਿਧ ਸਿਖਹਿ ਬਹੁਤੇਰੇ ਮਨਿ ਮਾਗਹਿ ਰਿਧਿ ਸਿਧਿ ਚੇਟਕ ਚੇਟਕਈਆ ॥ ਤ੍ਰਿਪਤਿ ਸੰਤੋਖੁ ਮਨਿ ਸਾਂਤਿ ਨ ਆਵੈ ਮਿਲਿ ਸਾਧੂ ਤ੍ਰਿਪਤਿ ਹਰਿ ਨਾਮਿ ਸਿਧਿ ਪਈਆ ॥੫॥ ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ ॥ ਸਾਧੂ ਸਰਣਿ ਪਰੈ ਸੋ ਉਬਰੈ ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਚੰਡਾਲੁ ਚੰਡਈਆ ॥੬॥ {ਪੰਨਾ 835}

ਪਦਅਰਥ: ਸਿਧਸਿੱਧ, (ਜੋਗਸਾਧਨਾਂ ਵਿਚ) ਪੁੱਗੇ ਹੋਏ ਜੋਗੀ। ਸਿਖਹਿਸਿੱਖਦੇ ਹਨ। ਮਨਿਮਨ ਵਿਚ। ਮਾਗਹਿਮੰਗਦੇ ਹਨ। ਰਿਧਿ ਸਿਧਿਰਿੱਧੀਆਂ ਸਿੱਧੀਆਂ, ਕਰਾਮਾਤੀ ਤਾਕਤਾਂ। ਚੇਟਕਕਰਾਮਾਤੀ ਤਮਾਸ਼ੇ। ਤ੍ਰਿਪਤਿ—(ਮਾਇਆ ਵਲੋਂ) ਰਜੇਵਾਂ। ਮਨਿਮਨ ਵਿਚ। ਮਿਲਿ ਸਾਧੂਗੁਰੂ ਨੂੰ ਮਿਲ ਕੇ। ਸਿਧਿਸਫਲਤਾ।੫।

ਅੰਡਜਅੰਡਿਆਂ ਤੋਂ ਪੈਦਾ ਹੋਣ ਵਾਲੇ। ਜੇਰਜਜਿਓਰ ਤੋਂ ਪੈਦਾ ਹੋਣ ਵਾਲੇ। ਸੇਤਜਮੁੜ੍ਹਕੇ ਤੋਂ ਪੈਦਾ ਹੋਣ ਵਾਲੇ। ਉਤਭੁਜ—{डद्भिज्ज} ਧਰਤੀ ਵਿਚੋਂ ਫੁੱਟਣ ਵਾਲੇ। ਸਭਿਸਾਰੇ। ਵਰਨਰੰਗ। ਪਰੈਪੈਂਦਾ ਹੈ। ਉਬਰੈ—(ਸੰਸਾਰਸਮੁੰਦਰ ਤੋਂ) ਬਚ ਨਿਕਲਦਾ ਹੈ।੬।

ਅਰਥ: ਹੇ ਭਾਈ! (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਅਨੇਕਾਂ ਆਸਣ ਸਿੱਖਦੇ ਹਨ {ਸ਼ੀਰਸ਼-ਆਸਣ, ਪਦਮ-ਆਸਣ ਆਦਿਕ}, ਪਰ ਉਹ ਭੀ ਆਪਣੇ ਮਨ ਵਿਚ ਕਰਾਮਾਤੀ ਤਾਕਤਾਂ ਤੇ ਨਾਟਕ-ਚੇਟਕ ਹੀ ਮੰਗਦੇ ਰਹਿੰਦੇ ਹਨ (ਜਿਨ੍ਹਾਂ ਨਾਲ ਉਹ ਆਮ ਜਨਤਾ ਉਤੇ ਆਪਣਾ ਪ੍ਰਭਾਵ ਪਾ ਸਕਣ)(ਉਹਨਾਂ ਦੇ) ਮਨ ਵਿਚ ਮਾਇਆ ਵਲੋਂ ਤ੍ਰਿਪਤੀ ਨਹੀਂ ਹੁੰਦੀ, ਉਹਨਾਂ ਨੂੰ ਸੰਤੋਖ ਨਹੀਂ ਪ੍ਰਾਪਤ ਹੁੰਦਾ, ਮਨ ਵਿਚ ਸ਼ਾਂਤੀ ਨਹੀਂ ਆਉਂਦੀ। ਹਾਂ, ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਨਾਮ ਦੀ ਰਾਹੀਂ ਮਨੁੱਖ ਤ੍ਰਿਪਤੀ ਹਾਸਲ ਕਰ ਲੈਂਦਾ ਹੈ, ਆਤਮਕ ਜੀਵਨ ਦੀ ਸਫਲਤਾ ਪ੍ਰਾਪਤ ਕਰ ਲੈਂਦਾ ਹੈ।੫।

ਹੇ ਭਾਈ! ਅੰਡਿਆਂ ਵਿਚੋਂ ਜੰਮਣ ਵਾਲੇ, ਜਿਓਰ ਵਿਚੋਂ ਪੈਦਾ ਹੋਣ ਵਾਲੇ, ਮੁੜ੍ਹਕੇ ਵਿਚੋਂ ਜੰਮਣ ਵਾਲੇ, ਧਰਤੀ ਵਿਚੋਂ ਫੁੱਟਣ ਵਾਲੇ-ਇਹ ਸਾਰੇ ਅਨੇਕਾਂ ਰੂਪਾਂ ਰੰਗਾਂ ਦੇ ਜੀਅ-ਜੰਤ ਪਰਮਾਤਮਾ ਨੇ ਪੈਦਾ ਕੀਤੇ ਹੋਏ ਹਨ। (ਇਹਨਾਂ ਵਿਚੋਂ ਜਿਹੜਾ ਜੀਵ) ਗੁਰੂ ਦੀ ਸਰਨ ਆ ਪੈਂਦਾ ਹੈ, ਉਹ (ਸੰਸਾਰ-ਸਮੁੰਦਰ ਤੋਂ) ਬਚ ਨਿਕਲਦਾ ਹੈ, ਚਾਹੇ ਉਹ ਖੱਤ੍ਰੀ ਹੈ ਚਾਹੇ ਬ੍ਰਾਹਮਣ ਹੈ, ਚਾਹੇ ਸ਼ੂਦਰ ਹੈ, ਚਾਹੇ ਵੈਸ਼ ਹੈ, ਚਾਹੇ ਮਹਾ ਚੰਡਾਲ ਹੈ।੬।

ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥ ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ ॥੭॥ ਸੰਤ ਜਨਾ ਕੀ ਹਰਿ ਪੈਜ ਰਖਾਈ ਭਗਤਿ ਵਛਲੁ ਅੰਗੀਕਾਰੁ ਕਰਈਆ ॥ ਨਾਨਕ ਸਰਣਿ ਪਰੇ ਜਗਜੀਵਨ ਹਰਿ ਹਰਿ ਕਿਰਪਾ ਧਾਰਿ ਰਖਈਆ ॥੮॥੪॥੭॥ {ਪੰਨਾ 835}

ਪਦਅਰਥ: ਅੳਜਾਤਿਨੀਵੀਂ ਜਾਤਿ ਵਾਲਾ। ਸਾਧੂ ਜਨ ਸੰਗਤਿਸੰਤ ਜਨਾਂ ਦੀ ਸੰਗਤਿ ਵਿਚ। ਧਨੁਧੰਨ, ਭਾਗਾਂ ਵਾਲਾ। ਦਈਆਦਇਆ ਦਾ ਘਰ ਪ੍ਰਭੂ।੭।

ਪੈਜਇੱਜ਼ਤ, ਲਾਜ। ਭਗਤਿ ਵਛਲੁਭਗਤੀ ਨਾਲ ਪਿਆਰ ਕਰਨ ਵਾਲਾ ਹਰੀ। ਅੰਗੀਕਾਰੁਪੱਖ। ਸਰਣਿ ਜਗ ਜੀਵਨਜਗਤ ਦੇ ਜੀਵਨ ਪ੍ਰਭੂ ਦੀ ਸਰਨ। ਰਖਈਆਰੱਖਿਆ ਕਰਦਾ ਹੈ।੮।

ਅਰਥ: ਹੇ ਭਾਈ! ਨਾਮਦੇਵ, ਜੈਦੇਓ, ਕਬੀਰ, ਤ੍ਰਿਲੋਚਨ, ਨੀਵੀਂ ਜਾਤਿ ਵਾਲਾ ਰਵਿਦਾਸ ਚਮਾਰ, ਧੰਨਾ ਜੱਟ, ਸੈਣ (ਨਾਈ)-ਜਿਹੜਾ ਜਿਹੜਾ ਭੀ ਸੰਤ ਜਨਾਂ ਦੀ ਸੰਗਤਿ ਵਿਚ ਮਿਲਦਾ ਆਇਆ ਹੈ, ਉਹ ਭਾਗਾਂ ਵਾਲਾ ਬਣਦਾ ਗਿਆ, ਉਹ ਦਇਆ ਦੇ ਸੋਮੇ ਪਰਮਾਤਮਾ ਨੂੰ ਮਿਲ ਪਿਆ।੭।

ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਆਪਣੇ ਸੰਤ ਜਨਾਂ ਦੀ ਸਦਾ ਲਾਜ ਰੱਖਦਾ ਆਇਆ ਹੈ, ਸੰਤ ਜਨਾਂ ਦਾ ਪੱਖ ਕਰਦਾ ਆਇਆ ਹੈ। ਜਿਹੜੇ ਮਨੁੱਖ ਜਗਤ ਦੇ ਜੀਵਨ ਪ੍ਰਭੂ ਦੀ ਸਰਨ ਪੈਂਦੇ ਹਨ, ਮਿਹਰ ਕਰ ਕੇ ਉਹਨਾਂ ਦੀ ਰੱਖਿਆ ਕਰਦਾ ਹੈ।੮।੪।

ਬਿਲਾਵਲੁ ਮਹਲਾ ੪ ॥ ਅੰਤਰਿ ਪਿਆਸ ਉਠੀ ਪ੍ਰਭ ਕੇਰੀ ਸੁਣਿ ਗੁਰ ਬਚਨ ਮਨਿ ਤੀਰ ਲਗਈਆ ॥ ਮਨ ਕੀ ਬਿਰਥਾ ਮਨ ਹੀ ਜਾਣੈ ਅਵਰੁ ਕਿ ਜਾਣੈ ਕੋ ਪੀਰ ਪਰਈਆ ॥੧॥ ਰਾਮ ਗੁਰਿ ਮੋਹਨਿ ਮੋਹਿ ਮਨੁ ਲਈਆ ॥ ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਇ ਪਈਆ ॥੧॥ ਰਹਾਉ ॥ਹਉ ਨਿਰਖਤ ਫਿਰਉ ਸਭਿ ਦੇਸ ਦਿਸੰਤਰ ਮੈ ਪ੍ਰਭ ਦੇਖਨ ਕੋ ਬਹੁਤੁ ਮਨਿ ਚਈਆ ॥ ਮਨੁ ਤਨੁ ਕਾਟਿ ਦੇਉ ਗੁਰ ਆਗੈ ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਈਆ ॥੨॥ {ਪੰਨਾ 835-836}

ਪਦਅਰਥ: ਅੰਤਰਿ—(ਮੇਰੇ) ਅੰਦਰ। ਪਿਆਸਤਾਂਘ। ਪ੍ਰਭ ਕੇਰੀਪ੍ਰਭੂ (ਨੂੰ ਮਿਲਣ) ਦੀ। ਸੁਣਿਸੁਣ ਕੇ। ਮਨਿ—(ਮੇਰੇ) ਮਨ ਵਿਚ। ਬਿਰਹਾਪੀੜਾ। ਮਨ ਹੀਮਨੁ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਮਨੁ' ਦਾ ੁ ਉੱਡ ਗਿਆ ਹੈ}ਜਾਣੈਜਾਣਦਾ ਹੈ। ਅਵਰੁ ਕੋਕੋਈ ਹੋਰ। ਕਿਕੀਹ? ਪਰਈਆਪਰਾਈ।੧।

ਰਾਮਹੇ (ਮੇਰੇ) ਰਾਮ! ਗੁਰਿਗੁਰੂ ਨੇ। ਮੋਹਨਿਮੋਹਨ ਨੇ। ਗੁਰਿ ਮੋਹਨਿਮੋਹਨ ਗੁਰੂ ਨੇ, ਪਿਆਰੇ ਗੁਰੂ ਨੇ। ਮੋਹਿ ਲਈਆਮੋਹ ਲਿਆ ਹੈ, ਆਪਣੇ ਵੱਸ ਵਿਚ ਕਰ ਲਿਆ ਹੈ। ਹਉਹਉਂ, ਮੈਂ। ਆਕਲ ਬਿਕਲ—{आकुल, विकलDisturbed, Unnerved} ਘਬਰਾਈ ਹੋਈ। ਆਕਲ ਬਿਕਲ ਭਈਆਪਣੀ ਚਤੁਰਾਈਸਿਆਣਪ ਗਵਾ ਬੈਠੀ ਹਾਂ। ਲੋਟ ਪੋਟਕਾਬੂ ਤੋਂ ਬਾਹਰ, ਆਪਣੇ ਮਨ ਦੇ ਕਾਬੂ ਤੋਂ ਬਾਹਰ।੧।ਰਹਾਉ।

ਨਿਰਖਤ ਫਿਰਉ—{ਫਿਰਉਂ} ਮੈਂ ਭਾਲਦੀ ਫਿਰਦੀ ਹਾਂ। ਸਭਿਸਾਰੇ। ਦਿਸੰਤਰਦੇਸਅੰਤਰ, ਹੋਰ ਹੋਰ ਦੇਸ। ਕੋਦਾ। ਮਨਿ—(ਮੇਰੇ) ਮਨ ਵਿਚ। ਚਈਆਚਾਉ। ਕਾਟਿਕੱਟ ਕੇ। ਦੇਉਦੇਉਂ, ਮੈਂ ਦੇਂਦੀ ਹਾਂ। ਜਿਨਿਜਿਸ (ਗੁਰੂ) ਨੇ। ਮਾਰਗੁਰਸਤਾ। ਪੰਥੁਰਸਤਾ। ਦਿਖਈਆਵਿਖਾ ਦਿੱਤਾ ਹੈ।੨।

ਅਰਥ: ਹੇ (ਮੇਰੇ) ਰਾਮ! ਪਿਆਰੇ ਗੁਰੂ ਨੇ (ਮੇਰਾ) ਮਨ ਆਪਣੇ ਵੱਸ ਵਿਚ ਕਰ ਲਿਆ ਹੈ। ਗੁਰੂ ਦਾ ਦਰਸਨ ਕਰ ਕੇ (ਹੁਣ) ਮੈਂ ਆਪਣੀ ਚਤੁਰਾਈ-ਸਿਆਣਪ ਗਵਾ ਬੈਠੀ ਹਾਂ, ਮੇਰਾ ਆਪਣਾ ਆਪ ਮੇਰੇ ਆਪਣੇ ਵੱਸ ਵਿਚ ਨਹੀਂ ਰਿਹਾ (ਮੇਰਾ ਮਨ ਅਤੇ ਮੇਰੇ ਗਿਆਨ-ਇੰਦ੍ਰੇ ਗੁਰੂ ਦੇ ਵੱਸ ਵਿਚ ਹੋ ਗਏ ਹਨ)੧।ਰਹਾਉ।

ਹੇ ਭਾਈ! ਗੁਰੂ ਦੇ ਬਚਨ ਸੁਣ ਕੇ (ਇਉਂ ਹੋਇਆ ਹੈ ਜਿਵੇਂ ਮੇਰੇ) ਮਨ ਵਿਚ (ਬਿਰਹੋਂ ਦੇ) ਤੀਰ ਵੱਜ ਗਏ ਹਨ, ਮੇਰੇ ਅੰਦਰ ਪ੍ਰਭੂ ਦੇ ਦਰਸਨ ਦੀ ਤਾਂਘ ਪੈਦਾ ਹੋ ਗਈ ਹੈ। ਹੇ ਭਾਈ! (ਮੇਰੇ) ਮਨ ਦੀ (ਇਸ ਵੇਲੇ ਦੀ) ਪੀੜਾ ਨੂੰ (ਮੇਰਾ ਆਪਣਾ) ਮਨ ਹੀ ਜਾਣਦਾ ਹੈ। ਕੋਈ ਹੋਰ ਪਰਾਈ ਪੀੜ ਨੂੰ ਕੀਹ ਜਾਣ ਸਕਦਾ ਹੈ?੧।

ਹੇ ਭਾਈ! (ਮੇਰੇ) ਮਨ ਵਿਚ ਪ੍ਰਭੂ ਦਾ ਦਰਸਨ ਕਰਨ ਦਾ ਬਹੁਤ ਚਾਉ ਪੈਦਾ ਹੋ ਚੁਕਾ ਹੈ, ਮੈਂ ਸਾਰੇ ਦੇਸਾਂ ਦੇਸਾਂਤਰਾਂ ਵਿਚ (ਉਸ ਨੂੰ) ਭਾਲਦੀ ਫਿਰਦੀ ਹਾਂ (ਸਾਂ। ਜਿਸ (ਗੁਰੂ) ਨੇ (ਮੈਨੂੰ) ਪ੍ਰਭੂ (ਦੇ ਮਿਲਾਪ) ਦਾ ਰਸਤਾ ਵਿਖਾਲ ਦਿੱਤਾ ਹੈ, ਉਸ ਗੁਰੂ ਦੇ ਅੱਗੇ ਮੈਂ ਆਪਣਾ ਤਨ ਕੱਟ ਕੇ ਭੇਟਾ ਕਰ ਰਹੀ ਹਾਂ (ਆਪਣਾ ਆਪ ਗੁਰੂ ਦੇ ਹਵਾਲੇ ਕਰ ਰਹੀ ਹਾਂ)੨।

TOP OF PAGE

Sri Guru Granth Darpan, by Professor Sahib Singh