ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 830

ਰਾਗੁ ਬਿਲਾਵਲੁ ਮਹਲਾ ੫ ਘਰੁ ੧੩ ਪੜਤਾਲ    ੴ ਸਤਿਗੁਰ ਪ੍ਰਸਾਦਿ ॥ ਮੋਹਨ ਨੀਦ ਨ ਆਵੈ ਹਾਵੈ ਹਾਰ ਕਜਰ ਬਸਤ੍ਰ ਅਭਰਨ ਕੀਨੇ ॥ ਉਡੀਨੀ ਉਡੀਨੀ ਉਡੀਨੀ ॥ ਕਬ ਘਰਿ ਆਵੈ ਰੀ ॥੧॥ ਰਹਾਉ ॥ ਸਰਨਿ ਸੁਹਾਗਨਿ ਚਰਨ ਸੀਸੁ ਧਰਿ ॥ ਲਾਲਨੁ ਮੋਹਿ ਮਿਲਾਵਹੁ ॥ ਕਬ ਘਰਿ ਆਵੈ ਰੀ ॥੧॥ ਸੁਨਹੁ ਸਹੇਰੀ ਮਿਲਨ ਬਾਤ ਕਹਉ ਸਗਰੋ ਅਹੰ ਮਿਟਾਵਹੁ ਤਉ ਘਰ ਹੀ ਲਾਲਨੁ ਪਾਵਹੁ ॥ ਤਬ ਰਸ ਮੰਗਲ ਗੁਨ ਗਾਵਹੁ ॥ ਆਨਦ ਰੂਪ ਧਿਆਵਹੁ ॥ਨਾਨਕੁ ਦੁਆਰੈ ਆਇਓ ॥ ਤਉ ਮੈ ਲਾਲਨੁ ਪਾਇਓ ਰੀ ॥੨॥ ਮੋਹਨ ਰੂਪੁ ਦਿਖਾਵੈ ॥ ਅਬ ਮੋਹਿ ਨੀਦ ਸੁਹਾਵੈ ॥ ਸਭ ਮੇਰੀ ਤਿਖਾ ਬੁਝਾਨੀ ॥ ਅਬ ਮੈ ਸਹਜਿ ਸਮਾਨੀ ॥ ਮੀਠੀ ਪਿਰਹਿ ਕਹਾਨੀ ॥ ਮੋਹਨੁ ਲਾਲਨੁ ਪਾਇਓ ਰੀ ॥ ਰਹਾਉ ਦੂਜਾ ॥੧॥੧੨੮॥ {ਪੰਨਾ 830}

ਪਦਅਰਥ: ਮੋਹਨਹੇ ਮੋਹਨ! ਹੇ ਪਿਆਰੇ ਪ੍ਰਭੂ! ਹਾਵੈਹਾਹੁਕੇ ਵਿਚ। ਕਜਰਕੱਜਲ। ਅਭਰਣਆਭਰਣ, ਗਹਿਣੇ। ਉਡੀਨੀਉਦਾਸ, (ਉਡੀਕ ਵਿਚ)ਘਰਿਘਰ ਵਿਚ। ਰੀਹੇ ਭੈਣ! ਹੇ ਸੁਹਾਗਣ ਭੈਣ!੧।ਰਹਾਉ।

ਸੁਹਾਗਨਿਗੁਰਮੁਖਿ ਸਹੇਲੀ, ਗੁਰੂ। ਸੀਸੁਸਿਰ। ਧਰਿਧਰ ਕੇ। ਲਾਲਨੁਸੋਹਣਾ ਲਾਲ। ਮੋਹਿਮੈਨੂੰ। ਘਰਿਹਿਰਦੇਘਰ ਵਿਚ।੧।

ਸਹੇਲੀਹੇ ਸਹੇਲੀ! ਮਿਲਨ ਬਾਤਮਿਲਣ ਦੀ ਗੱਲ। ਕਹਉਕਹਉਂ, ਮੈਂ ਦੱਸਦੀ ਹਾਂ। ਸਗਰੋਸਾਰਾ। ਅਹੰਅਹੰਕਾਰ। ਤਉਤਦੋਂ। ਘਰ ਹੀਘਰਿ ਹੀ, ਘਰ ਵਿਚ ਹੀ {ਲਫ਼ਜ਼ 'ਘਰਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}ਰਸਆਨੰਦ। ਮੰਗਲਖ਼ੁਸ਼ੀ। ਆਨਦ ਰੂਪੁਉਹ ਪ੍ਰਭੂ ਜੋ ਨਿਰੋਲ ਆਨੰਦ ਹੀ ਆਨੰਦ ਹੈ। ਨਾਨਕੁ ਆਇਓਨਾਨਕ ਆਇਆ ਹੈ। ਦੁਆਰੈਦਰ ਤੇ।੨।

ਰੂਪੁ ਦਿਖਾਵੈਦਰਸ਼ਨ ਦੇਂਦਾ ਹੈ, ਆਪਣਾ ਰੂਪ ਵਿਖਾਂਦਾ ਹੈ। ਮੋਹਿਮੈਨੂੰ। ਨੀਦ—(ਮਾਇਆ ਦੇ ਮੋਹ ਵਲੋਂ) ਬੇਪਰਵਾਹੀ। ਸੁਹਾਵੈਸੁਖਾਂਦੀ ਹੈ। ਤਿਖਾਤ੍ਰਿਸ਼ਨਾ, ਮਾਇਆ ਦੀ ਤ੍ਰੇਹ। ਸਹਜਿਆਤਮਕ ਅਡੋਲਤਾ ਵਿਚ। ਪਿਰਹਿਪਿਰ ਦੀ, ਪ੍ਰਭੂਪਤੀ ਦੀ। ਰਹਾਉ ਦੂਜਾ।੧।੧੨੮।

ਨੋਟ: ਨਵੇਂ ਸੰਗ੍ਰਹ ਦਾ ਇਹ ਪਹਿਲਾ ਸ਼ਬਦ ਹੈ। ਪਹਿਲੇ 'ਰਹਾਉ' ਵਿਚ ਪ੍ਰਸ਼ਨ ਕੀਤਾ ਸੀ ਕਿ 'ਕਬ ਘਰਿ ਆਵੈ ਰੀ'ਬੰਦ ਨੰ: ੨ ਵਿਚ ਮਿਲਾਪ ਦਾ ਤਰੀਕਾ ਦੱਸਿਆ ਹੈ, ਦੂਜੇ 'ਰਹਾਉ' ਵਿਚ ਉੱਤਰ ਦਿਤਾ ਹੈ ਕਿ 'ਅਹੰ' ਮਿਟਾਇਆਂ 'ਮੋਹਨੁ ਲਾਲਨੁ ਪਾਇਓ ਰੀ'ਇਹ ਸ਼ਬਦ ਦੋ ਬੰਦਾਂ ਵਾਲਾ ਹੀ ਹੈ।

ਪੜਤਾਲਪਟਹ ਤਾਲ {ਪਟਨਢੋਲ} ਢੋਲ ਦੇ ਵੱਜਣ ਵਾਂਗ ਖੜਕਵਾਂ ਤਾਲ।

ਅਰਥ: ਹੇ ਮੋਹਨ-ਪ੍ਰਭੂ! (ਜਿਵੇਂ ਪਤੀ ਤੋਂ ਵਿਛੁੜੀ ਹੋਈ ਇਸਤ੍ਰੀ ਭਾਵੇਂ ਜੀਕਰ) ਹਾਰ, ਕੱਜਲ, ਕਪੜੇ, ਗਹਿਣੇ ਪਾਂਦੀ ਹੈ, (ਪਰ ਵਿਛੋੜੇ ਦੇ ਕਾਰਨ) ਹਾਹੁਕੇ ਵਿਚ (ਉਸ ਨੂੰ) ਨੀਂਦ ਨਹੀਂ ਆਉਂਦੀ, (ਪਤੀ ਦੀ ਉਡੀਕ ਵਿਚ ਉਹ) ਹਰ ਵੇਲੇ ਉਦਾਸ ਉਦਾਸ ਰਹਿੰਦੀ ਹੈ, (ਤੇ ਸਹੇਲੀ ਪਾਸੋਂ ਪੁੱਛਦੀ ਹੈ-) ਹੇ ਭੈਣ! (ਮੇਰਾ ਪਤੀ) ਕਦੋਂ ਘਰ ਆਵੇਗਾ (ਇਸੇ ਤਰ੍ਹਾਂ, ਹੇ ਮੋਹਨ! ਤੈਥੋਂ ਵਿਛੁੜ ਕੇ ਮੈਨੂੰ ਸ਼ਾਂਤੀ ਨਹੀਂ ਆਉਂਦੀ)੧।ਰਹਾਉ।

ਹੇ ਮੋਹਨ ਪ੍ਰਭੂ! ਮੈਂ ਗੁਰਮੁਖ ਸੁਹਾਗਣ ਦੀ ਸਰਨ ਪੈਂਦੀ ਹਾਂ, ਉਸ ਦੇ ਚਰਨਾਂ ਉਤੇ (ਆਪਣਾ) ਸਿਰ ਧਰ ਕੇ (ਪੁੱਛਦੀ ਹਾਂ-) ਹੇ ਭੈਣ! ਮੈਨੂੰ ਸੋਹਣਾ ਲਾਲ ਮਿਲਾ ਦੇ (ਦੱਸ, ਉਹ) ਕਦੋਂ ਮੇਰੇ ਹਿਰਦੇ-ਘਰ ਵਿਚ ਆਵੇਗਾ।੧।

(ਸੁਹਾਗਣ ਆਖਦੀ ਹੈ-) ਹੇ ਸਹੇਲੀਏ! ਸੁਣ, ਮੈਂ ਤੈਨੂੰ ਮੋਹਨ-ਪ੍ਰਭੂ ਦੇ ਮਿਲਣ ਦੀ ਗੱਲ ਸੁਣਾਂਦੀ ਹਾਂ। ਤੂੰ (ਆਪਣੇ ਅੰਦਰੋਂ) ਸਾਰਾ ਅਹੰਕਾਰ ਦੂਰ ਕਰ ਦੇ। ਤਦੋਂ ਤੂੰ ਆਪਣੇ ਹਿਰਦੇ-ਘਰ ਵਿਚ ਹੀ ਉਸ ਸੋਹਣੇ ਲਾਲ ਨੂੰ ਲੱਭ ਲਏਂਗੀ। (ਹਿਰਦੇ-ਘਰ ਵਿਚ ਉਸ ਦਾ ਦਰਸਨ ਕਰ ਕੇ) ਫਿਰ ਤੂੰ ਖ਼ੁਸ਼ੀ ਆਨੰਦ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰੀਂ, ਅਤੇ ਉਸ ਪ੍ਰਭੂ ਦਾ ਸਿਮਰਨ ਕਰਿਆ ਕਰੀਂ ਜੋ ਨਿਰਾ ਆਨੰਦ ਹੀ ਆਨੰਦ-ਰੂਪ ਹੈ।

ਹੇ ਭੈਣ! ਨਾਨਕ (ਭੀ ਉਸ ਗੁਰੂ ਦੇ) ਦਰ ਤੇ ਆ ਗਿਆ ਹੈ, (ਗੁਰੂ ਦੇ ਦਰ ਤੇ ਆ ਕੇ) ਮੈਂ (ਨਾਨਕ ਨੇ ਹਿਰਦੇ-ਘਰ ਵਿਚ ਹੀ) ਸੋਹਣਾ ਲਾਲ ਲੱਭ ਲਿਆ ਹੈ।੨।

ਹੇ ਭੈਣ! (ਹੁਣ) ਮੋਹਨ ਪ੍ਰਭੂ ਮੈਨੂੰ ਦਰਸਨ ਦੇ ਰਿਹਾ ਹੈ, ਹੁਣ (ਮਾਇਆ ਦੇ ਮੋਹ ਵਲੋਂ ਪੈਦਾ ਹੋਈ) ਉਪਰਾਮਤਾ ਮੈਨੂੰ ਮਿੱਠੀ ਲੱਗ ਰਹੀ ਹੈ, ਮੇਰੀ ਸਾਰੀ ਮਾਇਆ ਦੀ ਤ੍ਰਿਸ਼ਨਾ ਮਿਟ ਗਈ ਹੈ। ਹੁਣ ਮੈਂ ਆਤਮਕ ਅਡੋਲਤਾ ਵਿਚ ਟਿਕ ਗਈ ਹਾਂ। ਪ੍ਰਭੂ-ਪਤੀ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਮੈਨੂੰ ਪਿਆਰੀਆਂ ਲੱਗ ਰਹੀਆਂ ਹਨ। ਹੇ ਭੈਣ! ਹੁਣ ਮੈਂ ਸੋਹਣਾ ਲਾਲ ਮੋਹਣ ਲੱਭ ਲਿਆ ਹੈ।ਰਹਾਉ ਦੂਜਾ।੧।੧੨੮।

ਬਿਲਾਵਲੁ ਮਹਲਾ ੫ ॥ ਮੋਰੀ ਅਹੰ ਜਾਇ ਦਰਸਨ ਪਾਵਤ ਹੇ ॥ ਰਾਚਹੁ ਨਾਥ ਹੀ ਸਹਾਈ ਸੰਤਨਾ ॥ ਅਬ ਚਰਨ ਗਹੇ ॥੧॥ ਰਹਾਉ ॥ ਆਹੇ ਮਨ ਅਵਰੁ ਨ ਭਾਵੈ ਚਰਨਾਵੈ ਚਰਨਾਵੈ ਉਲਝਿਓ ਅਲਿ ਮਕਰੰਦ ਕਮਲ ਜਿਉ ॥ ਅਨ ਰਸ ਨਹੀ ਚਾਹੈ ਏਕੈ ਹਰਿ ਲਾਹੈ ॥੧॥ ਅਨ ਤੇ ਟੂਟੀਐ ਰਿਖ ਤੇ ਛੂਟੀਐ ॥ ਮਨ ਹਰਿ ਰਸ ਘੂਟੀਐ ਸੰਗਿ ਸਾਧੂ ਉਲਟੀਐ ॥ ਅਨ ਨਾਹੀ ਨਾਹੀ ਰੇ ॥ ਨਾਨਕ ਪ੍ਰੀਤਿ ਚਰਨ ਚਰਨ ਹੇ ॥੨॥੨॥੧੨੯॥ {ਪੰਨਾ 830}

ਪਦਅਰਥ: ਮੋਰੀਮੇਰੀ। ਅਹੰਹਉਮੈ। ਜਾਇਦੂਰ ਹੋ ਜਾਂਦੀ ਹੈ। ਰਾਚਹੁਰਚੇ ਰਹੋ, ਮਿਲੇ ਰਹੋ। ਸਹਾਈ ਸੰਤਨਾਸੰਤਾਂ ਦੇ ਸਹਾਈ। ਅਬਹੁਣ। ਗਹੇਫੜੇ ਹਨ।੧।ਰਹਾਉ।

ਆਹੇਚਾਹੁੰਦਾ ਹੈ, ਪਸੰਦ ਕਰਦਾ ਹੈ। ਮਨ ਨ ਭਾਵੈਮਨ ਨੂੰ ਚੰਗਾ ਨਹੀਂ ਲੱਗਦਾ {ਲਫ਼ਜ਼ 'ਮਨ' ਸੰਪ੍ਰਦਾਨ ਕਾਰਕ, ਇਕ-ਵਚਨ}ਅਵਰੁਕੋਈ ਹੋਰ ਪਦਾਰਥ। ਚਰਨਾਵੈਚਰਨਾਂ ਵਲ ਹੀ ਆਉਂਦਾ ਹੈ। ਅਲਿਭੌਰਾ। ਮਕਰੰਦਫੁੱਲ ਦੀ ਧੂੜੀ। ਅਨ—{अन्य} ਹੋਰ। ਲਾਹੈਲੱਭਦਾ ਹੈ।੧।

ਤੇਤੋਂ। ਅਨ ਤੇਹੋਰ (ਪਦਾਰਥਾਂ ਦੇ ਮੋਹ) ਤੋਂ। ਟੂਟੀਐਸੰਬੰਧ ਤੋੜ ਲਈਦਾ ਹੈ। ਰਿਖ—{हृषीक} ਇੰਦ੍ਰੇ। ਛੂਟੀਐ—(ਪਕੜ ਤੋਂ) ਖ਼ਲਾਸੀ ਪ੍ਰਾਪਤ ਕਰ ਲਈਦੀ ਹੈ। ਘੂਟੀਐਚੁੰਘੀਦਾ ਹੈ। ਸਾਧੂਗੁਰੂ। ਸੰਗਿਸੰਗਤਿ ਵਿਚ। ਉਲਟੀਐ—(ਬ੍ਰਿਤੀ) ਪਰਤ ਜਾਂਦੀ ਹੈ। ਰੇਹੇ ਭਾਈ!੨।

ਅਰਥ: ਹੇ ਭਾਈ! ਸੰਤਾਂ ਦੇ ਸਹਾਈ ਖਸਮ-ਪ੍ਰਭੂ ਦੇ ਚਰਨਾਂ ਵਿਚ ਸਦਾ ਜੁੜੇ ਰਹੋ। ਮੈਂ ਤਾਂ ਹੁਣ ਉਸੇ ਦੇ ਹੀ ਚਰਨ ਫੜ ਲਏ ਹਨ। ਖਸਮ-ਪ੍ਰਭੂ ਦਾ ਦਰਸਨ ਕਰਨ ਨਾਲ ਮੇਰੀ ਹਉਮੈ ਦੂਰ ਹੋ ਗਈ ਹੈ।੧।ਰਹਾਉ।

(ਹੇ ਭਾਈ! ਪ੍ਰਭੂ ਦੇ ਦਰਸਨ ਦੀ ਬਰਕਤ ਨਾਲ) ਮੇਰੇ ਮਨ ਨੂੰ ਹੋਰ ਕੁਝ ਭੀ ਚੰਗਾ ਨਹੀਂ ਲੱਗਦਾ, (ਪ੍ਰਭੂ ਦੇ ਦਰਸਨ ਨੂੰ ਹੀ) ਤਾਂਘਦਾ ਰਹਿੰਦਾ ਹੈ। ਜਿਵੇਂ ਭੌਰਾ ਕੌਲ-ਫੁੱਲ ਦੀ ਧੂੜੀ ਵਿਚ ਲਪਟਿਆ ਰਹਿੰਦਾ ਹੈ, ਤਿਵੇਂ ਮੇਰਾ ਮਨ ਪ੍ਰਭੂ ਦੇ ਚਰਨਾਂ ਵਲ ਹੀ ਮੁੜ ਮੁੜ ਪਰਤਦਾ ਹੈ। ਮੇਰਾ ਮਨ ਹੋਰ (ਪਦਾਰਥਾਂ ਦੇ) ਸੁਆਦਾਂ ਨੂੰ ਨਹੀਂ ਲੋੜਦਾ, ਇਕ ਪਰਮਾਤਮਾ ਨੂੰ ਲੱਭਦਾ ਹੈ।੧।

(ਹੇ ਭਾਈ! ਪ੍ਰਭੂ ਦੇ ਦਰਸਨ ਦੀ ਬਰਕਤ ਨਾਲ) ਹੋਰ (ਪਦਾਰਥਾਂ ਦੇ ਮੋਹ) ਤੋਂ ਸੰਬੰਧ ਤੋੜ ਲਈਦਾ ਹੈ, ਇੰਦ੍ਰੀਆਂ ਦੇ ਪਕੜ ਤੋਂ ਖ਼ਲਾਸੀ ਪਾ ਲਈਦੀ ਹੈ। ਹੇ ਮਨ! ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦਾ ਨਾਮ-ਰਸ ਚੁੰਘੀਦਾ ਹੈ, ਤੇ (ਮਾਇਆ ਦੇ ਮੋਹ ਵਲੋਂ ਬ੍ਰਿਤੀ) ਪਰਤ ਜਾਂਦੀ ਹੈ। ਹੇ ਨਾਨਕ! (ਆਖ-) ਹੇ ਭਾਈ! (ਦਰਸਨ ਦੀ ਬਰਕਤ ਨਾਲ) ਹੋਰ ਮੋਹ ਉੱਕਾ ਹੀ ਨਹੀਂ ਭਾਉਂਦਾ, ਹਰ ਵੇਲੇ ਪ੍ਰਭੂ ਦੇ ਚਰਨਾਂ ਨਾਲ ਹੀ ਪਿਆਰ ਬਣਿਆ ਰਹਿੰਦਾ ਹੈ।੨।੨।੧੨੯।

ਰਾਗੁ ਬਿਲਾਵਲੁ ਮਹਲਾ ੯ ਦੁਪਦੇ    ੴ ਸਤਿਗੁਰ ਪ੍ਰਸਾਦਿ ॥ ਦੁਖ ਹਰਤਾ ਹਰਿ ਨਾਮੁ ਪਛਾਨੋ ॥ ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੋ ॥੧॥ ਰਹਾਉ ॥ ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬ ਹੀ ਰਾਮੁ ਬਖਾਨੋ ॥ ਨਾਰਦ ਕਹਤ ਸੁਨਤ ਧ੍ਰੂਅ ਬਾਰਿਕ ਭਜਨ ਮਾਹਿ ਲਪਟਾਨੋ ॥੧॥ ਅਚਲ ਅਮਰ ਨਿਰਭੈ ਪਦੁ ਪਾਇਓ ਜਗਤ ਜਾਹਿ ਹੈਰਾਨੋ ॥ ਨਾਨਕ ਕਹਤ ਭਗਤ ਰਛਕ ਹਰਿ ਨਿਕਟਿ ਤਾਹਿ ਤੁਮ ਮਾਨੋ ॥੨॥੧॥ {ਪੰਨਾ 830}

ਪਦਅਰਥ: ਪਛਾਨੋਪਛਾਨੁ, ਜਾਣ-ਪਛਾਣ ਪਾ, ਸਾਂਝ ਪਾਈ ਰੱਖ। ਹਰਤਾਨਾਸ ਕਰਨ ਵਾਲਾ। ਜਿਹਜਿਸ ਨੂੰ। ਜੀਅ ਜਾਨੋਜਿੰਦ ਨਾਲ ਜਾਣ, ਹਿਰਦੇ ਵਿਚ ਸਾਂਝ ਪਾ। ਅਜਾਮਲੁਭਾਗਵਤ ਦੀ ਕਥਾ ਹੈ ਕਿ ਇਹ ਇਕ ਬ੍ਰਾਹਮਣ ਸੀ ਕਨੌਜ ਦਾ ਰਹਿਣ ਵਾਲਾ। ਹੈ ਸੀ ਕੁਕਰਮੀ, ਵੇਸਵਾਗਾਮੀ। ਆਪਣੇ ਇਕ ਪੁਤ੍ਰ ਦਾ ਇਸ ਨੇ 'ਨਾਰਾਇਣ' ਨਾਮ ਰੱਖ ਲਿਆ। ਇਥੋਂ ਨਾਰਾਇਣ (ਪਰਮਾਤਮਾ) ਦੇ ਸਿਮਰਨ ਦੀ ਲਗਨ ਲੱਗ ਗਈ। ਗਨਿਕਾਇਕ ਵੇਸਵਾ ਸੀ। ਇਕ ਸਾਧੂ ਨੇ ਇਸ ਨੂੰ ਇਕ ਤੋਤਾ ਦਿੱਤਾ ਤੇ ਆਖਿਆ ਕਿ ਤੋਤੇ ਨੂੰ 'ਰਾਮ ਨਾਮ' ਪੜ੍ਹਾਇਆ ਕਰ। ਉਥੋਂ ਹੀ ਲਿਵ ਲੱਗ ਗਈ।੧।ਰਹਾਉ।

ਗਜਭਾਗਵਤ ਦੀ ਹੀ ਕਥਾ ਹੈ। ਇਕ ਗੰਧਰਬ ਕਿਸੇ ਰਿਖੀ ਦੇ ਸਰਾਪ ਨਾਲ ਹਾਥੀ ਦੇ ਜਨਮ ਵਿਚ ਚਲਾ ਗਿਆ। ਵਰੁਣ ਦੇਵਤੇ ਦੇ ਤਲਾਬ ਵਿਚ ਇਸ ਨੂੰ ਇਕ ਤੰਦੂਏ ਨੇ ਆਪਣੀਆਂ ਤੰਦਾਂ ਨਾਲ ਜਕੜ ਲਿਆ। ਪਰਮਾਤਮਾ ਦੀ ਓਟ ਨੇ ਉਥੋਂ ਛਡਾਇਆ, ਤੇ, ਸ੍ਰਾਪ ਤੋਂ ਭੀ ਬਚਾਇਆ। ਤ੍ਰਾਸਡਰ। ਬਖਾਨੋਬਖਾਨਿਆ, ਉਚਾਰਿਆ। ਕਹਤਆਖਦਾ, ਉਪਦੇਸ਼ ਕਰਦਾ ਸੀ। ਲਪਟਾਨੋਮਸਤ ਹੋ ਗਿਆ।੧।

ਅਚਲਅਟੱਲ। ਅਮਰਕਦੇ ਨਾਹ ਮੁੱਕਣ ਵਾਲਾ। ਨਿਰਭੈ ਪਦੁਉਹ ਆਤਮਕ ਦਰਜਾ ਜਿਥੇ ਕੋਈ ਡਰ ਪੋਹ ਨਾਹ ਸਕੇ। ਜਾਹਿਜਿਸ ਨਾਲ। ਰਛਕਰੱਖਿਆ ਕਰਨ ਵਾਲਾ। ਨਿਕਟਿਨੇੜੇ, ਅੰਗਸੰਗ। ਤਾਹਿਉਸ ਨੂੰ। ਮਾਨੋਮੰਨੋ।੨।

ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਨਾਲ ਸਾਂਝ ਪਾਈ ਰੱਖ, ਇਹ ਨਾਮ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਇਸ ਨਾਮ ਨੂੰ ਸਿਮਰਦਿਆਂ ਸਿਮਰਦਿਆਂ ਅਜਾਮਲ ਵਿਕਾਰਾਂ ਤੋਂ ਹਟ ਗਿਆ, ਗਨਿਕਾ ਵਿਕਾਰਾਂ ਤੋਂ ਮੁਕਤ ਹੋ ਗਈ। ਤੂੰ ਭੀ ਆਪਣੇ ਹਿਰਦੇ ਵਿਚ ਉਸ ਹਰਿ-ਨਾਮ ਨਾਲ ਜਾਣ-ਪਛਾਣ ਬਣਾਈ ਰੱਖ।੧।ਰਹਾਉ।

ਹੇ ਭਾਈ! ਜਦੋਂ ਗਜ ਨੇ ਪਰਮਾਤਮਾ ਦਾ ਨਾਮ ਉਚਾਰਿਆ, ਉਸ ਦੀ ਬਿਪਤਾ ਭੀ ਇਕ ਛਿਨ ਵਿਚ ਹੀ ਦੂਰ ਹੋ ਗਈ। ਨਾਰਦ ਦਾ ਕੀਤਾ ਹੋਇਆ ਉਪਦੇਸ਼ ਸੁਣਦਿਆਂ ਬਾਲਕ ਧ੍ਰੂ ਪਰਮਾਤਮਾ ਦੇ ਭਜਨ ਵਿਚ ਮਸਤ ਹੋ ਗਿਆ।੧।

(ਹਰਿ-ਨਾਮ ਦੇ ਭਜਨ ਦੀ ਬਰਕਤ ਨਾਲ ਧ੍ਰੂ ਨੇ) ਐਸਾ ਆਤਮਕ ਦਰਜਾ ਪ੍ਰਾਪਤ ਕਰ ਲਿਆ ਜੋ ਸਦਾ ਲਈ ਅਟੱਲ ਤੇ ਅਮਰ ਹੋ ਗਿਆ। ਉਸ ਨੂੰ ਵੇਖ ਕੇ ਦੁਨੀਆ ਹੈਰਾਨ ਹੋ ਰਹੀ ਹੈ। ਨਾਨਕ ਆਖਦਾ ਹੈ-ਹੇ ਭਾਈ! ਤੂੰ ਭੀ ਉਸ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝ, ਉਹ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ।੨।੧।

ਬਿਲਾਵਲੁ ਮਹਲਾ ੯ ॥ ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥ ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥੧॥ ਰਹਾਉ ॥ਕਹਾ ਭਇਓ ਤੀਰਥ ਬ੍ਰਤ ਕੀਏ ਰਾਮ ਸਰਨਿ ਨਹੀ ਆਵੈ ॥ ਜੋਗ ਜਗ ਨਿਹਫਲ ਤਿਹ ਮਾਨਉ ਜੋ ਪ੍ਰਭ ਜਸੁ ਬਿਸਰਾਵੈ ॥੧॥ ਮਾਨ ਮੋਹ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ ॥ ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ ॥੨॥੨॥ {ਪੰਨਾ 830-831}

ਪਦਅਰਥ: ਸਹਸਸਹਿਮ। ਚੂਕੈਮੁੱਕਦਾ। ਭੇਦੁ—(ਜੀਵਨਮਾਰਗ ਦੀ) ਡੂੰਘੀ ਗੱਲ।੧।ਰਹਾਉ।

ਕਹਾ ਭਇਓਕੀਹ ਹੋਇਆ? ਕੋਈ ਲਾਭ ਨਹੀਂ। ਤਿਹਉਸ (ਮਨੁੱਖ) ਦੇ। ਮਾਨਉਮਾਨਉਂ, ਮੈਂ ਮੰਨਦਾ ਹਾਂ। ਜਸੁਸਿਫ਼ਤਿ-ਸਾਲਾਹ। ਜੋਜੇਹੜਾ ਮਨੁੱਖ। ਜੋਗਜੋਗਸਾਧਨ। ਨਿਹਫਲਵਿਅਰਥ।੧।

ਮਾਨਅਹੰਕਾਰ। ਦੋਨੋ ਕਉਦੋਹਾਂ ਨੂੰ। ਪਰਹਰਿਤਿਆਗ ਕੇ। ਕੋਦਾ। ਇਹ ਬਿਧਿ ਕੋਇਸ ਕਿਸਮ ਦਾ (ਜੀਵਨ ਬਿਤੀਤ ਕਰਨ ਵਾਲਾ)ਪ੍ਰਾਨੀਮਨੁੱਖ। ਜੀਵਨ ਮੁਕਤਿਜੀਊਂਦਾ ਹੀ ਵਿਕਾਰਾਂ ਤੋਂ ਆਜ਼ਾਦ।੨।

ਅਰਥ: ਹੇ ਭਾਈ! ਗੁਰੂ (ਜੀਵਨ-ਮਾਰਗ ਦੀ) ਇਹ ਡੂੰਘੀ ਗੱਲ ਦੱਸਦਾ ਹੈ, ਕਿ ਪਰਮਾਤਮਾ ਦੀ ਭਗਤੀ ਕਰਨ ਤੋਂ ਬਿਨਾ ਮਨੁੱਖ ਦਾ ਸਹਿਮ ਖ਼ਤਮ ਨਹੀਂ ਹੁੰਦਾ, ਪਰਮਾਤਮਾ ਦਾ ਨਾਮ (ਸਿਮਰਨ) ਤੋਂ ਬਿਨਾ ਦੁੱਖ ਸਹਾਰਦਾ ਰਹਿੰਦਾ ਹੈ।੧।ਰਹਾਉ।

ਹੇ ਭਾਈ! ਜੇ ਮਨੁੱਖ ਪਰਮਾਤਮਾ ਦੀ ਸਰਨ ਨਹੀਂ ਪੈਂਦਾ, ਤਾਂ ਉਸ ਦੇ ਤੀਰਥ-ਜਾਤ੍ਰਾ ਕਰਨ ਦਾ ਕੋਈ ਲਾਭ ਨਹੀਂ, ਵਰਤ ਰੱਖਣ ਦਾ ਕੋਈ ਫ਼ਾਇਦਾ ਨਹੀਂ। ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਭੁਲਾ ਦੇਂਦਾ ਹੈ, ਮੈਂ ਸਮਝਦਾ ਹਾਂ ਕਿ ਉਸ ਦੇ ਜੋਗ-ਸਾਧਨ ਅਤੇ ਜੱਗ (ਆਦਿਕ ਕਰਮ ਸਭ) ਵਿਅਰਥ ਹਨ।੧।

ਹੇ ਨਾਨਕ! ਆਖ-ਜੇਹੜਾ ਮਨੁੱਖ ਅਹੰਕਾਰ ਅਤੇ ਮਾਇਆ ਦਾ ਮੋਹ ਛੱਡ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਜੇਹੜਾ ਮਨੁੱਖ ਇਸ ਕਿਸਮ ਦਾ ਜੀਵਨ ਬਿਤੀਤ ਕਰਨ ਵਾਲਾ ਹੈ, ਉਹ ਜੀਵਨ-ਮੁਕਤਿ ਅਖਵਾਂਦਾ ਹੈ (ਉਹ ਮਨੁੱਖ ਉਸ ਸ਼੍ਰੇਣੀ ਵਿਚੋਂ ਗਿਣਿਆ ਜਾਂਦਾ ਹੈ, ਜੇਹੜੇ ਇਸ ਜ਼ਿੰਦਗੀ ਵਿਚ ਵਿਕਾਰਾਂ ਦੀ ਪਕੜ ਤੋਂ ਬਚੇ ਰਹਿੰਦੇ ਹਨ)੨।

TOP OF PAGE

Sri Guru Granth Darpan, by Professor Sahib Singh