ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 824

ਬਿਲਾਵਲੁ ਮਹਲਾ ੫ ॥ ਸਦਾ ਸਦਾ ਜਪੀਐ ਪ੍ਰਭ ਨਾਮ ॥ ਜਰਾ ਮਰਾ ਕਛੁ ਦੂਖੁ ਨ ਬਿਆਪੈ ਆਗੈ ਦਰਗਹ ਪੂਰਨ ਕਾਮ ॥੧॥ ਰਹਾਉ ॥ ਆਪੁ ਤਿਆਗਿ ਪਰੀਐ ਨਿਤ ਸਰਨੀ ਗੁਰ ਤੇ ਪਾਈਐ ਏਹੁ ਨਿਧਾਨੁ ॥ ਜਨਮ ਮਰਣ ਕੀ ਕਟੀਐ ਫਾਸੀ ਸਾਚੀ ਦਰਗਹ ਕਾ ਨੀਸਾਨੁ ॥੧॥ ਜੋ ਤੁਮ੍ਹ੍ਹ ਕਰਹੁ ਸੋਈ ਭਲ ਮਾਨਉ ਮਨ ਤੇ ਛੂਟੈ ਸਗਲ ਗੁਮਾਨੁ ॥ ਕਹੁ ਨਾਨਕ ਤਾ ਕੀ ਸਰਣਾਈ ਜਾ ਕਾ ਕੀਆ ਸਗਲ ਜਹਾਨੁ ॥੨॥੧੩॥੯੯॥ {ਪੰਨਾ 824}

ਪਦਅਰਥ: ਜਪੀਐਜਪਣਾ ਚਾਹੀਦਾ ਹੈ। ਜਰਾਬੁਢੇਪਾ। ਮਰਾਮੌਤ। ਨ ਬਿਆਪੈਜ਼ੋਰ ਨਹੀਂ ਪਾ ਸਕਦਾ। ਆਗੈਅਗਾਂਹ, ਪਰਲੋਕ ਵਿਚ।੧।ਰਹਾਉ।

ਆਪੁਆਪਾਭਾਵ। ਪਰੀਐਪੈਣਾ ਚਾਹੀਦਾ ਹੈ। ਤੇਤੋਂ। ਨਿਧਾਨੁਖ਼ਜ਼ਾਨਾ। ਕਟੀਐਕੱਟ ਸਕੀਦੀ ਹੈ। ਨੀਸਾਨੁਰਾਹਦਾਰੀ, ਪਰਵਾਨਾ।੧।

ਮਾਨਉਮਾਨਉਂ, ਮੰਨਦਾ ਹਾਂ। ਮਨ ਤੇਮਨ ਤੋਂ। ਛੂਟੈਮੁੱਕ ਜਾਂਦਾ ਹੈ। ਗੁਮਾਨੁਅਹੰਕਾਰ। ਤਾ ਕੀਉਸ (ਪ੍ਰਭੂ) ਦੀ। ਸਗਲਸਾਰਾ।੨।

ਅਰਥ: ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, (ਨਾਮ ਜਪਣ ਦੀ ਬਰਕਤਿ ਨਾਲ ਅਜੇਹੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ, ਜਿਸ ਨੂੰ) ਬੁਢੇਪਾ, ਮੌਤ ਜਾਂ ਦੁੱਖ ਕੁੱਝ ਭੀ ਪੋਹ ਨਹੀਂ ਸਕਦਾ। ਅਗਾਂਹ ਪਰਮਾਤਮਾ ਦੀ ਹਜ਼ੂਰੀ ਵਿਚ ਭੀ ਸਫਲਤਾ ਮਿਲਦੀ ਹੈ।੧।ਰਹਾਉ।

(ਪਰ, ਹੇ ਭਾਈ!) ਇਹ (ਨਾਮ-) ਖ਼ਜ਼ਾਨਾ ਗੁਰੂ ਤੋਂ (ਹੀ) ਮਿਲਦਾ ਹੈ, ਆਪਾ-ਭਾਵ ਤਿਆਗ ਕੇ ਸਦਾ (ਗੁਰੂ ਦੀ) ਸਰਨ ਪੈਣਾ ਚਾਹੀਦਾ ਹੈ। ਇਹ ਨਾਮ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਣ ਵਾਸਤੇ ਪਰਵਾਨਾ ਹੈ, (ਨਾਮ ਦੀ ਸਹਾਇਤਾ ਨਾਲ) ਜਨਮ ਮਰਨ ਦੀ ਫਾਹੀ (ਭੀ) ਕੱਟੀ ਜਾਂਦੀ ਹੈ।੧।

(ਹੇ ਭਾਈ! ਜੇ ਮੈਨੂੰ ਤੇਰਾ ਨਾਮ ਮਿਲ ਜਾਏ, ਤਾਂ) ਜੋ ਕੁਝ ਤੂੰ ਕਰਦਾ ਹੈਂ, ਉਹ ਮੈਂ ਭਲਾ ਸਮਝਣ ਲੱਗ ਪਵਾਂਗਾ, (ਤੇਰੇ ਨਾਮ ਦੀ ਬਰਕਤਿ ਨਾਲ) ਮਨ ਤੋਂ ਸਾਰਾ ਅਹੰਕਾਰ ਮੁੱਕ ਜਾਂਦਾ ਹੈ। ਹੇ ਨਾਨਕ! ਆਖ (-ਹੇ ਭਾਈ!) ਉਸ ਪਰਮਾਤਮਾ ਦੀ ਸਰਨ ਪਏ ਰਹਿਣਾ ਚਾਹੀਦਾ ਹੈ, ਸਾਰਾ ਜਹਾਨ ਜਿਸ ਦਾ ਪੈਦਾ ਕੀਤਾ ਹੋਇਆ ਹੈ।੨।੧੩।੯੯।

ਬਿਲਾਵਲੁ ਮਹਲਾ ੫ ॥ ਮਨ ਤਨ ਅੰਤਰਿ ਪ੍ਰਭੁ ਆਹੀ ॥ ਹਰਿ ਗੁਨ ਗਾਵਤ ਪਰਉਪਕਾਰ ਨਿਤ ਤਿਸੁ ਰਸਨਾ ਕਾ ਮੋਲੁ ਕਿਛੁ ਨਾਹੀ ॥੧॥ ਰਹਾਉ ॥ਕੁਲ ਸਮੂਹ ਉਧਰੇ ਖਿਨ ਭੀਤਰਿ ਜਨਮ ਜਨਮ ਕੀ ਮਲੁ ਲਾਹੀ ॥ ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਅਨਦ ਸੇਤੀ ਬਿਖਿਆ ਬਨੁ ਗਾਹੀ ॥੧॥ ਚਰਨ ਪ੍ਰਭੂ ਕੇ ਬੋਹਿਥੁ ਪਾਏ ਭਵ ਸਾਗਰੁ ਪਾਰਿ ਪਰਾਹੀ ॥ ਸੰਤ ਸੇਵਕ ਭਗਤ ਹਰਿ ਤਾ ਕੇ ਨਾਨਕ ਮਨੁ ਲਾਗਾ ਹੈ ਤਾਹੀ ॥੨॥੧੪॥੧੦੦॥ {ਪੰਨਾ 824}

ਪਦਅਰਥ: ਮਨ ਤਨ ਅੰਤਰਿਮਨ ਅੰਤਰਿ ਤਨ ਅੰਤਰਿ। ਆਹੀਹੈ, ਵੱਸਦਾ ਹੈ। ਗਾਵਤਗਾਂਦਿਆਂ। ਰਸਨਾਜੀਭ।੧।ਰਹਾਉ।

ਕੁਲ ਸਮੂਹਸਾਰੀਆਂ ਕੁਲਾਂ। ਉਧਰੇ—(ਸੰਸਾਰਸਮੁੰਦਰ ਤੋਂ) ਬਚ ਨਿਕਲਦੇ ਹਨ। ਭੀਤਰਿਵਿਚ। ਸਿਮਰਿਸਿਮਰ ਕੇ। ਸੇਤੀਨਾਲ। ਬਿਖਿਆਮਾਇਆ। ਬਨੁਜੰਗਲ। ਗਾਹੀਗਾਹ ਲੈਂਦੇ ਹਨ।੧।

ਬੋਹਿਥੁਜਹਾਜ਼। ਭਵ ਸਾਗਰੁਸੰਸਾਰਸਮੁੰਦਰ। ਪਰਾਹੀਪਰਹਿ, ਪੈ ਜਾਂਦੇ ਹਨ, ਲੰਘ ਜਾਂਦੇ ਹਨ। ਤਾ ਕੇਉਸ (ਪ੍ਰਭੂ) ਦੇ। ਤਾਹੀਉਸ (ਪ੍ਰਭੂ) ਵਿਚ ਹੀ।੨।

ਅਰਥ: ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਹਿਰਦੇ ਵਿਚ (ਸਦਾ) ਪ੍ਰਭੂ ਵੱਸਦਾ ਹੈ, ਪ੍ਰਭੂ ਦੇ ਗੁਣ ਗਾਂਦਿਆਂ, ਦੂਜਿਆਂ ਦੀ ਭਲਾਈ ਦੀਆਂ ਗੱਲਾਂ ਸਦਾ ਕਰਦਿਆਂ, ਉਸ ਮਨੁੱਖ ਦੀ ਜੀਭ ਅਮੋਲਕ ਹੋ ਜਾਂਦੀ ਹੈ।੧।ਰਹਾਉ।

ਹੇ ਭਾਈ! ਆਪਣੇ ਮਾਲਕ-ਪ੍ਰਭੂ ਦਾ ਨਾਮ ਸਦਾ ਸਿਮਰ ਕੇ (ਸਿਮਰਨ ਕਰਨ ਵਾਲੇ ਸੰਤ ਭਗਤ) ਮਾਇਆ (ਦੇ ਸੰਸਾਰ-) ਜੰਗਲ ਤੋਂ ਬੜੇ ਆਨੰਦ ਨਾਲ ਪਾਰ ਲੰਘ ਜਾਂਦੇ ਹਨ, ਉਹ ਆਪਣੀ ਜਨਮਾਂ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਲਾਹ ਲੈਂਦੇ ਹਨ, ਉਹਨਾਂ ਦੀਆਂ ਸਾਰੀਆਂ ਕੁਲਾਂ ਭੀ ਖਿਨ ਵਿਚ (ਸੰਸਾਰ-ਜੰਗਲ ਵਿਚੋਂ) ਬਚ ਨਿਕਲਦੀਆਂ ਹਨ।੧।

ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦੇ ਚਰਨਾਂ ਦਾ ਜਹਾਜ਼ ਪ੍ਰਾਪਤ ਕਰ ਲੈਂਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਹੇ ਨਾਨਕ! ਉਹੀ ਮਨੁੱਖ ਉਸ ਪ੍ਰਭੂ ਦੇ ਸੰਤ ਹਨ, ਭਗਤ ਹਨ, ਸੇਵਕ ਹਨ। ਉਹਨਾਂ ਦਾ ਮਨ ਉਸ ਪ੍ਰਭੂ ਵਿਚ ਹੀ ਸਦਾ ਟਿਕਿਆ ਰਹਿੰਦਾ ਹੈ।੨।੧੪।੧੦੦।

ਬਿਲਾਵਲੁ ਮਹਲਾ ੫ ॥ ਧੀਰਉ ਦੇਖਿ ਤੁਮ੍ਹ੍ਹਾਰੇ ਰੰਗਾ ॥ ਤੁਹੀ ਸੁਆਮੀ ਅੰਤਰਜਾਮੀ ਤੂਹੀ ਵਸਹਿ ਸਾਧ ਕੈ ਸੰਗਾ ॥੧॥ ਰਹਾਉ ॥ਖਿਨ ਮਹਿ ਥਾਪਿ ਨਿਵਾਜੇ ਠਾਕੁਰ ਨੀਚ ਕੀਟ ਤੇ ਕਰਹਿ ਰਾਜੰਗਾ ॥੧॥ ਕਬਹੂ ਨ ਬਿਸਰੈ ਹੀਏ ਮੋਰੇ ਤੇ ਨਾਨਕ ਦਾਸ ਇਹੀ ਦਾਨੁ ਮੰਗਾ ॥੨॥੧੫॥੧੦੧॥ {ਪੰਨਾ 824}

ਪਦਅਰਥ: ਧੀਰਉਧੀਰਉਂ, ਮੈਂ ਧੀਰਜ ਫੜਦਾ ਹਾਂ, ਮੇਰੇ ਮਨ ਨੂੰ ਧੀਰਜ ਆ ਜਾਂਦੀ ਹੈ। ਦੇਖਿਵੇਖ ਕੇ। ਰੰਗਾਕੌਤਕ, ਚੋਜ। ਸੁਆਮੀਮਾਲਕ। ਅੰਤਰਜਾਮੀਦਿਲ ਦੀ ਜਾਣਨ ਵਾਲਾ। ਵਸਹਿਵੱਸਦਾ ਹੈਂ। ਕੈ ਸੰਗਾਦੇ ਨਾਲ।੧।ਰਹਾਉ।

ਥਾਪਿਥਾਪਨਾ ਦੇ ਕੇ। ਨਿਵਾਜੇਮਾਣਆਦਰ ਵਾਲੇ ਬਣਾ ਦਿੱਤੇ। ਠਾਕੁਰਹੇ ਠਾਕੁਰ! ਕੀਟ ਤੇਕੀੜੇ ਤੋਂ। ਕਰਹਿਤੂੰ ਕਰ ਦੇਂਦਾ ਹੈਂ। ਰਾਜੰਗਾਰਾਜੈ।੧।

ਕਬ ਹੂਕਦੇ ਭੀ। ਹੀਏ ਤੇਹਿਰਦੇ ਤੋਂ। ਮੰਗਾਮੰਗਾਂ, ਮੈਂ ਮੰਗਦਾ ਹਾਂ।੨।

ਅਰਥ: ਹੇ ਪ੍ਰਭੂ! ਤੇਰੇ ਚੋਜ-ਤਮਾਸ਼ੇ ਵੇਖ ਵੇਖ ਕੇ ਮੈਨੂੰ (ਭੀ) ਹੌਸਲਾ ਬਣ ਰਿਹਾ ਹੈ (ਕਿ ਤੂੰ ਮੇਰੀ ਭੀ ਸਹਾਇਤਾ ਕਰੇਂਗਾ)ਤੂੰ ਹੀ (ਸਾਡਾ) ਮਾਲਕ ਹੈਂ, ਤੂੰ ਹੀ ਸਾਡੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਹੀ (ਹਰੇਕ) ਸਾਧੂ-ਜਨ ਦੇ ਨਾਲ ਵੱਸਦਾ ਹੈਂ।੧।ਰਹਾਉ।

ਹੇ ਮਾਲਕ! ਤੂੰ ਨੀਵੇਂ ਕੀੜਿਆਂ (ਵਰਗੇ ਨਾਚੀਜ਼ ਬੰਦਿਆਂ) ਨੂੰ ਰਾਜੇ ਬਣਾ ਦੇਂਦਾ ਹੈਂ। ਤੂੰ ਇਕ ਖਿਨ ਵਿਚ ਹੀ (ਨੀਵਿਆਂ ਨੂੰ) ਥਾਪਣਾ ਦੇ ਕੇ ਮਾਣ-ਆਦਰ ਵਾਲੇ ਬਣਾ ਦਿੱਤਾ।੧।

ਹੇ ਦਾਸ ਨਾਨਕ! (ਆਖ-ਹੇ ਪ੍ਰਭੂ! ਮੇਹਰ ਕਰ, ਤੇਰਾ ਨਾਮ) ਮੇਰੇ ਹਿਰਦੇ ਤੋਂ ਕਦੇ ਭੀ ਨਾਹ ਭੁੱਲੇ। (ਤੇਰੇ ਦਰ ਤੋਂ) ਮੈਂ ਖ਼ੈਰ ਮੰਗਦਾ ਹਾਂ।੨।੧੫।੧੦੧।

ਬਿਲਾਵਲੁ ਮਹਲਾ ੫ ॥ ਅਚੁਤ ਪੂਜਾ ਜੋਗ ਗੋਪਾਲ ॥ ਮਨੁ ਤਨੁ ਅਰਪਿ ਰਖਉ ਹਰਿ ਆਗੈ ਸਰਬ ਜੀਆ ਕਾ ਹੈ ਪ੍ਰਤਿਪਾਲ ॥੧॥ ਰਹਾਉ ॥ ਸਰਨਿ ਸਮ੍ਰਥ ਅਕਥ ਸੁਖਦਾਤਾ ਕਿਰਪਾ ਸਿੰਧੁ ਬਡੋ ਦਇਆਲ ॥ ਕੰਠਿ ਲਾਇ ਰਾਖੈ ਅਪਨੇ ਕਉ ਤਿਸ ਨੋ ਲਗੈ ਨ ਤਾਤੀ ਬਾਲ ॥੧॥ ਦਾਮੋਦਰ ਦਇਆਲ ਸੁਆਮੀ ਸਰਬਸੁ ਸੰਤ ਜਨਾ ਧਨ ਮਾਲ ॥ ਨਾਨਕ ਜਾਚਿਕ ਦਰਸੁ ਪ੍ਰਭ ਮਾਗੈ ਸੰਤ ਜਨਾ ਕੀ ਮਿਲੈ ਰਵਾਲ ॥੨॥੧੬॥੧੦੨॥ {ਪੰਨਾ 824}

ਪਦਅਰਥ: ਅਚੁਤਅੱਚੁਤ (अच्युत} ਕਦੇ ਨਾਸ ਨਾਹ ਹੋਣ ਵਾਲਾ। ਪੂਜਾ ਜੋਗਪੂਜਾ ਦਾ ਹੱਕਦਾਰ। ਗੋਪਾਲਧਰਤੀ ਦਾ ਰਾਖਾ। ਅਰਪਿਭੇਟਾ ਕਰ ਕੇ। ਰਖਉਰਖਉਂ, ਮੈਂ ਰੱਖਾਂ। ਪ੍ਰਤਿਪਾਲਪਾਲਣਾ ਕਰਨ ਵਾਲਾ।੧।ਰਹਾਉ।

ਸਰਨਿ ਸਮ੍ਰਥਸਰਨ ਆਏ ਦੀ ਸਹਾਇਤਾ ਕਰਨਜੋਗਾ। ਅਕਥਜਿਸ ਦੇ ਸਰੂਪ ਦਾ ਬਿਆਨ ਨਾਹ ਕੀਤਾ ਜਾ ਸਕੇ। ਸਿੰਧੁਸਮੁੰਦਰ। ਕੰਠਿਗਲ ਨਾਲ। ਕਉਨੂੰ। ਤਿਸ ਨੋ—{ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}ਤਾਤੀ ਬਾਲਤੱਤੀ ਹਵਾ, ਸੇਕ।੧।

ਦਾਮੋਦਰ—{दामन् उदर} ਪਰਮਾਤਮਾ। ਸਰਬਸੁ—{सर्वस्वਸਾਰਾ ਧਨਪਦਾਰਥ} ਸਭ ਕੁਝ। ਜਾਚਿਕਮੰਗਤਾ। ਪ੍ਰਭਹੇ ਪ੍ਰਭੂ! ਰਵਾਲਚਰਨਧੂੜ।੨।

ਅਰਥ: ਹੇ ਭਾਈ! ਧਰਤੀ ਦਾ ਰਾਖਾ ਅਤੇ ਅਬਿਨਾਸੀ ਪ੍ਰਭੂ ਹੀ ਪੂਜਾ ਦਾ ਹੱਕਦਾਰ ਹੈ। ਮੈਂ ਆਪਣਾ ਮਨ ਆਪਣਾ ਤਨ ਭੇਟਾ ਕਰ ਕੇ ਉਸ ਪ੍ਰਭੂ ਅੱਗੇ (ਹੀ) ਰਖਦਾ ਹਾਂ। ਉਹ ਪ੍ਰਭੂ ਸਾਰੇ ਜੀਵਾਂ ਦਾ ਪਾਲਣ ਵਾਲਾ ਹੈ।੧।ਰਹਾਉ।

ਹੇ ਭਾਈ! ਪ੍ਰਭੂ ਸਰਨ ਪਏ ਜੀਵ ਦੀ ਰੱਖਿਆ ਕਰਨ ਜੋਗਾ ਹੈ, ਉਸ ਦੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਸਾਰੇ ਸੁਖਾਂ ਦਾ ਦੇਣ ਵਾਲਾ ਹੈ, ਕਿਰਪਾ ਦਾ ਸਮੁੰਦਰ ਹੈ, ਬੜਾ ਹੀ ਦਇਆਵਾਨ ਹੈ। ਉਹ ਪ੍ਰਭੂ ਆਪਣੇ (ਸੇਵਕ) ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ, (ਫਿਰ) ਉਸ (ਸੇਵਕ) ਨੂੰ ਕੋਈ ਦੁੱਖ-ਕਲੇਸ਼ ਰਤਾ ਭਰ ਭੀ ਪੋਹ ਨਹੀਂ ਸਕਦਾ।੧।

ਹੇ ਭਾਈ! ਪਰਮਾਤਮਾ ਦਇਆ ਦਾ ਘਰ ਹੈ, ਸਭ ਦਾ ਮਾਲਕ ਹੈ, ਸੰਤ ਜਨਾਂ ਵਾਸਤੇ ਉਹੀ ਧਨ ਹੈ ਮਾਲ ਹੈ ਅਤੇ ਸਭ ਕੁਝ ਹੈ। ਉਸ ਪ੍ਰਭੂ (ਦੇ ਦਰ) ਦਾ ਮੰਗਤਾ ਨਾਨਕ ਉਸ ਦੇ ਦਰਸਨ ਦਾ ਖ਼ੈਰ ਮੰਗਦਾ ਹੈ (ਅਤੇ ਅਰਜ਼ੋਈ ਕਰਦਾ ਹੈ ਕਿ ਉਸ ਦੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ।੨।੧੬।੧੦੨।

ਬਿਲਾਵਲੁ ਮਹਲਾ ੫ ॥ ਸਿਮਰਤ ਨਾਮੁ ਕੋਟਿ ਜਤਨ ਭਏ ॥ ਸਾਧਸੰਗਿ ਮਿਲਿ ਹਰਿ ਗੁਨ ਗਾਏ ਜਮਦੂਤਨ ਕਉ ਤ੍ਰਾਸ ਅਹੇ ॥੧॥ ਰਹਾਉ ॥ਜੇਤੇ ਪੁਨਹਚਰਨ ਸੇ ਕੀਨ੍ਹ੍ਹੇ ਮਨਿ ਤਨਿ ਪ੍ਰਭ ਕੇ ਚਰਣ ਗਹੇ ॥ ਆਵਣ ਜਾਣੁ ਭਰਮੁ ਭਉ ਨਾਠਾ ਜਨਮ ਜਨਮ ਕੇ ਕਿਲਵਿਖ ਦਹੇ ॥੧॥ ਨਿਰਭਉ ਹੋਇ ਭਜਹੁ ਜਗਦੀਸੈ ਏਹੁ ਪਦਾਰਥੁ ਵਡਭਾਗਿ ਲਹੇ ॥ ਕਰਿ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸੁ ਨਾਨਕ ਦਾਸ ਕਹੇ ॥੨॥੧੭॥੧੦੩॥ {ਪੰਨਾ 824}

ਪਦਅਰਥ: ਕੋਟਿਕ੍ਰੋੜਾਂ। ਜਤਨ—(ਤੀਰਥ, ਕਰਮ ਕਾਂਡ ਆਦਿਕ) ਉੱਦਮ। ਸਾਧ ਸੰਗਿਗੁਰੂ ਦੀ ਸੰਗਤਿ ਵਿਚ। ਮਿਲਿਮਿਲ ਕੇ। ਕਉਨੂੰ। ਤ੍ਰਾਸਡਰ। ਅਹੇਹੋ ਜਾਂਦਾ ਹੈ।੧।ਰਹਾਉ।

ਜੇਤੇਜਿਤਨੇ ਹੀ, ਸਾਰੇ ਹੀ। ਪੁਨਹ ਚਰਨਪ੍ਰਾਸ਼ਚਿਤਕਰਮ, ਪਾਪਾਂ ਦੀ ਨਿਵਿਰਤੀ ਵਾਸਤੇ ਕੀਤੇ ਹੋਏ ਕਰਮ। ਸੇ—{ਬਹੁ-ਵਚਨ} ਉਹ। ਮਨਿਮਨ ਵਿਚ। ਤਨਿਹਿਰਦੇ ਵਿਚ। ਗਹੇਫੜ ਲਏ। ਨਾਠਾਨੱਸ ਗਿਆ। ਕਿਲਵਿਖਪਾਪ। ਦਹੇਸੜ ਗਏ।੧।

ਜਗਦੀਸੈਜਗਤ ਦੇ ਈਸ਼ (ਮਾਲਕ) ਨੂੰ। ਵਡ ਭਾਗਿਵੱਡੀ ਕਿਸਮਤ ਨਾਲ। ਲਹੇਲੱਭਦਾ ਹੈ। ਪ੍ਰਭਹੇ ਪ੍ਰਭੂ! ਦਾਤੇਹੇ ਦਾਤਾਰ! ਨਿਰਮਲਪਵਿੱਤਰ ਕਰਨ ਵਾਲਾ। ਜਸੁਸਿਫ਼ਤਿ-ਸਾਲਾਹ।੨।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ (ਤੀਰਥ, ਕਰਮ ਕਾਂਡ ਆਦਿਕ) ਕ੍ਰੋੜਾਂ ਹੀ ਉੱਦਮ (ਮਾਨੋ) ਹੋ ਜਾਂਦੇ ਹਨ। (ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ ਵਿਚ ਮਿਲ ਕੇ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਜਮਦੂਤਾਂ ਨੂੰ (ਉਸ ਦੇ ਨੇੜੇ ਜਾਣੋਂ) ਡਰ ਆਉਣ ਲੱਗ ਪਿਆ।੧।ਰਹਾਉ।

ਹੇ ਭਾਈ! ਜਿਸ ਮਨੁੱਖ ਨੇ ਪ੍ਰਭੂ ਦੇ ਚਰਨ ਆਪਣੇ ਮਨ ਵਿਚ ਹਿਰਦੇ ਵਿਚ ਵਸਾ ਲਏ, ਉਸ ਨੇ (ਪਿਛਲੇ ਕਰਮਾਂ ਦੇ ਸੰਸਕਾਰ ਮਿਟਾਣ ਲਈ, ਮਾਨੋ) ਸਾਰੇ ਹੀ ਪ੍ਰਾਸ਼ਚਿਤ ਕਰਮ ਕਰ ਲਏ। ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ, ਉਸ ਦਾ ਹਰੇਕ ਭਰਮ ਡਰ ਦੂਰ ਹੋ ਗਿਆ, ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਸੜ ਗਏ।੧।

(ਤਾਂ ਤੇ, ਹੇ ਭਾਈ!) ਨਿਡਰ ਹੋ ਕੇ (ਕਰਮ ਕਾਂਡ ਦਾ ਭਰਮ ਲਾਹ ਕੇ) ਜਗਤ ਦੇ ਮਾਲਕ-ਪ੍ਰਭੂ ਦਾ ਨਾਮ ਜਪਿਆ ਕਰੋ। ਇਹ ਨਾਮ-ਪਦਾਰਥ ਵੱਡੀ ਕਿਸਮਤ ਨਾਲ ਹੀ ਮਿਲਦਾ ਹੈ। ਹੇ ਸਰਬ-ਵਿਆਪਕ ਦਾਤਾਰ ਪ੍ਰਭੂ! ਮੇਹਰ ਕਰ, ਤਾ ਕਿ ਤੇਰਾ ਦਾਸ ਨਾਨਕ ਪਵਿੱਤਰ ਕਰਨ ਵਾਲੀ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹੇ।੨।੧੭।੧੦੩।

TOP OF PAGE

Sri Guru Granth Darpan, by Professor Sahib Singh