ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 834

ਹਰਿ ਗਤਿ ਮਿਤਿ ਕਰਤਾ ਆਪੇ ਜਾਣੈ ਸਭ ਬਿਧਿ ਹਰਿ ਹਰਿ ਆਪਿ ਬਨਈਆ ॥ ਜਿਸੁ ਸਤਿਗੁਰੁ ਭੇਟੇ ਸੁ ਕੰਚਨੁ ਹੋਵੈ ਜੋ ਧੁਰਿ ਲਿਖਿਆ ਸੁ ਮਿਟੈ ਨ ਮਿਟਈਆ ॥੩॥ ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤਿ ਭੰਡਾਰ ਖੁਲ੍ਹ੍ਹਈਆ ॥ ਗੁਰ ਚਰਣੀ ਇਕ ਸਰਧਾ ਉਪਜੀ ਮੈ ਹਰਿ ਗੁਣ ਕਹਤੇ ਤ੍ਰਿਪਤਿ ਨ ਭਈਆ ॥੪॥ ਪਰਮ ਬੈਰਾਗੁ ਨਿਤ ਨਿਤ ਹਰਿ ਧਿਆਏ ਮੈ ਹਰਿ ਗੁਣ ਕਹਤੇ ਭਾਵਨੀ ਕਹੀਆ ॥ ਬਾਰ ਬਾਰ ਖਿਨੁ ਖਿਨੁ ਪਲੁ ਕਹੀਐ ਹਰਿ ਪਾਰੁ ਨ ਪਾਵੈ ਪਰੈ ਪਰਈਆ ॥੫॥ {ਪੰਨਾ 834}

ਪਦਅਰਥ: ਗਤਿਉੱਚੀ ਆਤਮਕ ਹਾਲਤ। ਮਿਤਿਗਿਣਤੀ, ਮਰਯਾਦਾ, ਹੱਦਬੰਨਾ। ਆਪੇਆਪ ਹੀ। ਸਭ ਬਿਧਿਸਾਰੀ ਮਰਯਾਦਾ। ਭੇਟੇਮਿਲਦਾ ਹੈ। ਕੰਚਨੁਸੋਨਾ। ਧੁਰਿਧੁਰ ਦਰਗਾਹ ਤੋਂ।੩।

ਗੁਰਮਤਿਗੁਰੂ ਦੀ ਮਤਿ ਦੀ ਰਾਹੀਂ। ਪਾਵੈ—(ਮਨੁੱਖ) ਲੱਭ ਲੈਂਦਾ ਹੈ। ਸਾਗਰਸਮੁੰਦਰ। ਇਕ ਸਰਧਾਇਕ ਪਰਮਾਤਮਾ ਦਾ ਪਿਆਰ। ਕਹਤੇਕਹਿੰਦਿਆਂ। ਤ੍ਰਿਪਤਿਰਜੇਵਾਂ।੪।

ਪਰਮ ਬੈਰਾਗੁਸਭ ਤੋਂ ਉੱਚਾ ਵੈਰਾਗ, ਸਭ ਤੋਂ ਉੱਚੀ ਲਗਨ। ਭਾਵਨੀਪਿਆਰ। ਬਾਰ ਬਾਰਮੁੜ ਮੁੜ। ਕਹੀਐਸਿਮਰਨਾ ਚਾਹੀਦਾ ਹੈ। ਪਾਰੁਪਾਰਲਾ ਬੰਨਾ। ਪਰੈ ਪਰਈਆਪਰੇ ਤੋਂ ਪਰੇ।੫।

ਅਰਥ: ਹੇ ਭਾਈ! ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ। (ਜਗਤ ਦੀ) ਸਾਰੀ ਮਰਯਾਦਾ ਉਸ ਨੇ ਆਪ ਹੀ ਬਣਾਈ ਹੋਈ ਹੈ (ਉਸ ਮਰਯਾਦਾ ਅਨੁਸਾਰ) ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਸੋਨਾ ਬਣ ਜਾਂਦਾ ਹੈ (ਸੁੱਚੇ ਜੀਵਨ ਵਲ ਬਣ ਜਾਂਦਾ ਹੈ। ਹੇ ਭਾਈ! ਧੁਰ ਦਰਗਾਹ ਤੋਂ (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਜੀਵਾਂ ਦੇ ਮੱਥੇ ਉਤੇ ਜੋ ਲੇਖ) ਲਿਖਿਆ ਜਾਂਦਾ ਹੈ, ਉਹ ਲੇਖ (ਕਿਸੇ ਦੇ ਆਪਣੇ ਉੱਦਮ ਨਾਲ) ਮਿਟਾਇਆਂ ਮਿਟ ਨਹੀਂ ਸਕਦਾ (ਗੁਰੂ ਦੇ ਮਿਲਣ ਨਾਲ ਹੀ ਲੋਹੇ ਤੋਂ ਕੰਚਨ ਬਣਦਾ) ਹੈ।੩।

ਹੇ ਭਾਈ! (ਗੁਰੂ ਦੇ ਅੰਦਰ) ਭਗਤੀ ਦੇ ਸਮੁੰਦਰ (ਭਰੇ ਪਏ) ਹਨ, ਭਗਤੀ ਦੇ ਖ਼ਜ਼ਾਨੇ ਖੁਲ੍ਹੇ ਪਏ ਹਨ, ਗੁਰੂ ਦੀ ਮਤਿ ਉਤੇ ਤੁਰ ਕੇ ਹੀ ਮਨੁੱਖ (ਉੱਚੇ ਆਤਮਕ ਗੁਣ-) ਰਤਨ ਪ੍ਰਾਪਤ ਕਰ ਸਕਦਾ ਹੈ। (ਵੇਖੋ) ਗੁਰੂ ਦੀ ਚਰਨੀਂ ਲੱਗ ਕੇ (ਹੀ ਮੇਰੇ ਅੰਦਰ) ਇਕ ਪਰਮਾਤਮਾ ਵਾਸਤੇ ਪਿਆਰ ਪੈਦਾ ਹੋਇਆ ਹੈ (ਹੁਣ) ਪਰਮਾਤਮਾ ਦੇ ਗੁਣ ਗਾਂਦਿਆਂ ਮੇਰਾ ਮਨ ਰੱਜਦਾ ਨਹੀਂ ਹੈ।੪।

ਹੇ ਭਾਈ! ਜਿਹੜਾ ਮਨੁੱਖ ਸਦਾ ਹੀ ਪਰਮਾਤਮਾ ਦਾ ਧਿਆਨ ਧਰਦਾ ਰਹਿੰਦਾ ਹੈ ਉਸਦੇ ਅੰਦਰ ਸਭ ਤੋਂ ਉੱਚੀ ਲਗਨ ਬਣ ਜਾਂਦੀ ਹੈ। ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਜਿਹੜਾ ਪਿਆਰ ਮੇਰੇ ਅੰਦਰ ਬਣਿਆ ਹੈ, ਮੈਂ (ਤੁਹਾਨੂੰ ਉਸ ਦਾ ਹਾਲ) ਦੱਸਿਆ ਹੈ। ਸੋ, ਹੇ ਭਾਈ! ਮੁੜ ਮੁੜ, ਹਰੇਕ ਖਿਨ, ਹਰੇਕ ਪਲ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ (ਪਰ, ਇਹ ਚੇਤੇ ਰੱਖੋ) ਪਰਮਾਤਮਾ ਪਰੇ ਤੋਂ ਪਰੇ ਹੈ, ਕੋਈ ਜੀਵ ਉਸ (ਦੀ ਹਸਤੀ) ਦਾ ਪਾਰਲਾ ਬੰਨ੍ਹਾ ਲੱਭ ਨਹੀਂ ਸਕਦਾ।੫।

ਸਾਸਤ ਬੇਦ ਪੁਰਾਣ ਪੁਕਾਰਹਿ ਧਰਮੁ ਕਰਹੁ ਖਟੁ ਕਰਮ ਦ੍ਰਿੜਈਆ ॥ ਮਨਮੁਖ ਪਾਖੰਡਿ ਭਰਮਿ ਵਿਗੂਤੇ ਲੋਭ ਲਹਰਿ ਨਾਵ ਭਾਰਿ ਬੁਡਈਆ ॥੬॥ ਨਾਮੁ ਜਪਹੁ ਨਾਮੇ ਗਤਿ ਪਾਵਹੁ ਸਿਮ੍ਰਿਤਿ ਸਾਸਤ੍ਰ ਨਾਮੁ ਦ੍ਰਿੜਈਆ ॥ ਹਉਮੈ ਜਾਇ ਤ ਨਿਰਮਲੁ ਹੋਵੈ ਗੁਰਮੁਖਿ ਪਰਚੈ ਪਰਮ ਪਦੁ ਪਈਆ ॥੭॥ ਇਹੁ ਜਗੁ ਵਰਨੁ ਰੂਪੁ ਸਭੁ ਤੇਰਾ ਜਿਤੁ ਲਾਵਹਿ ਸੇ ਕਰਮ ਕਮਈਆ ॥ ਨਾਨਕ ਜੰਤ ਵਜਾਏ ਵਾਜਹਿ ਜਿਤੁ ਭਾਵੈ ਤਿਤੁ ਰਾਹਿ ਚਲਈਆ ॥੮॥੨॥੫॥ {ਪੰਨਾ 834}

ਪਦਅਰਥ: ਪੁਕਾਰਹਿਪੁਕਾਰਦੇ ਹਨ, (ਇਸੇ ਗੱਲ ਉੱਤੇ) ਜ਼ੋਰ ਦੇਂਦੇ ਹਨ। ਧਰਮੁ—(ਖਟਕਰਮੀ) ਧਰਮ। ਖਟ ਕਰਮਛੇ ਧਾਰਮਿਕ ਕਰਮ (ਵਿੱਦਿਆ ਪੜ੍ਹਨੀ ਤੇ ਪੜ੍ਹਾਣੀ, ਜੱਗ ਕਰਨੇ ਤੇ ਕਰਾਣੇ, ਦਾਨ ਦੇਣਾ ਤੇ ਲੈਣਾ)ਦ੍ਰਿੜਈਆਪਕਿਆਈ ਕਰਦੇ ਹਨ। ਮਨਮੁਖਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਪਾਖੰਡਿਪਖੰਡ ਵਿਚ। ਭਰਮਿਭਟਕਣਾ ਵਿਚ। ਵਿਗੂਤੇਖ਼ੁਆਰ ਹੁੰਦੇ ਹਨ। ਨਾਵ—(ਜ਼ਿੰਦਗੀ ਦੀ) ਬੇੜੀ। ਭਾਰਿਭਾਰ ਨਾਲ।੬।

ਨਾਮੇਨਾਮ ਦੀ ਰਾਹੀਂ ਹੀ। ਗਤਿਉੱਚੀ ਆਤਮਕ ਅਵਸਥਾ। ਦ੍ਰਿੜਈਆਹਿਰਦੇ ਵਿਚ ਪੱਕਾ ਕਰੋ। ਜਾਇਦੂਰ ਹੁੰਦੀ ਹੈ। ਤਤਦੋਂ। ਨਿਰਮਲੁਪਵਿੱਤਰ ਜੀਵਨ ਵਾਲਾ। ਗੁਰਮੁਖਿਗੁਰੂ ਦੀ ਰਾਹੀਂ। ਪਰਚੈ—(ਨਾਮ ਵਿਚ) ਪਰਚਦਾ ਹੈ। ਪਰਮ ਪਦੁਸਭ ਤੋਂ ਉੱਚਾ ਆਤਮਕ ਦਰਜਾ।੭।

ਵਰਨੁਰੰਗ। ਜਿਤੁਜਿਸ (ਕੰਮ) ਵਿਚ। ਲਾਵਹਿਤੂੰ ਲਾਂਦਾ ਹੈਂ। ਸੇਉਹ {ਬਹੁ-ਵਚਨ}ਜੰਤਜੀਵ {ਬਹੁ-ਵਚਨ}ਵਾਜਹਿਵੱਜਦੇ ਹਨ। ਜਿਤੁਜਿਸ (ਰਾਹ) ਵਿਚ। ਭਾਵੈਤੈਨੂੰ ਚੰਗਾ ਲੱਗਦਾ ਹੈ। ਤਿਤੁ ਰਾਹਿਉਸੇ ਰਾਹ ਤੇ।੮।

ਅਰਥ: ਹੇ ਭਾਈ! ਵੇਦ ਸ਼ਾਸਤ੍ਰ ਪੁਰਾਣ (ਆਦਿਕ ਧਰਮ ਪੁਸਤਕ ਇਸੇ ਗੱਲ ਉੱਤੇ) ਜ਼ੋਰ ਦੇਂਦੇ ਹਨ (ਕਿ ਖਟ-ਕਰਮੀ) ਧਰਮ ਕਮਾਇਆ ਕਰੋ, ਉਹ ਇਹਨਾਂ ਛੇ ਧਾਰਮਿਕ ਕਰਮਾਂ ਬਾਰੇ ਹੀ ਪਕਿਆਈ ਕਰਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਇਸੇ) ਪਾਖੰਡ ਵਿਚ ਭਟਕਣਾ ਵਿਚ (ਪੈ ਕੇ) ਖ਼ੁਆਰ ਹੁੰਦੇ ਹਨ, (ਉਹਨਾਂ ਦੀ ਜ਼ਿੰਦਗੀ ਦੀ) ਬੇੜੀ (ਆਪਣੇ ਹੀ ਪਾਖੰਡ ਦੇ) ਭਾਰ ਨਾਲ ਲੋਭ ਦੀ ਲਹਿਰ ਵਿਚ ਡੁੱਬ ਜਾਂਦੀ ਹੈ।੬।

ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰੋ, ਨਾਮ ਵਿਚ ਜੁੜ ਕੇ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰੋਗੇ। (ਆਪਣੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਟਿਕਾਈ ਰੱਖੋ, (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵਾਸਤੇ ਇਹ ਹਰਿ-ਨਾਮ ਹੀ) ਸਿਮ੍ਰਿਤੀਆਂ ਸ਼ਾਸਤ੍ਰਾਂ ਦਾ ਉਪਦੇਸ ਹੈ। (ਹਰਿ-ਨਾਮ ਦੀ ਰਾਹੀਂ ਜਦੋਂ ਮਨੁੱਖ ਦੇ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਗੁਰੂ ਦੀ ਸਰਨ ਪੈ ਕੇ ਜਦੋਂ ਮਨੁੱਖ (ਪਰਮਾਤਮਾ ਦੇ ਨਾਮ ਵਿਚ) ਪਤੀਜਦਾ ਹੈ, ਤਦੋਂ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।੭।

ਹੇ ਨਾਨਕ! (ਆਖ-ਹੇ ਪ੍ਰਭੂ!) ਇਹ ਸਾਰਾ ਜਗਤ ਤੇਰਾ ਹੀ ਰੂਪ ਹੈ ਤੇਰਾ ਹੀ ਰੰਗ ਹੈ। ਜਿਸ ਪਾਸੇ ਤੂੰ (ਜੀਵਾਂ ਨੂੰ) ਲਾਂਦਾ ਹੈਂ, ਉਹੀ ਕਰਮ ਜੀਵ ਕਰਦੇ ਹਨ। ਜੀਵ (ਤੇਰੇ ਵਾਜੇ ਹਨ) ਜਿਵੇਂ ਤੂੰ ਵਜਾਂਦਾ ਹੈਂ, ਤਿਵੇਂ ਵੱਜਦੇ ਹਨ। ਜਿਸ ਰਾਹ ਤੇ ਤੋਰਨਾ ਤੈਨੂੰ ਚੰਗਾ ਲੱਗਦਾ ਹੈ, ਉਸੇ ਰਾਹ ਤੇ ਜੀਵ ਤੁਰਦੇ ਹਨ।੮।੨।

ਬਿਲਾਵਲੁ ਮਹਲਾ ੪ ॥ ਗੁਰਮੁਖਿ ਅਗਮ ਅਗੋਚਰੁ ਧਿਆਇਆ ਹਉ ਬਲਿ ਬਲਿ ਸਤਿਗੁਰ ਸਤਿ ਪੁਰਖਈਆ ॥ ਰਾਮ ਨਾਮੁ ਮੇਰੈ ਪ੍ਰਾਣਿ ਵਸਾਏ ਸਤਿਗੁਰ ਪਰਸਿ ਹਰਿ ਨਾਮਿ ਸਮਈਆ ॥੧॥ ਜਨ ਕੀ ਟੇਕ ਹਰਿ ਨਾਮੁ ਟਿਕਈਆ ॥ ਸਤਿਗੁਰ ਕੀ ਧਰ ਲਾਗਾ ਜਾਵਾ ਗੁਰ ਕਿਰਪਾ ਤੇ ਹਰਿ ਦਰੁ ਲਹੀਆ ॥੧॥ ਰਹਾਉ ॥ਇਹੁ ਸਰੀਰੁ ਕਰਮ ਕੀ ਧਰਤੀ ਗੁਰਮੁਖਿ ਮਥਿ ਮਥਿ ਤਤੁ ਕਢਈਆ ॥ ਲਾਲੁ ਜਵੇਹਰ ਨਾਮੁ ਪ੍ਰਗਾਸਿਆ ਭਾਂਡੈ ਭਾਉ ਪਵੈ ਤਿਤੁ ਅਈਆ ॥੨॥ {ਪੰਨਾ 834}

ਪਦਅਰਥ: ਗੁਰਮੁਖਿਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਅਗਮਅਪਹੁੰਚ। ਅਗੋਚਰੁ—{ਗੋਚਰੁ। ਗੋਗਿਆਨਇੰਦ੍ਰੇ} ਜਿਸ ਤਕ ਗਿਆਨਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਹਉਹਉਂ, ਮੈਂ। ਬਲਿ ਬਲਿਸਦਕੇ। ਮੇਰੈ ਪ੍ਰਾਣਿਮੇਰੀ ਜਿੰਦ ਵਿਚ, ਮੇਰੇ ਹਰੇਕ ਸੁਆਸ ਵਿਚ। ਪਰਸਿਛੁਹ ਕੇ। ਨਾਮਿਨਾਮ ਵਿਚ।੧।

ਟੇਕਆਸਰਾ। ਟਿਕਈਆਟਿਕਾ ਦਿੱਤੀ ਹੈ, ਬਣਾ ਦਿੱਤੀ ਹੈ। ਧਰਆਸਰਾ। ਜਾਵਾਜਾਵਾਂ, ਮੈਂ ਜਾਂਦਾ ਹਾਂ, ਮੈਂ (ਜੀਵਨਪੰਧ ਤੇ) ਤੁਰਿਆ ਜਾ ਰਿਹਾ ਹਾਂ। ਧਰ ਲਾਗਾਪੱਲਾ ਫੜੀ। ਤੇਤੋਂ, ਦੀ ਰਾਹੀਂ। ਲਹੀਆਲੱਭ ਲਿਆ ਹੈ।੧।ਰਹਾਉ।

ਮਥਿਰਿੜਕ ਕੇ, ਸੋਧ ਕੇ। ਤਤੁਮੱਖਣ, ਉੱਚਾ ਆਤਮਕ ਜੀਵਨ। ਪ੍ਰਗਾਸਿਆਪਰਕਾਸ਼ ਕਰ ਦਿੱਤਾ ਹੈ (ਗੁਰੂ ਨੇ), ਪਰਗਟ ਕਰ ਦਿੱਤਾ ਹੈ। ਭਾਂਡੈ ਤਿਤੁਤਿਤੁ ਭਾਂਡੈ, ਉਸ (ਹਿਰਦਾ-) ਭਾਂਡੇ ਵਿਚ। ਭਾਉਪਿਆਰ, ਪ੍ਰੇਮ। ਅਈਆਆ ਪਿਆ ਹੈ।੨।

ਅਰਥ: ਹੇ ਭਾਈ! ਮੈਂ ਗੁਰੂ ਦਾ ਪੱਲਾ ਫੜ ਕੇ (ਜੀਵਨ-ਪੰਧ ਤੇ) ਤੁਰਿਆ ਜਾ ਰਿਹਾ ਹਾਂ, ਗੁਰੂ ਦੀ ਮਿਹਰ ਨਾਲ ਮੈਂ ਪਰਮਾਤਮਾ (ਦੇ ਮਹਲ) ਦਾ ਦਰਵਾਜ਼ਾ ਲੱਭ ਲਿਆ ਹੈ। (ਗੁਰੂ ਨੇ) ਪਰਮਾਤਮਾ ਦਾ ਨਾਮ (ਮੈਂ) ਦਾਸ (ਦੀ ਜ਼ਿੰਦਗੀ) ਦਾ ਸਹਾਰਾ ਬਣਾ ਦਿੱਤਾ ਹੈ।੧।ਰਹਾਉ।

ਹੇ ਭਾਈ! ਮੈਂ ਗੁਰੂ ਮਹਾ ਪੁਰਖ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਗੁਰੂ ਦੀ ਸਰਨ ਪੈ ਕੇ ਮੈਂ ਉਸ ਅਪਹੁੰਚ ਪ੍ਰਭੂ ਦਾ ਨਾਮ ਸਿਮਰ ਰਿਹਾ ਹਾਂ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਰੇਕ ਸੁਆਸ ਵਿਚ ਵਸਾ ਦਿੱਤਾ ਹੈ। ਗੁਰੂ (ਦੇ ਚਰਨਾਂ) ਨੂੰ ਛੁਹ ਕੇ ਪਰਮਾਤਮਾ ਦੇ ਨਾਮ ਵਿਚ ਮੈਂ ਲੀਨ ਰਹਿੰਦਾ ਹਾਂ।੧।

ਹੇ ਭਾਈ! ਇਹ (ਮਨੁੱਖਾ) ਸਰੀਰ (ਇਕ ਅਜਿਹੀ) ਧਰਤੀ ਹੈ ਜਿਸ ਵਿਚ (ਰੋਜ਼ਾਨਾ ਕੀਤੇ ਜਾ ਰਹੇ) ਕਰਮ (-ਬੀਜ) ਬੀਜੇ ਜਾ ਰਹੇ ਹਨ। (ਜਿਵੇਂ) ਦੁੱਧ ਨੂੰ ਰਿੜਕ ਰਿੜਕ ਕੇ ਮੱਖਣ ਕੱਢ ਲਈਦਾ ਹੈ (ਤਿਵੇਂ,) ਗੁਰੂ ਦੀ ਸਰਨ ਪੈ ਕੇ (ਇਹਨਾਂ ਰੋਜ਼ਾਨਾ ਕੀਤੇ ਜਾ ਰਹੇ ਕਰਮਾਂ ਨੂੰ ਸੋਧ ਸੋਧ ਕੇ ਉੱਚਾ ਆਤਮਕ ਜੀਵਨ ਪ੍ਰਾਪਤ ਕਰ ਲਈਦਾ ਹੈ)(ਜਿਸ ਹਿਰਦੇ-ਰੂਪ ਭਾਂਡੇ ਵਿਚ ਗੁਰੂ ਪਰਮਾਤਮਾ ਦਾ) ਮਹਾਨ ਕੀਮਤੀ ਨਾਮ ਪਰਗਟ ਕਰ ਦੇਂਦਾ ਹੈ, ਉਸ (ਹਿਰਦਾ-) ਭਾਂਡੇ ਵਿਚ ਪ੍ਰੇਮ ਆ ਵੱਸਦਾ ਹੈ।੨।

ਦਾਸਨਿ ਦਾਸ ਦਾਸ ਹੋਇ ਰਹੀਐ ਜੋ ਜਨ ਰਾਮ ਭਗਤ ਨਿਜ ਭਈਆ ॥ ਮਨੁ ਬੁਧਿ ਅਰਪਿ ਧਰਉ ਗੁਰ ਆਗੈ ਗੁਰ ਪਰਸਾਦੀ ਮੈ ਅਕਥੁ ਕਥਈਆ ॥੩॥ ਮਨਮੁਖ ਮਾਇਆ ਮੋਹਿ ਵਿਆਪੇ ਇਹੁ ਮਨੁ ਤ੍ਰਿਸਨਾ ਜਲਤ ਤਿਖਈਆ ॥ ਗੁਰਮਤਿ ਨਾਮੁ ਅੰਮ੍ਰਿਤ ਜਲੁ ਪਾਇਆ ਅਗਨਿ ਬੁਝੀ ਗੁਰ ਸਬਦਿ ਬੁਝਈਆ ॥੪॥ {ਪੰਨਾ 834}

ਪਦਅਰਥ: ਹੋਇਹੋ ਕੇ, ਬਣ ਕੇ। ਰਹੀਐਰਹਿਣਾ ਚਾਹੀਦਾ ਹੈ। ਜੋ ਜਨਜਿਹੜੇ ਮਨੁੱਖ। ਨਿਜਆਪਣੇ ਖ਼ਾਸ। ਅਰਪਿਅਰਪਣ ਕਰ ਕੇ, ਭੇਟਾ ਕਰ ਕੇ। ਧਰਉਧਰਉਂ, ਮੈਂ ਧਰਦਾ ਹਾਂ। ਪਰਸਾਦੀਕਿਰਪਾ ਨਾਲ ਹੀ। ਅਕਥੁਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਕਥਈਆਮੈਂ ਸਿਫ਼ਤਿ-ਸਾਲਾਹ ਕਰ ਰਿਹਾ ਹਾਂ।੩।

ਮਨਮੁਖਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਮੋਹਿਮੋਹ ਵਿਚ। ਵਿਆਪੇਫਸੇ ਰਹਿੰਦੇ ਹਨ। ਤਿਖਈਆਤਿਖਾ, ਤ੍ਰਿਸ਼ਨਾ। ਅੰਮ੍ਰਿਤ ਜਲੁਆਤਮਕ ਜੀਵਨ ਦੇਣ ਵਾਲਾ ਜਲ। ਅਗਨਿ—(ਤ੍ਰਿਸ਼ਨਾ ਦੀ) ਅੱਗ। ਗੁਰ ਸਬਦਿਗੁਰੂ ਦੇ ਸ਼ਬਦ ਨੇ।੪।

ਅਰਥ: ਹੇ ਭਾਈ! ਜੇਹੜੇ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਖ਼ਾਸ ਭਗਤ ਬਣ ਜਾਂਦੇ ਹਨ, ਉਹਨਾਂ ਦੇ ਦਾਸਾਂ ਦੇ ਦਾਸਾਂ ਦੇ ਦਾਸ ਬਣ ਕੇ ਰਹਿਣਾ ਚਾਹੀਦਾ ਹੈ। ਮੈਂ (ਆਪਣੇ) ਗੁਰੂ ਦੇ ਅੱਗੇ (ਆਪਣਾ) ਮਨ ਭੇਟਾ ਕਰ ਦਿੱਤਾ ਹੈ, ਆਪਣੀ ਅਕਲ ਭੇਟਾ ਕਰ ਦਿੱਤੀ ਹੈ। ਗੁਰੂ ਦੀ ਕਿਰਪਾ ਨਾਲ ਹੀ ਮੈਂ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹਾਂ, ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।੩।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਸਦਾ) ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ, (ਉਹਨਾਂ ਦਾ) ਇਹ ਮਨ (ਮਾਇਆ ਦੀ) ਤ੍ਰਿਸ਼ਨਾ (ਦੀ ਅੱਗ) ਵਿਚ ਸੜਦਾ ਰਹਿੰਦਾ ਹੈ। (ਜਿਸ ਮਨੁੱਖ ਨੇ) ਗੁਰੂ ਦੀ ਸਿੱਖਿਆ ਲੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਲੱਭ ਲਿਆ, (ਉਸ ਦੇ ਅੰਦਰੋਂ ਤ੍ਰਿਸ਼ਨਾ ਦੀ) ਅੱਗ ਬੁੱਝ ਗਈ, ਗੁਰੂ ਦੇ ਸ਼ਬਦ ਨੇ ਬੁਝਾ ਦਿੱਤੀ।੪।

TOP OF PAGE

Sri Guru Granth Darpan, by Professor Sahib Singh