ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 826

ਬਿਲਾਵਲੁ ਮਹਲਾ ੫ ॥ ਦਰਸਨੁ ਦੇਖਤ ਦੋਖ ਨਸੇ ॥ ਕਬਹੁ ਨ ਹੋਵਹੁ ਦ੍ਰਿਸਟਿ ਅਗੋਚਰ ਜੀਅ ਕੈ ਸੰਗਿ ਬਸੇ ॥੧॥ ਰਹਾਉ ॥ ਪ੍ਰੀਤਮ ਪ੍ਰਾਨ ਅਧਾਰ ਸੁਆਮੀ ॥ ਪੂਰਿ ਰਹੇ ਪ੍ਰਭ ਅੰਤਰਜਾਮੀ ॥੧॥ ਕਿਆ ਗੁਣ ਤੇਰੇ ਸਾਰਿ ਸਮ੍ਹ੍ਹਾਰੀ ॥ ਸਾਸਿ ਸਾਸਿ ਪ੍ਰਭ ਤੁਝਹਿ ਚਿਤਾਰੀ ॥੨॥ ਕਿਰਪਾ ਨਿਧਿ ਪ੍ਰਭ ਦੀਨ ਦਇਆਲਾ ॥ ਜੀਅ ਜੰਤ ਕੀ ਕਰਹੁ ਪ੍ਰਤਿਪਾਲਾ ॥੩॥ ਆਠ ਪਹਰ ਤੇਰਾ ਨਾਮੁ ਜਨੁ ਜਾਪੇ ॥ ਨਾਨਕ ਪ੍ਰੀਤਿ ਲਾਈ ਪ੍ਰਭਿ ਆਪੇ ॥੪॥੨੩॥੧੦੯॥ {ਪੰਨਾ 826}

ਪਦਅਰਥ: ਦੋਖ—(ਸਾਰੇ) ਐਬ, ਵਿਕਾਰ। ਦ੍ਰਿਸਟਿ ਅਗੋਚਰਨਜ਼ਰ ਦੀ ਪਹੁੰਚ ਤੋਂ ਪਰੇ, ਨਜ਼ਰੋਂ ਉਹਲੇ। ਜੀਅ ਕੈ ਸੰਗਿਜਿੰਦ ਦੇ ਨਾਲ। ਬਸੇਬਸੇ ਰਹੋ।੧।ਰਹਾਉ।

ਪ੍ਰਾਨ ਅਧਾਰਜਿੰਦ ਦਾ ਆਸਰਾ। ਪੂਰਿ ਰਹੇਹਰ ਥਾਂ ਮੌਜੂਦ। ਪ੍ਰਭਹੇ ਪ੍ਰਭੂ! ਅੰਤਰਜਾਮੀਹਰੇਕ ਦੇ ਦਿਲ ਦੀ ਜਾਣਨ ਵਾਲਾ।੧।

ਸਾਰਿਚੇਤੇ ਕਰ ਕੇ। ਸਮ੍ਹ੍ਹਾਰੀਸਮ੍ਹ੍ਹਾਰੀਂ, ਮੈਂ ਸੰਭਾਲਾਂ, ਮੈਂ ਹਿਰਦੇ ਵਿਚ ਵਸਾਵਾਂ। ਸਾਸਿ ਸਾਸਿਹਰੇਕ ਸਾਹ ਦੇ ਨਾਲ। ਚਿਤਾਰੀਚਿਤਾਰੀਂ, ਮੈਂ ਚੇਤੇ ਕਰਦਾ ਰਹਾਂ।੨।

ਕਿਰਪਾ ਨਿਧਿਹੇ ਕਿਰਪਾ ਦੇ ਖ਼ਜ਼ਾਨੇ! ਪ੍ਰਤਿਪਾਲਾਪਾਲਣਾ।੩।

ਜਨੁਦਾਸ, ਸੇਵਕ। ਪ੍ਰਭਿਪ੍ਰਭੂ ਨੇ। ਆਪੇਆਪ ਹੀ।੪।

ਅਰਥ: (ਹੇ ਪ੍ਰਭੂ! ਤੇਰਾ) ਦਰਸਨ ਕਰਦਿਆਂ (ਜੀਵਾਂ ਦੇ) ਸਾਰੇ ਵਿਕਾਰ ਦੂਰ ਹੋ ਜਾਂਦੇ ਹਨ। (ਹੇ ਪ੍ਰਭੂ! ਮੇਹਰ ਕਰ) ਕਦੇ ਭੀ ਮੇਰੀ ਨਜ਼ਰ ਤੋਂ ਉਹਲੇ ਨਾਹ ਹੋ, ਸਦਾ ਮੇਰੀ ਜਿੰਦ ਦੇ ਨਾਲ ਵੱਸਦਾ ਰਹੁ।੧।ਰਹਾਉ।

ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਜੀਵਾਂ ਦੀ ਜਿੰਦ ਦੇ ਆਸਰੇ! ਹੇ ਸੁਆਮੀ! ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ ਅਤੇ ਸਭ ਵਿਚ ਵਿਆਪਕ ਹੈਂ।੧।

(ਹੇ ਪ੍ਰਭੂ! ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਮੈਂ ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਆਪਣੇ ਹਿਰਦੇ ਵਿਚ ਵਸਾਵਾਂ? ਹੇ ਪ੍ਰਭੂ! (ਕਿਰਪਾ ਕਰ) ਮੈਂ ਆਪਣੇ ਹਰੇਕ ਸਾਹ ਦੇ ਨਾਲ ਤੈਨੂੰ ਹੀ ਯਾਦ ਕਰਦਾ ਰਹਾਂ।੨।

ਹੇ ਕਿਰਪਾ ਦੇ ਖ਼ਜ਼ਾਨੇ! ਹੇ ਗਰੀਬਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਸਾਰੇ ਜੀਵਾਂ ਦੀ ਤੂੰ ਆਪ ਹੀ ਪਾਲਣਾ ਕਰਦਾ ਹੈਂ।੩।

ਹੇ ਪ੍ਰਭੂ! ਤੇਰਾ ਸੇਵਕ ਅੱਠੇ ਪਹਿਰ ਤੇਰਾ ਨਾਮ ਜਪਦਾ ਰਹਿੰਦਾ ਹੈ। (ਪਰ) ਹੇ ਨਾਨਕ! (ਉਹੀ ਮਨੁੱਖ ਸਦਾ ਨਾਮ ਜਪਦਾ ਹੈ, ਜਿਸ ਨੂੰ) ਪ੍ਰਭੂ ਨੇ ਆਪ ਹੀ ਇਹ ਲਗਨ ਲਾਈ ਹੈ।੪।੨੩।੧੦੯।

ਬਿਲਾਵਲੁ ਮਹਲਾ ੫ ॥ ਤਨੁ ਧਨੁ ਜੋਬਨੁ ਚਲਤ ਗਇਆ ॥ ਰਾਮ ਨਾਮ ਕਾ ਭਜਨੁ ਨ ਕੀਨੋ ਕਰਤ ਬਿਕਾਰ ਨਿਸਿ ਭੋਰੁ ਭਇਆ ॥੧॥ ਰਹਾਉ ॥ ਅਨਿਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਘਸਿ ਖੀਨ ਖਇਆ ॥ ਮੇਰੀ ਮੇਰੀ ਕਰਿ ਕਰਿ ਮੂਠਉ ਪਾਪ ਕਰਤ ਨਹ ਪਰੀ ਦਇਆ ॥੧॥ ਮਹਾ ਬਿਕਾਰ ਘੋਰ ਦੁਖ ਸਾਗਰ ਤਿਸੁ ਮਹਿ ਪ੍ਰਾਣੀ ਗਲਤੁ ਪਇਆ ॥ ਸਰਨਿ ਪਰੇ ਨਾਨਕ ਸੁਆਮੀ ਕੀ ਬਾਹ ਪਕਰਿ ਪ੍ਰਭਿ ਕਾਢਿ ਲਇਆ ॥੨॥੨੪॥੧੧੦॥ {ਪੰਨਾ 826}

ਪਦਅਰਥ: ਜੋਬਨੁਜਵਾਨੀ। ਚਲਤ ਗਇਆਸਹਜੇ ਸਹਜੇ ਸਾਥ ਛੱਡਦਾ ਜਾਂਦਾ ਹੈ। ਕਰਤਕਰਦਿਆਂ। ਬਿਕਾਰਮਾੜੇ ਕੰਮ। ਨਿਸਿਰਾਤ (ਕਾਲੇ ਕੇਸਾਂ ਵਾਲੀ ਉਮਰ)ਭੋਰੁ—(ਚਿੱਟਾ) ਦਿਨ (ਧੌਲਿਆਂ ਵਾਲੀ ਉਮਰ)੧।ਰਹਾਉ।

ਅਨਿਕ ਪ੍ਰਕਾਰਕਈ ਕਿਸਮਾਂ ਦੇ। ਭੋਜਨਖਾਣੇ। ਖਾਤੇਖਾਂਦਿਆਂ। ਘਸਿਘਸ ਕੇ। ਖੀਨਕਮਜ਼ੋਰ। ਖਇਆਨਾਸ ਹੋ ਜਾਂਦੇ ਹਨ। ਮੂਠਉਠੱਗਿਆ ਜਾਂਦਾ ਹੈ।੧।

ਘੋਰ ਦੁਖਭਾਰੇ ਦੁੱਖ। ਸਾਗਰਸਮੁੰਦਰ। ਤਿਸੁ ਮਹਿਉਸ (ਸਾਗਰ) ਵਿਚ। ਗਲਤੁ ਪਇਆਗ਼ਲਤਾਨ ਹੋਇਆ ਰਹਿੰਦਾ ਹੈ, ਡੁੱਬਿਆ ਰਹਿੰਦਾ ਹੈ। ਪਕਰਿਫੜ ਕੇ। ਪ੍ਰਭਿਪ੍ਰਭੂ ਨੇ।੨।

ਅਰਥ: (ਹੇ ਭਾਈ! ਮਨੁੱਖ ਦਾ ਇਹ) ਸਰੀਰ, ਧਨ, ਜਵਾਨੀ (ਹਰੇਕ ਹੀ) ਸਹਜੇ ਸਹਜੇ (ਮਨੁੱਖ ਦਾ) ਸਾਥ ਛੱਡਦਾ ਜਾਂਦਾ ਹੈ, (ਪਰ ਇਹਨਾਂ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ) ਪਰਮਾਤਮਾ ਦੇ ਨਾਮ ਦਾ ਭਜਨ ਨਹੀਂ ਕਰਦਾ, ਮਾੜੇ ਕੰਮ ਕਰਦਿਆਂ ਕਰਦਿਆਂ ਕਾਲੇ ਕੇਸਾਂ ਵਾਲੀ ਉਮਰ ਤੋਂ ਧੌਲਿਆਂ ਵਾਲੀ ਉਮਰ ਆ ਜਾਂਦੀ ਹੈ।੧।ਰਹਾਉ।

ਹੇ ਭਾਈ! ਕਈ ਕਿਸਮਾਂ ਦੇ ਖਾਣੇ ਨਿੱਤ ਖਾਂਦਿਆਂ ਮੂੰਹ ਦੇ ਦੰਦ ਭੀ ਘਸ ਕੇ ਕਮਜ਼ੋਰ ਹੋ ਜਾਂਦੇ ਹਨ, ਤੇ ਆਖ਼ਰ ਡਿੱਗ ਪੈਂਦੇ ਹਨ। ਮਮਤਾ ਦੇ ਪੰਜੇ ਵਿਚ ਫਸ ਕੇ ਮਨੁੱਖ (ਆਤਮਕ ਜੀਵਨ ਦੀ ਰਾਸਿ ਪੂੰਜੀ) ਲੁਟਾ ਲੈਂਦਾ ਹੈ, ਮਾੜੇ ਕੰਮ ਕਰਦਿਆਂ ਇਸ ਦੇ ਅੰਦਰ ਦਇਆ-ਤਰਸ ਦਾ ਨਿਵਾਸ ਨਹੀਂ ਹੁੰਦਾ।੧।

(ਹੇ ਭਾਈ! ਇਹ ਸੰਸਾਰ) ਵੱਡੇ ਵਿਕਾਰਾਂ ਅਤੇ ਭਾਰੇ ਦੁੱਖਾਂ ਦਾ ਸਮੁੰਦਰ ਹੈ (ਭਜਨ ਤੋਂ ਖੁੰਝਿਆ ਹੋਇਆ) ਮਨੁੱਖ ਇਸ (ਸਮੁੰਦਰ) ਵਿਚ ਡੁੱਬਿਆ ਰਹਿੰਦਾ ਹੈ। ਹੇ ਨਾਨਕ! ਜੇਹੜੇ ਮਨੁੱਖ ਮਾਲਕ-ਪ੍ਰਭੂ ਦੀ ਸਰਨ ਆ ਪਏ, ਉਹਨਾਂ ਨੂੰ ਪ੍ਰਭੂ ਨੇ ਬਾਂਹ ਫੜ ਕੇ (ਇਸ ਸਮੁੰਦਰ ਵਿਚੋਂ) ਕੱਢ ਲਿਆ, (ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ)੨।੨੪।੧੧੦।

ਬਿਲਾਵਲੁ ਮਹਲਾ ੫ ॥ ਆਪਨਾ ਪ੍ਰਭੁ ਆਇਆ ਚੀਤਿ ॥ ਦੁਸਮਨ ਦੁਸਟ ਰਹੇ ਝਖ ਮਾਰਤ ਕੁਸਲੁ ਭਇਆ ਮੇਰੇ ਭਾਈ ਮੀਤ ॥੧॥ ਰਹਾਉ ॥ ਗਈ ਬਿਆਧਿ ਉਪਾਧਿ ਸਭ ਨਾਸੀ ਅੰਗੀਕਾਰੁ ਕੀਓ ਕਰਤਾਰਿ ॥ ਸਾਂਤਿ ਸੂਖ ਅਰੁ ਅਨਦ ਘਨੇਰੇ ਪ੍ਰੀਤਮ ਨਾਮੁ ਰਿਦੈ ਉਰ ਹਾਰਿ ॥੧॥ ਜੀਉ ਪਿੰਡੁ ਧਨੁ ਰਾਸਿ ਪ੍ਰਭ ਤੇਰੀ ਤੂੰ ਸਮਰਥੁ ਸੁਆਮੀ ਮੇਰਾ ॥ ਦਾਸ ਅਪੁਨੇ ਕਉ ਰਾਖਨਹਾਰਾ ਨਾਨਕ ਦਾਸ ਸਦਾ ਹੈ ਚੇਰਾ ॥੨॥੨੫॥੧੧੧॥ {ਪੰਨਾ 826}

ਪਦਅਰਥ: ਚੀਤਿਚਿੱਤ ਵਿਚ। ਦੁਸਟਭੈੜੇ ਬੰਦੇ। ਰਹੇ ਝਖ ਮਾਰਤਝਖਾਂ ਮਾਰਦੇ ਰਹਿ ਗਏ, ਨੁਕਸਾਨ ਅਪੜਾਣ ਦਾ ਜਤਨ ਕਰ ਕਰ ਕੇ ਥੱਕ ਗਏ। ਕੁਸਲੁਸੁਖ। ਭਾਈਹੇ ਵੀਰ! ਮੀਤਹੇ ਮਿੱਤਰ!੧।ਰਹਾਉ।

ਬਿਆਧਿਸਰੀਰਕ ਰੋਗ। ਉਪਾਧਿਠੱਗੀ, ਫ਼ਰੇਬ, ਧੋਖਾ। ਅੰਗੀਕਾਰੁਸਹਾਇਤਾ, ਪੱਖ। ਕਰਤਾਰਿਕਰਤਾਰ ਨੇ। ਅਰੁਅਤੇ। ਘਨੇਰੇਅਨੇਕਾਂ। ਰਿਦੈਹਿਰਦੇ ਵਿਚ। ਉਰਹਾਰਿਉਰਧਾਰਿ, ਹਿਰਦੇ ਵਿਚ ਵਸਾ ਕੇ। ਉਰਹਿਰਦਾ।੧।

ਜੀਉਜਿੰਦ। ਪਿੰਡੁਸਰੀਰ। ਰਾਸਿਪੂੰਜੀ, ਸਰਮਾਇਆ। ਪ੍ਰਭਹੇ ਪ੍ਰਭੂ! ਸਮਰਥੁਸਾਰੀਆਂ ਤਾਕਤਾਂ ਦਾ ਮਾਲਕ। ਕਉਨੂੰ। ਰਾਖਨਹਾਰਾਬਚਾਣ ਵਾਲਾ। ਚੇਰਾਗ਼ੁਲਾਮ।੨।

ਅਰਥ: ਹੇ ਮੇਰੇ ਵੀਰ! ਹੇ ਮੇਰੇ ਮਿੱਤਰ! ਜਿਸ ਮਨੁੱਖ ਦੇ ਚਿੱਤ ਵਿਚ ਪਿਆਰਾ ਪ੍ਰਭੂ ਆ ਵੱਸਦਾ ਹੈ, ਭੈੜੇ ਬੰਦੇ ਅਤੇ ਵੈਰੀ ਉਸ ਨੂੰ ਨੁਕਸਾਨ ਅਪੜਾਣ ਦੇ ਜਤਨ ਕਰਦੇ ਥੱਕ ਜਾਂਦੇ ਹਨ (ਉਸਦਾ ਕੁਝ ਭੀ ਵਿਗਾੜ ਨਹੀਂ ਸਕਦੇ, ਉਸ ਦੇ ਹਿਰਦੇ ਵਿਚ ਸਦਾ) ਆਨੰਦ ਬਣਿਆ ਰਹਿੰਦਾ ਹੈ।੧।ਰਹਾਉ।

ਹੇ ਮਿੱਤਰ! ਕਰਤਾਰ ਨੇ (ਜਦੋਂ ਭੀ ਕਿਸੇ ਦੀ) ਸਹਾਇਤਾ ਕੀਤੀ, ਉਸ ਦਾ ਹਰੇਕ ਰੋਗ ਦੂਰ ਹੋ ਗਿਆ, (ਉਸ ਨਾਲ ਕਿਸੇ ਦਾ ਭੀ ਕੀਤਾ ਹੋਇਆ) ਕੋਈ ਛਲ ਕਾਮਯਾਬ ਨਾਹ ਹੋਇਆ। ਪ੍ਰੀਤਮ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾਣ ਦੀ ਬਰਕਤ ਨਾਲ ਉਸ ਮਨੁੱਖ ਦੇ ਅੰਦਰ ਸ਼ਾਂਤੀ ਸੁਖ ਅਤੇ ਅਨੇਕਾਂ ਆਨੰਦ ਪੈਦਾ ਹੋ ਗਏ।੧।

ਹੇ ਪ੍ਰਭੂ! ਮੇਰੀ ਇਹ ਜਿੰਦ, ਮੇਰਾ ਇਹ ਸਰੀਰ, ਮੇਰਾ ਇਹ ਧਨ-ਸਭ ਕੁਝ ਤੇਰਾ ਦਿੱਤਾ ਸਰਮਾਇਆ ਹੈ। ਤੂੰ ਮੇਰਾ ਸੁਆਮੀ ਸਭ ਤਾਕਤਾਂ ਦਾ ਮਾਲਕ ਹੈਂ। ਤੂੰ ਆਪਣੇ ਸੇਵਕ ਨੂੰ (ਉਪਾਧੀਆਂ ਵਿਆਧੀਆਂ ਤੋਂ ਸਦਾ) ਬਚਾਣ ਵਾਲਾ ਹੈਂ। ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਭੀ ਤੇਰਾ ਹੀ ਦਾਸ ਹਾਂ, ਤੇਰਾ ਹੀ ਗ਼ੁਲਾਮ ਹਾਂ (ਮੈਨੂੰ ਤੇਰਾ ਹੀ ਭਰੋਸਾ ਹੈ)੨।੨੫।੧੧੧।

ਬਿਲਾਵਲੁ ਮਹਲਾ ੫ ॥ ਗੋਬਿਦੁ ਸਿਮਰਿ ਹੋਆ ਕਲਿਆਣੁ ॥ ਮਿਟੀ ਉਪਾਧਿ ਭਇਆ ਸੁਖੁ ਸਾਚਾ ਅੰਤਰਜਾਮੀ ਸਿਮਰਿਆ ਜਾਣੁ ॥੧॥ ਰਹਾਉ ॥ ਜਿਸ ਕੇ ਜੀਅ ਤਿਨਿ ਕੀਏ ਸੁਖਾਲੇ ਭਗਤ ਜਨਾ ਕਉ ਸਾਚਾ ਤਾਣੁ ॥ ਦਾਸ ਅਪੁਨੇ ਕੀ ਆਪੇ ਰਾਖੀ ਭੈ ਭੰਜਨ ਊਪਰਿ ਕਰਤੇ ਮਾਣੁ ॥੧॥ ਭਈ ਮਿਤ੍ਰਾਈ ਮਿਟੀ ਬੁਰਾਈ ਦ੍ਰੁਸਟ ਦੂਤ ਹਰਿ ਕਾਢੇ ਛਾਣਿ ॥ ਸੂਖ ਸਹਜ ਆਨੰਦ ਘਨੇਰੇ ਨਾਨਕ ਜੀਵੈ ਹਰਿ ਗੁਣਹ ਵਖਾਣਿ ॥੨॥੨੬॥੧੧੨॥ {ਪੰਨਾ 826}

ਪਦਅਰਥ: ਸਿਮਰਿਸਿਮਰ ਕੇ। ਕਲਿਆਣੁਸੁਖ। ਉਪਾਧਿਛਲ, ਧੋਖਾ। ਮਿਟੀ ਉਪਾਧਿਕਿਸੇ ਦੀ ਕੀਤੀ ਚੋਟ ਸਫਲ ਨਹੀਂ ਹੁੰਦੀ। ਸਾਚਾਸਦਾ ਕਾਇਮ ਰਹਿਣ ਵਾਲਾ। ਜਾਣੁਸੁਜਾਨ।੧।ਰਹਾਉ।

ਜੀਅ—{ਲਫ਼ਜ਼ 'ਜੀਵ' ਤੋਂ ਬਹੁ-ਵਚਨ}ਤਿਨਿਉਸ (ਪ੍ਰਭੂ) ਨੇ। ਸੁਖਾਲੇਸੁਖੀ। ਕਉਨੂੰ। ਤਾਣੁਸਹਾਰਾ। ਭੈ ਭੰਜਨਸਾਰੇ ਡਰ ਦੂਰ ਕਰ ਸਕਣ ਵਾਲਾ। ਕਰਤੇਕਰਦੇ ਹਨ। ਮਾਣੁਫ਼ਖ਼ਰ, ਭਰੋਸਾ।੧।

ਮਿਤ੍ਰਾਈਮਿਤ੍ਰਤਾ, ਪਿਆਰ ਦੀ ਸਾਂਝ। ਬੁਰਾਈਭੈੜੀ ਚਿਤਵਨੀ। ਦ੍ਰੁਸਟਦੁਸ਼ਟ, ਮੰਦਾ ਚਿਤਵਨ ਵਾਲੇ। ਦੂਤਵੈਰੀ। ਛਾਣਿਚੁਣ ਕੇ। ਸਹਜਆਤਮਕ ਅਡੋਲਤਾ, ਸ਼ਾਂਤੀ। ਜੀਵੈਜੀਊਂਦਾ ਹੈ, ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਗੁਣਹ ਵਖਾਣਿ—(ਪ੍ਰਭੂ ਦੇ) ਗੁਣ ਉਚਾਰ ਕੇ।੨।

ਅਰਥ: ਹੇ ਭਾਈ! ਜਿਸ ਭੀ ਮਨੁੱਖ ਨੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸੁਜਾਨ ਪ੍ਰਭੂ ਦਾ ਨਾਮ ਸਿਮਰਿਆ, ਉਸ ਉਤੇ ਕਿਸੇ ਦੀ ਚੋਟ ਕਾਰਗਰ ਨਾਹ ਹੋ ਸਕੀ, ਉਸ ਦੇ ਅੰਦਰ ਸਦਾ ਕਾਇਮ ਰਹਿਣ ਵਾਲਾ ਸੁਖ ਪੈਦਾ ਹੋ ਗਿਆ। ਗੋਬਿੰਦ ਦਾ ਨਾਮ ਸਿਮਰ ਕੇ (ਉਸ ਦੇ ਅੰਦਰ) ਸੁਖ ਹੀ ਸੁਖ ਬਣ ਗਿਆ।੧।ਰਹਾਉ।

ਹੇ ਭਾਈ! ਜਿਸ ਪ੍ਰਭੂ ਦੇ ਇਹ ਸਾਰੇ ਜੀਅ ਜੰਤ ਹਨ (ਇਹਨਾਂ ਨੂੰ) ਸੁਖੀ ਭੀ ਉਸ ਨੇ ਆਪ ਹੀ ਕੀਤਾ ਹੈ (ਸੁਖੀ ਕਰਨ ਵਾਲਾ ਭੀ ਆਪ ਹੀ ਹੈ)ਪ੍ਰਭੂ ਦੀ ਭਗਤੀ ਕਰਨ ਵਾਲਿਆਂ ਨੂੰ ਇਹੀ ਸਦਾ ਕਾਇਮ ਰਹਿਣ ਵਾਲਾ ਸਹਾਰਾ ਹੈ। ਹੇ ਭਾਈ! ਪ੍ਰਭੂ ਆਪਣੇ ਸੇਵਕਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ। ਭਗਤ ਉਸ ਪ੍ਰਭੂ ਉਤੇ ਹੀ ਭਰੋਸਾ ਰੱਖਦੇ ਹਨ, ਜੋ ਸਾਰੇ ਡਰਾਂ ਦਾ ਨਾਸ ਕਰਨ ਵਾਲਾ ਹੈ।੧।

(ਹੇ ਭਾਈ! ਜੇਹੜਾ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਪ੍ਰਭੂ ਉਸ ਦਾ) ਬੁਰਾ ਚਿਤਵਨ ਵਾਲੇ ਵੈਰੀਆਂ ਨੂੰ ਚੁਣ ਕੇ ਕੱਢ ਦੇਂਦਾ ਹੈ (ਉਹਨਾਂ ਦੀ ਸਗੋਂ ਸੇਵਕ ਨਾਲ) ਪਿਆਰ ਦੀ ਸਾਂਝ ਬਣ ਜਾਂਦੀ ਹੈ (ਉਹਨਾਂ ਦੇ ਅੰਦਰੋਂ ਉਸ ਸੇਵਕ ਵਾਸਤੇ) ਵੈਰ ਭਾਵ ਮਿਟ ਜਾਂਦਾ ਹੈ। ਹੇ ਨਾਨਕ! ਸੇਵਕ ਦੇ ਹਿਰਦੇ ਵਿਚ ਸੁਖ ਆਤਮਕ ਅਡੋਲਤਾ ਅਤੇ ਬਹੁਤ ਆਨੰਦ ਬਣੇ ਰਹਿੰਦੇ ਹਨ। ਸੇਵਕ ਪਰਮਾਤਮਾ ਦੇ ਗੁਣ ਉਚਾਰ ਉਚਾਰ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਿੰਦਾ ਹੈ।੨।੨੬।੧੧੨।

ਬਿਲਾਵਲੁ ਮਹਲਾ ੫ ॥ ਪਾਰਬ੍ਰਹਮ ਪ੍ਰਭ ਭਏ ਕ੍ਰਿਪਾਲ ॥ ਕਾਰਜ ਸਗਲ ਸਵਾਰੇ ਸਤਿਗੁਰ ਜਪਿ ਜਪਿ ਸਾਧੂ ਭਏ ਨਿਹਾਲ ॥੧॥ ਰਹਾਉ ॥ਅੰਗੀਕਾਰੁ ਕੀਆ ਪ੍ਰਭਿ ਅਪਨੈ ਦੋਖੀ ਸਗਲੇ ਭਏ ਰਵਾਲ ॥ ਕੰਠਿ ਲਾਇ ਰਾਖੇ ਜਨ ਅਪਨੇ ਉਧਰਿ ਲੀਏ ਲਾਇ ਅਪਨੈ ਪਾਲ ॥੧॥ ਸਹੀ ਸਲਾਮਤਿ ਮਿਲਿ ਘਰਿ ਆਏ ਨਿੰਦਕ ਕੇ ਮੁਖ ਹੋਏ ਕਾਲ ॥ ਕਹੁ ਨਾਨਕ ਮੇਰਾ ਸਤਿਗੁਰੁ ਪੂਰਾ ਗੁਰ ਪ੍ਰਸਾਦਿ ਪ੍ਰਭ ਭਏ ਨਿਹਾਲ ॥੨॥੨੭॥੧੧੩॥ {ਪੰਨਾ 826-827}

ਪਦਅਰਥ: ਕ੍ਰਿਪਾਲ—{ਕ੍ਰਿਪਾਆਲਯ} ਦਇਆਵਾਨ। ਸਗਲਸਾਰੇ। ਜਪਿਜਪ ਕੇ। ਜਪਿ ਸਾਧੂਗੁਰੂ ਦਾ ਆਸਰਾ ਹਰ ਵੇਲੇ ਚਿਤਾਰ ਕੇ। ਸਾਧੂਗੁਰੂ। ਨਿਹਾਲਖ਼ੁਸ਼, ਆਨੰਦਭਰਪੂਰ।੧।ਰਹਾਉ।

ਅੰਗੀਕਾਰੁਪੱਖ। ਪ੍ਰਭਿਪ੍ਰਭੂ ਨੇ। ਦੋਖੀਵੈਰੀ। ਰਵਾਲਧੂੜ, ਮਿੱਟੀ। ਕੰਠਿਗਲ ਨਾਲ। ਲਾਇਲਾ ਕੇ। ਜਨਸੇਵਕ। ਉਧਰਿ ਲੀਏਬਚਾ ਲਏ। ਪਾਲਪੱਲੇ।੧।

ਸਹੀ ਸਲਾਮਤਿਆਤਮਕ ਜੀਵਨ ਦੀ ਸਾਰੀ ਰਾਸਪੂੰਜੀ ਸਮੇਤ। ਮਿਲਿ—(ਗੁਰੂ ਨੂੰ) ਮਿਲ ਕੇ। ਘਰਿਹਿਰਦੇਘਰ ਵਿਚ। ਕਾਲਕਾਲੇ। ਗੁਰ ਪ੍ਰਸਾਦਿਗੁਰੂ ਦੀ ਕਿਰਪਾ ਨਾਲ।੨।

ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦਇਆਵਾਨ ਹੁੰਦਾ ਹੈ, ਗੁਰੂ ਉਹਨਾਂ ਦੇ ਸਾਰੇ ਕੰਮ ਸਿਰੇ ਚਾੜ੍ਹ ਦੇਂਦਾ ਹੈ। ਉਹ ਮਨੁੱਖ ਗੁਰੂ ਦੀ ਓਟ ਹਰ ਵੇਲੇ ਚਿਤਾਰ ਕੇ ਸਦਾ ਪ੍ਰਸੰਨ ਰਹਿੰਦੇ ਹਨ।੧।ਰਹਾਉ।

ਹੇ ਭਾਈ! ਪ੍ਰਭੂ ਨੇ (ਜਿਨ੍ਹਾਂ ਆਪਣੇ ਸੇਵਕਾਂ ਦੀ) ਸਹਾਇਤਾ ਕੀਤੀ, ਉਹਨਾਂ ਦੇ ਸਾਰੇ ਵੈਰੀ ਨਾਸ ਹੋ ਗਏ (ਵੈਰ-ਭਾਵ ਚਿਤਵਣੋਂ ਹਟ ਗਏ। ਪ੍ਰਭੂ ਨੇ ਆਪਣੇ ਸੇਵਕਾਂ ਨੂੰ (ਸਦਾ) ਆਪਣੇ ਗਲ ਨਾਲ ਲਾ ਕੇ (ਉਹਨਾਂ ਦੀ) ਸਹਾਇਤਾ ਕੀਤੀ, ਉਹਨਾਂ ਨੂੰ ਆਪਣੇ ਲੜ ਲਾ ਕੇ (ਦੋਖੀਆਂ ਤੋਂ) ਬਚਾਇਆ।੧।

ਹੇ ਭਾਈ! (ਪ੍ਰਭੂ ਦੇ ਸੇਵਕ ਗੁਰੂ-ਚਰਨਾਂ ਵਿਚ) ਮਿਲ ਕੇ ਆਤਮਕ ਜੀਵਨ ਦੀ ਸਾਰੀ ਰਾਸ-ਪੂੰਜੀ ਸਮੇਤ ਹਿਰਦੇ-ਘਰ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਬਦਨਾਮੀ ਖੱਟਦੇ ਹਨ। ਹੇ ਨਾਨਕ! ਆਖ-ਮੇਰਾ ਗੁਰੂ ਸਾਰੀ ਸਮਰਥਾ ਵਾਲਾ ਹੈ, (ਗੁਰੂ ਦੇ ਦਰ ਤੇ ਆਏ ਵਡ-ਭਾਗੀਆਂ ਉਤੇ) ਗੁਰੂ ਦੀ ਕਿਰਪਾ ਨਾਲ ਪਰਮਾਤਮਾ ਖ਼ੁਸ਼ ਰਹਿੰਦਾ ਹੈ।੨।੨੭।੧੧੩।

TOP OF PAGE

Sri Guru Granth Darpan, by Professor Sahib Singh