ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 832

ਬਿਲਾਵਲੁ ਮਹਲਾ ੧ ॥ ਮਨ ਕਾ ਕਹਿਆ ਮਨਸਾ ਕਰੈ ॥ ਇਹੁ ਮਨੁ ਪੁੰਨੁ ਪਾਪੁ ਉਚਰੈ ॥ ਮਾਇਆ ਮਦਿ ਮਾਤੇ ਤ੍ਰਿਪਤਿ ਨ ਆਵੈ ॥ ਤ੍ਰਿਪਤਿ ਮੁਕਤਿ ਮਨਿ ਸਾਚਾ ਭਾਵੈ ॥੧॥ ਤਨੁ ਧਨੁ ਕਲਤੁ ਸਭੁ ਦੇਖੁ ਅਭਿਮਾਨਾ ॥ ਬਿਨੁ ਨਾਵੈ ਕਿਛੁ ਸੰਗਿ ਨ ਜਾਨਾ ॥੧॥ ਰਹਾਉ ॥ਕੀਚਹਿ ਰਸ ਭੋਗ ਖੁਸੀਆ ਮਨ ਕੇਰੀ ॥ ਧਨੁ ਲੋਕਾਂ ਤਨੁ ਭਸਮੈ ਢੇਰੀ ॥ ਖਾਕੂ ਖਾਕੁ ਰਲੈ ਸਭੁ ਫੈਲੁ ॥ ਬਿਨੁ ਸਬਦੈ ਨਹੀ ਉਤਰੈ ਮੈਲੁ ॥੨॥ ਗੀਤ ਰਾਗ ਘਨ ਤਾਲ ਸਿ ਕੂਰੇ ॥ ਤ੍ਰਿਹੁ ਗੁਣ ਉਪਜੈ ਬਿਨਸੈ ਦੂਰੇ ॥ ਦੂਜੀ ਦੁਰਮਤਿ ਦਰਦੁ ਨ ਜਾਇ ॥ ਛੂਟੈ ਗੁਰਮੁਖਿ ਦਾਰੂ ਗੁਣ ਗਾਇ ॥੩॥ ਧੋਤੀ ਊਜਲ ਤਿਲਕੁ ਗਲਿ ਮਾਲਾ ॥ ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ ॥ ਨਾਮੁ ਵਿਸਾਰਿ ਮਾਇਆ ਮਦੁ ਪੀਆ ॥ ਬਿਨੁ ਗੁਰ ਭਗਤਿ ਨਾਹੀ ਸੁਖੁ ਥੀਆ ॥੪॥ ਸੂਕਰ ਸੁਆਨ ਗਰਧਭ ਮੰਜਾਰਾ ॥ ਪਸੂ ਮਲੇਛ ਨੀਚ ਚੰਡਾਲਾ ॥ ਗੁਰ ਤੇ ਮੁਹੁ ਫੇਰੇ ਤਿਨ੍ਹ੍ਹ ਜੋਨਿ ਭਵਾਈਐ ॥ ਬੰਧਨਿ ਬਾਧਿਆ ਆਈਐ ਜਾਈਐ ॥੫॥ ਗੁਰ ਸੇਵਾ ਤੇ ਲਹੈ ਪਦਾਰਥੁ ॥ ਹਿਰਦੈ ਨਾਮੁ ਸਦਾ ਕਿਰਤਾਰਥੁ ॥ ਸਾਚੀ ਦਰਗਹ ਪੂਛ ਨ ਹੋਇ ॥ ਮਾਨੇ ਹੁਕਮੁ ਸੀਝੈ ਦਰਿ ਸੋਇ ॥੬॥ ਸਤਿਗੁਰੁ ਮਿਲੈ ਤ ਤਿਸ ਕਉ ਜਾਣੈ ॥ ਰਹੈ ਰਜਾਈ ਹੁਕਮੁ ਪਛਾਣੈ ॥ ਹੁਕਮੁ ਪਛਾਣਿ ਸਚੈ ਦਰਿ ਵਾਸੁ ॥ ਕਾਲ ਬਿਕਾਲ ਸਬਦਿ ਭਏ ਨਾਸੁ ॥੭॥ ਰਹੈ ਅਤੀਤੁ ਜਾਣੈ ਸਭੁ ਤਿਸ ਕਾ ॥ ਤਨੁ ਮਨੁ ਅਰਪੈ ਹੈ ਇਹੁ ਜਿਸ ਕਾ ॥ ਨਾ ਓਹੁ ਆਵੈ ਨਾ ਓਹੁ ਜਾਇ ॥ ਨਾਨਕ ਸਾਚੇ ਸਾਚਿ ਸਮਾਇ ॥੮॥੨॥ {ਪੰਨਾ 832}

ਪਦਅਰਥ: ਮਨਸਾਬੁੱਧੀ, ਅਕਲ। ਉਚਰੈਗੱਲਾਂ ਕਰਦਾ ਹੈ। ਮਦਿਮਦ ਵਿਚ, ਨਸ਼ੇ ਵਿਚ। ਮਾਤੇਮਸਤੇ ਹੋਏ ਨੂੰ। ਮੁਕਤਿ—(ਮਾਇਆ ਦੇ ਪੰਜੇ ਵਿਚੋਂ) ਖ਼ਲਾਸੀ। ਮਨਿਮਨ ਵਿਚ। ਸਾਚਾਸਦਾ-ਥਿਰ ਪ੍ਰਭੂ।੧।

ਕਲਤਇਸਤ੍ਰੀ {ਨੋਟ: ਇਹ ਲਫ਼ਜ਼ ਵੇਖਣ ਨੂੰ ਪੁਲਿੰਗ ਹੈ। ਸੰਸਕ੍ਰਿਤ ਲਫ਼ਜ਼ कलत्र ਨਪੁੰਸਕ ਲਿੰਗ ਹੈ}ਅਭਿਮਾਨਾਹੇ ਅਭਿਮਾਨੀ!੧।ਰਹਾਉ।

ਕੀਚਹਿਕਰੀਦੇ ਹਨ। ਕੇਰੀਦੀ, ਦੀਆਂ। ਭਸਮੈਸੁਆਹ ਦੀ। ਖਾਕੂਖ਼ਾਕ ਵਿਚ। ਫੈਲੁਪਸਾਰਾ।੨।

ਘਨਬਹੁਤ। ਸਿਇਹ ਸਾਰੇ। ਕੂਰੇਕੂੜੇ, ਝੂਠੇ। ਤ੍ਰਿਹੁ ਗੁਣਮਾਇਆ ਦੇ ਤਿੰਨਾਂ ਗੁਣਾਂ ਵਿਚ। ਉਪਜੈ ਬਿਨਸੈ—(ਜੀਵ) ਜੰਮਦਾ ਮਰਦਾ ਹੈ। ਦੂਜੀਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ। ਦਰਦਰੋਗ।੩।

ਊਜਲਚਿੱਟੀ। ਗਲਿਗਲ ਵਿਚ। ਨਾਟ ਸਾਲਾਨਾਟਘਰ, ਜਿਥੇ ਨਾਟ ਸਿਖਾਇਆ ਜਾਂਦਾ ਹੈ। ਮਦੁਸ਼ਰਾਬ।੪।

ਸੂਕਰਸੂਰ। ਸੁਆਨਕੁੱਤੇ। ਗਰਧਭਖੋਤੇ। ਮੰਜਾਰਾਬਿੱਲੇ। ਤੇਤੋਂ। ਬੰਧਨਿਬੰਧਨ ਵਿਚ।੫।

ਲਹੈਪ੍ਰਾਪਤ ਕਰਦਾ ਹੈ। ਪਦਾਰਥੁਨਾਮਵਸਤੁ। ਕਿਰਤਾਰਥੁਸਫਲ, ਕਾਮਯਾਬ। ਸੀਝੈਕਾਮਯਾਬ ਹੁੰਦਾ ਹੈ। ਦਰਿਪ੍ਰਭੂ ਦੇ ਦਰ ਤੇ। ਸੋਇਉਹ ਮਨੁੱਖ।੬।

ਤਿਸ ਕਉਉਸ (ਪਰਮਾਤਮਾ) ਨੂੰ। ਰਜਾਈਰਜ਼ਾ ਵਿਚ। ਪਛਾਣਿਪਛਾਣ ਕੇ। ਕਾਲ ਬਿਕਾਲਮੌਤ ਤੇ ਜਨਮ, ਜਨਮ ਮਰਨ।੭।

ਅਤੀਤੁਨਿਰਲੇਪ, ਤਿਆਗੀ। ਤਿਸ ਕਾਉਸ ਪਰਮਾਤਮਾ ਦਾ। ਅਰਪੈਭੇਟਾ ਕਰਦਾ ਹੈ। ਓਹੁਉਹ ਜੀਵ। ਸਾਚੇ ਸਾਚਿਸਾਚਿ ਹੀ ਸਾਚਿ, ਸਦਾ ਹੀ ਸੱਚੇ ਹਰੀ ਵਿਚ।੮।

ਅਰਥ: ਹੇ ਅਭਿਮਾਨੀ ਜੀਵ! ਵੇਖ, ਇਹ ਸਰੀਰ, ਇਹ ਧਨ, ਇਹ ਇਸਤ੍ਰੀ-ਇਹ ਸਭ (ਸਦਾ ਨਾਲ ਨਿਭਣ ਵਾਲੇ ਨਹੀਂ ਹਨ) ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਚੀਜ਼ (ਜੀਵ ਦੇ) ਨਾਲ ਨਹੀਂ ਜਾਂਦੀ।੧।ਰਹਾਉ।

(ਪ੍ਰਭੂ-ਨਾਮ ਤੋਂ ਖੁੰਝੇ ਹੋਏ ਮਨੁੱਖ ਦੀ) ਬੁੱਧੀ (ਭੀ) ਮਨ ਦੇ ਕਹੇ ਵਿਚ ਤੁਰਦੀ ਹੈ, ਤੇ, ਇਹ ਮਨ ਨਿਰੀਆਂ ਇਹੀ ਗੱਲਾਂ ਸੋਚਦਾ ਹੈ ਕਿ (ਸ਼ਾਸਤ੍ਰਾਂ ਦੀ ਮਰਯਾਦਾ ਅਨੁਸਾਰ) ਪੁੰਨ ਕੀਹ ਹੈ ਤੇ ਪਾਪ ਕੀਹ ਹੈ। ਮਾਇਆ ਦੇ ਨਸ਼ੇ ਵਿਚ ਮਸਤ ਹੋਏ ਮਨੁੱਖ ਨੂੰ (ਮਾਇਆ ਵਲੋਂ) ਰਜੇਵਾਂ ਨਹੀਂ ਹੁੰਦਾ। ਮਾਇਆ ਵਲੋਂ ਰਜੇਵਾਂ ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਤਦੋਂ ਹੀ ਹੁੰਦੀ ਹੈ ਜਦੋਂ ਮਨੁੱਖ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਪਿਆਰਾ ਲੱਗਣ ਲੱਗ ਪਏ।੧।

ਮਾਇਕ ਰਸਾਂ ਦੇ ਭੋਗ ਕਰੀਦੇ ਹਨ, ਮਨ ਦੀਆਂ ਮੌਜਾਂ ਮਾਣੀਦੀਆਂ ਹਨ, (ਪਰ ਮੌਤ ਆਉਣ ਤੇ) ਧਨ (ਹੋਰ) ਲੋਕਾਂ ਦਾ ਬਣ ਜਾਂਦਾ ਹੈ ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਂਦਾ ਹੈ। ਇਹ ਸਾਰਾ ਹੀ ਪਸਾਰਾ (ਅੰਤ) ਖ਼ਾਕ ਵਿਚ ਹੀ ਰਲ ਜਾਂਦਾ ਹੈ (ਮਨ ਉਤੇ ਵਿਸ਼ੇ ਵਿਕਾਰਾਂ ਦੀ ਮੈਲ ਇਕੱਠੀ ਹੁੰਦੀ ਜਾਂਦੀ ਹੈ, ਉਹ) ਮੈਲ ਗੁਰੂ ਦੇ ਸ਼ਬਦ ਤੋਂ ਬਿਨਾ ਨਹੀਂ ਲਹਿੰਦੀ।੨।

(ਪ੍ਰਭੂ-ਨਾਮ ਤੋਂ ਖੁੰਝ ਕੇ) ਮਨੁੱਖ ਅਨੇਕਾਂ ਕਿਸਮਾਂ ਦੇ ਗੀਤ ਰਾਗ ਤੇ ਤਾਲ ਆਦਿਕਾਂ ਵਿਚ ਮਨ ਪਰਚਾਂਦਾ ਹੈ ਪਰ ਇਹ ਸਭ ਝੂਠੇ ਉੱਦਮ ਹਨ (ਕਿਉਂਕਿ ਨਾਮ ਤੋਂ ਬਿਨਾ ਜੀਵ) ਤਿੰਨਾਂ ਗੁਣਾਂ ਦੇ ਅਸਰ ਹੇਠ ਜੰਮਦਾ ਮਰਦਾ ਰਹਿੰਦਾ ਹੈ ਤੇ (ਪ੍ਰਭੂ-ਚਰਨਾਂ ਤੋਂ) ਵਿਛੁੜਿਆ ਰਹਿੰਦਾ ਹੈ। (ਇਹਨਾਂ ਗੀਤਾਂ ਰਾਗਾਂ ਦੀ ਸਹਾਇਤਾ ਨਾਲ ਜੀਵ ਦੀ) ਹੋਰ ਝਾਕ ਤੇ ਭੈੜੀ ਮਤਿ ਦੂਰ ਨਹੀਂ ਹੁੰਦੀ, ਆਤਮਕ ਰੋਗ ਨਹੀਂ ਜਾਂਦਾ। (ਇਸ ਦੂਜੀ ਝਾਕ ਤੋਂ, ਦੁਰਮਤਿ ਤੋਂ, ਆਤਮਕ ਰੋਗ ਤੋਂ ਉਹ ਮਨੁੱਖ) ਖ਼ਲਾਸੀ ਪਾਂਦਾ ਹੈ ਜੋ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ (ਇਹ ਸਿਫ਼ਤਿ-ਸਾਲਾਹ ਹੀ ਇਹਨਾਂ ਰੋਗਾਂ ਦਾ) ਦਾਰੂ ਹੈ।

ਜੇਹੜੇ ਮਨੁੱਖ ਚਿੱਟੀ ਧੋਤੀ ਪਹਿਨਦੇ ਹਨ (ਮੱਥੇ ਉਤੇ) ਤਿਲਕ ਲਾਂਦੇ ਹਨ, ਗਲ ਵਿਚ ਮਾਲਾ ਪਾਂਦੇ ਹਨ ਤੇ (ਵੇਦ ਆਦਿਕਾਂ ਦੇ ਮੰਤ੍ਰ) ਪੜ੍ਹਦੇ ਹਨ ਪਰ ਉਹਨਾਂ ਦੇ ਅੰਦਰ ਕ੍ਰੋਧ ਪ੍ਰਬਲ ਹੈ ਉਹਨਾਂ ਦਾ ਉੱਦਮ ਇਉਂ ਹੀ ਹੈ ਜਿਵੇਂ ਕਿਸੇ ਨਾਟ-ਘਰ ਵਿਚ (ਨਾਟ-ਵਿੱਦਿਆ ਦੀ ਸਿਖਲਾਈ ਕਰ ਕਰਾ ਰਹੇ ਹਨ)

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਭੁਲਾ ਕੇ ਮਾਇਆ (ਦੇ ਮੋਹ) ਦੀ ਸ਼ਰਾਬ ਪੀਤੀ ਹੋਈ ਹੋਵੇ, (ਉਹਨਾਂ ਨੂੰ ਸੁਖ ਨਹੀਂ ਹੋ ਸਕਦਾ)ਗੁਰੂ ਤੋਂ ਬਿਨਾ ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ, ਤੇ ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ।੪।

ਜਿਨ੍ਹਾਂ ਬੰਦਿਆਂ ਨੇ ਆਪਣਾ ਮੂੰਹ ਗੁਰੂ ਵਲੋਂ ਮੋੜਿਆ ਹੋਇਆ ਹੈ ਉਹਨਾਂ ਨੂੰ ਸੂਰ ਕੁੱਤੇ ਖੋਤੇ ਬਿੱਲੇ ਪਸ਼ੂ ਮਲੇਛ ਨੀਚ ਚੰਡਾਲ ਆਦਿਕਾਂ ਦੀਆਂ ਜੂਨਾਂ ਵਿਚ ਭਵਾਇਆ ਜਾਂਦਾ ਹੈ। ਮਾਇਆ ਦੇ ਮੋਹ ਦੇ ਬੰਧਨ ਵਿਚ ਬੱਝਾ ਹੋਇਆ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।੫।

ਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਹੀ ਮਨੁੱਖ ਨਾਮ-ਸਰਮਾਇਆ ਪ੍ਰਾਪਤ ਕਰਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਵੱਸਦਾ ਹੈ ਉਹ (ਜੀਵਨ-ਜਾਤ੍ਰਾ ਵਿਚ) ਸਫਲ ਹੋ ਗਿਆ ਹੈ। ਪਰਮਾਤਮਾ ਦੀ ਦਰਗਾਹ ਵਿਚ ਉਸ ਪਾਸੋਂ ਲੇਖਾ ਨਹੀਂ ਮੰਗਿਆ ਜਾਂਦਾ (ਕਿਉਂਕਿ ਉਸ ਦੇ ਜ਼ਿੰਮੇ ਕੋਈ ਬਾਕੀ ਨਹੀਂ ਨਿਕਲਦੀ)ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ (ਸਿਰ ਮੱਥੇ) ਮੰਨਦਾ ਹੈ ਉਹ ਪਰਮਾਤਮਾ ਦੇ ਦਰ ਤੇ ਕਾਮਯਾਬ ਹੋ ਜਾਂਦਾ ਹੈ।੬।

ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਾਂ ਇਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ ਤੇ ਰਜ਼ਾ ਵਿਚ (ਰਾਜ਼ੀ) ਰਹਿੰਦਾ ਹੈ। ਸਦਾ-ਥਿਰ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਸ ਦੇ ਦਰ ਤੇ ਥਾਂ ਪ੍ਰਾਪਤ ਕਰ ਲੈਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ।੭।

(ਸਿਮਰਨ ਦੀ ਬਰਕਤਿ ਨਾਲ) ਜੇਹੜਾ ਮਨੁੱਖ (ਅੰਤਰ ਆਤਮੇ ਮਾਇਆ ਦੇ ਮੋਹ ਵਲੋਂ) ਉਪਰਾਮ ਰਹਿੰਦਾ ਹੈ ਉਹ ਹਰੇਕ ਚੀਜ਼ ਨੂੰ ਪਰਮਾਤਮਾ ਦੀ (ਦਿੱਤੀ ਹੋਈ) ਹੀ ਸਮਝਦਾ ਹੈ। ਜਿਸ ਪਰਮਾਤਮਾ ਨੇ ਇਹ ਸਰੀਰ ਤੇ ਮਨ ਦਿੱਤਾ ਹੈ ਉਸ ਦੇ ਹਵਾਲੇ ਕਰਦਾ ਹੈ।੧।

ਹੇ ਨਾਨਕ! ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ, ਉਹ ਸਦਾ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ।੮।੨।

ਬਿਲਾਵਲੁ ਮਹਲਾ ੩ ਅਸਟਪਦੀ ਘਰੁ ੧੦    ੴ ਸਤਿਗੁਰ ਪ੍ਰਸਾਦਿ ॥ ਜਗੁ ਕਊਆ ਮੁਖਿ ਚੁੰਚ ਗਿਆਨੁ ॥ ਅੰਤਰਿ ਲੋਭੁ ਝੂਠੁ ਅਭਿਮਾਨੁ ॥ ਬਿਨੁ ਨਾਵੈ ਪਾਜੁ ਲਹਗੁ ਨਿਦਾਨਿ ॥੧॥ ਸਤਿਗੁਰ ਸੇਵਿ ਨਾਮੁ ਵਸੈ ਮਨਿ ਚੀਤਿ ॥ ਗੁਰੁ ਭੇਟੇ ਹਰਿ ਨਾਮੁ ਚੇਤਾਵੈ ਬਿਨੁ ਨਾਵੈ ਹੋਰ ਝੂਠੁ ਪਰੀਤਿ ॥੧॥ ਰਹਾਉ ॥ਗੁਰਿ ਕਹਿਆ ਸਾ ਕਾਰ ਕਮਾਵਹੁ ॥ ਸਬਦੁ ਚੀਨ੍ਹ੍ਹਿ ਸਹਜ ਘਰਿ ਆਵਹੁ ॥ ਸਾਚੈ ਨਾਇ ਵਡਾਈ ਪਾਵਹੁ ॥੨॥ ਆਪਿ ਨ ਬੂਝੈ ਲੋਕ ਬੁਝਾਵੈ ॥ ਮਨ ਕਾ ਅੰਧਾ ਅੰਧੁ ਕਮਾਵੈ ॥ ਦਰੁ ਘਰੁ ਮਹਲੁ ਠਉਰੁ ਕੈਸੇ ਪਾਵੈ ॥੩॥ {ਪੰਨਾ 832}

ਪਦਅਰਥ: ਜਗੁਜਗਤ, ਮਾਇਆਵੇੜ੍ਹਿਆ ਜੀਵ। ਕਊਆਕਾਂ, (ਕਾਂ ਵਾਂਗ ਲੌਂ ਲੌਂ ਕਰਨ ਵਾਲਾ)ਮੁਖਿਮੂੰਹੋਂ, ਮੂੰਹ ਨਾਲ, ਨਿਰਾ ਮੂੰਹ ਨਾਲ। ਚੁੰਚ ਗਿਆਨੁਚੁੰਝ ਦਾ ਗਿਆਨ, ਜ਼ਬਾਨੀ ਜ਼ਬਾਨੀ ਆਤਮਕ ਜੀਵਨ ਦੀ ਸੂਝ। ਅੰਤਰਿਮਨ ਵਿਚ, ਅੰਦਰ। ਪਾਜੁਵਿਖਾਵਾ। ਲਹਗੁਲਹਿ ਜਾਇਗਾ {ਭਵਿਖਤ ਕਾਲ, ਪੁਲਿੰਗ}ਨਿਦਾਨਿਅੰਤ ਨੂੰ, ਆਖ਼ਿਰ।੧।

ਸਤਿਗੁਰ ਸੇਵਿਗੁਰੂ ਦੀ ਸਰਨ ਪੈ ਕੇ। ਮਨਿਮਨ ਵਿਚ। ਚੀਤਿਚਿੱਤ ਵਿਚ। ਭੇਟੇਮਿਲਦਾ ਹੈ। ਚੇਤਾਵੈਜਪਾਂਦਾ ਹੈ, ਚੇਤੇ ਕਰਾਂਦਾ ਹੈ। ਪਰੀਤਿਪਿਆਰ।੧।ਰਹਾਉ।

ਗੁਰਿਗੁਰੂ ਨੇ। ਸਾਉਹ {ਇਸਤ੍ਰੀ ਲਿੰਗ}ਚੀਨ੍ਹ੍ਹਿਪਛਾਣ ਕੇ, ਸਾਂਝ ਪਾ ਕੇ। ਸਹਜਆਤਮਕ ਅਡੋਲਤਾ। ਸਹਜ ਘਰਿਆਤਮਕ ਅਡੋਲਤਾ ਦੇ ਘਰ ਵਿਚ। ਨਾਇਨਾਮ ਦੀ ਰਾਹੀਂ। ਸਾਚੈ ਨਾਇਸਦਾ-ਥਿਰ ਪ੍ਰਭੂ ਦੇ ਨਾਮ ਦੀ ਰਾਹੀਂ। ਵਡਾਈਇੱਜ਼ਤ।੨।

ਬੂਝੈਸਮਝਦਾ। ਬੁਝਾਵੈਸਮਝਾਂਦਾ ਹੈ। ਅੰਧੁ ਕਮਾਵੈਅੰਨਿ੍ਹਆਂ ਵਾਲਾ ਕੰਮ ਕਰਦਾ ਹੈ। ਕੈਸੇਕਿਵੇਂ?੩।

ਅਰਥ: ਹੇ ਭਾਈ! ਗੁਰੂ ਦੀ ਸਰਨ ਪਿਆਂ (ਪਰਮਾਤਮਾ ਦਾ) ਨਾਮ (ਮਨੁੱਖ ਦੇ) ਮਨ ਵਿਚ ਚਿੱਤ ਵਿਚ ਆ ਵੱਸਦਾ ਹੈ। (ਜਿਸ ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ, ਉਸ ਨੂੰ (ਗੁਰੂ ਪਰਮਾਤਮਾ ਦਾ) ਨਾਮ ਜਪਾਂਦਾ ਹੈ। ਹੇ ਭਾਈ! (ਪਰਮਾਤਮਾ ਦੇ) ਨਾਮ (ਦੇ ਪਿਆਰ) ਤੋਂ ਬਿਨਾ ਹੋਰ ਪਿਆਰ ਝੂਠਾ ਹੈ।੧।ਰਹਾਉ।

ਹੇ ਭਾਈ! ਮਾਇਆ-ਵੇੜ੍ਹਿਆ ਮਨੁੱਖ ਕਾਂ (ਵਾਂਗ ਲੌਂ ਲੌਂ ਕਰਨ ਵਾਲਾ) ਹੈ, (ਨਿਰਾ) ਮੂੰਹੋਂ (ਹੀ) ਜ਼ਬਾਨੀ ਜ਼ਬਾਨੀ ਆਤਮਕ ਜੀਵਨ ਦੀ ਸੂਝ (ਦੱਸਦਾ ਰਹਿੰਦਾ ਹੈ, ਜਿਵੇਂ ਕਾਂ ਆਪਣੀ ਚੁੰਝ ਨਾਲ 'ਕਾਂ ਕਾਂ' ਕਰਦਾ ਹੈ)(ਪਰ ਉਸ ਚੁੰਚ-ਗਿਆਨੀ ਦੇ) ਮਨ ਵਿਚ ਲੋਭ (ਟਿਕਿਆ ਰਹਿੰਦਾ) ਹੈ, ਝੂਠ (ਟਿਕਿਆ ਰਹਿੰਦਾ) ਹੈ, ਅਹੰਕਾਰ (ਟਿਕਿਆ ਰਹਿੰਦਾ) ਹੈ। ਹੇ ਭਾਈ! ਨਾਮ ਤੋਂ ਵਾਂਜੇ ਰਹਿ ਕੇ ਇਹ ਧਾਰਮਿਕ ਵਿਖਾਵਾ ਆਖ਼ਰ ਉੱਘੜ ਹੀ ਜਾਂਦਾ ਹੈ।੧।

ਹੇ ਭਾਈ! ਉਹ ਕਾਰ ਕਰਿਆ ਕਰੋ ਜਿਹੜੀ ਗੁਰ ਨੇ ਦੱਸੀ ਹੈ (ਉਹ ਕਾਰ ਹੈ ਨਾਮ ਦਾ ਸਿਮਰਨ), ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਡੂੰਘੀ ਸਾਂਝ ਪਾ ਕੇ ਆਤਮਕ ਅਡੋਲਤਾ ਦੇ ਘਰ ਵਿਚ ਟਿਕਿਆ ਕਰੋ। ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ (ਲੋਕ ਪਰਲੋਕ ਦੀ) ਵਡਿਆਈ ਹਾਸਲ ਕਰੋਗੇ।੨।

ਹੇ ਭਾਈ! (ਜਿਹੜਾ ਮਨੁੱਖ ਆਤਮਕ ਜੀਵਨ ਬਾਰੇ) ਆਪ (ਤਾਂ ਕੁਝ) ਸਮਝਦਾ ਨਹੀਂ, ਪਰ ਲੋਕਾਂ ਨੂੰ ਸਮਝਾਂਦਾ ਰਹਿੰਦਾ ਹੈ, ਉਸ ਦਾ ਆਪਣਾ ਆਪਾ (ਆਤਮਕ ਜੀਵਨ ਵਲੋਂ) ਬਿਲਕੁਲ ਕੋਰਾ ਹੈ (ਅੰਨ੍ਹਾ ਹੈ, ਇਸ ਵਾਸਤੇ ਆਤਮਕ ਜੀਵਨ ਦੇ ਰਸਤੇ ਵਿਚ ਉਹ ਅੰਨਿ੍ਹਆਂ ਵਾਂਗ ਠੇਡੇ ਖਾਂਦਾ ਰਹਿੰਦਾ ਹੈ) ਅੰਨਿ੍ਹਆਂ ਵਾਲਾ ਕੰਮ ਕਰਦਾ ਰਹਿੰਦਾ ਹੈ। ਹੇ ਭਾਈ! ਅਜਿਹਾ ਮਨੁੱਖ ਪਰਮਾਤਮਾ ਦਾ ਦਰ ਘਰ, ਪਰਮਾਤਮਾ ਦਾ ਮਹਲ, ਪਰਮਾਤਮਾ ਦਾ ਟਿਕਾਣਾ ਬਿਲਕੁਲ ਨਹੀਂ ਲੱਭ ਸਕਦਾ।੩।

ਹਰਿ ਜੀਉ ਸੇਵੀਐ ਅੰਤਰਜਾਮੀ ॥ ਘਟ ਘਟ ਅੰਤਰਿ ਜਿਸ ਕੀ ਜੋਤਿ ਸਮਾਨੀ ॥ ਤਿਸੁ ਨਾਲਿ ਕਿਆ ਚਲੈ ਪਹਨਾਮੀ ॥੪॥ ਸਾਚਾ ਨਾਮੁ ਸਾਚੈ ਸਬਦਿ ਜਾਨੈ ॥ ਆਪੈ ਆਪੁ ਮਿਲੈ ਚੂਕੈ ਅਭਿਮਾਨੈ ॥ ਗੁਰਮੁਖਿ ਨਾਮੁ ਸਦਾ ਸਦਾ ਵਖਾਨੈ ॥੫॥ ਸਤਿਗੁਰਿ ਸੇਵਿਐ ਦੂਜੀ ਦੁਰਮਤਿ ਜਾਈ ॥ ਅਉਗਣ ਕਾਟਿ ਪਾਪਾ ਮਤਿ ਖਾਈ ॥ ਕੰਚਨ ਕਾਇਆ ਜੋਤੀ ਜੋਤਿ ਸਮਾਈ ॥੬॥ ਸਤਿਗੁਰਿ ਮਿਲਿਐ ਵਡੀ ਵਡਿਆਈ ॥ ਦੁਖੁ ਕਾਟੈ ਹਿਰਦੈ ਨਾਮੁ ਵਸਾਈ ॥ ਨਾਮਿ ਰਤੇ ਸਦਾ ਸੁਖੁ ਪਾਈ ॥੭॥ ਗੁਰਮਤਿ ਮਾਨਿਆ ਕਰਣੀ ਸਾਰੁ ॥ ਗੁਰਮਤਿ ਮਾਨਿਆ ਮੋਖ ਦੁਆਰੁ ॥ ਨਾਨਕ ਗੁਰਮਤਿ ਮਾਨਿਆ ਪਰਵਾਰੈ ਸਾਧਾਰੁ ॥੮॥੧॥੩॥ {ਪੰਨਾ 832-833}

ਪਦਅਰਥ: ਸੇਵੀਐਸੇਵਾਭਗਤੀ ਕਰਨੀ ਚਾਹੀਦੀ ਹੈ। ਘਟ ਘਟ ਅੰਤਰਿਹਰੇਕ ਸਰੀਰ ਵਿਚ। ਅੰਤਰਜਾਮੀਸਭ ਦੇ ਦਿਲ ਦੀ ਜਾਣਨ ਵਾਲਾ। ਜਿਸ ਕੀ—{ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}ਸਮਾਨੀਲੀਨ ਹੈ, ਸਮਾਈ ਹੋਈ ਹੈ। ਪਹਨਾਮੀਲੁਕਾਛਿਪਾ।੪।

ਸਾਚਾਸਦਾ-ਥਿਰ ਰਹਿਣ ਵਾਲਾ। ਸਾਚੈ ਸਬਦਿਸਦਾ-ਥਿਰ ਹਰੀ (ਦੀ ਸਿਫ਼ਤਿ-ਸਾਲਾਹ) ਦੇ ਸ਼ਬਦ ਦੀ ਰਾਹੀਂ। ਜਾਨੈਜਾਣਦਾ ਹੈ, ਡੂੰਘੀ ਸਾਂਝ ਪਾਂਦਾ ਹੈ। ਆਪੈ—(ਪਰਮਾਤਮਾ ਦੇ) ਆਪੇ ਵਿਚ। ਆਪੁਆਪਣਾ ਆਪ। ਚੂਕੈਮੁੱਕ ਜਾਂਦਾ ਹੈ। ਗੁਰਮੁਖਿਗੁਰੂ ਦੀ ਸਰਨ ਪੈ ਕੇ।੫।

ਸਤਿਗੁਰਿ ਸੇਵਿਐਗੁਰੂ ਦੀ ਸਰਨ ਪਿਆਂ। ਦੁਰਮਤਿਖੋਟੀ ਅਕਲ। ਜਾਈਮੁੱਕ ਜਾਂਦੀ ਹੈ। ਕਾਟਿਕੱਟ ਕੇ। ਖਾਈਖਾਧੀ ਜਾਂਦੀ ਹੈ। ਕੰਚਨਸੋਨਾ। ਕਾਇਆਸਰੀਰ। ਕੰਚਨ ਕਾਇਆਸਰੀਰ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ। ਜੋਤੀਪ੍ਰਭੂ ਦੀ ਜੋਤਿ ਵਿਚ। ਜੋਤਿਜਿੰਦ।੬।

ਸਤਿਗੁਰਿ ਮਿਲਿਐਜੇ ਗੁਰੂ ਮਿਲ ਪਏ। ਕਾਟੈਕੱਟ ਦੇਂਦਾ ਹੈ। ਹਿਰਦੈਹਿਰਦੇ ਵਿਚ। ਨਾਮਿਨਾਮ ਵਿਚ। ਪਾਈਪ੍ਰਾਪਤ ਕਰਦਾ ਹੈ, ਮਾਣਦਾ ਹੈ।੭।

ਮਾਨਿਆਮੰਨਿਆਂ, ਪਤੀਜਿਆਂ। ਸਾਰਸ੍ਰੇਸ਼ਟ। ਕਰਣੀਆਚਰਨ। ਮੋਖ ਦੁਆਰੁਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰਨ ਦਾ ਦਰਵਾਜ਼ਾ। ਪਰਵਾਰੈਪਰਵਾਰ ਵਾਸਤੇ। ਸਾਧਾਰੁਆਧਾਰ, ਆਧਾਰ ਸਹਿਤ, ਆਸਰਾ ਦੇਣਜੋਗਾ।੮।

ਅਰਥ: ਹੇ ਭਾਈ! ਜਿਸ ਪਰਮਾਤਮਾ ਦੀ ਜੋਤਿ ਹਰੇਕ ਸਰੀਰ ਵਿਚ ਮੌਜੂਦ ਹੈ, ਜੋ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ। ਉਸ ਨਾਲ ਕੋਈ ਲੁਕਾ-ਛਿਪਾ ਨਹੀਂ ਚੱਲ ਸਕਦਾ।੪।

ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਦਾ ਹੀ ਜਪਦਾ ਰਹਿੰਦਾ ਹੈ, ਜਿਹੜਾ ਮਨੁੱਖ ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਹਰਿ-ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ, ਉਸ ਦਾ ਆਪਣਾ-ਆਪ ਪਰਮਾਤਮਾ ਦੇ ਆਪੇ ਵਿਚ ਮਿਲ ਜਾਂਦਾ ਹੈ, (ਉਸ ਦੇ ਅੰਦਰੋਂ) ਅਹੰਕਾਰ ਮੁੱਕ ਜਾਂਦਾ ਹੈ।੫।

ਹੇ ਭਾਈ! ਜੇ ਗੁਰੂ ਦੀ ਸਰਨ ਪਏ ਰਹੀਏ, ਤਾਂ (ਅੰਦਰੋਂ) ਮਾਇਆ ਦੇ ਮੋਹ ਵਾਲੀ ਖੋਟੀ ਮਤਿ ਦੂਰ ਹੋ ਜਾਂਦੀ ਹੈ। (ਅੰਦਰੋਂ) ਸਾਰੇ ਔਗੁਣ ਕੱਟੇ ਜਾਂਦੇ ਹਨ, ਪਾਪਾਂ ਵਾਲੀ ਮਤਿ ਮੁੱਕ ਜਾਂਦੀ ਹੈ। (ਵਿਕਾਰਾਂ ਤੋਂ ਬਚੇ ਰਹਿਣ ਦੇ ਕਾਰਨ) ਸਰੀਰ ਸੋਨੇ ਵਰਗਾ ਸੁੱਧ ਰਹਿੰਦਾ ਹੈ, (ਮਨੁੱਖ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ।੬।

ਹੇ ਭਾਈ! ਜੇ ਗੁਰੂ ਮਿਲ ਪਏ, ਤਾਂ (ਲੋਕ ਪਰਲੋਕ ਵਿਚ) ਬੜੀ ਵਡਿਆਈ ਮਿਲਦੀ ਹੈ। (ਗੁਰੂ ਮਨੁੱਖ ਦਾ) ਹਰੇਕ ਦੁੱਖ ਕੱਟ ਦੇਂਦਾ ਹੈ, (ਮਨੁੱਖ ਦੇ) ਹਿਰਦੇ ਵਿਚ (ਪਰਮਾਤਮਾ ਦਾ) ਨਾਮ ਵਸਾ ਦੇਂਦਾ ਹੈ। (ਪਰਮਾਤਮਾ ਦੇ) ਨਾਮ ਵਿਚ ਰੰਗੀਜ ਕੇ (ਮਨੁੱਖ) ਸਦਾ ਆਤਮਕ ਆਨੰਦ ਮਾਣਦਾ ਰਹਿੰਦਾ ਹੈ।੭।

ਹੇ ਭਾਈ! ਗੁਰੂ ਦੀ ਸਿੱਖਿਆ ਵਿਚ ਪਤੀਜਿਆਂ (ਮਨੁੱਖ ਦਾ) ਆਚਰਨ ਚੰਗਾ ਬਣ ਜਾਂਦਾ ਹੈ, ਗੁਰੂ ਦੀ ਮਤਿ ਵਿਚ ਮਨ ਮੰਨਿਆਂ ਵਿਕਾਰਾਂ ਵਲੋਂ ਖ਼ਲਾਸੀ ਪਾਣ ਵਾਲਾ ਰਸਤਾ ਲੱਭ ਪੈਂਦਾ ਹੈ। ਹੇ ਨਾਨਕ! ਗੁਰੂ ਦੀ ਸਿੱਖਿਆ ਵਿਚ ਪਤੀਜਿਆਂ (ਮਨੁੱਖ) ਆਪਣੇ ਸਾਰੇ ਪਰਵਾਰ ਨੂੰ ਭੀ (ਹਰਿ-ਨਾਮ ਦਾ) ਆਸਰਾ ਦੇਣ-ਜੋਗਾ ਹੋ ਜਾਂਦਾ ਹੈ।੮।੧।੩।

TOP OF PAGE

Sri Guru Granth Darpan, by Professor Sahib Singh